ਬੂਟਾ ਸਿੰਘ ਮਹਿਮੂਦਪੁਰ
ਕਮਿਊਨਿਸਟ ਮੈਨੀਫੈਸਟੋ (1848) ਨੂੰ ਛਪਿਆਂ ਪੌਣੇ ਦੋ ਸਦੀਆਂ ਅਤੇ ‘ਸਰਮਾਇਆ’ ਨੂੰ ਛਪਿਆਂ ਲਗਭਗ ਡੇਢ ਸੌ ਸਾਲ ਹੋ ਚੁੱਕੇ ਹਨ। ਇਸ ਤੋਂ ਬਾਅਦ ਰੂਸ, ਚੀਨ ਅਤੇ ਹੋਰ ਮੁਲਕਾਂ ਵਿਚ ਮਾਰਕਸਵਾਦੀ ਵਿਚਾਰਧਾਰਾ ਦੇ ਆਧਾਰ ’ਤੇ ਸਮਾਜਵਾਦੀ ਰਾਜ ਸਥਾਪਤ ਕਰਨ ਦੇ ਤਜਰਬੇ ਹੋਏ ਅਤੇ ਆਖਿæਰਕਾਰ ਸੰਸਾਰ ਸਮਾਜਵਾਦੀ ਕੈਂਪ ਖ਼ਤਮ ਹੋ ਗਿਆ।
ਸੋਵੀਅਤ ਯੂਨੀਅਨ ਦੇ ਟੁੱਟਣ ਸਮੇਂ ਸੰਸਾਰ ਸਰਮਾਏਦਾਰੀ ਦੇ ਬੁੱਧੀਜੀਵੀਆਂ ਨੇ ਜ਼ੋਰ-ਸ਼ੋਰ ਨਾਲ ਇਹ ਦਾਅਵਾ ਕੀਤਾ ਕਿ ਕਮਿਊਨਿਜ਼ਮ ਦਾ ਕੋਈ ਭਵਿੱਖ ਨਹੀਂ ਹੈ। ਸਮਾਜਵਾਦ ਫੇਲ੍ਹ ਹੋ ਚੁੱਕਾ ਹੈ, ਇਹ ਦੁਬਾਰਾ ਨਹੀਂ ਆ ਸਕਦਾ। ਇਹ ਵੀ ਕਿ ਸਰਮਾਏਦਾਰੀ ਨੂੰ ਮਨਫ਼ੀ ਕਰਕੇ ਸਮਾਜ ਬਣਾਉਣ ਦੀ ਸੋਚ, ਕੇਂਦਰੀ ਯੋਜਨਾਬੰਦੀ ਦੇ ਤਹਿਤ ਪੈਦਾਵਾਰੀ ਸਾਧਨਾਂ ਦੇ ਸਮਾਜੀਕਰਨ ਦੀ ਹਰ ਦਲੀਲ ‘ਗ਼ੈਰਹਕੀਕੀ’ ਅਤੇ ‘ਖਿæਆਲੀ ਕਲਪਨਾ’ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦੁਨੀਆ ਦੀ ਸਮਾਜੀ-ਆਰਥਕ ਕਾਇਆਪਲਟੀ ਦੇ ਅਮਲ ਵਿਚ ਸਰਮਾਏਦਾਰੀ ਆਖ਼ਰੀ ਜੇਤੂ ਹੈ। ਉਨ੍ਹਾਂ ਨੇ ‘ਇਤਿਹਾਸ ਦਾ ਅੰਤ’, ‘ਵਿਚਾਰਧਾਰਾਵਾਂ ਦਾ ਅੰਤ’ ਦਾ ਐਲਾਨ ਕਰਦਿਆਂ ਕਿਹਾ ਕਿ ਸਰਮਾਏਦਾਰੀ ਦਾ ਕੋਈ ਬਦਲ ਨਹੀਂ ਹੈ ਅਤੇ ਪੂਰੀ ਮਨੁੱਖਤਾ ਲਈ ਸਥਾਈ ਹੰਢਣਸਾਰ ਵਿਕਾਸ ਮਾਡਲ ਸਿਰਫ਼ ਤੇ ਸਿਰਫ਼ ਸਰਮਾਏਦਾਰੀ ਹੈ। ਲਿਹਾਜ਼ਾ ਸਵਾਲ ਇਹ ਹੈ: ਕੀ ਮਾਰਕਸ ਦੇ ਵਿਚਾਰ ਹੁਣ ਅਪ੍ਰਸੰਗਿਕ ਹੋ ਗਏ ਹਨ, ਜਾਂ ਜਿਵੇਂ ਮਾਰਕਸਵਾਦ ਨੂੰ ਸਹੀ ਮੰਨਣ ਵਾਲੇ ਦਾਅਵਾ ਕਰਦੇ ਹਨ, ਉਸਦੀ ਵਿਚਾਰਧਾਰਾ ਅੱਜ ਵੀ ਦੁਨੀਆ ਨੂੰ ਸਮਝਣ ਅਤੇ ਬਦਲਣ ਦਾ ਸਭ ਤੋਂ ਭਰੋਸੇਯੋਗ ਵਿਗਿਆਨਕ ਸੰਦ ਹੈ?
ਇਸਦਾ ਜਵਾਬ ਮਾਰਕਸ ਦੇ ਵਿਚਾਰਾਂ ਨੂੰ ਅਜੋਕੇ ਹਾਲਾਤਾਂ ਦੇ ਵਿਸ਼ਲੇਸ਼ਣ ਅਤੇ ਵਾਸਤਵਿਕਤਾ ਦੀ ਕਸੌਟੀ ’ਤੇ ਪਰਖਣ ਵਿਚ ਹੈ।
ਮਾਰਕਸ ਦਾ ਪਹਿਲਾ ਨਿਰਣਾਇਕ ਯੋਗਦਾਨ ਦਰਸ਼ਨ ਦੇ ਖੇਤਰ ਵਿਚ ਸੀ। ਉਨ੍ਹਾਂ ਨੇ ਕਲਾਸੀਕਲ ਜਰਮਨ ਫ਼ਿਲਾਸਫ਼ੀ ਦੀਆਂ ਦੋ ਮੁੱਖ ਧਾਰਾਵਾਂ – ਹੀਗਲ ਦਾ ਦਵੰਦਵਾਦ ਅਤੇ ਫਿਊਰਬਾਖ਼ ਦਾ ਪਦਾਰਥਵਾਦ – ਦੀ ਪੜਚੋਲੀਆ ਪਰਖ-ਪੜਤਾਲ ਕਰਕੇ ਫ਼ਿਲਾਸਫ਼ੀ ਦੀ ਇਨਕਲਾਬੀ ਫ਼ਿਲਾਸਫ਼ੀ ਦੇ ਰੂਪ ਵਿਚ ਕਾਇਆਪਲਟੀ ਕੀਤੀ। ਯਥਾਸਥਿਤੀ ਦੇ ਸੰਸਾਰ ਨਜ਼ਰੀਏ ਤੋਂ ਬਦਲ ਕੇ ਮਾਰਕਸ ਨੇ ਫ਼ਿਲਾਸਫ਼ੀ ਨੂੰ ਦੁਨੀਆ ਨੂੰ ਬਦਲਣ ਦਾ ਕਾਰਜ ਦਿੱਤਾ। ਉਨ੍ਹਾਂ ਕਿਹਾ ਕਿ ਪਦਾਰਥਕ ਦੁਨੀਆ/ਕੁਦਰਤ ਕਿਸੇ ਬਾਹਰੀ ਸੱਤਾ (ਸਿਰਜਣਹਾਰੇ) ਦੀ ਰਚਨਾ ਨਹੀਂ, ਸਗੋਂ ਪਦਾਰਥ ਤੋਂ ਬਣੀ ਹੈ। ਇਹ ਸਮੇਂ ਤੇ ਸਥਾਨ ਵਿਚ ਅਨੰਤ ਹੈ ਅਤੇ ਰੂਹਾਨੀ ਖੇਤਰ ਤੋਂ ਬਾਹਰ ਤੇ ਸੁਤੰਤਰ ਰੂਪ ’ਚ ਮੌਜੂਦ ਹੈ। ਦੁਨੀਆ ਦੀ ਹਰ ਚੀਜ਼ ਦੇ ਮੂਲ ਵਿਚ ਪਦਾਰਥ ਹੈ ਜੋ ਵੱਖ-ਵੱਖ ਰੂਪਾਂ ’ਚ ਹੈ। ਜਦੋਂ ਮਾਰਕਸ ‘ਪਦਾਰਥਵਾਦ’ ਦੀ ਗੱਲ ਕਰਦੇ ਹਨ ਤਾਂ ਇਸ ਤੋਂ ਭਾਵ ਭੌਤਿਕ ਰੂਪ ਵਿਚ ਕੁਦਰਤ ਦੀ ਬਾਹਰਮੁਖੀ ਹੋਂਦ ਤੋਂ ਹੈ। ਇਸਦਾ ਮਤਲਬ ਭੋਗਵਾਦ ਨਹੀਂ ਹੈ ਜਿਵੇਂ ਕਿ ਗ਼ਲਤ ਸਮਝਿਆ ਜਾਂ ਗ਼ਲਤ ਪੇਸ਼ ਕੀਤਾ ਜਾਂਦਾ ਹੈ, ਸਗੋਂ ਇਹ ਪਦਾਰਥ ਦੀ ਧਾਰਨਾ ਦੇ ਰੂਪ ’ਚ ਕੁਦਰਤ ਦੀ ਹਕੀਕਤ ਨੂੰ ਠੋਸ ਆਧਾਰ ’ਤੇ ਸਮਝਣਾ ਹੈ।
