(ਭਾਰਤ ਦੇ ਕਮਿਊਨਿਸਟ ਇਨਕਲਾਬੀ ਇਕ ਵਾਰ ਮੁੜ ਨਾਜੁਕ ਚੌਰਾਹੇ ‘ਤੇ)
ਕਰਮ ਬਰਸਟ
ਫੋਨ: 94170-73831
ਵੀਹਵੀਂ ਸਦੀ ਦੇ ਸ਼ੁਰੂਆਤੀ ਦਿਨਾਂ ਤੋਂ ਭਾਰਤ ਅੰਦਰ ਰਾਸ਼ਟਰੀ ਚੇਤਨਾ ਤੇਜ਼ੀ ਨਾਲ ਵਧਣ ਲੱਗੀ ਅਤੇ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨਾਂ ਅੰਦਰ ਵਿਦੇਸ਼ੀ ਬਰਤਾਨਵੀ ਹਾਕਮਾਂ ਦੇ ਦਾਬੇ ਤੋਂ ਮੁਕੰਮਲ ਆਜ਼ਾਦੀ ਹਾਸਲ ਕਰਨ ਦੀ ਤੜਪ ਅੰਗੜਾਈਆਂ ਲੈਣ ਲੱਗੀ।
ਇਸ ਤੜਪ ਨੂੰ ਹਕੀਕਤ ਵਿਚ ਬਦਲਣ ਲਈ ਕਾਂਗਰਸ ਪਾਰਟੀ ਦੇ ਰਹਿਨੁਮਾ ਮਹਾਤਮਾ ਗਾਂਧੀ ਸਮੇਤ ਅਨੇਕਾਂ ਰਾਜਨੀਤਕ ਧਾਰਾਵਾਂ ਦਾ ਉਭਾਰ ਹੋਇਆ। ਉਨ੍ਹਾਂ ਵਰਿ੍ਹਆਂ ਦੌਰਾਨ ਹੀ ਸਾਲ 1917 ਦੇ ਰੂਸੀ ਇਨਕਲਾਬ ਦੇ ਪ੍ਰਭਾਵ ਹੇਠ ਕਮਿਊਨਿਸਟ ਪਾਰਟੀ ਨੇ ਵੀ ਆਪਣੀ ਜਗ੍ਹਾ ਬਣਾਉਣ ਲਈ ਹੱਥ-ਪੈਰ ਮਾਰਨ ਦੀ ਵਿਤ ਅਨੁਸਾਰ ਕੋਸ਼ਿਸ਼ ਤਾਂ ਕੀਤੀ, ਪਰ ਉਨ੍ਹਾਂ ਦੇ ਕਿਧਰੇ ਪੈਰ ਲਗ ਨਾ ਸਕੇ। ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਦੀ ਅਗਵਾਈ ਹੇਠ ਦੇਸ਼ ਆਜ਼ਾਦ ਹੋ ਗਿਆ। ਕਾਮਰੇਡ ਬੀ ਟੀ ਰਣਦਿਵੇ ਦੀ ਅਗਵਾਈ ਹੇਠ ਕਮਿਊਨਿਸਟ ਆਗੂਆਂ ਨੇ ਆਰਥਕ ਤੱਤ ਤੋਂ ਵਿਰਵੀ ਇਸ ਰਾਜਸੀ ਆਜ਼ਾਦੀ ਦੀਆਂ ਸੀਮਾਵਾਂ ਨੂੰ ਡੂੰਘੀ ਨੀਝ ਨਾਲ ਸਮਝ ਲੈਣ ਵਿਚ ਜ਼ਰਾ ਦੇਰ ਨਾ ਕੀਤੀ। ਇਸ ਸਮਝ ਦੀ ਕਾਣਤ ਇਹ ਸੀ ਕਿ ਉਹ ਰਾਜਸੀ ਸੱਤਾ ਬਦਲੀ ਦੀ ਇਤਿਹਾਸਕ ਹਕੀਕਤ ਨੂੰ ਮੰਨਣ ਤੋਂ ਹੀ ਇਨਕਾਰੀ ਹੋ ਗਏ ਕਿ ਅੰਗਰੇਜ਼ ਜਾਂਦੇ-ਜਾਂਦੇ ਆਪਣੇ ਏਜੰਟਾਂ ਨੂੰ ਵਾਗਡੋਰ ਦੇ ਕੇ ਰਫੂਚੱਕਰ ਹੋ ਗਏ ਹਨ। ਉਨ੍ਹਾਂ ਸਮਿਆਂ ਦੇ ਸੁਹਿਰਦ ਕਾਮਰੇਡਾਂ ਨੇ ਹਥਿਆਰਬੰਦ ਰਣਦਿਵੇ ਲਾਈਨ ਦੇ ਤਹਿਤ ਦੱਖਣ ਦੇ ਆਂਧਰਾ ਪ੍ਰਦੇਸ਼ ਦੇ ਤਿਲੰਗਾਨਾ ਖੇਤਰ ਵਿਚ ਘੋਲ ਸ਼ੁਰੂ ਕਰ ਦਿਤਾ ਅਤੇ ਵਰਿ੍ਹਆਂਬੱਧੀ ਹਥਿਆਰਬੰਦ ਸੰਘਰਸ਼ ਲੜੇ। ਹਜ਼ਾਰਾਂ ਕਮਿਊਨਿਸਟ ਕਾਰਕੁਨਾਂ ਨੇ ਹਕੀਕੀ ਆਜ਼ਾਦੀ ਦੇ ਸੁਫਨੇ ਦੀ ਪੂਰਤੀ ਖਾਤਰ ਆਪਣੀਆਂ ਜਾਨਾਂ ਦਿਤੀਆਂ। ਅੰਦੋਲਨ ਸਫਲ ਨਾ ਹੋਇਆ। ਸਟੇਟ ਦੀਆਂ ਫੋਰਸਾਂ ਨੇ ਬੜੀ ਆਸਾਨੀ ਨਾਲ ਤਿਲੰਗਾਨਾ ਬੇਸ ਏਰੀਏ ਨੂੰ ਘੇਰ ਕੇ ਅੰਦੋਲਨ ਕੁਚਲ ਦਿਤਾ। ਕਮਿਊਨਿਸਟਾਂ ਨੇ ਹਥਿਆਰਬੰਦ ਰਾਹ ਛਡ ਦਿਤਾ ਤੇ ਪਾਰਲੀਮਾਨੀ ਰਾਹ ਅਖਤਿਆਰ ਕਰਨ ਲਈ ਮਜਬੂਰ ਹੋ ਗਏ। ਬੀ.ਟੀ.ਆਰ. ਅਤੇ ਕਾਮਰੇਡ ਸੁੰਦਰਿਆ ਵਰਗੇ ਉਸਦੇ ਸਾਥੀਆਂ ਨੇ ਹਾਰ ਮੰਨ ਕੇ ਪਾਰਟੀ ਦੀ ਅਗਵਾਈ ਪਾਰਲੀਮਾਨੀ ਸਿਆਸਤ ਲਈ ਢੁਕਵੇਂ ਆਗੂ ਅਜੈ ਘੋਸ਼ ਨੂੰ ਸੌਂਪ ਦਿਤੀ। ਪਰ ਮਨਾਂ ਅੰਦਰੋਂ ਉਨ੍ਹਾਂ ਨੇ ਭਾਰਤੀ ਸਟੇਟ ਦੇ ਆਜ਼ਾਦ ਕੌਮੀ ਖਾਸੇ ਨੂੰ ਪ੍ਰਵਾਨ ਨਾ ਕੀਤਾ। ਕਿਹਾ ਇਹ ਕਿ ਭਾਰਤੀ ਸਟੇਟ ਦਾ ਖਾਸਾ ਕੌਮੀ ਜਮਹੂਰੀ ਨਹੀਂ ਬਲਕਿ ਇਹ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਨਹੀਂ, ਸਗੋਂ ਵੱਡੇ ਜਾਗੀਰਦਾਰਾਂ ਅਤੇ ਟਾਟੇ-ਬਿਰਲੇ ਵਰਗੇ ਵਡੇ ਸਰਮਾਏਦਾਰਾਂ ਦੀ ਸਰਕਾਰ ਹੈ।
ਇਸ ਮੋੜ ‘ਤੇ ਕਾਮਰੇਡਾਂ ਨੇ ਬੁਰਜੁਆ ਜਮਹੂਰੀਅਤ ਦੀਆਂ ਖੁੱਲ੍ਹਾਂ ਦਾ ਲਾਹਾ ਲੈਂਦਿਆਂ ਸਾਂਝੀਆਂ ਸਰਕਾਰਾਂ ਬਣਾ ਕੇ ਵਡੇ ਜਗੀਰਦਾਰਾਂ ਤੋਂ ਜ਼ਬਰਦਸਤੀ ਵਾਧੂ ਜ਼ਮੀਨਾਂ ਖੋਹਣ ਦਾ ਟਾਸਕ ਮਿਥ ਲਿਆ। ਇਸੇ ਦੌਰਾਨ ਕੌਮਾਂਤਰੀ ਕਮਿਊਨਿਸਟ ਲਹਿਰ ਰੂਸ ਤੇ ਚੀਨ ਦੇ ਮਤਭੇਦਾਂ ਕਾਰਨ ਦੋਫਾੜ ਹੋ ਗਈ। ਆਪਣੇ ਆਪ ਨੂੰ ਖਰੇ ਇਨਕਲਾਬੀ ਸਮਝਣ ਦਾ ਦਾਅਵਾ ਕਰਨ ਵਾਲੇ ਜੋਤੀ ਬਾਸੂ ਤੇ ਪ੍ਰਮੋਦ ਦਾਸ ਗੁਪਤਾ ਵਰਗੇ ਪੈਰੋਕਾਰਾਂ ਨੇ ਸੀ ਪੀ ਐਮ ਪਾਰਟੀ ਬਣਾ ਲਈ। ਇਸ ਧਿਰ ਨੂੰ ਜਲਦੀ ਹੀ ਸਾਲ 1967 ਵਿਚ ਜ਼ਬਰਦਸਤ ਹੁਲਾਰਾ ਉਸ ਸਮੇਂ ਮਿਲਿਆ, ਜਦੋਂ ਉਹ ਪੱਛਮੀ ਬੰਗਾਲ ਵਿਚ ਪੂਰੀ ਪੈਂਠ ਨਾਲ ਆਪਣੀ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਗਏ। ਬੰਗਾਲ ਦੇ ਬਹੁਤੇ ਹਿੱਸਿਆਂ ਵਿਚ ਜਾਗੀਰਦਾਰੀ ਤਾਣਾ-ਬਾਣਾ ਉਵੇਂ ਹੀ ਕਾਇਮ ਸੀ। ਤਿਲੰਗਾਨਾ ਵਾਲੀ ਸਮੱਸਿਆ ਨਵੇਂ ਸਿਰਿਓਂ ਖੜ੍ਹੀ ਹੋ ਗਈ। ਹੋਇਆ ਇਹ ਕਿ ਦਾਰਜੀਲਿੰਗ ਦੇ ਨਕਸਲਬਾੜੀ ਖੇਤਰ ਵਿਚ ਕਾਮਰੇਡ ਚਾਰੂ ਮਜੂਮਦਾਰ
ਅਤੇ ਕਾਨੂ ਸੰਨਿਆਲ ਵਰਗੇ ਸੱਚੇ-ਸੁਚੇ ਪਰ ਕਾਹਲੇ ਸੁਭਾਅ ਦੇ ਆਗੂ ਮੂਹਰੇ ਆ ਗਏ ਅਤੇ ਉਨ੍ਹਾਂ ਨੇ ਵੀ ਦੇਸੀ ਜਾਗੀਰਦਾਰਾਂ ਦੀਆਂ ਵਾਧੂ ਜ਼ਮੀਨਾਂ ‘ਤੇ ਜ਼ਬਰਦਸਤੀ ਕਬਜ਼ੇ ਕਰਨ ਦੀ ਮੁਹਿੰਮ ਸ਼ੁਰੂ ਕਰ ਦਿਤੀ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਲਈ ਧਰਮ ਸੰਕਟ ਖੜ੍ਹਾ ਹੋ ਗਿਆ। ਸਾਂਝੀ ਸਰਕਾਰ ਨੂੰ ਭੰਗ ਕਰਕੇ ਹਥਿਆਰਬੰਦ ਨਕਸਲੀ ਅੰਦੋਲਨ ਨੂੰ ਭਾਰਤੀ ਸਟੇਟ ਨੇ ਬੜੀ ਆਸਾਨੀ ਨਾਲ ਕੁਚਲ ਕੇ ਰਖ ਦਿਤਾ। ਮਾਰਕਸੀ ਪਾਰਟੀ ਦੇ ਆਗੂ ਮਾਨੋ ਹਾਸ਼ੀਏ `ਤੇ ਖੜ੍ਹੇ ਬੇਬਸੀ ਨਾਲ ਹੱਥੋਂ ਨਿਕਲਦੀ ਸਥਿਤੀ ਨੂੰ ਵੇਖਦੇ ਹੀ ਰਹਿ ਗਏ। ਅਗਲੇ ਵਰਿ੍ਹਆਂ ਦੌਰਾਨ ਅਨੇਕਾਂ ਨਕਸਲੀ ਧੜੇ ਬਣੇ ਤੇ ਬਿਨਸਦੇ ਰਹੇ। ਇਹ ਸੀ ਉਹ ਪਿਛੋਕੜ ਜਿਸ ਵਿਚ ਕਹਿ ਸਕਦੇ ਹਾਂ ਕਿ ਮੌਜੂਦਾ ਮਾਓਵਾਦੀ ਲਹਿਰ 1982 ਵਿਚ ਸੀਪੀਆਈ (ਐਮ ਐਲ) ਚਾਰੂ ਮਜੂਮਦਾਰ ਦੀ ਵਾਰਿਸ ਜਥੇਬੰਦੀ ਸੀਓਸੀ ਅਤੇ ਯੂਨਿਟੀ ਜਥੇਬੰਦੀ ਦੀ ਏਕਤਾ ਮਗਰੋਂ ‘ਪਾਰਟੀ ਯੂਨਿਟੀ’ ਨਾਂ ਦਾ ਸੰਗਠਨ ਹੋਂਦ ਵਿਚ ਆਇਆ। 1982 ਦੇ ਕਰੀਬ ਪਾਰਟੀ ਯੂਨਿਟੀ ਅਤੇ ਆਂਧਰਾ ਪ੍ਰਦੇਸ਼ ਦੀ ਪੀਪਲਜ਼ ਵਾਰ ਪਾਰਟੀ ਵਿਚ ਏਕਤਾ ਹੋ ਗਈ ਸੀ। ਪਿਛੋਂ 1998 ਵਿਚ ਆ ਕੇ ਕਾਮਰੇਡ ਚਾਰੂ ਮਜੂਮਦਾਰ ਦੇ ਮੁਖ ਸਾਥੀ ਕਾਮਰੇਡ ਨਰੈਣ ਸਨਿਆਲ ਦੀ ਪਹਿਲਕਦਮੀ ‘ਤੇ ਸੀਪੀਆਈ ਪਾਰਟੀ ਯੂਨਿਟੀ ਵਾਲੀ ਧਿਰ ਨੇ ਆਂਧਰਾ ਪ੍ਰਦੇਸ਼ ਦੇ ਮੁਖ ਹਥਿਆਰਬੰਦ ਪੀਪਲ ਜਵਾਹਰ ਗਰੁਪ ਨਾਲ ਰਲੇਵਾਂ ਕਰ ਲਿਆ ਤੇ ਨਰੈਣ ਸਨਿਆਲ ਨੇ ਬਸਤਰ ਖੇਤਰ ਵਿਚ ਆ ਕੇ ਆਪਣਾ ਹੈੱਡਕੁਆਰਟਰ ਕਾਇਮ ਕਰ ਲਿਆ। ਪਾਰਟੀ ਏਕੇ ਲਈ ਉਨ੍ਹਾਂ ਕੋਸ਼ਿਸ਼ਾਂ ਜਾਰੀ ਰਖੀਆਂ ਅਤੇ 2004 ਵਿਚ ਉਨ੍ਹਾਂ ਨੇ ਬਿਹਾਰ ਦੇ ਮਾਓਇਸਟ ਕਮਿਊਨਿਸਟ ਸੈਂਟਰ ਨਾਂ ਦੇ ਸੰਗਠਨ ਨਾਲ ਰਲੇਵਾਂ ਕਰ ਕੇ ਕਮਿਊਨਿਸਟ ਪਾਰਟੀ ਮਾਓਵਾਦੀ ਕਾਇਮ ਕਰ ਲਈ।
ਇਸ ਤਰ੍ਹਾਂ ਸਾਂਝੀ ਜਥੇਬੰਦੀ ਦੇ ਦੋ ਉੱਘੇ ਆਗੂਆਂ ਕਾਮਰੇਡ ਗਣਪਤੀ ਅਤੇ ਬਿਜੋਏ ਦੇ ਯਤਨਾਂ ਸਦਕਾ 2004 ਵਿਚ ਮਾਓਵਾਦੀ ਕਮਿਊਨਿਸਟ ਕੇਂਦਰ ਨਾਲ ਏਕਤਾ ਕਰਕੇ ਸੀ.ਪੀ.ਆਈ. (ਮਾਓਵਾਦੀ) ਦਾ ਰੂਪ ਦੇ ਦਿੱਤਾ ਗਿਆ। ਇਸ ਪਾਰਟੀ ਨੇ ਆਂਧਰਾ ਪਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉਡੀਸਾ, ਮਹਾਰਾਸ਼ਟਰ ਆਦਿ ਦੇ ਅਰਧ-ਜੰਗਲੀ ਅਤੇ ਅਰਧ-ਪਹਾੜੀ ਇਲਾਕਿਆਂ ਜਿਨ੍ਹਾਂ ਨੂੰ ਦੰਡਕਾਰਨੀਆ ਵੀ ਕਿਹਾ ਜਾਂਦਾ ਹੈ, ਨੂੰ ਲਾਲ ਪੱਟੀ ਵਿਚ ਤਬਦੀਲ ਕਰ ਦਿੱਤਾ। ਮਨਮੋਹਨ ਸਿੰਘ ਸਰਕਾਰ ਵੇਲੇ ਹੀ ਇਸ ਲਹਿਰ ਨੂੰ ‘ਸਲਵਾ ਜੁੜਮ’ ਦੇ ਨਾਮ ਹੇਠ ਖ਼ਤਮ ਕਰਨ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਸੀ ਜਿਸਨੂੰ ਮੋਦੀ ਸਰਕਾਰ ਨੇ ਅਪਰੇਸ਼ਨ ਕਗਾਰ ਨਾਲ ਅੱਗੇ ਵਧਾਇਆ। ਇਹ ਲਹਿਰ ਖਤਮ ਹੋਣ ਕੰਢੇ ਕਹੀ ਜਾਂਦੀ ਹੈ। ਦੰਡਕਾਰਨੀਆ ਖੇਤਰ ਵਿਚ ਇਹ ਲਗਭਗ ਖਤਮ ਹੋ ਚੁਕੀ ਹੈ। ਵੱਡੇ-ਵੱਡੇ ਆਗੂ ਮਾਰੇ ਗਏ ਹਨ ਜਾਂ ਬਾਕੀਆਂ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਸਿਰਫ ਝਾਰਖੰਡ ਦਾ ਸ਼ਰੰਦਾ ਵਾਲਾ ਥੋੜ੍ਹਾ ਜਿਹਾ ਜੰਗਲੀ ਖੇਤਰ ਬਚਿਆ ਹੈ, ਜਿੱਥੇ ਕੁਝ ਬਚੇ-ਖੁਚੇ ਮਾਓਵਾਦੀ ਸਰਗਰਮ ਹਨ। ਉਨ੍ਹਾਂ ਨੂੰ ਵੀ ਸਰਕਾਰ ਵੱਲੋਂ ਸਿਰਫ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਕਿ ਜਾਂ ਤਾਂ ਉਹ ਆਤਮ-ਸਮਰਪਣ ਕਰਨ ਜਾਂ ਮਰਨ ਲਈ ਤਿਆਰ ਰਹਿਣ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਉਸ ਲਹਿਰ ਦੇ ਗਰਭ ਵਿਚ ਕੀ ਪਿਆ ਹੈ ਜਿਸਨੇ 1967 ਤੋਂ ਲੈ ਕੇ ਭਾਰਤੀ ਹਕੂਮਤ ਨੂੰ ਵਖਤ ਪਾ ਕੇ ਰੱਖਿਆ ਹੈ। ਇਨਕਲਾਬੀ ਕਮਿਊਨਿਸਟ ਧਿਰਾਂ ਨੂੰ ਤਿਲੰਗਾਨਾ ਘੋਲ ਤੋਂ ਬਾਅਦ ਤੀਸਰੀ ਵਾਰ ਏਡੀ ਵਡੀ ਪਛਾੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਓਵਾਦੀ ਲਹਿਰ ਨੂੰ ਪਛਾੜ ਅਤੇ ਪੜਚੋਲ:
ਮੇਰੇ ਆਪਣੇ ਇਕ ਮੋਟੇ ਜਿਹੇ ਅੰਦਾਜ਼ੇ ਅਨੁਸਾਰ ਪਿਛਲੇ 15 ਸਾਲਾਂ ਵਿਚ ਮਾਓਵਾਦੀ ਲਹਿਰ ਨਾਲ ਸਬੰਧਤ ਵਿਕਾਸ ਦੇ ਪੱਧਰ ਵਿਚ ਲਗਭਗ 90% ਗਿਰਾਵਟ ਹੋ ਚੁੱਕੀ ਹੈ। ਮਾਓਵਾਦੀਆਂ ਵੱਲੋਂ ਕੀਤੇ ਜਾ ਰਹੇ ਆਤਮ-ਸਮਰਪਣਾਂ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ ਅਤੇ ਇਹ ਰੁਝਾਨ ਜਾਰੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਇਕੱਲੇ 2025 ਵਿਚ 2,337 ਮਾਓਵਾਦੀਆਂ ਨੇ ਆਤਮ-ਸਮਰਪਣ ਕੀਤਾ, ਅਤੇ ਇਸ ਸਾਲ ਮਾਰਚ ਤੱਕ, ਹੋਰ 633 ਕਾਰਕੁਨਾਂ ਨੇ ਹਥਿਆਰ ਸੁੱਟ ਦਿੱਤੇ ਹਨ। ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀ ਹਰ ਤਰ੍ਹਾਂ ਦੀ ਰਾਜਨੀਤਿਕ ਅਤੇ ਏਕੀਕ੍ਰਿਤ ਪਹੁੰਚ ਜਿਸ ਵਿਚ ਜਬਰ, ਲਾਲਚ ਅਤੇ ਕਾਰਕੁਨਾਂ ਨੂੰ ਮਾਇਕ ਮਦਦ ਦੇ ਕੇ ਪੁਨਰਵਾਸ ਕਰਨ ਨੇ ਅਹਿਮ ਭੂਮਿਕਾ ਨਿਭਾਈ ਹੈ। ਸਥਾਨਕ ਆਬਾਦੀ ਵਿਚ ਮਾਓਵਾਦੀਆਂ ਦਾ ਘਟਦਾ ਵਿਚਾਰਧਾਰਕ ਅਤੇ ਨਵੇਂ ਕੇਡਰ ਨੂੰ ਪ੍ਰਭਾਵਿਤ ਕਰਨ ਵਿਚ ਆ ਰਹੀ ਅਸਫਲਤਾ ਮਾਓਵਾਦੀ ਲਹਿਰ ਵਿਚ ਨਿਘਾਰ ਲਿਆਉਣ ਵਾਲੇ ਮਹੱਤਵਪੂਰਨ ਕਾਰਕ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਮਾਓਵਾਦੀ ਲੀਡਰਸ਼ਿਪ ਭਾਰਤ ਦੀਆਂ ਬਦਲਦੀਆਂ ਸਥਿਤੀਆਂ ਨੂੰ ਸਮਝਣ ਵਿਚ ਨਾਕਾਮ ਸਾਬਤ ਹੋ ਰਹੀ ਹੈ। ਇੱਕ ਨਿਗੂਣੇ ਜਿਹੇ ਅਰਧ-ਜੰਗਲੀ ਅਤੇ ਅਰਧ-ਪਹਾੜੀ ਖੇਤਰ ਵਿਚ ਅਧਾਰ ਇਲਾਕੇ ਵਿਕਸਿਤ ਕਰਨ ਦੀ ਨੀਤੀ ਭਾਰਤ ਦੀਆਂ ਬਾਹਰਮੁਖੀ ਹਾਲਤਾਂ ਦੇ ਅਨੁਕੂਲ ਨਹੀਂ ਹੈ। ਭਾਰਤ 1947 ਤੋਂ ਬਸਤੀਵਾਦੀ ਮੁਲਕ ਤੋਂ ਤਬਦੀਲ ਹੋ ਕੇ ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਮੁਲਕ ਵਿਚ ਤਬਦੀਲ ਹੋ ਚੁਕਿਆ ਸੀ। ਵਿਸ਼ੇਸ਼ ਕਰਕੇ 1951 ਅਤੇ 1971 ਦੇ ਭੂਮੀ ਸੁਧਾਰ ਜ਼ਰਈ ਕਾਨੂੰਨਾਂ ਸਦਕਾ ਪੈਦਾਵਾਰ ਦੇ ਜਾਗੀਰਦਾਰੀ ਰਿਸ਼ਤਿਆਂ ਨੂੰ ਭਾਰੀ ਖੋਰਾ ਲੱਗ ਚੁੱਕਿਆ ਸੀ। ਕਹਿਣ ਦਾ ਭਾਵ ਹੁਣ ਭਾਰਤ ਕਿਸੇ ਵੀ ਤਰ੍ਹਾਂ ਅਰਧ-ਜਗੀਰੂ ਅਤੇ ਅਰਧ-ਬਸਤੀਵਾਦੀ ਦੇਸ਼ ਨਹੀਂ ਰਹਿ ਗਿਆ ਸੀ। ਇਹ ਕਮਜ਼ੋਰ ਅਤੇ ਸਾਮਰਾਜ `ਤੇ ਨਿਰਭਰ ਸਰਮਾਏਦਾਰੀ ਵਾਲਾ ਦੇਸ਼ ਹੋਣ ਦੇ ਬਾਵਜੂਦ ਵੀ ਇੱਕ ਅਜ਼ਾਦ ਅਤੇ ਸਿਆਸੀ ਤੌਰ `ਤੇ ਨਿਰਭਰ ਦੇਸ਼ ਬਣ ਗਿਆ ਸੀ। ਮਾਓਵਾਦੀ ਲਹਿਰ ਦੀ ਸਭ ਤੋਂ ਵੱਡੀ ਕਮਜ਼ੋਰੀ ਭਾਰਤ ਨੂੰ ਅਰਧ-ਗੁਲਾਮ ਦੇਸ ਸਮਝਣ ਅਤੇ ਜਾਗੀਰਦਾਰੀ ਨਿਜ਼ਾਮ ਨੂੰ ਖ਼ਤਮ ਕਰਕੇ ਨਵ-ਜਮਹੂਰੀ ਦੇਸ਼ ਬਣਾਉਣ ਵਿਚ ਪਈ ਹੋਈ ਹੈ। ਇਸੇ ਵਿਚੋਂ ਇੱਕ ਨਿਸ਼ਚਤ ਖ਼ਿੱਤੇ ਵਿਚ ਅਧਾਰ ਇਲਾਕੇ ਵਿਕਸਤ ਕਰਦੇ ਹੋਏ ਇਲਾਕਾਵਾਰ ਸੱਤਾ ਉਪਰ ਕਬਜ਼ਾ ਕਰਦਿਆਂ ਕੇਂਦਰੀ ਹਕੂਮਤ ਉਪਰ ਕਬਜ਼ਾ ਕਰਨ ਦੀ ਸਮਝ ਨਿਕਲਦੀ ਹੈ। ਜਿਹੜੇ ਲੋਕ ਇਹ ਸਮਝਦੇ ਹਨ ਕਿ ਇਹ ਸਿਰਫ਼ ਵਕਤੀ ਪਛਾੜ ਹੈ ਤਾਂ ਉਨ੍ਹਾਂ ਨੂੰ ਆਪਣੇ ਦੇਸ਼ ਦੇ ਨਾਲ-ਨਾਲ ਹੀ ਪੇਰੂ, ਫਿਲਪਾਈਨ ਅਤੇ ਨੇਪਾਲ ਦੀ ਮਾਓਵਾਦੀ ਲਹਿਰ ਦਾ ਵੀ ਲੇਖਾ- ਜੋਖਾ ਕਰਨ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਕਿ ਨੁਕਸਾਨ-ਦਰ-ਨੁਕਸਾਨ ਹੁੰਦਾ ਰਹੇ, ਭਾਰਤ ਦੇ ਆਰਥਿਕ ਵਿਕਾਸ ਅਤੇ ਪੈਦਾਵਾਰੀ ਸੰਬੰਧਾਂ ਵਿਚ ਆਈਆਂ ਬੁਨਿਆਦੀ ਤਬਦੀਲੀਆਂ ਨੂੰ ਠੰਡੇ ਮਤੇ ਨਾਲ ਸਮਝਣ ਦੀ ਲੋੜ ਹੈ। ਬੀਤੇ ਸਮੇਂ ਦੇ ਸੱਤਰ ਸਾਲਾਂ ਦੇ ਅਮਲ ਦਾ ਮੁਲਾਂਕਣ ਕਰਨ ਅਤੇ ਬਦਲ ਚੁੱਕੇ ਪਦਾਰਥਕ ਹਾਲਾਤ ਮੁਤਾਬਕ ਨਵੀਂ ਰਣਨੀਤੀ ਅਤੇ ਦਾਅ-ਪੇਚ ਅਪਣਾਉਣ ਦੀ ਲੋੜ ਹੈ।
ਟਿੱਪਣੀਆਂ:
ਡਾ ਗੁਰਤੇਜ ਸਿੰਘ ਖੀਵਾ:
ਕਰਮ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਭਾਰਤ ਹੁਣ ਬਿਲਕੁਲ ਵੀ ਅਰਧ-ਜੰਗੀਰੂ, ਅਰਧ-ਬਸਤੀਵਾਦੀ ਦੇਸ਼ ਨਹੀਂ ਹੈ ਇਸ ਵਿਚ ਪੂਰੀ ਤਰ੍ਹਾਂ ਪੂੰਜੀਵਾਦ ਭਾਰੂ ਹੋ ਚੁੱਕਿਆ ਹੈ, ਇਸੇ ਕਰਕੇ ਮਾਓਵਾਦੀਆਂ ਦੀ ਲਾਈਨ ਨੂੰ ਜੋ ਪਛਾੜ ਲੱਗੀ ਹੈ ਇਹ ਆਖਰ ਨੂੰ ਲੱਗਣੀ ਹੀ ਸੀ ਕਿਉਂਕਿ ਮਾਓਵਾਦੀ ਪਾਰਟੀ ਸਟੇਟ ਦੀ ਤਾਕਤ ਨੂੰ ਘੱਟ ਕਰਕੇ ਅੰਗ ਰਹੀ ਹੈ, ਜਿਸ ਕਰਕੇ ਇਨ੍ਹਾਂ ਦੀ ਲੀਡਰਸ਼ਿਪ ਅਤੇ ਕਾਡਰ ਇਸ ਵਿਚਾਰਧਾਰਕ ਕਮਜ਼ੋਰੀ ਦਾ ਸ਼ਿਕਾਰ ਰਿਹਾ ਹੈ। ਇਨ੍ਹਾਂ ਨੂੰ ਹਾਲੇ ਵੀ ਸਮਾਂ ਰਹਿੰਦੇ ਆਪਣੀ ਯੁੱਧ ਨੀਤੀ ਵਿਚ ਤਬਦੀਲੀ ਕਰਨੀ ਚਾਹੀਦੀ ਹੈ ਅਤੇ ਇੱਕ ਵਾਰ ਹਥਿਆਰਬੰਦ ਘੋਲ ਵਾਪਸ ਲੈ ਕੇ ਆਪਣੇ ਸੰਘਰਸ਼ ਨੂੰ ਨਵੇਂ ਸਿਰੇ ਤੋਂ ਪੜਚੋਲ ਰਾਹੀਂ ਸ਼ੁਰੂ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਅਸੀਂ ਸਮਝਦੇ ਹਾਂ ਕਿ ਭਾਰਤ ਇੱਕ ਨਵ-ਬਸਤੀਵਾਦੀ ਦੇਸ਼ ਹੈ। ਸਾਮਰਾਜ ਨੇ ਹੁਣ ਲੁੱਟ ਦਾ ਢੰਗ ਬਦਲ ਲਿਆ ਹੈ। ਉਹ ਹੁਣ ਸਿੱਧੀ ਬਸਤੀ ਨਾ ਵਸਾ ਕੇ ਪੂੰਜੀਵਾਦ ਰਾਹੀਂ ਲੁੱਟ ਕਰਦਾ ਹੈ। ਇਸ ਕਰਕੇ ਜਿਹੜੀਆਂ ਧਿਰਾਂ ਹਾਲੇ ਵੀ ਭਾਰਤ ਨੂੰ ਅਰਧ-ਜੰਗੀਰੂ, ਅਰਧ-ਬਸਤੀਵਾਦੀ ਮੁਲਕ ਸਮਝਦੀਆਂ ਹਨ, ਉਨ੍ਹਾਂ ਨੂੰ ਆਪਣੀ ਯੁੱਧ ਨੀਤੀ ਅਤੇ ਦਾਅ-ਪੇਚਾਂ ਦੀ ਮੁੜ ਪੜਚੋਲ ਕਰਨੀ ਚਾਹੀਦੀ ਹੈ। ਚੀਨ ਦੇ ਵਿਲੱਖਣ ਇਨਕਲਾਬੀ ਸੰਦਰਭ ਤੋਂ ਬਾਹਰ ਹਥਿਆਰਬੰਦ ਮਾਓਵਾਦ ਦੇ ਵਿਸ਼ਵ-ਵਿਆਪੀ ਸੂਰਜ ਦਾ ਡੁੱਬਣਾ ਆਪਣੀਆਂ ਇਤਿਹਾਸਕ ਸੀਮਤਾਈਆਂ ਨੂੰ ਦਰਸਾਉਂਦਾ ਹੈ। ਭਾਰਤ ਦੀ ਮਾਓਵਾਦੀ ਲਹਿਰ ਵਿਚ ਚੱਲ ਰਿਹਾ ਨਿਘਾਰ ਨਵ-ਜਮਹੂਰੀ ਇਨਕਲਾਬ ਦੇ ਦੀਵਾਲੀਏਪਣ ਦਾ ਸਭ ਤੋਂ ਨਵੀਨ ਪ੍ਰਗਟਾਵਾ ਹੈ। ਨੇਪਾਲ ਦੀ ਮਾਓਵਾਦੀ ਪਾਰਟੀ ਨੇ ਬਦਲੀਆਂ ਹੋਈਆਂ ਨਵੀਆਂ ਹਕੀਕਤਾਂ ਦੇ ਸਨਮੁਖ ਆਪਣੀਆਂ ਨੀਤੀਆਂ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਸੀ ਪਰ ਮੌਕਾਪ੍ਰਸਤ ਬੁਰਜੂਆ ਰਾਜਨੀਤੀ ਦੀ ਭੇਟ ਚੜ੍ਹ ਕੇ ਇਹ ਵੀ ਜਨਤਾ ਤੋਂ ਬੇਮੁਖ ਹੋ ਗਈ। ਇਹ ਵੀ ਹਕੀਕਤ ਹੈ ਕਿ ਨੇਪਾਲੀ ਪਾਰਟੀ ਆਪਣੇ ਤਜਰਬੇ ਵਿਚ ਸਫ਼ਲ ਨਹੀਂ ਹੋਈ ਕਿਉਂਕਿ ਬਾਹਰਮੁਖੀ ਹਾਲਤਾਂ ਉਸਦੇ ਨਵ-ਜਮਹੂਰੀ ਇਨਕਲਾਬ ਦੇ ਹਾਣ ਦੀਆਂ ਨਹੀਂ ਸਨ। ਭਾਰਤ, ਪੇਰੂ ਅਤੇ ਫਿਲੀਪੀਨਜ਼ ਦੇ ਤਜਰਬੇ ਦਰਸਾਉਂਦੇ ਹਨ ਕਿ ਲੋਕ ਪੱਖੀ ਬਲਵਾਨ ਬਗਾਵਤਾਂ ਵੀ ਅਜਿਹੀ ਰਾਜ ਸੱਤਾ ਦਾ ਸਾਹਮਣਾ ਨਹੀਂ ਕਰ ਸਕਦੀਆਂ, ਜਿਹੜੀ ਸੱਤਾ ਨਵੀਨਤਮ ਹਥਿਆਰਾਂ, ਸਾਈਬਰ ਤਕਨਾਲੋਜੀ ਅਤੇ ਆਧੁਨਿਕ ਖੁLਫੀਆ ਪ੍ਰਣਾਲੀਆਂ ਨਾਲ ਲੈਸ ਹੁੰਦੀ ਹੈ। ਲੋਕ-ਪੱਖੀ ਬਗਾਵਤਾਂ ਆਪਣੀ ਅਧੂਰੀ ਸਮਝ ਅਤੇ ਸਮਾਜਿਕ ਵਿਕਾਸ ਦੀ ਇਤਿਹਾਸਕ ਪਦਾਰਥਵਾਦੀ ਸਮਝ ਮੁਤਾਬਕ ਹਕੂਮਤੀ ਜਬਰ ਦੇ ਹਾਣ ਦੀਆਂ ਨਹੀਂ ਹੁੰਦੀਆਂ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਇਸ ਵੇਲੇ ਸੰਸਾਰ ਪੱਧਰ `ਤੇ ਵੱਡੇ ਮਾਓਵਾਦੀ ਲਮਕਵੇਂ ਲੋਕ ਯੁੱਧਾਂ ਦੇ ਯੁੱਗ ਦਾ ਰਾਹ ਬੰਦ ਹੋ ਗਿਆ ਹੈ। ਸਮਾਜਵਾਦੀ ਇਨਕਲਾਬੀ ਲਹਿਰਾਂ ਦੀ ਸ਼ੁਰੂਆਤ ਭਾਰਤ ਅਤੇ ਦੁਨੀਆਂ ਭਰ ਵਿਚ ਮਜ਼ਦੂਰ ਸੰਘਰਸ਼ ਉੱਠਣੇ ਸ਼ੁਰੂ ਹੋ ਚੁੱਕੇ ਹਨ। ਬਰੌਨੀ, ਪਾਣੀਪਤ, ਮਾਨੇਸਰ, ਗੁਰੂਗ੍ਰਾਮ, ਭਿਵਾਨੀ, ਨੋਇਡਾ, ਗ੍ਰੇਟਰ ਨੋਇਡਾ, ਫਰੀਦਾਬਾਦ, ਸੂਰਤ ਅਤੇ ਫਿਰ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਸ਼ੁਰੂ ਹੋਇਆ ਸਵੈ-ਇੱਛਤ ਮਜ਼ਦੂਰ ਅੰਦੋਲਨ ਹੁਣ ਦੇਸ਼ ਭਰ ਦੇ ਉਦਯੋਗਿਕ ਖੇਤਰਾਂ ਵਿਚ ਫੈਲ ਰਿਹਾ ਹੈ। ਇਹ ਧਮਾਕਾ, ਦਰਅਸਲ, ਦਹਾਕਿਆਂ ਤੋਂ ਦਬਾਏ ਗਏ ਗੁੱਸੇ ਦਾ ਵਿਸਫੋਟ ਹੈ। ਦੇਸ਼ ਭਰ ਦੇ ਉਦਯੋਗਿਕ ਅਤੇ ਸੇਵਾ ਖੇਤਰਾਂ ਵਿਚ ਮਜ਼ਦੂਰਾਂ ਦੇ ਆਪ-ਮੁਹਾਰੇ ਸੰਘਰਸ਼ ਉਠ ਰਹੇ ਹਨ। ਇਹ ਸੱਚ ਹੈ ਕਿ ਇਹ ਅੰਦੋਲਨ ਦਰੁਸਤ ਅਗਵਾਈ ਦੀ ਘਾਟ ਕਾਰਨ ਬਹੁਤਾ ਅੱਗੇ ਨਹੀਂ ਜਾ ਸਕਦੇ ਅਤੇ ਜਲਦ ਅਸਫ਼ਲ ਹੋਣ ਲਈ ਸਰਾਪੇ ਜਾਣਗੇ। ਸਥਾਪਿਤ/ਰਵਾਇਤੀ ਟਰੇਡ ਯੂਨੀਅਨਾਂ ਸਿਰਫ਼ ਗੱਲਬਾਤ ਕਰਨ ਵਾਲੀਆਂ ਸੰਸਥਾਵਾਂ ਬਣ ਗਈਆਂ ਹਨ, ਅਤੇ ਕਿਰਤ ਅਦਾਲਤ ਤੋਂ ਨਿਆਂ ਪ੍ਰਾਪਤ ਕਰਨਾ ਅਸੰਭਵ ਹੈ, ਕਿਉਂਕਿ ਇਹ ਮਾਲਕਾਂ ਲਈ ਇੱਕ ਦਲਾਲ ਵਜੋਂ ਕੰਮ ਕਰਦਾ ਹੈ। ਬੀਤੇ ਵੇਲਿਆਂ ਦੌਰਾਨ ਸੰਗਠਤ ਖੇਤਰ ਦੇ ਮਜ਼ਦੂਰਾਂ ਦੇ ਸਖ਼ਤ ਸੰਘਰਸ਼ਾਂ ਦੁਆਰਾ ਪ੍ਰਾਪਤ ਕੀਤੇ ਗਏ ਅਧਿਕਾਰ ਪਹਿਲਾਂ ਹੀ ਇੱਕ-ਇੱਕ ਕਰਕੇ ਖੋਹ ਲਏ ਗਏ ਹਨ, ਅਤੇ ਹੁਣ ਚਾਰ ਕਿਰਤ ਕੋਡਾਂ ਦੀ ਤਲਵਾਰ ਉਨ੍ਹਾਂ ਦੇ ਸਿਰਾਂ ‘ਤੇ ਲਟਕ ਰਹੀ ਹੈ। ਇਹ ਇੱਕ ਵੱਡਾ ਸੱਚ ਹੈ ਕਿ ਜੇਕਰ ਇਨਕਲਾਬੀ ਲਹਿਰ ਨੇ ਲੋਕਾਂ ਦੀ ਆਪ-ਮੁਹਾਰੀ ਬਗਾਵਤ/ਆਵਾਜ਼ ਨੂੰ ਅਣਡਿੱਠ ਕੀਤਾ ਤਾਂ ਇਸਦਾ ਹਸ਼ਰ ਵੀ ਬੰਗਲਾਦੇਸ਼, ਸ੍ਰੀਲੰਕਾ ਅਤੇ ਨੇਪਾਲ ਵਰਗਾ ਹੋਵੇਗਾ। ਇਹ ਸੱਚ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਵਾਪਰੀਆਂ ਤਬਦੀਲੀਆਂ ਨਾਲ ਲੋਕਾਂ ਦੇ ਮਸਲੇ ਹੱਲ ਨਹੀਂ ਹੋਣਗੇ ਪਰ ਨੇਪਾਲ ਦੀ ਜਨਤਾ ਨੇ ਜਿਵੇਂ ਰਵਾਇਤੀ ਖੱਬੀਆਂ ਪਾਰਟੀਆਂ ਅਤੇ ਨਵ-ਜਮਹੂਰੀ ਇਨਕਲਾਬ ਨੂੰ ਬਰੂਹਾਂ `ਤੇ ਪਿਛਾਂਹ ਵੱਲ ਧੱਕਾ ਦੇਣ ਵਾਲੀ ਮਾਓਵਾਦੀ ਪਾਰਟੀ ਨੂੰ ਵੀ ਵਗਾਹ ਮਾਰਿਆ ਹੈ, ਇਸਨੇ ਲੋਕਾਂ ਦੀ ਬੇਚੈਨੀ, ਲੜਨ ਦੀ ਸਮਰੱਥਾ ਅਤੇ ਤਬਦੀਲੀ ਲਈ ਭਟਕਣਾ ਨੂੰ ਹੀ ਉਜਾਗਰ ਕੀਤਾ ਹੈ। ਅਧਾਰ ਇਲਾਕੇ ਦੀ ਉਸਾਰੀ, ਇਲਾਕਾਵਾਰ ਸੱਤਾ ਉਪਰ ਕਬਜ਼ਾ ਕਰਦਿਆਂ ਅੰਤ ਨੂੰ ਕੇਂਦਰੀ ਹਕੂਮਤ ਉਪਰ ਕਬਜ਼ਾ ਕਰਕੇ ਨਵ-ਜਮਹੂਰੀ/ਸਮਾਜਵਾਦੀ ਇਨਕਲਾਬ ਨੂੰ ਸੰਪੂਰਨ ਕਰਨ ਦੀ ਰਣਨੀਤੀ ਵੇਲਾ ਵਿਹਾ ਚੁੱਕੀ ਹੈ। ਇਹ ਹੁਣ ਭਾਰਤ ਦੀ ਲਹਿਰ ਦੇ ਹੱਥ ਵੱਸ ਹੈ, ਕਿ ਕੀ ਉਸਨੇ ਕੰਧ `ਤੇ ਲਿਖਿਆ ਪੜ੍ਹਨਾ ਹੈ ਜਾਂ ਇਕ ਸਦੀ ਤੋਂ ਸਹੇੜੀ ਜਾ ਰਹੀ ਬਦਨਾਮੀ ਨੂੰ ਹੀ ਅੱਗੇ ਵਧਾਉਣਾ ਹੈ?
ਪ੍ਰੋ. ਪ੍ਰੀਤਮ ਸਿੰਘ:
ਮੈਂ ਸੋਚ ਰਿਹਾ ਹਾਂ ਕਿ ਇਹ ਬਹੁਤ ਵਧੀਆ ਨਿਰੀਖਣ ਅਤੇ ਸਵਾਲ ਹੈ। ਅਸਥਾਈ ਤੌਰ ‘ਤੇ, ਮੇਰਾ ਮੰਨਣਾ ਹੈ ਕਿ ਪਾਰਟੀ ਦੀ ਘਾਟ ਅਤੇ ਸੋਚਣ ਦਾ ਤਰੀਕਾ ਗਲਤ ਹੈ। ਉੱਪਰੋਂ ਥੋਪੀ ਗਈ ਪਾਰਟੀ, ਜਿਵੇਂ ਕਿ ਭਾਰਤ ਦੀਆਂ ਜ਼ਿਆਦਾਤਰ ਖੱਬੀਆਂ ਪਾਰਟੀਆਂ ਹਨ, ਦੇ ਨਤੀਜੇ ਵਜੋਂ ਹੇਠਾਂ ਤੋਂ ਜਨਤਕ ਉਭਾਰ ‘ਤੇ ਨੌਕਰਸ਼ਾਹੀ ਦਾ ਕੰਟਰੋਲ ਹੁੰਦਾ ਹੈ ਅਤੇ ਅਕਸਰ ਉਸ ਜਨਤਕ ਉਭਾਰ ਨੂੰ ਦਬਾ ਦਿੱਤਾ ਜਾਂਦਾ ਹੈ। ਇਹ ਸੰਘਰਸ਼ਸ਼ੀਲ ਜਨਤਾ ਦੀ ਆਪ- ਮੁਹਾਰੀ ਸਰਗਰਮੀ ਹੈ ਜੋ ਇੱਕ ਅਜਿਹੇ ਸੰਗਠਨ ਨੂੰ ਜਨਮ ਦਿੰਦੀ ਹੈ, ਜਿਸਦਾ ਜਨਤਕ ਸੋਚ ਅਤੇ ਭਾਵਨਾਵਾਂ ਨਾਲ ਜੈਵਿਕ ਸਬੰਧ ਹੁੰਦਾ ਹੈ, ਨਾ ਕਿ ਉੱਪਰੋਂ ਥੋਪੀ ਗਈ ਪਾਰਟੀ ਨਾਲ। ਕਿਸਾਨ ਅੰਦੋਲਨ ਦੀ ਸਫਲਤਾ ਬਿਲਕੁਲ ਕਿਸੇ ਵੀ ਕੰਟਰੋਲ ਕਰਨ ਵਾਲੀ ਪਾਰਟੀ ਨੂੰ ਸੁੱਟਣ ਅਤੇ ਆਪਣੀ ਪ੍ਰਤਿਭਾ ਦੇ ਅਨੁਸਾਰ ਆਪਣਾ ਸੰਗਠਨਾਤਮਕ ਢਾਂਚਾ ਤਿਆਰ ਕਰਨ ਕਾਰਨ ਹੋਈ ਸੀ। ਕੋਈ ਉਮੀਦ ਕਰ ਸਕਦਾ ਹੈ ਕਿ ਅਜਿਹਾ ਸੰਗਠਨਾਤਮਕ ਢਾਂਚਾ ਉੱਤਰੀ ਭਾਰਤ ਵਿਚ ਸੰਘਰਸ਼ਸ਼ੀਲ ਮਜ਼ਦੂਰਾਂ ਦੇ ਸਵੈ-ਅਨੁਭਵ ਤੋਂ ਵਿਕਸਤ ਹੋਵੇਗਾ।
ਡਾ. ਗੁਰਤੇਜ ਸਿੰਘ ਖੀਵਾ:
ਇਨਕਲਾਬੀ ਕਮਿਊਨਿਸਟ ਲਹਿਰ ਦੇ ਸੌ ਸਾਲਾਂ ਦੇ ਇਤਿਹਾਸ ਵਿਚ ਦੋ ਤਰ੍ਹਾਂ ਦੇ ਤਜਰਬੇ ਹੋਏ ਹਨ ਇੱਕ ਪਾਰਲੀਮੈਂਟ ਸਿਆਸਤ ਰਾਹੀਂ ਇਨਕਲਾਬ ਲਿਆਉਣ ਦਾ ਤਜਰਬਾ ਹੋਇਆ ਹੈ ਜੋ ਉਸ ਰੂਪ ਵਿਚ ਕਾਮਯਾਬ ਨਹੀਂ ਹੋਇਆ ਅਤੇ ਇੱਕ ਹਥਿਆਰਬੰਦ ਘੋਲ ਰਾਹੀਂ ਇਨਕਲਾਬ ਲਿਆਉਣ ਦਾ, ਉਹ ਵੀ ਉਸ ਰੂਪ ਵਿਚ ਕਾਮਯਾਬ ਨਹੀਂ ਹੋਇਆ। ਜੇ ਦੇਖਿਆ ਜਾਵੇ ਤਾਂ 1960 ਵਿਚ ਕਿਊਬਾ ਦੇ ਇਨਕਲਾਬ ਤੋਂ ਬਾਅਦ ਪੂਰੀ ਦੁਨੀਆਂ ਵਿਚ ਹਥਿਆਰਬੰਦ ਘੋਲ ਦਾ ਤਜਰਬਾ ਕਾਮਯਾਬ ਨਹੀਂ ਹੋਇਆ। ਇਸੇ ਤਰ੍ਹਾਂ ਕਿਸੇ ਵੀ ਦੇਸ਼ ਵਿਚ ਪਾਰਲੀਮੈਂਟਰੀ ਸਿਆਸਤ ਰਾਹੀਂ ਇਨਕਲਾਬ ਲਿਆਉਣ ਦਾ ਤਜਰਬਾ ਨਾ ਸਾਡੇ ਦੇਸ਼ ਵਿਚ ਅਤੇ ਨਾ ਹੀ ਕਿਸੇ ਹੋਰ ਦੇਸ਼ ਵਿਚ ਕਾਮਯਾਬ ਹੋਇਆ ਹੈ। ਹੁਣ ਕਮਿਊਨਿਸਟ ਇਨਕਲਾਬੀ ਧਿਰਾਂ ਨੂੰ ਤੀਜਾ ਤਜਰਬਾ ਕਰਨ ਦੀ ਲੋੜ ਹੈ, ਆਮ ਬਗਾਵਤ ਜ਼ਰੀਏ ਇਨਕਲਾਬ ਲਿਆਉਣ ਦਾ, ਕਿਉਂਕਿ ਅੱਜ ਦੀ ਹਾਲਤ ਵਿਚ ਲੱਗਦਾ ਹੈ ਕਿ ਭਾਰਤ ਵਿਚ ਦੋਵੇਂ ਤਰ੍ਹਾਂ ਦੇ ਤਜਰਬੇ ਫੇਲ੍ਹ ਹੋਏ ਹਨ ਅਤੇ ਤੀਜੇ ਤਰੀਕੇ ਨਾਲ ਇਨਕਲਾਬ ਲਿਆਉਣ ਦੀ ਕੋਸ਼ਿਸ਼ ਕਮਿਊਨਿਸਟ ਇਨਕਲਾਬੀ ਧਿਰਾਂ ਨੂੰ ਕਰਨੀ ਚਾਹੀਦੀ ਹੈ। ਸਾਡੀ ਪਾਰਟੀ ਸੀਪੀਆਈ ਐਮਐਲ ਰੈਡ ਸਟਾਰ ਨੂੰ ਲੱਗਦਾ ਹੈ ਕਿ ਭਾਰਤ ਵਿਚ ਤੀਜਾ ਤਜਰਬਾ ਹੀ ਕਾਮਯਾਬ ਹੋ ਸਕਦਾ ਹੈ, ਪਰ ਕਿਉਂਕਿ ਨਾ ਤਾਂ ਹਥਿਆਰਬੰਦ ਘੋਲ ਲੜਨ ਵਾਲੀਆਂ ਧਿਰਾਂ ਆਪਣੀ ਗੱਲ ਤੋਂ ਪਿੱਛੇ ਹਟਣ ਨੂੰ ਤਿਆਰ ਹਨ ਅਤੇ ਨਾ ਹੀ ਚੋਣਾਂ ਲੜਨ ਵਾਲੀਆਂ ਖੱਬੇ-ਪੱਖੀ ਧਿਰਾਂ ਆਪਣਾ ਮੁਲਾਂਕਣ ਕਰਨ ਨੂੰ ਤਿਆਰ ਹਨ, ਇਸ ਕਰਕੇ ਕਿਸੇ ਤੀਜੇ ਤਜਰਬੇ ਦੀ ਸੰਭਾਵਨਾ ਫਿਲਹਾਲ ਬਿਲਕੁਲ ਨਹੀਂ ਲੱਗਦੀ। ਉਂਜ ਭਾਰਤ ਦੀਆਂ ਖੱਬੇ-ਪੱਖੀ ਇਨਕਲਾਬੀ ਧਿਰਾਂ ਨੂੰ ਤੀਜੇ ਤਜਰਬੇ ਨੂੰ ਅਜ਼ਮਾ ਕੇ ਦੇਖਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ।
ਪਰਮਜੀਤ ਰੋਡੇ:
ਕਰਮ ਬਰਸਟ ਜੀ, ਤੁਹਾਡੀ ਟਿੱਪਣੀ ਤੋਂ ਲੱਗਦਾ ਹੈ ਕਿ ਤੁਹਾਨੂੰ ਮਾਓਵਾਦ ਬਾਰੇ ਜਾਣਕਾਰੀ ਨਹੀਂ! ਤੁਹਾਡੀ ਨਜ਼ਰ ‘ਚ ਨਵ-ਜਮਹੂਰੀ ਇਨਕਲਾਬ ਅਤੇ ਲਮਕਾਵੇਂ ਲੋਕ-ਯੁੱਧ ਦੀ ਗੱਲ ਕਰਨਾ ਹੀ ਮਾਓਵਾਦ ਹੈ, ਜੋ ਕਿ ਗਲਤ ਹੈ! ਮਾਓਵਾਦ; ਮਾਰਕਸਵਾਦ-ਲੈਨਿਨਵਾਦ ਦਾ ਵਿਕਸਤ ਰੂਪ ਹੈ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ, ਕਿਸੇ ਵੀ ਦੇਸ਼ ਦੀਆਂ ਵਿਸ਼ੇਸ਼ ਤੇ ਠੋਸ ਹਾਲਤਾਂ ਦਾ ਠੋਸ ਵਿਸ਼ਲੇਸ਼ਣ ਕਰਕੇ, ਸਿਆਸੀ ਤੇ ਯੁਧਨੀਤਕ ਪ੍ਰੋਗਰਾਮ ਘੜਨ ‘ਤੇ ਸਭ ਤੋਂ ਵੱਧ ਜ਼ੋਰ ਮਾਓਵਾਦ ਹੀ ਦਿੰਦਾ ਹੈ। ਮਾਓਵਾਦ ਤੋਂ ਬਿਨਾਂ ਮਾਰਕਸਵਾਦ ਅਧੂਰਾ ਹੈ। ਮਾਓਵਾਦ ਦੇ ਵਿਸ਼ਵ-ਵਿਆਪੀ ਸੂਰਜ ਦੇ ਡੁੱਬਣ ਦੀ ਗੱਲ ਕਰਨਾ, ਅਸਲ ‘ਚ ਮਾਰਕਸਵਾਦ ਦੇ ਸੂਰਜ ਦੇ ਡੁੱਬਣ ਦੀ ਗੱਲ ਕਰਨਾ ਹੈ। ਜੇ ਕੋਈ ਪਾਰਟੀ ਆਪਣੇ ਨਾਮ ਨਾਲ ਮਾਓਵਾਦੀ ਜੋੜ ਲੈਂਦੀ ਹੈ ਤਾਂ ਉਹ ਮਾਓਵਾਦੀ ਨਹੀਂ ਹੋ ਜਾਂਦੀ! ਸੀਪੀਆਈ (ਮਾਰਕਸਵਾਦੀ) ਸੋਧਵਾਦ ਦੀ ਦਲਦਲ ‘ਚ ਗਲ ਤੱਕ ਧਸੀ ਹੋਈ ਹੈ,ਪਰ ਉਹ ਇਸ ਕਰਕੇ ਮਾਰਕਸਵਾਦੀ ਨਹੀਂ ਬਣ ਜਾਂਦੀ ਕਿ ਉਹ ਆਪਣੇ ਨਾਮ ਨਾਲ ਮਾਰਕਸਵਾਦੀ ਜੋੜਦੀ ਹੈ! ਉਸੇ ਤਰ੍ਹਾਂ ਜਿਵੇਂ ਕੋਈ ਆਰਥਿਕਵਾਦ ਦੀ ਜਿੱਲ੍ਹਣ ‘ਚ ਫਸੀ ਪਾਰਟੀ ਆਪਣੇ ਨਾਮ ਨਾਲ ਇਨਕਲਾਬੀ ਸ਼ਬਦ ਜੋੜਨ ਨਾਲ ਇਨਕਲਾਬੀ ਨਹੀਂ ਹੋ ਜਾਂਦੀ। ਵਿਕਸਿਤ ਸਰਮਾਏਦਾਰ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਵੀ ਆਪਣੇ ਸਿਆਸੀ ਪ੍ਰੋਗਰਾਮ, ਮਾਓਵਾਦ ਨੂੰ ਲਾਂਭੇ ਰੱਖ ਕੇ ਨਹੀਂ ਘੜ ਸਕਦੀਆਂ। ਇੱਥੋਂ ਤੱਕ ਕਿ ਸਾਮਰਾਜੀ ਮਹਾਂ-ਸ਼ਕਤੀ ਅਮਰੀਕਾ ਦੀ ਕਮਿਊਨਿਸਟ ਪਾਰਟੀ ਆਰ.ਸੀ.ਪੀ ਨੇ ਵੀ ਆਪਣਾ ਇਨਕਲਾਬੀ ਪ੍ਰੋਗਰਾਮ, ਮਾਰਕਸਵਾਦ-ਲੈਨਿਨਵਾਦ ਮਾਓਵਾਦ ਦੀ ਰੋਸ਼ਨੀ ‘ਚ ਹੀ ਘੜਿਆ ਹੈ। ਮਾਓਵਾਦ ਲਈ ਦੁਨੀਆ ‘ਚ ਪਹਿਲਾਂ ਮਾਓ-ਵਿਚਾਰਧਾਰਾ ਸ਼ਬਦ ਵਰਤਿਆ ਜਾਂਦਾ ਰਿਹਾ ਹੈ। ਇਹ ਆਰ.ਸੀ.ਪੀ. ਈ ਹੈ ਜੋ ਧੜੱਲੇ ਨਾਲ ਟਰਮ ਮਾਓਵਾਦ ਲੈ ਕੇ ਆਈ ਅਤੇ ਇਸ ਨੂੰ ਮਾਰਕਸਵਾਦ ਦੇ ਉੱਚਤਮ ਰੂਪ ਵਜੋਂ ਪਰਵਾਨਿਆ। ਇਹ ਠੀਕ ਹੈ ਕਿ ਸੀਪੀਆਈ ਮਾਓਵਾਦੀ ਵੱਲੋਂ 21 ਸਾਲ ਚੱਲਿਆ ਘੋਲ ਕੁਚਲਿਆ ਗਿਆ ਹੈ ਪਰ ਇਸ ਦਾ ਆਪਣੇ-ਆਪ ਹੀ ਇਹ ਅਰਥ ਨਹੀਂ ਬਣ ਜਾਂਦਾ ਕਿ ਉਨ੍ਹਾਂ ਵੱਲੋਂ ਹਥਿਆਰਬੰਦ ਘੋਲ ਸ਼ੁਰੂ ਕਰਨਾ ਹੀ ਗਲਤ ਸੀ! ਘੋਲ ਕੁਚਲੇ ਜਾਣ ਦੇ ਅਨੇਕਾਂ ਕਾਰਨ ਹੋ ਸਕਦੇ ਹਨ ਜਿਨ੍ਹਾਂ ‘ਚੋਂ ਇਕ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਲਮਕਵੇਂ ਲੋਕ-ਯੁੱਧ ਦਾ ਸਿਧਾਂਤ ਭਾਰਤ ਦੀਆਂ ਠੋਸ ਹਾਲਤਾਂ ਮੁਤਾਬਕ ਲਾਗੂ ਨਾ ਕਰਨਾ ਆਇਆ ਹੋਵੇ! ਤੁਹਾਡੇ ਲਈ ਇਕ ਸਵਾਲ ਹੈ? ਭਾਰਤ ਦਾ ਵਿਕਾਸ ਬਹੁਤ ਅਣਸਾਵਾਂ ਹੈ! ਜੇ ਕਿਸੇ ਇੱਕ ਵੱਡੇ ਖ਼ਿੱਤੇ ‘ਚ ਇਨਕਲਾਬੀ ਹਾਲਾਤ ਪਰਪੱਕ ਜਾਂਦੇ ਹਨ ਤਾਂ ਕੀ ਤੁਸੀਂ ਇਸ ਲਈ ਹਥਿਆਰਬੰਦ ਘੋਲ ਸ਼ੁਰੂ ਕਰਨ ਤੋਂ ਕਿਨਾਰਾ ਕਰ ਜਾਓਗੇ ਕਿ ਅਜੇ ਸਾਰੇ ਦੇਸ਼ ‘ਚ ਹਥਿਆਰਬੰਦ ਬਗਾਵਤ ਲਈ ਹਾਲਾਤ ਪਰਪੱਕ ਨਹੀਂ? ਜੇ ਇਹ ਮੰਨ ਕੇ ਚੱਲੀਏ ਕਿ ਭਾਰਤ ਦੀ ਆਰਥਿਕਤਾ ‘ਚ ਸਰਮਾਏਦਾਰ ਰਿਸ਼ਤੇ ਭਾਰੂ ਹੋ ਗਏ ਹਨ, ਤਾਂ ਇਸ ਦਾ ਸੁਤੇਸਿੱਧ ਇਹ ਅਰਥ ਨਹੀਂ ਬਣ ਜਾਂਦਾ ਕਿ ਭਾਰਤ ‘ਚ ਲੋਕ ਜਮਹੂਰੀ ਇਨਕਲਾਬ ਦੀ ਲੋੜ ਖਤਮ ਹੋ ਗਈ ਹੈ? ਜੇ ਇਹ ਗੱਲ ਹੋਵੇ ਤਾਂ ਤੁਸੀਂ ਰੂਸ ਦੇ ਫ਼ਰਵਰੀ ਇਨਕਲਾਬ ਨੂੰ ਕਿਸ ਖਾਤੇ ‘ਚ ਪਾਓਗੇ? ਉਨ੍ਹਾਂ ਨੂੰ ਅਕਤੂਬਰ 1917 ਦੇ ਸਮਾਜਵਾਦੀ ਇਨਕਲਾਬ ਤੋਂ ਸਿਰਫ 8 ਮਹੀਨੇ ਪਹਿਲਾਂ ਬੁਰਜੂਆ (ਜਮਹੂਰੀ) ਇਨਕਲਾਬ ਕਰਨ ਦੀ ਕੀ ਲੋੜ ਪੈ ਗਈ?
