ਨਸ਼ਿਆਂ ਦੇ ਮਾਇਆ ਜਾਲ ਵਿਚ ਉਲਝੇ ਪਰਵਾਸੀ ਭਾਰਤੀ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਬਰਤਰਫ ਡੀæਐਸ਼ਪੀæ ਤੇ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਤੇ ਖੁਫੀਆ ਏਜੰਸੀਆਂ ਬਹੁਕਰੋੜੀ ਡਰੱਗ ਤਸਕਰੀ ਵਿਚ ਸ਼ਾਮਲ 50 ਸ਼ੱਕੀ ਪਰਵਾਸੀ ਭਾਰਤੀਆਂ ਦਾ ਖੁਰਾ ਖੋਜ ਲੱਭਣ ਵਿਚ ਜੁੱਟ ਗਈਆਂ ਹਨ। ਪੁਲਿਸ ਨੇ ਇਨ੍ਹਾਂ ਵਿਚੋਂ ਦੋ ਦਰਜਨ ਤੋਂ ਵੱਧ ਬਾਰੇ ਜਾਣਕਾਰੀ ਹਾਸਲ ਕਰ ਲਈ ਹੈ। ਹੁਣ ਤੱਕ 5000 ਕਰੋੜ ਦੇ ਡਰਗਜ਼ ਦੇ ਧੰਦੇ ਤੋਂ ਪੁਲਿਸ ਪਰਦਾ ਉਠਾਉਣ ਵਿਚ ਕਾਮਯਾਬ ਹੋਈ ਹੈ।
ਪੁਲਿਸ ਰਾਜਸੀ ਖੇਤਰ ਨਾਲ ਸਬੰਧਤ ਜੁੜੇ ਵਿਅਕਤੀਆਂ ਦੇ ਸ਼ਹਾਨਾ ਅੰਦਾਜ਼ ਵਿਚ ਜੀਵਨ ਬਸਰ ਕਰਨ ਨੂੰ ਦੇਖਦਿਆਂ ਉਨ੍ਹਾਂ ਦੇ ਪਿਛੋਕੜ ਦੀ ਵੀ ਪੜਤਾਲ ਕਰਨ ਵਿਚ ਲੱਗੀ ਹੈ। ਪੁਲਿਸ ਸੂਤਰਾਂ ਦੇ ਅਨੁਸਾਰ ਹੁਣ ਤੱਕ 32 ਪਰਵਾਸੀ ਭਾਰਤੀਆਂ ਦੇ ਪਿੰਡਾਂ ਦੇ ਪਤੇ, ਟਿਕਾਣਿਆਂ ਬਾਰੇ ਪਤਾ ਲੱਗ ਚੁੱਕਾ ਹੈ ਜਿਨ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਧੰਦੇ ਵਿਚ ਜਗਦੀਸ਼ ਭੋਲਾ ਨਾਲ ਜੁੜੇ ਹੋਣ ਦੀ ਪੁਸ਼ਟੀ ਹੋਈ ਹੈ। ਸੂਤਰਾਂ ਦੇ ਅਨੁਸਾਰ ਨਸ਼ਿਆਂ ਦੇ ਧੰਦੇ ਵਿਚ ਪੱਕੇ ਪੈਰੀਂ ਸਥਾਪਤ ਹੋਣ ਲਈ ਜਗਦੀਸ਼ ਭੋਲਾ ਨੇ ਵੀਅਤਨਾਮ ਤੇ ਚੀਨ ਤੋਂ ਸਿੱਖ ਕੇ ਆਏ ਪਰਵਾਸੀ ਭਾਰਤੀਆਂ ਦੀ ਮਦਦ ਲਈ ਤੇ ਇਹ ਲੋਕ ਵਿਦੇਸ਼ਾਂ ਵਿਚ ਸਥਾਪਤ ਹੋ ਚੁੱਕੇ ਹਨ ਤੇ ਡਰਗਜ਼ ਦੇ ਧੰਦੇ ਨਾਲ ਜੁੜੇ ਹੋਏ ਹਨ।
ਇਨ੍ਹਾਂ ਮਾਹਿਰਾਂ ਨੇ ਨਸ਼ੀਲੇ ਪਦਾਰਥਾਂ ਨੂੰ ਖੋਜੀ ਕੁੱਤਿਆਂ, ਐਕਸਰੇ, ਸਕੈਨਰਾਂ ਤੋਂ ਬਚਾਉਣ ਲਈ ਵਿਸ਼ੇਸ਼ ਕਾਗਜ਼ਾਂ ਵਿਚ ‘ਏਅਰਟਾਈਟ’ ਪੈਕਿੰਗ ਕਰਨੀ ਸਿਖਾਈ। ਇਨ੍ਹਾਂ ਪਰਵਾਸੀ ਭਾਰਤੀਆਂ ਦੇ ਨਾਂ ਅਤਿ ਅਹਿਮ ਹਨ ਤੇ ਇਹ ਅਕਸਰ ਪੰਜਾਬ ਵਿਚ ਆਪਣੇ ਪਿੰਡਾਂ ਵਿਚ ਆ ਕੇ ਮਹੀਨਿਆਂ ਤੱਕ ਰਹਿੰਦੇ ਤੇ ਪਰਉਪਕਾਰੀ ਕੰਮ ਤੇ ਖੇਡ ਮੇਲੇ ਕਰਵਾ ਕੇ ਆਪਣੀ ਟੌਹਰ ਬਣਾਉਂਦੇ ਹਨ। ਪਟਿਆਲਾ ਦੇ ਐਸ਼ਐਸ਼ਪੀæ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਪੜਤਾਲ ਦੌਰਾਨ ਗ੍ਰਿਫਤਾਰ ਕੀਤੇ ਜਾਣ ਵਾਲੇ 50 ਸ਼ੱਕੀਆਂ ਵਿਚੋਂ 32 ਪਰਵਾਸੀ ਭਾਰਤੀਆਂ ਦੀ ਪਛਾਣ ਹੋ ਚੁੱਕੀ ਹੈ ਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਰੂਪੇਸ਼ ਹੋ ਗਏ ਹਨ ਤੇ ਜਿਨ੍ਹਾਂ ਦੇਸ਼ਾਂ ਵਿਚ ਰਹਿੰਦੇ ਸਨ, ਉਥੋਂ ਲਾਪਤਾ ਹਨ।
ਇਨ੍ਹਾਂ ਦੇ ਨਾਂ ਪੁਲਿਸ ਕੋਲ ਹਨ ਤੇ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਇੰਟਰਪੋਲ ਤੇ ਹੋਰ ਏਜੰਸੀਆਂ ਦੀ ਸਹਾਇਤਾ ਲਈ ਜਾਵੇਗੀ। ਇਹ ਲੋਕ ਉੱਤਰੀ ਅਮਰੀਕਾ, ਕੈਨੇਡਾ ਤੇ ਯੂਰਪ ਦੇ ਕੁਝ ਦੇਸ਼ਾਂ ਤੱਕ ਫੈਲੇ ਹੋਏ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੇ ਦੱਸਿਆ ਹੈ ਕਿ ਕਿਵੇਂ ਪਿਛਲੇ ਕਈ ਸਾਲ ਤੋਂ ਬੱਦੀ ਵਿਖੇ ਨਸ਼ੇ ਤਿਆਰ ਕਰਕੇ ਯੋਜਨਾਬੱਧ ਢੰਗ ਨਾਲ ਦੇਸ਼ ਭਰ ਵਿਚ ਭੇਜੇ ਜਾਂਦੇ ਸਨ ਤੇ ਫਿਰ ਕੁਝ ਚੋਣਵੇਂ ਲੋਕਾਂ ਦੇ ਰਾਹੀਂ ਵਿਦੇਸ਼ਾਂ ਨੂੰ ਸਪਲਾਈ ਕੀਤੇ ਜਾਂਦੇ ਸਨ। ਇਸ ਤੋਂ ਇਲਾਵਾ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਝਾਮਪੁਰ ਦੇ ਇਕ ਸ਼ੈਲਰ ਦਾ ਵੀ ਪਤਾ ਲਾਇਆ ਹੈ, ਜਿਥੇ ਨਸ਼ੇ ਤਿਆਰ ਕੀਤੇ ਜਾਂਦੇ ਸਨ ਤੇ ਇਸ ਦੀ ਇਕ ਇਕਾਈ ਪਟਿਆਲਾ ਵਿਚ ਵੀ ਸੀ।
ਐਸ਼ਐਸ਼ਪੀæ ਅਨੁਸਾਰ ਹੁਣ ਤਕ ਨਸ਼ਿਆਂ ਦੀ ਤਸਕਰੀ ਦੇ ਦੋਸ਼ ਵਿਚ ਜਗਦੀਸ਼ ਭੋਲਾ, ਅੰਮ੍ਰਿਤਸਰ ਦਾ ਸਰਬਜੀਤ ਸਿੰਘ ਸਾਬਾ, ਤਰਨ ਤਾਰਨ ਦੇ ਹਰਪ੍ਰੀਤ ਸਿੰਘ ਤੇ ਬਲਜਿੰਦਰ ਸਿੰਘ, ਸੋਨੀਪਤ ਦਾ ਰਵਿੰਦਰ ਸਿੰਘ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਤੋਂ ਹਾਸਲ ਕੀਤੀ ਜਾਣਕਾਰੀ ਬਾਅਦ ਅੰਮ੍ਰਿਤਸਰ ਦਾ ਜਗਜੀਤ ਸਿੰਘ ਚਾਹਲ ਜੋ ਪਠਾਨਕੋਟ ਤੇ ਬੱਦੀ ਵਿਖੇ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਦਾ ਮਾਲਕ ਹੈ ਤੇ ਅਕਾਲੀ ਆਗੂ ਮਨਿੰਦਰ ਸਿੰਘ ਬਿੱਟੂ ਔਲਖ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿਚੋਂ ਦੋ ਅੰਮ੍ਰਿਤਸਰ ਵਿਚ ਵੱਡੇ ਪੱਧਰ ‘ਤੇ ਝਗੜੇ ਵਾਲੀਆਂ ਜਾਇਦਾਦਾਂ ਬੇਨਾਮੀ ਪੱਧਰ ਉਤੇ ਖਰੀਦਣ ਵਿਚ ਵੀ ਸਰਗਰਮ ਹਨ ਤੇ ਜੇ ਜਾਂਚ ਸਹੀ ਢੰਗ ਨਾਲ ਕੀਤੀ ਜਾਂਦੀ ਹੈ ਤਾਂ ਕਈ ਵੱਡੇ ਰਾਜਸੀ ਆਗੂਆਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।
____________________________
ਦਾਊਦ ਬਣਨਾ ਚਾਹੁੰਦਾ ਸੀ ਭੋਲਾ
ਜਗਦੀਸ਼ ਸਿੰਘ ਭੋਲਾ ਨਸ਼ਿਆਂ ਦੀ ਤਸਕਰੀ ਵਿਚ ਅੰਡਰਵਲਡ ਡਾਨ ਦਾਊਦ ਇਬਰਾਹੀਮ ਬਣਨਾ ਚਾਹੁੰਦਾ ਸੀ। ਫਿਲਮਾਂ ਤੋਂ ਬਾਅਦ ਉਹ ਹੋਟਲ ਕਾਰੋਬਾਰ ਵਿਚ ਵੀ ਪੈਰ ਪਸਾਰ ਰਿਹਾ ਸੀ। ਪੁਲਿਸ ਵੇਰਵਿਆਂ ਮੁਤਾਬਕ ਭੋਲੇ ਨੂੰ 2008 ਵਿਚ ਨਾਰਕੌਟਿਕਸ ਕੰਟਰੋਲ ਬਿਊਰੋ ਵੱਲੋਂ 25 ਕਿਲੋ ਆਈਸ ਡਰੱਗ ਸਮੇਤ ਮੁੰਬਈ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਹ ਉਥੇ ਆਰਥਰ ਰੋਡ ਜੇਲ੍ਹ ਵਿਚ ਬੰਦ ਸੀ ਤਾਂ ਕਿਸੇ ਵੇਲੇ ਦਾਊਦ ਦੇ ਲਫਟੈਨ ਰਹੇ ਅਬੂ ਸਲੇਮ ਤੇ ਮੁਸਤਫਾ ਦੌਸਾ ਨਾਲ ਉਸ ਦਾ ਸੰਪਰਕ ਹੋਇਆ ਸੀ। ਇਸ ਸਦਕਾ ਹੀ ਉਸ ਨੂੰ ਜੇਲ੍ਹ ਵਿਚ ਬਾਹਰਲੇ ਖਾਣੇ ਸਮੇਤ ਕਈ ਸਹੂਲਤਾਂ ਮਿਲੀਆਂ ਸਨ। ਸੂਤਰਾਂ ਅਨੁਸਾਰ ਸਲੇਮ ਤੇ ਦੌਸਾ ਨਾਲ ਮੇਲ-ਜੋਲ ਤੋਂ ਉਸ ਦਾ ਹੌਸਲਾ ਵਧ ਗਿਆ ਸੀ ਤੇ ਉਹ ਨਸ਼ਿਆਂ ਦੇ ਧੰਦੇ ਵਿਚ ਹੋਰ ਉਚੇ ਚੜ੍ਹਨ ਦੀਆਂ ਤਰਕੀਬਾਂ ਬਣਾਉਣ ਲੱਗਿਆ। ਇਸ ਤੋਂ ਬਾਅਦ ਫਿਰ ਉਸ ਨੇ ਪਿਛੇ ਮੁੜ ਕੇ ਨਹੀਂ ਦੇਖਿਆ ਸਗੋਂ ਲਗਾਤਾਰ ਅੱਗੇ ਹੀ ਅੱਗੇ ਵਧਦਾ ਗਿਆ।
