‘ਖਾੜਕੂ ਲਹਿਰਾਂ ਦੇ ਅੰਗ ਸੰਗ’: ਤਿੱਤਰਾਂ-ਬਟੇਰਿਆਂ ਸੰਗ ਦੋਸਤੀ ਤੇ ਇਨਕਲਾਬ ਤੋਂ ਮੋਹ ਭੰਗ!

(ਸ. ਅਜਮੇਰ ਸਿੰਘ ਅਜਿਹਾ ਪ੍ਰਤਿਭਾਸ਼ਾਲੀ ਪਰੰਤੂ ਵਿਵਾਦਪੂਰਨ ਲੇਖਕ ਹੈ ਜਿਸ ਨੇ ਆਪਣੀ ਸਾਰੀ ਪ੍ਰਤਿਭਾ ਨੂੰ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਪੰਜਾਬ ਅਤੇ ਸਿੱਖ ਇਤਿਹਾਸ ਤੇ ਰਾਜਨੀਤੀ ਦੀ ਨਾ ਕੇਵਲ ਇਕਪਾਸੜ ਸਗੋਂ ਗੁਮਰਾਹਕੁਨ ਅਤੇ ਭੜਕਾਊ ਵਿਆਖਿਆ ਕਰਨ ਦੇ ਲੇਖੇ ਲਾਇਆ ਹੋਇਆ ਹੈ।

ਇਸ ਏਜੰਡੇ ਤਹਿਤ ਹੁਣ ਤਕ ਉਹ ਪੌਣੀ ਕੁ ਦਰਜਨ ਪੁਸਤਕਾਂ ਲਿਖ ਚੁਕਾ ਹੈ ਅਤੇ ਅਜੇ ਸਿਲਸਿਲਾ ਚਲ-ਸੋ-ਚਲ ਹੈ। ਮਹੀਨਾ ਕੁ ਪਹਿਲਾਂ ਉਸ ਨੇ ‘ਭਗਤ ਸਿੰਘ: ਮਿਥ ਅਤੇ ਅਸਲੀਅਤ’ ਨਾਂ ਦੀ ਕਿਤਾਬ ਪੰਜਾਬੀਆਂ ਦੀ ਕਚਹਿਰੀ ਵਿਚ ਸੁਟ ਦਿਤੀ ਹੈ। ਇਹ ਕਿਤਾਬ ਉਸ ਦੀ ਦਸ ਕੁ ਸਾਲ ਪਹਿਲਾਂ ਆਪਣੇ ਡੇਢ-ਦੋ ਦਹਾਕੇ ਲੰਮੇ ਨਕਸਲੀ ਪਿਛੋਕੜ ‘ਤੇ ਕਾਲੀ ਸਿਆਹੀ ਫੇਰਨ ਲਈ ਲਿਖੀ ‘ਸਿੱਖਾਂ ਦੀ ਵਿਚਾਰਧਾਰਕ ਘੇਰਾਬੰਦੀ’ ਨਾਂ ਦੀ ਕਿਤਾਬ ਦਾ ਹੀ ਵਿਸਤਾਰ ਹੈ। ਕਈ ਸਾਲ ਪਹਿਲਾਂ ਅਸੀਂ ਉਸ ਦੀਆਂ ਪਹਿਲੀਆਂ ਤਿੰਨ ਕਿਤਾਬਾਂ ਨੂੰ ਆਧਾਰ ਬਣਾ ਕੇ ਸੰਵਾਦ ਤੋਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਕੁਝ ਅਨਿੰਨ ਭਗਤ ਉਸ ਬਹਿਸ ਵਿਚ ਸ਼ਾਮਲ ਹੋਏ, ਪਰ ਆਪ ਇਸਨੇ ਕੋਈ ਹੁੰਗਾਰਾ ਨਾ ਭਰਿਆ। ਦੋ ਕੁ ਸਾਲ ਪਹਿਲਾਂ ਜਦੋਂ ‘ਖਾੜਕੂ ਲਹਿਰਾਂ ਦੇ ਅੰਗ ਸੰਗ’ ਛਪੀ ਤਾਂ ਇਸਦੇ ਗਰਾਈਂ ਕਹਾਣੀਕਾਰ ਅਤਰਜੀਤ ਨੇ ਇਸਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਆਇਆ। ਜਵਾਬ-ਤਲਬੀ ਤਾਂ ਫੇਸਬੁਕ ਪੋਸਟਾਂ ਰਾਹੀਂ ਇਸਦਾ ਪੁਰਾਣਾ ਸਾਥੀ ਮਾਲਵਿੰਦਰ ਸਿੰਘ ਮਾਲੀ ਵੀ ਕਰਦਾ ਰਿਹਾ ਹੈ। ਸੰਘਰਸ਼ੀ ਵਰਿ੍ਹਆਂ ਦੌਰਾਨ ਇਸਦੀ ਗੁਰੀਲਾ ਫੋਰਸ ਦਾ ‘ਜਰਨੈਲ’ ਹਰਪ੍ਰੀਤ ਸਿੰਘ ਭਾਗੀਕੇ 30 ਵਰ੍ਹੇ ਇਸਦੇ ਹੁੰਗਾਰੇ ਦੀ ਉਡੀਕ ਕਰਦਾ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ। ਹੁਣ ਇਕ ਸਿਰਮੌਰ ਨਕਸਲੀ ਆਗੂ ਸਮਰਜੀਤ ਸਿੰਘ ਖੀਵਾ ਉਰਫ ਐਸ.ਐਸ. ਆਜ਼ਾਦ ਨੇ ਫੇਸਬੁਕ ਪੋਸਟਾਂ ਰਾਹੀਂ ਉਸ ਦੌਰ ਨਾਲ ਸਬੰਧਤ ਤਿੰਨ-ਚਾਰ ਹੋਰ ਪੁਸਤਕਾਂ ਨਾਲ ਜੋੜ ਕੇ ਇਸਦੀ ਸਵੈ-ਜ਼ਿੰਦਗੀ ਉਤੇ ਵੇਰਵਿਆਂ ਦਾ ਸੱਚ-ਝੂਠ ਨਿਤਾਰਣ ਦੀ ਕੋਸ਼ਿਸ਼ ਕੀਤੀ ਹੈ। ਨਕਸਲੀ ਰੂਪੋਸ਼ੀ ਜੀਵਨ ਦੀ ਸ਼ੁਰੂਆਤ ਇਨ੍ਹਾਂ ਦੋਵਾਂ ਨੇ 1970 ਵਿਚ ਇਕੋ ਸਮੇਂ ਕੀਤੀ। ਦੋਵਾਂ ਦਾ ਉਨ੍ਹਾਂ ਸਮਿਆਂ ਦੇ ਚਸ਼ਮਦੀਦ ਗਵਾਹ ਹੋਣ ਦਾ ਇਕ-ਦੂਜੇ ਨਾਲੋਂ ਵੱਧ ਦਾਅਵਾ ਹੈ। ਨਕਸਲੀ ਲਹਿਰ ਪਿਛਲੇ ਕਈ ਵਰਿ੍ਹਆਂ ਤੋਂ ਇਸ ਕਿਸਮ ਦੇ ਵਿਚਾਰਧਾਰਕ ਜਮੂਦ ਵਿਚੋਂ ਉਭਰਣ ਲਈ ਸਾਥੀ ਆਜ਼ਾਦ ਦੀ ਇਹ ਲਿਖਤ ਕੰਮ ਆ ਸਕਦੀ ਹੈ। –ਕਰਮ ਬਰੱਸਟ

ਗੋਬਿੰਦਰ ਸਿੰਘ ਉਰਫ ਅਜਮੇਰ ਸਿੰਘ ਨੇ ਜਨਵਰੀ 2024 ਵਿਚ 545 ਪੰਨਿਆਂ ਦੀ ਕਿਤਾਬ ‘ਖਾੜਕੂ ਲਹਿਰਾਂ ਦੇ ਅੰਗ ਸੰਗ’ ਪ੍ਰਕਾਸ਼ਤ ਕੀਤੀ ਹੈ। ਇਸ ਕਿਤਾਬ ਵਿਚ ਉਸ ਨੇ ਆਪਣੀ ਆਤਮ-ਕਥਾ ਪੇਸ਼ ਕੀਤੀ ਹੈ। ਸਮੁਚੀ ਕਿਤਾਬ ਵਿਚ ਉਸ ਨੇ ਆਪਣੇ ਆਪ ਨੂੰ ਸਰਵੋਤਮ ਖਾੜਕੂ ਤੇ ਅਕਲਮੰਦ ਸਾਬਤ ਕਰਦਿਆਂ ਇਨਕਲਾਬੀ ਨਕਸਲਬਾੜੀ ਲਹਿਰ ਤੇ ਖਾਲਿਸਤਾਨੀ ਲਹਿਰ ਦੇ ਆਗੂਆਂ ਦੀ ਨਿੰਦਿਆ ਕਰਦੇ ਹੋਏ ਉਨ੍ਹਾਂ ਨੂੰ ਬੌਣੀ ਬੁੱਧੀ ਦੇ ਮਾਲਕ ਸਾਬਤ ਕਰਨ ਲਈ ਕਈ ਮਨੋਕਲਪਿਤ ਕਹਾਣੀਆਂ ਘੜਨ ਦਾ ਸਹਾਰਾ ਲਿਆ ਹੈ। ਇਸ ਭਾਰੀ ਭਰਕਮ ਅਕਾਊ ਗ੍ਰੰਥ ਵਿਚ ਅੰਤਿਮ ਸਿੱਟਾ ਇਹ ਕੱਢਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਐਮ ਐਲ (ਨਕਸਲਬਾੜੀ ਲਹਿਰ) ਦੀ ਇਕ ਵੀ ਪ੍ਰਾਪਤੀ ਨਹੀਂ ਰਹੀ ਹੈ। ਨਾਲ ਹੀ ਇਹ ਵੀ ਦਾਅਵਾ ਕਰ ਮਾਰਿਆ ਕਿ ਖਾੜਕੂ ਲਹਿਰ ਦੀ ਵੀ ਕੋਈ ਪ੍ਰਾਪਤੀ ਨਹੀਂ। ਪਰ ਇਹ ਦਾਅਵਾ ਵੀ ਕੀਤਾ ਗਿਆ ਕਿ ਇਨ੍ਹਾਂ ਖਾੜਕੂ ਲਹਿਰਾਂ ਵਿਚ ਬੇਹੱਦ ਖੂਨ ਵਹਾਇਆ ਗਿਆ ਤੇ ਅਥਾਹ ਕੁਰਬਾਨੀਆਂ ਦਿੱਤੀਆਂ ਗਈਆਂ ਸਨ। ਮਤਲਬ ਕਿ ਇਹ ਸਭ ਕੁਝ ਭੰਗ ਦੇ ਭਾਣੇ ਚਲਾ ਗਿਆ ਹੈ/ਸੀ। ਅਜਮੇਰ ਸਿੰਘ ਇਕ ਤਾਂ ਹਰਭਜਨ ਹਲਵਾਰਵੀ ਨੂੰ ਗੁਣੀ ਗਿਆਨੀ ਵਿਦਵਾਨ ਤੇ ਮਿੱਤਰ ਦਸਦਾ ਹੈ। ਪਰ ਬਾਕੀ ਸਾਰਿਆਂ ਨੂੰ ਰੱਦ ਕਰਦਾ ਹੋਇਆ ਅਖੀਰਲੇ ਪੰਨੇ ਉੱਤੇ ਦੱਸਦਾ ਹੈ ਕਿ ‘ਬਾਕੀ ਸਾਥੀਆਂ ਸਮੇਤ (ਸੰਦੀਪ ਸਿੰਘ) ਦੀਪੂ ਸਿੱਧੂ ਨੇ ਊਰਜਾਸੀਲ ਸਿੱਖ ਬਿਰਤਾਂਤ ਸਿਰਜ ਕੇ ਕੌਮ ਦੇ ਅੰਦਰ ਰਾਜਸੀ ਚੇਤਨਾ ਤੇ ਲੜਾਕੂ ਸਪਿਰਿਟ ਦਾ ਵੇਗਸ਼ਾਲੀ ਵਹਿਣ ਵਗਾ ਦਿੱਤਾ ਸੀ। ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਗੈਰਤਜਰਬਾ ਹੋਣ ਦੇ ਬਾਵਜੂਦ ਵੀ ਆਪਣੇ ਬਿਰਤਾਂਤ ਦੇ ਬਲ ਥੋੜ੍ਹੇ ਅਰਸੇ ਦੌਰਾਨ ਸਿੱਖੀ ਪ੍ਰੇਮ ਨੂੰ ਜ਼ੋਰਦਾਰ ਝੰਜੋੜਾ ਦੇ ਕੇ ਜਗਾ ਦੇਣ ਦੀ ਕਰਾਮਾਤ ਕਰ ਦਿਖਾਈ ਸੀ। ਇਹ ਪ੍ਰਤਿਭਾ ਗੁਰੂ ਸਾਹਿਬਾਨ ਦੀ ਅਜ਼ੀਮ ਬਖਸ਼ਿਸ਼ ਦਾ ਨਤੀਜਾ ਹੈ। ਸਿੱਖ ਕੌਮ ਦਾ ਮੁਕੱਦਰ ਇਸ ਬਖਸ਼ਿਸ਼ ਉਤੇ ਟਿਕਿਆ ਹੋਇਆ ਹੈ।’ ਭਾਵ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਸਿੱਖ ਕੌਮ ਦਾ ਬੇੜਾ ਬੰਨ੍ਹੇ ਲਾਉਣਗੇ! ਅਜਮੇਰ ਸਿੰਘ ਕਿਤਾਬ ਦੇ ਅਖੀਰਲੇ ਪੰਨੇ ਉੱਤੇ ਸਧਾਰਨ ਬੰਦਿਆਂ ਨੂੰ ਸਿੱਖਾਂ ਦੇ ਹੀਰੋ ਬਣਾ ਧਰਦਾ ਹੈ। ਅਜਿਹੇ ਤਿੱਤਰ-ਬਟੇਰਿਆਂ ਸੰਗ ਰਹਿ ਕੇ ਸਿਖ ਕੌਮ ਦੀ ਸੇਵਾ ਕਰਨ ਲਗਿਆ ਹੈ! ਉਸ ਨੂੰ ਕਿਤਾਬ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਇਹ ਪਤਾ ਨਹੀਂ ਸੀ ਕਿ ਅੰਮ੍ਰਿਤਪਾਲ ਸਿੰਘ ਮਾਰਚ 2024 ਦੀਆਂ ਅਸੈਂਬਲੀ ਚੋਣਾਂ ਸਮੇਂ ਭਾਰਤੀ ਸੰਵਿਧਾਨ ਦੀ ਸਹੁੰ ਚੁਕ ਕੇ ਜੇਲ੍ਹ ਵਿਚ ਬੈਠਾ ਹੀ ਐਮ ਪੀ ਬਣ ਜਾਵੇ। ਜੇਕਰ ਉਹ ਇਸ ਗਲੋਂ ਸੁਚੇਤ ਸੀ ਫਿਰ ਮਾਰਚ 2024 ਵਿਚ ਦੂਜਾ ਅਡੀਸ਼ਨ ਛਪਾਉਣ ਸਮੇਂ ਪ੍ਰਤਿਭਾ ਦਾ ਪੱਤਾ ਸਾਫ ਕਰ ਦੇਣਾ ਚਾਹੀਦਾ ਸੀ! ਅਸਲ ਵਿਚ ਅਜਮੇਰ ਸਿੰਘ ਘੋਰ ਨਿਰਾਸ਼ਾ ‘ਚ ਡੁੱਬੇ ਹੋਣ ਕਰਕੇ ਤਿਣਕੇ ਦਾ ਸਹਾਰਾ ਲੈਣ ਲਗਿਆ ਹੈ। ਸ਼ਾਇਦ ਇਸ ਨੂੰ ਇੰਨਾ ਵੀ ਗਿਆਨ ਨਹੀਂ ਕਿ ਦੀਪ ਸਿੱਧੂ ਤੇ ਅੰਮ੍ਰਿਤਪਾਲ ਤੋਂ ਪਹਿਲਾਂ ਅਨੇਕਾਂ ਬੰਦੀ ਸਿੰਘ ਤੀਹ-ਚਾਲੀ ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ। ਉਨ੍ਹਾਂ ਖਾਤਰ ਮੋਹਾਲੀ ਵਿਖੇ ਮੋਰਚਾ ਲਾਇਆ ਹੋਇਆ ਹੈ। ਕਮਿਊਨਿਸਟ ਪਾਰਟੀ ਐਮ ਐਲ ਦੀ ਵਿਚਾਰਧਾਰਾ ਤੇ ਰਾਜਨੀਤੀ ਨੂੰ ਲੈ ਕੇ ਉਹ ਕਿਤੇ ਆਪਣਾ ਨਿਵੇਕਲਾ ਪੱਖ ਪੇਸ਼ ਨਹੀਂ ਕਰਦਾ। ਉਹ ਸਿਰਫ ਸੁਣੀਆਂ-ਸੁਣਾਈਆਂ ਗੱਲਾਂ ਨੂੰ ਇਕ-ਦੂਜੇ ਵਿਰੁੱਧ ਵਰਤਦਾ ਹੋਇਆ ਆਪਣੇ-ਆਪ ਨੂੰ ਤੀਸ ਮਾਰ ਖਾਂ ਪੇਸ਼ ਕਰਨ ਤੋਂ ਨਹੀਂ ਖੁੰਝਦਾ! ਉਹ ਆਪਣਾ ਚਾਲ-ਚਰਿੱਤਰ ਚੇਹਰਾ ਮੁੱਢ ਤੋਂ ਬਣਾ ਸੰਵਾਰ ਕੇ ਪੇਸ਼ ਕਰਦਾ ਹੋਇਆ ਪਿਛੋਕੜ ਬਾਰੇ ਦਸਦਾ ਹੈ ਕਿ ਉਸ ਦਾ ਪਰਿਵਾਰ ਧਨਾਢ ਜ਼ਿਮੀਂਦਾਰਾਂ ‘ਚੋਂ ਸੀ। ਪਿੰਡ ਮੰਡੀ ਕਲਾਂ ਵਿਖੇ ਫਿਰਨੀ ਉਤੇ ਤਿੰਨ ਮੰਜ਼ਲਾ ਕੋਠੀ ਪਿਤਾ ਬੀਰ ਸਿੰਘ ਨਿਰਵੈਰ ਨੇ ਬਣਾਈ ਹੋਈ ਸੀ। ਸਿਖਰਲੀ ਮੰਜ਼ਿਲ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ। ਪੁਰਖੇ ਮੁੱਢ ਤੋਂ ਹੀ ਸਿੱਖ ਧਰਮ ਤੇ ਅਕਾਲੀ ਦਲ ਨਾਲ ਸਬੰਧਤ ਸਨ। ‘ਦਾਦਾ ਤੇ ਪਿਤਾ ਜੀ ਸਮੇਤ ਸਾਰੇ ਹੀ ਅੰਮ੍ਰਿਤਧਾਰੀ ਸਿੱਖ ਪਰਿਵਾਰ ਸੀ ਜਿਨ੍ਹਾਂ ਨੇ ਬਚਪਨ ਵਿਚ ਹੀ ਉਸਨੂੰ ਖਾੜਕੂ ਬਣਨ ਦੀ ਅੰਮ੍ਰਿਤ ਜਨਮਘੁਟੀ ਪਿਲਾ ਦਿੱਤੀ ਸੀ। ਉਸ ਨੂੰ ਪਛਤਾਵਾ ਵੀ ਹੈ ਕਿ ਉਹ ਕਾਮਰੇਡਾਂ ਵਿਚ ਰਲ ਕੇ ਆਪਣੀਆਂ ਜੜ੍ਹਾਂ ਤੋਂ ਉਖੜ ਗਿਆ ਸੀ।’
ਅਜਮੇਰ ਸਿੰਘ ਹਰਭਜਨ ਸੋਹੀ ਗਰੁੱਪ ਵਿਚ 1971 ਤੋਂ 1982 ਤਕ ਸ਼ਾਮਲ ਰਹਿ ਕੇ 2 ਦਹਾਕੇ ਕੁੱਲਵਕਤੀ ਰਿਹਾ ਅਤੇ ਹਰਭਜਨ ਸੋਹੀ ਦਾ ਹੋਣਹਾਰ ਚਹੇਤਾ ਵੀ। ਭਾਵੇਂ ਕਿ ਵੱਖ ਹੋਣ ਸਮਂੇ ਅਜਮੇਰ ਸਿੰਘ ਨੇ ਕਾਮਰੇਡ ਸੋਹੀ ਦਾ ਅਕਸ ਵਿਗਾੜਨ ਲਈ ਸਭ ਹੱਦਾਂ-ਬੰਨ੍ਹੇ ਤੋੜ ਦਿਤੇ।
‘ਖਾੜਕੂ ਲਹਿਰਾਂ ਦੇ ਅੰਗ ਸੰਗ’ ਵਿਚ ਤਿਹਾੜ ਜੇਲ੍ਹ ‘ਚ ਜਾਣ ਬਾਰੇ ਉਸ ਦਾ ਬਿਰਤਾਂਤ:
1967 ਵਿਚ ਕਾਲਜਾਂ ਵਿਚ ਕਮਿਊਨਿਸਟਾਂ ਦਾ ਪ੍ਰਭਾਵ ਹੋਣ ਕਰਕੇ ਮੰਗਾਂ ਨੂੰ ਲੈ ਕੇ ਰੈਲੀਆਂ-ਮੁਜ਼ਾਹਰੇ ਹੁੰਦੇ ਸਨ। ਗੁਰੂ ਨਾਨਕ ਇੰਜੀਨੀਅਰ ਕਾਲਜ ਲੁਧਿਆਣਾ ਦੇ ਵਿਦਿਆਰਥੀ ਮੰਗਾਂ ਨੂੰ ਲੈ ਕੇ ਦਿੱਲੀ ਧਰਨਾ ਦੇਣ ਜਾਂਦੇ ਹਨ। ਉਨ੍ਹਾਂ ਦਾ ਆਗੂ ਕੌਣ ਹੈ ਪਤਾ ਨਹੀਂ? ਉਨ੍ਹਾਂ ਨੂੰ ਤੇ ਹੋਰਨਾਂ ਸੂਬਿਆਂ ਤੋਂ ਆਏ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਕੇ ਤਿਹਾੜ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਦੂਜੇ ਦਿਨ ਜਬਲਪੁਰ ਤੇ ਹੋਰ ਕਾਲਜਾਂ ਦੇ ਵਿਦਿਆਰਥੀ ਜੋ ਜਨਸੰਘੀਆਂ ਨਾਲ ਸਬੰਧਿਤ ਸਨ, ਜ਼ਮਾਨਤਾਂ ਕਰਵਾ ਕੇ ਦੌੜ ਗਏ। ਲੁਧਿਆਣਾ ਵਾਲੇ ਡਟੇ ਰਹੇ। ਜਬਲਪੁਰ ਕਾਲਜ ਦਾ ਵਿਦਿਆਰਥੀ ਸ਼ਰਦ ਯਾਦਵ ਜੋ ਸਮਾਜਵਾਦੀ ਲੋਹੀਆ ਗਰੁੱਪ ਨਾਲ ਸਬੰਧਤ ਸੀ। ਜੋ ਜਨਤਾ ਦਲ ਯੂਨਾਈਟਿਡ ਦੇ ਪ੍ਰਮੁੱਖ ਨੇਤਾ ਰਹੇ। ਇਨ੍ਹਾਂ ਦੇ ਹਮ-ਖਿਆਲੀ ਹੋਣ ਕਰਕੇ ਜਨਸੰਘੀਆਂ ਨਾਲ ਬਹਿਸਾਂ ਕਰਦੇ ਕਰਾਉਂਦੇ ਸਨ। ਇਕ ਦਿਨ ਜਨਸੰਘੀਆਂ ਨੇ ਸਾਡੇ ਕੋਲ ਮਾਓ ਦੀ ਲਾਲ ਕਿਤਾਬ ਹੋਣ ਦਾ ਦੋਸ਼ ਲਾਇਆ। ਜੇਲ੍ਹ ਅਥਾਰਟੀ ਵੱਲੋਂ ਜਾਮਾ-ਤਲਾਸ਼ੀ ਲੈ ਕੇ ਸਜ਼ਾ ਦੇਣ ਦੀ ਝੂਠੀ ਸ਼ਿਕਾਇਤ ਕੀਤੀ। ਪਹਿਲਾ ਨੁਕਤਾ ਸ਼ਰਦ ਯਾਦਵ ਦੀ ਜੀਵਨੀ ਤੋਂ ਪਤਾ ਲਗਦਾ ਹੈ ਕਿ ਉਹ ਪਹਿਲੀ ਵਾਰ 1970 ਵਿਚ ਪਟਨਾ ਵਿਖੇ ਗ੍ਰਿਫ਼ਤਾਰ ਹੋਏ। ਉਸ ਤੋਂ ਪਹਿਲਾਂ ਦਿੱਲੀ ਕਦੇ ਆਏ ਨਹੀਂ। ਦੂਜੀ ਗੱਲ ਮਾਓ ਦੀ ਲਾਲ ਕਿਤਾਬ 1967 ਵਿਚ ਅੰਗਰੇਜ਼ੀ ਵਿਚ ਪੀਕਿੰਗ ਤੋਂ ਪ੍ਰਕਾਸ਼ਿਤ ਹੁੰਦੀ ਹੈ, ਜੋ 1970 ਵਿਚ ਹਾਂਗਕਾਂਗ ਰਾਹੀਂ ਕਲਕੱਤੇ ਚੋਰੀ ਪਹੁੰਚਦੀ ਹੈ। ਫੇਰ ਜਨਸੰਘੀ ਵਿਦਿਆਰਥੀ ਲੀਡਰਾਂ ਨੂੰ ਕਿਥੇ ਪਤਾ ਲਗ ਗਿਆ ਸੀ? ਇਹ ਵੀ ਜਮਾਂਦਰੂ ਖਾੜਕੂ ਹੋਣ ਦੀ ਮਨਘੜਤ ਕਹਾਣੀ ਘੜੀ ਹੈ। (ਦਿੱਲੀ ਤਿਹਾੜ ਜੇਲ੍ਹ ਦੀ ਯਾਤਰਾ ਪੰਨਾ 51)
4. ਬਾਬਾ ਬੂਝਾ ਸਿੰਘ ਦਾ ਵਿਖਿਆਨ:
ਬਾਬਾ ਬੂਝਾ ਸਿੰਘ ਬਾਰੇ ਜਾਣਕਾਰੀ ਦਿੰਦਾ ਦਸਦਾ ਹੈ ਕਿ ਪਹਿਲਾਂ ਉਹ 1914/15 ਤੋਂ ਗਦਰ ਪਾਰਟੀ ਨਾਲ ਸਬੰਧਤ ਰਹੇ। ਫੇਰ ਸੋਵੀਅਤ ਯੂਨੀਅਨ ਰੂਸ ਵਿਚ ਮਾਰਕਸਵਾਦ ਲੈਨਿਨਵਾਦ ਦਾ ਅਧਿਐਨ ਕਰਨ ਤੋਂ ਬਾਅਦ ਤੀਹ-ਚਾਲੀ ਸਾਲ ਕਮਿਊਨਿਸਟ ਲਹਿਰ ਨਾਲ ਸਬੰਧਤ ਰਹੇ। 1969 ਵਿਚ ਕਾਲਜ ਦੇ ਹੋਸਟਲ ਵਿਚ ਮੀਟਿੰਗ ਕਰਨ ਆਏ। ਉਨ੍ਹਾਂ ਨਾਲ ਹਰਦਿਆਲ ਪੁੰਨੀ ਸੀ। ਜੋ ਬਾਬਾ ਜੀ ਦੇ ਬਿਰਧ ਹੋਣ ਕਰਕੇ ਹਮੇਸ਼ਾ ਨਾਲ ਰਹਿੰਦਾ ਸੀ। ਬਾਬਾ ਜੀ ਨੇ ਪਾਰਟੀ ਲਹਿਰ ਤੇ ਫ਼ਲਸਫ਼ੇ ਉਪਰ ਲੈਕਚਰ ਦੇ ਕੇ ਨਸ਼ਿਆਂ ਤੋਂ ਰਹਿਤ ਹੋਣ ਤੇ ਸਾਦੇ ਰਹਿਣ ਦੀਆਂ ਹਦਾਇਤਾਂ ਦਿੱਤੀਆਂ। ਬਸ ਮੀਟਿੰਗ ਖਤਮ ਹੋਣ ਤੋਂ ਬਾਅਦ ਪਗੜੀਧਾਰੀ ਹਰਦਿਆਲ ਪੁੰਨੀ ਬਾਹਰ ਆ ਕੇ ਸਿਗਰਟ ਪੀਣ ਲਗ ਪਿਆ। ਮੈਂ ਬੜਾ ਹੈਰਾਨ ਹੋਇਆ, ਕਾਮਰੇਡ ਸਿਗਰਟਾਂ ਪੀਅ ਰਹੇ ਸਨ। ਬਾਕੀ ਦਸਦਾ ਹੈ ਬਾਬਾ ਬੂਝਾ ਸਿੰਘ ਨੇ ਸਟਾਲਿਨ ਦੇ ਫਲਸਫੇ ਨੂੰ ਰਟਨ ਕਰ ਛੱਡਿਆ ਸੀ। ਦੂਜੀ ਵਾਰ ਮੀਟਿੰਗ ਵਿਚ ਮੈਂ ਬੂਝਾ ਸਿੰਘ ਨੂੰ ਲੈ ਕੇ ਆਇਆ। ਉਦੋਂ ਵੀ ਰਟਨ ਮੰਤਰ ਸੁਣਾ ਦਿੱਤਾ। ਹਰੇਕ ਮੀਟਿੰਗ ਵਿਚ ਉਹੀ ਰਟੇ-ਰਟਾਏ ਪ੍ਰਵਚਨ ਕਰਦਾ। ਹਮੇਸ਼ਾ ਸਟਾਲਿਨ ਦੇ ਫਲਸਫੇ ਦੀ ਕਿਤਾਬ ਕੋਲ ਰੱਖਦਾ ਸੀ। ਅਜਮੇਰ ਸਿੰਘ, ਬਾਬਾ ਬੂਝਾ ਸਿੰਘ ਨੂੰ ਬੂਝੜ ਦੱਸ ਕੇ ਨਿੰਦਾ ਕਰਨ ਤਕ ਚਲਿਆ ਜਾਂਦਾ ਹੈ। ਜਦੋਂਕਿ ਦਰਸ਼ਨ ਖਟਕੜ, ਬਾਬਾ ਬੂਝਾ ਸਿੰਘ ਨਾਲ ਅਨੇਕਾਂ ਵਾਰ ਮੀਟਿੰਗਾਂ ਕਰਕੇ ਦਸਦਾ ਹੈ ਕਿ ਬਾਬਾ ਬੂਝਾ ਸਿੰਘ ਨੂੰ ਕੌਮੀ-ਕੌਮਾਂਤਰੀ ਕਮਿਊਨਿਸਟ ਲਹਿਰਾਂ ਤੇ ਮਾਰਕਸਵਾਦੀ ਲੈਨਿਨਵਾਦੀ ਫ਼ਲਸਫ਼ੇ ਦਾ ਅਥਾਹ ਗਿਆਨ ਸੀ। ਉਹ ਸਧਾਰਨ ਬੋਲੀ ਵਿਚ ਗੁੰਝਲਦਾਰ ਫਲਸਫੇ ਨੂੰ ਸਮਝਾ ਦਿੰਦੇ ਸਨ। ਉਨ੍ਹਾਂ ਨੇ ਹੀ ਮੈਨੂੰ ਕਮਿਊਨਿਸਟ ਇਨਕਲਾਬੀ ਬਣਾਇਆ। ਉਹ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝਾਉਂਦਿਆਂ ਮਿਥਿਹਾਸ ਤੇ ਵਹਿਮ-ਭਰਮ ਦੂਰ ਕਰਦੇ ਸਨ। (ਪੜ੍ਹੋ ਦਰਸ਼ਨ ਖਟਕੜ ਦਾ ਲੇਖ ਬਾਬਾ ਬੂਝਾ ਸਿੰਘ ਦੀ ਕਿਤਾਬ ਲਿਖਾਰੀ ਅਜਮੇਰ ਸਿੱਧੂ ਨਵਾਂ ਸ਼ਹਿਰ) ਬਾਬਾ ਬੂਝਾ ਸਿੰਘ ਦੀ ਨਿੰਦਾ ਕਰਨ ਬਾਰੇ ਉਪਰੋਕਤ ਕਹਾਣੀ ਘੜੀ ਹੈ। ਬਾਬਾ ਜੀ ਨਾਲ ਹਰਦਿਆਲ ਸਿੰਘ ਪੁੰਨੀ ਨਹੀਂ ਸੀ। 1969 ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੀ ਡਿਊਟੀ ਵੀ ਹਿਮਾਚਲ ਪ੍ਰਦੇਸ਼ ਵਿਚ ਸੀ। ਬਾਬਾ ਬੂਝਾ ਸਿੰਘ ਦੀ ਸਹਾਇਤਾ ਲਈ ਉਨ੍ਹਾਂ ਦੇ ਸਹਿਯੋਗੀ ਦਰਸ਼ਨ ਸਿੰਘ ਦੁਸਾਂਝ ਤੇ ਸਰਬਜੀਤ ਦੁਸਾਂਝ ਵਾਰੋ-ਵਾਰੀ ਰਹਿੰਦੇ ਸਨ। ‘ਹਰਦਿਆਲ ਸਿੰਘ ਪੁੰਨੀ ਤੇ ਸੁਰਿੰਦਰ ਸਿੰਘ ਸ਼ੇਰੋਂ ਕਾਂਗੜਾ ਜ਼ਿਲ੍ਹੇ ਦੇ ਪਿੰਡ ਖਾਨਪੁਰ ਅਲੈੜੀਆ ਦੀ ਠਾਹਰ ਤੋਂ 11 ਜੂਨ 1969 ਨੂੰ ਗ੍ਰਿਫ਼ਤਾਰ ਕਰਕੇ 14 ਦਿਨ ਦੇ ਰਿਮਾਂਡ ਪਿਛੋਂ ਪੰਜਾਬ ਪੁਲਿਸ ਨੂੰ ਸੌਂਪ ਦਿਤੇ ਗਏ ਸੀ’ (ਤੁਰਦੇ ਪੈੜਾਂ ਦੀ ਦਾਸਤਾਨ ਪੰਨਾ 48 ਲੇਖ਼ਕ ਅਜਮੇਰ ਸਿੱਧੂ) ਇਹ ਅਖੌਤੀ ਜਮਾਂਦਰੂ ਇਨਕਲਾਬੀ ਹਰ ਥਾਂ ਝੂਠ ਮਾਰ ਕੇ ਆਪਣੇ ਆਪ ਨੂੰ ਸੋਲਾਂ ਕਲਾ ਸੰਪੂਰਨ ਸਿੱਧ ਕਰਨ ਦੀ ਜ਼ਿੱਦ ਕਰਦਾ ਹੈ।
5. ਹਥਿਆਰਬੰਦ ਹੋਣ ਦਾ ਢੰਕੌਜ: ਅਜਮੇਰ ਸਿੰਘ ਦਸਦੈ ਕਿ 1966/67 ਵਿਚ ਉਸ ਨੇ ਰਾਜਸਥਾਨ ਦੇ ਗੰਗਾਨਗਰ ਦੇ ਇੰਜਨੀਅਰ ਕਾਲਜ ਵਿਚ ਦਾਖਲਾ ਲੈ ਲਿਆ ਸੀ। 1965 ਦੀ ਭਾਰਤ-ਪਾਕਿਸਤਾਨ ਜੰਗ ਤੋਂ ਪ੍ਰਭਾਵਿਤ ਸੀ। ਐਨ.ਸੀ.ਸੀ. ਕੈਂਪ ਵਿਚ ਰਾਇਫਲ ਚਲਾਉਣ ਦੀ ਟ੍ਰੇਨਿੰਗ ਲੈਣ ਦੀ ਚਾਹਤ ਸੀ। ਗੰਗਾ ਨਗਰ ਵਿਚ ਟ੍ਰੇਨਿੰਗ ਲੈਣ ਲਈ ਅਰਜ਼ੀ ਦਿੱਤੀ, ਜੋ ਪ੍ਰਿੰਸੀਪਲ ਨੇ ਰੱਦ ਕਰ ਦਿੱਤੀ। (ਉਹੀ ਕਿਤਾਬ ਖੱਬੇ ਪੱਖੀ ਦੀਖਿਆ ਪੰਨੇ 48/49) ਉਸ ਉਪਰ ਬਹੁਤ ਗੁਸਾ ਆਇਆ। ਉਥੇ ਵੀ ਰੈਲੀ ਮੁਜ਼ਾਹਰੇ ਵਿਚ ਹਿੱਸਾ ਲਿਆ ਦਸਦਾ ਹੈ। ਅਸਲ ਵਿਚ ਉਹ ਆਵਦੇ ਖਾਲਿਸਤਾਨੀ ਖਾੜਕੂਆਂ ਨੂੰ ਕਾਇਲ ਕਰਨਾ ਚਾਹੁੰਦਾ ਹੈ ਕਿ ਉਹ ਚੰਦਰ ਸ਼ੇਖਰ ਆਜ਼ਾਦ ਵਾਂਗ ਹਰ ਵਕਤ ਡੱਬ ‘ਚ ਰਿਵਾਲਵਰ ਟੁੰਗ ਕੇ ਰਖਦਾ ਸੀ। ਕਹਿੰਦਾ ਚੜ੍ਹਦੀ ਜਵਾਨੀ ਵਿਚ ਹਥਿਆਰਾਂ ਦਾ ਰੋਮਾਂਸ ਹੁੰਦਾ ਹੈ। ਭਾਵ ਹਥਿਆਰਾਂ ਦੀ ਵਰਤੋਂ ਇਨਕਲਾਬੀ ਲਹਿਰ ਲਈ ਨਹੀਂ ਰੋਮਾਂਸ ਕਰਨ ਲਈ ਸੀ! ਜੇ ਹਥਿਆਰਾਂ ਦਾ ਇੰਨਾ ਸ਼ੌਂਕ ਸੀ, ਪਿਸਤੌਲ ਦਾ ਲਾਇਸੈਂਸ ਬਣਾ ਲੈਂਦਾ ਜਾਂ ਅਤਰਜੀਤ ਨਕਸਲੀ ਦੇ ਰਿਵਾਲਵਰ ਰਾਹੀਂ ਗੋਲੀਆਂ ਚਲਾਉਣੀਆਂ ਸਿੱਖ ਲੈਂਦਾ। ਆਵਦੀ ਹਿੰਡ ਪੁਗਾਉਣ ਲਈ ਦਸਦਾ ਹੈ ਕਿ ਹਰਭਜਨ ਸੋਹੀ ਦੀ ਜਨਤਕ ਲੀਹ ‘ਚ ਸ਼ਾਮਲ ਵੇਲੇ ਵੀ ਕਈ ਵਾਰ ਡੱਬ ‘ਚ ਪਿਸਤੌਲ ਰਖਦਾ ਸੀ। ਜਦਕਿ ਹਰਭਜਨ ਸੋਹੀ ਨੇ ਕਾਮਰੇਡ ਸ਼ੇਰੀ ਨੂੰ 1974 ਵਿਚ ਸ਼ਾਮਿਲ ਹੋਣ ਬਾਅਦ ਉਸ ਦਾ ਹਥਿਆਰ ਕਿਸੇ ਨਹਿਰ ਵਿਚ ਸੁਟਵਾ ਦਿੱਤਾ ਸੀ। ਉਜਾਗਰ ਮਹਿਮਦਪੁਰ ਹਥਿਆਰ ਵਾਪਸ ਕਰਨ ਲਈ ਸ਼ੇਰੀ ਉਪਰ ਦਬਾਅ ਪਾਉਂਦਾ ਸੀ। ਇਕ ਥਾਂ ਦਸਦਾ ਹੈ ਕਿ ਬਠਿੰਡਾ ਵਾਲਾ ਕਾਮਰੇਡ ਲਾਲਾ ਵੇਦ ਪ੍ਰਕਾਸ਼ ਸਾਨੂੰ ਕਾਲਜ ਵਿਚ ਗਰਨੇਡ ਬਣਾਉਣ ਦੀ ਟ੍ਰੇਨਿੰਗ ਦੇਣ ਆਇਆ ਸੀ। ਅਗੇ ਦਸਦਾ ਹੈ ਕਿ ਕਮਿਊਨਿਸਟ ਵਿਰੋਧੀ ਫ਼ਿਲਮ ਖ਼ਿਲਾਫ ਬਠਿੰਡਾ ਸੁਖਰਾਜ ਸਿਨੇਮੇ ਹਾਲ ਵਿਚ ਬੰਬ ਸੁਟਿਆ ਸੀ। ਫੇਰ ਬਾਅਦ ਵਿਚ ਲਾਲਾ ਵੇਦ ਪ੍ਰਕਾਸ਼ ਆਰੀਆ ਸਮਾਜੀ ਬਣ ਗਿਆ। ਇਹ ਨਿਰੋਲ ਝੂਠੀ ਕਹਾਣੀ ਘੜੀ ਹੈ। ਇਹ ਠੀਕ ਹੈ ਕਿ ਉਨ੍ਹਾਂ ਨੇ ਕਾਮਰੇਡ ਭੋਲਾ ਸਿੰਘ ਗੁਰੂਸਰ ਨੂੰ ਨਾਲ ਲੈ ਕੇ ਸਿਨੇਮੇ ਵਿਚ ਫੋਕੇ ਬੰਬ ਪਟਾਕੇ ਚਲਾ ਕੇ ਭਾਜੜਾਂ ਪਾਈਆਂ ਸਨ। ਉਹ ਅੰਤਿਮ ਦਮ ਤਕ ਸੀ.ਪੀ.ਆਈ. ਐਮ ਐਲ ਨਾਲ ਸਬੰਧਿਤ ਰਿਹਾ। ਉਹ ਕੋਈ ਬੰਬ ਬਣਾਉਣ ਦੀ ਟ੍ਰੇਨਿੰਗ ਦੇਣ ਨਹੀਂ ਗਿਆ ਤੇ ਨਾ ਆਰੀਆ ਸਮਾਜੀ ਬਣਿਆ। ਗੁਲਾਬ ਸਿੰਘ ਗੁਰੂਸਰ ਤੇ ਮੱਘਰ ਸਿੰਘ ਕੂਲਰੀਆ ਨਾਲ ਅਖੀਰ ਤਕ ਸਬੰਧ ਬਣੇ ਰਹੇ। ਇਹ ਸਿਰਫ ਕਾਮਰੇਡ ਵੇਦ ਪ੍ਰਕਾਸ਼ ਨੂੰ ਨਿੰਦਣ ਬਗੈਰ ਹੋਰ ਕੁੱਝ ਨਹੀਂ ਹੈ। ਕਾਮਰੇਡ ਵੇਦ ਪ੍ਰਕਾਸ਼ ਦੇ ਘਰ ਕਮਿਊਨਿਸਟ ਸਾਹਿਤ ਦੀ ਬਹੁਤ ਵੱਡੀ ਲਾਇਬਰੇਰੀ ਸੀ। ਹਰਭਜਨ ਸੋਹੀ ਹੋਰੀਂ ਵੀ ਉਸ ਕੋਲ ਜਾਂਦੇ ਰਹਿੰਦੇ ਸਨ। ਦੂਜਾ ਨੁਕਤਾ ਲੁਧਿਆਣਾ ਜ਼ਿਲ੍ਹਾ ਕਮੇਟੀ ਦਾ ਸਕੱਤਰ ਬਾਬੂ ਰਾਮ ਬੈਰਾਗੀ ਸੀ। ਉਹ ਸੂਬਾ ਜਥੇਬੰਦਕ ਕਮੇਟੀ ਦਾ ਵੀ ਮੈਂਬਰ ਸੀ। ਉਨ੍ਹਾਂ ਨੇ ਹਥਿਆਰਬੰਦ ਸਕੁਐਡ ਬਣਾਇਆ ਹੋਇਆ ਸੀ। ਜਰਨੈਲ ਅੱਚਰਵਾਲ, ਉਜਾਗਰ ਸਿੰਘ ਲਲਤੋਂ, ਛੋਟਾ ਸਿੰਘ ਸੁਲਤਾਨਪੁਰੀ, ਦਰਸ਼ਨ ਕੂਹਲੀ ਆਦਿ ਉਸ ਦੇ ਮੈਂਬਰ ਸਨ। ਉਨ੍ਹਾਂ ਕਦੇ ਕਿਸੇ ਵਿਦਿਆਰਥੀ ਨੂੰ ਹਥਿਆਰ ਨਹੀਂ ਦਿਤਾ ਨਾ ਅਜਮੇਰ ਤੇ ਹਰਭਜਨ ਹਲਵਾਰਵੀ ਨੂੰ ਕੋਈ ਤੋਪੜਾ ਸੰਭਾਲਿਆ! ਇਸ ਤੋਂ ਅਗੇ ਦਸਦਾ ਹੈ ਕਿ ਜਦੋਂ 24 ਫਰਵਰੀ 1969 ਨੂੰ ਇਹ ਪਿੰਡ ਕੁੱਕੜਾਂ ਵਿਚ ਗੁਰਦਿਆਲ ਪੰਜਾਬੀ ਕੋਲ ਗਿਆ। ਕਰਤਾਰ ਚੰਦ ਕੁਲੇਵਾਲ ਪੰਜਾਬ-ਹਿਮਾਚਲ ਸੂਬਾ ਕਮੇਟੀ ਦਾ ਵਧਿਆ ਪਲੈਨਿੰਮ ਬਲਾਉਣ ਦੀ ਤਿਆਰੀ ਕਰ ਰਿਹਾ ਸੀ। ਉਥੇ ਤਾਰਾ ਸਿੰਘ ਚਲਾਕੀ ਮਿਲਿਆ। ਉਸ ਨੇ ਸਾਨੂੰ ਰਾਇਫਲਾਂ ਲਿਆਉਣ ਲਈ ਕਿਸੇ ਪਿੰਡ ਵਿਚ ਜਾਣ ਲਈ ਕਿਹਾ। ਅਸੀਂ ਤਾਰਾ ਚਲਾਕੀ ਨਾਲ ਤਿੰਨ ਰਾਇਫਲਾਂ ਲੈ ਕੇ ਰਾਤ ਨੂੰ ਉਸ ਜੰਗਲ ਵਿਚ ਬਣੇ ਝੁੰਬੇ ਵਿਚ ਪਹੁੰਚ ਗਏ, (ਖਾੜਕੂ ਲਹਿਰਾਂ ਦੇ ਅੰਗ ਸੰਗ ਪੰਨਾ 106/107) ਜਿਥੇ ਸ਼ਾਮ ਨੂੰ ਮੀਟਿੰਗ ਸੀ। ਹਲਵਾਰਵੀ ਸਾਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਇਹ ਵੀ ਝੂਠ ਹੈ। ਪਹਿਲੀ ਗੱਲ ਕਿਸੇ ਅਣਜਾਣ ਕਾਮਰੇਡ ਨੂੰ ਬੰਦੂਕਾਂ ਲਿਆਉਣ ਲਈ ਨਾਲ ਲਿਜਾਣ ਦੀ ਗਲਤੀ ਤਾਰਾ ਸਿੰਘ ਚਲਾਕੀ ਨਹੀਂ ਕਰ ਸਕਦਾ। ਦੂਜੀ, ਚਲਾਕੀ ਨੇ ਸੱਤ ਮੈਂਬਰੀ ਹਥਿਆਰਬੰਦ ਗੁਰੀਲਾ ਸਕੁਐਡ ਬਣਾ ਕੇ ਰਖਿਆ ਹੋਇਆ ਸੀ, ਜਿਸ ਵਲੋਂ ਸੁਰੱਖਿਆ ਕੀਤੀ ਗਈ ਸੀ ਜੋ ਜੰਗਲੀ ਇਲਾਕੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਰਖਦੇ ਸੀ। ‘ਕਰਤਾਰ ਚੰਦ, ਬਖਸ਼ੀਸ਼ ਸਿੰਘ ਮੋਰਕਰੀਮਾ, ਮੇਜਰ ਸਿੰਘ, ਤੇਜਾ ਸਿੰਘ ਦੇਵ, ਚਮਨ ਬਹਿਬਲ ਪੁਰ, ਨਾਜ਼ਰ ਰਾਮ ਰਾਣਾ ਅਤੇ ਅਜੈਬ ਸਿੰਘ ਨੂੰ ਮਿਲਾ ਕੇ ਸੱਤ ਮੈਂਬਰੀ ਹਥਿਆਰਬੰਦ ਸਕੁਐਡ ਬਣਾਇਆ ਗਿਆ ਸੀ।’ (ਤੁਰਦੇ ਪੈਰਾਂ ਦੀ ਦਾਸਤਾਨ ਪੰਨਾ/69) ਅਜਮੇਰ ਸਿੰਘ ਵਲੋਂ ਬੰਦੂਕਾਂ ਲਿਆਉਣ ਦੀ ਝੂਠੀ ਕਥਾ ਨੂੰ ਉਪਰੋਕਤ ਠੋਸ ਤੱਥ ਠੁੱਸ ਕਰ ਦਿੰਦੇ ਹਨ। ਇਸ ਤੋਂ ਅਗੇ ਚੈਪਟਰ ਗਿਆਰਾਂ ਗ੍ਰਿਫਤਾਰੀ ਤੇ ਬੰਦਖਲਾਸੀ ਪੰਨਾ 136 ਤੋਂ 140 ਵਿਚ ਲੋਕ ਯੁੱਧ ਰਸਾਲਿਆਂ ਦਾ ਅਟੈਚੀ ਹਰਭਜਨ ਹਲਵਾਰਵੀ ਤੋਂ ਲੈ ਕੇ ਹੋਰ ਜਗ੍ਹਾ ਦੇਣ ਜਾਂਦਾ ਹੈ ‘ਜਦਂੋ ਬੱਸ ਢਿਲਵਾਂ ਤੋਂ ਬਿਆਸ ਦਰਿਆ ਦੇ ਪੁਲ ਕੋਲ ਨਾਕੇ ਉਤੇ ਪੁਲਿਸ ਵਲੋਂ ਰੋਕ ਕੇ ਸਵਾਰੀਆਂ ਦੀ ਤਲਾਸ਼ੀ ਲਈ ਗਈ ਤਾਂ ਅਜਮੇਰ ਸਿੰਘ ਦੇ ਅਟੈਚੀ ਵਿਚੋਂ ਲੋਕ ਯੁੱਧ ਦੇ ਪਰਚੇ ਬਰਾਮਦ ਹੁੰਦੇ ਹਨ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ, ਭੱਜਣ ਦੀ ਕੋਸ਼ਿਸ਼ ਕਰਦਾ ਹੈ। ਉਸ ਸਮੇਂ ਵੀ ਖਾੜਕੂ ਲਹਿਰਾਂ ਦੇ ਸੰਗੀ ਕੋਲ ਕੋਈ ਹਥਿਆਰ ਨਹੀਂ ਹੁੰਦਾ। ਇਹ ਘਟਨਾ 20 ਨਵੰਬਰ 1969 ਦੀ ਹੈ। ਫਿਰ ਇਸ ਉਪਰ ਕਪੂਰਥਲਾ ਪੁਲਿਸ ਵਲ ਝੂਠਾ ਵਕੂਹਾ ਬਣਾ ਕੇ ਮੋਟਰਸਾਈਕਲ ਉਤੇ ਦੋ ਸਵਾਰਾਂ ਨੂੰ ਫੜਨ ਬਾਰੇ ਖੁਦ ਦਸਦਾ ਹੈ। ਮੋਟਰਸਾਈਕਲ ਚਾਲਕ ਫਰਾਰ ਹੋ ਜਾਂਦਾ ਹੈ। ਅਜਮੇਰ ਸਿੰਘ ਉਪਰ ਲੋਕਯੁਧ ਅਟੈਚੀ ਦੇ ਨਾਲ ਇਕ ਪਿਸਤੌਲ ਪਾ ਦਿੰਦੇ ਹਨ ਤੇ ਅਸਲੇ ਦਾ ਕੇਸ ਪੰਜ ਦਸੰਬਰ ਨੂੰ ਪਾਉਂਦੇ ਹਨ। ਕਿਸੇ ਸਿਪਾਹੀ ਰਾਹੀਂ ਚਿੱਠੀ ਭੇਜ ਕੇ ਫਗਵਾੜੇ ਠਾਣੇ ਵਿਚ ਰੱਖੇ ਜਾਣ ਬਾਰੇ ਬਾਪੂ ਜੀ ਨੂੰ ਸੰਦੇਸ਼ ਦਿੰਦਾ ਹੈ। ਬਾਪੂ ਬੀਰ ਸਿੰਘ ਨਿਰਵੈਰ ਵਲੋਂ ਸੰਤ ਫਤਿਹ ਸਿੰਘ ਦੀ ਸਿਫਾਰਸ਼ ਲਗਾ ਕੇ ਛੁਡਾਉਣ ਦੀ ਕੋਸ਼ਿਸ਼ ਬੇਅਰਥ ਹੋ ਜਾਂਦੀ ਹੈ। ਇਕ ਵਾਰ ਫੇਰ ਬੱਬਰਾਂ ਦੀ ਨਕਲ ਕਰਦਾ ਕੱਛ ਵਿਚ ਹੈਂਡਗਰਨੇਡ ਲੈ ਕੇ ਦੀਨਾਨਗਰ ਨੇੜੇ ਕਿਸੇ ਪਿੰਡ ਵਿਚ ਮੀਟਿੰਗ ਕਰਵਾਉਣ ਜਾਂਦਾ ਹੈ। ਉਸ ਸਮੇਂ ਬੰਗਲਾਦੇਸ਼ ਅਜ਼ਾਦ ਕਰਵਾਉਣ ਲਈ ਭਾਰਤ ਦੀ ਪਾਕਿਸਤਾਨ ਨਾਲ 3 ਦਸੰਬਰ 1971 ਨੂੰ ਜੰਗ ਲਗ ਜਾਂਦੀ ਹੈ। ਪਿੰਡ ਨੂੰ ਜਾਂਦੀ ਸੜਕ ਉੱਤੇ ਫੌਜੀ ਟੈਂਟ ਲਗੇ ਹੁੰਦੇ ਹਨ। ਇਹ ਆਪਣੀ ਕੱਛ ਵਿਚ ਲੁਕੋਏ ਹੈਂਡ ਗਰਨੇਡ ਦੀ ਗੱਲ ਕਰਦਾ ਹੈ। ਇਕ ਚੌਕੀ ਉਤੇ ਤਾਇਨਾਤ ਫੌਜੀ ਸੈਨਿਕ ਪੁੱਛ-ਪੜਤਾਲ ਕਰਕੇ ਅਗੇ ਜਾਣ ਦੀ ਆਗਿਆ ਦਿੰਦਾ ਹੈ। ਉਸ ਦੀ ਕੋਈ ਤਲਾਸ਼ੀ ਨਹੀਂ ਲੈਂਦੇ। ਕੀ ਐਵੇਂ ਭੋਂਦੂ ਸਮਝ ਕੇ ਛੱਡ ਦਿੰਦੇ ਹਨ? ਇਹ ਵੀ ਝੂਠੀ ਕਹਾਣੀ ਘੜੀ ਹੈ। ਜੰਗ ਲੱਗਣ ਸਮੇਂ ਫੌਜੀ ਚੌਕੀ ਕੋਲ ਦੀ ਲੰਘਣ ਵਾਲੇ ਵਿਅਕਤੀ ਦੀ ਜਾਮਾ-ਤਲਾਸ਼ੀ ਲਾਜ਼ਮੀ ਲਈ ਜਾਂਦੀ ਹੈ। ਉਹ ਕੋਈ ਵੀ ਖਤਰਾ ਮੁੱਲ ਲੈਣਾ ਨਹੀਂ ਚਾਹੁੰਦੇ! ਇਹ ਵੀ ਦਸਦਾ ਉਥੇ ਫੌਜ ਦੇ ਜਨਰਲ ਮਾਣਕ ਸ਼ਾਹ ਨੇ ਆਉਣਾ ਸੀ। ਫੇਰ ਵੀ ਫੌਜੀ ਚੌਕੀ ਵਾਲੇ ਤਲਾਸ਼ੀ ਨਹੀਂ ਲੈਂਦੇ? (ਚੈਪਟਰ ਬੰਗਲਾਦੇਸ਼ ਦੀ ਸਥਾਪਨਾ ਪੰਨੇ 175 ਤੋਂ 179) ਇਸ ਤਰ੍ਹਾਂ ਆਪਣੇ ਚਹੇਤੇ ਖਾਲਿਸਤਾਨੀਆਂ ਉਤੇ ਹਥਿਆਰਬੰਦ ਖਾੜਕੂ ਹੋਣ ਦਾ ਪ੍ਰਭਾਵ ਪਾਉਣ ਦਾ ਯਤਨ ਕਰਦਾ ਹੈ। ਜਦੋਂ ਅਜਮੇਰ ਸਿੰਘ ਚੰਡੀਗੜ੍ਹ ਲਾਗੇ ਸਿਸਮਾ ਪਿੰਡ ਕੋਲ ਪੰਜ ਏਕੜ ਜ਼ਮੀਨ ਲੈ ਕੇ ਵਸੇਬਾ ਕਰਦਾ ਹੈ, ਉਸ ਸਮੇਂ ਇਸ ਦੇ ਸਬੰਧ ਖਾਲਿਸਤਾਨੀ ਖਾੜਕੂਆਂ ਨਾਲ ਸੀ। ਉਥੇ ਤਾ ਹਿਫ਼ਾਜ਼ਤ ਲਈ ਏ ਕੇ 47 ਰਖਦਾ ਹੀ ਹੋਊ! ਉਸ ਬਾਰੇ ‘ਖਾੜਕੂ’ ਸਾਹਿਬ ਕੁੱਝ ਨਹੀਂ ਦਸਦੇ? (ਚੈਪਟਰ ਮੈਂ ਇਤਫ਼ਾਕ ਨਾਲ ਬਚਿਆ ਪੰਨਾ 390)
ਭਾਗ 2 ਇਨਕਲਾਬ ਤੋਂ ਮੋਹ ਭੰਗ! ਤਿੱਤਰ ਬਟੇਰਿਆਂ ਦੇ ਸੰਗ!
ਪਾਰਟੀ ‘ਚ ਸ਼ਾਮਲ ਹੋਣ ਬਾਰੇ: ਅਜਮੇਰ ਸਿੰਘ 1965 ਤੋਂ 70 ਤੱਕ ਪਹਿਲਾਂ ਆਪਣੇ ਆਪ ਨੂੰ ਸਿੱਖ ਵਿਚਾਰਧਾਰਾ ਨਾਲ ਫੇਰ ਮਾਓਵਾਦੀ ਨਕਸਲੀ ਵਿਚਾਰਧਾਰਾ ਨਾਲ ਲੈਸ ਹੋ ਕੇ ਪਾਰਟੀ ‘ਚ ਸ਼ਾਮਲ ਹੋਣ ਦਾ ਦਾਅਵਾ ਫਰਵਰੀ 1969 ਵਿਚ (ਚੈਪਟਰ ਪੜ੍ਹਾਈ ਅਲਵਿਦਾ ਪੰਨਾ 101) ਕਰਦਾ ਹੈ। ਪਰ ਉਹ ਪਾਰਟੀ ਦੀਆਂ ਪੰਜਾਬ ਪੱਧਰੀ ਮੀਟਿੰਗਾਂ ਤੇ ਕਾਨਫਰੰਸਾਂ ਵਿਚ ਸ਼ਾਮਿਲ ਹੋਣ ਦੇ ਫੋਕੇ ਦਾਅਵੇ ਕਰਦਾ ਹੈ। ਅਸਲ ਵਿਚ ਇਹ ਨਕਸਲੀ ਗੁਰੀਲਾ ਸਕੁਐਡ ਵਲੋਂ ਪੁਲਸ ਕੋਲੋਂ ਛੁਡਵਾਉਣ ਤੋਂ ਬਾਅਦ ਪੰਜਾਬ ਹਿਮਾਚਲ ਸੂਬਾ ਕਮੇਟੀ ਵਿਚ ਮਜਬੂਰੀ ਵਸ ਸ਼ਾਮਲ ਹੋਇਆ ਸੀ। ਇਸ ਬਾਰੇ ਉਹ ਅਨੇਕਾਂ ਵਾਰ ਅਫ਼ਸੋਸ ਕਰਦਾ ਹੈ। ਜੇਕਰ ਉਹ ਪਾਰਟੀ ਵਿਚ ਖਿੜ੍ਹੇ-ਮੱਥੇ ਸੋਚ-ਸਮਝ ਕੇ ਸ਼ਾਮਲ ਹੋਇਆ ਹੁੰਦਾ ਤਾਂ ਉਸ ਬਾਰੇ ਵਿਸਥਾਰ ਵਿਚ ਜ਼ਿਕਰ ਕਰਦਾ। ਉਹ ਕਿਤੇ ਜ਼ਿਕਰ ਨਹੀਂ ਕਰਦਾ ਕਿ ਉਹ ਕਿਸ ਜ਼ਿਲ੍ਹੇ ਦੀ ਇਲਾਕਾ, ਸ਼ਹਿਰੀ ਜਾਂ ਜ਼ਿਲ੍ਹਾ ਕਮੇਟੀ ਦਾ ਮੈਂਬਰ ਸੀ? ਕੀ ਉਹ ਐਡਾ ਕਾਬਲ ਸੀ ਕਿ ਉਸਨੂੰ ਸਟੇਟ ਕਮੇਟੀ ਦੀਆਂ ਮੀਟਿੰਗਾਂ ਤੇ ਸਰਗਰਮੀਆਂ ਵਿਚ ਸ਼ਾਮਿਲ ਕਰ ਲਿਆ ਸੀ? ਅਜਮੇਰ ਸਿੰਘ ਲੁਧਿਆਣਾ ਜ਼ਿਲ੍ਹਾ ਕਮੇਟੀ ਅਧੀਨ ਕਿਸੇ ਹੇਠਲੀ ਕਮੇਟੀ ਦਾ ਮੈਂਬਰ ਨਹੀਂ ਰਿਹਾ। ਸਿਧਾ ਹਿਮਾਚਲ ਦੇ ਪਹਾੜੀ ਖੇਤਰ ਵਿਚ ਜਾ ਕੇ ਸਰਗਰਮ ਹੋਣ ਦੇ ਫੋਕੇ ਦਾਅਵੇ ਕਰਦਾ ਹੈ! ਉਹ ਨਵੀਆਂ ਵਾਟਾਂ ਚੈਪਟਰ ਵਿਚ ਦਸਦਾ ਹੈ ਕਿ ਹਰਭਜਨ ਹਲਵਾਰਵੀ ਰਾਹੀਂ ਬਲਦੇਵ ਸੰਘੋਲ ਨੂੰ ਮਿਲਿਆ। ਉਸ ਨੇ ਅਗੇ ਕਰਤਾਰ ਚੰਦ ਕੁਲੇਵਾਲ ਨੂੰ ਮੈਨੂੰ ਤੇ ਕੁਲਦੀਪ ਨੂੰ ਮਿਲਾ ਦਿੱਤਾ। ਅਗਂੋ ਕਰਤਾਰ ਬਾਈ ਨੇ ਦੋ ਦਿਨਾਂ ਵਿਚ ਇਲਾਕੇ ਦੇ ਕਨਟੈਕਟਾਂ ਤੋਂ ਜਾਣੂ ਕਰਵਾ ਦਿੱਤਾ। ਨਵੇਂ ਭਰਤੀ ਹੋਏ ਮੈਂਬਰਾਂ ਨੂੰ ਭਲਾ ਕਰਤਾਰ ਕਾਮਰੇਡ ਗੁਪਤ ਪਾਰਟੀ ਹੋਣ ਕਰਕੇ ਕਿਵੇਂ ਮਿਲਾ ਸਕਦਾ ਹੈ? ਅਗੇ ਦਸਦਾ ਹੈ ਕਿ ਪਾਰਟੀ ‘ਚ ਫੁਟ ਪੈਣ ਕਰਕੇ ਨਵੀਂ ਬਣ ਰਹੀ ਸੂਬਾ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਇਆ। ਜੰਗਲ ਵਿਚ ਵੱਡੀ ਛੰਨ ‘ਚ ਮੀਟਿੰਗ ਰਖੀ ਸੀ। ਜਿਥੇ ਵੱਖ-ਵੱਖ ਜ਼ਿਲ੍ਹਾ ਜਥੇਬੰਦੀਆਂ ਦੇ ਸਾਥੀ ਪਹੁੰਚੇ ਹੋਏ ਸਨ। ਉਨ੍ਹਾਂ ਕੋਲ ਬੰਦੂਕਾਂ ਵੇਖ ਕੇ ਹਰਭਜਨ ਹਲਵਾਰਵੀ ਬਹੁਤ ਖੁਸ਼ ਹੁੰਦਾ ਹੈ। ‘ਬਾਹਰੋਂ ਆਏ ਸਾਥੀਆਂ ਨੇ ਸੂਬਾ ਕਮੇਟੀ ਉਪਰ ਆਪਣੀ ਭੜਾਸ ਕੱਢੀ। ਜਲੰਧਰ ਦੇ ਸਾਥੀਆਂ ਨੇ ਬਾਬਾ ਬੂਝਾ ਸਿੰਘ ਤੇ ਕਾਮਰੇਡ ਗੰਧਰਵ ਸੈਨ ਉਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਦੋਸ਼ ਲਾਉਣ ਵਾਲਿਆਂ ਵਿਚ ਦਰਸ਼ਨ ਦੁਸਾਂਝ ਸੀ।’ (ਵੱਖਰੇ ਧੜੇ ਦੀ ਸਥਾਪਨਾ ਪੰਨੇ 107/108) ਇਥੇ ਅਜਮੇਰ ਸਿੰਘ ਨੇ ਬਿਲਕੁਲ ਝੂਠ ਦਾ ਪੁਲੰਦਾ ਪੇਸ਼ ਕੀਤਾ ਹੈ। ਉਹ ਅਸਲ ਵਿਚ ਮੀਟਿੰਗ ਵਿਚ ਸ਼ਾਮਲ ਨਹੀਂ ਸੀ। ਇਹ ਵੀ ਦਸਦਾ ਹੈ ਕਿ ਹਿਮਾਚਲ ਵਿਚੋਂ ਕੋਈ ਸਾਥੀ ਨਹੀਂ ਪਹੁੰਚੇ। ਹੋਰਨਾਂ ਜ਼ਿਲਿ੍ਹਆਂ ਦੇ ਇਕ-ਦੋ ਸਾਥੀ ਸਨ। ਸੰਗਰੂਰ ਵਿਚੋਂ ਹਾਕਮ ਸਮਾਓਂ ਤੇ ਦਲੀਪ ਕਾਮਰੇਡ ਪਹੁੰਚੇ। ਲੁਧਿਆਣਾ ਦੀ ਸਭ ਤੋਂ ਵੱਧ ਗਿਣਤੀ ਦਸਦਾ ਹੈ। ਅਸਲ ਸੱਚਾਈ ਠੋਸ ਤੱਥਾਂ ਤਰਕਾਂ ਸਮੇਤ ‘ਤੁਰਦੇ ਪੈਰਾਂ ਦੀ ਦਾਸਤਾਨ’ ਵਿਚ ਇੳਂੁ ਦਰਜ ਹੈ ‘ਪੰਜਾਬ ਹਿਮਾਚਲ ਸੂਬਾ ਕਮੇਟੀ ਦੀ ਸਥਾਪਨਾ 25 ਫਰਵਰੀ 1970 ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਹਿਦੂਦ ਨੇੜੇ ਗੜ੍ਹਸ਼ੰਕਰ ਵਿਖੇ ਬਾਬੂ ਰਾਮ ਵੈਰਾਗੀ, ਬਲਦੇਵ ਸਿੰਘ ਸੰਘੋਲ, ਹਾਕਮ ਸਿੰਘ ਸਮਾਓਂ ਤੇ ਅਮਰ ਸਿੰਘ ਅੱਚਰਵਾਲ ਦੀ ਅਗਵਾਈ ਹੇਠ ਪਲੈਨਿੰਮ ਬੁਲਾਇਆ ਗਿਆ ਸੀ। ਇਸ ਦੀ ਤਿਆਰੀ ਲਈ ਕਰਤਾਰ ਚੰਦ ਕੁਲੇਵਾਲ ਦੀ ਡਿਊਟੀ ਲਗਾਈ। ਉਸ ਨੇ ਹੁਸ਼ਿਆਰਪੁਰ ਕਮੇਟੀ ਨਾਲ ਮਿਲ ਕੇ ਤਿਆਰੀ ਆਰੰਭ ਕੀਤੀ। ਗੁਰਦਿਆਲ ਪੰਜਾਬੀ ਪਿੰਡ ਕੁੱਕੜਾਂਵਾਲ ਦੇ ਸਹਿਯੋਗ ਨਾਲ ਮੀਟਿੰਗ ਉਸ ਦੀ ਭੈਣ ਤੇ ਭਣਵਈਏ ਵਲੋਂ ਜੰਗਲ ਵਿਚ ਖਰੀਦੀ ਜ਼ਮੀਨ ਵਿਚ ਰੱਖੀ ਗਈ ਸੀ। ਉਥੇ ਰਿਹਾਇਸ਼ ਤੇ ਖਾਣ-ਪੀਣ ਦਾ ਪ੍ਰਬੰਧ ਗੁਰਦਿਆਲ ਪੰਜਾਬੀ ਦੇ ਪਰਿਵਾਰ ਨੇ ਕੀਤਾ ਸੀ। ਜ਼ਮੀਨ ਵਿਚ ਲੰਮੀ-ਚੌੜੀ ਛੰਨ ਸੀ। ਜਿਸ ਵਿਚ ਪਲੈਨਿੰਮ ਦੀ ਕਾਰਵਾਈ ਦੌਰਾਨ ਤੇ ਉਸ ਤੋਂ ਪਹਿਲਾਂ ਬਾਬੂ ਰਾਮ ਵੈਰਾਗੀ ਨੇ ਥਾਣਾ ਚਮਕੌਰ ਸਾਹਿਬ ਦਾ ਐਕਸ਼ਨ ਫੇਲ੍ਹ ਹੋਣ ਕਰਕੇ ਬਾਬਾ ਬੂਝਾ ਸਿੰਘ ਤੇ ਗੰਧਰਵ ਸੈਨ ਉਪਰ ਗੰਭੀਰ ਦੋਸ਼ ਲਾਏ। ਉਨ੍ਹਾਂ ਨੂੰ ਸੀ.ਆਈ.ਏ. ਦੇ ਏਜੰਟ ਬਣਾ ਧਰਿਆ ਸੀ। ਇਹ ਮਤਾ ਜ਼ਿਲ੍ਹਾ ਲੁਧਿਆਣਾ ਦੀ ਕਮੇਟੀ ਵਲੋਂ ਸੀ ਨਾ ਕਿ ਜਲੰਧਰ ਦੇ ਸਾਥੀਆਂ ਵਲੋਂ। ਉਥੇ ਦਰਸ਼ਨ ਦੁਸਾਂਝ ਗਿਆ ਹੀ ਨਹੀਂ ਸੀ। ਦਰਸ਼ਨ ਖਟਕੜ ਹਾਜ਼ਰ ਸੀ। ਸੂਬਾ ਕਮੇਟੀ ਨੂੰ ਨਿਕੰਮੀ ਦਸਿਆ ਤੇ ਜਨਰਲ ਸਕੱਤਰ ਦਿਆ ਸਿੰਘ ਨੂੰ ਵੀ ਲਪੇਟ ਲਿਆ। ਕੁਲ 35 ਨੁਮਾਇੰਦੇ ਸਨ। ਹਿਮਾਚਲ ਦੇ ਨੁਮਾਇੰਦੇ ਵੀ ਸ਼ਾਮਿਲ ਸਨ। ਮੀਟਿੰਗ ਵਿਚ ਵੱਖਰੀ ਪੰਜਾਬ ਹਿਮਾਚਲ ਸੂਬਾ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਹਾਕਮ ਸਿੰਘ ਸਮਾਓਂ ਨੂੰ ਸੂਬਾ ਸਕੱਤਰ ਚੁਣਿਆ ਗਿਆ। ਬਲਦੇਵ ਸਿੰਘ ਸੰਘੋਲ, ਦਰਸ਼ਨ ਖਟਕੜ, ਬਾਬੂ ਰਾਮ ਵੈਰਾਗੀ (ਯਾਦ ਰਹੇ ਸਤੰਬਰ ਦੀ ਮੀਟਿੰਗ ਵਿਚ ਬਾਬੂ ਰਾਮ ਵੈਰਾਗੀ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਸ ਵਲੋਂ ਲਗਾਏ ਦੋਸ਼ ਗਲਤ ਪਾਏ ਗਏ ਤੇ ਉਹ ਭੰਨ-ਤੋੜ ਕਰਨ ਦਾ ਦੋਸ਼ੀ ਸਾਬਤ ਹੋਇਆ ਸੀ) ਪ੍ਰਿਥੀਪਾਲ ਸਿੰਘ ਸੱਪਲ ਸੂਬਾ ਕਮੇਟੀ ਮੈਂਬਰ ਚੁਣੇ ਗਏ। (ਤੁਰਦੇ ਪੈਰਾਂ ਦੀ ਦਾਸਤਾਨ ਪੰਨੇ 55,56,57 ) ਸੋ ਅਜਮੇਰ ਸਿੰਘ ਇਸ ਪਲੈਨਿੰਮ ਵਿਚ ਸ਼ਾਮਲ ਨਹੀਂ ਸੀ।
ਅ. ਵੈਰੋਕੇ ਸੂਬਾ ਇਜਲਾਸ:
ਅਜਮੇਰ ਸਿੰਘ ਵੈਰੋਕੇ ਸੂਬਾ ਇਜਲਾਸ ਵਿਚ ਸ਼ਾਮਲ ਹੋਣ ਦਾ ਦਾਅਵਾ ਕਰਦਾ ਹੈ ਜਦੋਂ ਇਸ ਨੂੰ ਕਿਸੇ ਪਾਰਟੀ ਕਮੇਟੀ ਕਾਨਫਰੰਸ ਨੇ ਇਜਲਾਸ ਵਿਚ ਜਾਣ ਲਈ ਡੈਲੀਗੇਟ ਨਹੀਂ ਚੁਣਿਆ ਸੀ। ਬਸ ਫੇਰ ਹਰਭਜਨ ਹਲਵਾਰਵੀ ਨੇ ਹਾਕਮ ਸਮਾਓਂ ਤੇ ਬਲਦੇਵ ਸੰਘੋਲ ਨੂੰ ਮਿਲਾ ਦਿੱਤਾ, ਉਨ੍ਹਾਂ ਨੂੰ ਇਸ ‘ਮਹਾਨ ਖਾੜਕੂ’ ਨੂੰ 10 ਅਕਤੂਬਰ ਨੂੰ ਵੈਰੋਕੇ ਸੂਬਾ ਇਜਲਾਸ ਵਿਚ ਸੱਦਾ ਦਿਤਾ ਸੀ। (ਪੰਨੇ 132/133) ਐਵਂੇ ਲੰਮੇ-ਚੌੜੇ ਹਵਾਲੇ ਪੇਸ਼ ਕਰਕੇ ਆਪਣੇ ਆਪ ਨੂੰ ਕਦਾਵਰ ਨੇਤਾ ਪੇਸ਼ ਕਰਨ ਵਿਚ ਲਗਿਆ ਹੋਇਆ ਹੈ। ‘ਤੁਰਦੇ ਤੁਰਦੇ ਪੈਰਾਂ ਦੀ ਦਾਸਤਾਨ’ ਪੰਨਾ 65 ਉਤੇ ਦਰਜ ਹੈ ਕਿ ‘10 ਅਕਤੂਬਰ 1970 ਵਿਚ ਸੀਪੀਆਈ ਐਮ ਐਲ ਪੰਜਾਬ ਹਿਮਾਚਲ ਸੂਬਾ ਕਮੇਟੀ ਵਲੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵੈਰੋਵਾਲਵਿਚ ਇਜਲਾਸ ਕੀਤਾ। ਇਜਲਾਸ ਦੀ ਕਾਰਵਾਈ ਹਾਕਮ ਸਿੰਘ ਸਮਾਓਂ ਨੇ ਚਲਾਈ, ਜੋ ਇਕ ਦਿਨ, ਦੋ ਰਾਤਾਂ ਚਲਿਆ। ਆਖਿਰ ਸੂਬਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਹਾਕਮ ਸਮਾਓਂ, ਬਲਦੇਵ ਸੰਘੋਲ, ਦਰਸ਼ਨ ਕੂਹਲੀ, ਤਾਰਾ ਸਿੰਘ ਚਲਾਕੀ, ਜਗਦੇਵ, ਧਨਵੀਰ ਰਹਿਪਾ, ਬਖਸ਼ੀਸ਼ ਸਿੰਘ ਮੋਰਕਰੀਮਾ, ਮਾਸਟਰ ਗੁਰਮੇਲ, ਦਰਸ਼ਨ ਖਟਕੜ, ਅਤੇ ਹਰਭਜਨ ਹਲਵਾਰਵੀ ਨੂੰ ਚੁਣਿਆ ਗਿਆ। ਹਾਕਮ ਸਿੰਘ ਸਮਾਓਂ ਨੂੰ ਸੂਬਾ ਜਨਰਲ ਸਕੱਤਰ ਚੁਣਿਆ ਗਿਆ’। ਜੇਕਰ ਅਜਮੇਰ ਸਿੰਘ ਇਜਲਾਸ ਵਿਚ ਸ਼ਾਮਲ ਸੀ ਉਹ ਕਿਸ ਕਮੇਟੀ ਕਾਨਫਰੰਸ ਵਲੋਂ ਡੈਲੀਗੇਟ ਚੁਣਿਆ ਗਿਆ ਸੀ? ਦੂਜਾ ਉਸ ਨੂੰ ਹਾਜ਼ਰ ਚੁਣੇ ਗਏ ਪੰਜਾਬ ਹਿਮਾਚਲ ਸੂਬਾ ਕਮੇਟੀ ਮੈਂਬਰ ਦੇ ਨਾਵਾਂ ਬਾਰੇ ਵੀ ਪਤਾ ਨਹੀਂ। ਦਰਸ਼ਨ ਕੂਹਲੀ ਦਾ ਕਿਤੇ ਜ਼ਿਕਰ ਨਹੀਂ ਕਰਦਾ ਜੋ ਲੁਧਿਆਣਾ ਜ਼ਿਲ੍ਹੇ ਦਾ ਸੀ। ਅਜਮੇਰ ਸਿੰਘ ਵੀ ਲੁਧਿਆਣਾ ਜ਼ਿਲ੍ਹਾ ਕਮੇਟੀ ਨਾਲ ਸਬੰਧਤ ਸੀ। ਸੋ ਇਹ ਵੀ ਝੂਠੀ ਕਹਾਣੀ ਪੇਸ਼ ਕੀਤੀ ਹੈ।
ੲ. ਗ੍ਰਿਫਤਾਰੀ ਤੇ ਪੁਲਿਸ ਤੋਂ ਛੁਡਾਉਣ ਬਾਰੇ:
20 ਨਵੰਬਰ ਨੂੰ ਢਿਲਵਾਂ ਪਿੰਡ ਤੋਂ ਅਗੇ ਬਿਆਸ ਪੁਲ ਉਤੇ ਨਾਕਾ ਲਗਿਆ ਸੀ। ਬਸ ਦੀ ਤਲਾਸ਼ੀ ਲੈਣ ਸਮੇਂ ਉਸ ਦੇ ਅਟੈਚੀ ਵਿਚੋਂ ਲੋਕ ਯੁੱਧ ਪਾਰਟੀ ਪਰਚੇ ਬਰਾਮਦ ਹੁੰਦੇ ਹਨ ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਥੇ ਐਵੇਂ ਅੱਖ ਬਚਾ ਕੇ ਪੁਲਿਸੀਆਂ ਤੋਂ ਭਜਣ ਦੀ ਕਹਾਣੀ ਘੜ ਲੈਂਦਾ ਹੈ। ਅਜਮੇਰ ਸਿੰਘ ਨੂੰ ਕਪੂਰਥਲਾ ਥਾਣੇ ਲੈ ਜਾਂਦੇ ਹਨ, ਫੇਰ ਫਗਵਾੜਾ ਠਾਣੇ ਲਿਜਾਇਆ ਜਾਂਦਾ ਹੈ। ਇਸ ਤਰ੍ਹਾਂ ਉਸ ਕੋਲੋਂ ਕਾਮਰੇਡਾਂ ਦੇ ਨਾਵਾਂ ਦੀ ਪਰਚੀ ਫੜੀ ਜਾਂਦੀ ਹੈ। ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰਕੇ ਪੁਛਗਿੱਛ ਹੁੰਦੀ ਹੈ। ਹਰਭਜਨ ਹਲਵਾਰਵੀ ਪੰਜਾਬ ਹਿਮਾਚਲ ਸੂਬਾ ਕਮੇਟੀ ਵਲੋਂ ਪ੍ਰਕਾਸ਼ਿਤ ਲੋਕ ਯੁੱਧ ਪਰਚੇ ਦਾ ਸੰਪਾਦਕ ਹੁੰਦਾ ਹੈ। ਉਸਨੂੰ 1974 ਤਕ ਲੋਕ ਯੁੱਧ ਦਾ ਸੰਪਾਦਕ ਬਣਿਆ ਦਸਦਾ ਹੈ। ਜਦੋਂ ਕਿ ਹਲਵਾਰਵੀ 1971 ਵਿਚ ਨਾਗੀਰੈਡੀ ਗਰੁੱਪ ਵਿਚ ਸ਼ਾਮਿਲ ਹੁੰਦਾ ਹੈ। 1976 ਵਿਚ ਪੇਸ਼ ਹੋ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ‘ਚ ਦਾਖਲਾ ਲੈਂਦਾ ਹੈ। ਅਜਮੇਰ ਸਿੰਘ ਗੁਰੀਲੇ ਨੂੰ ਅੰਮ੍ਰਿਤਸਰ ਇੰਟੈਰੋਗੇਸ਼ਨ ਸੈਂਟਰ ਵਿਚ ਭੇਜ ਦਿੰਦੇ ਹਨ। ਉਥੇ ਵੀ ਇਸ ਨੂੰ ਅੰਮ੍ਰਿਤਧਾਰੀ ਗੁਰਸਿੱਖ ਸਿਪਾਹੀ ਮਿਲ ਜਾਂਦਾ ਹੈ। ਜੋ ਅੰਮ੍ਰਿਤ ਵੇਲੇ ਡਿਊਟੀ ਉੱਤੇ ਆਉਂਦਾ ਹੈ। ਉਸ ਨਾਲ ਲਿਹਾਜ਼ ਪਾਉਂਦਾ ਹੈ। ਉਹ ਇਸ ਨੂੰ ਆਖਰੀ ਦਿਨ ਜਾਣ ਵੇਲੇ ਅੰਮ੍ਰਿਤ ਵੇਲੇ ਚਾਹ-ਪਰੌਂਠੇ ਲਿਆ ਕੇ ਖਵਾਉਂਦਾ ਹੈ। ਜਦੋਂ ਕਿ ਇਸ ਨੂੰ ਸ਼ਾਮ ਨੂੰ ਚਾਰ ਕੁ ਵਜੇ ਕਪੂਰਥਲਾ ਪੁਲਿਸ ਥਾਣੇ ਵਲ ਰਵਾਨਾ ਕੀਤਾ ਜਾਂਦਾ ਹੈ। ਇਹ ਸਿੱਖ ਸਿਪਾਹੀ ਦਾ ਵੀ ਐਵੇਂ ਤੋਪਾ ਭਰਿਆ ਹੈ। ਅਗੇ ਸ਼ਾਮ 4 ਵਜੇ ਅੰਮ੍ਰਿਤਸਰ ਬਸ ਸਟੈਂਡ ਉੱਤੇ ਗੁਰੀਲਾ ਸਕੁਐਡ ਗੁਰਬਖਸ਼ੀਸ਼ ਦੀ ਅਗਵਾਈ ਹੇਠ ਇਨ੍ਹਾਂ ਦੇ ਨਾਲ ਬਸ ਵਿਚ ਸਵਾਰ ਹੁੰਦਾ ਹੈ। ਕਿਸੇ ਸੁਨੀ ਥਾਂ ‘ਤੇ ਇਕ ਸਿਪਾਹੀ ਨੂੰ ਮਾਰ ਦਿੰਦੇ ਹਨ ਤੇ ਦੂਜਾ ਫਰਾਰ ਹੋ ਜਾਂਦਾ ਹੈ। ਆਪਹੁਦਰਾ ਗਰੀਲਾ ਸਕੁਐਡ ਅਜਮੇਰ ਸਿੰਘ ‘ਖਾੜਕੂ’ ਨੂੰ ਛੁਡਾ ਕੇ ਲੈ ਜਾਂਦਾ ਹੈ। ਸਿਪਾਹੀ ਦੇ ਬਗੈਰ ਸਹਿਮਤੀ ਦੇ ਮਾਰੇ ਜਾਣ ਅਤੇ ਛੁਡਾਉਣ ਉਤੇ ਅਜਮੇਰ ਸਿੰਘ ਦਾ ਗਿਲਾ ਕਰਨਾ ਜਾਇਜ਼ ਹੈ। ਇਹ ਬਿਲਕੁਲ ਮਾਅਰਕੇਬਾਜ਼ ਆਪ-ਹੁਦਰਾਪਣ ਤੇ ਗ਼ਲਤ ਕਾਰਵਾਈ ਸੀ। 8 ਤੋਂ 14 ਦਸੰਬਰ 1970 ਤਕ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਵਿਖੇ ਰਿਹਾ। 14 ਦਸੰਬਰ ਨੂੰ ਵਾਪਸ ਕਪੂਰਥਲਾ ਠਾਣੇ ਦੇ ਦੋ ਸਿਪਾਹੀ ਲੈਣ ਆਏ ਸੀ। ਇਡੇ ਵੱਡੇ ‘ਖਤਰਨਾਕ’ ਖਾੜਕੂ ਨੂੰ ਬਗੈਰ ਹਥਿਆਰਾਂ ਤੋਂ ਬਸ ‘ਚ ਲਿਆਉਂਦੇ/ਲਿਜਾਂਦੇ ਸਨ! ਇਹ ਵੀ ਹੈਰਾਨੀਜਨਕ ਹੈ!
