ਗੁਰਮੀਤ ਕੜਿਆਲਵੀ
9872640994
ਪ੍ਰਨੀਤ ਅਤੇ ਬਾਕੀ ਮੈਡਮਾਂ ਹੈਰਾਨ ਹੁੰਦੀਆਂ, ਸਤਵੰਤ ਸਰ ਦੇ ਚਿਹਰੇ ‘ਤੇ ਕਿਸੇ ਕਿਸਮ ਦੀ ਸ਼ਿਕਨ ਹੀ ਨਹੀਂ। ਜਿਸਦੀਆਂ ਸਾਰੀਆਂ ਗੱਲਾਂ ਪਹਿਲਾਂ ਪਤਨੀ ਬਾਰੇ ਹੀ ਹੁੰਦੀਆਂ ਸਨ, ਹੁਣ ਸਿਰਫ਼ ਬੇਟੀ ਜੈਸਮੀਨ ਬਾਰੇ ਹੁੰਦੀਆਂ। ਸਿਆਸਤ, ਖੇਡਾਂ, ਸਾਹਿਤ, ਮਨੋਵਿਗਿਆਨ, ਫਿਲਾਸਫੀ, ਕਲਾ ਅਤੇ ਸਮਾਜ ਦੇ ਬਾਕੀ ਝਗੜੇ ਝੇੜੇ ਉਸ ਲਈ ਹੁਣ ਕੋਈ ਅਰਥ ਨਹੀਂ ਸਨ ਰੱਖਦੇ।
-ਅੱਜ ਬੇਟੀ ਦੀ ਇੰਗਲਿਸ਼ ਵਾਲੀ ਮੈੱਡਮ ਨੇ ਐਕਸੀਲੈਂਟ ਦਿੱਤੀ।’
-ਅੱਜ ਬੇਟੀ ਸਟਾਰ ਲੈ ਕੇ ਆਈ।’
-ਅੱਜ ਬੇਟੀ ਨੂੰ ਬੈਡਮਿੰਟਨ ਰੈਕੇਟ ਲਿਆ ਕੇ ਦਿੱਤਾ। ਸ਼ਾਮ ਵੇਲੇ ਪਿਉ-ਧੀ ਖੂਬ ਇਨਜੁਆਏ ਕਰਦੇ ਹਾਂ।’
-ਬੇਟੀ ਨੂੰ ਸਾਈਕਲੀ ਲਿਆ ਦਿੱਤੀ।’
-ਜੈਸ ਆਂਹਦੀ ਪਾਪਾ ਕੈਰਮ ਬੋਰਡ ਲੈਣਾ-ਮੈਂ ਕਿਹਾ ਚੱਲ ਹੁਣੇ ਬਾਜ਼ਾਰ। ਲਿਆ ਦਿੱਤਾ ਓਸੇ ਵਕਤ।’
-ਬੇਟੀ ਨੇ ਮਿੱਡ ਟਰਮ ‘ਚ ਓਵਰ ਆਲ ਟੌਪ ਕੀਤਾ ਸਕੂਲ ‘ਚੋਂ।’
ਜਿਹੜਾ ਸਤਵੰਤ ਗੱਲ-ਗੱਲ ਨਾਲ ਪਤਨੀ ਹਰਜੋਤ ਦਾ ਜ਼ਿਕਰ ਛੇੜ ਬਹਿੰਦਾ ਸੀ, ਜਿਸਦੀ ਆਪਣੀ ਕੋਈ ਪਸੰਦ-ਨਾਪਸੰਦ ਨਹੀਂ ਸੀ। ਪਹਿਲਾਂ ਸਾਰੀ ਪਸੰਦ-ਨਾਪਸੰਦ ਹਰਜੋਤ ਦੀ ਹੁੰਦੀ ਸੀ-ਹੁਣ ਧੀ ਜੈਸਮੀਨ ਦੀ ਹੋ ਗਈ ਸੀ।
-ਬੇਟੀ ਨੂੰ ਆਮਲੇਟ ਬਹੁਤ ਪਸੰਦ ਹੈ।’
-ਜੈਸ ਆਲੂ ਵਾਲੇ ਪਰਾਂਠੇ ਬੜੇ ਚਾਅ ਨਾਲ ਖਾਂਦੀ।’
-ਜੈਸ ਦਹੀਂ ਨੂੰ ਤਾਂ ਉੱਕਾ ਮੂੰਹ ਨਹੀਂ ਲਾਉਂਦੀ। ਇਹਦੀ ਮਾਂ ਨੂੰ ਵੀ ਦਹੀਂ ਦਾ ਨਾਂ ਸੁਣਦਿਆਂ ਹੀ ਘਬਰਾਹਟ ਹੋਣ ਲੱਗ ਜਾਂਦੀ ਸੀ।’
