ਚੜ੍ਹਦੀ ਕਲਾ ਦਾ ਪ੍ਰਤੀਕ ਵੀਰ ਨਿਰਮਲ ਸਿੰਘ

ਗੁਰਨਾਮ ਕੌਰ
ਪ੍ਰੋਫੈਸਰ (ਸੇਵਾ ਮੁਕਤ)
ਛੇ ਭੈਣ ਭਰਾਵਾਂ ਵਿਚ ਤੀਸਰੇ ਥਾਂ ਤੇ 14 ਫਰਵਰੀ 1936 ਨੂੰ ਜਨਮਿਆਂ ਸਵਰਗੀ ਵੀਰ ਅਮਰ ਸਿੰਘ ਅਤੇ ਭੈਣ ਮਹਿੰਦਰ ਕੌਰ ਤੋਂ ਛੋਟਾ ਵੀਰ ਨਿਰਮਲ ਸਿੰਘ ਸਾਨੂੰ ਛੱਡ ਕੇ 2 ਮਈ 2026 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਆਪਣੇ ਵੱਡੇ ਵੀਰ ਅਤੇ ਵੱਡੀ ਭੈਣ ਨਾਲ ਜਾ ਰਲਿਆ ਹੈ।

ਵੱੱਡਿਆਂ ਤੋਂ ਉਮਰ ਵਿਚ ਕਾਫੀ ਛੋਟੀਆਂ ਹੋਣ ਕਰਕੇ ਅਸੀਂ ਛੋਟੀਆਂ ਤਿੰਨੋਂ ਭੈਣਾਂ ਆਪਣੇ ਭਰਾਵਾਂ ਨੂੰ ‘ਵੱਡੇ ਵੀਰ’ ਅਤੇ ‘ਛੋਟੇ ਵੀਰ’ ਕਰਕੇ ਹੀ ਸੰਬੋਧਨ ਕਰਦੀਆਂ ਸੀ। ਖੇਤੀ ਕਰਦੇ ਇੱਕ ਦਰਮਿਆਨੇ ਪਰਿਵਾਰ ਵਿਚ ਪੈਦਾ ਹੋਣ ‘ਤੇ ਵੀ ਸਿੱਖਿਆ ਪਰਾਪਤੀ ਵਿਚ ਸਾਰੇ ਪਿੰਡ ਵਿਚ ਅਗਾਂਹ ਲੰਘ ਜਾਣ ਕਰਕੇ ਸਾਡਾ ਪਰਿਵਾਰ ਪਿੰਡ ਵਿਚ ‘ਆਮ’ ਤੋਂ ‘ਖਾਸ’ ਹੋ ਗਿਆ ਹੈ ਅਤੇ ਇਸ ‘ਖਾਸ’ ਹੋ ਜਾਣ ਵਿਚ ਮੇਰੇ ਇਸ ਛੋਟੇ ਵੀਰ ਦਾ ਬਹੁਤ ਵੱਡਾ ਯੋਗਦਾਨ ਹੈ। ਅਹੁਦਿਆਂ ਦੀ ਪ੍ਰਾਪਤੀ ਦਾ ਆਪਣਾ ਮਹੱਤਵ ਹੁੰਦਾ ਹੈ ਪ੍ਰੰਤੂ ਬਹੁਤ ਵੱਡੇ ਰੁਤਬਿਆ ‘ਤੇ ਨਾ ਹੋ ਕੇ ਵੀ ਉਚ-ਵਿੱਦਿਆ ਪ੍ਰਾਪਤ ਹੋਣ ਦਾ ਇੱਕ ਆਪਣਾ ਸਨਮਾਨ ਅਤੇ ਸਤਿਕਾਰ ਹੁੰਦਾ ਹੈ ਅਤੇ ਜਿਸ ਦਾ ਆਪਣਾ ਹੀ ਇੱਕ ਵਿਸਮਾਦੀ ਅਨੰਦ ਵੀ ਹੁੰਦਾ ਹੈ। ਇਸ ਅਨੰਦ ਨੂੰ ਅਸੀਂ ਅੱਜ ਵੀ ਮਾਣਦੇ ਹਾਂ ਜਦੋਂ ਪਿੰਡ ਵਿਚ ਸਾਡੇ ਪਰਿਵਾਰ ਦੀ ਪੜ੍ਹਨ-ਲਿਖਣ ਲਈ ਉਦਾਹਰਣ ਦਿੱਤੀ ਜਾਂਦੀ ਹੈ। ਇਸ ਮਾਣ ਪ੍ਰਾਪਤੀ ਦਾ ਸਿਹਰਾ ਜਿੱਥੇ ਸਾਡੀ ਮਾਂ ਦੀ ਸੁਚੱਜੀ ਅਗਵਾਈ ਵਿਚ ਸਾਡੇ ਵਡੱਕਿਆਂ ਦੀ ਮਿਹਨਤ ਨੂੰ ਜਾਂਦਾ ਹੈ ਉਥੇ ਹੀ ਵੀਰ ਨਿਰਮਲ ਸਿੰਘ ਦੇ ਸਖਤ ਮਿਹਨਤੀ, ਕਦੀ ਨਾ ਘਬਰਾਉਣ ਵਾਲੇ, ਕਿਸੇ ਵੀ ਔਖੀ ਘੜੀ ਵਿਚ ਹਾਰ ਨਾ-ਮੰਨਣ ਵਾਲੇ ਸੁਭਾਅ ਨੂੰ ਜਾਂਦਾ ਹੈ ਜੋ ਉਸ ਦੇ ਤਿੰਨ ਵਾਕਾਂ ਦੇ ਤਕੀਆ ਕਲਾਮ “ਚੜ੍ਹਦੀ ਕਲਾ ਐ, ਬਾਬੇ ਦੀ ਬਹੁਤ ਕਿਰਪਾ ਐ, ਪਿਆਰ ਕਰੋ ਪਿਆਰ ਨਾਲ ਰਹੋ ਬੱਸ ਘਬਰਾਉਣਾ ਨਹੀਂ” ਤੋਂ ਪਰਗਟ ਹੁੰਦਾ ਸੀ। ਉਸ ਨੂੰ ਪਹਿਲੀ ਵਾਰ ਗੰਭੀਰ ਸਟਰੋਕ ਨਵੰਬਰ 2022 ਵਿਚ ਹੋਇਆ ਸੀ ਜੋ ਫਿਰ ਕਈ ਵਾਰ ਹੋਇਆ। ਪ੍ਰੰਤੂ ਆਪਣੀ ਬਿਮਾਰੀ ਨਾਲ ਜੂਝਦਿਆਂ ਉਹ ਮੁੜ ਖੂੰਡੀ ਦਾ ਆਸਰਾ ਲੈ ਕੇ ਮਜ਼ਬੂਤੀ ਨਾਲ ਆਪਣੇ ਪੈਰਾਂ ਤੇ ਚੱਲਣ ਲੱਗ ਪੈਂਦਾ ਸੀ। ਜਦੋਂ ਵੀ ਕੈਨੇਡਾ ਤੋਂ ਮਿਲਣ ਆਉਣਾ ਜਾਂ ਫੋਨ ‘ਤੇ ਗੱਲ ਕਰਨੀ ਤਾਂ ਇੱਕੋ ਉੱਤਰ ਹੁੰਦਾ ਸੀ ‘ਚੜਦੀ ਕਲਾ, ਬਾਬੇ ਦੀ ਕ੍ਰਿਪਾ, ਪਿਆਰ ਨਾਲ ਰਹੋ ਪਿਆਰ ਕਰੋ, ਘਬਰਾਉਣਾ ਨਹੀਂ” ਨਵੰਬਰ 2025 ਵਿਚ ਅਚਾਨਕ ਬਿਨਾ ਸੋਟੀ ਦਾ ਸਹਾਰਾ ਲਏ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦਿਆਂ ਡਿੱਗ ਪੈਣ ਨਾਲ ਚੂਲੇ ਦੀ ਹੱਡੀ ਤੇ ਸੱਟ ਲੱਗ ਗਈ ਜਿਸ ਕਰਕੇ ਮੰਜੇ ‘ਤੇ ਪੈਣਾ ਪੈ ਗਿਆ, ਮੰਜੇ ਤੇ ਪੈ ਕੇ ਵੀ ਇੱਕ ਦਿਨ ਵੀ ਕਿਸੇ ਦਰਦ ਦੀ, ਕਿਸੇ ਤਕਲੀਫ ਦੀ ਸ਼ਿਕਾਇਤ ਨਹੀਂ ਕੀਤੀ, ਨਾਹੀ ਬਾਬੇ ਨਾਨਕ ਵਿਚ ਆਪਣੇ ਭਰੋਸੇ ਨੂੰ ਜਰਬ ਆਉਣ ਦਿੱਤੀ ਅਤੇ ਨਾਹੀਂ ਆਪਣਾ ਚੜ੍ਹਦੀ ਕਲਾ ਵਾਲਾ ਸੁਭਾਅ ਤਿਆਗਿਆ। ਇਸ ਗੱਲ ਦੀ ਬੇਚੈਨੀ ਜ਼ਰੂਰ ਹੁੰਦੀ ਕਿ ਮੈਂ ਹੁਣ ‘ਪ੍ਰੈਸ’ ‘ਤੇ ਕਿਉਂ ਨਹੀਂ ਜਾਂਦਾ? ਪ੍ਰੰਤੂ ਚਿਹਰੇ ਤੇ ਕੋਈ ਸ਼ਿਕਵਾ ਨਹੀਂ ਆਉਣ ਦਿੱਤਾ।
ਦੋਵੇਂ ਵੀਰਾਂ ਅਤੇ ਵੱਡੀ ਭੈਣ ਦਾ ਵਿਆਹ ਉਦੋਂ ਦੇ ਰਿਵਾਜ ਮੁਤਾਬਕ ਕਾਫੀ ਛੋਟੀ ਉਮਰ ਵਿਚ ਹੋ ਗਿਆ ਸੀ ਅਤੇ ਜੁਆਨ ਹੁੰਦਿਆਂ ਉਹ ਕਬੀਲਦਾਰ ਵੀ ਬਣ ਗਏ ਸੀ। ਜਦੋਂ ਛੋਟੇ ਵੀਰ ਦਾ ਵਿਆਹ ਹੋਇਆ ਉਸ ਤੋਂ ਕੁੱਝ ਮਹੀਨੇ ਬਾਅਦ ਮੈਂ ਸਕੂਲ ਦਾਖਲ ਹੋਈ ਸੀ। ਇਸ ਤਰ੍ਹਾਂ ਸਾਂਝੇ ਪਰਿਵਾਰ ਵਿਚ ਰਹਿੰਦਿਆਂ ਵੀਰ ਨੇ ਛੋਟੀਆਂ ਭੈਣਾਂ ਦੀ ਪੜ੍ਹਾਈ ਅਤੇ ਵਿਆਹ ਦੇ ਨਾਲ ਨਾਲ ਆਪਣੇ ਬੱਚਿਆਂ ਅਤੇ ਆਪਣੇ ਵੀਰ ਦੇ ਬੱਚਿਆਂ ਦੀ ਪੜ੍ਹਾਈ-ਲਿਖਾਈ ਵਿਚ ਵੀ ਅੱਗੇ ਹੋ ਕੇ ਮੋਢੇ ਨਾਲ ਮੋਢਾ ਡਾਹਿਆ। ਜਦੋਂ ਵੀਰ ਦੀ ਹੱਲਾ-ਛੇਰੀ ਦੇਣ ‘ਤੇ ਮੈਂ ਲੁਧਿਆਣੇ ਲੜਕੀਆਂ ਦੇ ਸਰਕਾਰੀ ਕਾਲਜ ਵਿਚ ਦਾਖਲ ਹੋਈ ਅਤੇ ਹੋਸਟਲ ਵਿਚ ਰਹਿ ਕੇ ਪੜ੍ਹਨ ਲੱਗੀ ਤਾਂ ਮੇਰੀਆਂ ਬਹੁਤ ਨਜ਼ਦੀਕੀ ਸਹਿਪਾਠਣਾਂ ਨੂੰ ਇਸ ਗੱਲ ਦੀ ਬਹੁਤ ਹੈਰਾਨੀ ਹੁੰਦੀ ਕਿ ਦੋਵੇਂ ਵੀਰ ਅਤੇ ਪਿਤਾ ਖੇਤੀ ਕਰਦੇ ਅਤੇ ਪੜ੍ਹੇ-ਲਿਖੇ ਨਾ ਹੋਣ ਦੇ ਬਾਵਜੂਦ ਮੈਨੂੰ ਹੋਸਟਲ ਵਿਚ ਰੱਖ ਕੇ ਪੜ੍ਹਾਉਣ ਦੀ ਹਿੰਮਤ ਕਰ ਰਹੇ ਹਨ| ਹੋਸਟਲ ਵਿਚ ਪੜ੍ਹਨ ਵਾਲੀ ਮੈਂ ਇਕੱਲੀ ਨਹੀਂ ਸੀ, ਮੇਰੇ ਵੱਡੇ ਵੀਰ ਦਾ ਬੇਟਾ ਮੇਰਾ ਭਤੀਜਾ ਹਰਦੇਵ ਸਿੰਘ ਮੇਰਾ ਜਮਾਤੀ ਸੀ ਅਤੇ ਸਾਡੇ ਪਿੱਛੇ ਪਿੱਛੇ ਮੇਰੀ ਛੋਟੀ ਭੈਣ ਨਰਮਿੰਦਰ ਅਤੇ ਹਰਦੇਵ ਤੋਂ ਛੋਟਾ ਗੁਰਮੁਖ ਸਿੰਘ ਵੀ ਸੀ ਪ੍ਰੰਤੂ ਵੀਰ ਦੀ ਹੱਲਾ-ਛੇਰੀ ਨੇ ਸਾਨੂੰ ਕਦੀ ਔਖ ਮਹਿਸੂਸ ਨਹੀਂ ਸੀ ਹੋਣ ਦਿੱਤੀ। ਇਸ ਤਰ੍ਹਾਂ ਪੜ੍ਹਾਈ ਦਾ ਇਹ ਸਿਲਸਿਲਾ ਅਸੀਂ ਵੱਡਿਆ ਤੋਂ ਸ਼ੁਰੂ ਹੋ ਕੇ ਛੋਟਿਆਂ ਤੱਕ ਜਾਰੀ ਰਿਹਾ ਅਤੇ ਪੀੜੀ-ਦਰ-ਪੀੜ੍ਹੀ ਅੱਜ ਵੀ ਜਾਰੀ ਹੈ। ਵੀਰ ਨਿਰਮਲ ਸਿੰਘ ਦੀ ਵੱਡੀ ਧੀ ਹਰਦੀਪ ਕੌਰ ਆਪਣੇ ਪਰਿਵਾਰ ਸਮੇਤ ਨਿਊ ਚੰਡੀ ਗੜ੍ਹ ਵਿਚ ਰਹਿ ਰਹੀ ਹੈ, ਉਸ ਤੋਂ ਛੋਟੀ ਜਸਵੀਰ ਕੌਰ ਕੈਨੇਡਾ ਵਿਚ ਅਤੇ ਦੋਵੇਂ ਛੋਟੀਆਂ ਸੁਰਿੰਦਰਜੀਤ ਕੌਰ ਅਤੇ ਲਿਵਲੀਨ ਕੌਰ ਅਮਰੀਕਾ ਵਿਚ ਸਥਾਪਤ ਹਨ। ਵੀਰ ਨੂੰ ਇਸ ਗੱਲ ਦੀ ਬਹੁਤ ਤਸੱਲੀ ਸੀ ਅਤੇ ਵਾਹਿਗੁਰੂ ਦਾ ਸ਼ੁਕਰ ਕਰਦਾ ਸੀ ਕਿ ਵੱਡੀ ਪੋਤੀ ਭਵਕਿਰਨ ਫਿਜਿਓਥੈਰਿਪਿਸਟ ਹੈ ਅਤੇ ਆਪਣੀ ਕਲਿਨਿਕ ਚਲਾ ਰਹੀ ਹੈ, ਛੋਟੀ ਨਵਰੀਤ ਨੇ ਭਾਵੇਂ ਡਿਗਰੀ ਤਾਂ ਇੰਜਨੀਅਰਿੰਗ ਦੀ ਕੀਤੀ ਸੀ ਪਰ ਹੈਲਥ ਸਿਸਟਮ ਵਿਚ ਯੋਗਤਾ ਪ੍ਰਾਪਤ ਕਰਕੇ ਆਪਣਾ ਕਿੱਤਾ ਬਦਲ ਲਿਆ ਹੈ ਅਤੇ ਸਭ ਤੋਂ ਛੋਟੀ ਸੁਖਮਨ ਇੱਕ ਕੁਆਲੀਫਾਈਡ ਡੈਂਟਿਸਟ ਬਣ ਗਈ ਹੈ, ਤਿੰਨੋਂ ਪੋਤੀਆਂ ਕੈਨੇਡਾ ਵਿਚ ਸਥਾਪਤ ਹਨ। ਵੀਰ ਅਗਾਂਹਵਧੂ ਸੋਚ ਦਾ ਮਾਲਕ ਸੀ ਅਤੇ ਉਸ ਨੇ ਕੁੜੀਆਂ-ਮੁੰਡਿਆਂ ਵਿਚ ਕਦੀ ਫਰਕ ਨਹੀਂ ਸੀ ਮੰਨਿਆਂ। ਇਸ ਤਰ੍ਹਾਂ ਵੀਰ ਵੱਡਾ ਕਬੀਲਦਾਰ ਸੀ, ਸਭ ਆਪਣੀ ਆਪਣੀ ਥਾਂ ਵਧੀਆ ਸਥਾਪਤ ਅਤੇ ਚੜ੍ਹਦੀ ਕਲਾ ਵਿਚ ਹਨ। ਵੀਰ ਦਾ ਇੱਕੋ ਇੱਕ ਪੁੱਤਰ ਦਲੀਪ ਸਿੰਘ ਹਾਈ ਸਕੂਲ ਦੇ ਮੁੱਖ ਅਧਿਆਪਕ ਵੱਜੋਂ ਸੇਵਾ ਮੁਕਤ ਹੈ। ਵੀਰ ਦੇ ਭਾਣਜਿਆਂ-ਭਤੀਜਿਆਂ ਨੂੰ ਵੀਰ ਨਾਲ ਗੱਲ ਕਰਕੇ ਹੌਸਲਾ ਮਿਲਦਾ ਸੀ; ਜਿਨ੍ਹਾਂ ਦਾ ਮੰਨਣਾ ਹੈ ਕਿ ਵੀਰ ਨਿਰਮਲ ਸਿੰਘ ਨਾਲ ਗੱਲ ਕਰਕੇ ਡਿਗੇ ਪਏ ਵੀ ਖੜ੍ਹੇ ਹੋ ਜਾਈਦਾ ਹੈ। ਨਿਜੀ ਤੌਰ ‘ਤੇ ਮੈਂ ਆਪਣੇ ਜੀਵਨ ਵਿਚ ਬਹੁਤ ਉਤਾਰ-ਚੜ੍ਹਾ ਦੇਖੇ ਹਨ ਪਰ ਮੇਰੇ ਵੀਰ ਨੇ ਮੈਨੂੰ ਕਦੀ ਡੋਲਣ ਨਹੀਂ ਸੀ ਦਿੱਤਾ। ਅੱਜ ਕੀਰਤ ਪੁਰ ਸਾਹਿਬ ਅੰਤਿਮ ਰਸਮਾਂ ਕਰਦਿਆਂ ਗੁਰੂ ਅੱਗੇ ਇਹੀ ਅਰਦਾਸ ਕੀਤੀ ਕਿ ਜਿਵੇਂ ਵੀਰ ਨੂੰ ਵਾਹਿਗੁਰੂ ‘ਤੇ ਭਰੋਸਾ ਸੀ ਵਾਹਿਗੁਰੂ ਉਵੇਂ ਹੀ ਉਸ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ; ਜਿਹੋ ਜਿਹਾ ਸੇਵਾ ਕਰਨ ਵਾਲਾ ਪੁੱਤਰ ਦਲੀਪ ਸਿੰਘ ਵੀਰ ਨੂੰ ਬਖਸ਼ਿਆ, ਇਹੋ ਜਿਹੇ ਮਾਂ-ਬਾਪ ਦੀ ਸੇਵਾ ਕਰਨ ਵਾਲੇ ਧੀ-ਪੁੱਤ ਵਾਹਿਗੁਰੂ ਸਭ ਨੂੰ ਦੇਵੇ। ਸਭ ਕੁੱਝ ਉਸ ਪਰਵਦਗਾਰ ਦੇ ਭਾਣੇ ਵਿਚ ਹੈ ਅਤੇ ਸ਼ੁਕਰਗੁਜ਼ਾਰ ਹਾਂ ਕਿ ਵੀਰ ਦੇ ਆਖਰੀ ਪਲਾ ਵਿਚ ਮੈਂ ਉਸ ਦੇ ਨਜ਼ਦੀਕ ਸੀ ਅਤੇ ਐਤਵਾਰ 10 ਮਈ ਨੂੰ ਭੋਗ ਅਤੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਵਾਂਗੀ।