ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅਗਲੇ ਸਾਲ 2014 ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਕਰ ਕੇ ਪੰਜਾਬ ਦੀ ਸਿਆਸਤ ਵਿਚ ਵੀ ਹਿੱਲਜੁਲ ਸ਼ੁਰੂ ਹੋ ਗਈ ਹੈ। ਇਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਆਗੂ ਸੁਰਜੀਤ ਸਿੰਘ ਬਰਨਾਲਾ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਮੂਲੀਅਤ ਦੀ ਚਰਚਾ ਜਾਰੀ ਹੈ, ਉਥੇ ਬਹੁਜਨ ਸਮਾਜ ਪਾਰਟੀ ਤੇ ਸਾਂਝਾ ਮੋਰਚਾ ਵਿਚਾਲੇ ਸਿਆਸੀ ਗਠਜੋੜ ਦੇ ਵੀ ਸੰਕੇਤ ਮਿਲੇ ਹਨ। ਰਿਪੋਰਟਾਂ ਅਨੁਸਾਰ ਦੋਹਾਂ ਪਾਰਟੀਆਂ ਦੇ ਨੇਤਾਵਾਂ ਵਿਚ ਮੁਢਲੇ ਗੇੜ ਦੀਆਂ ਮੀਟਿੰਗਾਂ ਦੀ ਸਿਲਸਿਲਾ ਜਾਰੀ ਹੈ। ਦੋਵਾਂ ਪਾਰਟੀਆਂ ਦੇ ਨੇਤਾਵਾਂ ਦੀ ਆਖ਼ਰੀ ਮੀਟਿੰਗ ਨਵੰਬਰ ਦੇ ਪਹਿਲੇ ਹਫ਼ਤੇ ਹੋਈ ਸੀ।
ਜ਼ਿਕਰਯੋਗ ਹੈ ਕਿ ਬਸਪਾ ਦਾ ਦੁਆਬੇ ਸਣੇ ਕਈ ਹੋਰ ਲੋਕ ਸਭਾ ਹਲਕਿਆਂ ਵਿਚ ਆਧਾਰ ਹੈ ਤੇ ਜੇ ਸਾਂਝੇ ਮੋਰਚੇ ਨਾਲ ਮਿਲ ਕੇ ਪ੍ਰਭਾਵਸ਼ਾਲੀ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਂਦੇ ਹਨ ਤਾਂ ਇਹ ਅਕਾਲੀ-ਭਾਜਪਾ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਸਾਂਝੇ ਮੋਰਚੇ ਦੇ ਉਮੀਦਵਾਰ ਜਿੱਤ ਹਾਸਲ ਨਾ ਕਰ ਸਕਣ ਪਰ ਉਹ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੇ ਜ਼ਰੂਰ ਸਮਰੱਥ ਹੋਣਗੇ। ਉਂਜ, ਆਮ ਧਾਰਨਾ ਹੈ ਕਿ ਇਸ ਦਾ ਨੁਕਸਾਨ ਕਾਂਗਰਸ ਨੂੰ ਜ਼ਿਆਦਾ ਹੋ ਸਕਦਾ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਆਗੂ ਸੁਰਜੀਤ ਸਿੰਘ ਬਰਨਾਲਾ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਮੂਲੀਅਤ ਦੀ ਵੀ ਚਰਚਾ ਹੈ ਤੇ ਜੇ ਅਜਿਹਾ ਹੁੰਦਾ ਹੈ ਤਾਂ ਇਹ ਸਾਂਝੇ ਮੋਰਚੇ ਨੂੰ ਤਕੜਾ ਝਟਕਾ ਹੋਵੇਗਾ। ਉਂਜ ਸ਼ ਬਰਨਾਲਾ ਨੇ ਕਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਨਹੀਂ ਹੋ ਰਹੇ। ਉਨ੍ਹਾਂ ਕਿਹਾ ਹੈ ਕਿ ਮੀਡੀਆ ਵਿਚ ਆਈਆਂ ਖਬਰਾਂ ਗਲਤ ਹਨ। ਪੀæਪੀæਪੀæ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਵੀ ਕਿਹਾ ਕਿ ਸ਼ ਸੁਰਜੀਤ ਸਿੰਘ ਬਰਨਾਲਾ ਵੱਲੋਂ ਸ਼ ਪ੍ਰਕਾਸ਼ ਸਿੰਘ ਬਾਦਲ ਨਾਲ ਹੱਥ ਮਿਲਾਉਣ ਸਬੰਧੀ ਖ਼ਬਰਾਂ ਬੇਬੁਨਿਆਦ ਅਤੇ ਸੱਚਾਈ ਤੋਂ ਦੂਰ ਹਨ।
ਸਾਂਝੇ ਮੋਰਚੇ ਵਿਚ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਤੋਂ ਇਲਾਵਾ ਪੀਪਲਜ਼ ਪਾਰਟੀ ਆਫ ਪੰਜਾਬ, ਸੀæਪੀæਆਈæ (ਐਮæ) ਅਤੇ ਸੀæਪੀæਆਈæ ਸ਼ਾਮਲ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸਾਂਝੇ ਮੋਰਚੇ ਦੀ ਵੋਟ ਪ੍ਰਤੀਸ਼ਤਤਾ ਸਵਾ ਪੰਜ ਫੀਸਦੀ ਦੇ ਕਰੀਬ ਸੀ ਤੇ ਬਸਪਾ ਦੀ ਵੋਟ ਪ੍ਰਤੀਸ਼ਤਤਾ ਸਾਢੇ ਚਾਰ ਫੀਸਦੀ ਦੇ ਕਰੀਬ ਸੀ। ਸੂਤਰਾਂ ਅਨੁਸਾਰ ਸਾਂਝੇ ਮੋਰਚੇ ਦੀ ਮੀਟਿੰਗ ਵਿਚ ਬਸਪਾ ਨਾਲ ਰਲ ਕੇ ਤੁਰਨ ਦੀ ਹੁਣ ਤਕ ਹੋਈ ਪ੍ਰਗਤੀ ਬਾਰੇ ਚਰਚਾ ਕੀਤੀ ਗਈ। ਪਤਾ ਲੱਗਾ ਹੈ ਕਿ ਸਾਂਝੇ ਮੋਰਚੇ ਵਿਚ ਸ਼ਾਮਲ ਸੀæਪੀæਆਈæ ਦੇ ਸੂਬਾਈ ਨੇਤਾਵਾਂ ਦੀਆਂ ਪੰਜਾਬ ਬਸਪਾ ਦੇ ਪ੍ਰਧਾਨ ਪ੍ਰਕਾਸ਼ ਸਿੰਘ ਜੰਡਿਆਲੀ ਅਤੇ ਪਾਰਟੀ ਇੰਚਾਰਜ ਨਰਿੰਦਰ ਕਸ਼ਿਅਪ ਨਾਲ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸੀਨੀਅਰ ਨੇਤਾ ਵੱਲੋਂ ਵੀ ਵੱਖਰੇ ਤੌਰ ‘ਤੇ ਮੀਟਿੰਗ ਕੀਤੀ ਜਾ ਚੁੱਕੀ ਹੈ।
ਸੂਤਰਾਂ ਅਨੁਸਾਰ ਦੋਵਾਂ ਪਾਰਟੀਆਂ ਦੇ ਨੇਤਾ ਇਸ ਗੱਲ ‘ਤੇ ਇਕਮੱਤ ਹਨ ਕਿ ਰਲ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਲੜਾਈ ਹੀ ਨਹੀਂ ਦਿੱਤੀ ਜਾ ਸਕਦੀ, ਸਗੋਂ ਗਠਜੋੜ ਦਾ ਲੋਕ ਸਭਾ ਵਿਚ ਆਪਣਾ ਖ਼ਾਤਾ ਖੋਲ੍ਹਣ ਦਾ ਦਾਅ ਵੀ ਲੱਗ ਸਕਦਾ ਹੈ। ਮੀਟਿੰਗਾਂ ਵਿਚ ਸ਼ਾਮਲ ਹੋਣ ਵਾਲੇ ਬਸਪਾ ਦੇ ਨੇਤਾਵਾਂ ਨੇ ਉਂਜ ਸਪਸ਼ਟ ਕਰ ਦਿੱਤਾ ਸੀ ਕਿ ਅੰਤਿਮ ਫੈਸਲਾ ਲੈਣ ਦਾ ਅਧਿਕਾਰ ਪਾਰਟੀ ਸੁਪਰੀਮੋ ਮਾਇਆਵਤੀ ਕੋਲ ਹੈ। ਸਾਂਝੇ ਮੋਰਚੇ ਦੇ ਉਪਰਲੀ ਕਤਾਰ ਦੇ ਨੇਤਾ ਲੋਕ ਸਭਾ ਦੀਆਂ ਅਗਲੀਆਂ ਚੋਣਾਂ ਕਾਂਗਰਸ ਨਾਲੋਂ ਬਸਪਾ ਨਾਲ ਰਲ ਕੇ ਲੜਨ ਨੂੰ ਵਧੇਰੇ ਪਹਿਲ ਦੇਣ ਲੱਗੇ ਹਨ। ਉਧਰ, ਬਸਪਾ ਸੁਪਰੀਮੋ ਮਾਇਆਵਤੀ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਕਬਜ਼ਾ ਕਰਨ ਲਈ ਕੇਂਦਰ ਵਿਚ ਖੱਬੇ ਪੱਖੀਆਂ ਨਾਲ ਸਮਝੌਤਾ ਕਰਨ ਬਾਰੇ ਸੋਚ ਰਹੀ ਹੈ। ਖੱਬੇ ਪੱਖੀ ਪਾਰਟੀਆਂ ਹਾਲ ਦੀ ਘੜੀ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਨਾਲ ਦੂਰੀ ਬਣਾ ਕੇ ਚੱਲ ਰਹੀਆਂ ਹਨ। ਕਾਬਲੇਗ਼ੌਰ ਹੈ ਕਿ ਸਾਂਝੇ ਮੋਰਚੇ ਤੇ ਬਸਪਾ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੱਖ ਵੱਖ ਲੜੀਆਂ ਸਨ ਤੇ ਇਨ੍ਹਾਂ ਦੇ ਕਈ ਉਮੀਦਵਾਰ ਬੜੀਆਂ ਥੋੜੀਆਂ ਵੋਟਾਂ ਦੇ ਫਰਕ ਨਾਲ ਹਾਰੇ ਸਨ।
ਸੀæਪੀæਆਈæ ਦੇ ਸੂਬਾ ਸਕੱਤਰ ਬੰਤ ਬਰਾੜ ਨੇ ਕਿਹਾ ਹੈ ਕਿ ਸਾਂਝੇ ਮੋਰਚੇ ਅਤੇ ਬਸਪਾ ਦੇ ਨੇਤਾਵਾਂ ਦੀਆਂ ਆਪਸੀ ਮੀਟਿੰਗਾਂ ਹਾਂ-ਪੱਖੀ ਰਹੀਆਂ ਹਨ। ਹਾਲ ਦੀ ਘੜੀ ਕੇਂਦਰ ਵਿਚ ਤੀਜੇ ਫਰੰਟ ਦੇ ਆਸਾਰ ਬਣ ਰਹੇ ਹਨ। ਬਸਪਾ ਦੇ ਪੰਜਾਬ ਇਕਾਈ ਦੇ ਇੰਚਾਰਜ ਨਰਿੰਦਰ ਕਸ਼ਿਅਪ ਦਾ ਕਹਿਣਾ ਹੈ ਕਿ ਦੋਵਾਂ ਦੇ ਰਲ ਕੇ ਚੱਲਣ ਨਾਲ ਲਾਭ ਜ਼ਰੂਰ ਪੁੱਜੇਗਾ ਪਰ ਅੰਤਿਮ ਫੈਸਲਾ ਬੀਬੀ ਮਾਇਆਵਤੀ ‘ਤੇ ਨਿਰਭਰ ਕਰਦਾ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਸਾਂਝੇ ਮੋਰਚੇ ਦੀ ਮੀਟਿੰਗ ਦੌਰਾਨ ਅਗਲੀਆਂ ਵਿਧਾਨ ਸਭਾ ਚੋਣਾ ਬਾਰੇ ਵਿਚਾਰ-ਵਟਾਂਦਰਾ ਹੋਇਆ ਅਤੇ ਇਹ ਫੈਸਲਾ ਵੀ ਕੀਤਾ ਗਿਆ ਕਿ ਮੁਕਤਸਰ ਵਿਖੇ ਮਾਘੀ ਦੇ ਮੇਲੇ ਮੌਕੇ ਹੋਣ ਵਾਲੀ ਕਾਨਫਰੰਸ ਅਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ ਇਤਿਹਾਸਕ ਇਕੱਠ ਕੀਤਾ ਜਾਵੇ।
Leave a Reply