-ਕਾਲੇ ਚਣੇ ਜੈਸ ਦੀ ਫੇਵਰਿਟ ਡਿਸ਼ ਹੈ। ਮੈਥੋਂ ਹਰਜੋਤ ਵਰਗੇ ਤਾਂ ਨਹੀਂ ਬਣਦੇ, ਪਰ ਬਣਾ ਲਈਦੇ।’
ਸਤਵੰਤ ਦੀ ਸਾਰੀ ਦੁਨੀਆਂ ਜਿਵੇਂ ਬੇਟੀ ਜੈਸਮੀਨ ਦੇ ਦੁਆਲੇ ਹੀ ਸਿਮਟ ਗਈ। ਜਿਵੇਂ ਜੈਸਮੀਨ ਸੂਰਜ ਸੀ ਤੇ ਆਪ ਉਹ ਉਸਦੇ ਦੁਆਲੇ ਚੱਕਰ ਕੱਟਣ ਵਾਲਾ ਕੋਈ ਗ੍ਰਹਿ। ਸਤਵੰਤ ਨਾਂ ਦਾ ਗ੍ਰਹਿ ਸੂਰਜ ਦੁਆਲੇ ਚੱਕਰ ਕੱਟਦਾ ਹੀ ਰਹਿੰਦਾ।
********
ਹਰਜੋਤ ਦੀ ਮੌਤ ਤੋਂ ਬਾਅਦ ਸਟਾਫ, ਖਾਸ ਕਰ ਪ੍ਰਨੀਤ ਮੈਡਮ ਨੂੰ ਸਤਵੰਤ ਸਰ ਵੱਲੋਂ ਦੂਸਰਾ ਵਿਆਹ ਨਾ ਕਰਵਾਉਣ ਦੇ ਫੈਸਲੇ ਦਾ ਪਤਾ ਲੱਗਾ ਸੀ, ਉਦੋਂ ਉਨ੍ਹਾਂ ਸਾਰਿਆਂ ਨੇ ਸਰ ਨੂੰ ਆਪਣਾ ਫੈਸਲਾ ਬਦਲਣ ਲਈ ਜ਼ੋਰ ਪਾਇਆ ਸੀ।
-ਸਤਵੰਤ ਸਰ! ਜਿੰਦਗੀ ਪਹਾੜ ਜਿੱਡੀ ਹੈ, ਇਕੱਲੇ ਕਿਵੇਂ ਕੱਟੋਂਗੇ?’
-ਪਹਾੜ ਜਿੱਡੀ ਹੈ, ਪਹਾੜ ਤਾਂ ਨਹੀਂ।’ ਸਤਵੰਤ ਦੇ ਚਿਹਰੇ ‘ਤੇ ਬਿਲਕੁੱਲ ਉਹੋ ਜਿਹੀ ਦ੍ਰਿੜਤਾ ਸੀ ਜਿਹੋ ਜਿਹੀ ਰਿਸ਼ਤੇਦਾਰਾਂ ਨੂੰ ਵਿਆਹ ਨਾ ਕਰਵਾਉਣ ਦਾ ਫੈਸਲਾ ਸੁਣਾਉਣ ਵੇਲੇ ਸੀ। ਉਦੋਂ ਉਸਨੇ ਇਕੱਠੇ ਹੋਏ ਸਾਰੇ ਰਿਸ਼ਤੇਦਾਰਾਂ ਨੂੰ ਦੋ ਟੁੱਕ ਆਖ ਦਿੱਤਾ ਸੀ, ‘ਹੋਰ ਕਿਸੇ ਔਰਤ ਤੋਂ ਹਰਜੋਤ ਨਹੀਂ ਬਣਿਆ ਜਾਣਾ…ਤੇ ਹਰਜੋਤ ਬਗੈਰ ਹੋਰ ਕਿਸੇ ਨਾਲ ਜਿੰਦਗੀ ਕੱਟ ਲਵਾਂ, ਇਹ ਮੇਰੇ ਵੱਸ ਨਹੀਂ।’
-ਸਰ! ਤੁਸੀਂ ਠੀਕ ਓਂ ਪਰ ਘਰਦੇ ਕੰਮ? ਰੋਟੀ ਟੁੱਕ? ਕੱਪੜੇ? ਭਾਂਡੇ-? ਸਰ -?’ ਮੈਡਮਾਂ ਨੇ ਘਰ ਦੇ ਕਈ ਕੰਮ ਗਿਣਾ ਦਿੱਤੇ ਜੋ ਅਕਸਰ ਔਰਤ ਦੇ ਹਿੱਸੇ ‘ਚ ਗਿਣੇ ਜਾਂਦੇ ਹਨ।
-ਸਾਡੇ ਪਿਉ-ਧੀ ਦੀਆਂ ਚਾਰ ਖੰਨੀਆਂ ਦਾ ਕੀ ਐ? ਕੰਮ ‘ਚ ਸਹਾਇਤਾ ਕਰਨ ਵਾਲੀ ਕੁੜੀ ਬਣਾ ਕੇ ਰੱਖ ਜਾਂਦੀ ਹੈ। ਬਹੁਤੀ ਵਾਰ ਆਪ ਬਣਾ ਲੈਨਾ।’