ਉਨ੍ਹਾਂ ਕਿਹਾ ਕਿ ਪਦਾਰਥ ਸਥਿਰ ਜਾਂ ਖੜੋਤ ਦੀ ਅਵਸਥਾ ’ਚ ਨਹੀਂ ਹੈ; ਪਦਾਰਥ ਗਤੀਸ਼ੀਲ ਹੈ। ਕੋਈ ਵੀ ਚੀਜ਼ ਸਥਿਰ ਨਹੀਂ ਹੈ; ਹਰ ਚੀਜ਼ ਆਪਣੇ ਅੰਤਰ-ਵਿਰੋਧਾਂ ਕਾਰਨ ਬਦਲਦੀ ਹੈ। ਪਦਾਰਥ ਦੀ ਗਤੀ ਦੇ ਨਿਸ਼ਚਿਤ ਨਿਯਮ ਹਨ, ਇਨ੍ਹਾਂ ਨਿਯਮਾਂ ਦੇ ਆਧਾਰ ’ਤੇ ਪਦਾਰਥ ਆਪਣੇ ਰੂਪ ਬਦਲਦਾ ਰਹਿੰਦਾ ਹੈ। ਇਨ੍ਹਾਂ ਨਿਯਮਾਂ ਨੂੰ ਮਾਰਕਸ ਨੇ ਦਵੰਦਵਾਦ ਜਾਂ ਵਿਰੋਧ-ਵਿਕਾਸ ਕਿਹਾ। ਮਾਰਕਸ ਤੋਂ ਬਾਅਦ ਦੀਆਂ ਸਾਰੀਆਂ ਖੋਜਾਂ, ਚਾਹੇ ਉਹ ਭੌਤਿਕ ਵਿਗਿਆਨ ਦੇ ਖੇਤਰ ਵਿਚ ਹੋਈਆਂ ਜਾਂ ਰਸਾਇਣ ਵਿਗਿਆਨ ਦੇ ਖੇਤਰ ਵਿਚ—ਇਸੇ ਲਗਾਤਾਰ ਬਦਲਦੀ, ਗਤੀਸ਼ੀਲ ਦੁਨੀਆ ਦੀ ਮਾਰਕਸਵਾਦੀ ਵਿਆਖਿਆ ਦੀ ਪੁਸ਼ਟੀ ਕਰਦੀਆਂ ਹਨ।
ਮਾਰਕਸ ਦਾ ਦੂਜਾ ਵੱਡਾ ਯੋਗਦਾਨ ਇਤਿਹਾਸ ਦੀ ਸਮਝ ਵਿਚ ਹੈ। ਮਾਰਕਸ ਨੇ ਦਵੰਦਵਾਦੀ ਪਦਾਰਥਵਾਦ ਦੇ ਜੋ ਨਿਯਮ ਖੋਜੇ ਉਨ੍ਹਾਂ ਨੂੰ ਸਮਾਜ ਦੇ ਵਿਕਾਸ ਨੂੰ ਸਮਝਣ ਉੱਪਰ ਲਾਗੂ ਕੀਤਾ। ਮਾਰਕਸ ਨੇ ਇਹ ਵਿਗਿਆਨਕ ਵਿਆਖਿਆ ਕੀਤੀ ਕਿ ਸਮਾਜ ਕਿਵੇਂ ਬਣਿਆ, ਆਦਿਕਾਲੀਨ ਸਮੇਂ ਤੋਂ ਲੈ ਕੇ ਸਮਾਜ ਵਿਕਾਸ ਕਿਵੇਂ ਕਰ ਰਿਹਾ ਹੈ ਅਤੇ ਵਿਕਾਸ ਦੇ ਨਿਯਮ ਕੀ ਹਨ। ਮਾਰਕਸ ਨੇ ਮਿੱਥਾਂ ਨੂੰ ਹਟਾਇਆ ਅਤੇ ਸਮਾਜ ਨੂੰ ਪਦਾਰਥਕ ਹਾਲਾਤਾਂ ਦੁਆਰਾ ਆਕਾਰ ਦਿੱਤੀ ਗਈ ਪ੍ਰਕਿਰਿਆ ਵਜੋਂ ਦਿਖਾਇਆ। ਉਸਨੇ ਦਰਸਾਇਆ ਕਿ ਸਮਾਜਿਕ ਬਣਤਰਾਂ ਪਦਾਰਥਕ ਹਾਲਾਤ ਅਤੇ ਆਰਥਕ ਸਰਗਰਮੀਆਂ ਤੋਂ ਸੁਤੰਤਰ ਰੂਪ ’ਚ ਨਹੀਂ ਉਭਰਦੀਆਂ। ਸਮਾਜ ਕੋਈ ਹਮੇਸ਼ਾ ਲਈ ਸਥਿਰ ਬਣਤਰ ਨਹੀਂ ਹੈ, ਸਗੋਂ ਪਦਾਰਥਕ ਹਾਲਾਤਾਂ ਨਾਲ ਸ਼ਕਲ ਅਖ਼ਤਿਆਰ ਕਰਨ ਵਾਲੀ ਪ੍ਰਕਿਰਿਆ ਹੈ। ਇਸਦਾ ਸਰਮਾਏਦਾਰੀ ਤੋਂ ਅੱਗੇ ਵਿਕਸਤ ਹੋਣਾ ਤੈਅ ਹੈ। ਸਮਾਜਿਕ ਵਿਕਾਸ ਸੰਬੰਧੀ ਉਨ੍ਹਾਂ ਨੇ ਇਹ ਮੁੱਖ ਨੁਕਤੇ ਪੇਸ਼ ਕੀਤੇ: 1) ਸਮਾਜ ਜਮਾਤਾਂ ਵਿਚ ਵੰਡਿਆ ਹੋਇਆ ਹੈ; ਰਾਜ ਜਮਾਤੀ ਹੈ ਅਤੇ ਇਹ ਜਮਾਤਾਂ ਤੋਂ ਉੱਪਰ ਨਹੀਂ ਹੁੰਦਾ। ਇਹ ਸਾਰੇ ਲੋਕਾਂ ਦਾ ਰਾਜ ਨਹੀਂ ਹੁੰਦਾ ਅਤੇ ਇਹ ਪੈਦਾਵਾਰੀ ਸਾਧਨਾਂ ਦੀਆਂ ਮਾਲਕ ਜਮਾਤਾਂ ਦੇ ਹਿਤ ਲਈ ਕੰਮ ਕਰਦਾ ਹੈ। ਵਿਕਾਸ ਦਾ ਆਧਾਰ ਪੈਦਾਵਾਰੀ ਪ੍ਰਣਾਲੀ ਹੈ ਅਤੇ ਇਸਦੀ ਭੂਮਿਕਾ ਫ਼ੈਸਲਾਕੁਨ ਹੈ। ਪੈਦਾਵਾਰ ਦੀ ਵਿਧੀ ਬਦਲਦੇ ਹੀ ਸਮਾਜਿਕ ਸੰਬੰਧ ਬਦਲਦੇ ਹਨ; 2) ਅਤੇ ਵਿਚਾਰ — ਦਾਰਸ਼ਨਿਕ ਵਿਚਾਰ, ਧਾਰਮਿਕ, ਰਾਜਨੀਤੀ, ਸਾਹਿਤ, ਸੱਭਿਆਚਾਰ, ਕਾਨੂੰਨੀ ਢਾਂਚਾ ਵਗੈਰਾ—ਇਸੇ ਬੁਨਿਆਦੀ ਢਾਂਚੇ ਤੋਂ ਜਨਮ ਲੈਂਦੇ ਹਨ ਅਤੇ ਉਸ ਨਾਲ ਅੰਤਰ-ਕਿਰਿਆ ਵੀ ਕਰਦੇ ਹਨ। ਉਨ੍ਹਾਂ ਨੇ ਸਮਝਾਇਆ ਕਿ ਸਮਾਜਿਕ ਵਿਕਾਸ ਦੀ ਚਾਲਕ ਸ਼ਕਤੀ ਜਮਾਤੀ ਸੰਘਰਸ਼ ਹੈ। ਮਾਰਕਸ ਦੀ ਬੁਨਿਆਦੀ ਦਲੀਲ ਇਹ ਹੈ ਕਿ ਮਜ਼ਦੂਰ ਜਮਾਤ ਅਤੇ ਬੁਰਜੁਆ ਜਮਾਤ ਦਰਮਿਆਨ ਜਮਾਤੀ ਸੰਘਰਸ਼ ਇਤਿਹਾਸਕ ਤਬਦੀਲੀ ਦਾ ਇੰਜਣ ਹੈ, ਜੋ ਆਖ਼ਿਰਕਾਰ ਸਰਮਾਏਦਾਰੀ ਦੇ ਖ਼ਾਤਮੇ ਅਤੇ ਜਮਾਤ-ਰਹਿਤ ਕਮਿਊਨਿਸਟ ਸਮਾਜ ਦੀ ਸਥਾਪਨਾ ਵੱਲ ਲੈ ਜਾਵੇਗਾ।
ਮਾਰਕਸ ਦਾ ਤੀਜਾ ਵੱਡਾ ਯੋਗਦਾਨ ਰਾਜਨੀਤਕ ਆਰਥਿਕਤਾ ਦੀ ਆਲੋਚਨਾ ਦੇ ਖੇਤਰ ਵਿਚ ਹੈ। ਉਨ੍ਹਾਂ ਨੇ ਪੂੰਜੀਵਾਦੀ ਪੈਦਾਵਾਰੀ ਢਾਂਚੇ ਦਾ ਵਿਸ਼ਲੇਸ਼ਣ ਕਰਕੇ ‘ਵਾਫ਼ਰ ਕਦਰ ਦੇ ਸਿਧਾਂਤ’ ਦੁਆਰਾ ਸਪਸ਼ਟ ਕੀਤਾ ਕਿ ਸਰਮਾਏਦਾਰੀ ਦੇ ਮੁਨਾਫ਼ੇ ਦਾ ਸਰੋਤ ਕਿਵੇਂ ਮਜ਼ਦੂਰ ਦੀ ਲੁੱਟ ਹੈ। ਕਿਵੇਂ ਸਰਮਾਏ ਦੇ ਕੇਂਦਰੀਕਰਨ ਨਾਲ ਛੋਟੇ ਉਤਪਾਦਕ ਖ਼ਤਮ ਹੁੰਦੇ ਜਾਂਦੇ ਹਨ, ਅਜਾਰੇਦਾਰ ਸਰਮਾਇਆ ਸਥਾਪਤ ਹੁੰਦਾ ਹੈ ਅਤੇ ਇਹ ਕਿਵੇਂ ਸਮਾਜ ਵਿਚ ਨਬਰਾਬਰੀ ਅਤੇ ਵਾਂਝੇਪਣ ਨੂੰ ਵਧਾਉਂਦਾ ਹੈ।
ਮਾਰਕਸ ਨੇ ਵਿਆਖਿਆ ਕੀਤੀ ਕਿ ਜਮਾਤੀ ਸੰਘਰਸ਼ ਸਿਰਫ਼ ਆਰਥਕ ਨਹੀਂ ਹੁੰਦਾ; ਇਹ ਰਾਜਨੀਤੀ, ਸੱਭਿਆਚਾਰ, ਸਾਹਿਤ, ਜੀਵਨ-ਸ਼ੈਲੀ, ਵਿਚਾਰਧਾਰਾ ਆਦਿ ਸਾਰੇ ਮੁਹਾਜ਼ਾਂ ’ਤੇ ਚੱਲਦਾ ਹੈ। ਹਾਕਮ ਜਮਾਤ ਸਿਰਫ਼ ਪੈਦਾਵਾਰੀ ਸਾਧਨਾਂ ’ਤੇ ਕਾਬਜ਼ ਨਹੀਂ ਹੁੰਦੀ, ਉਹ ਵਿਚਾਰਾਂ ਸਮੇਤ ਉਪਰਲੇ ਢਾਂਚੇ ਦੇ ਸਾਰੇ ਖੇਤਰਾਂ ਨੂੰ ਕੰਟਰੋਲ ਕਰਦੀ ਅਤੇ ਇਨ੍ਹਾਂ ਦੀ ਵਰਤੋਂ ਆਪਣੇ ਗ਼ਲਬੇ ਨੂੰ ਕਾਇਮ ਰੱਖਣ ਲਈ ਕਰਦੀ ਹੈ। ਕਿਸੇ ਵੀ ਯੁਗ ਵਿਚ ਭਾਰੂ ਵਿਚਾਰ ਹਾਕਮ ਜਮਾਤ ਦਾ ਵਿਚਾਰ ਹੁੰਦਾ ਹੈ।
ਮਾਰਕਸ ਦੀ ਸਭ ਤੋਂ ਵੱਧ ਚਰਚਾ ਸਰਮਾਏਦਾਰੀ ਦੇ ਸੰਕਟ ਦੇ ਵਿਸ਼ਲੇਸ਼ਣ ਬਾਬਤ ਹੁੰਦੀ ਹੈ। ਮਾਰਕਸ ਨੇ ਕਿਹਾ ਕਿ ਸੰਕਟ ਸਰਮਾਏਦਾਰਾ ਪੈਦਾਵਾਰੀ ਵਿਧੀ ਦੇ ਮੂਲ ਵਿਚ ਮੌਜੂਦ ਹੈ। ਸਰਮਾਏਦਾਰਾ ਪ੍ਰਬੰਧ ਇਕ ਸੰਕਟ ਤੋਂ ਦੂਜੇ ਸੰਕਟ ਵਿਚ ਫਸਦਾ ਜਾਂਦਾ ਹੈ। ਸਰਮਾਏਦਾਰੀ ਆਪਣੇ ਸੰਕਟ ਦਾ ਬੋਝ ਦੂਜਿਆਂ ਉੱਪਰ ਲੱਦਕੇ ਇਸ ਵਿਚੋਂ ਨਿਕਲਣ ਦਾ ਰਾਹ ਵੀ ਕੱਢਦੀ ਰਹਿੰਦੀ ਹੈ। ਪਰ ਸੰਕਟ ਦਾ ਪੱਕਾ ਹੱਲ ਇਸ ਕੋਲ ਨਹੀਂ ਹੈ। ਅਸੀਂ ਦੇਖ ਸਕਦੇ ਹਾਂ ਕਿ ਇਸੇ ਸੰਕਟ ਨੂੰ ਦੂਰ ਕਰਨ ਦਾ ਇਕ ਸਾਧਨ ਨਵਉਦਾਰਵਾਦ ਹੈ। ਅੱਜ ਦਾ ਸਾਮਰਾਜੀ ਸਰਮਾਏਦਾਰੀ ਪ੍ਰਬੰਧ ਡੂੰਘੇ ਸੰਕਟ ਵਿਚ ਫਸਿਆ ਹੋਇਆ ਹੈ ਅਤੇ ਚੱਲ ਵੀ ਰਿਹਾ ਹੈ। ਸਰਮਾਏਦਾਰੀ ਪ੍ਰਬੰਧ ਵਿਚ ਸ਼ਾਂਤੀ ਅਤੇ ਸਥਿਰਤਾ ਕਿੱਧਰੇ ਵੀ ਨਹੀਂ ਹੈ। ਮੁਨਾਫ਼ੇ ਦੀ ਲਾਲਸਾ ਕਾਰਨ ਸਰਮਾਏਦਾਰੀ ਨੂੰ ਪੂਰੀ ਦੁਨੀਆ ਵਿਚ ਕੁਦਰਤੀ ਵਸੀਲਿਆਂ ਨੂੰ ਡਕੈਤਾਂ ਵਾਂਗ ਲੁੱਟਣ ਲਈ ਜੰਗਾਂ ਭੜਕਾਉਂਦੇ ਅਤੇ ਭਿਆਨਕ ਤਬਾਹੀ ਮਚਾਉਂਦੇ ਦੇਖਿਆ ਜਾ ਸਕਦਾ ਹੈ। ਵਾਰ-ਵਾਰ ਆਉਂਦੇ ਆਰਥਕ ਸੰਕਟ ਅਤੇ ਇਸ ’ਚੋਂ ਉਪਜਦੇ ਭੂ-ਰਾਜਨੀਤਕ ਟਕਰਾਅ ਮਾਰਕਸ ਦੇ ਵਿਸ਼ਲੇਸ਼ਣ ਦੀ ਪੁਸ਼ਟੀ ਕਰਦੇ ਹਨ।
ਮਾਰਕਸ ਇਹ ਵੀ ਸਿਖਾਉਂਦੇ ਹਨ ਕਿ ਡੂੰਘੇ ਸੰਕਟ ਵਿਚ ਫਸਿਆ ਸਰਮਾਏਦਾਰੀ ਪ੍ਰਬੰਧ ਆਪਣੇ ਆਪ ਖ਼ਤਮ ਨਹੀਂ ਹੋਵੇਗਾ। ਤਬਦੀਲੀ ਆਪਣੇ ਆਪ ਨਹੀਂ ਹੁੰਦੀ। ਉਸਦੇ ਲਈ ਠੋਸ ਹਾਲਤਾਂ ਦਾ ਠੋਸ ਵਿਸ਼ਲੇਸ਼ਣ ਕਰਕੇ ਸੁਚੇਤ ਜਥੇਬੰਦ ਯਤਨ ਕਰਕੇ ਪੈਣਗੇ। ਮਾਰਕਸ ਨੇ ਕਿਹਾ ਕਿ ਮਜ਼ਦੂਰ ਜਮਾਤ ਦੀ ਅਗਵਾਈ ਹੇਠ ਸਰਮਾਏਦਾਰੀ ਪ੍ਰਬੰਧ ਨੂੰ ਖ਼ਤਮ ਕਰਨ ਦੀ ਲੜਾਈ ਰਾਹੀਂ ਸਮਾਜ ਵਿਚੋਂ ਲੁੱਟਖਸੁੱਟ ਨੂੰ ਖ਼ਤਮ ਕਰਨਾ ਸੰਭਵ ਹੈ ਅਤੇ ਸਮਾਜਿਕ ਵਿਕਾਸ ਦਾ ਅਗਲਾ ਪੜਾਅ ਸਮਾਜਵਾਦ ਹੋਵੇਗਾ।
