ਨਸ਼ਿਆਂ ਦੇ ਕਾਰੋਬਾਰ ਨੂੰ ਸਿਆਸਤਦਾਨਾਂ ਦੀ ਸਰਪ੍ਰਸਤੀ ਦਾ ਪਰਦਾ ਫਾਸ਼\
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ ਉਤੇ ਇਕ ਵਾਰ ਮੁੜ ਜਰਾਇਮ ਪੇਸ਼ਾ ਲੋਕਾਂ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲੱਗੇ ਹਨ ਜਿਸ ਨਾਲ ਸਿੱਖ ਪੰਥ ਦੀ ‘ਅਸਲ ਨੁਮਾਇੰਦਾ’ ਹੋਣ ਦਾ ਦਾਅਵਾ ਕਰਨ ਵਾਲੀ ਇਸ ਧਿਰ ਦੇ ਅਕਸ ਨੂੰ ਵੱਡਾ ਧੱਕਾ ਲੱਗਾ ਹੈ। ਇਸ ਵਾਰ ਪੰਜਾਬ ਵਿਚ ਫੈਲੇ ਨਸ਼ਿਆਂ ਦੇ ਮਾਇਆਜਾਲ ਦੇ ਤਾਰ ਅਕਾਲੀ ਆਗੂਆਂ ਨਾਲ ਜਾ ਜੁੜੇ ਹਨ। ਕੌਮਾਂਤਰੀ ਪਹਿਲਵਾਨ ਤੇ ਸਾਬਕਾ ਪੁਲਿਸ ਅਧਿਕਾਰੀ ਜਗਦੀਸ਼ ਭੋਲਾ ਦੀ ਗ੍ਰਿਫਤਾਰੀ ਤੋਂ ਬਾਅਦ ਅਜਿਹੇ ਰਾਜ ਖੁੱਲ੍ਹੇ ਹਨ ਜਿਸ ਨਾਲ ਸਪਸ਼ਟ ਹੋ ਗਿਆ ਹੈ ਕਿ ਨਸ਼ਿਆਂ ਦੇ ਕਾਰੋਬਾਰ ਵਿਚ ਸਿਆਸਤਦਾਨਾਂ ਦੀ ਪੂਰੀ ਸਰਪ੍ਰਸਤੀ ਹੈ।
ਪਿਛਲੇ ਇਕ ਸਾਲ ਦੌਰਾਨ ਅਪਰਾਧਕ ਘਟਨਾਵਾਂ ਨਾਲ ਅਕਾਲੀ ਦਲ ਨੂੰ ਕਈ ਵਾਰੀ ਨਮੋਸ਼ੀ ਦੇਖਣੀ ਪਈ ਹੈ। ਦਸੰਬਰ 2012 ਵਿਚ ਅੰਮ੍ਰਿਤਸਰ ਵਿਚ ਇਕ ਯੂਥ ਅਕਾਲੀ ਨੇਤਾ ਨੇ ਪੰਜਾਬ ਪੁਲਿਸ ਦੇ ਏæਐਸ਼ਆਈæ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਸੀ। ਉਸ ਤੋਂ ਬਾਅਦ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵੱਲੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਗਾਲ਼ਾਂ ਕੱਢਣ ਦਾ ਮਾਮਲਾ ਮੁਸੀਬਤ ਬਣਿਆ ਰਿਹਾ। ਲੁਧਿਆਣਾ ਵਿਚ ਯੂਥ ਅਕਾਲੀ ਆਗੂਆਂ ਨੇ ਪੰਜਾਬ ਪੁਲਿਸ ਦੇ ਏæਆਈæਜੀæ ਦੀ ਕੁੱਟਮਾਰ ਕੀਤੀ। ਕੁਝ ਦਿਨ ਪਹਿਲਾਂ ਹੀ ਮਾਨਸਾ ਵਿਚ ਅਕਾਲੀ ਆਗੂ ਦੇ ਘਰੋਂ ਬਦਮਾਸ਼ ਫੜੇ ਗਏ ਸਨ। ਇਸ ਤੋਂ ਬਿਨਾਂ ਹੋਰ ਵੀ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜਦੋਂ ਅਕਾਲੀ ਦਲ ਨੂੰ ਨਮੋਸ਼ੀ ਝੱਲਣੀ ਪਈ।