-ਸਤਵੰਤ ਸਰ…! ਗੱਲ ਕੰਮਾਂ ਦੀ ਨਹੀਂ, ਇੱਕ ਧੀ ਨੂੰ ਮਾਂ ਦੀ ਲੋੜ ਹੁੰਦੀ ਹੈ। ਤੁਸੀਂ ਸਮਝੋ—ਸਮਝਦੇ ਨਹੀਂ। ਜੈਸਮੀਨ ਨੂੰ ਮਾਂ ਦੀ ਲੋੜ ਹੈ। ਮਾਂ ਚਾਹੀਦੀ ਉਸਨੂੰ।’ ਪ੍ਰਨੀਤ ਨੇ ਮੱਥਾ ਫੜ ਲਿਆ ਸੀ।
-ਮੈਂ ਨੀਂ ਬਣ ਸਕਦਾ ਮਾਂ? ਮੈਂ ਜੈਸ ਦਾ ਪਿਉ ਵੀ ਹਾਂ ਤੇ ਮਾਂ ਵੀ।’
-ਸਰ !…।’ ਪ੍ਰਨੀਤ ਹੀ ਨਹੀਂ ਸਾਰਾ ਸਟਾਫ ਜਾਣਦਾ ਸੀ ਸੀ ਕਿ ਸਤਵੰਤ ਸਰ ਨੂੰ ਸਮਝਾਉਣਾ ਔਖਾ ਹੀ ਨਹੀਂ ਅਸੰਭਵ ਹੈ। ਉਨ੍ਹਾਂ ਨੇ ਸਾਰਾ ਕੁੱਝ ਭਵਿੱਖ ਦੇ ਹਵਾਲੇ ਛੱਡਦਿਆਂ ਗੱਲ ਉੱਥੇ ਹੀ ਠੱਪ ਕਰ ਦਿੱਤੀ ਸੀ।
******
‘ਸਤਵੰਤ ਸਰ! ਅੱਜ ਅਸੀਂ ਥੋਡੇ ਵੱਲ ਚਾਹ ਪੀਣ ਆਉਣਾ।’
ਸਤਵੰਤ ਨੂੰ ਇਹ ਸ਼ਬਦ ਪ੍ਰਨੀਤ ਅਤੇ ਹੋਰ ਮੈਡਮਾਂ ਨੇ ਇੱਕ ਨਹੀਂ ਅਨੇਕ ਵਾਰ ਆਖੇ ਸਨ। ਉਸਨੂੰ ਝਿਜਕ ਚਾਹ ਪਿਆਉਣ ਤੋਂ ਨਹੀਂ ਸੀ, ਝਿਜਕ ਤਾਂ ਸਿਮਰਨ ਨਾਲ ਕਿਸੇ ਤਰ੍ਹਾਂ ਦੇ ਬਣ ਜਾਣ ਵਾਲੇ ਰਿਸ਼ਤੇ ਬਾਰੇ ਸੋਚ ਕੇ ਹੁੰਦੀ। ਉਹ ਜਾਣਦਾ ਸੀ ਕਿ ਅਸਲ ‘ਚ ਇਹ ਸ਼ਬਦ ਹਨ ਤਾਂ ਸਿਮਰਨ ਦੇ ਹੀ, ਪ੍ਰਨੀਤ ਸਮੇਤ ਬਾਕੀਆਂ ਨੇ ਤਾਂ ਸਿਰਫ ਇਨ੍ਹਾਂ ਨੂੰ ਬੋਲ ਹੀ ਦਿੱਤੇ ਹਨ। ਸਤਵੰਤ ਆਪਣੇ ਅਤੇ ਬੇਟੀ ਜੈਸਮੀਨ ਵਿਚਕਾਰ ਕਿਸੇ ਤੀਸਰੇ ਦੇ ਆ ਜਾਣ ਬਾਰੇ ਤਾਂ ਕਲਪਨਾ ਵੀ ਨਹੀਂ ਸੀ ਕਰ ਸਕਦਾ। ਇਹ ਨਿਰਣਾ ਉਸਨੇ ਉਦੋਂ ਹੀ ਲੈ ਲਿਆ ਸੀ ਜਦੋਂ ਹਰਜੋਤ ਨੇ ਉਸਦੀਆਂ ਬਾਹਾਂ ‘ਚ ਆਖਰੀ ਸਾਹ ਲਿਆ ਸੀ।
