ਅਨਿਲ ਜੈਨ (ਸੀਨੀਅਰ ਪੱਤਰਕਾਰ)
ਸੀਨੀਅਰ ਪੱਤਰਕਾਰ ਅਨਿਲ ਜੈਨ ਆਪਣੇ ਹਫਤਾਵਾਰੀ ਕਾਲਮ ਵਿਚ ਵੱਖ-ਵੱਖ ਰਾਜਾਂ ਦੀ ਰਾਜਨੀਤੀ ‘ਤੇ ਗੱਲ ਕਰ ਰਹੇ ਹਨ। ਨਾਲ ਹੀ ਉਸ ਨਫ਼ਰਤੀ ਰਾਜਨੀਤੀ ਦੀ ਨਬਜ਼ ‘ਤੇ ਹੱਥ ਰੱਖ ਰਹੇ ਹਨ ਜਿਸ ਵਿਚ ਹੁਣ ਹਰ ਛੋਟਾ-ਵੱਡਾ ਨੇਤਾ ਖੁੱਲ੍ਹ ਕੇ ਕਹਿਣ ਲੱਗਾ ਹੈ ਕਿ ‘ਸਾਨੂੰ ਮੁਸਲਮਾਨ ਦਾ ਵੋਟ ਨਹੀਂ ਚਾਹੀਦਾ’ ਜਾਂ ‘ਸਾਨੂੰ ਮੁਸਲਮਾਨ ਨੇ ਵੋਟ ਨਹੀਂ ਦਿੱਤਾ’ ਜਾਂ ‘ਅਸੀਂ ਮੁਸਲਮਾਨ ਦਾ ਕੰਮ ਨਹੀਂ ਕਰਾਂਗੇ।’
ਬੰਗਾਲ ਵਿਚ ਸਭ ਕੁਝ ਖੁੱਲ੍ਹਾ ਖੇਲ
ਸਭ ਨੂੰ ਪਤਾ ਹੈ ਕਿ ਪੱਛਮੀ ਬੰਗਾਲ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘੀ ਸੁਧਾਈ SIR ਕਿਵੇਂ ਹੋਈ। ਚੋਣ ਕਮਿਸ਼ਨ ਨੇ Sੀ੍ਰ ਦੇ ਨਾਂ ‘ਤੇ ਕਰੀਬ 91 ਲੱਖ ਨਾਂ ਕੱਟ ਦਿੱਤੇ। ਇਨ੍ਹਾਂ ਵਿਚ 27 ਲੱਖ 10 ਹਜ਼ਾਰ ਅਜਿਹੇ ਲੋਕ ਹਨ, ਜੋ ਜਿੰLਦਾ ਹਨ, ਬੰਗਾਲ ਵਿਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਜ਼ਰੂਰੀ ਦਸਤਾਵੇਜ਼ ਵੀ ਹਨ, ਪਰ ਤਾਰਕਿਕ ਅਸੰਗਤੀ ਦੇ ਨਾਂ ‘ਤੇ ਉਨ੍ਹਾਂ ਦੇ ਵੀ ਨਾਂ ਹਟਾਏ ਗਏ, ਜਿਸ ਕਰਕੇ ਉਹ ਵੋਟ ਨਾ ਪਾ ਸਕੇ। ਇਸ ਤਰ੍ਹਾਂ ਦਾ ਪੱਖਪਾਤੀ SIR ਜਿਸ ਵਿਅਕਤੀ ਦੀ ਨਿਗਰਾਨੀ ਵਿਚ ਹੋਇਆ, ਉਸ ਸੁਬਰਤ ਗੁਪਤਾ ਨੂੰ ਚੋਣ ਖਤਮ ਹੁੰਦੇ ਹੀ ਰਾਜ ਵਿਚ ਨਵੀਂ ਬਣੀ ਭਾਜਪਾ ਸਰਕਾਰ ਦਾ ਸਲਾਹਕਾਰ ਬਣਾ ਦਿੱਤਾ ਗਿਆ। ਸੁਬਰਤ ਗੁਪਤਾ ਨੂੰ ਪੱਛਮੀ ਬੰਗਾਲ ਵਿਚ SIR ਦੀ ਨਿਗਰਾਨੀ ਲਈ ਵਿਸ਼ੇਸ਼ ਸੁਪਰਵਾਈਜ਼ਰ ਬਣਾਇਆ ਗਿਆ ਸੀ। ਇਹੀ ਨਹੀਂ, ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਮਨੋਜ ਅਗਰਵਾਲ ਨੂੰ ਰਾਜ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਮਨੋਜ ਅਗਰਵਾਲ ਦੀ ਅਗਵਾਈ ਵਿਚ ਹੀ SIR ਦੀ ਪ੍ਰਕਿਰਿਆ, ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਪੂਰੀ ਚੋਣ ਪ੍ਰਕਿਰਿਆ ਸੰਪੰਨ ਹੋਈ।
ਇਹ ਸਮਝਣਾ ਮੁਸ਼ਕਲ ਨਹੀਂ ਕਿ ਇਨ੍ਹਾਂ ਦੋਵਾਂ ਨਿਯੁਕਤੀਆਂ ਰਾਹੀਂ ਭਾਜਪਾ ਨੇ ਕੀ ਸੁਨੇਹਾ ਦਿੱਤਾ ਹੈ। ਭਾਜਪਾ ਨੇ ਦੱਸ ਦਿੱਤਾ ਹੈ ਕਿ ਸਿਆਸਤ ਵਿਚ ਲੋਕ-ਲਾਜ ਨਾਲ ਉਸਦਾ ਕੋਈ ਸੰਬੰਧ ਨਹੀਂ ਹੈ। ਦੂਜਾ ਸੁਨੇਹਾ ਰਾਜ ਦੀ ਸਾਰੀ ਨੌਕਰਸ਼ਾਹੀ ਨੂੰ ਹੈ ਕਿ ਭਾਜਪਾ ਕਿਸੇ ਨੂੰ ਕੁਝ ਵੀ ਦੇ ਸਕਦੀ ਹੈ। ਇਹ ਸੁਨੇਹਾ ਸਧਾਰਨ ਨਹੀਂ ਹੈ। ਜ਼ਿਆਦਾਤਰ ਅਧਿਕਾਰੀ ਉਂਝ ਵੀ ਚੰਗਾ ਅਹੁਦਾ ਹਾਸਲ ਕਰਨ ਲਈ ਕੁਝ ਵੀ ਸਮਝੌਤਾ ਕਰਨ ਨੂੰ ਤਿਆਰ ਰਹਿੰਦੇ ਹਨ। ਮੁੱਖ ਮੰਤਰੀ ਬਣਾਏ ਗਏ ਸ਼ੁਭੇਂਦੂ ਅਧਿਕਾਰੀ ਨੂੰ ਤਾਂ ਪਹਿਲਾਂ ਕੈਮਰੇ ‘ਤੇ ਰਿਸ਼ਵਤ ਲੈਂਦੇ ਹੋਏ ਸਾਰੇ ਦੇਸ਼ ਨੇ ਵੇਖਿਆ ਹੀ ਸੀ।
