ਪ੍ਰਿੰ. ਸਰਵਣ ਸਿੰਘ
ਸੇਰੇਨਾ ਵਿਲੀਅਮਜ਼ ਦੋ ਦਹਾਕੇ ਟੈਨਿਸ ਦੀ ਸਰਬੋਤਮ ਖਿਡਾਰਨ ਬਣੀ ਰਹੀ। ਉਹਦੇ ਵੱਲੋਂ 33 ਗਰੈਂਡ ਸਲੈਮਾਂ ਦੇ ਫਾਈਨਲ ਮੈਚ ਖੇਡਣੇ ਤੇ 23 ਗਰੈਂਡ ਸਲੈਮ ਜਿੱਤਣੇ ਕਹਿ ਦੇਣੀ ਗੱਲ ਹੈ! ਉਸ ਨੇ 1980ਵਿਆਂ `ਚ ਟੈਨਿਸ ਖੇਡਣੀ ਸ਼ੁਰੂ ਕੀਤੀ ਸੀ ਅਤੇ 1990ਵਿਆਂ `ਚ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਬਣ ਗਈ ਸੀ।
ਫਿਰ ਟੈਨਿਸ ਖੇਡਣ ਦੀ ਐਸੀ ਮੈਰਾਥਨ ਲਾਈ ਜੋ 2000ਵਿਆਂ, 2010ਵਿਆਂ ਤੇ 2020ਵਿਆਂ ਵਿਚ ਪਹੁੰਚ ਕੇ ਪੂਰੀ ਹੋਈ। 2026 `ਚ 45 ਸਾਲਾਂ ਦੀ ਹੋਣ ਤਕ ਉਸ ਨੇ ਲਗਭਗ 40 ਸਾਲ ਟੈਨਿਸ ਖੇਡੀ ਹੋਵੇਗੀ। ਕੁਆਰੀ ਹੁੰਦੀ ਨੇ ਤਾਂ ਖੇਡਣਾ ਹੀ ਸੀ, ਵਿਆਹ ਕਰਾ ਕੇ ਤੇ ਦੋ ਧੀਆਂ ਦੀ ਮਾਂ ਬਣ ਕੇ ਵੀ ਖੇਡਦੀ ਰਹੀ। ਉਸ ਨੇ ਸਾਬਤ ਕਰ ਦਿੱਤਾ ਕਿ ਔਰਤਾਂ ਸੋਹਲ-ਮਲੂਕ ਨਹੀਂ ਸਗੋਂ ਮਰਦਾਂ ਵਰਗੀਆਂ ਹੀ ਤਕੜੀਆਂ ਤੇ ਜੁਝਾਰੂ ਹੁੰਦੀਆਂ ਹਨ। ਉਹ ਅਤਿ ਮੁਸ਼ਕਲ ਹਾਲਤਾਂ ਵਿਚ ਵੀ ਸਿਰੇ ਦਾ ਸਰੀਰਕ ਸਿਰੜ ਤੇ ਮਾਨਸਿਕ ਸੰਤੁਲਨ ਵਿਖਾ ਸਕਦੀਆਂ ਹਨ।
ਉਸਨੇ 23 ਸਾਲਾਂ ਦੇ ਪ੍ਰੋਫੈਸ਼ਨਲ ਖੇਡ ਜੀਵਨ ਦੌਰਾਨ ਉੱਚ ਪਾਏ ਦੇ 1014 ਸਿੰਗਲਜ਼ ਮੈਚ ਖੇਡੇ ਜਿਨ੍ਹਾਂ `ਚੋਂ 858 ਜਿੱਤੇ। ਇਸ ਦੌਰਾਨ ਉਸ ਨੇ ਸਿੰਗਲਜ਼ ਦੇ 73 ਖ਼ਿਤਾਬ ਵੀ ਹਾਸਲ ਕੀਤੇ। ਉਨ੍ਹਾਂ ਵਿਚ 23 ਗਰੈਂਡ ਸਲੈਮ ਖ਼ਿਤਾਬ ਸਨ। ਉਹ 319 ਹਫ਼ਤੇ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਬਣੀ ਰਹੀ। ਉਸ ਨੇ ਮਹਿਲਾਵਾਂ ਦੇ 224 ਡਬਲਜ਼ ਮੈਚ ਖੇਡੇ ਜਿਨ੍ਹਾਂ `ਚੋਂ 190 ਜਿੱਤੇ। ਉਸ ਦੇ ਜਿੱਤੇ ਹੋਏ 23 ਡਬਲਜ਼ `ਚੋਂ 14 ਗਰੈਂਡ ਸਲੈਮ ਖ਼ਿਤਾਬ ਹਨ। ਗਰੈਂਡ ਸਲੈਮ ਡਬਲਜ਼ ਦੇ ਫਾਈਨਲਾਂ `ਚ ਤਾਂ ਉਹ ਕਦੇ ਵੀ ਨਹੀਂ ਹਾਰੀ। ਉਸ ਨੇ ਮਿਕਸਡ ਡਬਲਜ਼ ਦੇ ਕੁਲ 31 ਮੈਚ ਖੇਡੇ ਜਿਨ੍ਹਾਂ `ਚੋਂ 27 ਜਿੱਤੇ। ਉਨ੍ਹਾਂ ਵਿਚ 2 ਗਰੈਂਡ ਸਲੈਮ ਸਨ। ਓਲੰਪਿਕ ਖੇਡਾਂ ਵਿਚੋਂ ਵੀ ਉਸ ਨੇ 4 ਗੋਲਡ ਮੈਡਲ ਜਿੱਤੇ ਜਿਨ੍ਹਾਂ `ਚੋਂ 3 ਡਬਲਜ਼ ਤੇ 1 ਸਿੰਗਲਜ਼ ਦੇ ਹਨ। ਉਹਨੇ 1 ਵਾਰ ਫੈਡਰੇਸ਼ਨ ਕੱਪ ਤੇ 2 ਵਾਰ ਹੋਪਮੈਨ ਕੱਪ ਵੀ ਜਿੱਤਿਆ।