‘ਚਾਹ ਦਾ ਕੀ ਹੈ? ਹੁਣੇ ਮੰਗਵਾ ਦਿੰਦੇ ਹਾਂ, ਐਥੇ ਈ। ਕੰਟੀਨ ‘ਤੇ ਫੋਨ ਕਰ ਦਿੰਨਾ। ਚਾਹ ਕਿਉਂ ਦੁੱਧ ‘ਚ ਪੱਤੀ ਈ ਪੀਓ। ਨਾਲ ਕੜੱਕ ਕਰਦੀਆਂ ਕਰਾਰੀਆਂ ਕਰਾਰੀਆਂ ਮੱਠੀਆਂ।’ ਸਤਵੰਤ ਨੇ ਇਸ ਵਾਰ ਵੀ ਉਹੀ ਜਵਾਬ ਦਿੱਤਾ, ਜੋ ਪਹਿਲਾਂ ਕਈ ਵਾਰ ਦੇ ਚੁੱਕਾ ਸੀ।
‘ਕੰਟੀਨ ਤੋਂ ਤਾਂ ਅਸੀਂ ਵੀ ਮੰਗਵਾ ਸਕਦੀਆਂ, ਗੱਲ ਤਾਂ ਘਰਦੀ ਚਾਹ ਪੀਣ ਦੀ ਸੀ।’ ਹੁਣ ਤਾਂ ਸ਼ਬਦ ਵੀ ਸਿਮਰਨ ਦੇ ਸਨ ਤੇ ਬੋਲ ਵੀ।
‘ਪਰ ਘਰੇ ਚਾਹ ਬਣਾਊ ਕੌਣ? ਮੇਰੀ ਬਣਾਈ ਚਾਹ ਥੋਨੂੰ ਪਸੰਦ ਨ੍ਹੀ ਆਉਣੀ। ਜਾਂ ਮਿੱਠਾ ਤੇਜ਼ ਹੋ ਜਾਣਾ ਜਾਂ ਪੱਤੀ। ਅਕਸਰ ਆਏਂ ਹੀ ਹੁੰਦਾ ਮੇਰੇ ਤੋਂ ਤਾਂ।’
‘ਇਹਦਾ ਨਾ ਫਿਕਰ ਕਰੋ, ਬਣਾ ਅਸੀਂ ਆਪੇ ਲਵਾਂਗੇ, ਕਿਉਂ ਸਿਮਰਨ ਮੈਮ?’ ਪ੍ਰਨੀਤ ਨੇ ਸਿਮਰਨ ਦਾ ਹੁੰਗਾਰਾ ਭਰਵਾਉਣ ਲਈ ਕੂਹਣੀ ਮਾਰੀ, ‘ਚਾਹ ਬਣਾਉਣ ਵਾਲੇ ਤਾਂ ਤਿਆਰ ਬੈਠੇ ਕਦੋਂ ਦੇ।’
ਸਤਵੰਤ ਦਾ ਦਿਲ ਕਈ ਵਾਰ ਤਾਂ ‘ਹਾਂ’ ਆਖਣ ਲਈ ਤਿਆਰ ਹੁੰਦਾ ਪਰ ਛੇਤੀ ਆਪਣੇ ਆਪ ਨੂੰ ਸੰਭਾਲ ਲੈਂਦਾ। ਗੱਲ ਸਿਰਫ਼ ਚਾਹ ਦੀ ਹੁੰਦੀ ਤਾਂ ਇੱਕ ਵਾਰ ਨਹੀਂ –ਵਾਰ ਵਾਰ ਉਨ੍ਹਾਂ ਨੂੰ ਘਰ ਬੁਲਾ ਲਿਆ ਕਰਦਾ।
‘ਕੋਈ ਨਾ, ਇਕੱਲੀ ਚਾਹ ਈ ਨਹੀਂ ਪਿਆਉਂਦਾ, ਨਾਲ ਕੁੱਝ ਨਾ ਕੁੱਝ ਖਾਣ ਨੂੰ ਵੀ ਰੱਖੂੰ। ਪਰ ਅੱਜ ਨਹੀਂ ਕਦੇ ਫੇਰ ਸਹੀ। ਅੱਜ ਬੇਟੀ ਦੀ ਕਿਸੇ ਫਰੈਂਡ ਦਾ ਬਰਥਡੇ ਹੈ। ਬੇਟੀ ਨੂੰ ਲੈ ਕੇ ਓਧਰ ਜਾਣਾ। ਮੈਂ ਤਾਂ ਸਗੋਂ ਲੇਟ ਹੋ ਗਿਆ। ਬੱਸ ਘੰਟੀ ਉਡੀਕਦਾਂ। ਵੱਜਣ ਦੀ ਦੇਰ ਆ, ਦੌੜ ਜਾਣਾ।’ ਸਤਵੰਤ ਨੇ ਨੀਵੀਂ ਪਾਇਆਂ ਹੀ ਟਾਲਾ ਮਾਰ ਦਿੱਤਾ ਜਿਵੇਂ ਅਕਸਰ ਮਾਰ ਦਿੰਦਾ ਸੀ। ਉਸਨੇ ਸਿਮਰਨ ਦੇ ਚਿਹਰੇ ਵੱਲ ਕਦੇ ਸਿੱਧਾ ਤਾਂ ਨਹੀਂ ਸੀ ਵੇਖਿਆ ਪਰ ਚੋਰੀ-ਛਪੋਰੀ ਜਦੋਂ ਵੀ ਵੇਖਿਆ-ਉੱਥੇ ਫੱਗਣ ਮਹੀਨੇ ਦੇ ਕਿੰਨੇ ਸਾਰੇ ਫੁੱਲ ਖਿੜੇ ਪਏ ਹੁੰਦੇ। ਕਦੇ ਕਦੇ ਤਾਂ ਉਸਦਾ ਜੀਅ ਕਰਦਾ ਇਨ੍ਹਾਂ ਖਿੜੇ ਫੁੱਲਾਂ ਕੋਲ ਮੂੰਹ ਲਿਜਾ ਕੇ ਮਹਿਕ ਸੁੰਘੇ ਤੇ ਜੇ ਹੋ ਸਕੇ ਤਾਂ ਖਿੜ ਖਿੜ ਹੱਸਦੇ ਫੁੱਲਾਂ ਨੂੰ ਚੁੰਮ ਲਵੇ। ਪਰ ਆਪਣੇ ਅੰਦਰ ਉੱਠਦੇ ਵਲਵਲਿਆਂ ਨੂੰ ਅੰਦਰ ਹੀ ਦਬਾ, ਮਰਿਆਦਾ ਦੀ ਚਾਦਰ ਨੂੰ ਹੋਰ ਜ਼ਿਆਦਾ ਘੁੱਟ ਕੇ ਜੱਫੀ ਮਾਰ ਲੈਂਦਾ। ਆਪਣੇ ਹੀ ਫੈਸਲੇ ਦੀ ਖਿੱਚੀ ਲਛਮਣ ਰੇਖਾ ਉਸਦੇ ਅੱਗੇ ਆ ਖੜਦੀ,
‘ਕਿਸੇ ਤੋਂ ਹਰਜੋਤ ਨਹੀਂ ਬਣਿਆ ਜਾਣਾ-ਨਾ ਮੇਰੇ ਲਈ ਤੇ ਨਾ ਜੈਸਮੀਨ ਲਈ। ਹਰਜੋਤ ਤੋਂ ਬਿਨਾ ਜੈਸਮੀਨ ਹੋਰ ਭਲਾ ਕਿਸੇ ਦੀ ਕੀ ਲੱਗਦੀ ਹੈ? –ਤੇ ਹਰਜੋਤ ਦੀ ਇੱਕੋ-ਇੱਕ ਨਿਸ਼ਾਨੀ ਜੈਸਮੀਨ ਨੂੰ ਕਿਸੇ ਮਤਰੇਈ ਮਾਂ ਦਾ ਵਿਤਕਰਾ ਸਹਿਣਾ ਪਵੇ, ਇਹ ਮੇਰੇ ਤੋਂ ਕਿਵੇਂ ਵੀ ਜਰਿਆ ਨਹੀਂ ਜਾਣਾ।’
ਕਿਸੇ ਹੋਰ ਬਾਰੇ ਸੋਚਦਿਆਂ ਸਤਵੰਤ ਦੇ ਅੰਦਰ ਅਜਿਹਾ ਘੋਲ ਚੱਲਣ ਲੱਗ ਜਾਂਦਾ।
‘ਥੋਡੀ ਮਰਜੀ ਏ ਸਰ! ਹਰ ਵਾਰ ਟਾਲਾ ਮਾਰ ਜਾਨੇ ਓਂ।’ ਪ੍ਰਨੀਤ ਮੈਡਮ ਦੀਆਂ ਭੇਤਭਰੀਆਂ ਨਜ਼ਰਾਂ ਸਿਮਰਨ ਵੱਲ ਵੇਖਦੀਆਂ ਤਾਂ ਉਸਦੀਆਂ ਅੱਖਾਂ ‘ਚ ਉਦਾਸੀ ਲਹਿ ਆਉਂਦੀ।
ਸਾਲ ਕੁ ਪਹਿਲਾਂ ਜਦੋਂ ਸਿਮਰਨ ਇਸ ਸਕੂਲ ‘ਚ ਬਦਲੀ ਕਰਵਾ ਕੇ ਆਈ ਸੀ, ਅਸਲੋਂ ਉਦਾਸ ਤੇ ਨਿਰਾਸ਼ ਜਿਹੀ ਸੀ। ਅੰਦਰ ਨੂੰ ਧੱਸੀਆਂ ਅੱਖਾਂ ਤੇ ਵਿਸਾਰ ਵਰਗਾ ਪੀਲਾ ਭੂਕ ਚਿਹਰਾ। ਪੱਤਝੜ ਮਾਰੇ ਰੁੰਡ-ਮਰੁੰਡ ਹੋਏ ਰੁੱਖ ਵਰਗਾ। ਜ਼ਿਆਦਾ ਦਿਨ ਨਹੀਂ ਸੀ ਲੱਗੇ, ਸਿਮਰਨ ਦੀ ਉਦਾਸੀ ਦੇ ਕਾਰਨ ਏਧਰੋਂ-ਓਧਰੋਂ ਯਾਤਰਾ ਕਰਦੇ ਸਕੂਲ ਦਾ ਗੇਟ ਟੱਪ ਆਏ ਸਨ।
