ਸਾਥੀ ਕਰਮ ਬਰਸਟ ਨੇ ਫੇਸਬੁੱਕ ਤੇ ਇੱਕ ‘ਨਵ ਜਮਹੂਰੀ ਇਨਕਲਾਬਾਂ ਦੇ ਯੁੱਗ ਦਾ ਅੰਤ’ ਦੇ ਸਿਰਲੇਖ ਵਾਲੀ ਪੋਸਟ ਪਾਈ ਸੀ ਜਿਸ ‘ਤੇ ਮੈਂ ਟਿੱਪਣੀ ਕੀਤੀ ਸੀ। ਮੇਰੀ ਇਸ ਟਿੱਪਣੀ ‘ਤੇ ਇਨਕਲਾਬੀ ਮੈਗਜ਼ੀਨ ‘ਪ੍ਰਤੀਬੱਧ’ ਦੇ ਸੰਪਾਦਕ ਨੇ, ਰੱਟੇ ਵਾਲੇ ਨੁਕਤਿਆਂ ‘ਤੇ ਕਰਮ ਬਰਸਟ ਦੀ ਪੁਜ਼ੀਸ਼ਨ ਦੀ ਟੇਢੇ ਢੰਗ ਨਾਲ ਹਮਾਇਤ ਕਰਦਿਆਂ, ਮੇਰੀ ਟਿੱਪਣੀ ਦੇ ਕੁਝ ਹੋਰ ਨੁਕਤਿਆਂ ‘ਤੇ ਵੀ ਟਿੱਪਣੀ ਕੀਤੀ ਹੈ। ਮੈਂ ਆਪਣੀ ਇਸ ਟਿੱਪਣੀ ‘ਚ ਕਰਮ ਬਰਸਟ ਅਤੇ ਰਸਾਲੇ ਪ੍ਰਤੀਬੱਧ ਦੀ ਟਿੱਪਣੀ ਦਾ ਸਾਂਝਾ ਜਵਾਬ ਦੇ ਰਿਹਾ ਹਾਂ।-ਪਰਮਜੀਤ ਰੋਡੇ
(1) ਇੱਕ ਰੱਟਾ ਇਹ ਹੈ ਕਿ ਕਾਮਰੇਡ ਮਾਓ ਜੇ-ਤੁੰਗ ਵਲੋਂ, ਮਾਰਕਸਵਾਦ-ਲੈਨਿਨਵਾਦ ‘ਚ ਕੀਤੇ ਵਾਧੇ ਨੂੰ, ਕੀ ਅਸੀਂ ਮਾਓਵਾਦ ਕਹਿ ਸਕਦੇ ਹਾਂ? ਇਸ ਬਾਰੇ ਪ੍ਰਤੀਬੱਧ ਦੀ ਕੀ ਸਮਝ ਹੈ? ਭਾਵ ਉਹ ਮਾਓ ਦੀ ਦੇਣ ਨੂੰ ਮਾਓਵਾਦ ਮੰਨਦਾ ਵੀ ਹੈ ਕਿ ਨਹੀਂ? ਮੈਨੂੰ ਇਸ ਬਾਰੇ ਪਤਾ ਨਹੀਂ ਅਤੇ ਨਾ ਹੀ ਉਸਨੇ ਸਪੱਸ਼ਟ ਕੀਤਾ ਹੈ, ਪਰ ਸਾਥੀ ਕਰਮ ਬਰਸਟ ਦੀ ਪੁਜ਼ੀਸ਼ਨ ਘਚੋਲੇ ਭਰੀ ਹੈ। ਜਦੋਂ ਤਾਂ ਉਹ ਇਹ ਕਹਿੰਦਾ ਹੈ ਕਿ ਮੈਂ ਮਾਓਵਾਦ ਨੂੰ ਨਕਾਰਦਾ ਨਹੀਂ ਤਾਂ ਉਸ ਦੀ ਇਸ ਗੱਲ ਤੋਂ ਲੱਗਦਾ ਹੈ ਉਹ ਇਸ ਨੂੰ ਇੱਕ ਵਾਦ((ism) ) ਭਾਵ ਮਾਓਵਾਦ ਮੰਨਦਾ ਹੈ, ਪਰ ਜਦੋਂ ਉਹ ਅੱਗੇ ਜਾ ਕੇ ਇਹ ਲਿਖਦਾ ਹੈ ‘ਮਾਓਵਾਦ ਦਾ ਲਕਬ’ ‘ਜੇ ਕਿਸੇ ਨੇ ਸਟਾਲਿਨਵਾਦ ਨਹੀਂ ਕਿਹਾ ਤਾਂ ਮਾਓਵਾਦ ਕੀ ਮਤਲਬ’ ਅਤੇ ‘ਮਾਓ ਨੇ ਦਾਅਵਾ ਨਹੀਂ ਕੀਤਾ ਕਿ ਉਸਨੇ ‘ਮਾਰਕਸਵਾਦ ਲੈਨਿਨਵਾਦ ‘ਚ ਕੋਈ ਸਿਫਤੀ ਤਬਦੀਲੀ ਲਿਆਂਦੀ’ ਸੀ ਆਦਿ, ਤਾਂ ਲੱਗਦਾ ਹੈ ਕਿ ਉਹ ਮਾਰਕਸਵਾਦ-ਲੈਨਿਨਵਾਦ ਨੂੰ ਮਾਓ ਵਲੋਂ ਦਿੱਤੀ ਦੇਣ ਨੂੰ, ਮਾਓਵਾਦ ਨਹੀਂ ਮੰਨਦਾ! ਭਾਵ ਇੱਕ ਵਾਦ((ism) ਨਹੀਂ ਮੰਨਦਾ। ਉਸ ਨੇ ਮੰਨਣਾ ਹੈ ਜਾਂ ਨਹੀਂ, ਇਹ ਉਸ ਦੀ ਮਰਜ਼ੀ, ਪਰ ਮੈਂ ਇਸਨੂੰ ਕਿਉਂ ਮਾਓਵਾਦ ਕਹਿੰਦਾ ਹਾਂ? ਮੈਂ ਸਿਰਫ ਇਹ ਦੱਸਣਾ ਚਾਹੁੰਦਾ ਹਾਂ!