ਪਰਜੀਵੀ ਹੋਣ ਵਿਚ ਭਾਜਪਾ ਅਤੇ ਕਾਂਗਰਸ ਦਾ ਅੰਤਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਪਰਜੀਵੀ ਪਾਰਟੀ ਕਿਹਾ ਹੈ। ਉਸਨੇ ਇਹ ਗੱਲ ਪਿਛਲੇ ਹਫਤੇ ਦੱਖਣ ਭਾਰਤ ਦੇ ਦੌਰੇ ‘ਤੇ ਉਸ ਸਮੇਂ ਕਹੀ, ਜਦੋਂ ਤਾਮਿਲਨਾਡੂ ਵਿਚ ਨਵੀਂ ਸਰਕਾਰ ਸਹੁੰ ਚੁੱਕ ਰਹੀ ਸੀ ਅਤੇ ਮੰਚ ‘ਤੇ ਮੁੱਖ ਮੰਤਰੀ ਵਿਜੈ ਦੇ ਨਾਲ ਰਾਹੁਲ ਗਾਂਧੀ ਵੀ ਮੌਜੂਦ ਸਨ। ਮੋਦੀ ਦਾ ਕਾਂਗਰਸ ਨੂੰ ਪਰਜੀਵੀ ਕਹਿਣਾ ਇੱਕ ਪੱਧਰ ‘ਤੇ ਸਹੀ ਹੈ। ਹਾਲਾਂਕਿ ਅਜੇ ਜਿਨ੍ਹਾਂ ਤਿੰਨ ਰਾਜਾਂ- ਕਰਨਾਟਕ, ਤੇਲੰਗਾਨਾ ਅਤੇ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਹੈ, ਉਹ ਸਰਕਾਰ ਉਸਨੇ ਆਪਣੇ ਦਮ ‘ਤੇ ਬਣਾਈ ਹੈ। ਚੌਥਾ ਰਾਜ ਕੇਰਲ ਹੈ, ਜਿੱਥੇ ਕਾਂਗਰਸ ਦੀ ਸਰਕਾਰ ਬਣ ਰਹੀ ਹੈ। ਉੱਥੇ ਜ਼ਰੂਰ ਕਾਂਗਰਸ ਇੱਕ ਖੇਤਰੀ ਪਾਰਟੀ ਨਾਲ ਮਿਲ ਕੇ ਲੜੀ। ਜੇ ਦੂਜੀਆਂ ਪਾਰਟੀਆਂ ‘ਤੇ ਕਾਂਗਰਸ ਦੀ ਨਿਰਭਰਤਾ ਦੀ ਗੱਲ ਕਰੀਏ ਤਾਂ ਬਿਹਾਰ, ਉੱਤਰ ਪ੍ਰਦੇਸ਼ ਵਰਗੇ ਕੁਝ ਰਾਜ ਹਨ, ਜਿੱਥੇ ਕਾਂਗਰਸ ਨਿਰਭਰ ਹੈ, ਪਰ ਜ਼ਿਆਦਾਤਰ ਰਾਜਾਂ ਵਿਚ ਕਾਂਗਰਸ ਇਕੱਲੀ ਹੀ ਸਿਆਸਤ ਕਰਦੀ ਹੈ।
ਕੁਝ ਰਾਜ ਅਜਿਹੇ ਵੀ ਹਨ, ਜਿੱਥੇ ਕਾਂਗਰਸ ਗੱਠਜੋੜ ਵਿਚ ਹੈ ਪਰ ਉਸਦੀ ਤਾਕਤ ਵੀ ਘੱਟ ਨਹੀਂ ਹੈ ਅਤੇ ਉੱਥੇ ਗੱਠਜੋੜ ਨਾ ਹੋਣ ਨਾਲ ਖੇਤਰੀ ਪਾਰਟੀਆਂ ਨੂੰ ਨੁਕਸਾਨ ਹੋ ਸਕਦਾ ਹੈ। ਖ਼ੈਰ, ਇੱਕ ਸਮਾਂ ਅਜਿਹਾ ਵੀ ਰਿਹਾ ਹੈ ਜਦੋਂ ਕੁਝ ਰਾਜਾਂ ਨੂੰ ਛੱਡ ਦੇਈਏ ਤਾਂ ਭਾਜਪਾ ਵੀ ਹਰ ਥਾਂ ਗੱਠਜੋੜ ਦੇ ਸਹਾਰੇ ਹੀ ਚੱਲਦੀ ਰਹੀ ਹੈ। ਅਟਲ ਬਿਹਾਰੀ ਵਾਜਪਾਈ ਨੇ ਛੇ ਸਾਲ ਆਪਣੀ ਸਰਕਾਰ ਕਰੀਬ 25 ਪਾਰਟੀਆਂ ਦੇ ਸਹਾਰੇ ਹੀ ਚਲਾਈ ਸੀ ਅਤੇ ਇਸ ਸਮੇਂ ਮੋਦੀ ਸਰਕਾਰ ਵੀ ਕਈ ਪਾਰਟੀਆਂ ਦੇ ਗੱਠਜੋੜ ਦੇ ਸਹਾਰੇ ਹੀ ਚੱਲ ਰਹੀ ਹੈ।