20ਵੀਂ ਸਦੀ ਵਿਚ ਰੂਸ ਦੇ ਬਾਲਸ਼ਵਿਕ ਇਨਕਲਾਬ ਤੋਂ ਲੈ ਕੇ ਅਫਰੀਕਾ ਅਤੇ ਏਸ਼ੀਆ ਵਿਚ ਬਸਤੀਵਾਦ-ਵਿਰੋਧੀ ਸੰਘਰਸ਼ਾਂ ਤੱਕ ਦੁਨੀਆ ਭਰ ਦੀਆਂ ਅਣਗਿਣਤ ਇਨਕਲਾਬੀ ਦੇ ਕੇਂਦਰ ਵਿਚ ਮਾਰਕਸਵਾਦੀ ਵਿਚਾਰ ਸਨ। ਸਮਾਜਵਾਦੀ ਕੈਂਪ ਦੇ ਟੁੱਟਣ ਅਤੇ ਸੋਵੀਅਤ ਯੂਨੀਅਨ ਦੇ ਪਤਨ ਨਾਲ ਸਰਮਾਏਦਾਰੀ ਦੀ ਚੜ੍ਹਤ ਹੋ ਗਈ। ਪਹਿਲੇ ਸਮਾਜਵਾਦੀ ਸਟੇਟ ਦੇ ਟੁੱਟਣ ਅਤੇ ਇਸ ਇਤਿਹਾਸਕ ਹਾਰ ਦੇ ਆਧਾਰ ’ਤੇ ਫੈਲਾਏ ਭਰਮ ਦੇ ਆਲਮ ਵਿਚ ਨਵਉਦਾਰਵਾਦ ਦੇ ਉਭਾਰ ਨੇ ਸਮਾਜਵਾਦ ਨੂੰ ਗ਼ੈਰਪ੍ਰਸੰਗਿਕ ਹੋ ਚੁੱਕਾ ਬਣਾਕੇ ਪੇਸ਼ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਸਮਾਜਵਾਦੀ ਕੈਂਪ ਦੇ ਦਬਾਅ ਹੇਠ ਸੰਸਾਰ ਸਰਮਾਏਦਾਰੀ ਨੂੰ ਕਲਿਆਣਕਾਰੀ ਸਟੇਟ ਦਾ ਜੋ ਆਰਜ਼ੀ ਮਾਡਲ ਅਪਣਾਉਣਾ ਪਿਆ ਸੀ, ਉਸਨੂੰ ਸਿਲਸਿਲੇਵਾਰ ਤਰੀਕੇ ਨਾਲ ਬੇਅਸਰ ਬਣਾ ਦਿੱਤਾ ਗਿਆ ਹੈ। ਸੰਸਾਰ ਸਰਮਾਏਦਾਰੀ ਨੇ ਟੈਕਨਾਲੋਜੀਕਲ ਖੋਜਾਂ ਅਤੇ ਨਵਉਦਾਰਵਾਦੀ ਆਰਥਕ ਨੀਤੀਆਂ ਦੀ ਮਦਦ ਨਾਲ ਮਜ਼ਦੂਰਾਂ ਦੀ ਸਮੂਹਿਕ ਤਾਕਤ ਖਿੰਡਾ ਦਿੱਤੀ ਹੈ। ਪੱਕੇ ਰੋਜ਼ਗਾਰ ਨੂੰ ਖ਼ੋਰਾ ਲੱਗਿਆ ਹੈ ਅਤੇ ਠੇਕੇਦਾਰੀ ਸਿਸਟਮ ਦਾ ਵਧਾਰਾ-ਪਸਾਰਾ ਹੋਇਆ ਹੈ। ਗਿਗ/ਪਲੈਟਫਾਰਮ ਆਰਥਿਕਤਾ ਰਾਹੀਂ ਕਿਰਤੀਆਂ ਦੀ ਲੁੱਟ ਦੇ ਨਵੇਂ ਰੂਪ ਉੱਭਰੇ ਹਨ। ਕੀ ਇਨ੍ਹਾਂ ਬਦਲੇ ਹੋਏ ਹਾਲਾਤਾਂ ਵਿਚ ਕਿਰਤ ਦੀ ਲੁੱਟ, ਵਾਫ਼ਰ ਕਦਰ, ਜਮਾਤੀ ਸੰਘਰਸ਼, ਸਰਮਾਏਦਾਰੀ ਦਾ ਸੰਕਟ, ਮਜ਼ਦੂਰ ਇਨਕਲਾਬ ਰਾਹੀਂ ਸਮਾਜਵਾਦ ਦੀ ਸਥਾਪਨਾ ਵਰਗੀਆਂ ਮੁੱਖ ਮਾਰਕਸਵਾਦੀ ਧਾਰਨਾਵਾਂ ਹੁਣ ਅਪ੍ਰਸੰਗਿਕ ਹੋ ਗਈਆਂ ਹਨ?
ਮਾਰਕਸ ਦੇ ਵਿਸ਼ਲੇਸ਼ਣ ਵਿਚ ਜਮਾਤੀ ਵੰਡ, ਕਿਰਤ ਦੀ ਲੁੱਟ ਅਤੇ ਨਬਰਾਬਰੀ ਵਰਗੇ ਸਵਾਲਾਂ ਦਾ ਕੇਂਦਰੀ ਸਥਾਨ ਹੈ। ਦੁਨੀਆ ਦੇ ਅਜੋਕੇ ਹਾਲਾਤ ਇਸ ਬਾਰੇ ਕੀ ਦੱਸਦੇ ਹਨ? ਬਹੁਕੌਮੀ/ਪਰਾਕੌਮੀ ਕੰਪਨੀਆਂ ਅਤੇ ਬੇਲਗਾਮ ਮੰਡੀ ਦੁਆਰਾ ਚਲਾਈ ਜਾ ਰਹੀ ਵਿਸ਼ਵ ਵਿੱਤੀ ਪ੍ਰਣਾਲੀ ਅਜਾਰੇਦਾਰ ਸਰਮਾਏ ਵੱਲੋਂ ਮਜ਼ਦੂਰਾਂ ਦੀ ਘੋਰ ਲੁੱਟ ਅਤੇ ਕਿਰਤ ਨਾਲੋਂ ਮਜ਼ਦੂਰਾਂ ਦੀ ਅਲਹਿਦਗੀ ਨੂੰ ਦਰਸਾਉਂਦੀ ਹੈ। ਸਰਮਾਏਦਾਰੀ ਪ੍ਰਬੰਧ ਦੀ ਮੂਲ਼ ਫ਼ਿਤਰਤ ਜਮਾਤੀ ਪਾੜੇ ਨੂੰ ਘਟਾਉਣ ਦੀ ਬਜਾਏ ਸਗੋਂ ਵਿਆਪਕ ਅਤੇ ਤਿੱਖਾ ਕਰਨ ਦੀ ਹੈ ਅਤੇ ਇਹ ਅਜਿਹਾ ਉੱਘੜਵੇਂ ਰੂਪ ’ਚ ਕਰ ਰਿਹਾ ਹੈ। ਨਾਬਰਾਬਰੀ ਦਿਨੋਦਿਨ ਵਧਦੀ ਜਾਂਦੀ ਹੈ। ਪਿਛਲੇ ਕੁਝ ਦਹਾਕਿਆਂ ਵਿਚ ਦੁਨੀਆ ਭਰ ’ਚ ਦੌਲਤ ਦੀ ਵੰਡ ਵਿਚ ਅਸਾਵਾਂਪਣ ਬਹੁਤ ਤੇਜ਼ੀ ਨਾਲ ਵਧਿਆ ਹੈ। ਬਹੁਤ ਸਾਰੀਆਂ ਰਿਪੋਰਟਾਂ ਖ਼ੁਲਾਸੇ ਕਰ ਚੁੱਕੀਆਂ ਹਨ ਕਿ ਸਿਖ਼ਰਲੇ ਛੋਟੀ ਜਹੀ ਗਿਣਤੀ ਸੁਪਰ ਅਮੀਰਾਂ ਅਤੇ ਹੇਠਲੇ ਆਮ ਲੋਕਾਂ ਦਰਮਿਆਨ ਇਹ ਪਾੜਾ ਕਿੰਨਾ ਵੱਡਾ ਹੈ। ਦੁਨੀਆ ਦੇ ਸਿਖਰਲੇ 10% ਕੋਲ 75% ਦੌਲਤ ਹੈ ਜਦਕਿ ਹੇਠਲੇ 50% ਕੋਲ ਸਿਰਫ਼ 2% ਹੈ। (ਇਹੀ ਸਥਿਤੀ ਭਾਰਤ ਵਿਚ ਹੈ।) ਦੌਲਤ ਦੀ ਵਧ ਰਹੀ ਕਾਣੀ ਵੰਡ ਕਾਰਨ ਵਿਕਸਤ ਸਰਮਾਏਦਾਰ ਮੁਲਕ ਸਮਾਜਿਕ ਤਣਾਅ ਅਤੇ ਰਾਜਨੀਤਿਕ ਅਸਥਿਰਤਾ ਵਿਚ ਗ੍ਰਸੇ ਹੋਏ ਹਨ।