ਕਾਮਰੇਡ ਲੈਨਿਨ ਨੇ ਦੱਸਿਆ ਸੀ ਕਿ ਮਾਰਕਸਵਾਦ ਦੇ ਤਿੰਨ ਜੁੜਵੇਂ ਅੰਗ ਹਨ; 1) ਫਿਲਾਸਫੀ, 2)ਸਿਆਸੀ ਆਰਥਿਕਤਾ ਅਤੇ 3)ਜਮਾਤੀ ਘੋਲ। ਮੈਂ ਸਮਝਦਾ ਹਾਂ ਕਿ ਇਨ੍ਹਾਂ ਤਿੰਨਾਂ ਹੀ ਖੇਤਰਾਂ ‘ਚ ਕਾਮਰੇਡ ਮਾਓ ਨੇ, ਕਾ:ਮਾਰਕਸ ਅਤੇ ਕਾਮਰੇਡ ਲੈਨਿਨ ਦੀ ਸਮਝ ਨੂੰ ਹੋਰ ਵਿਕਸਿਤ ਕੀਤਾ ਹੈ ਜੋ ਇਸ ਨੂੰ ਇੱਕ ਵਾਦ((ism) ਦਾ ਰੁਤਬਾ ਬਖਸ਼ਦਾ ਹੈ। ਮਾਰਕਸਵਾਦ ਦੇ ਇਨ੍ਹਾਂ ਤਿੰਨਾਂ ਜੁੜਵੇਂ ਅੰਗਾਂ ‘ਚ ਮਾਓ ਦੇ ਵਿਚਾਰਾਂ ਨੇ ਕੀ ਵਾਧਾ ਕੀਤਾ? ਇਸ ਦੀ ਭਰਵੀਂ ਵਿਆਖਿਆ ਬੌਬ ਅਵੇਕੀਅਨ ਨੇ ਆਪਣੀ ਕਿਤਾਬ ‘ਮਾਓ ਦੀ ਅਮਿੱਟ ਦੇਣ’ (Imortal Contribution of Mao) ‘ਚ ਕੀਤੀ ਹੈ। ਬੌਬ ਅਵੇਕੀਅਨ ਨੇ ਮਾਓ ਦੀ ਮਾਰਕਸਵਾਦ-ਲੈਨਿਨਵਾਦ ਨੂੰ ਦੇਣ ਦੀ 6 ਚੈਪਟਰਾਂ ‘ਚ ਵੰਡ ਕੀਤੀ ਹੈ। ਇਨ੍ਹਾਂ ਚੈਪਟਰਾਂ ਦੇ ਹੈਡਿੰਗਜ ਤੋਂ ਉਹ ਸਾਰੇ ਖੇਤਰ ਧਿਆਨ ‘ਚ ਆ ਜਾਂਦੇ ਹਨ ਜਿਨ੍ਹਾਂ ‘ਚ ਮਾਓ ਨੇ ਮਾਰਕਸਵਾਦ ਤੇ ਲੈਨਿਨਵਾਦ ਨੂੰ ਵਿਕਸਿਤ ਕੀਤਾ ਹੈ। ਉਹ ਹਨ:
1)ਬਸਤੀਵਾਦੀ ਦੇਸ਼ਾਂ ‘ਚ ਇਨਕਲਾਬ!
2)ਇਨਕਲਾਬੀ ਜੰਗ ਅਤੇ ਮਿਲਟਰੀ ਲਾਈਨ!
3)ਸਿਆਸੀ ਆਰਥਿਕਤਾ, ਆਰਥਿਕ ਪਾਲਿਸੀ ਅਤੇ ਸਮਾਜਵਾਦੀ ਉਸਾਰੀ!
4)ਫਿਲਾਸਫੀ!
5)ਸਭਿਆਚਾਰ ਤੇ ਉਸਾਰ-ਢਾਂਚਾ!
6)ਮਜ਼ਦੂਰ ਜਮਾਤ ਦੀ ਡਿਕਟੇਟਰਸ਼ਿਪ ਅਧੀਨ ਇਨਕਲਾਬ ਦੀ ਲਗਾਤਾਰਤਾ!
ਸਿਰਫ ਅਮਰੀਕਾ ਦੀ ਕਮਿਊਨਿਸਟ ਪਾਰਟੀ (RCP) ਹੀ ਨਹੀਂ! ਜਿੰਨੀਆਂ ‘ਕੁ ਦੁਨੀਆਂ ‘ਚ ਕਮਿਊਨਿਸਟ ਇਨਕਲਾਬੀ ਪਾਰਟੀਆਂ/ਗਰੁੱਪ ਕਾਇਮ ਹਨ ਉਨ੍ਹਾਂ ਦਾ ਵੱਡਾ ਹਿੱਸਾ, ਇਨ੍ਹਾਂ ਖੇਤਰਾਂ ‘ਚ ਪੇਸ਼ ਮਾਓ ਦੇ ਸਿਧਾਂਤਾਂ ਨੂੰ ਕੁੱਲ ਮਿਲਾ ਕੇ ਮਾਰਕਸਵਾਦ-ਲੈਨਿਨਵਾਦ ‘ਚ ਵਾਧਾ ਤੇ ਇਕ ਵਾਦ (ism) ਭਾਵ ਮਾਓਵਾਦ ਮੰਨਦਾ ਹੈ।
(2) ਕਰਮ ਬਰਸਟ ਨੇ ਹਥਿਆਰਬੰਦ ਮਾਓਵਾਦ ਦੇ ਵਿਸ਼ਵ-ਵਿਆਪੀ ਸੂਰਜ ਦੇ ਡੁੱਬਣ ਦੀ ਗੱਲ ਕੀਤੀ ਸੀ। ਮੈਂ ਉਸਦੀ ਇਸ ਗੱਲ ਦਾ ਹਵਾਲਾ ਦੇਣ ਲੱਗਿਆਂ ਸ਼ਬਦ ‘ਹਥਿਆਰਬੰਦ ਮਾਓਵਾਦ’ ਦੀ ਥਾਂ ਸ਼ਬਦ ‘ਮਾਓਵਾਦ’ ਦਾ ਹਵਾਲਾ ਦਿੱਤਾ ਸੀ। ਪ੍ਰਤੀਬੱਧ ਦੇ ਸੰਪਾਦਕ ਨੇ ਟਿੱਪਣੀ ਕਰਕੇ ਮੈਨੂੰ ਕਿਹਾ ਕਿ ਮੈਨੂੰ ਕਰਮ ਬਰਸਟ ਦੀ ਗੱਲ ਦੀ ਇਸ ਕਰਕੇ ਸਮਝ ਨਹੀਂ ਆਈ ਕਿਉਂਕਿ ਕਰਮ ਬਰਸਟ ਦੀ ਪੋਸਟ ‘ਚੋਂ ਮੈਂ ਸਿਰਫ਼ ਮਾਓਵਾਦ ਦਾ ਸੂਰਜ ਡੁੱਬਣ ਦਾ ਹਵਾਲਾ ਦਿੱਤਾ ਹੈ, ਜਦੋਂ ਕਿ ਕਰਮ ਬਰਸਟ ਨੇ ਹਥਿਆਰਬੰਦ ਮਾਓਵਾਦ ਦੇ ਡੁੱਬਣ ਦੀ ਗੱਲ ਕੀਤੀ ਹੈ। ਗੱਲ ਦੀ ਸਮਝ ਮੈਨੂੰ ਪਹਿਲਾਂ ਹੀ ਆ ਗਈ ਸੀ ਪਰ ਪ੍ਰਤੀਬੱਧ ਦੀ ਇਸ ਗੱਲ ‘ਚੋਂ ਇੱਕ ਹੋਰ ਸਵਾਲ ਖੜ੍ਹਾ ਹੋ ਗਿਆ! ਉਹ ਇਹ ਕਿ ਕੀ ਇੱਥੇ ਦੋ ਤਰ੍ਹਾਂ ਦੇ ਮਾਓਵਾਦ ਹਨ? ਇੱਕ ਹਥਿਆਰਬੰਦ ਤੇ ਦੂਜਾ ਗੈਰ-ਹਥਿਆਰਬੰਦ? ਪ੍ਰਤੀਬੱਧ ਦੀ ਗੱਲ ਦਾ ਅਰਥ ਤਾਂ ਇਹੀ ਬਣਦਾ ਹੈ ਜੋ ਕਿ ਸਰਾਸਰ ਗਲਤ ਹੈ। ਕਿਉਂਕਿ:
ਮਾਓਵਾਦ ਇਕ-ਦੇਹ ਹੈ ਅਤੇ ਮਾਰਕਸਵਾਦ-ਲੈਨਿਨਵਾਦ ਦਾ ਵਿਕਸਤ ਰੂਪ ਹੈ। ਮਾਰਕਸਵਾਦ ਦੇ ਜੁੜਵੇਂ ਅੰਗ; ਜਮਾਤੀ-ਘੋਲ ਦੇ ਖੇਤਰ ‘ਚ ਕਾਮਰੇਡ ਮਾਓ ਨੇ, ਦਵੰਦਵਾਦੀ ਪਹੁੰਚ ਦੇ ਆਧਾਰ ਤੇ ਮਿਲਟਰੀ ਲਿਖਤਾਂ ਦਾ ਪੂਰਾ ਸੈਟ/ਸਿਧਾਂਤ ਦਿੱਤਾ ਸੀ ਜੋ ਕਿ ਮਿਲਟਰੀ-ਸਾਇੰਸ ਦੇ ਘੇਰੇ ‘ਚ ਆਉਂਦਾ ਹੈ। ਦੁਨੀਆਂ ਭਰ ਦੀਆਂ ਮਿਲਟਰੀ ਸਾਇੰਸ ਅਕਾਦਮੀਆਂ ‘ਚ ਮਾਓ ਦਾ ਇਹ ਸਿਧਾਂਤ, ਹਵਾਲਾ ਬੁੱਕ ਵਜੋਂ ਪੜ੍ਹਿਆ ਜਾਂਦਾ ਰਿਹਾ ਹੈ ਅਤੇ ਸ਼ਾਇਦ ਹੁਣ ਵੀ ਪੜਿਆ ਜਾਂਦਾ ਹੋਵੇ! ਸੱਠਵਿਆਂ ਦੇ ਅੰਤਲੇ ਅਤੇ ਸੱਤਰਵਿਆਂ ਦੇ ਪਹਿਲੇ ਵਰਿ੍ਹਆਂ ‘ਚ ਭਾਰਤੀ ਫ਼ੌਜ ਦੇ ਆਫੀਸਰ-ਰੈਂਕ ਸਰਕਲ ਚ, ਮਾਓ ਦੀਆਂ ਮਿਲਟਰੀ ਲਿਖਤਾਂ ਦਾ ਅਧਿਐਨ ਕਰਨਾ ਜ਼ਰੂਰੀ ਹੋਇਆ ਕਰਦਾ ਸੀ! ਮਿਲਟਰੀ ਸਾਇੰਸ ਦੇ ਘੇਰੇ ‘ਚ ਆਉਂਦੇ ਮਾਓ ਦੇ ਇਸ ਮਿਲਟਰੀ ਸਾਇੰਸ ਦੇ ਸਿਧਾਂਤ ਦੀ ਰੋਸ਼ਨੀ ‘ਚ, ਕਿਸੇ ਵੀ ਦੇਸ਼ ਦੀਆਂ ਠੋਸ ਜ਼ਮੀਨੀ ਹਾਲਤਾਂ ਮੁਤਾਬਕ, ਉਸ ਦੇਸ਼ ਦੇ ਇਨਕਲਾਬ ਲਈ ਇਨਕਲਾਬੀ ਮਿਲਟਰੀ-ਲੀਹ ਘੜਨ ‘ਚ ਮੱਦਦ ਮਿਲ ਸਕਦੀ ਹੈ।
