ਵਿਧਾਨ ਸਭਾ ਚੋਣਾਂ ਦੇ ਸਬਕ

ਚਾਰ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਮਿਲੇ-ਜੁਲੇ ਰਹੇ। ਅਸਾਮ, ਕੇਰਲਮ ਅਤੇ ਪੁਡੂਚੇਰੀ ਦੇ ਨਤੀਜੇ ਉਮੀਦ ਮੁਤਾਬਕ ਰਹੇ, ਜਦਕਿ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੇ ਨਤੀਜੇ ਨਾਟਕੀ ਸਿਆਸੀ ਬਦਲਾਅ ਨੂੰ ਦਰਸਾਉਂਦੇ ਹਨ। ਅਸਾਮ ਵਿਚ ਇਹ ਮੰਨਿਆ ਜਾ ਰਿਹਾ ਸੀ ਕਿ

ਭਾਜਪਾ ਸੱਤਾ ਵਿਚ ਵਾਪਸੀ ਕਰਨ ਵਿਚ ਸਫ਼ਲ ਰਹੇਗੀ, ਜਦਕਿ ਕੇਰਲਮ ਵਿਚ ਕਾਂਗਰਸ ਨੂੰ ਸਫ਼ਲਤਾ ਮਿਲੇਗੀ। ਪੁਡੂਚੇਰੀ ਵਿਚ ਵੀ ਰਾਸ਼ਟਰੀ ਜਨਤਾਂਤ੍ਰਿਕ ਗੱਠਜੋੜ ਦੇ ਰਾਹ ਵਿਚ ਕੋਈ ਮੁਸ਼ਕਲ ਨਹੀਂ ਦਿਖਾਈ ਦੇ ਰਹੀ ਸੀ। ਦੋ ਵੱਡੇ ਚੁਣਾਵੀ ਸੂਬਿਆਂ ਵਿਚੋਂ ਇਕ ਤਾਮਿਲਨਾਡੂ ਵਿਚ ਨਵੀਂ ਪਾਰਟੀ ਟੀਵੀਕੇ ਦੀ ਭਾਰੀ ਜਿੱਤ ਨੇ ਸਿਆਸੀ ਪੰਡਿਤਾਂ ਨੂੰ ਵੀ ਹੈਰਾਨ ਕਰ ਦਿੱਤਾ, ਤਾਂ ਬੰਗਾਲ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਨੇ ਲੰਬੇ ਸਮੇਂ ਤੋਂ ਕਾਇਮ ਮਮਤਾ ਬੈਨਰਜੀ ਨੂੰ ਸੱਤਾ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ। ਪਿਛਲੇ ਕੁਝ ਸਾਲਾਂ ਵਿਚ ਅਸਾਮ ਭਾਜਪਾ ਦੇ ਸਿਆਸੀ ਵੱਕਾਰ ਵਾਲੇ ਰਾਜ ਦੇ ਰੂਪ ਵਿਚ ਉੱਭਰਿਆ ਹੈ।
ਇਥੇ ਸਹਿਯੋਗੀ ਪਾਰਟੀਆਂ ਅਤੇ ਅਸਮ ਗਣ ਪ੍ਰੀਸ਼ਦ ਦੇ ਸਾਥ ਨੇ ਵੀ ਪਾਰਟੀ ਨੂੰ ਮਜ਼ਬੂਤੀ ਦਿੱਤੀ। ਦੂਜੇ ਪਾਸੇ, ਕਾਂਗਰਸ ਸੰਗਠਨਾਤਮਕ ਪੱਧਰ ‘ਤੇ ਬਿਲਕੁਲ ਕਮਜ਼ੋਰ ਹੋ ਗਈ ਹੈ। ਚੋਣਾਂ ਦੇ ਦੌਰਾਨ ਹੀ ਇਸ ਦੀ ਸੂਬਾਈ ਇਕਾਈ ਦੇ ਸਾਬਕਾ ਪ੍ਰਧਾਨ ਦੇ ਨਾਲ-ਨਾਲ ਪ੍ਰਚਾਰ ਮੁਹਿੰਮ ਕਮੇਟੀ ਦੇ ਮੁਖੀ ਜਿਹੇ ਦੋ ਦਿੱਗਜ ਆਗੂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਇਹ ਦਰਸਾਉਂਦਾ ਹੈ ਕਿ ਸੂਬੇ ਦੀ ਸਿਆਸੀ ਹਵਾ ਕਾਂਗਰਸ ਦੇ ਬਿਲਕੁਲ ਵਿਰੋਧੀ ਰਹੀ, ਜਿਸ ਦੀ ਪੁਸ਼ਟੀ ਨਾ ਸਿਰਫ਼ ਘਟੀਆਂ ਸੀਟਾਂ, ਸਗੋਂ ਗੌਰਵ ਗੋਗੋਈ ਜਿਹੇ ਆਗੂ ਦੀ ਹਾਰ ਵਿਚ ਵੀ ਦਿਖਾਈ ਦਿੰਦੀ ਹੈ, ਜਿਨ੍ਹਾਂ ਦੇ ਚਿਹਰੇ ‘ਤੇ ਪਾਰਟੀ ਚੋਣ ਲੜ ਰਹੀ ਸੀ।
ਕੇਰਲਮ ਵਿਚ ਦਸ ਸਾਲਾਂ ਤੋਂ ਖੱਬੇ ਪੱਖੀ ਸਰਕਾਰ ਸੱਤਾ ਵਿਚ ਸੀ, ਜਿਸ ਨੇ ਪਿਛਲੀ ਵਿਧਾਨ ਸਭਾ ਚੋਣ ਵਿਚ ਹਰ ਪੰਜ ਸਾਲਾਂ ਵਿਚ ਸਰਕਾਰ ਬਦਲਣ ਵਾਲੇ ਰਾਜ ਦੇ ਸਿਆਸੀ ਰੁਝਾਨ ਨੂੰ ਮਾਤ ਦੇ ਕੇ ਸੱਤਾ ਵਿਚ ਵਾਪਸੀ ਕੀਤੀ ਸੀ। ਇਸ ਲਈ ਇੱਥੇ ਸਿਆਸੀ ਬਦਲਾਅ ਤੈਅ ਮੰਨਿਆ ਜਾ ਰਿਹਾ ਸੀ। ਕੇਰਲਮ ਤੋਂ ਵਿਦਾਈ ਦੇ ਬਾਅਦ ਹੁਣ ਕਿਸੇ ਵੀ ਸੂਬੇ ਵਿਚ ਖੱਬੇ ਪੱਖੀ ਪਾਰਟੀ ਦੀ ਸਰਕਾਰ ਨਹੀਂ ਰਹਿ ਗਈ ਹੈ। ਬੰਗਾਲ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਵਿਵਾਦਾਂ ਵਿਚ ਘਿਰੀ ਹੋਈ ਹੈ। ਮਮਤਾ ਲਗਾਤਾਰ ਧਾਂਦਲੀ ਦੇ ਦੋਸ਼ ਲਗਾ ਕੇ ਅਸਤੀਫਾ ਦੇਣ ਤੋਂ ਇਨਕਾਰੀ ਹੋ ਰਹੀ ਹੈ। ਹਾਲਾਂ ਕਿ ਅਜੇਹਾ ਸੰਭਵ ਨਹੀਂ ਹੈ।
ਸਾਲ 2019 ਤੋਂ ਹੋ ਰਹੀਆਂ ਚੋਣਾਂ ਦੇ ਸਮੇਂ ਤੋਂ ਹੀ ਭਾਜਪਾ ਲਗਪਗ 40 ਫ਼ੀਸਦੀ ਵੋਟਾਂ ਦੇ ਪੱਧਰ ‘ਤੇ ਅਟਕੀ ਹੋਈ ਸੀ ਅਤੇ ਇਸ ਵਿਚ ਪੰਜ ਫ਼ੀਸਦੀ ਤੱਕ ਦਾ ਵਾਧਾ ਇਸ ਨੂੰ ਸੂਬੇ ਦੀ ਕਮਾਨ ਦਿਵਾਉਣ ਲਈ ਕਾਫ਼ੀ ਸੀ। ਇਹ ਚੋਣ ਇਸ ਦੀ ਜਿੱਤ ਦਾ ਪੜਾਅ ਬਣ ਕੇ ਉੱਭਰੀ। ਵੋਟਰ ਸੂਚੀਆਂ ਦੇ ਵਿਸ਼ੇਸ਼ ਮੁਲਾਂਕਣ ਦੀ ਭੂਮਿਕਾ ਵੀ ਭਾਜਪਾ ਦੀ ਚੋਣ ਜਿੱਤ ਵਿਚ ਇਕ ਕਾਰਕ ਮੰਨੀ ਜਾ ਸਕਦੀ ਹੈ, ਪਰ ਇਹ ਇਕੱਲਾ ਕਾਰਨ ਨਹੀਂ ਸੀ। ਸੂਬੇ ਦੀ ਮਮਤਾ ਬੈਨਰਜੀ ਸਰਕਾਰ ਲੰਬੇ ਸਮੇਂ ਤੋਂ ਕਾਇਮ ਸੱਤਾ ਤੋਂ ਪੈਦਾ ਨਿਰਾਸ਼ਾ ਨਾਲ ਵੀ ਜੂਝ ਰਹੀ ਸੀ। ਵੱਖ-ਵੱਖ ਯੋਜਨਾਵਾਂ ਨੂੰ ਲੈ ਕੇ ਕੇਂਦਰ ਨਾਲ ਉਨ੍ਹਾਂ ਦਾ ਟਕਰਾਅ ਵੀ ਇਕ ਵਰਗ ਨੂੰ ਨਿਰਾਸ਼ ਕਰ ਰਿਹਾ ਸੀ ਕਿ ਸੂਬੇ ਨੂੰ ਇਸ ਦੇ ਕਾਰਨ ਉਮੀਦ ਮੁਤਾਬਕ ਲਾਭ ਨਹੀਂ ਮਿਲ ਰਹੇ ਹਨ। ਮਮਤਾ ਬੈਨਰਜੀ ਦੀ ਨਿੱਜੀ ਹਰਮਨ-ਪਿਆਰਤਾ ਦੇ ਬਾਵਜੂਦ ਉਨ੍ਹਾਂ ਨੂੰ ਸਭ ਤੋਂ ਵੱਧ ਮਾੜੇ ਨਤੀਜੇ ਆਪਣੇ ਸਥਾਨਕ ਕਾਰਕੁਨਾਂ ਦੀ ਮਨਮਰਜ਼ੀ ਅਤੇ ਗ਼ਲਤ ਵਿਵਹਾਰ ਕਾਰਨ ਭੁਗਤਣੇ ਪਏ, ਜੋ ਲੋਕਾਂ ਨੂੰ ਡਰਾਉਣ ਦੇ ਨਾਲ-ਨਾਲ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿਚ ਬੇਵਜ੍ਹਾ ਦਖ਼ਲ-ਅੰਦਾਜ਼ੀ ਵੀ ਕਰਦੇ ਰਹੇ। ਭਾਰਤੀ ਜਨਤਾ ਪਾਰਟੀ ਨੇ ਵੀ ਪਿਛਲੀ ਵਿਧਾਨ ਸਭਾ ਚੋਣ ਵਿਚ ਆਪਣੇ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ ਤੋਂ ਸਬਕ ਲੈਂਦਿਆਂ ਆਪਣੇ ਤੌਰ ਤਰੀਕੇ ਬਦਲੇ ਜਿਸ ਦਾ ਉਸ ਨੂੰ ਲਾਭ ਮਿਲਿਆ।
ਚੋਣ ਨਤੀਜਿਆਂ ਨੂੰ ਲੈ ਕੇ ਸਭ ਤੋਂ ਹੈਰਾਨ ਕਰਨ ਵਾਲਾ ਕੰਮ ਤਾਮਿਲਨਾਡੂ ਨੇ ਕੀਤਾ ਹੈ, ਜਿੱਥੇ 1967 ਤੋਂ ਬਾਅਦ ਪਹਿਲੀ ਵਾਰ ਦ੍ਰਵਿੜ ਕੇਂਦਰਿਤ ਰਾਜਨੀਤੀ ਤੋਂ ਇਲਾਵਾ ਕੋਈ ਪਾਰਟੀ ਸੱਤਾ ਦੇ ਸਿਖਰ ‘ਤੇ ਉੱਭਰੀ ਹੈ। ਇਨ੍ਹਾਂ ਚੋਣਾਂ ਤੋਂ ਭਾਜਪਾ ਨੂੰ ਵੱਡੀ ਸਿਆਸੀ ਮਜ਼ਬੂਤੀ ਮਿਲੇਗੀ। ਕੇਰਲਮ ਅਤੇ ਤਮਿਲਨਾਡੂ ਵਿਚ ਨਾਕਾਮੀ ਦੇ ਬਾਵਜੂਦ ਅਸਾਮ ਵਿਚ ਪਹਿਲਾਂ ਤੋਂ ਵੱਧ ਮਜ਼ਬੂਤੀ ਅਤੇ ਬੰਗਾਲ ਦੇ ਨਤੀਜਿਆਂ ਨਾਲ ਇਸ ਦਾ ‘ਮਿਸ਼ਨ ਈਸਟ ਲਗਪਗ ਪੂਰਾ ਹੋ ਗਿਆ ਹੈ। ਤ੍ਰਿਣਮੂਲ ਕਾਂਗਰਸ ਅਤੇ ਡੀ ਐੱਮ.ਕੇ. ਦੀ ਅਜਿਹੀ ਜ਼ਬਰਦਸਤ ਹਾਰ ਵਿਰੋਧੀ ਪਾਰਟੀਆਂ ਦੇ ਮੋਰਚੇ ਆਈ.ਐੱਨ.ਡੀ. ਆਈ. ਏ. ਲਈ ਤਗੜਾ ਝਟਕਾ ਹੈ, ਕਿਉਂਕਿ ਇਹ ਇਸ ਗੱਠਜੋੜ ਦੇ ਪ੍ਰਮੁੱਖ ਥੰਮ੍ਹ ਰਹੇ ਹਨ। ਉਨ੍ਹਾਂ ਦੀ ਹਾਰ ਨਾਲ ਇਸ ਗੱਠਜੋੜ ਦਾ ਸੰਤੁਲਨ ਵੀ ਬਦਲੇਗਾ। ਕਾਂਗਰਸ ਨੂੰ ਤਾਮਿਲਨਾਡੂ ਅਤੇ ਕੇਰਲਮ ਦੀ ਜਿੱਤ ਨਾਲ ਕੁਝ ਹੌਸਲਾ ਮਿਲੇਗਾ, ਪਰ ਅਸਾਮ ਉਸ ਲਈ ਜਿਸ ਤਰ੍ਹਾਂ ਮੁਸ਼ਕਲ ਹੋ ਰਿਹਾ ਹੈ, ਉਸ ਦੀ ਟੀਸ ਇਸ ਨੂੰ ਦੁਖੀ ਕਰਦੀ ਰਹੇਗੀ। ਲੋਕ ਸਭਾ ਸੀਟਾਂ ਦੇ ਹਿਸਾਬ ਨਾਲ ਵੱਡੇ ਸੂਬਿਆਂ ਵਿਚ ਲਗਾਤਾਰ ਹਾਸ਼ੀਏ ‘ਤੇ ਪਹੁੰਚਣਾ ਵੀ ਉਸ ਲਈ ਚਿੰਤਾਜਨਕ ਪਹਿਲੂ ਬਣਦਾ ਜਾ ਰਿਹਾ ਹੈ।
ਖੱਬੇ ਪੱਖੀ ਪਾਰਟੀਆਂ ਦੀ ਸਥਿਤੀ ਬਹੁਤ ਹੀ ਤਰਸਯੋਗ ਹੋ ਗਈ ਹੈ। ਕਦੇ ਤਿੰਨ ਰਾਜਾਂ ਵਿਚ ਰਾਜ ਕਰਨ ਵਾਲੀਆਂ, ਕਈ ਹੋਰ ਰਾਜਾਂ ਅਤੇ ਕੇਂਦਰ ਵਿਚ ਸਰਕਾਰ ਦੀਆਂ ਭਾਈਵਾਲ ਰਹੀਆਂ ਖੱਬੀਆਂ ਪਾਰਟੀਆਂ ਲਈ ਇਹ ਚੋਣਾਂ ਇੱਕ ਬੁਰਾ ਸੁਪਨਾ ਸਾਬਤ ਹੋਈਆਂ ਹਨ। ਬੰਗਾਲ ਦੀ ਜਿੱਤ ਤੋਂ ਬਾਅਦ ਹੁਣ ਭਾਜਪਾ ਦੇ ਏਜੰਡੇ ਉੱਤੇ ਪੰਜਾਬ ਹੈ। ਅਗਲੇ ਸਾਲ ਦੇ ਆਰੰਭ ਵਿਚ ਹੀ ਹੋਣ ਵਾਲੀਆਂ ਚੋਣਾਂ ਲਈ ਮਾਹੌਲ ਹੁਣ ਤੋਂ ਹੀ ਗਰਮਾਹਟ ਵਲ ਵਧਣਾ ਸ਼ੁਰੂ ਹੋ ਗਿਆ ਹੈ।