ਕਰਮ ਬਰਸਟ:
ਮੇਰਾ ਇਹ ਕਦੇ ਵੀ ਦਾਅਵਾ ਨਹੀਂ ਰਿਹਾ ਕਿ ਮੈਨੂੰ ਮਾਓਵਾਦ ਦੀ ਸੰਪੂਰਨ ਸਮਝ ਹੈ। ਇਹ ਸਮਝ ਸਾਥੀ ਪਰਮਜੀਤ ਰੋਡੇ ਕੋਲ ਵੀ ਨਹੀਂ ਹੈ। ਨਹੀਂ ਤਾਂ ਉਹ ਅੱਲ-ਪਟੱਲ ਨਾ ਮਾਰਦੇ। ਮੈਨੂੰ ਉਹ ਸਮਾਂ ਯਾਦ ਆ ਰਿਹਾ ਹੈ ਜਦੋਂ ਕਾਮਰੇਡ ਹਰਭਜਨ ਸੋਹੀ ਨਾਲਂੋ ਵੱਖ ਹੋਏ ਦੋਸਤਾਂ ਕੋਲ ਸੋਹੀ ਦੀਆਂ ‘ਸਿਧਾਂਤਕ’ ਘੁਣਤਰਾਂ ਦਾ ਮੁਕਾਬਲਾ ਕਰਨ ਲਈ ਕੋਈ ਵੀ ਨਵੀਂ ਗੱਲ ਨਹੀਂ ਸੀ। ਉਹ ਬਾਬ ਅਵੇਕੀਅਨ ਦੇ ਨਵੇਂ-ਨਵੇਂ ਸ਼ਰਧਾਲੂ ਬਣੇ ਸਨ ਅਤੇ ਉਸ ਦੀਆਂ ਲਿਖਤਾਂ ਦਾ ਓਟ-ਆਸਰਾ ਲੈ ਕੇ ਜਥੇਬੰਦੀ ਵਿਚ ਫੁੱਟ ਪਾਉਣ ਵਿਚ ਕਾਮਯਾਬ ਹੋ ਗਏ ਸਨ। ਮੇਰਾ ਅੰਦਾਜ਼ਾ ਹੈ (ਇਹ ਗਲਤ ਵੀ ਹੋ ਸਕਦਾ ਹੈ) ਕਿ ਸਾਥੀ ਰੋਡੇ ਦਾ ਲਹਿਜ਼ਾ ਅਤੇ ਮੁਹਾਵਰਾ ਅਜਮੇਰ-ਸ਼ੇਰੀ-ਮੇਘਰਾਜ ਤਿੱਕੜੀ ਨਾਲ ਕਾਫੀ ਮਿਲਦਾ-ਜੁਲਦਾ ਹੈ। ਮਾਓਵਾਦ ਦਾ ਲਕਬ ਵੀ ਬਾਬ ਅਵੇਕੀਅਨ ਦੀ ਦੇਣ ਹੈ ਜਦੋਂਕਿ ਕਮਿਊਨਿਸਟ ਲਹਿਰ ਨੂੰ ਇਸ ਨਵੇਂ ਲਕਬ ਦੀ ਲੋੜ ਨਹੀਂ ਸੀ। ਕੋਈ ਸ਼ੱਕ ਨਹੀਂ ਕਿ ਮਾਓ-ਜੇ-ਤੁੰਗ ਨੇ ਬਸਤੀ-ਅਰਧ ਬਸਤੀਵਾਦੀ ਅਤੇ ਜਗੀਰੂ/ਅਰਧ ਜਗੀਰੂ ਸਮਾਜਾਂ ਲਈ ਨਵ-ਜਮਹੂਰੀ/ਸਮਾਜਵਾਦੀ ਇਨਕਲਾਬ ਕਰਨ ਲਈ ਜੋ ਨੀਤੀ ਅਪਣਾਈ, ਉਹ ਆਪਣੇ ਆਪ ਵਿਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਸੀ। ਉਨ੍ਹਾਂ ਨੇ ਨਵ-ਜਮਹੂਰੀਅਤ, ਵਿਰੋਧ ਵਿਕਾਸ, ਇਨਕਲਾਬੀ ਅਮਲ ਦੇ ਸੰਕਲਪਾਂ ਨੂੰ ਹੋਰ ਅਮੀਰ ਬਣਾਇਆ। ਪਰ ਮੈਂ ਕਿਤੇ ਵੀ ਮਾਓਵਾਦ ਨੂੰ ਨਕਾਰਿਆ ਨਹੀਂ। ਮੈਂ ਸਿਰਫ ਉਸ ਰਣਨੀਤੀ ਅਤੇ ਦਾਅ-ਪੇਚਾਂ ਦੇ ਅਸਫਲ ਹੋਣ ਦੀ ਗੱਲ ਕੀਤੀ ਸੀ, ਜੋ ਇਸ ਵੇਲੇ ਭਾਰਤ ਸਮੇਤ ਹੋਰ ਪੱਛੜੇ ਮੁਲਕਾਂ ਵਿਚ ਉੱਥੋਂ ਦੀਆਂ ਮਾਓਵਾਦੀ ਪਾਰਟੀਆਂ ਅਪਣਾ ਰਹੀਆਂ ਹਨ। ਮੇਰਾ ਮੰਨਣਾ ਹੈ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਖਾਸ ਕਰਕੇ ਭਾਰਤ ਵਰਗੇ ਦੇਸ਼ਾਂ ਵਿਚ ਸਿਆਸੀ ਆਜ਼ਾਦੀ ਆਉਣ ਨਾਲ ਇਹ ਦੇਸ਼ ਅਰਧ-ਬਸਤੀਆਂ ਅਤੇ ਅਰਧ-ਜਗੀਰੂ ਨਹੀਂ ਰਹੇ। ਇਨ੍ਹਾਂ ਦੇਸ਼ਾਂ ਵਿਚ ਕਿਸੇ ਵਿਸ਼ੇਸ਼ ਖੇਤਰ ਵਿਚ ਅਧਾਰ ਇਲਾਕੇ ਉਸਾਰਦੇ ਹੋਏ, ਇਲਾਕਾਵਾਰ ਸੱਤਾ ਉਪਰ ਕਬਜ਼ਾ ਕਰਕੇ ਕੇਂਦਰੀ ਹਕੂਮਤ ਉੱਪਰ ਕਬਜ਼ਾ ਨਹੀਂ ਕੀਤਾ ਜਾ ਸਕਦਾ। ਮੈਨੂੰ ਇਹ ਵੀ ਲੱਗਦਾ ਹੈ ਕਿ ਮਾਰਕਸਵਾਦ ਨੂੰ ਅਮੀਰ ਕਰਨ ਵਿਚ ਫਰੈਡਰਿਕ ਐਂਗਲਜ਼ ਦਾ ਯੋਗਦਾਨ ਕਿਸੇ ਵੀ ਤਰ੍ਹਾਂ ਕਾਰਲ ਮਾਰਕਸ ਤੋਂ ਘੱਟ ਨਹੀਂ ਸੀ ਪਰ ਕਦੇ ਆਪਾਂ ਇਹ ਸੁਣਿਆ ਹੈ ਕਿ ‘ਐਂਗਲਵਾਦ’ ਨਾਮ ਦੀ ਵੀ ਕੋਈ ਚੀਜ਼ ਹੈ? ਸੋਵੀਅਤ ਰੂਸ ਅੰਦਰ ਸਮਾਜਵਾਦ ਦੀ ਉਸਾਰੀ ਕਰਨ ਲਈ ਜੋਜ਼ਫ ਸਟਾਲਿਨ ਨੇ ਸਿਰ-ਧੜ ਦੀ ਬਾਜ਼ੀ ਲਗਾ ਦਿੱਤੀ ਸੀ। ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ‘ਸਟਾਲਿਨਵਾਦ’ ਵੀ ਕੋਈ ਵੱਖਰੀ ਗੱਲ ਹੈ। ਫੇਰ ਮਾਓਵਾਦ ਦਾ ਕੀ ਮਤਲਬ ਹੈ? ਕੀ ਕਦੇ ਖੁਦ ਮਾਓ ਨੇ ਦਾਅਵਾ ਕੀਤਾ ਸੀ ਕਿ ਉਸਨੇ ਮਾਰਕਸਵਾਦ-ਲੈਨਿਨਵਾਦ ਵਿਚ ਕੋਈ ਸਿਫਤੀ ਤਬਦੀਲੀ ਲਿਆਂਦੀ ਸੀ? ‘ਮਾਓ ਵਿਚਾਰਧਾਰਾ’ ਦਾ ਲਕਬ ਵੀ ਲਿਨ ਪਿਆਓ ਲੈ ਕੇ ਆਇਆ ਸੀ। ਜੋ ਬਾਅਦ ਵਿਚ ਮਹਾਂ-ਗਦਾਰ ਸਾਬਤ ਹੋਇਆ। ਜੇਕਰ ਅਸੀਂ ਗੰਭੀਰਤਾ ਨਾਲ ਸੋਚੀਏ ਤਾਂ ਬਾਬ ਅਵੇਕੀਅਨ ਵੱਲੋਂ ਮਾਓਵਾਦ ਦੇ ਲਕਬ ਦੀ ਘਾੜਤ ਤੀਜੀ ਦੁਨੀਆਂ ਦੀਆਂ ਕਮਿਊਨਿਸਟ ਪਾਰਟੀਆਂ ਵਿਚ ਕੰਮ ਕਰਦੇ ਬਹੁਤੇ ਸਾਥੀਆਂ ਨੂੰ ਆਪਣੀ ਸ਼ਖ਼ਸੀਅਤ (cult) ਦੇ ਅੰਨ੍ਹੇ ਪੈਰੋਕਾਰ ਬਣਾਉਣ ਲਈ ਕੀਤੀ ਗਈ ਸੀ ਅਤੇ ਹੋਇਆ ਵੀ ਇਸੇ ਤਰ੍ਹਾਂ। ਬਾਬ ਇਕ ਵਧੀਆ ਕਥਾਵਾਚਕ ਹੈ। ਉਸ ਦੀਆਂ ਪ੍ਰਾਪਤੀਆਂ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। A World to Win ਮੈਗਜ਼ੀਨ ਛਾਪਣਾ, ਚੌਥੀ ਕੌਮਾਂਤਰੀ ਬਣਾਉਣ ਦੀ ਧੁੱਸ ਵਿਚ ਇਨਕਲਾਬੀ ਕੌਮਾਂਤਰੀ ਲਹਿਰ (ਰਿਮ) ਦੀ ਉਸਾਰੀ ਕਰਨਾ ਮਹੱਤਵਪੂਰਨ ਗੱਲ ਸੀ। ਪਰ ਇਸਦਾ ਹਸ਼ਰ ਕੀ ਹੋਇਆ? ਪੇਰੂ ਦੀ ਪਾਰਟੀ ਦੇ ਆਗੂ ਗੰਜਾਲੋ ਨੇ ਨਵਾਂ ਸ਼ੋਸ਼ਾ ‘ਗੰਜਾਲੋ ਥਾਟ’ ਕੱਢ ਮਾਰਿਆ। ਨੇਪਾਲ ਦੇ ਆਗੂ ਨੇ ‘ਪ੍ਰਚੰਡ ਪਾਥ’ ਦਾ ਨਵਾਂ ਹੀ ਟੱਟੂ ਭਜਾ ਲਿਆ। ਸ਼ੁਕਰ ਹੈ ਕਿ ਭਾਰਤ ਵਾਲਿਆਂ ਨੇ ‘ਗਣਪਤੀ ਲੀਹ’ ਦੀ ਸ਼ੁਰੂਆਤ ਨਹੀਂ ਕਰ ਦਿੱਤੀ। ਭਾਰਤ ਵਾਲਿਆਂ ਨੇ ਇੱਕ ਗੱਲ ਤਾਂ ਵਧੀਆ ਕੀਤੀ ਕਿ ਉਹ ਬਾਬ ਦੇ ਚੇਲੇ ਨਹੀਂ ਬਣੇ ਅਤੇ ਨਾ ਹੀ ‘ਰਿਮ’ ਵਿਚ ਸ਼ਾਮਲ ਹੋਏ। ਮੁਕਦੀ ਗੱਲ ਬਾਬ ਅਵੇਕੀਅਨ ਦੇ ਚੇਲਿਆਂ ਵੱਲੋਂ ਬਣਾਈ ‘ਰਿਮ’ ਦਾ ਅੱਜ-ਕਲ੍ਹ ਨਾਮ ਨਿਸ਼ਾਨ ਵੀ ਨਹੀਂ ਲੱਭਦਾ। ਨਵ-ਜਮਹੂਰੀ ਇਨਕਲਾਬ ਦੀ ਰਣਨੀਤੀ ਹਰ ਥਾਂ ਬੁਰੀ ਤਰ੍ਹਾਂ ਅਸਫਲ ਹੋਈ ਹੈ। ਖੁਦ ਬਾਬ ਦੀ ਪਾਰਟੀ ਆਰ.ਸੀ.ਪੀ. ਅਮਰੀਕਾ ਅੰਦਰ ਕੋਈ ਮਾਮੂਲੀ ਲਹਿਰ ਵੀ ਖੜ੍ਹੀ ਨਹੀਂ ਕਰ ਸਕੀ। ਉਨ੍ਹਾਂ ਨੇ ਤਾਂ ਸਾਥੀ ਰੋਡੇ ਦੇ ਕਹਿਣ ਮੁਤਾਬਕ ਮਾਓਵਾਦ ਦੀ ਰੋਸ਼ਨੀ ਵਿਚ ਹੀ ਪ੍ਰੋਗਰਾਮ ਤਿਆਰ ਕੀਤਾ ਸੀ, ਫੇਰ ਇਹ ਪ੍ਰੋਗਰਾਮ ਸਫਲ ਕਿਉਂ ਨਹੀਂ ਹੋ ਸਕਿਆ? ਉਨ੍ਹਾਂ ਕੋਲ ਤਾਂ ਮਾਓ ਦੇ ‘ਕੱਦ’ ਦਾ ਵੱਡਾ ਆਗੂ ਵੀ ਸੀ!!! ਬਾਕੀ ਤਾਂ ਸਾਥੀ ਰੋਡੇ ਦਾ ਸਾਰਾ ਪ੍ਰਵਚਨ ਨਵ-ਜਮਹੂਰੀ ਇਨਕਲਾਬ ਦੀ ਯੁੱਧਨੀਤੀ ਉਪਰ ਹੀ ਖੜ੍ਹਾ ਹੈ। ਇਸ ਉਪਰ ਵਾਰ- ਵਾਰ ਟਿੱਪਣੀ ਕਰਨ ਦੀ ਲੋੜ ਨਹੀਂ ਹੈ। ਪਰ ਉਸਦੇ ਇੱਕ ਸਵਾਲ ਨਾਲ ਮੈਂ ਸਹਿਮਤ ਹਾਂ ਕਿ ਸਮਾਜਵਾਦ ਆਉਣ ਤੋਂ ਬਾਅਦ ਵੀ ਸਮਾਜ ਦੇ ਜਮਹੂਰੀਕਰਨ ਦੀ ਲੋੜ ਬਣੀ ਰਹੇਗੀ। ਸਗੋਂ ਇਸ ਨੂੰ ਤੱਦੀ ਨਾਲ ਲਾਗੂ ਕਰਨਾ ਪਵੇਗਾ। ਪਰ ਇਹ ਲੋਕ ਜਮਹੂਰੀ ਇਨਕਲਾਬ ਨਹੀਂ ਹੋਵੇਗਾ ਕਿਉਂਕਿ ਇਹ ਵਾਕੰਸ਼ ਗਲਤ ਅਰਥ ਕੱਢੇਗਾ ਅਤੇ ਦੁਬਾਰਾ ਫਿਰ ਲਮਕਵੇਂ ਲੋਕ ਯੁੱਧ ਦੀ ਰਾਜਨੀਤੀ ਵੱਲ ਲੈ ਜਾਵੇਗਾ। ਸਾਥੀ ਰੋਡੇ ਵਲੋਂ ਰੂਸ ਦੇ 1905 ਦੇ ਅਤੇ ਫਰਵਰੀ 1917 ਦੇ ਬੁਰਜੂਆ ਜਮਹੂਰੀ ਇਨਕਲਾਬ ਦੀਆਂ ਮਿਸਾਲਾਂ ਦੇਣੀਆਂ ਐਵੇਂ ਟੋਭੇ ‘ਚ ਵੱਟੇ ਮਾਰਨ ਵਾਲੀ ਗੱਲ ਹੈ। 121 ਸਾਲ ਪਹਿਲਾਂ ਸਾਮਰਾਜੀ ਅਤੇ ਜਗੀਰੂ ਬਾਦਸ਼ਾਹਤ ਹੋਣ ਦੇ ਬਾਵਜੂਦ ਵੀ ਰੂਸ ਇਕ ਪੱਛੜਿਆ ਹੋਇਆ ਮੁਲਕ ਸੀ। ਉੱਥੋਂ ਦੇ ਬੁਰਜੂਆ ਜਮਹੂਰੀ ਇਨਕਲਾਬ ਦੀ ਭਾਰਤ ਵਰਗੇ ਵਿਕਾਸਸ਼ੀਲ ਸਰਮਾਏਦਾਰਾ ਦੇਸ਼ਾਂ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ।
ਸੁਖਵਿੰਦਰ (ਪ੍ਰਤੀ ਬੱਧ)
ਪਰਮਜੀਤ ਰੋਡੇ ਸਾਥੀ ਜੀ ਲੱਗਦਾ ਹੈ ਕਿ ਤੁਸੀਂ ਕਰਮ ਹੁਰਾਂ ਦੀ ਲੇਖਣੀ ਨੂੰ ਸਹੀ ਢੰਗ ਨਾਲ਼ ਸਮਝ ਨਹੀਂ ਸਕੇ। ਓਹਨਾਂ ਹਥਿਆਰਬੰਦ ਮਾਓਵਾਦ ਦਾ ਸੂਰਜ ਡੁੱਬਣ ਦੀ ਗੱਲ ਕੀਤੀ ਹੈ ਨਾ ਕਿ ਮਾਓਵਾਦ ਦੀ। ਇਸਤੋਂ ਓਹਨਾਂ ਦਾ ਭਾਵ ਤੀਸਰੀ ਦੁਨੀਆ ਦੇ ਦੇਸ਼ਾਂ ਦੇ ਪੈਦਾਵਾਰੀ ਸਬੰਧਾਂ ‘ਚ ਆਈਆਂ ਤਬਦੀਲੀਆਂ ਨੂੰ ਨਜ਼ਰ-ਅੰਦਾਜ਼ ਕਰਕੇ, ਨਵ- ਜਮਹੂਰੀ ਇਨਕਲਾਬ ਦੇ ਰਟਣ ਮੰਤਰ, ਅਤੇ ਇਸ ਗੈਰ-ਹਕੀਕੀ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਵਿੱਢੇ ਹਥਿਆਰਬੰਦ ਘੋਲਾਂ ਦੀ ਅਸਫਲਤਾ ਤੋਂ ਹੈ। ਤੁਹਾਡਾ ਕਹਿਣਾ ਸਹੀ ਹੈ ਕਿ ਮਾਓਵਾਦ, ਮਾਰਕਸਵਾਦ-ਲੈਨਿਨਵਾਦ ਦਾ ਹੀ ਵਿਕਸਿਤ ਰੂਪ ਹੈ। ਪਰ ਤੁਸੀਂ ਖ਼ੁਦ ਹੀ ਮਾਓਵਾਦ ਨੂੰ ML ਤੋਂ ਵੱਖ ਕਰ ਦਿੰਦੇ ਹੋ ਜਦੋਂ ਤੁਸੀਂ ਦਾਅਵਾ ਕਰਦੇ ਹੋ ਕਿ ‘ਕਿਸੇ ਵੀ ਦੇਸ਼ ਦੀਆਂ ਠੋਸ ਹਾਲਤਾਂ ਦਾ ਠੋਸ ਵਿਸ਼ਲੇਸ਼ਣ ਕਰਕੇ, ਸਿਆਸੀ ਅਤੇ ਯੁੱਧਨੀਤਕ ਪ੍ਰੋਗਰਾਮ ਘੜਨ `ਤੇ ਸਭ ਤੋਂ ਵੱਧ ਜ਼ੋਰ ਮਾਓਵਾਦ ਹੀ ਦਿੰਦਾ ਹੈ।’ ਤੁਹਾਡੇ ਕਹਿਣ ਦਾ ਭਾਵ ਹੈ ਕਿ ਠੋਸ ਹਾਲਤਾਂ ਦੇ ਠੋਸ ਵਿਸ਼ਲੇਸ਼ਣ `ਤੇ ਮਾਓ ਤੋਂ ਪਹਿਲਾਂ ML ਨੇ ਘੱਟ ਜ਼ੋਰ ਦਿੱਤਾ ਹੈ। ਕੀ ਤੁਸੀਂ ਇਸਦਾ ਕੋਈ ਪ੍ਰਮਾਣ ਮੁਹੱਈਆ ਕਰਾ ਸਕਦੇ ਹੋ? ਤੁਹਾਡਾ ਦਾਅਵਾ ਹੈ ਕਿ ਮਾਓਵਾਦ ਸਭ ਤੋਂ ਪਹਿਲਾਂ ਰੈਵੋਲੂਸ਼ਨ ਕਮਿਊਨਿਸਟ ਪਾਰਟੀ (ਅਮਰੀਕਾ) ਲੈ ਕੇ ਆਈ। ਜਿਥੋਂ ਤੱਕ ਸਾਡੀ ਜਾਣਕਾਰੀ ਹੈ ਸਭ ਤੋਂ ਪਹਿਲਾਂ ਇਹ ਟਰਮ RIM ਨੇ ਲਿਆਂਦੀ ਸੀ। ਜਿਸਨੂੰ ਬਾਅਦ ‘ਚ ਦੁਨੀਆਂ ਦੀਆਂ ਅਨੇਕਾਂ ਪਾਰਟੀਆਂ/ਗਰੁੱਪਾਂ ਨੇ ਅਪਣਾ ਲਿਆ। ਤੁਹਾਡਾ ਕਹਿਣਾ ਹੈ ਕਿ ਸੀਪੀਆਈ ਮਾਓਇਸਟ ਦੁਆਰਾ 21 ਸਾਲ ਹਥਿਆਰਬੰਦ ਘੋਲ਼ ਚਲਾਇਆ ਗਿਆ। ਸੱਚ ਇਹ ਹੈ ਕਿ ਇਹ ਘੋਲ਼ ਲਗਭਗ 46 ਸਾਲ ਚੱਲਿਆ। ਜਿਹੜੇ ਗਰੁੱਪਾਂ ਨੇ 2004 ‘ਚ ਮਿਲ ਕੇ ਭਾਰਤੀ ਕਮਿਊਨਿਸਟ ਪਾਰਟੀ ਮਾਓਇਸਟ ਬਣਾਈ ਸੀ। ਓਹ ਗਰੁੱਪ 1980ਵਿਆਂ ਤੋਂ ਵੀ ਪਹਿਲਾਂ ਹਥਿਆਰਬੰਦ ਘੋਲ਼ ਚਲਾਉਂਦੇ ਆ ਰਹੇ ਸਨ। ਤੁਹਾਡਾ ਕਹਿਣਾ ਹੈ ਕਿ ਇਸ ਘੋਲ਼ ਦੇ ਕੁਚਲੇ ਜਾਣ ਦਾ ਇਹ ਅਰਥ ਨਹੀਂ ਕਿ ਓਹਨਾਂ ਵਲੋਂ ਇਹ ਘੋਲ਼ ਸ਼ੁਰੂ ਕਰਨਾ ਹੀ ਗਲਤ ਸੀ। ਸਵਾਲ ਇਥੇ ਇਹ ਨਹੀਂ ਹੈ ਕਿ ਹਥਿਆਰਬੰਦ ਘੋਲ ਸ਼ੁਰੂ ਕਰਨਾ ਗਲਤ ਸੀ ਜਾਂ ਸਹੀ। ਸਵਾਲ ਇਹ ਹੈ ਕਿ ਕੀ ਭਾਰਤ ਦਾ ਖਾਸਾ ਅਰਧ-ਜਗੀਰੂ, ਅਰਧ-ਬਸਤੀ ਸੀ/ਹੈ? ਕੀ ਲਮਕਵੇਂ ਲੋਕ ਯੁੱਧ ਦੀ ਯੁੱਧਨੀਤੀ ਭਾਰਤ ਦੀਆਂ ਹਾਲਤਾਂ ‘ਚ ਪ੍ਰਸੰਗਿਕ ਸੀ ਜਾਂ ਹੈ? ਕਿਸੇ ਵੀ ਦੇਸ਼ ਦੀਆਂ ਠੋਸ ਹਾਲਤਾਂ ਦਾ ਠੋਸ ਨਿਰਣਾ ਕੀਤੇ ਬਿਨਾਂ ਕੋਈ ਵੀ ਯੁੱਧਨੀਤੀ ਕਾਮਯਾਬ ਨਹੀਂ ਹੋ ਸਕਦੀ। ਤੁਹਾਡਾ ਕਹਿਣਾ ਹੈ ਕਿ ਭਾਰਤ ਦਾ ਵਿਕਾਸ ਅਸਾਵਾਂ ਹੈ। ਸਿਰਫ ਭਾਰਤ ਦਾ ਹੀ ਨਹੀਂ ਦੁਨੀਆਂ ਦੇ ਹਰ ਦੇਸ਼ ਦਾ ਵਿਕਾਸ ਅਸਾਵਾਂ ਹੈ। ਅਸਾਵਾਂ ਵਿਕਾਸ ਸਰਮਾਏਦਾਰੀ ਦਾ ਵਜੂਦ ਸਮੋਇਆ ਨਿਯਮ ਹੈ। ਤੁਹਾਡਾ ਕਹਿਣਾ ਹੈ ਕਿ ਅਸਾਵੇਂ ਵਿਕਾਸ ਵਾਲ਼ੇ ਕਿਸੇ ਦੇਸ਼ ਦੇ ਕਿਸੇ ਇੱਕ ਖਿੱਤੇ ‘ਚ ਹਾਲਾਤ ਪੱਕਣ `ਤੇ ਹਥਿਆਰਬੰਦ ਘੋਲ਼ ਸ਼ੁਰੂ ਕਰ ਦੇਣਾ ਚਾਹੀਦਾ ਹੈ। ਸਾਥੀ ਜੀ ਇਹ ਇਸ ਗੱਲ `ਤੇ ਨਿਰਭਰ ਕਰੇਗਾ ਕਿ ਦੇਸ਼ ਦੀਆਂ ਠੋਸ ਹਾਲਤਾਂ ਬਾਰੇ ਠੋਸ ਨਿਰਣਾ ਕੀ ਹੈ। ਅਤੇ ਇਨਕਲਾਬ ਦੀ ਯੁੱਧਨੀਤੀ ਕੀ ਹੈ।
ਸੁਖਵਿੰਦਰ:
ਪਰਮਜੀਤ ਰੋਡੇ ਜੀ ਤੁਹਾਡਾ ਕਹਿਣਾ ਹੈ ਕਿ ਜੇਕਰ ਭਾਰਤ ‘ਚ ਸਰਮਾਏਦਾਰਾ ਸਬੰਧ ਭਾਰੂ ਵੀ ਹੋ ਜਾਣ ਤਾਂ ਵੀ ਇਥੇ ਜਮਹੂਰੀ ਇਨਕਲਾਬ ਹੀ ਹੋਵੇਗਾ। ਇਸ ਲਈ ਤੁਸੀਂ ਰੂਸ ਦੀ ਉਦਾਹਰਣ ਦਿੱਤੀ ਹੈ, ਜਿੱਥੇ ਸਰਮਾਏਦਾਰ ਰਿਸ਼ਤੇ ਭਾਰੂ ਹੋਣ ਦੇ ਬਾਵਜੂਦ ਵੀ ਫਰਵਰੀ 1917 ‘ਚ ਜਮਹੂਰੀ ਇਨਕਲਾਬ ਹੋਇਆ ਸੀ। 1. ਪਰ ਇਥੇ ਤੁਸੀਂ ਰੂਸ ਦੀ ਰਾਜ ਸੱਤਾ ਦੇ ਖਾਸੇ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਭਾਵੇਂ ਰੂਸ ‘ਚ ਸਰਮਾਏਦਾਰਾ ਰਿਸ਼ਤੇ ਭਾਰੂ ਸਨ, ਪਰ ਰਾਜ ਸੱਤਾ ਦਾ ਖਾਸਾ ਬੁਰਜੂਆ ਜਮਹੂਰੀ ਨਹੀਂ ਸੀ। ਇਹ ਗੈਰ-ਜਮਹੂਰੀ ਸੀ। 2. ਇਹ ਮਾਰਕਸਵਾਦ ਦੀ ਬੁਨਿਆਦੀ ਸਿੱਖਿਆ ਹੈ ਕਿ ਜੇਕਰ ਕਿਸੇ ਦੇਸ਼ ‘ਚ ਸਰਮਾਏਦਾਰਾ ਰਿਸ਼ਤੇ ਭਾਰੂ ਵੀ ਹੋ ਜਾਣ ਤਾਂ ਇਨਕਲਾਬ ਦਾ ਪੜਾਅ ਅਧਾਰ ਭਾਵ ਪੈਦਾਵਾਰੀ ਸਬੰਧਾਂ ਤੋਂ ਨਹੀਂ ਸਗੋਂ ਰਾਜ ਸੱਤਾ ਦੇ ਖਾਸੇ ਤੋਂ ਤੈਅ ਹੁੰਦਾ ਹੈ।