ਉਸ ਦਾ ਪੂਰਾ ਨਾਂ ਸੇਰੇਨਾ ਜਮੇਕਾ ਵਿਲੀਅਮਜ਼ ਹੈ। ਉਹਦਾ ਜਨਮ 26 ਸਤੰਬਰ 1981 ਨੂੰ ਟੈਨਿਸ ਦੇ ਖਿਡਾਰੀ ਤੇ ਕੋਚ ਰਿਚਰਡ ਵਿਲੀਅਮਜ਼ ਦੇ ਘਰ ਮਾਤਾ ਔਰਾਸੀਨ ਪ੍ਰਾਈਸ ਦੀ ਕੁੱਖੋਂ ਅਮਰੀਕਾ ਦੀ ਸਟੇਟ ਮਿਸ਼ੀਗਨ ਦੇ ਸ਼ਹਿਰ ਸਾਗਿਨਾਅ ਵਿਚ ਹੋਇਆ। ਉਹਦੀ ਮਾਂ ਦੀ ਕੁੱਖੋਂ ਪੰਜ ਧੀਆਂ ਜੰਮੀਆਂ ਜਿਨ੍ਹਾਂ `ਚ ਸੇਰੇਨਾ ਸਭ ਤੋਂ ਛੋਟੀ ਹੈ। ਉਸ ਦੀਆਂ ਤਿੰਨ ਵੱਡੀਆਂ ਧੀਆਂ ਪਹਿਲੇ ਪਤੀ ਦੀ ਔਲਾਦ ਸਨ ਜਦ ਕਿ ਛੋਟੀਆਂ ਦੋ ਧੀਆਂ ਰਿਚਰਡ ਵਿਲੀਅਮਜ਼ ਦੀਆਂ ਹਨ। ਵੈਸੇ ਰਿਚਰਡ ਦੇ ਵੀ ਦੋ ਬੱਚੇ ਹੋਰ ਸਨ ਜੋ ਹੋਰ ਮਾਂ ਦੀ ਕੁੱਖੋਂ ਪੈਦਾ ਹੋਏ ਸਨ। ਇੰਜ ਮਤਰੇਏ ਤੇ ਪਤਰੇਏ ਉਹ ਛੇ ਭੈਣ ਭਰਾ ਹਨ। ਉਨ੍ਹਾਂ ਦਾ ਪਿਛੋਕੜ ਅਫਰੀਕਾ ਮੂਲ ਦੇ ਅਮਰੀਕਨਾਂ ਦਾ ਹੈ ਜਿਨ੍ਹਾਂ ਨੂੰ ਕਾਲੇ ਅਮਰੀਕਨ ਵੀ ਕਿਹਾ ਜਾਂਦੈ। ਵਿਸ਼ਵ ਦੇ ਖੇਡ ਖੇਤਰ ਵਿਚ ਕਾਲੇ ਅਮਰੀਕਨਾਂ ਨੇ ਧੁੰਮਾਂ ਪਾ ਰੱਖੀਆਂ ਹਨ ਤੇ ਉਨ੍ਹਾਂ ਦੇ ਸਿਰ `ਤੇ ਹੀ ਅਮਰੀਕਾ ਓਲੰਪਿਕ ਖੇਡਾਂ `ਚ ਸਭ ਤੋਂ ਵੱਧ ਮੈਡਲ ਜਿੱਤਦਾ ਆ ਰਿਹੈ।
ਸੇਰੇਨਾ ਚਾਰ ਸਾਲਾਂ ਦੀ ਤੇ ਉਹਦੀ ਵੱਡੀ ਭੈਣ ਪੰਜ ਸਾਲਾਂ ਦੀ ਸੀ ਜਦੋਂ ਉਨ੍ਹਾਂ ਦੇ ਮਾਪੇ ਦੋਹਾਂ ਧੀਆਂ ਨੂੰ ਲੈ ਕੇ ਕੈਲੇਫੋਰਨੀਆ ਦੇ ਸ਼ਹਿਰ ਕੋਂਪਟਨ ਚਲੇ ਗਏ। ਉਨ੍ਹੀਂ ਦਿਨੀਂ ਮਾਂ-ਬਾਪ ਦੀ ਰੀਸੇ ਦੋਹਾਂ ਧੀਆਂ ਨੇ ਟੈਨਿਸ ਦੇ ਰੈਕਟ ਫੜਨੇ ਤੇ ਟੈਨਿਸ ਖੇਡਣੀ ਸ਼ੁਰੂ ਕਰ ਲਈ ਹੋਈ ਸੀ। ਬਾਪ ਨੇ ਉਥੇ ਸਕਿਉਰਿਟੀ ਦੀ ਸਰਵਿਸ ਲੱਭ ਲਈ ਤੇ ਮਾਂ ਨਰਸ ਲੱਗ ਗਈ। ਬਾਪ ਧੀਆਂ ਦਾ ਮੁੱਢਲਾ ਕੋਚ ਬਣ ਗਿਆ ਤੇ ਮਾਂ ਮੁੱਢਲੀ ਡਾਈਟੀਸ਼ਨ। ਉਹ ਦੋਹਾਂ ਨੂੰ ਪਬਲਿਕ ਦੇ ਕੋਰਟਾਂ `ਚ ਟੈਨਿਸ ਖਿਡਾਉਣ ਲੈ ਜਾਂਦੇ। ਫਿਰ 1991 ਵਿਚ ਦੋਹਾਂ ਧੀਆਂ ਨੂੰ ਵਿਸ਼ੇਸ਼ ਕੋਚਿੰਗ ਦੁਆਉਣ ਲਈ ਫਲੋਰੀਡਾ ਲੈ ਗਏ ਜਿਥੇ ਟੈਨਿਸ ਦੀ ਵਧੀਆ ਅਕੈਡਮੀ ਸੀ।