ਕਾਬਲੇਗ਼ੌਰ ਹੈ ਕਿ ਕਿਸੇ ਵੇਲੇ ਨਿਰੋਲ ਪੰਥਕ ਸਿਆਸੀ ਪਾਰਟੀ ਵਜੋਂ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੀ ਧਰਮ ਨਿਰਪੱਖ ਪਾਰਟੀਆਂ ਵਿਚ ਸ਼ਮੂਲੀਅਤ ਲਈ ਘੜੀ ਗਈ ਨਵੀਂ ਰਣਨੀਤੀ ਜਿਥੇ ਗੈਰ-ਪੰਥਕ ਆਗੂਆਂ ਅਤੇ ਵੋਟਰਾਂ ਨੂੰ ਨਾਲ ਜੋੜਨ ਵਿਚ ਸਹਾਈ ਹੋਈ ਹੈ, ਉਥੇ ਪੁਰਾਣੇ ਜੂਨੀਅਰ ਵਿੰਗ ਹਰਿਆਵਲ ਦਸਤੇ (ਸਿੱਖ ਸਟੂਡੈਂਟਸ ਫੈਡਰੇਸ਼ਨਾਂ) ਦੀ ਜਗ੍ਹਾ ਪਹਿਲਾਂ ਐਸ਼ਓæਆਈæ ਤੇ ਹੁਣ ਯੂਥ ਅਕਾਲੀ ਦਲ ਨੂੰ ਪ੍ਰਭਾਵੀ ਬਣਾ ਕੇ ਸਿੱਖ ਸਿਧਾਂਤਾਂ ਤੋਂ ਵਿਹੂਣੇ ਲੋਕਾਂ ਦਾ ਬਿਨਾਂ ਪਿਛੋਕੜ ਤੇ ਚਰਿੱਤਰ ਵੇਖੇ, ਇਸ ਵਿਚ ਸ਼ੁਮਾਰ ਕਰਾਉਣਾ ਅਕਾਲੀ ਦਲ ਲਈ ਮੁਸੀਬਤ ਬਣ ਰਿਹਾ ਹੈ।
ਤਾਜ਼ਾ ਘਟਨਾਕ੍ਰਮ ਵਿਚ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਵਜੋਂ ਜਾਣੇ ਜਾਂਦੇ ਅੰਮ੍ਰਿਤਸਰ ਦੇ ਕਾਰੋਬਾਰੀ ਮਨਿੰਦਰ ਸਿੰਘ ਬਿੱਟੂ ਔਲਖ ਦੀ ਨਸ਼ਾ ਤਸਕਰੀ ਕਾਰੋਬਾਰ ਵਿਚ ਗ੍ਰਿਫ਼ਤਾਰੀ ਨੇ ਯੂਥ ਅਕਾਲੀ ਦਲ ਦੀ ਦਿਆਨਤਦਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਘਟਨਾਵਾਂ ਦੀ ਲੜੀ ਜੋੜੀਏ ਤਾਂ ਪਿਛਲੇ ਸਾਲ ਪੰਜ ਦਸੰਬਰ ਨੂੰ ਸੱਤਾ ਦੇ ਨਸ਼ੇ ਵਿਚ ਰਣਜੀਤ ਸਿੰਘ ਰਾਣਾ ਨਾਂ ਦੇ ਸਥਾਨਕ ਯੂਥ ਅਕਾਲੀ ਆਗੂ ਨੇ ਥਾਣੇਦਾਰ ਦੀ ਆਪਣੀ ਧੀ ਨੂੰ ਤੰਗ ਕਰਨੋਂ ਰੋਕਣ ‘ਤੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਮੀਡੀਆ ਨੇ ਇਸ ਮਾਮਲੇ ਨੂੰ ਜ਼ੋਰ-ਸ਼ੋਰ ਨਾਲ ਉਭਾਰਿਆ ਤਾਂ ਸੱਤਾਧਾਰੀ ਅਕਾਲੀ ਦਲ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਣ ਦੇ ਨਾਲ-ਨਾਲ ਉਪ ਮੁੱਖ ਮੰਤਰੀ ਵੱਲੋਂ ਪਾਰਟੀ ਦੀ ਨੌਜਵਾਨ ਇਕਾਈ ਦੇ ਹਰ ਆਗੂ ਦੇ ਪਿਛੋਕੜ ਨੂੰ ਵਾਚ ਕੇ ਜਲਦ ਹੀ ਪਾਰਟੀ ਦੀ ਸਕਰੀਨਿੰਗ (ਸ਼ੁੱਧੀਕਰਨ) ਕਰਨ ਦਾ ਬਿਆਨ ਦਿੱਤਾ ਸੀ। ਰਾਣਾ ਤੇ ਉਸ ਨੂੰ ਨਾਮਜ਼ਦ ਕਰਨ ਵਾਲੇ ਸਥਾਨਕ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਗਿਆ ਪਰ ਕੁਝ ਦਿਨ ਬਾਅਦ 24 ਦਸੰਬਰ 2012 ਨੂੰ ਲੁਧਿਆਣਾ ਵਿਚ ਅਕਾਲੀ ਦਲ ਯੂਥ ਅਕਾਲੀ ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸੰਨੀ ਜੌਹਰ ਨੇ ਇਕ ਪੁਲਿਸ ਅਫਸਰ ਦੀ ਬੇਤਹਾਸ਼ਾ ਕੁੱਟਮਾਰ ਕਰ ਦਿੱਤੀ ਜਿਸ ਨਾਲ ਯੂਥ ਦਲ ਮੁੜ ਸੁਰਖੀਆਂ ਵਿਚ ਆ ਗਿਆ। ਇਸ ਮਾਮਲੇ ਕਰ ਕੇ ਬੁਰੀ ਤਰ੍ਹਾਂ ਘਿਰੇ ਯੂਥ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਯੂਥ ਦਲ ਵਿਚੋਂ ਅਪਰਾਧਕ ਤੱਤਾਂ ਦੀ ਸ਼ਨਾਖਤ ਕਰ ਕੇ ਬਾਹਰ ਕੱਢਣ ਦਾ ਮੁੜ ਭਰੋਸਾ ਦਿੱਤਾ ਗਿਆ। ਸ਼ੁੱਧੀਕਰਨ ਦੀ ਗੱਲ ਜ਼ੋਰ-ਸ਼ੋਰ ਨਾਲ ਕੀਤੀ ਜਾਂਦੀ ਰਹੀ ਪਰ ਪਰਨਾਲਾ ਉਥੇ ਦਾ ਉਥੇ ਰਿਹਾ। ਇਸ ਗੱਲ ਦੀ ਪ੍ਰੋੜਤਾ ਬਠਿੰਡਾ ਖੇਤਰ ਦੇ ਅਕਾਲੀ ਆਗੂ ਹਰਜਿੰਦਰ ਸਿੰਘ ਜੋ ਪਹਿਲਾਂ ਵੀ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਲ ਰਿਹਾ ਸੀ, ਦੇ ਘਰੋਂ ਪਿਛਲੀ ਦੋ ਅਕਤੂਬਰ ਨੂੰ ਚਾਰ ਨਾਮੀ ਅਪਰਾਧੀਆਂ ਦੇ ਫੜੇ ਜਾਣ ਨਾਲ ਹੋ ਗਈ।
ਹੁਣ ਇਸੇ ਲੜੀ ਵਿਚ ਯੂਥ ਦਲ ਦੇ ਕੌਮੀ ਜਨਰਲ ਸਕੱਤਰ ਦੀ ਨਸ਼ਾ ਤਸਕਰੀ ਜਿਹੇ ਸੰਗੀਨ ਮਾਮਲੇ ਵਿਚ ਗ੍ਰਿਫ਼ਤਾਰੀ ਨੇ ਮਾਮਲਾ ਮੁੜ ਭਖਾ ਦਿੱਤਾ ਹੈ। ਅਜਿਹੀ ਸੂਰਤ ਵਿਚ ਰਾਣਾ ਦੀ ਸੱਤਾ ਖੁਮਾਰੀ ਤੋਂ ਸ਼ੁਰੂ ਹੋਇਆ ਸਿਲਸਿਲਾ, ਬਿੱਟੂ ਔਲਖ ਦੀ ਅਪਰਾਧ ਖੇਤਰ ਵਿਚ ਸਭ ਤੋਂ ਖਤਰਨਾਕ ਖੇਡ ਨਸ਼ਿਆਂ ਦੀ ਤਸਕਰੀ ਤੱਕ ਪਹੁੰਚ ਗਿਆ ਹੈ। ਇਸ ਕਾਰਨ ਜਿਥੇ ਵਿਰੋਧੀ ਕਾਂਗਰਸੀਆਂ ਵੱਲੋਂ ਸੱਤਾਧਾਰੀਆਂ ਤੋਂ ਅਸਤੀਫੇ ਮੰਗੇ ਜਾ ਰਹੇ ਹਨ, ਉਥੇ ਆਮ ਜਨਤਾ ਦੇ ਮਨ ਵਿਚ ਅਕਾਲੀ ਦਲ ਦੀ ਦਿਆਨਤਦਾਰੀ ‘ਤੇ ਸਵਾਲ ਉਠ ਰਹੇ ਹਨ।
ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਮਨਿੰਦਰ ਸਿੰਘ ਔਲਖ ਉਰਫ ਬਿੱਟੂ ਤੇ ਉਸ ਦੇ ਸਾਥੀ ਕੋਲੋਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਹੋਣ ਨਾਲ ਸੀਨੀਅਰ ਅਕਾਲੀ ਸਿਆਸਤਦਾਨ ਦੇ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਨਾਲ ਨਾਪਾਕ ਗਠਜੋੜ ਹੋਣ ਦਾ ਸੰਕੇਤ ਮਿਲਿਆ ਹੈ। ਇਸ ਨਾਪਾਕ ਗਠਜੋੜ ਦਾ ਪਰਦਾਫਾਸ਼ ਕਰਨ ਲਈ ਸੀæਬੀæਆਈæ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਸ਼ ਖਹਿਰਾ ਮੁਤਾਬਕ ਬਿੱਟੂ ਔਲਖ ਅਕਾਲੀ ਐਮæਪੀæ ਡਾæ ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਅਮਰਪਾਲ ਸਿੰਘ ਬੋਨੀ ਦੇ ਨੇੜੇ ਹੈ ਅਤੇ ਨਾਲ ਹੀ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ਹੋਣ ਨਾਤੇ ਉਹ ਮਾਲ ਮੰਤਰੀ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦਾ ਵੀ ਚਹੇਤਾ ਹੈ। ਪੰਜਾਬ ਪੁਲਿਸ ਉਪਰ ਕਾਂਗਰਸ ਨੂੰ ਕੋਈ ਭਰੋਸਾ ਨਹੀਂ, ਇਸ ਕਰਕੇ ਸਿਆਸਤਦਾਨਾਂ ਤੇ ਡਰੱਗ ਮਾਫੀਏ ਦੇ ਨਾਪਾਕ ਗਠਜੋੜ ਬਾਰੇ ਜਾਂਚ ਦਾ ਕੰਮ ਸੀæਬੀæਆਈæ ਨੂੰ ਸੌਂਪਿਆ ਜਾਵੇ।
_________________________
ਵੱਡੇ ਮਗਰਮੱਛਾਂ ਨੂੰ ਹੱਥ ਪਾਉਣਾ ਜ਼ਰੂਰੀ: ਕੈਪਟਨ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕੌਮਾਂਤਰੀ ਡਰੱਗ ਤਸਕਰ ਜਗਦੀਸ਼ ਭੋਲਾ ਅਤੇ ਸਾਥੀ ਤਾਂ ਛੋਟੀਆਂ ਮੱਛੀਆਂ ਹਨ; ਪੰਜਾਬ ਵਿਚ ਤਾਂ ਇਸ ਤੋਂ ਵੀ ਵੱਡੇ ਮਗਰਮੱਛ ਮੌਜੂਦ ਹਨ। ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਬੇਨਕਾਬ ਕਰਨ ਲਈ ਇਸ ਮਾਮਲੇ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ। ਪੰਜਾਬ ਪੁਲਿਸ ਵੀ ਭਾਵੇਂ ਨਿਰਪੱਖ ਜਾਂਚ ਕਰਨ ਦੇ ਸਮਰੱਥ ਹੈ ਪਰ ਇਸ ਧੰਦੇ ਵਿਚ ਸਰਕਾਰ ਪੱਖੀ ਲੋਕਾਂ ਦੀ ਸਿੱਧੀ ਸ਼ਮੂਲੀਅਤ ਹੋਣ ਕਾਰਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨਾ ਪੰਜਾਬ ਪੁਲਿਸ ਲਈ ਮੁਸ਼ਕਿਲ ਹੈ। ਇਸ ਕਰ ਕੇ ਅਜਿਹੇ ਹਾਲਾਤ ਵਿਚ ਜ਼ਰੂਰੀ ਹੈ ਕਿ ਇਸ ਮਾਮਲੇ ਦੀ ਕਿਸੇ ਆਜ਼ਾਦ ਏਜੰਸੀ ਜਾਂ ਫੇਰ ਹਾਈ ਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਨਸ਼ੇ ਦੇ ਇਸ ਕਾਰੋਬਾਰ ਵਿਚ ਸ਼ਾਮਲ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਬੇਨਕਾਬ ਕੀਤਾ ਜਾ ਸਕੇ।
Leave a Reply