ਹੁਣ ਜੇ ਕਾਂਗਰਸ ਅਤੇ ਭਾਜਪਾ ਦੇ ਫ਼ਰਕ ਦੀ ਗੱਲ ਕਰਾਂਗੇ ਤਾਂ ਉਹ ਵੀ ਸਾਫ਼ ਦਿਖਾਈ ਦੇਵੇਗਾ। ਕਾਂਗਰਸ ਜਿਨ੍ਹਾਂ ਪਾਰਟੀਆਂ ਦੇ ਨਾਲ ਰਹੀ, ਉਨ੍ਹਾਂ ਵਿਚੋਂ ਜ਼ਿਆਦਾਤਰ ਅੱਜ ਵੀ ਮਜ਼ਬੂਤ ਸਥਿਤੀ ਵਿਚ ਹਨ। ਦੂਜੇ ਪਾਸੇ ਭਾਜਪਾ ਜਿਨ੍ਹਾਂ ਪਾਰਟੀਆਂ ਦੇ ਨਾਲ ਰਹੀ, ਉਹ ਅੱਜ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹਨ।
ਮੁਸਲਮਾਨਾਂ ਨਾਲ ਨਫ਼ਰਤ ਕਰਨਾ ਹੁਣ ਫੈਸ਼ਨ ਬਣ ਗਿਆ
ਕਿਸੇ ਵੀ ਚੋਣ ਵਿਚ ਭਾਜਪਾ ਦੀ ਜਿੱਤ ਵਿਚ ਹਿੰਦੂ-ਮੁਸਲਮਾਨ ਦਾ ਮੁੱਦਾ ਮੁੱਖ ਕਾਰਕ ਹੁੰਦਾ ਹੈ, ਇਸ ਲਈ ਉਸਦਾ ਕੋਈ ਵੀ ਨੇਤਾ ਨਫ਼ਰਤੀ ਭਾਸ਼ਣ ਤੋਂ ਪਰਹੇਜ਼ ਨਹੀਂ ਕਰਦਾ, ਪਰ ਹੁਣ ਇੱਕ ਨਵਾਂ ਫੈਸ਼ਨ ਦੇਖਣ ਨੂੰ ਮਿਲ ਰਿਹਾ ਹੈ। ਛੋਟੇ ਤੋਂ ਲੈ ਕੇ ਵੱਡੇ ਨੇਤਾ ਤੱਕ ਖੁੱਲ੍ਹ ਕੇ ਕਹਿਣ ਲੱਗੇ ਹਨ ਕਿ ‘ਸਾਨੂੰ ਮੁਸਲਮਾਨ ਦਾ ਵੋਟ ਨਹੀਂ ਚਾਹੀਦਾ’ ਜਾਂ ‘ਸਾਨੂੰ ਮੁਸਲਮਾਨ ਨੇ ਵੋਟ ਨਹੀਂ ਦਿੱਤਾ’ ਜਾਂ ‘ਅਸੀਂ ਮੁਸਲਮਾਨ ਦਾ ਕੰਮ ਨਹੀਂ ਕਰਾਂਗੇ।’ ਪਹਿਲਾਂ ਇਸ ਤਰ੍ਹਾਂ ਦੇ ਬਿਆਨ ਨਹੀਂ ਦਿੱਤੇ ਜਾਂਦੇ ਸਨ। ਚੋਣ ਵਿਚ ਉਮੀਦਵਾਰ ਹਰ ਜਾਤੀ, ਭਾਈਚਾਰੇ ਦੇ ਲੋਕਾਂ ਤੋਂ ਵੋਟ ਮੰਗਦੇ ਸਨ ਅਤੇ ਚੋਣ ਤੋਂ ਬਾਅਦ ਸਭ ਦਾ ਕੰਮ ਕਰਨ ਦਾ ਸੰਕਲਪ ਕਰਦੇ ਸਨ। ਹਾਲਾਂਕਿ ਉਹ ਦਿਖਾਵਾ ਹੀ ਹੁੰਦਾ ਸੀ ਪਰ ਹੁਣ ਧਰੁਵੀਕਰਨ ਦੀ ਸਿਆਸਤ ਅਜਿਹੇ ਮੁਕਾਮ ‘ਤੇ ਪਹੁੰਚ ਗਈ ਹੈ, ਜਿੱਥੇ ਇਸ ਤਰ੍ਹਾਂ ਦੇ ਦਿਖਾਵੇ ਨੂੰ ਵੀ ਜ਼ਰੂਰੀ ਨਹੀਂ ਸਮਝਿਆ ਜਾ ਰਿਹਾ।
ਹੈਰਾਨੀ ਦੀ ਗੱਲ ਹੈ ਕਿ ਇਸ ਕਿਸਮ ਦੇ ਬਿਆਨ ਦੇਣ ਵਾਲੇ ਨੇਤਾਵਾਂ ਖ਼ਿਲਾਫ਼ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਕੋਈ ਕਾਰਵਾਈ ਨਹੀਂ ਕਰਦੀ। ਪੱਛਮੀ ਬੰਗਾਲ ਦੀ ਚੋਣ ਵਿਚ ਇਹ ਗੱਲ ਰਾਜ ਦੇ ਉਸ ਵੱਡੇ ਨੇਤਾ ਨੇ ਕਹੀ, ਜੋ ਮੁੱਖ ਮੰਤਰੀ ਬਣਿਆ। ਉਸ ਨੇ ਵਾਰ-ਵਾਰ ਕਿਹਾ ਕਿ ਹਿੰਦੂ ਬੂਥਾਂ ‘ਤੇ ਹੀ ਉਨ੍ਹਾਂ ਨੂੰ ਵੋਟ ਮਿਲੇ ਹਨ ਅਤੇ ਨਤੀਜਿਆਂ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਮੁਸਲਮਾਨਾਂ ਦਾ ਕੰਮ ਨਹੀਂ ਕਰਨਗੇ। ਉਨ੍ਹਾਂ ਦੀ ਦੇਖਾ-ਦੇਖੀ ਹੁਣ ਬੰਗਾਲ ਦੇ ਹੀ ਦੂਜੇ ਭਾਜਪਾ ਵਿਧਾਇਕਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਮੁਸਲਮਾਨਾਂ ਦਾ ਕੰਮ ਨਹੀਂ ਕਰਨਗੇ। ਮੱਧ ਪ੍ਰਦੇਸ਼, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਤਾਂ ਪਹਿਲਾਂ ਹੀ ਕਈ ਵਿਧਾਇਕ ਅਜਿਹਾ ਕਹਿੰਦੇ ਰਹੇ ਹਨ। ਕੁੱਲ ਮਿਲਾ ਕੇ ਮੁਸਲਮਾਨਾਂ ਪ੍ਰਤੀ ਨਫ਼ਰਤ ਦਾ ਖੁੱਲ੍ਹਾ ਪ੍ਰਦਰਸ਼ਨ ਕੀਤਾ ਜਾਣ ਲੱਗਾ ਹੈ।
ਅੰਨਾ ਡੀ.ਐਮ.ਕੇ. ਦੀ ਹੋਂਦ ਖ਼ਤਰੇ ’ਚ