ਉਦੋਂ ਸੇਰੇਨਾ 9 ਸਾਲਾਂ ਦੀ ਵਿਦਿਆਰਥਣ ਸੀ। ਚਾਰਾਂ ਜੀਆਂ ਦਾ ਪਰਿਵਾਰ ਵੈੱਸਟ ਪਾਮ ਬੀਚ, ਫਲੋਰੀਡਾ ਵਿਖੇ ਰਹਿਣ ਲੱਗਾ। ਬੇਸ਼ਕ ਬਾਪ ਖ਼ੁਦ ਚੰਗਾ ਕੋਚ ਸੀ ਪਰ ਸਮਝਦਾ ਸੀ ਕਿ ਫਲੋਰੀਡਾ ਅਕੈਡਮੀ ਦਾ ਕੋਚ ਰਿੱਕ ਮੈਕੀ ਬਿਹਤਰ ਕੋਚਿੰਗ ਦੇ ਸਕੇਗਾ। ਉਹ ਵਿਲੀਅਮਜ਼ ਭੈਣਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਸਮਝਦਾ। ਉਹਦੀ ਅਕੈਡਮੀ ਦੇ ਖਿਡਾਰੀ ਚੰਗੇ ਨਤੀਜੇ ਦੇ ਰਹੇ ਸਨ ਤੇ ਯੂਨਾਈਟਿਡ ਸਟੇਟਸ ਟੈਨਿਸ ਐਸੋਸੀਏਸ਼ਨ ਦੇ ਟੂਰ ਲਾ ਰਹੇ ਸਨ। ਜਦੋਂ ਸੇਰੇਨਾ 10 ਸਾਲ ਦੀ ਹੋਈ ਤਾਂ ਉਹਦੇ ਬਾਪ ਨੇ ਧੀਆਂ ਨੂੰ ਟੂਰ `ਤੇ ਜਾਣੋਂ ਰੋਕ ਦਿੱਤਾ ਤਾਂ ਕਿ ਸਕੂਲੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਅੰਦਰਖਾਤੇ ਉਸ ਨੂੰ ਮਹਿਸੂਸ ਹੋਣ ਲੱਗਾ ਸੀ ਕਿ ਟੂਰਾਂ `ਚ ਰੰਗ-ਭੇਦ ਦਾ ਫਰਕ ਰੱਖਿਆ ਜਾ ਰਿਹੈ। 1995 `ਚ ਜਦੋਂ ਵਿਲੀਅਮਜ਼ ਭੈਣਾਂ ਨੌਵੇਂ ਗਰੇਡ ਵਿਚ ਸਨ ਤਾਂ ਬਾਪ ਨੇ ਧੀਆਂ ਅਕੈਡਮੀ `ਚੋਂ ਹਟਾ ਲਈਆਂ ਤੇ ਘਰ ਵਿਚ ਹੀ ਟ੍ਰੇਨਿੰਗ ਦੇਣ ਲੱਗ ਪਿਆ।
1995 `ਚ ਕੱਦ-ਕਾਠ ਦੀ ਨਿੱਗਰ ਸੇਰੇਨਾ ਵੱਡੀ ਭੈਣ ਵੀਨਸ ਵਾਂਗ ਟੈਨਿਸ ਦੀ ਪ੍ਰੋਫੈਸ਼ਨਲ ਖਿਡਾਰਨ ਬਣ ਗਈ। ਵਧੇਰੇ ਟੈਨਿਸ ਪ੍ਰੇਮੀਆਂ ਦਾ ਅਨੁਮਾਨ ਸੀ ਕਿ ਵੀਨਸ, ਸੇਰੇਨਾ ਤੋਂ ਪਹਿਲਾਂ ਗਰੈਂਡ ਸਲੈਮ ਜਿੱਤੇਗੀ। ਪਰ ਹੋਣਹਾਰ ਸੇਰੇਨਾ 1999 ਦਾ ਯੂ.ਐੱਸ. ਓਪਨ ਜਿੱਤ ਕੇ ਵੀਨਸ ਤੋਂ ਪਹਿਲਾਂ ਗਰੈਂਡ ਸਲੈਮ ਸਿੰਗਲਜ਼ ਦਾ ਟਾਈਟਲ ਜਿੱਤ ਗਈ। ਬਾਅਦ ਵਿਚ ਦੋਹਾਂ ਭੈਣਾਂ ਨੇ ਡਬਲਜ਼ ਦੇ 14 ਗਰੈਂਡ ਸਲੈਮ ਸਾਂਝੇ ਜਿੱਤ ਕੇ ਧੰਨ-ਧੰਨ ਕਰਵਾ ਦਿੱਤੀ।
ਸੇਰੇਨਾ ਦੀ ਮਰਦਾਂ ਵਰਗੀ ਸ਼ਕਤੀਸ਼ਾਲੀ ਖੇਡ ਸ਼ੈਲੀ ਨੇ ਔਰਤਾਂ ਦੀ ਖੇਡ ਵਿਚ ਵੀ ਇਨਕਲਾਬ ਲੈ ਆਂਦਾ। ਉਹ ਤੇ ਉਹਦੀ ਵੱਡੀ ਭੈਣ ਵੀਨਸ 1990ਵਿਆਂ ਦੇ ਅੱਧ `ਚ ਵੋਮੈੱਨਜ਼ ਟੈਨਿਸ ਐਸੋਸੀਏਸ਼ਨ ਦੇ ਟੂਰਾਂ ਦੀਆਂ ਪ੍ਰਮੁੱਖ ਖਿਡਾਰਨਾਂ ਬਣ ਗਈਆਂ ਸਨ। ਸਿੰਗਲਜ਼ ਮੈਚਾਂ `ਚ ਵੀ ਤੇ ਡਬਲਜ਼ ਮੈਚਾਂ ਵਿਚ ਵੀ। ਉਹ ਜਿਧਰ ਜਾਂਦੀਆਂ ਧੂੜਾਂ ਪੁੱਟੀ ਜਾਂਦੀਆਂ। ਸੇਰੇਨਾ 5 ਵਾਰ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਐਲਾਨੀ ਜਾਂਦੀ ਰਹੀ। ਉਹ ਵਿਸ਼ਵ ਦੀ ਇੱਕੋ ਖਿਡਾਰਨ ਹੈ ਜੀਹਨੂੰ ਸਿੰਗਲਜ਼ ਤੇ ਡਬਲਜ਼ ਵਿਚ ਕੈਰੀਅਰ ਗੋਲਡਨ ਸਲੈਮ ਖ਼ਿਤਾਬਾਂ ਨਾਲ ਸਨਮਾਨਿਆ ਗਿਆ ਤੇ ਟੈਨਿਸ ਦੀ ਰਾਣੀ ਹੀ ਨਹੀਂ ਮਹਾਰਾਣੀ ਕਿਹਾ ਜਾਣ ਲੱਗਾ।
ਉਹ ਅਜੇ 17 ਸਾਲਾਂ ਦੀ ਸੀ ਕਿ ਉਸ ਨੇ ਯੂ.ਐੱਸ. ਓਪਨ ਦਾ ਮੇਜਰ ਟੂਰਨਾਮੈਂਟ ਜਿੱਤ ਕੇ ਪਹਿਲੀ ਵੱਡੀ ਛਾਲ ਮਾਰੀ। ਫਿਰ ਉਹ ਤੇ ਉਹਦੀ ਭੈਣ ਪੌੜੀ-ਦਰ-ਪੌੜੀ ਚੜ੍ਹਦੀਆਂ ਗਰੈਂਡ ਸਲੈਮਾਂ ਦੀਆਂ ਗੁੱਡੀਆਂ ਘੁਕਾਉਣ ਲੱਗੀਆਂ। ਉਨ੍ਹਾਂ ਨੇ ਦੁਨੀਆ ਦੀਆਂ ਮਹਾਨ ਟੈਨਿਸ ਖਿਡਾਰਨਾਂ ਜਸਟਿਨ ਹੈਨਿਨ ਤੇ ਮਾਰੀਆ ਸ਼ਾਰਾਪੋਵਾ ਵਰਗੀਆਂ ਦੀਆਂ ਗੁੱਡੀਆਂ ਘੁਕਾ ਦਿੱਤੀਆਂ। ਸੇਰੇਨਾ ਦਾ 23 ਗਰੈਂਡ ਸਲੈਮ ਜਿੱਤਣ ਦਾ ਰਿਕਾਰਡ ਸਟੈਫੀ ਗਰਾਫ ਦੇ 22 ਸਲੈਮਾਂ ਦੇ ਰਿਕਾਰਡ ਨੂੰ ਮਾਤ ਪਾ ਗਿਆ। ਜਿਥੇ ਉਹਦੀਆਂ ਜਿੱਤਾਂ ਦੀ ਚਰਚਾ ਹੁੰਦੀ ਉਥੇ ਉਹਦੇ ਗੁੰਦਵੇਂ ਮਸਕੁਲਰ ਜੁੱਸੇ, ਵਾਲ਼ਾਂ ਦੇ ਵੱਖ-ਵੱਖ ਫੈਸ਼ਨ, ਗਲ਼ ਦੀ ਜੰਜੀਰੀ, ਰੰਗੀਨ ਨਹੁੰਆਂ ਤੇ ਸਖੀ ਵਿਹਾਰ ਦੀਆਂ ਵੀ ਬਾਤਾਂ ਪੈਂਦੀਆਂ। ਉਹਦੀ ਕੈਟ-ਕਿੱਟ ਦੀਆਂ ਵੀ ਗੱਲਾਂ ਹੁੰਦੀਆਂ।
ਹਾਰਡਕੋਰਟਾਂ `ਤੇ ਉਹ ਸਭ ਤੋਂ ਵੱਧ 13 ਗਰੈਂਡ ਸਲੈਮ ਜਿੱਤਣ ਵਾਲੀ ਖਿਡਾਰਨ ਹੈ। ਉਨ੍ਹਾਂ `ਚ 7 ਆਸਟ੍ਰੇਲੀਅਨ ਓਪਨ ਤੇ 6 ਯੂ.ਐੱਸ. ਓਪਨ ਹਨ। 30 ਸਾਲ ਤੋਂ ਵੱਧ ਉਮਰ ਦੀ ਹੋ ਕੇ 10 ਗਰੈਂਡ ਸਲੈਮ ਜਿੱਤਣ ਦਾ ਉਹਦਾ ਰਿਕਾਰਡ ਬੇਜੋੜ ਹੈ। ਉਹ ਮਰਦ ਤੇ ਮਹਿਲਾ ਵਰਗਾਂ ਵਿਚ ਇਕਲੌਤੀ ਖਿਡਾਰਨ ਹੈ ਜੀਹਨੇ 6 ਵਾਰ ਘੱਟੋ-ਘੱਟ 3 ਗਰੈਂਡ ਸਲੈਮ ਜਿੱਤੇ। 2016 ਵਿਚ ਉਹ ਵਿਸ਼ਵ ਦੀ ਪਹਿਲੀ ਖਿਡਾਰਨ ਬਣੀ ਜਿਸ ਨੇ ਗਰੈਂਡ ਸਲੈਮ ਮੁਕਾਬਲਿਆਂ ਵਿਚ 60 ਤੋਂ ਵੱਧ ਮੈਚ ਜਿੱਤੇ। 35 ਸਾਲਾਂ ਤੋਂ ਵਡੇਰੀ ਉਮਰ ਵਿਚ ਗਰੈਂਡ ਸਲੈਮ ਜਿੱਤਣ ਵਾਲੀ ਵੀ ਅਜੇ ਤਕ ਉਹ ਦੁਨੀਆ ਦੀ ਪਹਿਲੀ ਟੈਨਿਸ ਖਿਡਾਰਨ ਹੈ।