ਨਵਉਦਾਰਵਾਦੀ ਪ੍ਰਣਾਲੀ ਹੇਠ ਕਿਰਤ ਹੋਰ ਅਸਥਿਰ ਹੋ ਗਈ ਹੈ। ਨਾਲ ਹੀ, ਡਿਜ਼ਿਟਲ ਦੌਰ ਵਿਚ ਮੁਨਾਫ਼ੇ ਦੇ ਸਰੋਤਾਂ ਵਿਚ ਸੂਚਨਾ ਟੈਕਨਾਲੋਜੀ ਖੇਤਰ ਨੇ ਬਹੁਤ ਮਹੱਤਵਪੂਰਨ ਸਥਾਨ ਬਣਾ ਲਿਆ ਹੈ। ਗੂਗਲ, ਅਮੈਜ਼ੌਨ, ਫੇਸਬੁੱਕ ਵਰਗੀਆਂ ਧੜਵੈਲ ਤਕਨੀਕੀ ਕੰਪਨੀਆਂ ਦਾ ਸੂਚਨਾ ਅਤੇ ਡਿਜ਼ਿਟਲ ਕਿਰਤ ਉੱਪਰ ਮੁਕੰਮਲ ਕੰਟਰੋਲ ਹੈ ਅਤੇ ਇਹ ਬੇਹੱਦ ਤਾਕਤ ਰੱਖਦੀਆਂ ਹਨ। ਕਿਰਤ ਦੀ ਲੁੱਟ ਅਤੇ ਅਲਹਿਦਗੀ ਦੇ ਨਵੇਂ ਰੂਪ ਉੱਭਰੇ ਹਨ। ਗਿਗ ਆਰਥਿਕਤਾ, ਜਿਸਦੀ ਖ਼ਾਸੀਅਤ ਥੋੜ੍ਹੇ ਸਮੇਂ ਦੇ ਠੇਕੇ ਅਤੇ ਸੁਤੰਤਰ ਕੰਮ ਹੈ, ਡਿਜ਼ਿਟਲ ਯੁੱਗ ਵਿਚ ਕਿਰਤ ਦੀ ਲੁੱਟ ਦੇ ਨਵੇਂ ਰੂਪਾਂ ਦੀ ਮੁੱਖ ਮਿਸਾਲ ਹੈ। ਊਬਰ, ਅਮੈਜ਼ੌਨ ਅਤੇ ਟਾਸਕਰੈਬਿਟ ਵਰਗੇ ਪਲੇਟਫਾਰਮ ਕਾਮਿਆਂ ਦੀ ਵਾਫ਼ਰ ਕਦਰ ਨੂੰ ਬੇਕਿਰਕੀ ਨਾਲ ਨਿਚੋੜਦੇ ਹਨ, ਜਦਕਿ ਉਨ੍ਹਾਂ ਨੂੰ ਘੱਟ ਤੋਂ ਘੱਟ ਨੌਕਰੀ ਸੁਰੱਖਿਆ ਜਾਂ ਲਾਭ ਦਿੰਦੇ ਹਨ। ਇਹ ਰੂਪ ਮਾਰਕਸ ਦੀ ਮਜ਼ਦੂਰ ਦੀ ਅਲਹਿਦਗੀ ਅਤੇ ਉਜ਼ਰਤੀ ਕਿਰਤ ਦੀ ਆਲੋਚਨਾ ਨੂੰ ਰੱਦ ਨਹੀਂ ਕਰਦੇ ਸਗੋਂ ਨਵੇਂ ਹਾਲਾਤ ਵਿਚ ਉਸਦੀ ਪੁਸ਼ਟੀ ਹੀ ਕਰਦੇ ਹਨ।
ਸਰਮਾਏਦਾਰੀ ਦਾ ਉੱਚਤਮ ਰੂਪ ਸਾਮਰਾਜਵਾਦ ਵੱਖ-ਵੱਖ ਰੂਪਾਂ ’ਚ ਨਿਰਭਰਤਾ ਰਾਹੀਂ ਪਿਛੜੇ ਹੋਏ ਮੁਲਕਾਂ ਦਾ ਸੁਤੰਤਰ ਵਿਕਾਸ ਨਹੀਂ ਹੋਣ ਦਿੰਦਾ। ਵਿਕਸਤ ਅਮੀਰ ਮੁਲਕਾਂ ਦੁਆਰਾ ਵਿਕਾਸਸ਼ੀਲ ਮੁਲਕਾਂ ਦੀ ਲੁੱਟ ਗਰੀਬੀ ਅਤੇ ਅਵਿਕਾਸ ਦੇ ਚੱਕਰ ਨੂੰ ਜਾਰੀ ਰੱਖਦੀ ਹੈ। ਕੁਦਰਤੀ ਸਰੋਤਾਂ ਦਾ ਨਿਕਾਸ, ਅਸਾਵੇਂ ਵਪਾਰਕ ਸਮਝੌਤੇ ਅਤੇ ਕਰਜ਼ੇ ਉੱਤੇ ਨਿਰਭਰਤਾ ਵਰਗੀਆਂ ਅਲਾਮਤਾਂ ਅਫਰੀਕਾ, ਲਾਤੀਨੀ ਅਮਰੀਕਾ ਅਤੇ ਏਸ਼ੀਆ ਦੇ ਮੁਲਕਾਂ ਨੂੰ ਗਲੋਬਲ ਨਾਰਥ ਦੇ ਸਾਹਮਣੇ ਆਰਥਕ ਤੌਰ ’ਤੇ ਅਧੀਨ ਬਣਾਈ ਰੱਖਦੀਆਂ ਹਨ। ਇਹ ਪੱਖ ਵੀ ਦਰਸਾਉਂਦਾ ਹੈ ਕਿ ਸਰਮਾਏ ਦਾ ਸਾਮਰਾਜੀ ਰੂਪ ਮੁਲਕਾਂ ਦੇ ਸੁਤੰਤਰ ਵਿਕਾਸ ਵਿਚ ਵੱਡਾ ਅੜਿੱਕਾ ਹੈ ਅਤੇ ਇਸਦੇ ਹੁੰਦਿਆਂ ਮੁਲਕਾਂ ਦੀ ਸੁਤੰਤਰ ਹੋਂਦ ਤੇ ਪ੍ਰਭੂਸੱਤਾ ਖ਼ਤਰੇ ’ਚ ਹੈ।
ਸਰਮਾਏਦਾਰੀ ਕੁਦਰਤ ਹਿਤੈਸ਼ੀ ਸਮਾਜਿਕ ਪ੍ਰਬੰਧ ਨਹੀਂ ਹੈ। ਸਰਮਾਏਦਾਰੀ ਦੀ ਮੁਨਾਫ਼ੇ ਵਧਾਉਣ ਦੀ ਭੁੱਖ ਅਮਿੱਟ ਹੈ ਅਤੇ ਇਸਦੀ ਖ਼ਾਤਰ ਸਰਮਾਏਦਾਰੀ ਵੱਲੋਂ ਕੁਦਰਤੀ ਵਸੀਲਿਆਂ ਦੀ ਬੇਕਿਰਕ ਲੁੱਟ ਦੀ ਕੋਈ ਹੱਦ ਨਹੀਂ ਹੈ। ਸਰਮਾਏਦਾਰੀ ਦੀ ਮੁਨਾਫ਼ੇ ਦੀ ਲਗਾਤਾਰ ਅੰਨ੍ਹੀ ਦੌੜ ਵਾਤਾਵਰਣ ਦੀ ਤਬਾਹੀ, ਪੌਣਪਾਣੀ ’ਚ ਅਮੋੜ ਤਬਦੀਲੀ, ਜੰਗਲਾਂ ਦੀ ਬੇਤਹਾਸ਼ਾ ਕਟਾਈ ਅਤੇ ਜੈਵਿਕ ਵੰਨ-ਸੁਵੰਨਤਾ ਨੂੰ ਨੁਕਸਾਨ ਦੀ ਮੁੱਖ ਵਜਾ੍ਹ ਹੈ। ਸਰਮਾਏਦਾਰੀ ਦੇ ਵਿਕਾਸ ਮਾਡਲ ਕਾਰਨ ਕੁਦਰਤੀ ਚੌਗਿਰਦੇ ਦਾ ਸੰਕਟ ਇਸ ਕਦਰ ਗੰਭੀਰ ਹੋ ਗਿਆ ਹੈ ਕਿ ਧਰਤੀ ਦੀ ਹੋਂਦ ਹੀ ਖ਼ਤਰੇ ’ਚ ਪੈ ਗਈ ਹੈ। ਮਾਰਕਸ ਦੇ ਜ਼ਮਾਨੇ ਵਿਚ ਸਰਮਾਏਦਾਰਾ ਸਨਅਤੀਕਰਨ ਦੇ ਵਧਾਰੇ-ਪਸਾਰੇ ਨਾਲ ਵਾਤਾਵਰਣ ਦੀ ਤਬਾਹੀ ਦਾ ਸੰਕਟ ਭਾਵੇਂ ਅੱਜ ਜਿੰਨਾ ਗੰਭੀਰ ਨਹੀਂ ਸੀ ਪਰ ਉਸ ਵੱਲੋਂ ਸਰਮਾਏਦਾਰੀ ਦੀ ਆਲੋਚਨਾ ਵਿਚ ਬਸਤੀਵਾਦੀਆਂ ਵੱਲੋਂ ਕੁਦਰਤੀ ਵਸੀਲਿਆਂ ਦੀ ਅੰਨ੍ਹੀ ਲੁੱਟ ਦੀ ਵਿਸਤਾਰ ’ਚ ਚਰਚਾ ਮਾਰਕਸਵਾਦੀ ਵਿਚਾਰਧਾਰਾ ਦੇ ਵਾਤਾਵਰਣੀ ਸਰੋਕਾਰਾਂ ਨੂੰ ਦਰਸਾਉਂਦੀ ਹੈ। ਵਿਕਸਤ ਸਰਮਾਏਦਾਰਾ ਮੁਲਕ ਕੁਦਰਤੀ ਵਸੀਲਿਆਂ ਅਤੇ ਸਸਤੀ ਕਿਰਤ ਨੂੰ ਨਿਚੋੜਨ ਦੇ ਨਾਲ-ਨਾਲ ਆਪਣੇ ਵਾਤਾਵਰਣੀ ਸੰਕਟ ਅਤੇ ਪੈਦਾਵਾਰੀ ਲਾਗਤ ਨੂੰ ਘਟਾਉਣ ਲਈ ਉਦਯੋਗਿਕ ਯੂਨਿਟਾਂ ਨੂੰ ਪਿਛੜੇ ਮੁਲਕਾਂ ਵਿਚ ਤਬਦੀਲ ਕਰਦੇ ਆ ਰਹੇ ਹਨ। ਪਿਛੜੇ ਮੁਲਕਾਂ ਦੇ ਹੁਕਮਰਾਨ ਆਰਥਕ ਤੇ ਟੈਕਨਾਲੋਜੀ ਦੀ ਨਿਰਭਰਤਾ ਦੇ ਦਬਾਅ ਹੇਠ ਅਤੇ ਆਪਣੇ ਸਵਾਰਥੀ ਹਿਤਾਂ ਲਈ ਸਾਮਰਾਜੀ ਮੁਲਕਾਂ ਨਾਲ ਅਸਾਵੇਂ ਸਮਝੌਤੇ ਕਰਕੇ ਉਨ੍ਹਾਂ ਨੂੰ ਆਪਣੀ ਕਿਰਤ-ਸ਼ਕਤੀ ਤੇ ਕੁਦਰਤੀ ਵਸੀਲਿਆਂ ਦੀ ਲੁੱਟਮਾਰ ਕਰਨ ਦੀ ਖੁੱਲ੍ਹ ਦਿੰਦੇ ਹਨ। ਭਾਰਤ ਵਰਗੇ ਮੁਲਕਾਂ ਵਿਚ ‘ਵਿਕਾਸ’ ਦੇ ਨਾਂ ਹੇਠ ਚੱਲ ਰਹੀ ਬੇਰੋਕ-ਟੋਕ ਤਬਾਹੀ ਇਸਦਾ ਮੂੰਹ ਬੋਲਦਾ ਸਬੂਤ ਹੈ।
ਇਹ ਸਾਰੇ ਤੱਥ ਦਰਸਾਉਂਦੇ ਹਨ ਕਿ ‘ਬੁਰਜੁਆ ਜਮਾਤ’ ਅਤੇ ‘ਪ੍ਰੋਲੇਤਾਰੀ ਜਮਾਤ’ ਵਿਚਕਾਰ ਜਮਾਤੀ ਵੰਡ ਦਾ ਮਾਰਕਸੀ ਵਿਸ਼ਲੇਸ਼ਣ ਸਰਮਾਏਦਾਰਾ ਪੈਦਾਵਾਰੀ ਅਮਲ ਅਤੇ ਇਸਦੇ ਤਬਾਹਕੁਨ ਸਮਾਜਿਕ ਨਤੀਜਿਆਂ ਨੂੰ ਸਮਝਣ ਲਈ ਅੱਜ ਵੀ ਪ੍ਰਸੰਗਿਕ ਹੈ। ਲੈਨਿਨ ਨੇ ਮਾਰਕਸਵਾਦੀ ਨਜ਼ਰੀਏ ਨਾਲ 20ਵੀਂ ਸਦੀ ਵਿਚ ਸਰਮਾਏਦਾਰੀ ਦੇ ਅਜਾਰੇਦਾਰਾ ਵਿਕਾਸ ਨੂੰ ਸ਼ਾਨਦਾਰ ਤਰੀਕੇ ਨਾਲ ਸਮਝਿਆ ਅਤੇ ਮਾਰਕਸਵਾਦੀ ਸਿਧਾਂਤ ਨੂੰ ਹੋਰ ਭਰਪੂਰ ਕੀਤਾ। ਹੁਣ ਵੀ ਡਿਜ਼ੀਟਲ ਆਰਥਿਕਤਾ ਵਿਚ ਲੁੱਟ ਅਤੇ ਅਲਹਿਦਗੀ ਦੇ ਇਨ੍ਹਾਂ ਨਵੇਂ ਰੂਪਾਂ ਨੂੰ ਸਮਝਣ ਲਈ ਮਾਰਕਸਵਾਦੀ ਨਜ਼ਰੀਆ ਬਹੁਤ ਕਾਰਗਰ ਸਾਬਤ ਹੋਵੇਗਾ। ਇਹ ਦਲੀਲ ਦਿੱਤੀ ਜਾਂਦੀ ਹੈ ਕਿ ਮਾਰਕਸਵਾਦ ਅਜੋਕੀ ਸੰਸਾਰ ਆਰਥਿਕਤਾ ਦੀਆਂ ਪੇਚੀਦਗੀਆਂ ਦਾ ਪੂਰਾ ਹੱਲ ਪੇਸ਼ ਨਹੀਂ ਕਰ ਸਕਦਾ, ਖ਼ਾਸ ਕਰਕੇ ਪਛਾਣਾਂ ਦੀ ਰਾਜਨੀਤੀ, ਤਕਨਾਲੋਜੀ ਅਤੇ ਸੱਭਿਆਚਾਰਕ ਵਰਤਾਰਿਆਂ ਦੇ ਪ੍ਰਸੰਗ ’ਚ। ਪਰ ਮਾਰਕਸਵਾਦ ਦੇ ਧਾਰਨੀ ਇਨ੍ਹਾਂ ਨਵੀਆਂ ਚੁਣੌਤੀਆਂ ਤੋਂ ਅਣਭਿੱਜ ਨਹੀਂ ਰਹਿੰਦੇ; ਜਿਉਂ-ਜਿਉਂ ਦੁਨੀਆ ਬਦਲ ਰਹਿੰਦੀ ਹੈ, ਉਹ ਨਵੇਂ ਖੇਤਰਾਂ ਨੂੰ ਆਪਣੇ ਅਧਿਐਨ ਵਿਚ ਸ਼ਾਮਲ ਕਰਦੇ ਜਾਂਦੇ ਹਨ ਜਿਵੇਂ ਨਾਰੀਵਾਦੀ ਸਿਧਾਂਤ, ਵਾਤਾਵਰਣ ਦੇ ਵਧ ਰਹੇ ਸਰੋਕਾਰ ਅਤੇ ਡਿਜ਼ਿਟਲ ਟੈਕਨਾਲੋਜੀ ਦਾ ਵਿਕਾਸ ਆਦਿ।
ਪਛਾਣਾਂ ਦੀ ਰਾਜਨੀਤੀ ਦੇ ਪੈਰੋਕਾਰ ਇਹ ਦਲੀਲ ਦੇ ਕੇ ਮਾਰਕਸਵਾਦ ਦੀ ਆਲੋਚਨਾ ਕਰਦੇ ਹਨ ਕਿ ਇਸ ਵਿਚ ਨਸਲ, ਲਿੰਗ, ਜਾਤ, ਸੈਕਸੂਐਲਿਟੀ, ਘੱਟ-ਗਿਣਤੀ ਪਛਾਣਾਂ ਨਾਲ ਜੁੜੇ ਮੁੱਦਿਆਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ ਹੈ। ਦਰਅਸਲ, ਇਸ ਦਲੀਲ ਦੇ ਆਧਾਰ ’ਤੇ ਵਿਗਿਆਨਕ ਨਜ਼ਰੀਏ ਵਜੋਂ ਮਾਰਕਸਵਾਦ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਭਾਰਤ ਵਰਗੇ ਮੁਲਕਾਂ ਵਿਚ ਅਜੋਕੇ ਮਾਰਕਸਵਾਦੀ ਅਧਿਐਨ ਦੱਸਦੇ ਹਨ ਕਿ ਮਾਰਕਸਵਾਦੀ ਆਪਣੇ ਮੁਲਕ ਦੀਆਂ ਠੋਸ ਹਾਲਤਾਂ ਅੰਦਰ ਇਨ੍ਹਾਂ ਸਵਾਲਾਂ ਨੂੰ ਠੋਸ ਮੁੱਦਿਆਂ ਦੇ ਰੂਪ ਵਿਚ ਮਹੱਤਵ ਦਿੰਦੇ ਹਨ ਅਤੇ ਉਹ ਜਮਾਤੀ ਸੰਘਰਸ਼ ਨਾਲ ਇਨ੍ਹਾਂ ਦੇ ਰਿਸ਼ਤੇ ਨੂੰ ਸਮਝਣ ਲਈ ਲਗਾਤਾਰ ਯਤਨ ਕਰਦੇ ਹਨ।
