ਹਰਕਮਲਪ੍ਰੀਤ ਸਿੰਘ
ਰਿਸਰਚ ਸਕਾਲਰ, ਪੰਜਾਬੀ ਵਿਭਾਗ
ਦਿੱਲੀ ਯੂਨੀਵਰਸਿਟੀ
ਮਿਤੀ 10 ਅਪ੍ਰੈਲ, ਨੂੰ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵਿਖੇ ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਸਮਰਪਿਤ ‘ਕਿਸ਼ਤੀਆਂ ਵਿਚ ਜਹਾਜ਼’ ਸਿਰਲੇਖ ਤਹਿਤ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਵਿਚ ਉਨ੍ਹਾਂ ਦੀ ਜ਼ਿੰਦਗੀ ਉੱਤੇ ਲਿਖੇ ਗਏ ਡਾ. ਆਤਮਜੀਤ ਸਿੰਘ ਦੇ ਨਾਟਕ ‘ਕਿਸ਼ਤੀਆਂ ਵਿਚ ਜਹਾਜ਼’ ਦਾ ਨਾਟ-ਪਾਠ ਕੀਤਾ ਗਿਆ, ਜਿਸ ਉੱਪਰ ਵਿਸ਼ੇਸ਼ ਚਰਚਾ ਵੀ ਹੋਈ।
ਡਾ. ਕਾਲੇਪਾਣੀ ਤਾ-ਉਮਰ ਮਾਨਵਤਾ ਲਈ ਆਪਾ ਵਾਰਨ ਵਾਲੀ, ਸਿੱਖ-ਸਿਧਾਂਤਾਂ ‘ਤੇ ਜੀਊਂਦਿਆਂ ਸਮਾਜਕ ਪੱਧਰ ’ਤੇ ਬਿਹਤਰ ਜੀਵਨ-ਵਿਹਾਰ ਸਿਰਜਣ ਦਾ ਹੋਕਾ ਦਿੰਦਿਆਂ ਹਰ ਅਨਿਆਂ ਨਾਲ ਲੜ ਜਾਣ ਵਾਲੀ, ਅਤੇ ਭਾਰਤੀ ਆਜ਼ਾਦੀ ਦੇ ਸੰਘਰਸ਼ੀ ਪਲਾਂ ਵਿਚ ਛਿਪੇ ਰਹਿ ਕੇ ਆਪਣੀ ਸ਼ਹੀਦੀ ਰਾਹੀਂ ਵੱਡਾ ਅਸਰ ਪਾਉਣ ਵਾਲੀ, ਪਰ ਲਗਾਤਾਰ ਭਾਰਤੀ ਮੁਖ ਧਾਰਾ ਦੇ ਇਤਿਹਾਸ ਅਤੇ ਸਾਹਿਤ ਵਿਚੋਂ ਦਰਕਿਨਾਰ ਰਹਿਣ ਵਾਲੀ ਸ਼ਖਸੀਅਤ ਹਨ। ਇਸ ਤਰ੍ਹਾਂ ਦੇ ਖਲਾਅ ਅੰਦਰ ਉਨ੍ਹਾਂ ਦੀ ਗੱਲ ਕਰਨਾ ਆਪਣੇ ਆਪ ਵਿਚ ਇਤਿਹਾਸਕ ਅਤੇ ਉਨ੍ਹਾਂ ਪ੍ਰਤੀ ਸ਼ਰਧਾਮਈ ਕਾਰਜ ਹੈ। ਇਹ ਕਾਰਜ ਪੰਜਾਬੀ ਦੇ ਨਾਮਵਰ ਨਾਟਕਕਾਰ ਡਾ. ਆਤਮਜੀਤ ਸਿੰਘ ਨੇ ਕੀਤਾ ਅਤੇ ਇਸ ਨੂੰ ਪਹਿਲ-ਕਦਮੀ ਵਜੋਂ ਜ਼ੇਰੇ-ਤਵੱਜੋ ਦਾ ਮੁਕਾਮ ਦੇਣ ਵਿਚ ਭਾਈ ਵੀਰ ਸਿੰਘ ਸਾਹਿਤ ਸਦਨ ਨੇ ਅਹਿਮ ਭੂਮਿਕਾ ਨਿਭਾਈ।
ਨਾਟਕ ਬਾਰੇ ਗੱਲ ਕਰਨ ਤੋਂ ਪਹਿਲਾਂ ਡਾ. ਦੀਵਾਨ ਸਿੰਘ ਦੇ ਜੀਵਨ ਦੇ ਸੰਖੇਪ ਬਿਰਤਾਂਤ ਦਾ ਹਿੱਸਾ ਬਣਨਾ ਜ਼ਰੂਰੀ ਹੈ। ਉਨ੍ਹਾਂ ਦਾ ਜਨਮ 22 ਮਈ 1897 ਨੂੰ ਪਿੰਡ ਗਲ੍ਹੋਟੀਆਂ ਖੁਰਦ, ਜ਼ਿਲ੍ਹਾ ਸਿਆਲਕੋਟ (ਜੋ ਹੁਣ ਪਾਕਿਸਤਾਨ ਵਿਚ ਹੈ) ਵਿਖੇ ਪਿਤਾ ਸੁੰਦਰ ਸਿੰਘ ਅਤੇ ਮਾਤਾ ਇੰਦਰ ਕੌਰ ਦੇ ਘਰ ਹੋਇਆ। ਉਨ੍ਹਾਂ ਦਾ ਬਚਪਨ ਬਹੁਤ ਹੀ ਸੰਘਰਸ਼ ਵਾਲਾ ਸੀ। ਜਦੋਂ ਉਹ ਮਹਿਜ਼ ਦੋ ਸਾਲਾਂ ਦੇ ਸਨ ਤਾਂ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ, ਅਤੇ ਕੁਝ ਸਮੇਂ ਬਾਅਦ ਪਲੇਗ ਦੀ ਭਿਆਨਕ ਮਹਾਂਮਾਰੀ ਕਾਰਨ ਉਨ੍ਹਾਂ ਦੇ ਪਿਤਾ ਵੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੁੱਖਾਂ ਵਿਚ ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਚਾਚਾ ਸੋਹਣ ਸਿੰਘ ਅਤੇ ਦਾਦੀ ਨੇ ਕੀਤਾ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਡਸਕਾ ਦੇ ਸਕੌਚ ਮਿਸ਼ਨ ਸਕੂਲ ਤੋਂ ਪ੍ਰਾਪਤ ਕੀਤੀ ਅਤੇ 1915 ਵਿਚ ਖ਼ਾਲਸਾ ਹਾਈ ਸਕੂਲ, ਸਿਆਲਕੋਟ ਤੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਬਚਪਨ ਤੋਂ ਹੀ ਬੌਧਿਕ ਅਤੇ ਵਿਗਿਆਨਕ ਸੋਚ ਦੇ ਮਾਲਕ ਹੋਣ ਕਾਰਨ ਉਨ੍ਹਾਂ ਨੇ ਮੈਡੀਕਲ ਖੇਤਰ ਨੂੰ ਚੁਣਿਆ ਅਤੇ ਆਗਰਾ ਮੈਡੀਕਲ ਕਾਲਜ ਤੋਂ 1919 ਵਿਚ ਡਾਕਟਰੀ ਦੀ ਪੜ੍ਹਾਈ ਮੁਕੰਮਲ ਕੀਤੀ।
ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਉਨ੍ਹਾਂ ਨੇ 1919 ਵਿਚ ਰਾਵਲਪਿੰਡੀ ਵਿਖੇ ਸਰਕਾਰੀ ਡਾਕਟਰ ਵਜੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬੰਨੂ, ਕੋਹਾਟ ਅਤੇ ਵਜ਼ੀਰਸਤਾਨ ਵਰਗੇ ਦੁਰਗਮ ਇਲਾਕਿਆਂ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ। 1921 ਵਿਚ ਉਨ੍ਹਾਂ ਦੀ ਬਦਲੀ ਲਾਹੌਰ ਕਰ ਦਿੱਤੀ ਗਈ, ਜਿੱਥੇ ਉਨ੍ਹਾਂ ਦਾ ਸੰਪਰਕ ਸਾਹਿਤਕ ਹਲਕਿਆਂ ਅਤੇ ਸੁਤੰਤਰਤਾ ਸੰਗਰਾਮ ਦੀਆਂ ਲਹਿਰਾਂ ਨਾਲ ਹੋਇਆ। 1922 ਵਿਚ ਉਨ੍ਹਾਂ ਨੂੰ ਸ਼ਿਮਲਾ ਨੇੜੇ ਪਹਾੜੀ ਖੇਤਰ ਡਗਸ਼ਈ ਵਿਖੇ ਤਾਇਨਾਤ ਕੀਤਾ ਗਿਆ। ਡਗਸ਼ਈ ਦਾ ਸ਼ਾਂਤ ਅਤੇ ਕੁਦਰਤੀ ਵਾਤਾਵਰਣ ਉਨ੍ਹਾਂ ਦੀ ਕਾਵਿਕ ਅਤੇ ਕ੍ਰਾਂਤੀਕਾਰੀ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਸਾਜ਼ਗਾਰ ਸਾਬਤ ਹੋਇਆ। ਇੱਥੇ ਹੀ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਅਹਿੰਸਾ ਅਤੇ ਨਾ-ਮਿਲਵਰਤਨ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਬ੍ਰਿਟਿਸ਼ ਸਾਮਰਾਜ ਵਿਰੁੱਧ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ। ਜਦੋਂ ਬ੍ਰਿਟੇਨ ਦੇ ਪ੍ਰਿੰਸ ਆਫ ਵੇਲਜ਼ ਨੇ ਭਾਰਤ ਦਾ ਦੌਰਾ ਕੀਤਾ, ਤਾਂ ਡਾ. ਦੀਵਾਨ ਸਿੰਘ ਨੇ ਡਗਸ਼ਈ ਵਿਖੇ ਇੱਕ ਰੋਸ ਜਲਸੇ ਵਿਚ ਹਿੱਸਾ ਲਿਆ ਅਤੇ ਸਰਕਾਰ ਵਿਰੁੱਧ ਭਾਸ਼ਣ ਦਿੱਤਾ। ਗਵਾਹਾਂ ਦੀ ਘਾਟ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ, ਪਰ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ‘ਖ਼ਤਰਨਾਕ’ ਅਤੇ ‘ਬਾਗ਼ੀ’ ਘੋਸ਼ਿਤ ਕਰ ਦਿੱਤਾ। ਨਤੀਜਨ ਸਜ਼ਾ ਦੇ ਤੌਰ ‘ਤੇ ਉਨ੍ਹਾਂ ਦਾ ਤਬਾਦਲਾ ਪਹਿਲਾਂ 1925 ਵਿਚ ਰੰਗੂਨ (ਬਰਮਾ) ਅਤੇ ਫਿਰ 1927 ਵਿਚ ਅੰਡੇਮਾਨ (ਪੋਰਟ ਬਲੇਅਰ) ਕਰ ਦਿੱਤਾ ਗਿਆ, ਜਿਸ ਨੂੰ ਆਮ ਭਾਸ਼ਾ ਵਿਚ ‘ਕਾਲੇਪਾਣੀ’ ਕਿਹਾ ਜਾਂਦਾ ਸੀ। ਇੱਥੇ ਪਹੁੰਚ ਕੇ ਉਨ੍ਹਾਂ ਨੇ ਸਥਾਨਕ ਲੋਕਾਂ, ਕੈਦੀਆਂ ਅਤੇ ਮਜ਼ਦੂਰਾਂ ਦੇ ਦੁੱਖਾਂ ਨੂੰ ਆਪਣਾ ਸਮਝਿਆ ਅਤੇ ਇਨ੍ਹਾਂ ਦੁੱਖਾ ਨੂੰ ਦੂਰ ਕਰਨ ਨੂੰ ਹੀ ਆਪਣਾ ਜੀਵਨ ਜਾਣ ਕੇ ਆਪਣੇ ਨਾਮ ਨਾਲ ‘ਕਾਲੇਪਾਣੀ’ ਉਪਨਾਮ ਜੋੜ ਲਿਆ।
ਉਨ੍ਹਾਂ ਦਾ ਪੰਜਾਬੀ ਸਾਹਿਤ ਅੰਦਰ ਵੀ ਸਤਿਕਾਰਤ ਥਾਂ ਹੈ। 1938 ਵਿਚ ਉਨ੍ਹਾਂ ਦਾ ਪਹਿਲਾ ਕਾਵਿ-ਸੰਗ੍ਰਹਿ ‘ਵਗਦੇ-ਪਾਣੀ’ ਅਤੇ ਦੋ ਹੋਰ ਸੰਗ੍ਰਹਿ ‘ਅੰਤਿਮ ਲਹਿਰਾਂ’ ਅਤੇ ‘ਮਲਿ੍ਹਆਂ ਦੇ ਬੇਰ’ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਪ੍ਰਕਾਸ਼ਤ ਹੋਏ। ਉਨ੍ਹਾਂ ਦੀ ਕਵਿਤਾ ਵਿਚ ਜੀਵਨ ਦੀ ਗਤੀਮਾਨਤਾ ਦਾ ਪ੍ਰਤੀਕ ਬਹੁਤ ਜ਼ੋਰਾਵਰ ਹੈ- ‘ਪਾਣੀ ਵਗਦੇ ਹੀ ਰਹਿਣ, ਕਿ ਵਗਦੇ ਸੁੰਹਦੇ ਨੇ, ਖੜੋਂਦੇ ਬੁੱਸਦੇ ਨੇ, ਕਿ ਪਾਣੀ ਵਗਦੇ ਹੀ ਰਹਿਣ। ਜਿੰਦਾਂ ਮਿਲੀਆਂ ਹੀ ਰਹਿਣ, ਕਿ ਮਿਲੀਆਂ ਜੀਂਦੀਆਂ ਨੇ, ਵਿਛੜਿਆਂ ਮਰਦੀਆਂ ਨੇ, ਕਿ ਜਿੰਦਾਂ ਮਿਲੀਆਂ ਹੀ ਰਹਿਣ।’ ਡਾ. ਦੀਵਾਨ ਸਿੰਘ ਦੀਆਂ ਇਨ੍ਹਾਂ ਕਵਿਤਾਵਾਂ ਨੂੰ ਹੀ ਆਤਮਜੀਤ ਨੇ ਨਾਟਕ ਵਿਚ ਬਾਖੂਬੀ ਵਰਤਿਆ ਹੈ, ਕਥਾ ਦੀ ਤੋਰ, ਦਾਰਸ਼ਨਿਕ ਤੇ ਜੀਵਨ ਦੇ ਗੰਭੀਰ ਸੁਆਲਾਂ ਦੇ ਨਾਲ-ਨਾਲ ਇਤਿਹਾਸਕ ਵਾਰਤਾਵਾਂ ਨੂੰ ਪੁਸ਼ਟ ਕਰਨ ਲਈ ਉਹ ਡਾ. ਦੀਵਾਨ ਸਿੰਘ ਦੀਆਂ ਕਵਿਤਾਵਾਂ ਦਾ ਹਵਾਲਾ ਲੈਂਦਾ ਹੈ। ਉਦਾਹਰਨ ਵਜੋਂ, ਜਦੋਂ ਜਾਪਾਨੀ ਹਮਲੇ ਕਾਰਨ ਤਬਾਹੀ ਦਾ ਸੰਕਟ ਮੰਡਰਾ ਰਿਹਾ ਹੁੰਦਾ ਹੈ, ਤਾਂ ਨਾਟਕ ਵਿਚ ਉਨ੍ਹਾਂ ਦੀ ਕਵਿਤਾ ‘ਹਨੇਰੀ ਆ ਰਹੀ ਹੈ, ਹਨੇਰੀ’ ਗੂੰਜਦੀ ਹੈ, ਜੋ ਪੂੰਜੀਵਾਦ ਕਾਰਨ ਮਨੁੱਖੀ ਸੱਭਿਅਤਾ ਦੇ ਵਿਨਾਸ਼ ਦੀ ਚੇਤਾਵਨੀ ਦਿੰਦੀ ਹੈ।
ਸੁਆਲ ਬਣਦਾ ਹੈ ਕਿ ਇਸ ਨਾਟਕ ਬਾਰੇ ਕਿਉਂ ਲਿਖਿਆ ਜਾ ਰਿਹੈ। ਅਸਲ ਵਿਚ ਇਸ ਨਾਟਕ ਦਾ ਸਭ ਤੋਂ ਵੱਡਾ ਯੋਗਦਾਨ ਡਾ. ਦੀਵਾਨ ਸਿੰਘ ਕਾਲੇਪਾਣੀ ਜਿਹੇ ਮਹਾਨ ਪਰ ਅਣਗੌਲੇ ਨਾਇਕ ਨੂੰ ਇਤਿਹਾਸ ਦੇ ਹਾਸ਼ੀਏ ਤੋਂ ਚੁੱਕ ਕੇ ਮੁੱਖ ਧਾਰਾ ਦੇ ਕੇਂਦਰ ਵਿਚ ਲਿਆਉਣਾ ਹੈ। ਭਾਰਤੀ ਇਤਿਹਾਸਕਾਰੀ ਵਿਚ ਹਮੇਸ਼ਾ ਵੱਡਾ ਪੱਖਪਾਤ ਰਿਹਾ ਹੈ। ਆਜ਼ਾਦੀ ਤੋਂ ਬਾਅਦ ਲਿਖੇ ਗਏ ਇਤਿਹਾਸ ਵਿਚ ਮੁੱਖ ਤੌਰ ‘ਤੇ ਮੁਖਧਾਰਾ ਦੇ ਵੱਡੇ ਰਾਜਨੀਤਕ ਨੇਤਾਵਾਂ ਨੂੰ ਹੀ ਥਾਂ ਮਿਲੀ ਹੈ। ਸੈਲੂਲਰ ਜੇਲ੍ਹ (ਕਾਲੇਪਾਣੀ) ਦਾ ਬਿਰਤਾਂਤ ਵੀ ਸੱਜੇ-ਪੱਖੀ ਰਾਜਨੀਤੀ ਦੇ ਚਲੰਤ ਰੁਝਾਨਾਂ ਤਹਿਤ ਕੁਝ ਖ਼ਾਸ ਵਿਅਕਤੀਆਂ (ਜਿਵੇਂ ਵੀਰ ਸਾਵਰਕਰ) ਤੱਕ ਮਹਿਦੂਦ ਕਰ ਦਿੱਤਾ ਗਿਆ, ਜਦਕਿ ਅੰਡੇਮਾਨ ਵਿਚ ਜਾਪਾਨੀ ਕਬਜ਼ੇ ਦੌਰਾਨ ਲੜਨ ਵਾਲੇ ਪੰਜਾਬੀ ਆਜ਼ਾਦੀ ਘੁਲਾਟੀਆਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਲਗਾਤਾਰ ਅੱਖਂੋ-ਪਰੋਖੇ ਕੀਤਾ ਗਿਆ ਹੈ। ਅਜਿਹੇ ਕੁਝ ਹੋਰ ਇਸ਼ਾਰੇ ਵੀ ਹਨ ਜਿਨ੍ਹਾਂ ਦਾ ਜ਼ਿਕਰ ਨਾਟਕ ਦੇ ਵਿਸ਼ੇ ਅਤੇ ਉਸ ਵਿਚੋਂ ਉੱਭਰਦੀ ਡਾ. ਸਾਹਿਬ ਦੀ ਬਹੁ-ਪਾਸਾਰੀ ਸ਼ਖਸੀਅਤ ਬਾਰੇ ਜ਼ਿਕਰ ਕਰਨ ਤੋਂ ਬਾਅਦ ਇਕ ਵਾਜਬੀਅਤ ਤਹਿਤ ਉਸਾਰਨਾ ਜ਼ਿਆਦਾ ਢੁੱਕਵਾਂ ਰਹੇਗਾ।
ਆਤਮਜੀਤ ਨਾਟਕ ਦਾ ਆਰੰਭ ਡਾ. ਕਾਲੇਪਾਣੀ ਦੀ ਦਿੱਖ ਦੇ ਦ੍ਰਿਸ਼-ਬਿੰਬ ਨਾਲ ਕਰਦਾ ਹੈ, ਪਰ ਉਸਦਾ ਹਾਸਲ ਇਹ ਹੈ ਕਿ ਉਨ੍ਹਾਂ ਦੀ ਦਿੱਖ ਉਨ੍ਹਾਂ ਦੇ ਅੰਤਹਕਰਨ ਦੇ ਸਮਰੂਪ ਉੱਭਰਦੀ ਹੈ, ਜਿਸ ਵਿਚ ਸਰਲਤਾ, ਸਹਿਜ, ਸਿਦਕ ਤੇ ਸਿਰੜ ਹੈ ਅਤੇ ਜਿਸਦੇ ਹੋਣ-ਥੀਣ ਦੀ ਖੁਰਾਕ ‘ਪਰ’ ਦਾ ਸਾਥ, ਸੇਵਾ ਅਤੇ ਸਹਿਯੋਗ ਹੈ। ਨਾਟਕ ਦੇ ਆਰੰਭ ਵਿਚ ਹੀ ਡਾ. ਦੀਵਾਨ ਸਿੰਘ ਦਾ ਮਾਨਵਵਾਦੀ ਰੂਪ ਸਾਹਮਣੇ ਆਉਂਦਾ ਹੈ, ਜਦੋਂ ਉਹ ਅੰਡੇਮਾਨ ਵਿਖੇ ਮੁੱਖ ਮੈਡੀਕਲ ਅਫ਼ਸਰ ਨੂੰ ਮਿਲਦੇ ਹਨ। CMO ਉਨ੍ਹਾਂ ਦੀ ਖੁੱਲ੍ਹੀ ਦਾੜ੍ਹੀ, ਚਿੱਟੇ ਕੱਪੜਿਆਂ ਅਤੇ ਕੁੜਤੇ-ਪਜਾਮੇ ਨੂੰ ਦੇਖ ਕੇ ਉਨ੍ਹਾਂ ਨੂੰ ਇਲਾਜ ਲਈ ਆਇਆ ਕੋਈ ਕੈਦੀ ਸਮਝ ਲੈਂਦਾ ਹੈ। ਇਹ ਦ੍ਰਿਸ਼ ਬ੍ਰਿਟਿਸ਼ ਸਾਮਰਾਜ ਦੀ ਉਸ ਮਾਨਸਿਕਤਾ ਨੂੰ ਦਰਸਾਉਂਦਾ ਹੈ, ਜਿੱਥੇ ਵਿਅਕਤੀ ਦਾ ਰੁਤਬਾ ਉਸਦੇ ਪੱਛਮੀ ਪਹਿਰਾਵੇ ਤੋਂ ਤੈਅ ਹੁੰਦਾ ਸੀ। ਜਦੋਂ ਦੀਵਾਨ ਸਿੰਘ ਦੱਸਦੇ ਹਨ ਕਿ ਉਹ ਇੱਕ ਡਾਕਟਰ ਹਨ, ਤਾਂ CMO ਉਨ੍ਹਾਂ ਨੂੰ ਚੇਤਾਵਨੀ ਦਿੰਦਾ ਹੈ ਕਿ ਉਹ ਆਮ ਕੈਦੀਆਂ ਅਤੇ ਮਜ਼ਦੂਰਾਂ ਨਾਲ ਨਾ ਘੁਲਣ-ਮਿਲਣ। ਪਰ ਦੀਵਾਨ ਸਿੰਘ ਦਾ ਉੱਤਰ ਹੁੰਦਾ ਹੈ, ‘ਡਾਕਟਰ ਤਾਂ ਹੁੰਦੇ ਹੀ ਰਹਿਮ-ਦਿਲ ਨੇ।’
ਉਨ੍ਹਾਂ ਦਾ ਮਾਨਵਵਾਦੀ ਨਜ਼ਰੀਆ ਮੁਜਰਮਾਂ, ਚੋਰਾਂ, ਡਾਕੂਆਂ ਅਤੇ ਕਾਤਲਾਂ ਪ੍ਰਤੀ ਨਫ਼ਰਤ ਅਤੇ ਭੇਦ-ਭਾਵ ਕਰਨ ਵਾਲਾ ਨਹੀਂ ਸੀ, ਸਗੋਂ ਆਤਮਜੀਤ ਇਹ ਪੱਖ ਸੁਘੜਤਾ ਨਾਲ ਉਭਾਰਦਾ ਹੈ ਕਿ ਅੰਡੇਮਾਨ ਦੇ ਕੈਦੀ, ਜਿਨ੍ਹਾਂ ਨੂੰ ਮੁੱਖ-ਧਾਰਾ ਸਮਾਜ ਨੇ ਛੇਕ ਦਿੱਤਾ ਸੀ, ਜਾਂ ਬ੍ਰਿਟਿਸ਼ ਸਰਕਾਰ ਨੇ ਜਿਨ੍ਹਾਂ ਨੂੰ ਜ਼ੁਰਮੀ ਘੋਸ਼ਿਤ ਕਰ ਦਿੱਤਾ ਸੀ, ਦੀਵਾਨ ਸਿੰਘ ਲਈ ਦੋਸਤ ਸਨ। ਜਦੋਂ ਸਰਕਾਰ ਕੋਲ ਗ਼ਰੀਬਾਂ ਲਈ ਦਵਾਈਆਂ ਨਹੀਂ ਸਨ, ਤਾਂ ਉਹ ਆਪਣੀ ਜੇਬ ਵਿਚੋਂ ਦਵਾਈਆਂ ਖਰੀਦ ਕੇ ਦਿੰਦੇ ਸਨ। ਇੱਕ ਬਹੁਤ ਹੀ ਦਿਲ-ਟੁੰਬਵਾਂ ਦ੍ਰਿਸ਼ ਉਦੋਂ ਆਉਂਦਾ ਹੈ, ਜਦੋਂ ਜੇਲ੍ਹਰ ਦੇ ਹੁਕਮਾਂ ਉੱਤੇ ਇੱਕ ਕੈਦੀ ਨੂੰ ‘ਟਿਕਟਿਕੀ’ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੁੰਦਾ ਹੈ। ਉੱਥੇ ਮੌਜੂਦ ਡਾਕਟਰ ਰਾਮਾਨੰਦ ਚੁੱਪ-ਚਾਪ ਡਿਊਟੀ ਨਿਭਾ ਰਿਹਾ ਹੁੰਦਾ ਹੈ। ਦੀਵਾਨ ਸਿੰਘ ਦਖਲ ਦਿੰਦੇ ਹੋਏ ਰਾਮਾਨੰਦ ਨੂੰ ਫਿਟਕਾਰਦੇ ਹਨ: ‘ਤੁਹਾਡੀ ਡਿਊਟੀ ਜਾਨ ਬਚਾਉਣਾ ਏ, ਜਾਨ ਲੈਣਾ ਨਹੀਂ… ਜੇਲ੍ਹਰ ਦਾ ਹੁਕਮ ਐ ਇਹਨੂੰ ਸੋਧਣ ਦਾ, ਮਾਰ-ਮੁਕਾਉਣ ਦਾ ਨਹੀਂ।’ ਉਹ ਸਰੀਰਕ ਰੋਗਾਂ ਨਾਲੋਂ ਮਾਨਸਿਕ ਰੋਗਾਂ (ਅਪਰਾਧਿਕ ਬਿਰਤੀ ਸਮੇਤ) ਨੂੰ ਵੱਧ ਖ਼ਤਰਨਾਕ ਮੰਨਦੇ ਸਨ ਅਤੇ ਪਿਆਰ ਨਾਲ ਮੁਜਰਮਾਂ ਨੂੰ ਸੁਧਾਰਨ ਵਿਚ ਵਿਸ਼ਵਾਸ ਰੱਖਦੇ ਸਨ।
ਡਾ. ਸਾਹਿਬ ਦੇ ਜੀਵਨ ਬਾਰੇ ਲਿਖਣ ਵਕਤ ਆਤਮਜੀਤ ਇਕ ਕਮਾਲ ਇਹ ਵੀ ਕਰਦੇ ਹਨ ਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਿੰਨਾ ਹੋ ਸਕੇ ਵਿਅਕਤ ਕਰਦੇ ਹਨ। ਜਦਕਿ ਸਾਹਿਤਕ ਖੇਤਰ ਵਿਚ ਅਕਸਰ ਇਤਿਹਾਸਕ ਨਾਇਕਾਂ ਦੇ ਨਿੱਜੀ ਜੀਵਨ ਜਾਂ ਪਰਿਵਾਰਕ ਦਵੰਦਾਂ ਨੂੰ ਅੱਖੋਂ-ਪਰੋਖੇ ਕੀਤਾ ਜਾਂਦਾ ਹੈ। ਆਤਮਜੀਤ ਨੇ ਇਸ ਨਾਟਕ ਵਿਚ ਦੀਵਾਨ ਸਿੰਘ ਦੀ ਪਤਨੀ ਇੰਦਰ ਕੌਰ ਨੂੰ ਕੇਂਦਰੀ ਪਾਤਰ ਵਜੋਂ ਉਭਾਰ ਕੇ ਇਸ ਘਾਟ ਨੂੰ ਪੂਰਾ ਕੀਤਾ ਹੈ। ਇੰਦਰ ਕੌਰ ਦਾ ਪਾਤਰ ਦੀਵਾਨ ਸਿੰਘ ਦੇ ਜੀਵਨ ਦੇ ਉਸ ਖਲਾਅ ਨੂੰ ਪੇਸ਼ ਕਰਦਾ ਹੈ, ਜੋ ਇੱਕ ਪਤੀ ਤੇ ਪਿਤਾ ਵਜੋਂ ਆਪਣੇ ਪਰਿਵਾਰ ਵਿਚ ਗ਼ੈਰ-ਮੌਜੂਦ ਰਹਿਣ ਕਰਕੇ ਸਦਾ ਨਜ਼ਰ ਆਉਂਦਾ ਸੀ।
1942 ਵਿਚ ਜਦੋਂ ਜਾਪਾਨੀ ਹਮਲੇ ਦਾ ਖ਼ਤਰਾ ਵਧਦਾ ਹੈ ਅਤੇ ਅੰਗਰੇਜ਼ ਅਫ਼ਸਰ ਆਪਣੇ ਪਰਿਵਾਰਾਂ ਨੂੰ ਲੈ ਕੇ ਭੱਜ ਰਹੇ ਹੁੰਦੇ ਹਨ, ਤਾਂ ਦੀਵਾਨ ਸਿੰਘ ਆਪਣੀ ਪਤਨੀ ਅਤੇ ਛੇ ਬੱਚਿਆਂ ਨੂੰ ਇਕੱਲਿਆਂ ਹੀ ਪੰਜਾਬ ਵਾਪਸ ਭੇਜਣ ਦਾ ਸਖ਼ਤ ਫ਼ੈਸਲਾ ਲੈਂਦੇ ਹਨ। ਇੰਦਰ ਕੌਰ ਤਰਲੇ ਕਰਦੀ ਹੈ ਕਿ ਉਹ ਇਕੱਲੀ ਛੇ ਬੱਚਿਆਂ ਨੂੰ ਕਿਵੇਂ ਪਾਲੇਗੀ ਅਤੇ ਮੰਗ ਕਰਦੀ ਹੈ ਕਿ ਜੇ ਡਾਕਟਰ ਖ਼ੁਦ ਨਹੀਂ ਜਾ ਸਕਦੇ ਤਾਂ ਪਰਿਵਾਰ ਨੂੰ ਵੀ ਆਪਣੇ ਨਾਲ ਹੀ ਮਰਨ ਲਈ ਰੱਖ ਲੈਣ। ਪਰ ਦੀਵਾਨ ਸਿੰਘ, ਇੱਕ ਪਿਤਾ ਦੇ ਫ਼ਰਜ਼ ਨੂੰ ਨਿਭਾਉਂਦਿਆਂ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ ਅਤੇ ਲੋਕ-ਸੇਵਕ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਖ਼ੁਦ ਉੱਥੇ ਰਹਿ ਕੇ ਅੰਡੇਮਾਨ ਦੇ ਬੇਵੱਸ ਲੋਕਾਂ ਨੂੰ ਜਾਪਾਨੀਆਂ ਦੇ ਰਹਿਮੋ-ਕਰਮ ‘ਤੇ ਛੱਡਣ ਤੋਂ ਇਨਕਾਰ ਕਰ ਦਿੰਦੇ ਹਨ। ਇਹ ਦ੍ਰਿਸ਼ ਇੱਕ ਵਿਅਕਤੀ ਦੇ ਨਿੱਜੀ ਮੋਹ ਅਤੇ ਸਮਾਜਿਕ ਫ਼ਰਜ਼ ਵਿਚਕਾਰ ਪੈਦਾ ਹੋਏ ਸਾਰਥਕ ਦਵੰਦ ਨੂੰ ਬਾਖ਼ੂਬੀ ਪੇਸ਼ ਕਰਦਾ ਹੈ। ਏਸੇ ਤੱਥ ਨੂੰ ਆਪਣੀ ਕਥਾ ਵਸਤੂ ਬਣਾਉਂਦਿਆਂ ਆਤਮਜੀਤ ਦੋਹਾਂ ਜੀਆਂ ਦੇ ਆਪਸੀ ਸੰਬੰਧ ਦਾ ਨਾਟਕੀ ਬਿਰਤਾਂਤ ਉਭਾਰਦੇ ਹਨ। ਨਾਟਕ ਵਿਚ ਇੰਦਰ ਕੌਰ ਆਪਣੇ ਪਤੀ ਦੀਆਂ ਸਮਾਜਿਕ ਸਰਗਰਮੀਆਂ ਤੋਂ ਤੰਗ ਆ ਕੇ ਇੱਕ ਆਮ ਗ੍ਰਹਿਣੀ ਵਾਂਗ ਸ਼ਿਕਾਇਤ ਕਰਦੀ ਹੈ ਕਿ ਡਾਕਟਰ ਕੋਲ ਦੁਨੀਆ ਭਰ ਦੇ ਲੋਕਾਂ, ਕੈਦੀਆਂ ਅਤੇ ਮਰੀਜ਼ਾਂ ਲਈ ਤਾਂ ਸਮਾਂ ਹੈ, ਪਰ ਆਪਣੇ ਘਰ-ਬਾਰ ਲਈ ਨਹੀਂ। ਉਹ ਵਿਅੰਗ ਕਰਦਿਆਂ ਕਹਿੰਦੀ ਹੈ ਕਿ ਡਾਕਟਰ ਉਸਨੂੰ ਹੁਕਮ ਦਿੰਦਾ ਹੈ: ‘ਇੰਦਰ ਕੌਰੇ ਅਚਾਰ ਪਾ ਦੇ ਦੋ ਸੇਰ ਨਿੰਬੂਆਂ ਦਾ; ਦੁੱਧ ਦਾ ਡੋਲੂ ਉਬਾਲ ਦੇ; ਵੀਹ ਪਰੌਂਠੇ ਪਕਾ ਦੇ… ਨਾ ਮੈਂ ਏਹਦੀ ਤੀਵੀਂ ਸੀ ਕਿ ਢਾਬੇ ਵਾਲੀ?’ ਪਰ, ਦੂਜੇ ਪਾਸੇ ਦੀਵਾਨ ਸਿੰਘ ਦਾ ਆਪਣੀ ਪਤਨੀ ਪ੍ਰਤੀ ਪਿਆਰ ਬਹੁਤ ਡੂੰਘਾ ਅਤੇ ਦਾਰਸ਼ਨਿਕ ਹੈ। ਉਹ ਇੰਦਰ ਕੌਰ ਨੂੰ ਆਪਣੀ ਹੋਂਦ ਦਾ ਆਧਾਰ ਮੰਨਦੇ ਹੋਏ ਕਹਿੰਦੇ ਹਨ: ‘ਤੂੰ ਮੇਰਾ ਕਿੱਲਾ ਏਂ, ਧੁਰਾ ਏਂ ਤੂੰ। ਤੂੰ ਨਾ ਹੋਵੇਂ ਤਾਂ ਮੈਂ ਖਿੱਲਰ ਜਾਵਾਂ! ਤੂੰ ਮੇਰੀ ਤਾਕਤ ਏਂ ਇੰਦਰ ਕੌਰ!’
ਏਸੇ ਤਰ੍ਹਾਂ ਆਤਮਜੀਤ ਨਾਟਕ ਰਾਹੀਂ ਇਹ ਵੀ ਉਭਾਰਦੇ ਹਨ ਕਿ ਡਾ. ਦੀਵਾਨ ਸਿੰਘ ਦੀ ਸਿੱਖੀ ਕਿਸੇ ਬਾਹਰੀ ਕਰਮਕਾਂਡ ਤੱਕ ਸੀਮਤ ਨਹੀਂ ਸੀ, ਸਗੋਂ ਇਹ ਗੁਰੂ ਨਾਨਕ ਦੇ ਸਰਬੱਤ ਦੇ ਭਲੇ ਅਤੇ ‘ਨਾ ਕੋ ਬੈਰੀ ਨਾਹਿ ਬਗਾਨਾ’ ਦੇ ਸਰਬ-ਸਾਂਝੇ ਫ਼ਲਸਫ਼ੇ ਉੱਤੇ ਆਧਾਰਿਤ ਸੀ। ਅੰਡੇਮਾਨ ਵਿਚ ਪਹਿਲਾਂ ਸਿਰਫ਼ ਇੱਕ ‘ਪੁਲਿਸ ਗੁਰਦੁਆਰਾ’ ਸੀ ਜਿੱਥੇ ਆਮ ਕੈਦੀ ਅਤੇ ਨੀਵੀਂ ਜਾਤ ਸਮਝੇ ਜਾਂਦੇ ਲੋਕ ਜਾਣ ਤੋਂ ਡਰਦੇ ਸਨ। ਦੀਵਾਨ ਸਿੰਘ ਨੇ ਜਾਤ-ਪਾਤ ਅਤੇ ਧਰਮ ਦੇ ਭੇਦਭਾਵ ਤੋਂ ਮੁਕਤ ਇੱਕ ਨਵੇਂ ਗੁਰਦੁਆਰੇ ਦੀ ਸਥਾਪਨਾ ਦਾ ਸੁਪਨਾ ਲਿਆ। ਅਗਸਤ 1937 ਵਿਚ ਸਾਰੀ ਸੰਗਤ ਦੇ ਸਹਿਯੋਗ ਨਾਲ ਇੱਕ ਨਵੇਂ ਗੁਰਦੁਆਰੇ (ਜੋ ਬਾਅਦ ਵਿਚ ਉਨ੍ਹਾਂ ਦੇ ਨਾਂ, ‘ਡਾ. ਦੀਵਾਨ ਸਿੰਘ ਗੁਰਦੁਆਰਾ’ ਵਜੋਂ ਜਾਣਿਆ ਗਿਆ) ਦੀ ਨੀਂਹ ਰੱਖੀ ਗਈ।
ਇਸ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦੀਵਾਨ ਸਿੰਘ ਦੀ ਧਰਮ-ਨਿਰਪੱਖਤਾ ਅਤੇ ਦੂਰਅੰਦੇਸ਼ੀ ਦੀ ਸਭ ਤੋਂ ਵੱਡੀ ਮਿਸਾਲ ਸੀ। ਇਸ ਕਮੇਟੀ ਵਿਚ 12 ਸਿੱਖ, 10 ਹਿੰਦੂ, 2 ਮੁਸਲਮਾਨ ਅਤੇ 1 ਈਸਾਈ ਮੈਂਬਰ ਸ਼ਾਮਲ ਸਨ। ਆਤਮਜੀਤ ਡਾ. ਸਹਿਬ ਦੀ ਸ਼ਖਸੀਅਤ ਦੇ ਇਸ ਪਹਿਲੂ ਦੀ ਸਪੱਸ਼ਟਤਾ ਲਈ ਨਾਟਕੀ ਕੋਰਸ ਰਾਹੀਂ ਦੱਸਦਾ ਹੈ ਕਿ ਇਸ ਗੁਰਦੁਆਰੇ ਵਿਚ ਲੰਗਰ ਚੱਲਦਾ, ਵਿਸ਼ਾਲ ਲਾਇਬ੍ਰੇਰੀ ਤਿਆਰ ਕੀਤੀ ਗਈ, ਬੱਚਿਆਂ ਨੂੰ ਲੁਹਾਰੇ ਅਤੇ ਤਰਖਾਣੇ ਕੰਮਾਂ ਵਰਗੀਆਂ ਕਲਾਵਾਂ ਸਿਖਾਈਆਂ ਗਈਆਂ, ਅਤੇ ਪੰਜਾਬੀ, ਤਾਮਿਲ, ਉਰਦੂ ਅਤੇ ਬੰਗਾਲੀ ਭਾਸ਼ਾਵਾਂ ਦੀ ਮੁਫ਼ਤ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ। ਇੱਕ ਸੱਚੇ ਸਿੱਖ ਵਜੋਂ ਉਨ੍ਹਾਂ ਨੇ ਧਾਰਮਿਕ ਅਸਥਾਨ ਨੂੰ ਸਿਰਫ਼ ਪੂਜਾ ਦਾ ਕੇਂਦਰ ਨਹੀਂ ਰਹਿਣ ਦਿੱਤਾ, ਸਗੋਂ ਇਸਨੂੰ ਲੋਕ-ਭਲਾਈ, ਸਾਖਰਤਾ ਅਤੇ ਸਮਾਜਿਕ ਚੇਤਨਾ ਦਾ ਕੇਂਦਰ ਬਣਾ ਦਿੱਤਾ। ਪਰ ਆਤਮਜੀਤ ਇਹ ਵੀ ਉਭਾਰਦਾ ਹੈ ਕਿ ਆਡੰਬਰਾਂ ਤੋਂ ਪਰ੍ਹੇ ਸਿੱਖੀ ਦੇ ਸ਼ੁਧ ਸਰੂਪ ਅਤੇ ਅਨੁਭਵ ਦੀਵਾਨ ਸਿੰਘ ਦੇ ਧੁਰ ਅੰਦਰ ਵੱਸਦੇ ਸਨ। ਜਦੋਂ ਜਾਪਾਨੀਆਂ ਨੇ ਹੁਕਮ ਦਿੱਤਾ ਕਿ ਸਾਰੇ ਸਿੱਖ ਮੁਲਾਜ਼ਮ ਆਪਣੀਆਂ ਦਾੜ੍ਹੀਆਂ ਕੱਟ ਦੇਣ, ਤਾਂ ਦੀਵਾਨ ਸਿੰਘ ਨੇ ਇਸ ਹੁਕਮ ਨੂੰ ਸਿਰੇ ਤੋਂ ਨਕਾਰ ਦਿੱਤਾ। ਇਹ ਉਨ੍ਹਾਂ ਦੇ ਆਪਣੇ ਸਿੱਖੀ ਸਰੂਪ ਅਤੇ ਅਸੂਲਾਂ ਪ੍ਰਤੀ ਦ੍ਰਿੜ੍ਹਤਾ ਦਾ ਸਬੂਤ ਸੀ।
ਏਸੇ ਤਰ੍ਹਾਂ ਆਤਮਜੀਤ ਦੀਵਾਨ ਸਿੰਘ ਨੂੰ ਹੋਰ ਸਭ ਚੀਜ਼ਾਂ ਤੋਂ ਵਧ ਕੇ ਇਕ ਦੇਸ਼-ਭਗਤ, ਸਿਰੜੀ ਨਾਬਰ, ਅਤੇ ਇਨਕਲਾਬੀ ਵਜੋਂ ਪੇਸ਼ ਕਰਦਾ ਹੈ। ਦੀਵਾਨ ਸਿੰਘ ਦੀ ਦੇਸ਼-ਭਗਤੀ ਕਿਸੇ ਖ਼ਾਸ ਸਿਆਸੀ ਪਾਰਟੀ ਦੀ ਮੁਹਤਾਜ ਨਹੀਂ ਸੀ, ਸਗੋਂ ਨਿਰੋਲ ਮਾਨਵਵਾਦ ਦੇ ਹੱਕ ਵਿਚ ਅਤੇ ਅਨਿਆਂ ਵਿਰੁੱਧ ਰੋਹ ‘ਚੋਂ ਉਪਜੀ ਸੀ। ਨਾਟਕ ਵਿਚ ਉਨ੍ਹਾਂ ਦੀ ਟੱਕਰ ਦੋ ਵੱਖ-ਵੱਖ ਤਰ੍ਹਾਂ ਦੇ ਸਾਮਰਾਜਵਾਦ ਨਾਲ ਦਿਖਾਈ ਗਈ ਹੈ: ਪਹਿਲਾਂ ਬ੍ਰਿਟਿਸ਼ ਅਫ਼ਸਰਸ਼ਾਹੀ ਨਾਲ ਅਤੇ ਫਿਰ ਜਾਪਾਨੀ ਫਾਸ਼ੀਵਾਦ ਨਾਲ। ਜਦੋਂ 23 ਮਾਰਚ 1942 ਨੂੰ ਜਾਪਾਨੀਆਂ ਨੇ ਅੰਡੇਮਾਨ ਉੱਤੇ ਕਬਜ਼ਾ ਕੀਤਾ ਤਾਂ ਸ਼ੁਰੂਆਤ ਵਿਚ ਬਹੁਤ ਸਾਰੇ ਭਾਰਤੀਆਂ ਨੂੰ ਭੁਲੇਖਾ ਸੀ ਕਿ ਸ਼ਾਇਦ ਜਾਪਾਨੀ ਦੋਸਤ ਹਨ ਅਤੇ ਉਨ੍ਹਾਂ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣ ਆਏ ਹਨ। ਜਾਪਾਨੀਆਂ ਨੇ ਸਥਾਨਕ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਦੀਵਾਨ ਸਿੰਘ ਨੂੰ ਇੰਡੀਅਨ ਇੰਡੀਪੈਂਡੈਂਸ ਲੀਗ ਦੀ ਅੰਡੇਮਾਨ ਸ਼ਾਖਾ ਅਤੇ ‘ਪੀਸ ਕਮੇਟੀ’ ਦਾ ਪ੍ਰਧਾਨ ਬਣਾ ਦਿੱਤਾ। ਪਰ ਛੇਤੀ ਹੀ ਜਾਪਾਨੀ ਸਾਮਰਾਜ ਦੇ ਅੱਤਿਆਚਾਰ ਸਾਹਮਣੇ ਆਉਣ ਲੱਗੇ। ਜਾਪਾਨੀਆਂ ਨੇ ਔਰਤਾਂ ਨਾਲ ਬਲਾਤਕਾਰ ਕੀਤੇ, ਲੋਕਾਂ ਦਾ ਰਾਸ਼ਨ ਲੁੱਟਿਆ, ਅਤੇ ਬੇਦੋਸ਼ੇ ਲੋਕਾਂ ਉੱਤੇ ਝੂਠੇ ਦੋਸ਼ ਲਗਾ ਕੇ ਸਮਰੀ ਟਰਾਇਲ ਰਾਹੀਂ ਸ਼ਰ੍ਹੇਆਮ ਫਾਂਸੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਕ੍ਰਾਂਤੀਕਾਰੀ ਦੀਵਾਨ ਸਿੰਘ ਨੇ ਜਾਪਾਨੀ ਪ੍ਰਸ਼ਾਸਨ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਇਸ ਸਭ ਦਾ ਵਿਰੋਧ ਕੀਤਾ। ਨਾਟਕ ਵਿਚ ਇੱਕ ਬਹੁਤ ਹੀ ਸੰਵੇਦਨਸ਼ੀਲ ਦ੍ਰਿਸ਼ ਉਦੋਂ ਆਉਂਦਾ ਹੈ, ਜਦੋਂ ਜਾਪਾਨੀਆਂ ਨੇ ਇੱਕ ਨੌਜਵਾਨ ਦੇਸ਼ਭਗਤ ਅਵਸਥੀ ਨੂੰ, ਜਿਸਨੇ ਜਾਪਾਨੀਆਂ ਦੀ ਨੀਅਤ ‘ਤੇ ਸ਼ੱਕ ਕੀਤਾ ਸੀ, ਫਾਂਸੀ ਦੀ ਸਜ਼ਾ ਸੁਣਾਈ। ਡਾ. ਦੀਵਾਨ ਸਿੰਘ ਨੇ ਗਵਰਨਰ ਹਾਊਸ ਦੇ ਬਾਹਰ ਧਰਨਾ ਦਿੱਤਾ ਅਤੇ ਹੀਰਾਕਾਵਾ ਨੂੰ ਸਪਸ਼ਟ ਕਿਹਾ: ‘ਤੁਸੀਂ ਹਿੰਦੁਸਤਾਨ ਦੀ ਆਜ਼ਾਦੀ ਦਾ ਲਾਰਾ ਲਾਉਂਦੇ ਓ। ਦਰਅਸਲ ਖੁਦ ਰਾਜ ਹਥਿਆਉਣਾ ਚਾਹੁੰਦੇ ਓ… ਮੈਂ ਹਰ ਕੂੜ ਦੇ ਖ਼ਿਲਾਫ਼ ਬੋਲਾਂਗਾ, ਮੈਨੂੰ ਕੋਈ ਵੀ ਚੁੱਪ ਨਹੀਂ ਕਰਾ ਸਕਦਾ।’
ਇਸੇ ਤਰ੍ਹਾਂ, ਜਦੋਂ ਜਾਪਾਨੀ ਫ਼ੌਜੀਆਂ ਨੇ ਆਪਣੇ ਸੈਨਿਕਾਂ ਦੀ ਹਵਸ ਮਿਟਾਉਣ ਲਈ ਕੋਰੀਆਈ ਔਰਤਾਂ ਵਾਸਤੇ ਗੁਰਦੁਆਰੇ ਦੀ ਇਮਾਰਤ ਨੂੰ ਅਰਾਮਗਾਹ ਬਣਾਉਣ ਦੀ ਮੰਗ ਕੀਤੀ, ਤਾਂ ਦੀਵਾਨ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਸਨੂੰ ਸਖ਼ਤੀ ਨਾਲ ਠੁਕਰਾ ਦਿੱਤਾ। ਜਾਪਾਨੀ ਅਫ਼ਸਰਾਂ ਨੇ ਜਦੋਂ ਉਨ੍ਹਾਂ ਨੂੰ ‘ਪੀਨਾਂਗ ਰੇਡੀਓ’ ਤੋਂ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਖ਼ਿਲਾਫ਼ ਬੋਲਣ ਲਈ ਮਜਬੂਰ ਕਰਨਾ ਚਾਹਿਆ, ਤਾਂ ਦੀਵਾਨ ਸਿੰਘ ਨੇ ਦੋ-ਟੁੱਕ ਜਵਾਬ ਦਿੱਤਾ ਕਿ ਉਹ ਬ੍ਰਿਟਿਸ਼ ਰਾਜ ਦੇ ਖ਼ਿਲਾਫ਼ ਜ਼ਰੂਰ ਹਨ, ਪਰ ਭਾਰਤ ਦੇ ਕੌਮੀ ਨੇਤਾਵਾਂ ਵਿਰੁੱਧ ਕਦੇ ਨਹੀਂ ਬੋਲਣਗੇ। ਆਤਮਜੀਤ ਮੁਤਾਬਕ ਇਹ ਉਨ੍ਹਾਂ ਦੀ ਸੱਚੀ ਦੇਸ਼ਭਗਤੀ ਅਤੇ ਨਾਬਰੀ ਦਾ ਬੇਮਿਸਾਲ ਪ੍ਰਮਾਣ ਸੀ, ਜਿਸਨੇ ਜਾਪਾਨੀਆਂ ਨੂੰ ਉਨ੍ਹਾਂ ਦਾ ਕੱਟੜ ਦੁਸ਼ਮਣ ਬਣਾ ਦਿੱਤਾ।
ਨਾਟਕ ਦਾ ਸਿਖਰ ਤੇ ਅੰਤ ਡਾ. ਦੀਵਾਨ ਸਿੰਘ ਦੀ ਸ਼ਹਾਦਤ ਦਾ ਸਿਖਰ ਸੀ। ਆਤਮਜੀਤ ਹੋਰਾਂ ਅਨੁਸਾਰ ਡਾ. ਦੀਵਾਨ ਸਿੰਘ ਦੀ ਸ਼ਹਾਦਤ ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦੀ ਸਭ ਤੋਂ ਦਰਦਨਾਕ, ਭਿਆਨਕ ਪਰ ਅਤਿਅੰਤ ਪ੍ਰੇਰਨਾਦਾਇਕ ਘਟਨਾਵਾਂ ਵਿਚੋਂ ਇੱਕ ਹੈ। ਉਨ੍ਹਾਂ ਮੁਤਾਬਕ ਜਾਪਾਨੀਆਂ ਨੇ ਡਾ. ਦੀਵਾਨ ਸਿੰਘ ਦੇ ਵਧਦੇ ਜਨਤਕ ਪ੍ਰਭਾਵ, ਨਿਡਰਤਾ ਅਤੇ ਸੁਤੰਤਰ ਸੋਚ ਨੂੰ ਆਪਣੇ ਫਾਸ਼ੀਵਾਦੀ ਸ਼ਾਸਨ ਲਈ ਸਭ ਤੋਂ ਵੱਡਾ ਖ਼ਤਰਾ ਮੰਨਿਆ। ਜਾਪਾਨੀਆਂ ਨੇ ਉਨ੍ਹਾਂ ਨੂੰ ਰਸਤੇ ਤੋਂ ਹਟਾਉਣ ਲਈ ਉਨ੍ਹਾਂ ਉੱਤੇ ਅੰਗਰੇਜ਼ਾਂ ਦੇ ਜਾਸੂਸ ਹੋਣ ਦਾ ਝੂਠਾ ਇਲਜ਼ਾਮ ਲਗਾਇਆ। ਅਸਲ ਵਿਚ, ਇਸ ਸਾਜ਼ਿਸ਼ ਦਾ ਮੁੱਢ ਉਦੋਂ ਬੱਝਾ ਜਦੋਂ ਜਾਪਾਨੀਆਂ ਨੇ ਮੇਜਰ ਏ. ਜੀ. ਬਰਡ (ਜੋ ਕਿ ਅੰਗਰੇਜ਼ ਅਫ਼ਸਰ ਸੀ, ਤੇ ਦੀਵਾਨ ਸਿੰਘ ਦਾ ਹਾਮੀ ਸੀ) ਨੂੰ ਝੂਠੇ ਜਾਸੂਸੀ ਕੇਸ ਵਿਚ ਸ਼ਰ੍ਹੇਆਮ ਫਾਂਸੀ ਦੇ ਦਿੱਤੀ। ਆਤਮਜੀਤ ਏਥੇ ਡਾ. ਕਾਲੇਪਾਣੀ ਦੇ ਸਾਹਸ ਨੂੰ ਪੇਸ਼ ਕਰਦਾ ਹੈ ਕਿ ਜਦੋਂ ਸਾਰਾ ਸ਼ਹਿਰ ਡਰ ਰਿਹਾ ਸੀ, ਤਾਂ ਦੀਵਾਨ ਸਿੰਘ ਇਕੱਲੇ ਸਨ ਜਿਨ੍ਹਾਂ ਨੇ ਅੱਗੇ ਆ ਕੇ ਹੀਰਾਕਾਵਾ ਤੋਂ ਮੇਜਰ ਬਰਡ ਦੀ ਦੇਹ ਨੂੰ ਢੁਕਵੇਂ ਈਸਾਈ ਸਨਮਾਨ ਨਾਲ ਦਫ਼ਨਾਉਣ ਦੀ ਮੰਗ ਕੀਤੀ ਸੀ। ਦੀਵਾਨ ਸਿੰਘ ਦੀ ਇਸੇ ਨੈਤਿਕ ਦਲੇਰੀ ਨੇ ਜਾਪਾਨੀਆਂ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਇਹ ਵਿਅਕਤੀ ਉਨ੍ਹਾਂ ਦਾ ਗ਼ੁਲਾਮ ਨਹੀਂ ਬਣੇਗਾ।
ਇਸਦੇ ਸਿੱਟੇ ਵਜੋਂ, 23 ਅਕਤੂਬਰ 1943 ਨੂੰ ਡਾਕਟਰ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਇਤਿਹਾਸ ਦੀ ਵੱਡੀ ਵਿਡੰਬਨਾ ਸੀ ਕਿ ਉਨ੍ਹਾਂ ਨੂੰ ਉਸੇ ਸੈਲੂਲਰ ਜੇਲ੍ਹ (ਕਾਲੇਪਾਣੀ) ਦੀਆਂ ਕੋਠੜੀਆਂ ਵਿਚ ਬੰਦ ਕੀਤਾ ਗਿਆ ਜਿੱਥੇ ਉਹ ਕਦੇ ਮੁੱਖ ਮੈਡੀਕਲ ਅਫ਼ਸਰ ਵਜੋਂ ਕੈਦੀਆਂ ਦੀ ਸੇਵਾ ਕਰਿਆ ਕਰਦੇ ਸਨ। ਆਤਮਜੀਤ ਨਾਟਕ ਰਾਹੀਂ ਪੇਸ਼ ਕਰਦਾ ਹੈ ਇਤਿਹਾਸਕ ਤੱਥ ਗਵਾਹੀ ਭਰਦੇ ਹਨ, ਕਿ ਉਨ੍ਹਾਂ ਨੂੰ ਲਗਾਤਾਰ 82 ਦਿਨ ਤੱਕ ਰੂਹ ਕੰਬਾਊ ਅਤੇ ਅਣਮਨੁੱਖੀ ਤਸੀਹੇ ਦਿੱਤੇ ਗਏ। ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਚਸ਼ਮਦੀਦ ਗਵਾਹਾਂ ਦੇ ਬਿਆਨਾਂ ਅਨੁਸਾਰ ਉਨ੍ਹਾਂ ਦੀਆਂ ਲੱਤਾਂ ਅਤੇ ਪੈਰਾਂ ਹੇਠਾਂ ਅੱਗ ਬਾਲ ਕੇ ਸਾੜਿਆ ਗਿਆ, ਉਨ੍ਹਾਂ ਦੀਆਂ ਬਾਹਾਂ ਦਾ ਮਾਸ ਤਿੱਖੇ ਚਾਕੂਆਂ ਨਾਲ ਕੱਟਿਆ ਗਿਆ, ਜਿਸ ਵਿਚੋਂ ਪੀਕ ਵਗਦੀ ਰਹਿੰਦੀ ਸੀ, ਸਿਰ ਦੇ ਵਾਲ ਅਤੇ ਦਾੜ੍ਹੀ ਨਿਰਦਈਪੁਣੇ ਨਾਲ ਨੋਚੀ ਗਈ, ਇੱਥੋਂ ਤੱਕ ਕਿ ਅੱਖਾਂ ਵੀ ਕੱਢੀਆਂ ਗਈਆਂ ਪ੍ਰਤੀਤ ਹੁੰਦੀਆਂ ਸਨ ਅਤੇ ਲਗਾਤਾਰ ਕੁੱਟਮਾਰ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ ਸੀ। ਉਨ੍ਹਾਂ ਦੇ ਸਰੀਰ ਉੱਤੇ ਮਾਸ ਦੀਆਂ ਬੋਟੀਆਂ ਲਟਕ ਰਹੀਆਂ ਸਨ ਅਤੇ ਹੱਡੀਆਂ ਦਿਖਾਈ ਦੇਣ ਲੱਗ ਪਈਆਂ ਸਨ।
ਇਸ ਭਿਆਨਕ ਅਤੇ ਲੂੰ-ਕੰਡੇ ਖੜ੍ਹੇ ਕਰਨ ਵਾਲੇ ਤਸ਼ੱਦਦ ਦੇ ਬਾਵਜੂਦ, ਉਨ੍ਹਾਂ ਨੇ ਕੋਈ ਝੂਠਾ ਦੋਸ਼ ਕਬੂਲ ਨਹੀਂ ਕੀਤਾ ਅਤੇ ਨਾ ਹੀ ਜ਼ਾਲਮਾਂ ਅੱਗੇ ਗੋਡੇ ਟੇਕ ਕੇ ਮਾਫ਼ੀ ਮੰਗੀ। ਨਾਟਕ ਵਿਚ ਇੱਕ ਬਹੁਤ ਹੀ ਮਾਰਮਿਕ ਦ੍ਰਿਸ਼ ਹੈ, ਜਦੋਂ ਜਾਪਾਨੀਆਂ ਵੱਲੋਂ ਡਾਕਟਰ ਰਾਮਾਨੰਦ ਉਨ੍ਹਾਂ ਨੂੰ ਮਨਾਉਣ ਲਈ ਆਉਂਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਸਿਰਫ਼ ਇੱਕ ਕਾਗਜ਼ ‘ਤੇ ਮਾਫ਼ੀਨਾਮਾ ਲਿਖ ਦਿਓ ਤਾਂ ਜੋ ਜਾਨ ਬਚ ਸਕੇ। ਦੀਵਾਨ ਸਿੰਘ ਦਾ ਜਵਾਬ ਸੀ: ‘ਝੂਠ ਲਿਖ ਦਿਆਂ, ਮੈਂ ਜਾਸੂਸੀ ਕਰਦਾਂ? ਤੂੰ ਚੰਗੀ ਤਰ੍ਹਾਂ ਜਾਣਦੈਂ, ਮੈਂ ਝੂਠ ਨਹੀਂ ਬੋਲਦਾ… ਇਤਿਹਾਸ ਦੇ ਛਿੱਤਰ ਖਾਣ ਨਾਲੋਂ ਤੁਹਾਡੀ ਕੁੱਟ ਨੂੰ ਬਿਹਤਰ ਸਮਝਾਂਗਾ’ ਤਸੀਹਿਆਂ ਦੌਰਾਨ ਉਨ੍ਹਾਂ ਦੇ ਮੂੰਹੋਂ ਦਰਦ ਦੀਆਂ ਚੀਕਾਂ ਦੀ ਬਜਾਏ ਸਿਰਫ਼ ‘ਵਾਹਿਗੁਰੂ’ ਦੀ ਆਵਾਜ਼ ਅਤੇ ‘ਤੇਰਾ ਭਾਣਾ ਮੀਠਾ ਲਾਗੇ’ ਦਾ ਸ਼ਬਦ ਹੀ ਨਿਕਲਦਾ ਰਿਹਾ। ਅੰਤ, ਸਰੀਰਕ ਤੌਰ ‘ਤੇ ਪੂਰੀ ਤਰ੍ਹਾਂ ਨੁੱਚੜ ਜਾਣ ਤੋਂ ਬਾਅਦ, 14 ਜਨਵਰੀ 1944 (ਮਾਘੀ ਵਾਲੇ ਪਵਿੱਤਰ ਦਿਨ) ਨੂੰ ਇਸ ਮਹਾਨ ਯੋਧੇ ਨੇ ਸ਼ਹਾਦਤ ਦਾ ਜਾਮ ਪੀ ਲਿਆ। ਉਨ੍ਹਾਂ ਦਾ ਸਸਕਾਰ ਜੰਗਲੀਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੀ ਮੌਤ ਤੋਂ ਕੁਝ ਦਿਨਾਂ ਬਾਅਦ ਹੀ (30 ਜਨਵਰੀ 1944 ਨੂੰ) ਜਾਪਾਨੀਆਂ ਨੇ ਇੰਡੀਅਨ ਇੰਡੀਪੈਂਡੈਂਸ ਲੀਗ ਦੇ 44 ਹੋਰ ਮੈਂਬਰਾਂ ਨੂੰ ਹੋਮਫਰੇਗੰਜ ਵਿਖੇ ਲਿਜਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜੋ ਜਾਪਾਨੀ ਕਹਿਰ ਦਾ ਸਿਖਰ ਸੀ।
ਹੁਣ ਏਥੇ ਉਸ ਸ਼ੁਰੂਆਤੀ ਕਥਨ ਨੂੰ ਵਿਸਥਾਰ ਦੇਣ ਬਣਦਾ ਹੈ ਕਿ ਕਿਵੇਂ ਇਨ੍ਹਾਂ ਤਮਾਮ ਸੰਘਰਸ਼ਾਂ ਅਤੇ ਇਨਕਲਾਬੀ ਕਾਰਵਾਈਆਂ ਦੇ ਬਾਵਜੂਦ ਦੀਵਾਨ ਸਿੰਘ ਦਾ ਜ਼ਿਕਰ ਕਿਤੇ ਬਹੁਤਾ ਨਹੀਂ ਮਿਲਦਾ। ਇਸ ਲਈ ਆਤਮਜੀਤ ਦੇ ਇਸ ਨਾਟਕ ਦੀ ਅਹਿਮੀਅਤ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਨਾਟਕਕਾਰ ਕਈ ਇਤਿਹਾਸਕ ਪਾਤਰਾਂ ਅਤੇ ਘਟਨਾਵਾਂ ਬਾਰੇ ਵੀ ਸੰਦੇਹੀ ਬਿਰਤਾਂਤ ਸਿਰਜਦੇ ਹੋਏ ਅਕਾਦਮਿਕ ਖੋਜਾਰਥੀਆਂ ਤੋਂ ਡਾ. ਦੀਵਾਨ ਸਿੰਘ ਬਾਰੇ ਵੱਧ ਤੋਂ ਵੱਧ ਜਾਣਨ ਅਤੇ ਲਿਖਣ ਦੀ ਮੰਗ ਕਰਦਾ ਹੈ।