___________________________
600 ਕਰੋੜ ਦੀ ਡਰੱਗ ਸਮੱਗਰੀ ਬਰਾਮਦ
ਪਟਿਆਲਾ: ਸਿੰਥੈਟਿਕ ਡਰੱਗ ਸਕੈਂਡਲ ਦੇ ਮੁੱਖ ਸਰਗਨੇ ਜਗਦੀਸ਼ ਭੋਲਾ ਨੂੰ ਆਈਸ ਸਿੰਥੈਟਿਕ ਡਰੱਗ ਬਣਾਉਣ ਲਈ ਵਰਤੇ ਜਾਂਦੇ ਰਸਾਇਣਾਂ ਦੇ ਮੁੱਖ ਸਪਲਾਇਰਾਂ ਜਗਜੀਤ ਸਿੰਘ ਚਾਹਲ ਤੇ ਮਨਿੰਦਰ ਸਿੰਘ ਉਰਫ ਬਿੱਟੂ ਔਲਖ ਦੀ ਗ੍ਰਿਫਤਾਰੀ ਤੋਂ ਬਾਅਦ ਪਟਿਆਲਾ ਪੁਲਿਸ ਨੇ 600 ਕਰੋੜ ਰੁਪਏ ਦੇ 600 ਕਿਲੋ ਐਫੇਡਰਾਈਨ, ਸੂਡੋ ਐਫੇਡਰਾਈਨ ਤੇ ਹੋਰ ਰਸਾਇਣ ਬਰਾਮਦ ਕੀਤੇ ਹਨ। ਇਹ ਬਰਾਮਦਗੀ ਜਗਜੀਤ ਸਿੰਘ ਚਾਹਲ ਦੇ ਪ੍ਰਗਟਾਵੇ ਦੇ ਅਧਾਰ ‘ਤੇ ਉਸ ਦੀ ਬੱਦੀ ਸਥਿਤ ਐਮæਬੀæਪੀæ ਫਾਰਮਾਸਿਊਟੀਕਲਜ਼ ਫੈਕਟਰੀ ਵਿਚੋਂ ਹੋਈ ਹੈ ਤੇ ਇਨ੍ਹਾਂ ਰਸਾਇਣਾਂ ਤੋਂ 1800 ਕਰੋੜ ਦੇ ਸਿੰਥੈਟਿਕ ਡਰੱਗਜ਼ ਤਿਆਰ ਹੋਣੇ ਸਨ। ਬਰਾਮਦ ਕੀਤੇ ਗਏ ਅਜਿਹੇ ਰਸਾਇਣਾਂ ਦੀ ਮਾਤਰਾ, ਸਟਾਕ ਰਜਿਸਟਰਾਂ ਤੇ ਅਜਿਹੇ ਰਸਾਇਣਾਂ ਨੂੰ ਫੈਕਟਰੀ ਵਿਚ ਰੱਖਣ ਦੀਆਂ ਪ੍ਰਵਾਨਗੀਆਂ ਆਦਿ ਪਹਿਲੂਆਂ ਨੂੰ ਤਸਦੀਕ ਕਰਨ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਜਾਂਚ ਨਾਲ ਜੋੜਿਆ ਗਿਆ ਹੈ। ਐਫੇਡਰਾਈਨ, ਸੂਡੋ ਐਫੇਡਰਾਈਨ ਤੇ ਹੋਰ ਰਸਾਇਣਾਂ ਦੀ ਅਨੁਮਾਨਤ ਕੀਮਤ ਇਕ ਕਰੋੜ ਰੁਪਏ ਪ੍ਰਤੀ ਕਿਲੋ ਹੈ ਜਦੋਂਕਿ ਸਿੰਥੈਟਿਕ ਡਰੱਗ ਆਈਸ (ਐਮ-ਐਫੇਟਾਮਾਈਨ) ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਪੰਜ ਕਰੋੜ ਹੈ। ਗੈਰਕਾਨੂੰਨੀ ਨਿਰਮਾਣ ਪ੍ਰਕਿਰਿਆ ਵਿਚ ਅੰਦਾਜ਼ਨ 60 ਫੀਸਦੀ ਅਜਿਹੇ ਰਸਾਇਣਾਂ ਨੂੰ ਆਈਸ ਵਿਚ ਬਦਲਿਆ ਜਾਂਦਾ ਹੈ ਤੇ ਕਿਲੋ ਰਸਾਇਣ ਤੋਂ 600 ਗ੍ਰਾਮ ਆਈਸ ਬਣਦੀ ਹੈ। ਇਸ ਬਰਾਮਦਗੀ ਨਾਲ ਇਸ ਕੇਸ ਦੀ ਹੋਰ ਪਰਤਾਂ ਵੀ ਖੁੱਲ੍ਹਣਗੀਆਂ।

Be the first to comment

Leave a Reply

Your email address will not be published.