ਗੁਲਜ਼ਾਰ ਸਿੰਘ ਸੰਧੂ
ਪਿਛਲੀ ਸ਼ਤਾਬਦੀ ਦੇ 50ਵਿਆਂ ਵਿਚ ਖਾਲਸਾ ਕਾਲਜ ਮਾਹਿਲਪੁਰ ਵਿਖੇ ਪੜ੍ਹਦਿਆਂ ਮੈਂ ਡਾਕਟਰ ਦੀਵਾਨ ਸਿੰਘ ਦੀ ‘ਵਗਦੇ ਪਾਣੀ’ ਪੁਸਤਕ ਵਿਚਲੀਆਂ ਕੁਝ ਕਵਿਤਾਵਾਂ ਆਪਣੇ ਪਾਠਕ੍ਰਮ ਵਿਚ ਪੜ੍ਹੀਆਂ ਤਾਂ ਪਤਾ ਲੱਗਿਆ ਕਿ ਉਸਨੂੰ ਜਪਾਨੀਆਂ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ| 1953 ਵਿਚ ਰੋਜ਼ੀ-ਰੋਟੀ ਦੇ ਸਬੰਧ ਵਿਚ ਦਿੱਲੀ ਪਹੁੰਚਿਆ ਤਾਂ ਉਥੋਂ ਦੇ ਕਾਫੀ ਹਾਊਸ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਅਜਿਹੀ ਜਾਣ-ਪਹਿਚਾਣ ਹੋਈ ਕਿ ਮੈਂ ਅੱਜ ਤੱਕ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਚਲਿਆ ਆ ਰਿਹਾ ਸਾਂ| ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਮਹਿੰਦਰ ਸਿੰਘ ਢਿੱਲੋਂ, ਸੁਦਰਸ਼ਨ ਤੇ ਇੰਦਰਾ ਬਲ ਵਲੋਂ ਰੱਜਵਾਂ ਪਿਆਰ ਮਿਲਿਆ ਤੇ ਏਨਾ ਜ਼ਿਆਦਾ ਕਿ ਮੈਂ 1973 ਵਿਚ ਖੁਦ ਵੀ ਅੰਡੇਮਾਨ ਤੇ ਨਿੱਕੋਬਾਰ ਦੇ ਟਾਪੂਆਂ ਦੇ ਕਾਲੇ ਪਾਣੀ ਆਪਣੀ ਅੱਖੀਂ ਵੇਖ ਕੇ ਆਇਆ|
ਪਿਛਲੇ ਮਹੀਨੇ ਚੋਟੀ ਦੀਆਂ ਪੰਜਾਬੀ ਸੰਸਥਾਵਾਂ ਭਾਈ ਵੀਰ ਸਿੰਘ ਸਦਨ, ਨਵੀਂ ਦਿੱਲੀ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਤੇ ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਆਤਮਜੀਤ ਦੇ ਨਾਟਕ ‘ਕਿਸ਼ਤੀਆਂ ਵਿਚ ਜਹਾਜ਼’ ਦੇ ਪਾਠਕ੍ਰਮ ਨੇ ਮੈਨੂੰ ਆਪਣੇ ਵਿਦਿਆਰਥੀ ਜੀਵਨ ਦਾ ਮਾਹਿਲਪੁਰ ਹੀ ਨਹੀਂ; 1973 ਦੇ ਅੰਡੇਪਨੀ ਆਦਿਵਾਸੀ ਵੀ ਚੇਤੇ ਕਰਵਾ ਦਿੱਤੇ ਹਨ|