ਦਰਅਸਲ ਨਾਟਕ ‘ਕਿਸ਼ਤੀਆਂ ਵਿਚ ਜਹਾਜ਼’ ਭਾਰਤੀ ਇਤਿਹਾਸ ਦੇ ਇੱਕ ਬਹੁਤ ਹੀ ਕੌੜੇ, ਸੰਵੇਦਨਸ਼ੀਲ ਅਤੇ ਲੁਕਾ ਲਏ ਗਏ ਵਿਰੋਧਾਭਾਸਾਂ ਵੱਲ ਸਿੱਧਾ ਇਸ਼ਾਰਾ ਕਰਦਾ ਹੈ। ਨਵੰਬਰ-ਦਸੰਬਰ 1943 ਵਿਚ, ਜਦੋਂ ਜਾਪਾਨੀਆਂ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਾ ਪ੍ਰਸ਼ਾਸਨ ਰਸਮੀ ਤੌਰ ‘ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ‘ਆਜ਼ਾਦ ਹਿੰਦ ਸਰਕਾਰ’ ਨੂੰ ਸੌਂਪਿਆ, ਤਾਂ ਨੇਤਾ ਜੀ ਨੇ ਉੱਥੋਂ ਦਾ ਦੌਰਾ ਕੀਤਾ ਅਤੇ 30 ਦਸੰਬਰ ਨੂੰ ਤਿਰੰਗਾ ਲਹਿਰਾਇਆ। ਪਰ ਉਸੇ ਸਮੇਂ, ਇਸੇ ਜ਼ਮੀਨ ‘ਤੇ, ਡਾ. ਦੀਵਾਨ ਸਿੰਘ ਸੈਲੂਲਰ ਜੇਲ੍ਹ ਦੇ ਵਾਰਡ ਨੰਬਰ 6 ਵਿਚ ਜਾਪਾਨੀਆਂ ਹੱਥੋਂ ਰੂਹ-ਕੰਬਾਊ ਤਸ਼ੱਦਦ ਸਹਿ ਰਹੇ ਸਨ। ਨਾਟਕ ਵਿਚ ਦਰਸਾਇਆ ਗਿਆ ਹੈ ਕਿ ਮੁਸ਼ਤਾਕ ਅਲੀ (ਜੋ ਦੋਭਾਸ਼ੀਏ ਵਜੋਂ ਕੰਮ ਕਰ ਰਿਹਾ ਸੀ) ਵਰਗੇ ਸਾਥੀਆਂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਨੇਤਾ ਜੀ ਨੂੰ ਸਾਰੀ ਸੱਚਾਈ ਦੱਸੀ ਸੀ ਅਤੇ ਉਨ੍ਹਾਂ ਨੂੰ ਵਾਰਡ ਨੰਬਰ 6 ਵਿਚ ਜਾਣ ਦੀ ਅਪੀਲ ਕੀਤੀ ਸੀ। ਪਰ ਇਤਿਹਾਸਕ ਤੱਥ ਅਤੇ ਨਾਟਕ ਦੋਵੇਂ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਨੇਤਾ ਜੀ ਉੱਥੇ ਨਹੀਂ ਗਏ। ਇਸ ਪਹਿਲੂ ਨੂੰ ਆਤਮਜੀਤ ਨਾਟਕੀ ਜੁਗਤ ਰਾਹੀਂ ਹੋਰ ਉਭਾਰਦਾ ਹੈ। ਨਾਟਕ ਦੇ ਅੰਤ ਵਿਚ ਇੰਦਰ ਕੌਰ ਨੇਤਾ ਜੀ ਨੂੰ ਸਿੱਧਾ ਸਵਾਲ ਕਰਦੀ ਹੈ: ‘ਤੁਸੀਂ ਵਾਰਡ ਨੰਬਰ ਛੇ ਵਿਚ ਕਿਉਂ ਨਹੀਂ ਗਏ? ਕੀ ਮਜਬੂਰੀ ਸੀ ਤੁਹਾਡੀ? ਨੇਤਾ ਜੀ, ਮੇਰਾ ਸਵਾਲ ਏ ਤੁਹਾਨੂੰ, ਤੁਸੀਂ ਚੁੱਪ ਕਿਉਂ ਓ?’ ਇਹ ਸਵਾਲ ਰਾਜਨੀਤੀ ਦੀ ਉਸ ਤ੍ਰਾਸਦੀ ਨੂੰ ਉਜਾਗਰ ਕਰਦਾ ਹੈ ਜਿੱਥੇ ਵੱਡੇ ਰਾਜਨੀਤਿਕ ਟੀਚਿਆਂ (ਨੇਤਾ ਜੀ ਜਾਂ ਹੋਰ ਆਗੂਆਂ ਵੱਲੋਂ ਅੰਗਰੇਜ਼ਾਂ ਵਿਰੁੱਧ ਜਾਪਾਨੀ ਫ਼ੌਜ ਦੀ ਮਦਦ ਲੈਣ ਦੀ ਰਣਨੀਤਕ ਮਜਬੂਰੀ) ਦੀ ਖ਼ਾਤਰ ਸਥਾਨਕ ਨਾਇਕਾਂ, ਬੇਦੋਸ਼ੇ ਸੂਰਮਿਆਂ ਤੇ ਆਮ ਲੋਕਾਂ ਦੀ ਬਲੀ ਚੜ੍ਹਾ ਦਿੱਤੀ ਗਈ। ਆਤਮਜੀਤ ਇਸ ਗੁੰਝਲਦਾਰ ਇਤਿਹਾਸਕ ਸੱਚ ਨੂੰ ਬਿਨਾਂ ਕਿਸੇ ਲੁਕਾ ਦੇ ਪੇਸ਼ ਕਰਦਾ ਹੈ, ਜੋ ਆਪਣੇ ਆਪ ਵਿਚ ਦਲੇਰਾਨਾ ਕਾਰਜ ਹੈ।
ਸਮੁੱਚੇ ਰੂਪ ਵਿਚ ਡਾ. ਦੀਵਾਨ ਸਿੰਘ ਬਾਰੇ ਮੁਕੰਮਲ ਜਾਣਕਾਰੀ, ਖੋਜ-ਪ੍ਰਬੰਧਾਂ ਅਤੇ ਸਾਹਿਤ ਦੀ ਘਾਟ ਰਹੀ ਹੈ। ਨਿਰੋਲ ਉਨ੍ਹਾਂ ਦੇ ਪਰਿਵਾਰ ਦੇ ਅਣਥੱਕ ਯਤਨਾਂ ਸਦਕਾ ਹੀ ਉਨ੍ਹਾਂ ਦੀ ਵਿਰਾਸਤ ਨੂੰ ਕੁਝ ਹੱਦ ਤੱਕ ਸਾਂਭਿਆ ਜਾ ਸਕਿਆ। ਅਜਿਹੇ ਪ੍ਰਸੰਗ ਵਿਚ ਪੰਜਾਬੀ ਸਾਹਿਤ ਵਿਚ ਇਸ ਨਾਟਕ ਰਾਹੀਂ ਡਾ. ਆਤਮਜੀਤ ਨੇ ਉਸ ਘਾਟ ਨੂੰ ਪੂਰਾ ਕੀਤਾ ਹੈ, ਜੋ ਮੁੱਖਧਾਰਾ ਦੀ ਇਤਿਹਾਸਕਾਰੀ ਨਹੀਂ ਕਰ ਸਕੀ। ਵਰਤਮਾਨ ਸਮੇਂ ਵਿਚ ਵੀ ਇਸ ਨਾਟਕ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ, ਦੇਸ਼ ਅਤੇ ਦੁਨੀਆ ਅੰਦਰ ਏਕਵਾਦੀ, ਸਮਾਰਾਜਵਾਦੀ ਅਤੇ ਫਾਸ਼ੀਵਾਦੀ ਵਿਚਾਰਾਂ ਅਤੇ ਸਰਕਾਰਾਂ ਦਾ ਬੋਲ-ਬਾਲਾ ਹੈ। ਇਸ ਨਾਟਕ ਦੀਆਂ ਪੇਸ਼ਕਾਰੀਆਂ ਅਤੇ ਨਾਟਕ-ਪਾਠ ਲਗਾਤਾਰ ਕਰਵਾਏ ਜਾਣੇ ਚਾਹੀਦੇ ਹਨ। ਇਸੇ ਤਹਿਤ ਭਾਈ ਵੀਰ ਸਿੰਘ ਸਾਹਿਤ ਸਦਨ ਦੁਆਰਾ ਇਸ ਨਾਟਕ ਦਾ ਨਾਟਕ-ਪਾਠ ਅਤੇ ਵਿਚਾਰ-ਵਟਾਂਦਰਾ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿਚ ਨਾਟਕਕਾਰ ਡਾ. ਆਤਮਜੀਤ ਖ਼ੁਦ ਸ਼ਾਮਲ ਹੋਏ ਅਤੇ ਰਵੀ ਤਨੇਜਾ ਤੇ ਗੁਰਦੀਪ ਸਿੰਘ ਸਹਿਰਾ ਵਰਗੀਆਂ ਰੰਗਮੰਚੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਦੀਵਾਨ ਸਿੰਘ ਦੇ ਪਰਿਵਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਡਾ. ਮਹਿੰਦਰ ਸਿੰਘ ਨੇ ਆਪਣੇ ਉਦਘਾਟਨੀ ਸ਼ਬਦਾਂ ਵਿਚ ਸਮੁੱਚੇ ਭਾਰਤੀ ਪਰਿਪੇਖ ਖਾਸਕਰ ਸਿੱਖ ਜਗਤ ਵਿਚ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਗੌਰਵ ਨੂੰ ਉਜਾਗਰ ਕੀਤਾ। ਸਮਾਗਮ ਦਾ ਮੰਚ ਸੰਚਾਲਨ ਕਰ ਰਹੇ ਸ. ਕੁਲਜੀਤ ਸਿੰਘ ਨੇ ਡਾ. ਆਤਮਜੀਤ ਸਿੰਘ ਦੇ ਇਸ ਨਾਟਕ ਦੀ ਘਾੜਤ ਅਤੇ ਨਾਟਕਕਾਰ ਦੇ ਤੌਰ ‘ਤੇ ਉਨ੍ਹਾਂ ਦੀ ਪਰਿਪੱਕਤਾ ਦਾ ਜ਼ਿਕਰ ਕਰਦੇ ਹੋਏ ਆਪਣੀ ਗੱਲ ਸ਼ੁਰੂ ਕੀਤੀ। ਉਨ੍ਹਾਂ ਤੋਂ ਬਾਅਦ ਗੁਰਦੀਪ ਸਿੰਘ ਸਿਹਰਾ ਅਤੇ ਸਭ ਤੋਂ ਖਾਸ ਕਿ ਡਾ. ਦੀਵਾਨ ਸਿੰਘ ਦੀ ਸਪੁੱਤਰੀ ਨੇ ਇਸ ਨਾਟਕ ਲਈ ਆਤਮਜੀਤ ਸਿੰਘ ਹੋਰਾਂ ਦਾ ਧੰਨਵਾਦ ਕਰਦਿਆਂ ਆਪਣੇ ਪਿਤਾ ਦੀਆਂ ਧੁੰਧਲੀਆਂ ਯਾਦਾਂ ਸਾਂਝੀਆਂ ਕੀਤੀਆਂ।