ਕਮਿਊਨਿਸਟ ਇਨਕਲਾਬੀ ਲਹਿਰ ‘ਚ, ਹਥਿਆਰਬੰਦ ਅਤੇ ਸ਼ਾਂਤਮਈ, ਹਿੰਸਕ ਅਤੇ ਅਹਿੰਸਕ ਜਿਹੇ ਮੁੱਦਿਆਂ ਨੂੰ ਆਮ ਤੌਰ ਤੇ ‘ਰਾਜ ਅਤੇ ਇਨਕਲਾਬ’ ਦੇ ਪ੍ਰਸੰਗ ‘ਚ ਵਿਚਾਰਿਆ ਜਾਂਦਾ ਹੈ। ਇਸ ਸਬੰਧੀ ਕਾਮਰੇਡ ਮਾਓ ਜੇ-ਤੁੰਗ ਨੇ ਆਪਣੀ ਇਨਕਲਾਬੀ-ਸਿਆਸੀ (ਵਿਗਿਆਨਕ) ਸਮਝ, ਇਕ ਵਾਕ ‘ਚ ਹੀ ਕਲਮਬੰਦ ਕਰ ਦਿੱਤੀ ਸੀ; ਜਦੋਂ ਉਸ ਨੇ ਕਿਹਾ ਸੀ ਕਿ ‘ਸਿਆਸੀ ਤਾਕਤ ਦਾ ਜਨਮ ਬੰਦੂਕ ਦੀ ਨਾਲੀ ‘ਚੋਂ ਹੁੰਦਾ ਹੈ’ (political power grows out of the barrel of the Gun)
••••
(3)ਮੈਂ ਆਪਣੀ ਟਿੱਪਣੀ ‘ਚ ਲਿਖਿਆ ਸੀ ਕਿ ਕਿਸੇ ਵੀ ਦੇਸ਼ ਦੀਆਂ ਠੋਸ ਹਾਲਤਾਂ ਦਾ ਠੋਸ ਵਿਸ਼ਲੇਸ਼ਣ ਕਰਕੇ, ਸਿਆਸੀ ਤੇ ਯੁਧਨੀਤਕ ਪ੍ਰੋਗਰਾਮ ਘੜਨ ‘ਤੇ ਸਭ ਤੋਂ ਵੱਧ ਜ਼ੋਰ ਮਾਓ ਨੇ ਦਿੱਤਾ ਸੀ। ‘ਪ੍ਰਤੀਬੱਧ’ ਦੇ ਸੰਪਾਦਕ ਨੂੰ ਸ਼ਬਦ ‘ਸਭ ਤੋਂ ਵੱਧ’ ਤੇ ਇਤਰਾਜ਼ ਹੈ। ਉਹ ਮੇਰੀ ਵਾਰਤਾ ਨੂੰ ਇਹ ਸ਼ਬਦ ਮਿਟਾ ਕੇ ਵੀ ਪੜ੍ਹ ਲਵੇ, ਮੇਰੀ ਗੱਲ ਫਿਰ ਵੀ ਠੀਕ ਹੈ। ਪ੍ਰਤੀਬੱਧ ‘ਤੇ ਮੇਰਾ ਇਤਰਾਜ਼ ਹੈ ਕਿ ਉਸ ਨੇ ਮੇਰੀ ਇਸ ਵਾਰਤਾ ਅਤੇ ਇਸ ਵਾਰਤਾਲਾਪ ‘ਚ ਦਿੱਤੀ ਸਮਝ ਨੂੰ ਗਲਤ ਜਾਂ ਠੀਕ ਕਹਿਣਾ ਚਾਹੀਦਾ ਸੀ! ਮੇਰੀ ਦਲੀਲ ਸੀ ਕਿ ਜੇ ਮਾਓ ਦਾ ਇਹ ਕਹਿਣਾ ਹੈ ਕਿ ਹਰ ਦੇਸ਼ ਦੇ ਕਮਿਊਨਿਸਟ ਇਨਕਲਾਬੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੇਸ਼ ਲਈ ਸਿਆਸੀ ਤੇ ਯੁਧਨੀਤਕ ਇਨਕਲਾਬੀ ਪ੍ਰੋਗਰਾਮ, ਉਸ ਦੇਸ਼ ਦੀਆਂ ਵਿਸ਼ੇਸ਼ ਤੇ ਠੋਸ ਹਾਲਤਾਂ ਦੇ ਠੋਸ ਵਿਸ਼ਲੇਸ਼ਣ ਦੇ ਅਧਾਰ ‘ਤੇ ਘੜਨ! ਪਰ ਜੇ ਉਹ ਅਜਿਹਾ ਨਹੀਂ ਕਰਦੇ ਅਤੇ ਪਾਰਟੀ ਦੇ ਨਾਮ ਨਾਲ ਮਾਓਵਾਦੀ ਸ਼ਬਦ ਲਿਖ ਕੇ, ਗਲਤ ਨੀਤੀਆਂ ‘ਤੇ ਅਮਲ ਕਰਦੇ ਅਤੇ ਨਾਕਾਮ ਹੁੰਦੇ ਹਨ, ਤਾਂ ਇਹਦੇ ‘ਚ ਮਾਓ ਅਤੇ ਮਾਓਵਾਦ ਕਿਸੇ ਤਰ੍ਹਾਂ ਵੀ ਜੁਮੇਂਵਾਰ ਨਹੀਂ ਬਣਦੇ! ਮੇਰੀ ਇਸ ਦਰੁਸਤ ਦਲੀਲ ‘ਤੇ ਕੁਝ ਵੀ ਕਹਿਣ ਤੋਂ ਪ੍ਰਤੀਬੱਧ ਨੇ ਤਾਂ ਟਾਲਾ ਹੀ ਵੱਟ ਲਿਆ ਹੈ, ਸਾਥੀ ਕਰਮ ਬਰਸਟ ਨੇ ਵੀ ਮੇਰੀ ਦਲੀਲ ਨੂੰ ਸਮਝਣ ਦੀ ਬਜਾਏ, ਨਾਕਾਮ ਹੋਈਆਂ ਪਾਰਟੀਆਂ ਦੀ ਲਿਸਟ ਸਾਹਮਣੇ ਲੈ ਆਂਦੀ!