ਮੈਂ ਅੰਡੇਮਾਨ ਦੀ ਇਹ ਨਸਲ ਸਭਿਅਤਾ ਦੇ ਮੇਲ ਵਿਚ ਆ ਕੇ ਖ਼ਤਮ ਹੋਣ ਬਾਰੇ ਜਾਣਿਆ| ਅਜਿਹੇ ਅਪਰਾਧੀ ਜਿਨ੍ਹਾਂ ਨੂੰ ਕਾਲੇ ਪਾਣੀ ਵਿਚ ਉਮਰ ਕੈਦ ਦੀ ਸਜ਼ਾ ਮਿਲੀ ਸੀ ਏਥੇ ਭੇਜੇ ਗਏ ਸਨ| ਚੰਗੇ ਆਚਾਰ ਵਲੇ ਅਪਰਾਧੀਆਂ ਨੂੰ ਜੰਗਲ ਦੀ ਕੁਝ ਜ਼ਮੀਨ ਵਾਹੀ ਖੇਤੀ ਲਈ ਦਿੱਤੀ ਜਾਂਦੀ ਸੀ| ਉਨ੍ਹਾਂ ਨੇ ਜੰਗਲ ਦੇ ਮਾਲਕਾਂ ਨੂੰ ਸਹਿਜੇ-ਸਹਿਜੇ ਖੁੱਡੇ ਲਾਉਣਾ ਸ਼ੁਰੂ ਕਰ ਦਿੱਤਾ ਸੀ| ਤਪਦਿਕ, þਹੈਜ਼ੇ ਤੇ ਮਲੇਰੀਏ ਦੇ ਜਰਾਸੀਮ ਵੀ ਸਭਿਅਕ ਖੰਡ ਦੇ ਇਹ ਅਪਰਾਧੀ ਉਥੇ ਲੈ ਗਏ ਸਨ| ਸਭਿਅਕ ਸੰਸਾਰ ਦੀ ਆਦਿਵਾਸੀਆਂ ਨੂੰ ਇਹ ਸਭ ਤੋਂ ਘਾਤਕ ਦੇਣ ਸੀ| ਡਾ. ਦੀਵਾਨ ਸਿੰਘ ਨੇ ਇਨ੍ਹਾਂ ਦੀ ਰੱਖਿਆ ਕੀਤੀ ਸੀ|
ਆਜ਼ਾਦੀ ਮਿਲਣ ਤੋਂ ਪਿਛੋਂ ਭਾਰਤ ਸਰਕਾਰ, ਅੰਗਰੇਜ਼ੀ ਸਰਕਾਰ ਦੀ ਇਸ ਨੀਤੀ ਦੀ ਸੋਧ ਕਰਨਾ ਚਾਹੁੰਦੀ ਸੀ| ਸਰਕਾਰ ਚਾਹੁੰਦੀ ਸੀ ਕਿ ਇਹ ਨਸਲ ਕਿਸੇ ਤਰ੍ਹਾਂ ਖ਼ਤਮ ਹੋਣ ਤੋਂ ਬਚੀ ਰਹੇ| ਅੰਡੇਮਾਨ ਤੇ ਨਿਕੋਬਾਰ ਦੇ ਇਹ ਕਬੀਲੇ ਇਕ ਚੁਥਾਈ ਰਹਿ ਗਏ ਸਨ| ਇਨ੍ਹਾਂ ਵਿਚੋਂ ਜਾਰਵਾ ਨਾਂ ਦੇ ਆਦਿਵਾਸੀਆਂ ਦੇ ਰਹਿਣ ਲਈ ਸਰਕਾਰ ਨੇ ਪਗਡੰਡੀ ਦੇ ਦੋਵੇਂ ਪਾਸੇ ਪੱਕੇ ਕੁਆਰਟਰ ਬਣਾਏ ਹੋਏ ਸਨ| ਮੈਨੂੰ ਹੈਰਾਨੀ ਕੀ ਹੋਈ ਕਿ ਇਹ ਲੋਕ ਕੁਆਟਰਾਂ ਤੋਂ ਬਾਹਰ ਕੁੱਲੀਆਂ ਪਾਈ ਬੈਠੇ ਸਨ ਜਿਨ੍ਹਾਂ ਵਿਚ ਚਾਹ ਦੇ ਦੇਗੇ, ਕੁਝ ਠੰਡੇ ਤੇ ਕੁਝ ਤੱਤੇ, ਸਦਾ ਤਿਆਰ ਰਹਿੰਦੇ ਸਨ| ਕੁੱਲੀਆਂ ਦੇ ਬਾਹਰਵਾਰ ਨਿੱਕੀਆਂ-ਨਿੱਕੀਆਂ ਮੱਛੀਆਂ ਇੰਜ ਸੁੱਕਣੀਆਂ ਪਾਈਆਂ ਹੋਈਆਂ ਸਨ ਜਿਵੇਂ ਮੇਨਲੈਂਡ ਦੇ ਮਿਰਚਾਂ ਪੈਦਾ ਕਰਨ ਵਾਲੇ ਕਿਸਾਨ ਮਿਰਚਾਂ ਸੁਕਾਉਂਦੇ ਹਨ|
1973 ਤੱਕ ਇੱਥੇ ਵਸਾਏ ਗਏ 24 ਬੰਦੇ ਕਿਤੇ ਦੀ ਇੱਟ ਕਿਤੇ ਦਾ ਰੋੜਾ ਸਨ| ਬੀਏ ਨਾਂ ਦੇ ਬੰਦੇ ਦਾ ਪਰਿਵਾਰ ਸਭ ਤੋਂ ਵੱਡਾ ਸੀ| ਦੋ ਧੀਆਂ ਛੇ ਦੋਹਤੇ ਦੋਹਤੀਆਂ—ਪੁੱਤਰ ਹਾਲੀ ਕੰਵਾਰਾ ਸੀ|
ਕਬੀਲੇ ਦਾ ਰਾਜਾ ਬੇ-ਔਲਾਦ ਸੀ| ਉਸ ਦੀ ਰਾਣੀ ਮਰ ਚੁੱਕੀ ਸੀ| ਉਹ ਜਿਰਕੇ ਦੀ ਧੀ ਨੂੰ ਆਪਣੀ ਬਣਾ ਕੇ ਪਾਲ ਰਿਹਾ ਸੀ| ਸਰਕਾਰ ਚਾਹੁੰਦੀ ਸੀ ਕਿ ਉਹ ਜਿਰਕੇ ਦਾ ਵਿਆਹ ਬੀਏ ਦੀ ਦੋਹਤਰੀ ਸੁਰਮਈ ਨਾਲ ਕਰਵਾ ਦੇਵੇ| ਜਿਰਕੇ ਤੋਂ ਸਿਵਾ ਉਸ ਆਈਲੈਂਡ ਵਿਚ ਸੁਰਮਈ ਦੇ ਹਾਣੀ ਮੁੰਡੇ ਵੀ ਸਨ ਪਰ ਅੰਡੇਮਾਨੀ ਰੀਤੀ ਅਨੁਸਾਰ ਸੁਰਮਈ ਦਾ ਵਿਆਹ ਜਿਰਕੇ ਤੋਂ ਬਿਨਾਂ ਹੋਰ ਕਿਸੇ ਨਾਲ ਨਹੀਂ ਸੀ ਹੋ ਸਕਦਾ| ਜਿਰਕੇ ਦਾ ਛੋਟਾ ਭਰਾ ਸੁਰਮਈ ਦੇ ਹਾਣ ਦਾ ਸੀ ਪਰ ਵੱਡੇ ਭਰਾ ਨੂੰ ਰੰਡਾ-ਕੰਵਾਰਾ ਛੱਡ ਕੇ ਉਸ ਦੇ ਵਿਆਹ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ|
ਦੋਵੇਂ ਜਵਾਨ ਰਾਜੇ ਵੱਲੋਂ ਪਾਲੀ ਜਾ ਰਹੀ ਜਿਰਕੇ ਦੀ ਧੀ ਨੇ ਵੀ ਇਕ ਦਿਨ ਜਵਾਨ ਹੋਣਾ ਸੀ ਪਰ ਉਸ ਦੇ ਦਿਲ ਵਿਚ ਪੰਕਚਰ ਸੀ| ਉਸ ਦਾ ਕੀ ਪਤਾ ਸੀ ਬਚਦੀ ਵੀ ਸੀ ਕਿ ਨਹੀਂ| ਸਾਰੇ ਪਰੇਸ਼ਾਨ ਸਨ| ਉਤਸਕ ਸਨ| ਸ਼ਾਇਦ ਸਰਕਾਰ ਨਾਲੋਂ ਦੋ ਦਰਜੇ ਵੱਧ|
ਸੁਰਮਈ ਨਹੀਂ ਸੀ ਮੰਨ ਰਹੀ| ਜਿਰਕਾ ਉਹਦੇ ਬਾਪ ਵਰਗਾ ਸੀ| ਉਸ ਨੂੰ ਬੁੱਢੇ ਨਾਲ ਵਿਆਹ ਕਰਵਾਉਣ ਦੀ ਥਾਂ ਆਪਣੇ ਹਾਣ ਦੇ ਮੁੰਡਿਆਂ ਨਾਲ ਰਲ-ਮਿਲ ਕੇ ਰਹਿਣਾ ਚੰਗਾ ਲੱਗਦਾ ਸੀ| ਮਸਲੇ ਦਾ ਕੋਈ ਹੱਲ ਨਜ਼ਰ ਨਹੀਂ ਸੀ ਆ ਰਿਹਾ|
ਮੈਂ ਰਾਤ ਨੂੰ ਲਾਲਟੈਣ ਦੀ ਰੌਸ਼ਨੀ ਵਿਚ ਆਦਿਵਾਸੀ ਜੀਵਨ ਬਾਰੇ ਪੁਸਤਕ ਪੜ੍ਹ ਰਿਹਾ ਸੀ ਤਾਂ ਮੈਂ ਵੇਖਿਆ ਕਿ ਲਾਲਟੈਣ ਦੀ ਰੋਸ਼ਨੀ ਵਿਚ ਤਿੰਨ-ਚਾਰ ਕਿਰਲੀਆਂ ਟਿੱਡੀਆਂ ਦਾ ਸ਼ਿਕਾਰ ਕਰ ਰਹੀਆਂ ਸਨ| ਮੈਨੂੰ ਉਹ ਚਾਨਣ ਬੁਰਾ ਲੱਗਿਆ ਜਿਹੜਾ ਇਕ ਵੱਡੇ ਜਾਨਵਰ ਦੇ ਛੋਟੇ ਜਾਨਵਰ ਨੂੰ ਖਾਣ ਵਿਚ ਸਹਾਈ ਹੋ ਰਿਹਾ ਸੀ|
ਫੇਰ ਮੇਰੇ ਸਾਹਮਣੇ ਬੀਏ ਦੀ ਸਭ ਤੋਂ ਛੋਟੀ ਦੋਹਤਰੀ ਨੂਹ ਦਾ ਚਿਹਰਾ ਆ ਗਿਆ ਜਿਸਦਾ ਰੰਗ-ਰੂਪ ਦੱਖਣੀ ਭਾਰਤ ਦੇ ਵਸਨੀਕਾਂ ਨਾਲ ਮਿਲਦਾ-ਜੁਲਦਾ ਸੀ| ਇਹ ਵੀ ਕਿ ਨੂਹ ਦੀ ਮਾਂ ਨੇ ਉਸ ਨੂੰ ਦੱਸਿਆ ਸੀ ਕਿ ਨੂਹ ਕਿਸੇ ਕੇਰਲ ਨਿਵਾਸੀ ਦੀ ਧੀ ਸੀ| ਨੂਹ ਦੇ ਔਲਾਦ ਹੁੰਦੀ ਤਾਂ ਉਸ ਨੂੰ ਅੰਡੇਮਾਨੀ ਨਹੀਂ ਸੀ ਕਿਹਾ ਜਾ ਸਕਦਾ|
ਨੂਹ ਦੇ ਚਿਹਰੇ ਤੋਂ ਪਿਛੋਂ ਮੇਰੇ ਸਹਮਣੇ ਉਸ ਦੀ ਵੱਡੀ ਭੈਣ ਸੁਰਮਈ ਦਾ ਚਿਹਰਾ ਆ ਗਿਆ ਜਿਸ ਨੇ ਥੋੜ੍ਹੀ ਬਹੁਤ ਕੋਸ਼ਿਸ਼ ਤੋਂ ਪਿਛੋਂ ਜਿਰਕੇ ਨਾਲ ਵਿਆਹੀ ਜਣਾ ਸੀ| ਕੀ ਪਤਾ ਜਿਰਕੇ ਦੀ ਅੱਗੋਂ ਔਲਾਦ ਹੁੰਦੀ ਸੀ ਜਾਂ ਨਹੀਂ ਤੇ ਜੇ ਹੁੰਦੀ ਤਾਂ ਇਸ ਦਾ ਕੀ ਭਰੋਸਾ ਸੀ ਕਿ ਉਸ ਦੇ ਧੀ ਹੀ ਜੰਮਦੀ ਜਿਹੜੀ ਅੱਗੋਂ ਇਸ ਨਸਲ ਨੂੰ ਜਾਰੀ ਰੱਖਦੀ| ਇਹ ਵੀ ਕੀ ਪਤਾ ਸੀ ਕਿ ਸੁਰਮਈ ਦੀ ਹੋਣ ਵਾਲੀ ਔਲਾਦ ਜਿਰਕੇ ਦੀ ਹੁੰਦੀ ਜਾਂ ਕਿਸੇ ਬਾਹਰਲੇ ਦੀ| ਔਲਾਦ ਦਾ ਪਿਤਾ ਕੋਈ ਬਾਹਰਲਾ ਮਨੁੱਖ ਵੀ ਤਾਂ ਹੋ ਸਕਦਾ ਸੀ| ਮੈਂ ਉਦਾਸ ਹੋ ਗਿਆ ਤੇ ਬੱਤੀ ਬੁਝਾ ਦਿੱਤੀ|
ਲਾਲਟੈਣ ਦੇ ਬੁਝਾਉਣ ਦੀ ਦੇਰ ਸੀ ਕਿ ਇਕ ਟਟਹਿਣਾ ਛੱਤ ਵੱਲੋਂ ਡਿੱਕੋ-ਡੋਲੇ ਖਾਂਦਾ ਸਾਹਮਣੇ ਰੱਖੇ ਪਾਣੀ ਦੇ ਜੱਗ ਵਿਚ ਡਿੱਗ ਪਿਆ| ਪਾਣੀ ਉੱਤੇ ਤਰਦੇ ਟਟਹਿਣੇ ਦੀ ਰੋਸ਼ਨੀ ਮੈਨੂੰ ਭਰੇ ਤਲਾਅ ਵਿਚ ਉੱਗੇ ਕੰਵਲ ਦੇ ਫੁਲ ਵਾਂਗ ਜਾਪੀ|
ਉਸ ਖ਼ਾਮੋਸ਼, ਸੁੰਨਸਾਨ ਤੇ ਉਦਾਸ ਚੁਗਿਰਦੇ ਵਿਚ ਜੁਗਨੂੰ ਦੀ ਰੌਸ਼ਨੀ ਨੇ ਮੈਨੂੰ ਸੁਆ ਦਿੱਤਾ| ਸਵੇਰੇ ਉੱਠਿਆ ਤਾਂ ਦੂਰ ਪਰੇ ਛੱਲਾਂ ਮਾਰਦੇ ਸਾਗਰ ਵਿਚ ਉਹ ਕਿਸ਼ਤੀ ਦਿਖਾਈ ਦਿੱਤੀ ਜਿਸ ਨੇ ਮੈਨੂੰ ਵਾਪਸ ਪੋਰਟ ਬਲੇਅਰ ਲੈ ਜਾਣਾ ਸੀ|
ਅੰਤਿਕਾ
1973 ਵਿਚ ਪੋਰਟ ਬਲੇਅਰ ਪਹੁੰਚਣ ਉਤੇ ਸ਼ਿਵ ਕੁਮਾਰ ਬਟਾਲਵੀ ਦੇ ਅਕਾਲ ਚਲਾਣੇ ਦੀ ਖਬਰ ਨੇ ਮੈਨੂੰ ਹੋਰ ਵੀ ਉਦਾਸ ਕਰ ਦਿੱਤਾ| ਇਸ ਸਫਰ ਦਾ ਅੰਤ ਚੰਗਾ ਨਹੀਂ ਸੀ| ਮੈਨੂੰ ਕਾਲੇ ਪਾਣੀ ਬੈਠਿਆਂ ਸ਼ਿਵ ਦੇ ਹੇਠ ਲਿਖੇ ਬੋਲ ਚੇਤੇ ਆ ਗਏ:
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮਰਨੇ ਦੀ ਰੁੱਤ ਸੋਈ
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਮੈਂ ਖਿੜਕੀ ਵਿਚੋਂ ਬਾਹਰ ਤੱਕਿਆ ਤਾਂ ਆਕਾਸ਼ ’ਤੇ ਤਾਰੇ ਚਮਕ ਰਹੇ ਸਨ|