ਹਰਿੰਦਰਪਾਲ ਸਿੰਘ:
ਮੇਰਾ ਮਤਭੇਦ ਹੈ ਵਿਸ਼ੇ ਦੇ ਅਹਿਮ ਨੁਕਤੇ ‘ਤੇ। ਭਾਰਤ ਦੀ ਆਜ਼ਾਦੀ, ਪ੍ਰਭੂਸੱਤਾ, ਆਜ਼ਾਦਾਨਾ ਪੂੰਜੀਵਾਦੀ ਤੇ ਭੂਮੀ ਸੁਧਾਰਾਂ ਦਾ ਭਾਂਡਾ ਭੱਜ ਗਿਆ ਹੈ। 1947 ਤੋਂ ਬਾਅਦ ਭਾਰਤ ਦੇ ਹਰ ਖੇਤਰ ‘ਚ ਵਿਦੇਸ਼ੀ ਸਰਮਾਏ ਦੇ ਨਿਵੇਸ਼ ਦਾ ਪੈਟਰਨ ਵੇਖੋ। ਖੇਤੀ ਖੇਤਰ ‘ਚ ਗੈਟ, ਵਪਾਰ ‘ਚ WTO ਨੀਤੀਆਂ, ਹਾਲੀਆ ਅਮਰੀਕਨ ਟਰੇਡ ਡੀਲ ਦਾ ਪੈਟਰਨ ਵੇਖੋ। ਭਾਰਤੀ ਦਿਓ ਕੱਦ ਸਰਮਾਏਦਾਰਾਂ ਦੀ ਸਾਮਰਾਜੀ ਦੇਸ਼ਾਂ ‘ਚ ਔਕਾਤ ਵੇਖੋ। ਸਹਿਜੇ ਹੀ ਭਾਰਤ ਦੇ ਸਮਾਜਿਕ- ਆਰਥਿਕ ਢਾਂਚੇ ਦਾ ਪਤਾ ਲੱਗ ਜਾਂਦਾ ਹੈ। ਇਹ ਠੀਕ ਹੈ ਕਿ ਲਹਿਰ ਨੂੰ ਵਕਤੀ ਪਛਾੜਾਂ ਲੱਗ ਰਹੀਆਂ ਹਨ। ਭਾਰਤ ਦੇ ਅਣ/ਅਸਾਂਵੇ ਵਿਕਾਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਡੇ ਇਸ ਨੁਕਤੇ ਨਾਲ ਭਰਪੂਰ ਸਹਿਮਤ ਹਾਂ।
ਪ੍ਰੋਫੈਸਰ ਗੋਬਿੰਦਰ ਸਿੰਘ ਸਮਰਾਓ:
ਓ ਭਰਾਵੋ! ਇਹ ਮਾਓਵਾਦੀ ਸਿਰੇ ਦੇ ਅੰਧ-ਵਿਸ਼ਵਾਸੀ ਲੋਕ ਹਨ। ਮੱਛੀ ਨੂੰ ਪਾਣੀ ਵਿਚ ਤੈਰਦਿਆਂ ਦੇਖ ਕੇ ਰੇਗਿਸਤਾਨ ਦੇ ਰੇਤ ‘ਤੇ ਆਪਣੇ ਢਿੱਡ ਰਗੜ ਰਹੇ ਹਨ। ਗੱਲ ਸੰਘਰਸ਼ ਦੀ ਹੈ ਨਾ ਕਿ ਮਾਓਵਾਦੀ ਸੰਘਰਸ਼ ਦੀ, ਜਿਸ ਵਿਚ ਲੋਕ ਮਾਓਵਾਦੀ ਢੰਗਾਂ ਨੂੰ ਵੀ ਵਿਚ ਘੜੀਸ ਲਿਆਉਂਦੇ ਹਨ। ਮੁਲਕ ਵਿਚ ਡੈਮੋਕਰੇਸੀ ਹੈ, ਇਸ ਲਈ ਇਸ ਦੇ ਦਾਇਰੇ ਵਿਚ ਰਹਿ ਕੇ ਢੰਗ-ਤਰੀਕੇ ਸਿਰਜੋ ਨਾ ਕਿ ਰਜਵਾੜਾਸ਼ਾਹੀ ਦੌਰ ਦੇ ਮਾਓਵਾਦੀ ਤਰੀਕੇ।
ਸਤਪਾਲ ਸਿੰਘ ਗਿੱਲ:
ਥੋਡੀ ਗੱਲ ਦਰੁਸਤ ਹੈ ਬਰਸਟ ਜੀ, ਬੇਸ਼ੱਕ ਮਾਓਵਾਦੀ ਅੰਦੋਲਨ ਖਤਮ ਹੋਣ ਵੱਲ ਵਧ ਰਿਹਾ ਹੈ ਪਰ ਹੋਰ ਲਹਿਰਾਂ ਵਾਂਗ ਇਸਦਾ ਵੀ ਯੋਗਦਾਨ ਰਹੇਗਾ। ਸਮੇਂ-ਸਮੇਂ ਵੱਖ-ਵੱਖ ਵਿਚਾਰਧਾਰਾਵਾਂ ਨਾਲ ਸੰਬੰਧਿਤ ਜਥੇਬੰਦੀਆਂ ਲੋਕ-ਪੱਖੀ ਜਾਂ ਅਰਧ-ਲੋਕ ਪੱਖੀ ਅੰਦੋਲਨ ਸ਼ੁਰੂ ਕਰਨ ਦਾ ਯਤਨ ਕਰਦੀਆਂ ਹਨ ਪਰ ਸਫਲ ਨਹੀਂ ਹੁੰਦੀਆਂ। ਬੱਸ ਇਕ ਅੱਧੀ ਘਟਨਾ ਹੋਈ,ਖਤਮ। ਇਸ ਤੋਂ ਬਾਅਦ ਉਨ੍ਹਾਂ ਦੀ ਕਿਧਰੇ ਚਰਚਾ ਨਹੀਂ ਹੁੰਦੀ। ਉਨ੍ਹਾਂ ਦਾ ਇਤਿਹਾਸ ਨਹੀਂ ਬਣਦਾ। ਉਹ ਲੋਕਾਈ ਦੇ ਦਿਲ-ਦਿਮਾਗ ‘ਚ ਚਿਰ ਸਥਾਈ ਅਸਰਅੰਦਾਜ਼ ਨਹੀਂ ਰਹਿੰਦਾ। ਪਰ ਮਾਓਵਾਦੀ ਅੰਦੋਲਨ ਨੇ ਲੋਕਾਈ ਨੂੰ ਹਲੂਣਾ ਦੇਣ ਦੇ ਨਾਲ ਉਨ੍ਹਾਂ ਦੇ ਹੱਕਾਂ ਦੀ ਰਾਖੀ ਵੀ ਕੀਤੀ। ਇਹ ਤਾਂ ਅਸੀਂ ਮੁੱਢ ਤੋਂ ਪੜ੍ਹਦੇ ਆਏ ਆਂ ਕਿ ਹਕੂਮਤਾਂ ਭਾਵੇਂ ਹਥਿਆਰਬੰਦ ਸੰਘਰਸ਼ ਅਕਸਰ ਦਬਾਅ ਦਿੰਦੀਆਂ ਹਨ, ਪਰ ਇਸ ਵਿਚਾਰ ਨੂੰ ਪ੍ਰਭਾਵਿਤ ਲੋਕਾਈ ਦੇ ਮਨਾਂ ‘ਚੋਂ ਅਸਰ ਰਹਿਤ ਨਹੀਂ ਕੀਤਾ ਜਾ ਸਕਦਾ। ਇੱਟ ਸਿੱਟ ਬੀ ਵਾਂਗ ਕਿਤੇ ਨਾ ਕਿਤੇ ਜ਼ਰੂਰ ਕਿਸੇ ਹੋਰ ਰੂਪ ‘ਚ ਹਰਾ ਹੋ ਜਾਵੇਗਾ।
ਬਲਵੀਰ ਸਿੰਘ (ਪ੍ਰੋ.)
2012 ਵਿਚ ਛੱਤੀਸਗੜ੍ਹ ਖੇਤਰ ਵਿਚ ਘੁੰਮਣ ਤੇ ਮਾਓਵਾਦੀਆਂ ਨਾਲ ਇਕ ਮਹੀਨਾ ਵਿਚਾਰ-ਵਟਾਂਦਰਾ ਕਰਨ ਉਪਰੰਤ ਇੱਕ ਸਵੀਡਿਸ਼ ਪੱਤਰਕਾਰ ਨੇ ਬਿਆਨ ਦਿੱਤਾ ਸੀ ਕਿ ਜੇ ਇਸ ਲਹਿਰ ਨੇ ਸ਼ਹਿਰਾਂ ਵੱਲ ਵਿਕਾਸ ਨਾ ਕੀਤਾ ਤਾਂ ਇਹ ਲਹਿਰ ਖਾਤਮੇ ਵੱਲ ਵਧ ਸਕਦੀ ਹੈ। ਭਾਰਤ ਦੇ ਬਦਲਦੇ ਪੈਦਾਵਾਰੀ ਰਿਸ਼ਤਿਆਂ ਦੀ ਤਲਾਸ਼ ਤੇ ਨਾਲ ਹੀ ਮੁੱਖ ਵਿਰੋਧਤਾਈ ਦੀ ਨਿਸ਼ਾਨਦੇਹੀ ਕਰਨਾ ਮਾਰਕਸਵਾਦੀਆਂ ਦਾ ਪ੍ਰਮੁੱਖ ਕਾਰਜ ਹੋਣਾ ਚਾਹੀਦਾ ਸੀ। ਸਰਕਾਰਾਂ ਜਿਸ ਤਰ੍ਹਾਂ ਸਾਡੇ ਪੂੰਜੀਵਾਦੀ ਪਰਜਾਤੰਤਰ ਦਾ ਘਾਣ ਕਰਕੇ ਆਮ ਲੋਕਾਂ ਉਤੇ ਜ਼ੁਲਮ ਕਰ ਰਹੀਆਂ ਹਨ ਉਨ੍ਹਾਂ ਹਾਲਤਾਂ ਵਿਚ ਤਾਂ ਲੱਗਦਾ ਹੈ ਕਿ ਮਾਓਵਾਦੀ ਬਦਲਵਾਂ ਪ੍ਰਬੰਧ ਜਲਦ ਪੇਸ਼ ਕਰ ਸਕਣਗੇ ਪਰ ਵਸਤੂਗਤ ਤੇ ਅੰਤਰੀਵ ਹਾਲਤਾਂ ਅਨੁਕੂਲ ਨਾ ਹੋਣ ਕਾਰਨ ਇਹ ਲਹਿਰ ਅੱਗੇ ਨਾ ਵਧ ਸਕੀ। ਫਿਰ ਵੀ ਇਸ ਲਹਿਰ ਦਾ 60 ਸਾਲ ਤੱਕ ਜੀਵਤ ਰਹਿਣਾ ਵੱਡੇ ਮਾਅਰਕੇ ਦੀ ਗੱਲ ਹੈ। ਇਸ ਲਹਿਰ ਨੇ ਆਰਥਿਕ, ਸਮਾਜਿਕ ਤੇ ਰਾਜਨੀਤਕ ਤਥਾ ਸਾਹਿਤਕ ਪਿੜਾਂ ਵਿਚ ਡੂੰਘਾ ਪ੍ਰਭਾਵ ਛੱਡਿਆ। ਅਜੇ ਵੀ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਦਾ ਚੋਖਾ ਅਧਿਐਨ ਕਰਨ ਉਪਰੰਤ ਭਾਰਤ ਸਮੇਤ ਤੀਜੀ ਦੁਨੀਆਂ ਬੁਰਜੂਆ ਪਾਰਲੀਮਾਨੀ ਧੋਖਿਆਂ ਦਾ ਬਦਲ ਚਾਹੁੰਦੀ ਹੈ। ਕਰਮ ਬਰਸਟ ਜੀ ਨੇ ਦੁਖਦੀ ਰਗ `ਤੇ ਉਂਗਲ ਰੱਖੀ ਹੈ।
ਅਜਾਇਬ ਸਿੰਘ ਟਿਵਾਣਾ:
ਬਿਲਕੁਲ ਹੁਣ ਤੱਕ ਦੀ ਕਮਿਊਨਿਸਟ ਲਹਿਰ ਖਾਸ ਕਰਕੇ ਨਵ-ਜਮਹੂਰੀ ਇਨਕਲਾਬ ਦੀ ਲਾਈਨ ਦੇ ਅਮਲ ਦਾ ਰੀਵਿਊ ਹੋਣਾ ਚਾਹੀਦਾ ਹੈ। ਘੜੀਆਂ-ਘੜਾਈਆਂ ਫਾਰਮੂਲੇਸ਼ਨ ਨੂੰ ਕੱਟੜਤਾ ਨਾਲ ਅਪਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਨੋਟ: ਸਾਰੀ ਸਥਿਤੀ ਨੂੰ ਵੇਖਦਿਆਂ ਲੱਗਦਾ ਇਹ ਹੈ ਕਿ ਭਾਰਤੀ ਸਟੇਟ ਦੇ ਖਾਸੇ ਬਾਰੇ ਕਮਿਊਨਿਸਟ ਇਨਕਲਾਬੀਆਂ ਅੰਦਰ ਅੱਜ ਵੀ ਕੋਈ ਸੰਮਤੀ ਨਹੀਂ ਹੈ ਅਤੇ ਬਹਿਸ ਅੱਜ ਵੀ ਜਿਉਂ ਦਾ ਤਿਉਂ ਓਥੇ ਹੀ ਖੜ੍ਹੀ ਹੈ, ਜਿੱਥੇ ਇਹ ਆਜ਼ਾਦੀ ਤੋਂ ਤੁਰੰਤ ਪਿੱਛੋਂ 1947 ਵਿਚ ਖੜ੍ਹੀ ਸੀ।