ਆਪਣੀ ਸਮਝ ਦੇ ਹੱਕ ‘ਚ ਇਕ ਉਦਾਹਰਨ ਵਜੋਂ, ਮੈਂ ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੀ ਗੱਲ ਕਰਦਾ ਹਾਂ।
-ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ), ਨਵ-ਜਮਹੂਰੀ ਇਨਕਲਾਬ ਅਤੇ ਲਮਕਵੇਂ ਲੋਕ-ਯੁੱਧ ਦੀ ਨੀਤੀ ਦਾ ਪ੍ਰੋਗਰਾਮ ਲੈ ਕੇ ਮੈਦਾਨ ‘ਚ ਉਤਰੀ ਸੀ। ਉਸ ਵੱਲੋਂ ਸ਼ੁਰੂ ਕੀਤੇ ਹਥਿਆਰਬੰਦ ਘੋਲ ਨੇ, ਕੁਝ ਹੀ ਸਾਲਾਂ ‘ਚ ਦੇਸ਼ ਦੇ ਵੱਡੇ ਹਿੱਸੇ ਤੇ ਕਬਜ਼ਾ ਕਰਕੇ, ਇਨਕਲਾਬੀ ਸਰਕਾਰ ਦਾ ਤਾਣਾ-ਬਾਣਾ ਬੁਣ ਲਿਆ ਸੀ। ਪਰ ਇਸੇ ਦੌਰਾਨ ਪਾਰਟੀ ਵੱਲੋਂ ਕਈ ਨਵੀਆਂ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ। ਜਿਵੇਂ ਕਿ ਨਵ-ਜਮਹੂਰੀ ਇਨਕਲਾਬ ਨੂੰ ਦੋ ਪੜਾਵਾਂ ‘ਚ ਵੰਡਣਾ; ਭਾਵ ਪਹਿਲਾਂ ਰਾਜਸ਼ਾਹੀ ਦਾ ਖਾਤਮਾ ਅਤੇ ਦੂਜਾ ਰਾਜ ਸੱਤਾ ਤੇ ਕਬਜ਼ਾ ਕਰਕੇ ਪਾਰਟੀ ਦੀ ਅਗਵਾਈ ‘ਚ ਲੋਕ ਜਮਹੂਰੀ ਸਰਕਾਰ ਦੀ ਸਥਾਪਨਾ ਕਰਨੀ। ਫਿਰ ਇਸ ਪ੍ਰੋਗਰਾਮ ਦੇ ਨਾਲ ਇਕ ਨਵੇਂ ਸ਼ਬਦ ‘ਫਿਊਜ਼ਨ’ਦੀ ਚਰਚਾ ਚੱਲ ਪਈ। ਫਿਰ ਚੋਟੀ ਦੇ ਆਗੂ ਪਰਚੰਡਾ (ਪੁਸ਼ਪਾ ਕਮਲ ਦਾਹਲ) ਦੇ ਬਿਆਨ ਆਏ ਕਿ ਇਨਕਲਾਬ ਤੋਂ ਬਾਅਦ ਦੁਨੀਆ ‘ਚ ਨੇਪਾਲ ਦਾ ਦਰਜਾ, ਦੇਸ਼ ਸਵਿਟਜ਼ਰਲੈਂਡ ਵਾਲਾ ਹੋਵੇਗਾ ਅਤੇ ਉਸ ਵਾਂਗ ਹੀ ਉਹ ਇੱਕ ਨਿਰਪੱਖ ਦੇਸ਼ ਹੋਵੇਗਾ! ਪਰ ਇਸ ਸਭ ਕੁਝ ਦੇ ਬਾਵਜੂਦ ਹਥਿਆਰਬੰਦ ਘੋਲ ਅਜੇ ਵੀ ਹੌਲੀ ਹੌਲੀ ਅੱਗੇ ਵਧ ਰਿਹਾ ਸੀ। ਅਚਾਨਕ ਉਨਾਂ ਨੇ ਹਥਿਆਰਬੰਦ ਘੋਲ ਵਾਪਸ ਲੈ ਲਿਆ, ਲਾਲ ਫੌਜ ਭੰਗ ਕਰ ਦਿੱਤੀ ਅਤੇ ਇਨਕਲਾਬੀ ਲਹਿਰ ਆਸਰੇ ਖੱਟੀ ਮਹਿਮਾ ਦਾ ਲਾਹਾ ਲੈ ਕੇ ਬੁਰਜੂਆ ਚੋਣਾਂ ਜਿੱਤ ਕੇ ਆਪਣੀ ਸਰਕਾਰ ਬਣਾ ਲਈ। ਉਸਤੋਂ ਬਾਅਦ ਇਨ੍ਹਾਂ ਅਖੌਤੀ ਮਾਓਵਾਦੀਆਂ ਦਾ ਕੀ ਹਸ਼ਰ ਹੋਇਆ? ਇਹ ਸਭ ਦ ਸਾਹਮਣੇ ਹੈ।
ਉਨ੍ਹਾਂ ਵੱਲੋਂ ਵਰਤੇ ਫਿਊਜ਼ਨ ਦਾ ਅਰਥ ਸੀ; ਦੋ ਜਾਂ ਦੋ ਤੋਂ ਵੱਧ ਚੀਜ਼ਾਂ ਨੂੰ ਇਕੱਠਾ ਕਰਕੇ ਇੱਕ ਚੀਜ਼ ਬਣਾਉਣੀ! ਇੱਥੇ ਨੇਪਾਲੀ ਮਾਓਵਾਦੀ ਪਾਰਟੀ ਦਾ ਇਸ ਤੋਂ ਭਾਵ, ਸਮਾਜਵਾਦੀ ਤੇ ਸਰਮਾਏਦਾਰ ਤੱਤਾਂ ਦੇ ਮਿਲਗੋਭੇ ਤੋਂ ਸੀ। ਵੈਸੇ ਤਾਂ ਨਵ-ਜਮਹੂਰੀ ਇਨਕਲਾਬ ਤੋਂ ਬਾਅਦ ਕੁਝ ਸਮੇਂ ਲਈ ਦੋ ਤਰ੍ਹਾਂ ਦੀ ਆਰਥਿਕਤਾ ਵੈਸੇ ਹੀ ਹੁੰਦੀ ਹੈ; ਸਰਕਾਰੀ ਤੇ ਪ੍ਰਾਈਵੇਟ ਜਾਂ ਕਹਿ ਲਓ ਪਬਲਿਕ ਤੇ ਪ੍ਰਾਈਵੇਟ। ਕਮਿਊਨਿਸਟ ਪਾਰਟੀ ਦੀ ਅਗਵਾਈ ‘ਚ ਜਿਵੇਂ-ਜਿਵੇਂ ਸਮਾਜ ਨੇ ਸਮਾਜਵਾਦ ਦੀ ਉਸਾਰੀ ਵੱਲ ਵਧ ਦੇ ਜਾਣਾ ਹੁੰਦਾ ਹੈ, ਤਿਵੇਂ-ਤਿਵੇਂ ਪ੍ਰਾਈਵੇਟ ਮਾਲਕੀ ਨੇ ਘਟਦੇ ਜਾਣਾ ਤੇ ਸਟੇਟ ਮਾਲਕੀ ਨੇ ਵਧਦੇ ਜਾਣਾ ਹੁੰਦਾ ਹੈ! ਪਰ ਨੇਪਾਲੀ ਮਾਓਵਾਦੀਆਂ ਦਾ ਟੀਚਾ ਇਹ ਨਹੀਂ ਸੀ, ਉਹ ਤਾਂ ਇਨ੍ਹਾਂ ਦੋਵਾਂ ਨੂੰ ਹੀ ਮਜ਼ਬੂਤ ਕਰਨਾ ਤੇ ਮਿਲਾ ਕੇ ਚਲਾਉਣਾ ਚਾਹੁੰਦੇ ਸਨ। ਪਤਾ ਲੱਗਾ ਸੀ ਕਿ ਭਾਰਤ ਦੇ ਮਾਓਵਾਦੀਆਂ ਨੇ ਉਨ੍ਹਾਂ ਕੋਲ ਇਸਦਾ ਵਿਰੋਧ ਦਰਜ ਕਰਵਾਇਆ ਸੀ, ਪਰ ਉਹ ਮੰਨੇ ਨਹੀਂ। ਜੋ ਵੀ ਹੈ, ਇਹ ਇੱਕ ਮਹੱਤਵਪੂਰਨ ਮੁੱਦਾ ਸੀ ਤੇ ਕਾਮਰੇਡ ਮਾਓ ਵਲੋਂ ਵਿਕਸਿਤ ਕੀਤੀ ਸਮਾਜਵਾਦੀ ਆਰਥਿਕ ਨੀਤੀ ਦੇ ਵਿਰੋਧ ‘ਚ ਸੀ!
