ਨਵੀਂ ਦਿੱਲੀ:ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਜਪਾ ਲਈ ਵੱਡੀ ਸੌਗਾਤ ਲੈ ਕੇ ਆਏ ਹਨ।ਇਸ ਨਾਲ ਵਿਰੋਧੀ ਧਿਰ ਦੇ ਸਭ ਤੋਂ ਵੱਡੇ ਪੂਰਬੀ ਗੜ੍ਹ ਬੰਗਾਲ ਦੀ ਸਿਆਸਤ ‘ਚ ਵੱਡਾ ਬਦਲਾਅ ਆਇਆ ਹੈ। ਇੱਥੇ ਭਾਜਪਾ ਨੇ ਇਤਿਹਾਸਕ ਜਿੱਤ ਨਾਲ ਮਮਤਾ ਬੈਨਰਜੀ ਦੇ 15 ਸਾਲਾਂ ਦੇ ਸ਼ਾਸਨ ਦਾ ਅੰਤ ਕਰ ਦਿੱਤਾ।
200 ਦਾ ਅੰਕੜਾ ਪਾਰ ਕਰ ਕੇ ਭਾਜਪਾ ਬੰਗਾਲ ‘ਚ ਪਹਿਲੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਮਮਤਾ ਦੀ ਤ੍ਰਿਣਮੂਲ ਕਾਂਗਰਸ ਦੋ ਅੰਕਾਂ ‘ਚ ਸਿਮਟ ਗਈ ਹੈ। ਇਸੇ ਤਰ੍ਹਾਂ ਅਸਾਮ ‘ਚ ਭਾਰੀ ਬਹੁਮਤ ਨਾਲ ਲਗਾਤਾਰ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ। ਤਾਮਿਲਨਾਡੂ ਦਾ ਨਤੀਜਾ ਵੀ ਹੈਰਾਨ ਕਰਨ ਵਾਲਾ ਹੈ। ਇੱਥੇ ਅਭਿਨੇਤਾ ਤੋਂ ਨੇਤਾ ਬਣੇ ਵਿਜੇ ਦੀ ਪਾਰਟੀ ਟੀਵੀਕੇ ਚਮਤਕਾਰੀ ਪ੍ਰਦਰਸ਼ਣ ਕਰਦੇ ਹੋਏ 234 ਮੈਂਬਰੀ ਵਿਧਾਨ ਸਭਾ ‘ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਖੱਬੇਪੱਖੀ ਕੇਰਲਮ ‘ਚ ਆਪਣਾ ਆਖ਼ਰੀ ਗੜ੍ਹ ਵੀ ਨਹੀਂ ਬਚਾ ਸਕੇ।. ਇੱਥੇ ਕਾਂਗਰਸ ਦੀ ਅਗਵਾਈ ਵਾਲੇ ‘ਯੂਡੀਐੱਫ ਖੱਬੇਪੱਖੀਆਂ ਦੇ ਐੱਲਡੀਐੱਫ ਨੂੰ ਹਰਾ ਕੇ 10 ਸਾਲਾਂ ਬਾਅਦ ਸੱਤਾ ‘ਚ ਵਾਪਸੀ ਕਰਨ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਮਮਤਾ ਬੈਨਰਜੀ ਤੇ ਐੱਮਕੇ ਸਟਾਲਿਨ ਸੱਤਾ ਗੁਆਉਣ ਦੇ ਨਾਲ-ਨਾਲ ਆਪਣੀਆਂ ਵਿਧਾਨ ਸਭਾ ਸੀਟਾਂ ਤੱਕ ਨਹੀਂ ਬਚਾ ਸਕੇ। ਹਾਲਾਂਕਿ ਕੇਰਲਮ ‘ਚ ਮੁੱਖ ਮੰਤਰੀ ਪੀ. ਵਿਜੇਯਨ ਆਪਣੀ ਸੀਟ ਬਚਾਉਣ ‘ਚ ਕਾਮਯਾਬ ਰਹੇ। ਅਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਸੂਬੇ ਦੀ ਸੱਤਾ ਦੇ ਨਾਲ-ਨਾਲ ਆਪਣੀ ਸੀਟ ਵੀ ਬਰਕਰਾਰ ਰੱਖੀ ਹੈ। ਬੰਗਾਲ ‘ਚ 294 ਸੀਟਾਂ ਵਾਲੀ ਵਿਧਾਨ ਸਭਾ ‘ਚ ਭਾਜਪਾ ਨੇ 200 ਦਾ ਅੰਕੜਾ ਪਾਰ ਕਰ ਕੇ ਇਤਿਹਾਸਕ ਪ੍ਰਦਰਸ਼ਣ ਕੀਤਾ ਹੈ। ਇਹ ਸੂਬੇ ਦੀ ਸਿਆਸਤ ‘ਚ ਫ਼ੈਸਲਾਕੁੰਨ ਮੋੜ ਮੰਨਿਆ ਜਾ ਰਿਹਾ ਹੈ।
ਲੰਬੇ ਸਮੇਂ ਤੋਂ ਸੱਤਾ ‘ਚ ਰਹੀ ਤ੍ਰਿਣਮੂਲ ਕਾਂਗਰਸ ਇਸ ਵਾਰ ਸੌ ਦੇ ਅੰਕੜੇ ਤੱਕ ਵੀ ਨਹੀਂ ਪੁੱਜ ਸਕੀ। ਸਰਹੱਦੀ, ਆਦਿਵਾਸੀ ਤੇ ਸਨਅਤੀ ਖੇਤਰਾਂ ‘ਚ ਭਾਜਪਾ ਨੂੰ ਵੱਡਾ ਸਮਰਥਨ ਮਿਲਿਆ, ਜਦਕਿ ਤ੍ਰਿਣਮੂਲ ਕਾਂਗਰਸ ਸ਼ਹਿਰੀ ਤੇ ਕੁਝ ਪੇਂਡੂ ਖੇਤਰਾਂ ਤੱਕ ਸੀਮਤ ਰਹੀ। ਚੋਣ ਪ੍ਰਚਾਰ ਦੌਰਾਨ ਧਰੁਵੀਕਰਨ, ਵੋਟਰ ਸੂਚੀ ਤੇ ਈਵੀਐੱਮ ਸੁਰੱਖਿਆ ਵਰਗੇ ਮੁੱਦਿਆਂ ਨੇ ਮਾਹੌਲ ਨੂੰ ਤਣਾਅਪੂਰਨ ਬਣਾਈ ਰੱਖਿਆ। ਹਾਲਾਂਕਿ ਹਾਰ ਬਾਅਦ ਮਮਤਾ ਬੈਨਰਜੀ ਨੇ ਵੋਟਰ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ‘ਤੇ ਸਵਾਲ ਉਠਾਏ ਹਨ। ਭਾਜਪਾ ਦੇ ਸੁਵੇਂਦੂ ਅਧਿਕਾਰੀ ਆਪਣੀਆਂ ਦੋਵਾਂ ਸੀਟਾਂ ਭਵਾਨੀਪੁਰ ਤੇ ਨੰਦੀਗ੍ਰਾਮ ਤੋਂ ਜਿੱਤਣ ‘ਚ ਕਾਮਯਾਬ ਰਹੇ। ਪਿਛਲੀ ਵਾਰ ਨੰਦੀਗ੍ਰਾਮ ਤੋਂ ਮਮਤਾ ਨੂੰ ਹਰਾਉਣ ਵਾਲੇ ਸੁਵੇਂਦੂ ਨੇ ਇਸ ਵਾਰ ਭਵਾਨੀਪੁਰ ਤੋਂ ਤ੍ਰਿਣਮੂਲ ਸੁਪਰੀਮੋ ਨੂੰ ਹਰਾ ਦਿੱਤਾ। ਅਸਾਮ ‘ਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਸੱਤਾ ਵਾਪਸੀ ਕਰ ਕੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। 126 ਸੀਟਾਂ ਵਾਲੀ ਵਿਧਾਨ ਸਭਾ ‘ਚ ਪਾਰਟੀ ਨੇ ਸਹਿਯੋਗੀਆਂ ਨਾਲ ਮਿਲ ਕੇ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ। ਹਿੰਮਤ ਬਿਸਵ ਸਰਮਾ ਦੀ ਅਗਵਾਈ ‘ਚ ਸਰਕਾਰ ਦੇ ਵਿਕਾਸ ਕਾਰਜਾਂ, ਕਲਿਆਣਕਾਰੀ ਯੋਜਨਾਵਾਂ ਤੇ ਘੁਸਪੈਠ ਦੇ ਮੁੱਦਿਆਂ ‘ਤੇ ਫ਼ੈਸਲਾਕੁੰਨ ਕੰਮ ਕੀਤਾ ਸੀ।