ਮਾਰਕਸਵਾਦ ਨੂੰ ਇਹ ਦਲੀਲ ਦੇ ਕੇ ਰੱਦ ਕੀਤਾ ਜਾਂਦਾ ਹੈ ਕਿ ਇਸਦਾ ਟੀਚਾ ਤਾਨਾਸ਼ਾਹ ਸਟੇਟ ਕਾਇਮ ਕਰਨਾ ਹੈ ਅਤੇ ਇਹ ਜਮਹੂਰੀਅਤ ਦੀ ਧਾਰਨਾ ਨੂੰ ਹੀ ਰੱਦ ਕਰਦਾ ਹੈ। ਦਰਅਸਲ, ਮਾਰਕਸਵਾਦ ਜਮਾਤਾਂ ਵਿਚ ਵੰਡੇ ਸਮਾਜ ਅੰਦਰ ਜਮਾਤੀ ਤਾਨਾਸ਼ਾਹੀ ਦੀ ਗੱਲ ਕਰਦਾ ਹੈ ਜਿੱਥੇ ਸਮਾਜਿਕ-ਆਰਥਕ ਪਾੜੇ ਕਾਰਨ ਸਾਰਿਆਂ ਲਈ ਬਰਾਬਰ ਜਮਹੂਰੀਅਤ ਦਾ ਬਾਹਰਮੁਖੀ ਆਧਾਰ ਹੀ ਨਹੀਂ ਹੈ। ਸਰਮਾਏਦਾਰੀ ਦੇ ਵਿਦਵਾਨ ਚਲਾਕੀ ਨਾਲ ਸਿਰਫ਼ ਬਹੁ-ਪਾਰਟੀ ਚੋਣ ਪ੍ਰਣਾਲੀ ਨੂੰ ਹੀ ਜਮਹੂਰੀਅਤ ਦੱਸਦੇ ਹਨ ਅਤੇ ਇਕ ਪਾਰਟੀ ਚੋਣ ਪ੍ਰਣਾਲੀ ਦੀ ਦਲੀਲ ਦੇ ਕੇ ਸਾਬਕਾ ਸਮਾਜਵਾਦੀ ਰਾਜਾਂ ਨੂੰ ਤਾਨਾਸ਼ਾਹ ਰਾਜਾਂ ਵਜੋਂ ਰੱਦ ਕਰਦੇ ਹਨ। ਪਰ ਉਹ ਸਮਾਜਵਾਦੀ ਰਾਜਾਂ ਹੇਠ ਹੋਏ ਬੇਮਿਸਾਲ ਆਰਥਕ ਵਿਕਾਸ, ਸਮਾਜਿਕ-ਰਾਜਨੀਤਕ ਚੇਤਨਾ ਅਤੇ ਸਮੁੱਚੀ ਸਮਾਜੀ ਜ਼ਿੰਦਗੀ ਵਿਚ ਆਈਆਂ ਗਿਣਨਯੋਗ ਤਬਦੀਲੀਆਂ ਬਾਰੇ ਚੁੱਪ ਰਹਿੰਦੇ ਹਨ। ਇਨ੍ਹਾਂ ਰਾਜਾਂ ਹੇਠ ਕਥਿਤ ਆਰਥਕ ਅਕੁਸ਼ਲਤਾ, ਮਨੁੱਖੀ ਹੱਕਾਂ ਦਾ ਘਾਣ ਆਦਿ ਬਹਿਸ ਦੇ ਮੁੱਦੇ ਹਨ ਜੋ ਪੱਛਮੀ ਸਾਮਰਾਜੀ ਬਿਰਤਾਂਤ ਤੋਂ ਪਾਰ ਜਾ ਕੇ ਇਤਿਹਾਸ ਦੀ ਨਿਰਪੱਖ ਛਾਣਬੀਣ ਦੀ ਮੰਗ ਕਰਦੇ ਹਨ। ਪਰ ਸਵਾਲ ਇਹ ਹੈ ਕਿ ਅਮਰੀਕਾ, ਇੰਗਲੈਂਡ ਵਰਗੇ ਜਿਨ੍ਹਾਂ ਮੁਲਕਾਂ ਨੂੰ ਪ੍ਰਮੁੱਖ ਆਦਰਸ਼ ਬਣਾਕੇ ਪੇਸ਼ ਕੀਤਾ ਜਾਂਦਾ ਹੈ ਉਨ੍ਹਾਂ ਵਿਚ ਕਥਿਤ ਲੋਕਤੰਤਰ ਦੀ ਰਸਮੀਂ ਵੋਟ ਪ੍ਰਣਾਲੀ ਤੋਂ ਅੱਗੇ ਕਾਰਗੁਜ਼ਾਰੀ ਕੀ ਹੈ, ਖ਼ਾਸ ਕਰਕੇ ਮਾਨਵਤਾ ਪੱਖੀ ਫ਼ੈਸਲੇ ਲੈਣ ਅਤੇ ਉਸ ਵਿਚ ਲੋਕਾਂ ਦੀ ਸਰਗਰਮ ਹਿੱਸੇਦਾਰੀ ਪੱਖੋਂ। ਇਸਦੀ ਅਜੋਕੀ ਮਿਸਾਲ ਇਨ੍ਹਾਂ ਮੁਲਕਾਂ ਵਿਚ ਟਰੰਪ ਧੜੇ ਅਤੇ ਹਾਕਮ ਜਮਾਤ ਦੇ ਅਜਿਹੇ ਹੋਰ ਘੋਰ ਪਿਛਾਖੜੀ/ਫਾਸ਼ੀਵਾਦੀ ਹਿੱਸਿਆਂ ਦਾ ਸੱਤਾ ਵਿਚ ਆਉਣਾ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਜਮਹੂਰੀਅਤ ਦੇ ਨਾਂ ਹੇਠ ਵੱਖ-ਵੱਖ ਮੁਲਕਾਂ ਵਿਚ ਅਮਰੀਕਾ ਦੀ ਅਗਵਾਈ ਹੇਠ ਪੱਛਮੀ ਸਾਮਰਾਜੀ ਧੜਿਆਂ ਵੱਲੋਂ ਜਿਵੇਂ ਤਾਨਾਸ਼ਾਹੀਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵੱਲੋਂ ਜੋ ਬੇਥਾਹ ਤਬਾਹੀ ਮਚਾਈ ਗਈ ਹੈ (ਹੁਣ ਤਾਂ ਇਨ੍ਹਾਂ ਨੇ ਕਰੂਰਤਾ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਗਏ ਹਨ) ਉਹ ਸਰਮਾਏਦਾਰਾ ਜਮਹੂਰੀਅਤ ਉੱਪਰ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਸਵਾਲ ਤਾਂ ਇਹ ਵੀ ਹੈ ਕਿ ਕੀ ਸਮਾਜਵਾਦੀ ਰਾਜਾਂ ਦੇ ਤਜਰਬਿਆਂ ਦੀਆਂ ਅਸਫ਼ਲਤਾਵਾਂ ਦੇ ਆਧਾਰ ’ਤੇ ਹੀ ਇਸ ਨੂੰ ਬਤੌਰ ਵਿਗਿਆਨਕ ਵਿਚਾਰਧਾਰਾ ਰੱਦ ਕੀਤਾ ਜਾ ਸਕਦਾ ਹੈ? ਜਾਂ ਵਿਚਾਰਧਾਰਾ ਦੇ ਆਦਰਸ਼ਾਂ ਦੀ ਰੋਸ਼ਨੀ ਵਿਚ ਉਨ੍ਹਾਂ ਤਜਰਬਿਆਂ ਤੋਂ ਸਬਕ ਸਿੱਖਕੇ ਭਵਿੱਖ ਵਿਚ ਬਿਹਤਰ ਪ੍ਰਬੰਧ ਉਸਾਰਨ ਦੇ ਟੀਚੇ ਨਾਲ ਕੰਮ ਕਰਨ ਦਾ ਸਵਾਲ ਵਧੇਰੇ ਮਹੱਤਵਪੂਰਨ ਹੈ?