ਚੀਨ ਦੇ ਸਭਿਆਚਾਰਕ ਇਨਕਲਾਬ ਦੌਰਾਨ ਇਸ ਮੁੱਦੇ ਨਾਲ ਸਬੰਧਤ ਇੱਕ ਤਿੱਖੀ ਬਹਿਸ ਚੱਲੀ ਸੀ। ਮਾਓ ਹੁਰਾਂ ਦਾ ਨਾਅਰਾ ਸੀ; ‘ਇੱਕ ਨੂੰ ਦੋ ‘ਚ ਵੰਡੋ’(combine two into one) ਅਤੇ ਵਿਰਧੀ ਧਿਰ ਦਾ ਨਾਅਰਾ ਸੀ ‘ਦੋਹਾਂ ਨੂੰ ਇੱਕ ‘ਚ ਮਿਲਾਓ’ (divide one into two) ਮਾਓ ਦਾ ਇੱਕ ਨੂੰ ਦੋ ‘ਚ ਵੰਡੋ’ ਦਾ ਭਾਵ, ਕਿਸੇ ਚੀਜ਼ ਦੀ ਅੰਦਰੂਨੀ ਵਿਰੋਧਤਾਈ ਲੱਭਣਾ ਅਤੇ ਦੋਵਾਂ ਵਿਰੋਧੀ ਪੱਖਾਂ ਦੇ ਸੰਘਰਸ਼ ਰਾਹੀਂ ਆਰਥਿਕਤਾ/ਸਮਾਜ ਦੇ ਵਿਕਾਸ ਵੱਲ ਅੱਗੇ ਵਧਣਾ ਸੀ (ਜੋ ਕਿ ਇੱਕ ਵਿਗਿਆਨਕ ਪਹੁੰਚ ਸੀ) ਵਿਰੋਧੀਆਂ ਦੇ ‘ਦੋਹਾਂ ਨੂੰ ਇੱਕ ‘ਚ ਮਿਲਾਓ’ ਦਾ ਭਾਵ, ਜਮਾਤੀ-ਭਿਆਲ਼ੀ ਅਤੇ ਜਮਾਤੀ ਘੋਲ਼ ਨੂੰ ਮੱਠਾ ਪਾਉਣ ਤੋਂ ਸੀ (ਜੋ ਕਿ ਇੱਕ ਗੈਰ-ਵਿਗਿਆਨਕ ਪਹੁੰਚ ਹੈ) ਨੇਪਾਲ ਦੇ ਅਖੌਤੀ ਮਾਓਵਾਦੀਆਂ ਦਾ ‘ਫਿਊਜ਼ਨ’ ਵੀ ਇਹੋ ਚੀਜ਼ ਸੀ। ਜੇ ਹੋਰ ਪਿੱਛੇ ਚਲੇ ਜਾਈਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਹ ਸਮਝ, ਮਾਓ ਦੀ ਮੌਤ ਤੋਂ ਬਾਅਦ ਚੀਨ ‘ਚ ਰਾਜ ਪਲਟਾ ਕਰਕੇ ਸਰਮਾਏਦਾਰੀ ਬਹਾਲ ਕਰਨ ਵਾਲੀ, ਮਾਓਵਾਦ ਦੀ ਦੁਸ਼ਮਣ ਜੁੰਡਲੀ ਦੀ ਸਮਝ ਸੀ!
ਉਦਾਹਰਣ ਦੀ ਵਿਆਖਿਆ ਜ਼ਰਾ ਲੰਬੀ ਹੋ ਗਈ ਹੈ ਪਰ ਇਹ ਸਮਝਾਉਣ ਲਈ ਕਿ ਨਾ ਤਾਂ ਮਾਓਦਾਦੀ ਨਾਮ ਰੱਖਣ ਨਾਲ ਕੋਈ ਮਾਓਵਾਦ ਦਾ ਧਾਰਨੀ ਬਣ ਜਾਂਦਾ ਹੈ, ਅਤੇ ਨਾ ਹੀ ਇਨ੍ਹਾਂ ਅਖੌਤੀ ਇਨਕਲਾਬੀਆਂ ਦੀਆਂ ਕਰਤੂਤਾਂ ਲਈ ਮਾਓਵਾਦ ਕਿਸੇ ਵੀ ਤਰ੍ਹਾਂ ਜੁੰਮੇਵਾਰ ਹੈ!