‘ਸਰ ਜੀ, ਨਵੀਂ ਮੈਡਮ ਨਾਲ ਤਾਂ ਜਮਾ ਈ ਧੱਕਾ ਹੋਇਐ।’ ਸੇਵਾਦਾਰ ਰਾਮ ਪ੍ਰਵੇਸ਼ ਨੇ ਪਾਣੀ ਦਾ ਗਿਲਾਸ ਫੜਾਉਂਦਿਆਂ ਆਪਣੇ ਖ਼ਬਰੀ ਪਿਟਾਰੇ ‘ਚੋਂ ਅਸਲੋਂ ਨਵੀਂ ਖ਼ਬਰ ਬਾਹਰ ਕੱਢੀ ਸੀ। ਉਸ ਕੋਲ ਸੁਣਾਉਣ ਲਈ ਹਰ ਵੇਲੇ ਕੋਈ ਨਾ ਕੋਈ ਤਾਜ਼ੀ ਖ਼ਬਰ ਹੁੰਦੀ।
‘ਕੀ ਹੋਇਆ?’
‘ਸਰ ਜੀ! ਤੁਸੀਂ ਵੀ ਨਾ ਬੱਸ! ਸਾਰੇ ਸਕੂਲ ਨੂੰ ਤਾਂ ਪਤਾ-ਤੁਸੀਂ ਪਤਾ ਨ੍ਹੀ ਕਿਹੜੇ ਮਾਤਲੋਕ ‘ਚ ਰਹਿਨੇ ਓਂ?’ ਸਤਵੰਤ ਜਾਣਦਾ ਸੀ ਕਿ ਬਾਕੀ ਸਾਰੇ ਸਟਾਫ ਨੂੰ ਵੀ ਇਹ ਖ਼ਬਰ ਰਾਮ ਪ੍ਰਵੇਸ਼ ਦੇ ਚੈੱਨਲ ਰਾਹੀਂ ਹੀ ਪਤਾ ਲੱਗੀ ਹੋਵੇਗੀ।
ਉਸ ਦਿਨ ਹੀ ਸਤਵੰਤ ਨੂੰ ਪਤਾ ਲੱਗਾ ਕਿ ਸਿਮਰਨ ਨਾਂ ਦੇ ਇਸ ਰੁੱਖ ‘ਤੇ ਸ਼ੁਰੂ ਤੋਂ ਹੀ ਪਤਝੜ ਦੀ ਰੁੱਤ ਨਹੀਂ ਸੀ। ਕਿਸੇ ਵਕਤ ਇਹ ਰੁੱਖ ਵੀ ਪੂਰਾ ਹਰਿਆ ਭਰਿਆ ਤੇ ਟਹਿਕਦਾ ਸੀ। ਇਸਦੀਆਂ ਪੱਤੀਆਂ ਵੀ ਚੜ੍ਹਦੇ ਸੂਰਜ ਦੀਆਂ ਕਿਰਨਾਂ ਦੇ ਕੋਸੇ ਕੋਸੇ ਚੁੰਮਣ ਭਰਦੀਆਂ, ਟਾਹਣੀਆਂ ਵੀ ਹਵਾ ਚੱਲਣ ‘ਤੇ ਝੂੰਮਦੀਆਂ ਹੋਈਆਂ ਮਿੱਠੇ ਪਿਆਰੇ ਗੀਤ ਗਾਉਂਦੀਆਂ। ਹਰ ਸਵੇਰ ਇਸਦੇ ਸੂਹੇ ਫੁੱਲ ਮੱਘਰ-ਪੋਹ ਦੀ ਤਰੇਲ ‘ਚ ਇਸ਼ਨਾਨ ਕਰਕੇ ਤਰੋਤਾਜ਼ਾ ਹੁੰਦੇ। ਉਦੋਂ ਹਰੇਕ ਕੁੜੀ ਵਾਂਗ ਸਿਮਰਨ ਦੇ ਸੁਪਨਿਆਂ ‘ਚ ਵੀ ਕੋਈ ਰਾਜ ਕੁਮਾਰ ਆਉਂਦਾ ਹੋਵੇਗਾ।
‘ਸਤਵੰਤ ਸਰ! ਮੈਡਮ ਸਿਮਰਨ ਦੇ ਤਾਂ ਮਾਪੇ ਈ ਵੈਰੀ ਬਣਗੇ।’ ਰਾਮ ਪ੍ਰਵੇਸ਼ ਦੇ ਚੈੱਨਲ ਨੇ ਖ਼ਬਰ ਦਾ ਵਿਸਥਾਰ ਦੇਣਾ ਸ਼ੁਰੂ ਕੀਤਾ।
‘ਕਿਵੇਂ?’