ਅਜੇ ਤਤਕਾਲ ਤਾਂ ਨਹੀਂ ਕਿਹਾ ਜਾ ਸਕਦਾ ਕਿ ਤਾਮਿਲਨਾਡੂ ਵਿਚ ਅੰਨਾ ਡੀ.ਐਮ.ਕੇ. ਦਾ ਕੀ ਹੋਵੇਗਾ, ਕਿਉਂਕਿ ਇਸ ਤੋਂ ਖ਼ਰਾਬ ਸਥਿਤੀਆਂ ਤੋਂ ਬਾਅਦ ਵੀ ਤਾਮਿਲਨਾਡੂ ਦੀਆਂ ਪਾਰਟੀਆਂ ਨੇ ਵਾਪਸੀ ਕੀਤੀ ਹੈ। 2011 ਦੀ ਚੋਣ ਵਿਚ ਡੀ.ਐਮ.ਕੇ. ਹੀ 25 ਸੀਟਾਂ ਦੇ ਆਸ-ਪਾਸ ਆ ਗਈ ਸੀ ਪਰ ਉਸਨੇ ਵਾਪਸੀ ਕੀਤੀ। ਹਾਲਾਂਕਿ ਅੰਨਾ ਡੀ.ਐਮ.ਕੇ. ਦਾ ਮਾਮਲਾ ਥੋੜ੍ਹਾ ਅਲੱਗ ਹੈ। ਇਹ ਉਨ੍ਹਾਂ ਚੁਣਵੀਆਂ ਖੇਤਰੀ ਪਾਰਟੀਆਂ ਵਿਚੋਂ ਹੈ, ਜਿਸਦੇ ਸੰਸਥਾਪਕ ਨੇਤਾ ਨੇ ਆਪਣੇ ਪਰਿਵਾਰ ਤੋਂ ਕਿਸੇ ਨੂੰ ਵਾਰਿਸ ਨਹੀਂ ਬਣਾਇਆ। ਐਮਜੀ ਰਾਮਚੰਦਰਨ ਇਸਦੇ ਬਾਨੀ ਸਨ। ਉਸ ਦੇ ਦਿਹਾਂਤ ਤੋਂ ਬਾਅਦ ਉਸ ਦੀ ਪਤਨੀ ਜਾਨਕੀ ਰਾਮਚੰਦਰਨ ਨੇ ਪਾਰਟੀ ਸੰਭਾਲੀ ਪਰ ਉਹ ਕਾਮਯਾਬ ਨਾ ਹੋਈ ਅਤੇ ਜੈਲਲਿਤਾ ਨੇਤਾ ਬਣੀ। ਉਸ ਨੇ ਵੀ ਆਪਣਾ ਵਾਰਿਸ ਨਹੀਂ ਬਣਾਇਆ ਅਤੇ ਉਸ ਦੇ ਦਿਹਾਂਤ ਤੋਂ ਬਾਅਦ ਉਸ ਦੇ ਦੋ ਕਰੀਬੀ ਨੇਤਾਵਾਂ ਓ. ਪਨੀਰਸੇਲਵਮ ਅਤੇ ਈ. ਪਲਾਨੀਸਵਾਮੀ ਵਿਚ ਘਮਾਸਾਨ ਛਿੜ ਗਿਆ। ਪਨੀਰਸੇਲਵਮ ਨੇ ਆਖ਼ਿਰਕਾਰ ਹਥਿਆਰ ਸੁੱਟ ਦਿੱਤੇ ਅਤੇ ਡੀ.ਐਮ.ਕੇ. ਦੇ ਨਾਲ ਚਲੇ ਗਏ।
ਹੁਣ ਅੰਨਾ ਡੀ.ਐਮ.ਕੇ. ਵਿਚ ਫਿਰ ਵੰਡ ਹੋ ਗਈ ਹੈ। ਸੀਵੀ ਸ਼ਨਮੁਗਮ 30 ਵਿਧਾਇਕਾਂ ਨੂੰ ਲੈ ਕੇ ਅਲੱਗ ਹੋ ਗਏ ਹਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਜੋਸਫ਼ ਵਿਜੈ ਨੂੰ ਹਮਾਇਤ ਦੇ ਦਿੱਤੀ ਹੈ। ਪਲਾਨੀਸਵਾਮੀ ਦੇ ਨਾਲ 17 ਵਿਧਾਇਕ ਬਚੇ ਹਨ। ਦੂਜੇ ਪਾਸੇ ਇੱਕ ਫੋਰਸ ਦੇ ਤੌਰ ‘ਤੇ ਵਿਜੈ ਦੀ ਪਾਰਟੀ ਆ ਗਈ ਹੈ ਅਤੇ ਡੀ.