ਸ. ਪੰਜਾਬ ਹਿਮਾਚਲ ਸੂਬਾ ਕਮੇਟੀ ਵਿਚ ਫੁੱਟ:
ਅਸਲ ਵਿਚ ਗੋਬਿੰਦਰ ਸਿੰਘ ਖਾੜਕੂ ਉਰਫ ਅਜਮੇਰ ਸਿੰਘ 14 ਦਸੰਬਰ 1970 ਤੋਂ ਬਾਅਦ ਕੁੱਲਵਕਤੀ ਮਫਰੂਰ ਪਾਰਟੀ ‘ਚ ਸ਼ਾਮਲ ਹੋਇਆ ਸੀ। ਫੇਰ ਵੀ ਉਹ ਕਿਸੇ ਕਮੇਟੀ ਦਾ ਮੈਂਬਰ ਨਹੀਂ ਲਿਆ ਗਿਆ। ਉਸ ਤੋਂ ਪਹਿਲਾਂ ਪੰਜਾਬ ਹਿਮਾਚਲ ਸੂਬਾ ਕਮੇਟੀ ਦੋਫਾੜ ਹੋ ਚੁੱਕੀ ਸੀ। ਫੁਟ ਦਾ ਮੁੱਖ ਕਾਰਨ- ਕੁੱਝ ਸੂਬਾ ਕਮੇਟੀ ਮੈਂਬਰਾਂ ਦਾ ਮੰਨਣਾ ਸੀ ਕਿ ਬਗੈਰ ਬੁਨਿਆਦੀ ਕਾਰਨਾਂ ਤੋਂ ਫੁਟ ਪਾ ਕੇ ਵੱਖ ਹੋਣਾ ਗਲਤ ਕਾਰਵਾਈ ਸੀ। ਸੋ ਗਲਤੀਆਂ ਪ੍ਰਵਾਨ ਕਰਕੇ ਸੀਪੀਆਈ (ਐਮ ਐਲ) ਅਰਥਾਤ ਮਾਂ ਪਾਰਟੀ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਕੇਂਦਰੀ ਕਮੇਟੀ ਨੂੰ ਮਿਲਣਾ ਚਾਹੀਦਾ ਹੈ। ਉਸ ਸਮੇਂ ਕੇਂਦਰੀ ਕਮੇਟੀ ਮੈਂਬਰ ਸਤਿਆ ਨਰਾਇਣ ਸਿੰਹ ਦੀ ਬਿਹਾਰ ਕਮੇਟੀ ਤੇ ਯੂਪੀ ਦੀ ਵਿਨੋਦ ਕੁਮਾਰ ਮਿਸ਼ਰਾ ਦੀ ਸੂਬਾ ਕਮੇਟੀ ਨੇ ਜਨਰਲ ਸਕੱਤਰ ਚਾਰੂ ਮਜੂਮਦਾਰ ਦੀ ਕੇਂਦਰੀ ਕਮੇਟੀ ਨਾਲੋਂ ਵੱਖ ਹੋ ਕੇ ਬਣਾਉਟੀ ਸੀਪੀਆਈ (ਐਮ ਐਲ) ਕੇਂਦਰੀ ਕਮੇਟੀ ਬਣਾ ਲਈ ਸੀ। ਬਲਦੇਵ ਸੰਘੋਲ ਦੀ ਡਿਊਟੀ ਸਤਿਆ ਨਰਾਇਣ ਧੜੇ ਨਾਲ ਗੱਲਬਾਤ ਕਰਨ ਲਈ ਲਗਾਈ। ਉਸ ਤੋਂ ਪਹਿਲਾਂ ਮਹਿੰਦਰ ਸਿੰਘ ਯੂ.ਪੀ. ਸੂਬਾ ਕਮੇਟੀ ਮੈਂਬਰ ਬਲਦੇਵ ਹੋਰਾਂ ਨੂੰ ਮਿਲ ਚੁਕਿਆ ਸੀ। ਬਲਦੇਵ ਸੰਘੋਲ ਗੱਲਬਾਤ ਕਰਨ ਗਿਆ। ਸਤਿਆ ਨਰੈਣ ਧੜੇ ਨਾਲ ਸਹਿਮਤ ਹੋ ਕੇ ਕੇਂਦਰੀ ਕਮੇਟੀ ਦਾ ਮੈਂਬਰ ਬਣ ਕੇ ਆਇਆ। ਪੰਜਾਬ ਹਿਮਾਚਲ ਸੂਬਾ ਕਮੇਟੀ ਦੀ ਵਧਵੀ ਮੀਟਿੰਗ ਬੁਲਾਈ ਗਈ ਜਿਸ ਵਿਚ ਅਜਮੇਰ ਸਿੰਘ ਵੀ ਸ਼ਾਮਲ ਸੀ। ਬਲਦੇਵ ਸੰਘੋਲ ਨੇ ਕਿਹਾ ਕਿ ਸਤਿਆ ਨਰਾਇਣ ਹੋਰੀਂ ਠੀਕ ਤੇ ਚਾਰੂ ਮਜੂਮਦਾਰ ਕੇਂਦਰੀ ਕਮੇਟੀ ਵਾਲੇ ਗ਼ਲਤ ਹਨ। ਉਹ ਜਨਤਕ ਲੀਹ ਨੂੰ ਨਹੀਂ ਮੰਨਦੇ। ਜਮਾਤੀ ਦੁਸ਼ਮਣ ਦੇ ਸਫਾਏ ਦੀ ਲੀਹ ਚਲਾ ਰਹੇ ਹਨ। ਉਨ੍ਹਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਉਪਰ ਹਰਭਜਨ ਹਲਵਾਰਵੀ ਤੇ ਹੋਰਾਂ ਕਾਮਰੇਡਾਂ ਨੇ ਸਖ਼ਤ ਇਤਰਾਜ਼ ਕੀਤਾ ਤੇ 12 ਮੈਂਬਰ ਵੱਖ ਹੋ ਗਏ, ਉਨ੍ਹਾਂ ਵਿਚ ਅਜਮੇਰ ਸਿੰਘ ਵੀ ਸ਼ਾਮਲ ਸੀ। ਪਹਿਲੀ ਮੀਟਿੰਗ ‘ਜਨਵਰੀ 1971 ਦੇ ਅਖੀਰ ਵਿਚ ਪਿੰਡ ਕੋਟ ਜ਼ਿਲ੍ਹਾ ਅੰਮ੍ਰਿਤਸਰ ਸੂਬਾ ਕਮੇਟੀ ਦੀ ਹੋਈ ਸੀ। ਇਸ ਤੋਂ ਪਹਿਲਾਂ ਹਾਕਮ ਸਮਾਓਂ ਤੇ ਦਰਸ਼ਨ ਖਟਕੜ ਨੂੰ ਹਿਮਾਚਲ ਦੇ ਇਕ ਪਿੰਡ ਕੋਲੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਪੰਜਾਬ ਪੁਲਿਸ ਨੂੰ ਸੌਂਪ ਦਿਤਾ। ਬਾਬੂ ਰਾਮ ਵੈਰਾਗੀ ਨੂੰ ਗੰਭੀਰ ਦੋਸ਼ਾਂ ਤਹਿਤ ਕੱਢ ਦਿੱਤਾ ਗਿਆ। ਬਲਦੇਵ ਸੰਘੋਲ ਨੂੰ ਸੂਬਾ ਸਕੱਤਰ ਚੁਣ ਲਿਆ। ਇਸ ਮੀਟਿੰਗ ਵਿਚ ਏਕਤਾ ਕਰਨ ਬਾਰੇ ਵਿਚਾਰ ਕੇ ਬਲਦੇਵ ਸੰਘੋਲ ਦੀ ਡਿਊਟੀ ਲਗਾਈ ਗਈ। 7/8 ਨਵੰਬਰ 1971 ਨੂੰ ਮਹਿੰਦਰ ਸਿੰਘ ਯੂਪੀ ਸੂਬਾ ਕਮੇਟੀ ਮੈਂਬਰ ਪੰਜਾਬ ਆਇਆ, ਉਸ ਨੇ ਪੰਜਾਬ ਹਿਮਾਚਲ ਸੂਬਾ ਕਮੇਟੀ ਨਾਲ ਗੱਲਬਾਤ ਕਰਕੇ ਪਾਰਟੀ ‘ਚ ਫੁਟ ਪੈਣ ਬਾਰੇ ਦੱਸਿਆ ਤੇ ਸਤਿਆ ਨਰਾਇਣ ਨੂੰ ਮਿਲਣ ਬਾਰੇ ਕਿਹਾ। ਬਲਦੇਵ ਸਿੰਘ ਸੰਘੋਲ ਸਕੱਤਰ ਮਿਲਣ ਗਿਆ ਕੇਂਦਰ ਕਮੇਟੀ ਮੈਂਬਰ ਬਣ ਕੇ ਵਾਪਸ ਆਇਆ। (ਤੁਰਦੇ ਪੈਰਾਂ ਦੀ ਦਾਸਤਾਨ ਪੰਨੇ 75 ਤੋਂ 77) ਪੰਜਾਬ ਹਿਮਾਚਲ ਸੂਬਾ ਕਮੇਟੀ ਦੀ ਅਗਲੀ ਮੀਟਿੰਗ ਵਿਚ ਇਸ ਪੱਖ ਨੂੰ ਲੈ ਕੇ ਫੁਟ ਪੈ ਗਈ। (ਹਰਭਜਨ ਹਲਵਾਰਵੀ ਧਨਵੀਰ ਸਿੰਘ ਧੰਨੀ, ਸੁਰਿੰਦਰ ਕੁਮਾਰ ਤਿਵਾੜੀ, ਰਾਮ ਕਿਸ਼ਨ ਕਿਸੂ, ਸੇਵਕ ਸਿੰਘ, ਮੇਜਰ ਸਿੰਘ ਦੌਲਤਪੁਰ ਲੁਧਿਆਣਾ, ਅਜਮੇਰ ਸਿੰਘ, ਕਰਤਾਰ ਚੰਦ ਕੁਲੇਵਾਲ, ਅਜੈਬ ਸਿੰਘ, ਸੁਰਜੀਤ ਸਿੰਘ, ਤਰਸੇਮ ਲਾਲ, ਚਮਨ ਫੌਜੀ, ਸੁੱਚਾ ਸਿੰਘ ਬਹਿਬਲਪੁਰ ਪਾਰਟੀ ਛੱਡ ਗਏ। (ਉਹੀ ਕਿਤਾਬ ਪੰਨਾ 78) ਉਨ੍ਹਾਂ ਆਪਣਾ ਵੱਖਰਾ ਗਰੁੱਪ ਬਣਾ ਲਿਆ ਤੇ ਜਲਦ ਹਰਭਜਨ ਸੋਹੀ ਹੋਰਾਂ ਦੀ ਬਠਿੰਡਾ ਫਿਰੋਜ਼ਪੁਰ ਕਮੇਟੀ ਵਿਚ ਸ਼ਾਮਲ ਹੋ ਗਏ। ਸੁਰਜੀਤ ਕਲੋਆ ਵੀ ਇਨ੍ਹਾਂ ਦੇ ਨਾਲ ਸਨ। ਅਜਮੇਰ ਸਿੰਘ 14 ਦਸੰਬਰ 1970 ਤੋਂ ਲੈ ਕੇ ਜਨਵਰੀ 1971 ਤਕ ਪੰਜਾਬ ਹਿਮਾਚਲ ਸੂਬਾ ਕਮੇਟੀ ਵਿਚ ਰਹੇ। ਉਸ ਵਕਤ ਨਕਸਲਬਾੜੀ ਗੁਰੀਲਾ ਸਕੁਐਡ ਵਲੋਂ ਦਸ-ਪੰਦਰਾਂ ਐਕਸ਼ਨ ਕੀਤੇ ਗਏ ਸਨ। ਹਰਭਜਨ ਸੋਹੀ ਗਰੁੱਪ ਵਿਚ ਸ਼ਾਮਿਲ ਹੋਣ ਬਾਅਦ 12 ਸਾਲਾਂ ਵਿਚ ਕੋਈ ਖਾੜਕੂ ਕਾਰਨਾਮਾ ਨਹੀਂ ਕੀਤਾ। ਆਰਥਕਵਾਦੀ ਜਨਤਕ ਲੀਹ ਦਾ ਜੁਝਾਰੂ ਬਣ ਗਿਆ ਸੀ। ਆਰਥਿਕਵਾਦ ਨੂੰ ਉਹ ਖੁਦ ਗਲਤ ਦਸਦੇ ਹੋਏ ਹਰਭਜਨ ਸੋਹੀ ਨੂੰ ਭੰਡਦਿਆਂ 1982 ਵਿਚ ਅਜਮੇਰ ਸਿੰਘ, ਮੇਘਰਾਜ ਰਾਮਪੁਰਾ, ਸ਼ਮਸ਼ੇਰ ਸਿੰਘ ਸ਼ੇਰੀ ਵੱਖ ਹੋ ਗਏ ਸਨ। ਉਨ੍ਹਾਂ ਨੇ ਇਕ ਵੱਖਰਾ ਗਰੁੱਪ ਖੜ੍ਹਾ ਕਰ ਲਿਆ। ਜਨਤਕ ਜਥੇਬੰਦੀਆਂ, ਵਿਦਿਆਰਥੀ ਯੂਨੀਅਨ ਤੇ ਬਿਜਲੀ ਇੰਪਲਾਈ ਯੂਨੀਅਨ ਆਦਿ ਇਨ੍ਹਾਂ ਦੇ ਹੱਥ ਲੱਗ ਗਈਆਂ ਸਨ। 1982 ਤੱਕ ਹਰਭਜਨ ਸੋਹੀ/ਠਾਣਾ ਨਾਗੀਰੈਡੀ ਗਰੁੱਪ ਖੇਰੂੰ-ਖੇਰੂੰ ਹੋ ਚੁਕਿਆ ਸੀ। ਪਰਚੰਡ ਮੈਗਜ਼ੀਨ ਵਿਚ ਨਾਗੀਰੈਡੀ ਹਰਭਜਨ-ਠਾਣਾ ਗਰੁੱਪ ਤੇ ਅਜਮੇਰ ਗਰੁੱਪ ਦੀ ਵਿਚਾਰਧਾਰਕ ਰਾਜਨੀਤਕ ਗਲਤ ਲੀਹ ਦੀ ਲਗਾਤਾਰ ਆਲੋਚਨਾ ਕੀਤੀ ਗਈ ਸੀ।