(4) ਕਰਮ ਬਰਸਟ ਨੇ ਮੇਰੇ ਬਾਰੇ ਲਿਖਿਆ ਸੀ ਕਿ ਮੇਰਾ ਪ੍ਰਵਚਨ, ਨਵ-ਜਮਹੂਰੀ ਇਨਕਲਾਬ ਤੇ ਟਿਕਿਆ ਹੋਇਆ ਹੈ! ਪ੍ਰਤੀਬੱਧ ਨੇ ਇਸ ਤੋਂ ਵੀ ਅੱਗੇ ਕਹਿ ਦਿੱਤਾ ਕਿ:
‘ਤੁਹਾਡਾ ਕਹਿਣਾ ਹੈ ਕਿ ਜੇ ਭਾਰਤ ‘ਚ ਸਰਮਾਏਦਾਰੀ ਸੰਬੰਧ ਭਾਰੂ ਹੋ ਵੀ ਜਾਣ ਤਾਂ ਵੀ ਇੱਥੇ ਜਮਹੂਰੀ ਇਨਕਲਾਬ ਹੀ ਹੋਵੇਗਾ’
ਪਰ ਮੈਂ ਤਾਂ ਇਹ ਕਿਧਰੇ ਵੀ ਨਹੀਂ ਕਿਹਾ! ਮੈਂ ਤਾਂ ਇਸ ਟਿੱਪਣੀ ‘ਚ ਇਹ ਲਿਖਿਆ ਸੀ:
‘ਜੇ ਇਹ ਮੰਨ ਕੇ ਚੱਲੀਏ ਕਿ ਭਾਰਤ ਦੀ ਆਰਥਿਕਤਾ ‘ਚ ਸਰਮਾਏਦਾਰ ਰਿਸ਼ਤੇ ਭਾਰੂ ਹੋ ਗਏ ਹਨ, ਤਾਂ ਇਸ ਦਾ ਸੁਤੇ-ਸਿੱਧ ਅਰਥ ਨਹੀਂ ਬਣ ਜਾਂਦਾ ਕਿ ਭਾਰਤ ‘ਚ ਨਵ-ਜਮਹੂਰੀ ਇਨਕਲਾਬ ਦੀ ਲੋੜ ਖਤਮ ਹੋ ਗਈ ਹੈ?’
ਇਹਦੇ ‘ਚ ਸ਼ਬਦ ‘ਸੁਤੇ-ਸਿੱਧ’ ਮੈਂ ਸੋਚ-ਸਮਝ ਕੇ ਵਰਤਿਆ ਹੈ, ਜੀਹਦਾ ਭਾਵ ਹੈ ਕਿ ਜੇ ਭਾਰਤ ਦੀ ਆਰਥਿਕਤਾ ‘ਚ ਸਰਮਾਏਦਾਰ ਰਿਸ਼ਤੇ ਭਾਰੂ ਹੋ ਗਏ ਹਨ ਤਾਂ ਇਸੇ ਅਧਾਰ ‘ਤੇ ਇਹ ਐਲਾਨ ਕਰ ਦੇਣਾ ਕਿ ਇੱਥੇ ਹੁਣ ਨਵ-ਜਮਹੂਰੀ ਇਨਕਲਾਬ ਦੀ ਲੋੜ ਖਤਮ ਹੋ ਗਈ ਹੈ! ਗਲਤ ਹੈ! ਮੇਰਾ ਮੰਨਣਾ ਹੈ ਕਿ ਇਹ ਐਲਾਨ ਕਰਨ ਤੋਂ ਪਹਿਲਾਂ, ਇਸ ਦੀ ਘੋਖ-ਪੜਤਾਲ ਤੇ ਠੋਸ ਵਿਸ਼ਲੇਸ਼ਣ ਦੀ ਲੋੜ ਹੈ! ਮੇਰੀ ਇਹ ਪੁਜ਼ੀਸ਼ਨ ਸਿਰਫ ਭਾਰਤ ਬਾਰੇ ਨਹੀਂ, ਉਨ੍ਹਾਂ ਸਾਰੇ ਅਣ-ਵਿਕਸਿਤ ਦੇਸ਼ਾਂ ਬਾਰੇ ਹੈ ਜਿਨ੍ਹਾਂ ਦੀ ਆਰਥਿਕਤਾ ‘ਚ ਸਰਮਾਏਦਾਰੀ ਰਿਸ਼ਤੇ ਨਵੇਂ-ਨਵੇਂ ਭਾਰੂ ਹੋਏ ਹਨ! ਸਿਰਫ਼ ਇਨ੍ਹਾਂ ਹੀ ਨਹੀਂ, ਮੈਂ ਸਮਝਦਾ ਹਾਂ ਕਿ ਇਹ ਪੁਜ਼ੀਸ਼ਨ ਸਿਧਾਂਤਕ ਤੌਰ ‘ਤੇ ਵੀ ਪ੍ਰਵਾਨ ਹੋਣੀ ਚਾਹੀਦੀ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਤੁਸੀਂ ਮੇਰੀ ਇਹ ਪੁਜ਼ੀਸ਼ਨ ਸਿਧਾਂਤਿਕ ਤੌਰ ‘ਤੇ ਪਹਿਲਾਂ ਹੀ ਕਬੂਲ ਕਰੀ ਬੈਠੇ ਹੋ ਅਤੇ ਇਸ ਦਾ ਇਜ਼ਹਾਰ ਤੁਸੀਂ ਇਸੇ ਟਿੱਪਣੀ ‘ਚ ਕੀਤਾ ਵੀ ਹੈ! ਤੁਸੀਂ ਲਿਖਦੇ ਹੋ:
‘ਇਹ ਮਾਰਕਸਵਾਦ ਦੀ ਬੁਨਿਆਦੀ ਸਿੱਖਿਆ ਹੈ ਕਿ ਜੇਕਰ ਕਿਸੇ ਦੇਸ਼ ‘ਚ ਸਰਮਾਏਦਾਰ ਰਿਸ਼ਤੇਦਾਰ ਭਾਰੂ ਵੀ ਹੋ ਜਾਣ ਤਾਂ ਇਨਕਲਾਬ ਦਾ ਪੜਾਅ ਅਧਾਰ ਭਾਵ ਪੈਦਾਵਾਰ ਸੰਬੰਧਾਂ ਤੋਂ ਨਹੀਂ, ਸਗੋਂ ਰਾਜ ਸਭਾ ਦੇ ਖਾਸੇ ਤੋਂ ਹੁੰਦਾ ਹੈ।’
ਆਪਣੇ ਇਸ ਵਿਸ਼ਲੇਸ਼ਣ ਨੂੰ ਠੀਕ ਸਾਬਤ ਕਰਨ ਲਈ ਤੁਸੀਂ ਇਸ ਦੇ ਹੱਕ ‘ਚ ਇਕ ਉਦਾਹਰਨ ਵੀ ਦਿੱਤੀ ਹੈ! ਕਿਓਕਿ ਮੈਂ ਸਵਾਲ ਕੀਤਾ ਕਿ ਰੂਸੀ ਸਮਾਜਵਾਦੀ ਇਨਕਲਾਬ ਤੋਂ ਸਿਰਫ 8 ਮਹੀਨੇ ਪਹਿਲਾਂ ਰੂਸ ਨੂੰ ਬੁਰਜੂਆ ਜਮਹੂਰੀ ਇਨਕਲਾਬ ਦੀ ਕੀ ਲੋੜ ਪੈ ਗਈ ਸੀ? ਮੇਰੇ ਇਸ ਸਵਾਲ ਦੇ ਜਵਾਬ ‘ਚ ਕਰਮ ਬਰਸਟ ਨੇ ਤਾਂ ਇਹ ਕਹਿ ਕੇ ਸਾਰ ਲਿਆ ਕਿ ਇਹ ‘ਟੋਭੇ ਚ ਵੱਟੇ ਮਾਰਨ ਵਾਲੀ ਗੱਲ’ ਹੈ ਪਰ ਰੂਸ ਦੇ ਬੁਰਜੂਆ ਇਨਕਲਾਬ ਦਾ ਕਾਰਨ ਦੱਸਦਿਆਂ ਤੁਸੀਂ ਲਿਖਦੇ ਹੋ:
‘ਰੂਸ ‘ਚ ਭਾਵੇਂ ਸਰਮਾਏਦਾਰ ਰਿਸ਼ਤੇ ਭਾਰੂ ਸਨ ਪਰ ਰਾਜ ਸੱਤਾ ਦਾ ਖਾਸਾ ਬੁਰਜੂਆ ਜਮਹੂਰੀ ਨਹੀਂ ਸੀ’
ਇਸ ਦਲੀਲ ‘ਚ ਉਨ੍ਹਾਂ ਨੇ ਉਹ ਕਾਰਨ ਦੱਸਿਆ ਹੈ ਜੀਹਦੇ ਕਰਕੇ ਰੂਸ ‘ਚ ਸਰਮਾਏਦਾਰ ਰਿਸ਼ਤੇ ਭਾਰੂ ਹੋਣ ਦੇ ਬਾਵਜੂਦ ਲੈਨਿਨ ਹੋਰਾਂ ਨੂੰ ਅੱਠ ਮਹੀਨੇ ਪਹਿਲਾਂ ਬੁਰਜੂਆ ਜਮਹੂਰੀ ਇਨਕਲਾਬ ਕਰਨਾ ਪਿਆ ਸੀ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਥੋਡੀ ਇਹ ਦਲੀਲ ਹੀ ਮੇਰੀ ਗੱਲ ਦੀ ਪੁਸ਼ਟੀ ਕਰਦੀ ਹੈ।
ਮੇਰਾ ਖਿਆਲ ਹੈ ਕਿ ਇਸ ਨੂਕਤੇ ‘ਤੇ ਮੈਨੂੰ ਹੋਰ ਕੁਝ ਲਿਖਣ ਦੀ ਲੋੜ ਨਹੀਂ! ਪਰ ਮੈਂ ਇਕ ਹੋਰ ਗੱਲ ਵੀ ਸਪੱਸ਼ਟ ਕਰਨੀ ਚਾਹਾਂਗਾ; ਮੇਰੀ ਉਪਰੋਕਤ ਸਮਝ, ਸਿਰਫ ਇਨਕਲਾਬ ਦੇ ਪੜਾਅ ਦੇ ਮਾਮਲੇ ‘ਚ ਹੀ ਲਾਗੂ ਨਹੀਂ ਹੁੰਦੀ? ਇਹ ਇਨਕਲਾਬ ਦੇ ਰਾਹ ‘ਤੇ ਵੀ ਲਾਗੂ ਹੁੰਦੀ ਹੈ! ਇਸ ਮਾਮਲੇ ‘ਚ ਵੀ ਘੋਖ-ਪੜਤਾਲ ਤੇ ਵਿਸ਼ਲੇਸ਼ਣ ਕਰਨ ਦੀ ਲੋੜ ਹੋਵੇਗੀ। ਵੈਸੇ ਤਾਂ ਇਹ ਵਿਸ਼ਲੇਸ਼ਣ ਇਨਕਲਾਬੀ ਲਹਿਰ ਦੇ ਅਮਲ ਨਾਲ ਜੁੜੇ ਹੋਏ ਲੋਕ ਹੀ ਕਰ ਸਕਣਗੇ, ਮੇਰੇ ਵਰਗੇ ਲਹਿਰ ਤੋਂ ਦੂਰ ਬੈਠੇ ਨਹੀਂ! ਪਰ ਫਿਰ ਵੀ ਜੇ ਸਿਰਫ ਪ੍ਰਭਾਵ ਦੇ ਪੱਧਰ ‘ਤੇ ਗੱਲ ਕਰਨੀ ਹੋਵੇ ਤਾਂ ਲੱਗਦਾ ਹੈ ਕਿ ਇਹ ਯੁਧਨੀਤੀ, ਲਮਕਵੇਂ ਲੋਕ ਯੁੱਧ ਅਤੇ ਬਗਾਵਤਾਂ ਦਾ ਸੁਮੇਲ ਹੋਵੇਗੀ ਅਤੇ ਉਹ ਇੱਕ ਦੂਜੇ ਦੇ ਪੂਰਕ ਹੋਣਗੇ!
ਨੋਟ: ਸੁਖਵਿੰਦਰ ਜੀ ਤੁਹਾਡਾ ਇੱਕ ਹੋਰ ਭੁਲੇਖਾ ਦੂਰ ਕਰਨਾ ਸੀ: ਤੁਸੀਂ ਕਿਹਾ ਸੀ ਕਿ ਮੈਂ ਅਮਰੀਕਾ ਦੀ ਕਮਿਊਨਿਸਟ ਪਾਰਟੀ RCP ਦੇ ਨਾਮ ਨਾਲ ੲ ਜੋੜ ਕੇ RCPE ਬਣਾ ਦਿੱਤਾ ਹੈ। ਪਰ ਇਹ ਇੰਜ ਨਹੀਂ ਹੋਇਆ। ਮੈਂ ਇਹ ਨਾਮ ਪੰਜਾਬੀ ‘ਚ ਲਿਖਣ ਤੋਂ ਬਾਅਦ ‘ਹੀ’ ਸ਼ਬਦ ਦੀ ਥਾਂ ‘ਈ’ ਸ਼ਬਦ ਲਿਖਿਆ ਸੀ! ਤੁਸੀਂ ਭੁਲੇਖੇ ‘ਚ ਪੰਜਾਬੀ ਦੇ ਈ ਦਾ ਅੰਗਰੇਜ਼ੀ ‘ਚ ੲ ਬਣਾ ਲਿਆ।