‘ਤੁਸੀਂ ਆਪ ਈ ਦੱਸੋ-ਐਹੋ ਜ੍ਹੀ ਐਕਟਰਨੀਆਂ ਵਰਗੀ ਸੋਹਣੀ ਕੁੜੀ ਨੂੰ ਏਧਰ ਕੋਈ ਕਮੀ ਸੀ ਮੁੰਡਿਆਂ ਦੀ? ਉਹ ਵੀ ਓਸ ਕੁੜੀ ਆਸਤੇ ਜਿਹੜੀ ਚੰਗੀ ਭਲੀ ਨੌਕਰੀ ਕਰਦੀ ਹੋਵੇ।’
‘ਹਾਂ –ਇਕ ਤੋਂ ਇੱਕ ਸੋਹਣੇ ਮੁੰਡੇ ਮਿਲ ਜਾਂਦੇ। ਵੈਸੇ ਵੀ ਸਿਮਰਨ ਸੋਹਣੀ ਤਾਂ ਹੈ ਈ, ਸਿਆਣੀ ਤੇ ਜ਼ਹੀਨ ਵੀ ਜਾਪਦੀ। ਜਿੰਨਾ ਕੁ ਹੁਣ ਤੱਕ ਵੇਖਿਆ…।’ ਸਤਵੰਤ ਨੇ ਓਹੀ ਹੁੰਗਾਰਾ ਭਰਿਆ ਜੋ ਸਿਮਰਨ ਬਾਰੇ ਹੁਣ ਤੱਕ ਮਹਿਸੂਸ ਕੀਤਾ ਸੀ।
‘ਪਰ ਜਿਵੇਂ ਆਂਹਦੇ ਹੁੰਦੇ—ਕਿਸਮਤ ਮੂਹਰੇ ਸਿਆਣਪ ਨੀ ਨਾ ਚੱਲਦੀ। ਨਾਲੇ ਕਿਸੇ ਗੀਤ ਵਾਂਗੂੰ ਜਿੰਨਾ ਦੇ ਰੂਪ ਸੋਹਣੇ ਹੁੰਦੇ-ਉਨ੍ਹਾਂ ਦੇ ਲੇਖ ਖੋਟੇ ਹੁੰਦੇ। ਬਾਕੀ ਮਾਂ-ਪਿਉ ਆਵਦੀਆਂ ਗਿਣਤੀਆਂ-ਮਿਣਤੀਆਂ ‘ਚ ਪੈ ਜਾਂਦੇ। ਸੋਚਦੇ ਹੋਣਗੇ ਕੁੜੀ ਬਾਹਰ ਚਲੀ ਜਾਊ ਤਾਂ ਟੱਬਰ ਦੇ ਬਾਕੀ ਜੀਆਂ ਦੀ ਵੀ ਜਹਾਜ ਨੂੰ ਪੌੜੀ ਲੱਗਜੂ। ਬਾਹਰ ਦੇ ਚਾਅ ‘ਚ ਮੁੰਡੇ ਦੀ ਘੋਖ ਪੜਤਾਲ ਵੀ ਨੀ ਕੀਤੀ ਹੋਣੀ।’
‘ਧੋਖਾ ਹੋ ਗਿਆ? ਬਾਹਰਲੇ ਕੇਸਾਂ ‘ਚ ਅਕਸਰ ਐਹੇ ਜਿਆ ਹੋ ਜਾਂਦਾ।’ ਸਤਵੰਤ ਸਰ ਨੇ ਕਾਹਲੀ ਨਾਲ ਜਵਾਬ ਦਿੱਤਾ। ਦਰਅਸਲ ਉਸਨੂੰ ਦੱਸਣ ਨਾਲੋਂ ਸੁਨਣ ਦੀ ਕਾਹਲੀ ਸੀ।
‘ਧੋਖੇ ਵਰਗਾ ਧੋਖਾ…?’ ਵਿਆਹ ਕਰਵਾ ਕੇ ਮੁੰਡਾ ਚਲਿਆ ਗਿਆ ਵਾਪਸ। ਦੋ ਮਹੀਨੇ ਉਡੀਕ-ਚਾਰ ਮਹੀਨੇ ਉਡੀਕ। ਨਾ ਚਿੱਠੀ ਨਾ ਪੱਤਰ। ਨਾ ਫੋਨ ਨਾ ਸੁੱਖ-ਸੁਨੇਹਾ। ਫੇਰ ਕਿਤੇ ਜਾ ਕੇ ਮੈਡਮ ਦੇ ਘਰਦਿਆਂ ਦੀਆਂ ਅੱਖਾਂ ਖੁੱਲ੍ਹੀਆਂ। ਕਾਹਦੀਆਂ ਖੁੱਲ੍ਹੀਆਂ? ਜਿਹੋ ਜਿਹੀਆਂ ਖੁੱਲ੍ਹੀਆਂ-ਨਾ ਖੁੱਲ੍ਹੀਆਂ। ਏਧਰੋਂ ਓਧਰੋਂ ਪਤਾ ਕਰਵਾਇਆ। ਮੁੰਡਾ ਤਾਂ ਪਹਿਲੋਂ ਵੀ ਵਿਆਹਿਆ ਹੋਇਆ ਸੀ ਓਧਰ। ਤਲਾਕ ਦਾ ਕੇਸ ਚੱਲਦਾ ਸੀ। ਉੱਤੋਂ ਸਿਰੇ ਦਾ ਨਸ਼ੇੜੀ। ਏਥੋਂ ਜਾਂਦਿਆਂ ਈ ਨਸ਼ੇ ਦੀ ਸਮੱਗਲਿੰਗ ਕਰਦਿਆਂ ਕਾਬੂ ਆ ਗਿਆ। ਜੇਲ੍ਹ ਅੰਦਰ ਬੈਠਾ।’
‘ਓਹ ਤੇਰੀ!’