ਨਿਰਸੰਦੇਹ, ਨੇਪਾਲ ਵਿਚ ਮਾਓਵਾਦੀ ਅਗਵਾਈ ਹੇਠ ਰਾਜਾਸ਼ਾਹੀ ਵਿਰੁੱਧ ਕਾਮਯਾਬ ਬਗ਼ਾਵਤ, ਭਾਰਤ ਅਤੇ ਫਿਲੀਪਿਨਜ਼ ਵਿਚ ਸੀਮਤ ਮਾਓਵਾਦੀ ਲਹਿਰਾਂ ਤੋਂ ਬਿਨਾਂ ਸਮਾਜਵਾਦੀ ਨਿਸ਼ਾਨੇ ਵਾਲੀ ਕੋਈ ਹੋਰ ਵੱਡੀ ਲਹਿਰ ਪਿਛਲੇ ਦਹਾਕਿਆਂ ਵਿਚ ਦੁਨੀਆ ਦੇ ਨਕਸ਼ੇ ਉੱਪਰ ਨਹੀਂ ਉੱਭਰੀ, ਪਰ ਵਧ ਰਹੀ ਆਰਥਕ ਨਬਰਾਬਰੀ ਅਤੇ ਧੜਵੈਲ ਕਾਰਪੋਰੇਟ ਤਾਕਤ ਨੂੰ ਚੁਣੌਤੀ ਦੇਣ ਵਾਲੇ ‘ਆਕਿਊਪਾਈ ਵਾਲ ਸਟ੍ਰੀਟ’ ਅਤੇ ਵਿਸ਼ਵੀਕਰਨ-ਵਿਰੋਧੀ ਪ੍ਰਦਰਸ਼ਨਾਂ ਪਿੱਛੇ ਜੇ ਸਿੱਧੇ ਰੂਪ ਵਿਚ ਸਮਾਜਵਾਦੀ ਵਿਚਾਰਧਾਰਾ ਨਹੀਂ ਤਾਂ ਸਮਾਜਵਾਦੀ ਪ੍ਰੇਰਣਾ ਜ਼ਰੂਰ ਸੀ। ਇਨ੍ਹਾਂ ਅੰਦੋਲਨਾਂ ਨੇ ਧਨ-ਦੌਲਤ ਦੇ ਵਧ ਰਹੇ ਬੇਲਗਾਮ ਕੇਂਦਰੀਕਰਨ ਅਤੇ ਰਾਜਨੀਤੀ ਤੇ ਸਮਾਜ ਉੱਪਰ ਬਹੁਕੌਮੀ ਕਾਰਪੋਰੇਸ਼ਨਾਂ/ਕਾਰਪੋਰੇਟ ਸਰਮਾਏ ਦੀ ਪੀਡੀ ਹੋ ਰਹੀ ਜਕੜ ਨੂੰ ਧੜੱਲੇ ਨਾਲ ਉਜਾਗਰ ਕੀਤਾ ਹੈ। ਇਨ੍ਹਾਂ ਅੰਦੋਲਨਾਂ ਵਿਚ ਜਨਤਾ ਦੇ ਹਿੱਸਾ ਲੈਣ ਨੇ ਇਹ ਦੱਸ ਦਿੱਤਾ ਕਿ ਆਰਥਕ ਪਾੜੇ ਨੂੰ ਜ਼ਰਬਾਂ ਦੇਣ ਵਾਲਾ ਅਤੇ ਬੇਲਗਾਮ ਕਾਰਪੋਰੇਟ ਤਾਕਤ ਦੀ ਨੁਮਾਇੰਦਗੀ ਕਰਨ ਵਾਲਾ ਰਾਜਨੀਤਕ ਪ੍ਰਬੰਧ ਲੋਕਾਈ ਨੂੰ ਮਨਜ਼ੂਰ ਨਹੀਂ ਹੈ ਅਤੇ ਇਹ ਮਨੁੱਖਤਾ ਦਾ ਭਵਿੱਖ ਨਹੀਂ ਹੋ ਸਕਦਾ।
2008 ’ਚ ਜਦੋਂ ਸੰਸਾਰ ਸਰਮਾਏਦਾਰੀ ਪ੍ਰਬੰਧ ਨੂੰ ਵਿਤੀ ਸੰਕਟ ਅਤੇ ਵਿਸ਼ਵ ਪੱਧਰ ’ਤੇ ਅਸਥਿਰਤਾ ਦਾ ਸਾਹਮਣਾ ਕਰਨਾ ਪਿਆ ਤਾਂ ਖੁਦ ਬੁਰਜੂਆ ਅਰਥਸ਼ਾਸਤਰੀਆਂ ਨੇ ਮਾਰਕਸ ਦੇ ‘ਸਰਮਾਇਆ’ ਨੂੰ ਮੁੜ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਇਸਦਾ ਮਤਲਬ ਇਹ ਹੈ ਕਿ ਮਾਰਕਸਵਾਦ ਸਰਮਾਏਦਾਰੀ ਦੇ ਸੰਕਟਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਤਲਾਸ਼ਣ ਵਾਲਾ ਸਰਮਾਏਦਾਰੀ ਵਿਚਾਰਧਾਰਾ ਨਾਲੋਂ ਬਿਹਤਰ ਵਿਚਾਰਧਾਰਕ ਸੰਦ ਹੈ। ਜੇਕਰ ਸਰਮਾਏਦਾਰੀ ਪ੍ਰਬੰਧ ਨੂੰ ਚਿੰਬੜਿਆ ਰੋਗ ਉਹੀ ਹੈ ਜੋ ਮਾਰਕਸ ਨੇ ਦੱਸਿਆ ਸੀ, ਤਾਂ ਇਲਾਜ ਵੀ ਉਹੀ ਹੋਵੇਗਾ ਜੋ ਮਾਰਕਸ ਨੇ ਸੁਝਾਇਆ ਸੀ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਇਹ ਇਲਾਜ ਪੇਸ਼ ਕਰਨ ਵਾਲੀ ਕਮਿਊਨਿਸਟ ਲਹਿਰ ਕੁਲ ਦੁਨੀਆ ਵਿਚ ਬਹੁਤ ਹੀ ਕਮਜ਼ੋਰ ਹਾਲਤ ਵਿਚੋਂ ਲੰਘ ਰਹੀ ਹੈ। ਇਸ ਕਮਜ਼ੋਰੀ ਉੱਪਰ ਕਾਬੂ ਪਾਉਣ ਲਈ ਨਵੀਂ ਤਾਜ਼ਗੀ ਨਾਲ ਮਾਰਕਸਵਾਦੀ ਨਜ਼ਰੀਏ ਨੂੰ ਗ੍ਰਹਿਣ ਕਰਨ ਦੀ ਜ਼ਰੂਰਤ ਹੈ।
ਮਾਰਕਸਵਾਦੀ ਵਿਚਾਰਧਾਰਾ ਕੱਟੜ ਮੱਤ ਨਹੀਂ, ਅਮਲ ਦਾ ਰਾਹ-ਦਰਸਾਵਾ ਹੈ। ਮਾਰਕਸਵਾਦ, ਆਪਣੇ ਮੂਲ ਤੱਤ ਨੂੰ ਬਰਕਰਾਰ ਰੱਖਦੇ ਹੋਏ ਅਜੋਕੇ ਹਾਲਾਤਾਂ, 21ਵੀਂ ਸਦੀ ਵਿਚ ਦੀਆਂ ਨਵੀਂਆਂ ਚੁਣੌਤੀਆਂ ਅਤੇ ਅਜੋਕੇ ਸਮਾਜਿਕ-ਆਰਥਕ-ਸੱਭਿਆਚਾਰਕ ਮਸਲਿਆਂ ਦਾ ਠੋਸ ਅਧਿਐਨ ਕਰਕੇ ਉਨ੍ਹਾਂ ਦਾ ਵਿਹਾਰਕ ਹੱਲ ਪੇਸ਼ ਕਰਨ ਦੇ ਸਮਰੱਥ ਹੈ। ਮਾਰਕਸਵਾਦ ਸਰਮਾਏਦਾਰੀ ਦੇ ਆਪਣੇ ਵਿਸ਼ਲੇਸ਼ਣ ਅਤੇ ਜਮਾਤੀ ਸੰਘਰਸ਼ ਉੱਪਰ ਆਪਣੇ ਜ਼ੋਰ ਨਾਲ ਅੱਜ ਦੀਆਂ ਸਮਾਜਿਕ, ਆਰਥਕ ਅਤੇ ਰਾਜਨੀਤਕ ਬਣਤਰਾਂ ਨੂੰ ਸਮਝਣ ਦੀ ਸਮਰੱਥਾ ਸਾਬਤ ਕਰੇਗਾ, ਮਸਲਾ ਇਸਨੂੰ ਵਿਸ਼ਲੇਸ਼ਣੀ ਸੰਦ ਵਜੋਂ ਠੋਸ ਹਾਲਤਾਂ ਉੱਪਰ ਲਾਗੂ ਕਰਨ ਦਾ ਹੈ।