2015 ਵਿਚ ਇਲੱਸਟ੍ਰੇਟਿਡ ਮੈਗਜ਼ੀਨ ਨੇ ਉਸ ਨੂੰ ‘ਸਪੋਰਟਸ ਪਰਸਨ ਆਫ਼ ਦਾ ਯੀਅਰ’ ਚੁਣਿਆ ਸੀ। ਚਿੱਟੇ ਚਮਕਦੇ ਦੰਦਾਂ ਤੇ ਸਾਂਵਲੇ ਰੰਗ ਦੀ ਇਸ ਖਿਡਾਰਨ ਨੇ ਨਕਦ ਰਾਸ਼ੀ ਦੇ ਇਨਾਮ ਜਿੱਤਣ ਵਿਚ ਵੀ ਨਵੇਂ ਰਿਕਾਰਡ ਰੱਖੇ। 2016 ਵਿਚ ਉਸ ਨੂੰ 29 ਮਿਲੀਅਨ ਭਾਵ 2 ਕਰੋੜ 90 ਲੱਖ ਅਮਰੀਕਨ ਡਾਲਰਾਂ ਦੀ ਇਨਾਮੀ ਰਾਸ਼ੀ ਮਿਲੀ ਜੋ ਹੋਰਨਾ ਖਿਡਾਰਨਾਂ ਤੋਂ ਕਿਤੇ ਵੱਧ ਸੀ। 2017 ਵਿਚ ਉਹ ਫੋਰਬਸ ਮੈਗਜ਼ੀਨ ਦੇ ਸਭ ਤੋਂ ਮਹਿੰਗੇ 100 ਖਿਡਾਰੀਆਂ ਦੀ ਸੂਚੀ `ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ। ਲੌਰੈਸ ਨੇ ਸੇਰੇਨਾ ਨੂੰ 2003, 2010, 2016 ਤੇ 2018 ਵਿਚ ‘ਸਪੋਰਟਸ ਵੋਮਿਨ ਆਫ਼ ਦਾ ਯੀਅਰ’ ਚੁਣਿਆ। 2020 ਵਿਚ ਟੈਨਿਸ ਚੈਨਲ ਨੇ ਉਸ ਨੂੰ ਸਰਬ ਸਮਿਆਂ ਦੀ ਸਰਬੋਤਮ ਟੈਨਿਸ ਖਿਡਾਰਨ ਘੋਸ਼ਿਤ ਕੀਤਾ। 2021 ਵਿਚ ਉਹ ਫੋਰਬਸ ਦੀ ਸਭ ਤੋਂ ਵੱਧ ਇਨਾਮੀ ਰਾਸ਼ੀ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਭਾਵੇਂ 28ਵੇਂ ਨੰਬਰ `ਤੇ ਸੀ ਪਰ ਖਿਡਾਰਨਾਂ `ਚ ਉਹ ਸਭ ਤੋਂ ਵੱਧ ਇਨਾਮੀ ਰਾਸ਼ੀ ਲੈਣ ਵਾਲੀ ਮੁੱਖ ਖਿਡਾਰਨ ਬਣੀ। 2025 ਵਿਚ 44 ਸਾਲ ਦੀ ਸੇਰੇਨਾ ਨੂੰ ਪ੍ਰਿੰਸਿਸ ਆਫ਼ ਆਸਟੂਰੀਅਸ ਅਵਾਰਡ ਫਾਰ ਸਪੋਰਟ ਨਾਲ ਸਨਮਾਨਿਆ ਗਿਆ।
ਸੇਰੇਨਾ ਤੇ ਉਹਦੀ ਵੱਡੀ ਭੈਣ ਵੀਨਸ ਨੇ ਓਲੰਪਿਕ ਖੇਡਾਂ ਦੇ 4ਗੋਲਡ ਮੈਡਲ ਅਤੇ ਸਾਲਾਂ ਬੱਧੀ ਟੈਨਿਸ ਸਲੈਮ ਜਿੱਤਣ ਦਾ ਗਾਹ ਪਾਈ ਰੱਖਿਆ। ਤਦੇ ਕਿਹਾ ਜਾਂਦੈ ਕਿਵਿਲੀਅਮ ਭੈਣਾਂ ਵਰਗੀਆਂ ਖਿਡਾਰਨਾਂ ਨਿੱਤ ਨਿੱਤ ਨਹੀਂ ਜੰਮਦੀਆਂ। 1968 ਦੇ ਓਪਨ ਇਰਾ (ਯੁਗ) ਤੋਂ ਬਾਅਦ ਮਰਦਾਂ ਤੇ ਔਰਤਾਂ ਦੇ ਦੋਹਾਂ ਵਰਗਾਂ ਵਿਚ ਸੇਰੇਨਾ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਵਾਲੀ ਖਿਡਾਰਨ ਹੈ। ਜਿੱਤਾਂ ਜਿੱਤਣ ਵਿਚ ਸੇਰੇਨਾ ਦੀ ਸਭ ਤੋਂ ਵੱਧ ਸਹਿਯੋਗੀ ਉਹਦੀ ਵੱਡੀ ਭੈਣ ਵੀਨਸ ਹੀ ਰਹੀ। ਵੀਨਸ ਦਾ ਕੱਦਕਾਠ ਭਾਵੇਂ ਸੇਰੇਨਾ ਤੋਂ ਕੱਦਾਵਰ ਹੈ ਪਰ ਜਿੱਤਾਂ ਜਿੱਤਣ ਵਿਚ ਉਹ ਸੇਰੇਨਾ ਤੋਂ ਹੀ ਪਿੱਛੇਰਹੀ।
ਸੇਰੇਨਾ ਤੋਂ ਪਹਿਲਾਂ ਮਹਿਲਾਵਾਂ ਦੇ ਸਭ ਤੋਂ ਵੱਧ ਗਰੈਂਡ ਸਲੈਮ ਸਟੈਫੀ ਗਰਾਫ਼ ਨੇ ਜਿੱਤੇ ਸਨ। ਉਨ੍ਹਾਂ ਦੀ ਗਿਣਤੀ 22 ਸੀ। ਸੇਰੇਨਾ ਨੇ 23 ਗਰੈਂਡ ਸਲੈਮ ਤੇ ਓਲੰਪਿਕ ਖੇਡਾਂ ਦੇ 4 ਗੋਲਡ ਮੈਡਲ ਜਿੱਤ ਕੇ ਸਭਨਾਂ `ਤੇ ਝੰਡੀ ਕੀਤੀ ਤੇ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਅਖਵਾਈ। ਸੇਰੇਨਾ319 ਹਫ਼ਤੇ ਦੁਨੀਆ ਦੀ ਅੱਵਲ ਨੰਬਰ ਟੈਨਿਸ ਖਿਡਾਰਨ ਬਣੀ ਰਹੀ ਉਹ 186 ਹਫ਼ਤੇ ਲਗਾਤਾਰ ਜਿੱਤਾਂ ਜਿੱਤਦੀ ਰਹੀ। ਹੋਰ ਤਾਂ ਹੋਰ ਤੀਹ ਸਾਲਾਂ ਤੋਂ ਵਡੇਰੀ ਉਮਰ ਦੀ ਹੋ ਕੇਵੀ ਉਸ ਨੇ 10 ਗਰੈਂਡ ਸਲੈਮ ਜਿੱਤੇ ਜੋ ਅਦੁੱਤੀ ਰਿਕਾਰਡ ਹੈ। ਚਾਰ ਦਹਾਕਿਆਂ ਦੌਰਾਨ ਸਿੰਗਲਜ਼ ਦੇ ਵਿਸ਼ਵ ਪੱਧਰੀ ਟਾਈਟਲ ਜਿੱਤਣ ਵਾਲੀ ਉਹ ਟੈਨਿਸ ਦੀ ਇੱਕੋਇੱਕ ਖਿਡਾਰਨ ਹੈ।
ਸੇਰੇਨਾ ਨੇ ਆਸਟ੍ਰੇਲੀਅਨ ਓਪਨ ਤੇ ਵਿੰਬਲਡਨ ਦੇ 7-7 ਵਾਰ, ਯੂ.ਐੱਸ. ਓਪਨ ਦੇ 6 ਵਾਰ ਤੇ ਫ੍ਰੈਂਚ ਓਪਨ ਦੇ 3 ਵਾਰ ਗਰੈਂਡ ਸਲੈਮ ਜਿੱਤੇ। ਸਿੰਗਲਜ਼ ਦੇ 23 ਖ਼ਿਤਾਬਾਂ ਨਾਲ ਮਹਿਲਾ ਡਬਲਜ਼ ਦੇ 14 ਵਾਰ ਤੇ ਮਿਕਸਡ ਡਬਲਜ਼ ਦੇ 2 ਵਾਰ ਟਾਈਟਲ ਜਿੱਤੇ। ਇੰਜ ਸੇਰੇਨਾ ਦੇ ਕੁਲ ਟਾਈਟਲਾਂ ਦੀ ਗਿਣਤੀ 39 ਬਣ ਜਾਂਦੀ ਹੈ। ਉਸ ਨੇ ਸ਼ੌਕੀਆ ਤੇ ਪੇਸ਼ਾਵਰ ਦੋਹਾਂ ਤਰ੍ਹਾਂ ਦੇ ਟੈਨਿਸ ਮੁਕਾਬਲਿਆਂ ਵਿਚ ਆਪਣਾ ਤੇ ਅਮਰੀਕਾ ਦਾ ਨਾਂ ਰੌਸ਼ਨ ਕੀਤਾ। ਉਹ ਗਰੈਂਡ ਸਲੈਮਾਂ ਦੇ ਨਾਲਓਲੰਪਿਕ ਖੇਡਾਂ `ਚੋਂ ਵੀ ਸਿੰਗਲਜ਼ ਤੇ ਡਬਲਜ਼ ਦੇ ਗੋਲਡ ਮੈਡਲ ਜਿੱਤਦੀ ਰਹੀ।
2016 ਵਿਚ ਉਹ ਰੈਡਿਟ ਵੈਬਸਾਈਟ ਦੇ ਕੋਫਾਊਂਡਰ ਅਲੈਕਸਿਸ ਓਹਾਨੀਅਨ ਦੀਦੋਸਤ ਬਣ ਗਈ। ਫਿਰ ਉਨ੍ਹਾਂ ਦੀ ਮੰਗਣੀ ਹੋ ਗਈ।