ਐਮ.ਕੇ. ਵਿਚ ਐਮ.ਕੇ. ਸਟਾਲਿਨ ਤੋਂ ਬਾਅਦ ਉਸ ਦੇ ਪੁੱਤਰ ਉਦੈਨਿਧਿ ਸਟਾਲਿਨ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਹੈ। ਅੰਨਾ ਡੀ.ਐਮ.ਕੇ. ਵਿਚ ਜੋ ਹੋ ਰਿਹਾ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਖੇਤਰੀ ਪਾਰਟੀਆਂ ਦੇ ਬਾਨੀ ਆਗੂਆਂ ਦੇ ਪਰਿਵਾਰ ਦਾ ਕੋਈ ਵਿਅਕਤੀ ਅੱਗੇ ਨਾ ਆਵੇ ਤਾਂ ਪਾਰਟੀ ਦੇ ਸਾਹਮਣੇ ਹੋਂਦ ਦਾ ਸੰਕਟ ਹੁੰਦਾ ਹੈ। ਅੰਨਾ ਡੀ.ਐਮ.ਕੇ. ਪਹਿਲਾਂ ਵੀ ਇਸ ਲਈ ਬਚੀ ਕਿਉਂਕਿ ਉਸਨੂੰ ਜੈਲਲਿਤਾ ਵਰਗੀ ਚਮਤਕਾਰੀ ਅਗਵਾਈ ਮਿਲੀ ਸੀ।
ਰੇਵੰਤ ਰੈੱਡੀ ਨੂੰ ਮੋਦੀ ਦੀ ਤਜਵੀਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਦੀ ਸਭਾ ਵਿਚ ਮੁੱਖ ਮੰਤਰੀ ਰੇਵੰਤ ਰੈੱਡੀ ਨੂੰ ਆਪਣੇ ਨਾਲ ਆਉਣ ਦੀ ਪੇਸ਼ਕਸ਼ ਕੀਤੀ। ਮੋਦੀ ਨੇ ਖ਼ਾਸ ਪ੍ਰਸੰਗ ਦੇ ਤਹਿਤ ਇਹ ਗੱਲ ਕਹੀ ਪਰ ਉਸ ਦਾ ਕਹਿਣਾ ਅਚਾਨਕ ਨਹੀਂ ਸੀ। ਮੋਦੀ ਨੇ ਰਾਜ ਦੀ ਭਲਾਈ ਲਈ ਰੇਵੰਤ ਰੈੱਡੀ ਨੂੰ ਆਪਣੇ ਨਾਲ ਆਉਣ ਦੀ ਗੱਲ ਕਹੀ। ਇਸਦਾ ਸਿੱਧਾ ਮਤਲਬ ਤਾਂ ਇਹ ਹੈ ਕਿ ਰੇਵੰਤ ਰੈੱਡੀ ਜੇ ਪ੍ਰਧਾਨ ਮੰਤਰੀ ਦੀ ਤਜਵੀਜ਼ ਨਹੀਂ ਮੰਨਦਾ ਤਾਂ ਤੇਲੰਗਾਨਾ ਦੀ ਭਲਾਈ ਲਈ ਕੇਂਦਰ ਸਰਕਾਰ ਦੀ ਮਦਦ ਨਹੀਂ ਮਿਲੇਗੀ।
ਵੈਸੇ ਰੇਵੰਤ ਰੈੱਡੀ ਨੂੰ ਸੱਤਾ ਸੰਭਾਲੇ ਅਜੇ ਢਾਈ ਸਾਲ ਹੀ ਹੋਏ ਹਨ, ਇਸ ਲਈ ਉਹ ਕਿਤੇ ਨਹੀਂ ਜਾਵੇਗਾ। ਪਰ ਉਸ ਦੇ ਨਾਲ ਦੋ ਗੱਲਾਂ ਅਜਿਹੀਆਂ ਹਨ, ਜੋ ਸ਼ੱਕ ਪੈਦਾ ਕਰਦੀਆਂ ਹਨ। ਪਹਿਲੀ ਤਾਂ ਇਹ ਕਿ ਉਹ ਸੋਨੀਆ ਅਤੇ ਰਾਹੁਲ ਗਾਂਧੀ ਪ੍ਰਤੀ ਬਹੁਤ ਜ਼ਿਆਦਾ ਸਵਾਮੀਭਗਤੀ ਦਿਖਾਉਂਦਾ ਹੈ। ਉਸ ਨੇ ਕਿਹਾ ਸੀ ਕਿ ਜੇ ਗਾਂਧੀ ਪਰਿਵਾਰ ਕਹੇ ਤਾਂ ਉਹ ਇੱਕ ਹਜ਼ਾਰ ਕਰੋੜ ਰੁਪਏ ਵੀ ਜੁਟਾ ਕੇ ਦੇ ਸਕਦੇ ਹਨ। ਅਜਿਹੀ ਸਵਾਮੀਭਗਤੀ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਲੈ ਕੇ ਹਮੇਸ਼ਾ ਸ਼ੱਕ ਹੁੰਦਾ ਹੈ।
ਦੂਜੀ ਗੱਲ ਇਹ ਹੈ ਕਿ ਰੇਵੰਤ ਰੈੱਡੀ ਕਾਫ਼ੀ ਸਮਾਂ ਰਾਸ਼ਟਰੀ ਸਵੈਮਸੇਵਕ ਸੰਘ ਨਾਲ ਜੁੜਿਆ ਰਿਹਾ ਹੈ। ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਤੋਂ ਹੀ ਕਾਂਗਰਸ ਵਿਚ ਆਇਆ ਸੀ। ਦੂਜੇ ਪਾਸੇ ਹਿਮੰਤ ਬਿਸਵਾ ਸਰਮਾ ਅਤੇ ਸ਼ੁਭੇਂਦੂ ਅਧਿਕਾਰੀ ਵਰਗੇ ਆਗੂ ਹਨ, ਜਿਨ੍ਹਾਂ ਦਾ ਸੰਘ ਨਾਲ ਕਦੇ ਕੋਈ ਸੰਬੰਧ ਨਹੀਂ ਰਿਹਾ, ਪਰ ਜਦੋਂ ਭਾਜਪਾ ਵਿਚ ਗਏ ਤਾਂ ਉੱਥੇ ਜਾ ਕੇ ਅਜਿਹੇ ਰਚੇ-ਮਿਚੇ ਕਿ ਸੰਘ ਦੇ ਪੁਰਾਣੇ ਸਵੈਮਸੇਵਕਾਂ ਨੂੰ ਵੀ ਮਾਤ ਦੇਣ ਲੱਗੇ। ਸੋ, ਰੇਵੰਤ ਰੈੱਡੀ ਦੇ ਅੰਦਰਲਾ ਸਵੈਮਸੇਵਕ ਕਦੋਂ ਜਾਗ ਜਾਵੇ ਅਤੇ ਉਹ ਭਾਜਪਾ ਵੱਲ ਤੁਰ ਪਵੇ, ਕੁਝ ਨਹੀਂ ਕਿਹਾ ਜਾ ਸਕਦਾ।
(ਲੇਖਕ ਸੀਨੀਅਰ ਪੱਤਰਕਾਰ ਹਨ। ਵਿਚਾਰ ਨਿੱਜੀ ਹਨ।)