ਅਪ੍ਰੈਲ 2017 ਵਿਚ ਸੇਰੇਨਾ ਨੇ ਦੱਸਿਆ ਕਿ ਉਹ ਗਰਭਵਤੀ ਹੈ ਜਿਸ ਕਰਕੇ 2017 ਦਾ ਅਗਲਾ ਸੀਜ਼ਨ ਨਹੀਂ ਖੇਡ ਸਕੇਗੀ। ਸਤੰਬਰ 2017 ਵਿਚ ਉਸ ਨੇ ਧੀ ਨੂੰ ਜਨਮ ਦਿੱਤਾਤੇ ਦਸੰਬਰ 2017 `ਚ ਉਨ੍ਹਾਂ ਦਾ ਬਾਕਾਇਦਾ ਵਿਆਹ ਹੋ ਗਿਆ। ਉਨ੍ਹਾਂ ਦੀ ਦੂਜੀ ਧੀ 2023 ਵਿਚ ਜਨਮੀ। ਮਾਰਚ 2018 ਵਿਚ ਉਹ ਮੁੜ ਟੈਨਿਸ ਖੇਡਣ ਲੱਗੀ। ਉਸ ਸਾਲ ਉਹ ਵਿਬਲਡਨ ਤੇ ਯੂ.ਐੱਸ. ਓਪਨ ਦੇ ਫਾਈਨਲ ਵਿਚ ਤਾਂ ਪਹੁੰਚ ਗਈ ਪਰ ਕੋਈ ਟੂਰਨਾਮੈਂਟ ਨਾ ਜਿੱਤ ਸਕੀ।24 ਸਾਲਾਂ ਦੇ ਖੇਡ ਕੈਰੀਅਰ ਦੌਰਾਨ ਸੇਰੇਨਾ ਨੇ 33 ਗਰੈਂਡ ਸਲੈਮ ਫਾਈਨਲ ਖੇਡੇ ਜਿਨ੍ਹਾਂ `ਚੋਂ 23 ਜਿੱਤੇ ਤੇ 10 ਫਾਈਨਲ ਮੈਚਾਂ ਵਿਚ ਉਪ ਜੇਤੂ ਰਹੀ।
2017 ਵਿਚ ਮਾਂ ਬਣਨ ਪਿੱਛੋਂ ਸੇਰੇਨਾ ਨੂੰ ਕੁਝ ਸਮਾਂ ਕੋਰਟ ਤੋਂ ਲਾਂਭੇ ਰਹਿਣਾ ਪਿਆ ਸੀ ਜਿਸ ਕਰਕੇ ਉਹਦਾ ਵਜ਼ਨ ਵਧ ਗਿਆ ਸੀ। ਫਿਰ ਫਿਟਨੈੱਸ ਹਾਸਲ ਕਰ ਕੇ 2020 `ਚ ਪੂਰੀ ਫਾਰਮ ਵਿਚ ਆਈ ਤੇ ਏ.ਐੱਸ.ਬੀ. ਦੇ ਫਾਈਨਲ ਮੈਚ `ਚ ਜੈਸਕਾ ਪੇਗੁਲਾ ਨੂੰ ਹਰਾ ਕੇ ਟਾਈਟਲ ਜਿੱਤਿਆ।2021 ਵਿਚ ਉਸ ਨੇ ਆਪਣੇ ਕੈਰੀਅਰ ਦਾ 1000ਵਾਂ ਮੈਚ ਖੇਡਿਆ। ਮੈਚ ਜਿੱਤਣ ਪਿੱਛੋਂਪ੍ਰੈਸ ਕਾਨਫਰੰਸ ਵਿਚ ਸਵਾਲ ਪੁੱਛੇ ਜਾਣ `ਤੇ ਉਸ ਨੇ ਕਿਹਾ ਸੀ, “ਉਹ ਨਹੀਂ ਜਾਣਦੀ ਟੈਨਿਸ ਖੇਡਣ ਨੂੰ ਕਦੋਂ ਅਲਵਿਦਾ ਕਹੇਗੀ?”
ਉਸ ਨੂੰ ਗੋਡੇ ਦੀ ਸੱਟ ਤੇ ਗਿੱਟੇ ਦੀ ਮੋਚ ਕਾਰਨ ਕੁਝ ਟੂਰਨਾਮੈਂਟ ਛੱਡਣੇ ਵੀ ਪਏ ਸਨ। ਜੇ ਅਜਿਹਾ ਨਾ ਹੁੰਦਾ ਤਾਂ ਸੰਭਵ ਸੀ ਉਹ 25 ਗਰੈਂਡ ਸਲੈਮ ਜਿੱਤ ਜਾਂਦੀ। ਗਰੈਂਡ ਸਲੈਮਾਂ ਦੇ ਸਿੰਗਲ ਫਾਈਨਲ 9 ਵਾਰ ਸੇਰੇਨਾ ਤੇ ਉਹਦੀ ਭੈਣ ਵੀਨਸ ਵਿਚਕਾਰ ਖੇਡੇ ਗਏ ਜਿਨ੍ਹਾਂ `ਚੋਂ 7 ਸਲੈਮ ਸੇਰੇਨਾ ਨੇ ਜਿੱਤੇ। ਸੇਰੇਨਾ ਨੇ ਫਾਈਨਲ ਮੈਚਾਂ ਵਿਚ 3 ਵਾਰ ਸ਼ਾਰਾਪੋਵਾ ਨੂੰ ਹਰਾਇਆ ਤੇ 1 ਵਾਰ ਉਹਤੋਂ ਹਾਰੀ। ਉਸ ਨੇ ਟੈਨਿਸ ਦੀਆ ਨਾਮੀ ਖਿਡਾਰਨਾਂ ਕਾਰਬਰ, ਅਜ਼ਾਰੇਕਾ, ਮੁਗੂਰੁਜ਼ਾ, ਮਾਰਟੀਨਾ ਹਿੰਗਸ, ਲਿੰਡਸੇ ਡੇਵਨਪੋਰਟ, ਜਾਨਕੋਵਿਕ, ਦਿਨਾਰਾ ਸਫ਼ੀਨਾ, ਜਸਟਿਨ ਹੈਨਿਨ, ਜ਼ਵਰਨੋਵਾ, ਰਾਡਵਾਂਸਕਾ, ਕੈਰੋਲੀਨਾ ਵੋਜ਼ਨਿਆਕੀ, ਸਫ਼ਰੋਵਾ, ਸਟੌਸਰ ਸਮਾਂਥਾ, ਨਾਓਮੀ ਉਸਾਕਾ, ਸਮੀਨਾ ਹਾਲੇਪ ਤੇ ਬਿਨਾਕਾ ਸਭ ਨੂੰ ਫਾਈਨਲ ਮੈਚਾਂ ਵਿਚ ਹਰਾਇਆ।
ਸੇਰੇਨਾ ਤੇ ਵੀਨਸ ਦੇ ਖੇਡ ਕੈਰੀਅਰ ਦੌਰਾਨ ਜਦੋਂ ਉਹ ਕੋਰਟ `ਚ ਖੇਡ ਰਹੀਆਂ ਹੁੰਦੀਆਂ ਤਾਂ ਉਨ੍ਹਾਂ ਦਾ ਬਾਪ ਰਿਚਰਡ ਨੇੜੇ ਬੈਠਾ ਉਨ੍ਹਾਂ ਨੂੰ ਨਿਹਾਰ ਰਿਹਾ ਹੁੰਦਾ। ਆਪਣੀਆਂ ਧੀਆਂ ਦੀਆਂ ਸਰਵਿਸਾਂ ਤੇ ਹਰ ਸ਼ਾਟ ਨਾਲ ਉਹਦੇ ਹਾਵ ਭਾਵ ਬਦਲਦੇ ਰਹਿੰਦੇ। ਦੋਵੇਂ ਭੈਣਾਂ ਜਿੱਤਣ ਪਿੱਛੋਂ ਖੁਸ਼ੀ `ਚ ਚਹਿਕਦੀਆਂ ਆਉਂਦੀਆਂ ਤੇ ਆਪਣੇ ਪਿਆਰੇ ਪਾਪਾ ਨੂੰ ਧਾਅ ਗਲਵਕੜੀਆਂ ਪਾਉਂਦੀਆਂ। ਬਾਅਦ ਵਿਚ ਰਿਚਰਡ ਵਿਲੀਅਮਜ਼ਉੱਤੇ ‘ਕਿੰਗ ਰਿਚਰਡ’ ਫਿਲਮਬਣੀ ਅਤੇ ਸੇਰੇਨਾ ਤੇ ਵੀਨਸ ਭੈਣਾਂ ਬਾਰੇ ਵੀ ਡਾਕੂਮੈਂਟਰੀਆਂ ਬਣੀਆਂ।ਸੇਰੇਨਾ ਵਿਲੀਅਮਜ਼ ਦੀ ਸਵੈਜੀਵਨੀ ਡੇਨੀਅਲ ਪੇਜ਼ਨਰ ਦੇ ਸਹਿਯੋਗ ਨਾਲ ਲਿਖੀ ਗਈ ਜੋ 2009 ਵਿਚ ਪ੍ਰਕਾਸ਼ਿਤ ਹੋਈ।
ਟੈਨਿਸ ਕੋਰਟਾਂ `ਚ ਸੇਰੇਨਾ ਦੀ ਜ਼ੋਰਦਾਰ ਸਰਵਿਸ, ਕਸਵੇਂ ਸ਼ਾਟ, ਫੈਸ਼ਨੀ ਕਿੱਟ, ਸਡੌਲ ਜੁੱਸਾ, ਵਾਲਾਂ ਦੀਆਂ ਮੀਢੀਆਂ ਤੇ ਕਦੇ ਰਿਬਨ ਪਿੱਛੇ ਝੂੰਮਦੇ ਖੁੱਲ੍ਹੇ ਵਾਲ ਟੈਨਿਸ ਪ੍ਰੇਮੀਆਂ ਦਾ ਮਨੋਰੰਜਨ ਕਰਦੇ ਰਹੇ। 2012 ਵਿਚ ਵੋਗ ਮੈਗਜ਼ੀਨ ਦੇ ਕਵਰ ਤੇ ਉਹਦੀ ਫੋਟੋ ਪਹਿਲੀ ਬਲੈਕ ਫੀਮੇਲ ਅਥਲੀਟ ਵਜੋਂ ਛਾਪੀ ਗਈ। ਉਸ ਨੇ ਫੈਸ਼ਨ ਸ਼ੋਆਂ ਦੇ ਮੇਲੇ ਲਾਏ ਤੇ ਫੈਸ਼ਨਾਂ ਦਾ ਬਿਜ਼ਨਿਸ ਵੀ ਕੀਤਾ।
2013 ਦੇ ਆਸਟ੍ਰੇਲੀਅਨ ਓਪਨ ਵਿਚ ਉਹਦੀ ਸਰਵਿਸ ਦੀ ਸਪੀਡ 207 ਕਿਲੋਮੀਟਰ ਪ੍ਰਤੀ ਘੰਟਾ ਮਾਪੀ ਗਈ। ਉਸ ਦੇ ਫੋਰਹੈਂਡ ਤੇ ਬੈਕਹੈਂਡ ਦੋਵੇਂ ਤਰ੍ਹਾਂ ਦੇ ਸ਼ਾਟਾਂ ਦਾ ਕੋਈ ਸਾਨੀ ਨਹੀਂ ਸੀ। ਉਸ ਦਾ ਮਨਪਸੰਦ ਖੇਡ ਮੈਦਾਨ ਕਲੇਅ ਕੋਰਟ ਸੀ ਜਦ ਕਿ ਗਰਾਸ ਤੇ ਹਾਰਡ ਕੋਰਟਾਂ `ਤੇ ਵੀ ਉਹਦੀ ਖੇਡ ਲਾਜਵਾਬ ਸੀ। ਉਸ ਦੀ ਹਰਮਨ ਪਿਆਰਤਾ ਦਾ ਇਹ ਆਲਮ ਹੈ ਕਿ ਇੰਸਟਰਾਮ `ਤੇ ਉਹਦੇ 90 ਲੱਖ ਪ੍ਰਸੰਸਕ ਹਨ। ਉਹ ਚੋਟੀ ਦੀ ਖਿਡਾਰਨ ਹੋਣ ਨਾਲ ਮਮਤਾ ਭਰੀ ਮਾਂ ਵੀ ਹੈ। ਸਲੱਗ ਪਤਨੀ ਵੀ, ਦੋਸਤ ਵੀ ਅਤੇ ਕਰੋੜਾਂ ਬੱਚਿਆਂ ਤੇ ਨੌਜੁਆਨਾਂ ਦੀ ਰੋਲ ਮਾਡਲ ਵੀ।