‘ਏਧਰ ਵਿਚਾਰੀ ਮੈਡਮ ਨਾ ਵਿਆਹੀ ਨਾ…। ਹੁਣ ਤੇ ਸੁਣਿਆ ਨਿਬੜ-ਨਿਬੜਾ ਗਿਆ। ਪਰ ਸਰ ਜੀ…ਸੂਰਜ ‘ਤੇ ਦਾਗ ਤਾਂ ਲੱਗ ਗਿਆ ਨਾ।’
ਸਤਵੰਤ ਦਾ ਜੀਅ ਕੀਤਾ ਆਖੇ, ‘ਸੂਰਜ ‘ਤੇ ਦਾਗ ਨ੍ਹੀ ਲੱਗਦਾ ਹੁੰਦਾ।’ ਪਰ ਉਹ ਜਾਣਦਾ ਸੀ ਕਿ ਉਸਦੀ ਆਖੀ ਇੰਨੀ ਕੁ ਗੱਲ ਵੀ ਰਾਮ ਪ੍ਰਵੇਸ਼ ਦੇ ਚੈੱਨਲ ਰਾਹੀਂ ਹੋਰ ਦੀ ਹੋਰ ਬਣ ਕੇ ਸਾਰੇ ਸਕੂਲ ਅਤੇ ਸਕੂਲੋਂ ਬਾਹਰ ਤੱਕ ਫਲੈਸ਼ ਹੋ ਜਾਣੀ ਹੈ।
‘ਮੇਰੇ ਸਾਬ੍ਹ ਨਾਲ ਤਾਂ ਮੈਡਮ ਨੂੰ ਸਾਥੀ ਲੱਭ ਕੇ ਘਰ ਵਸਾ ਲੈਣਾ ਚਾਹੀਦਾ।’ ਸਤਵੰਤ, ਰਾਮ ਪ੍ਰਵੇਸ਼ ਦੇ ਚੈੱਨਲ ਤੋਂ ਨਸ਼ਰ ਇਸ ਖ਼ਬਰ ਦੇ ਮਾਇਨੇ ਵੀ ਸਮਝਦਾ ਸੀ।
‘ਸਤਵੰਤ ਸਰ! ਜਦੋਂ ਕਿਸੇ ਨਾਲ ਐਡੀ ਵੱਡੀ ਅਣਹੋਣੀ ਹੋਜੇ, ਚਾਅ ਰੀਝਾਂ ਤਾਂ ਬੰਦੇ ਦੀਆਂ ਊਈਂ ਸੜ ਕੇ ਸਵਾਹ ਹੋ ਜਾਂਦੀਆਂ। ਤਾਂ ਹੀ ਤਾਂ ਵਿਚਾਰੀ ਬੁੱਝੀ-ਬੁੱਝੀ ਜ੍ਹੀ ਰਹਿੰਦੀ ਐ। ਹੈ ਭਲਾ ਚਿਹਰੇ ‘ਤੇ ਰੌਂਅ ਕਿਸੇ ਕਿਸਮ ਦੀ?’
‘ਮਾਨਸਿਕ ਸੱਟ ਤਾਂ ਲੱਗਦੀ ਹੀ ਹੈ।’
‘ਸਰ ਜੀ! ਕੋਈ ਐਹੇ ਜ੍ਹਾ ਲੱਭੇ ਜਿਹੜਾ ਲੋੜਵੰਦ ਵੀ ਹੋਵੇ ਤੇ ਥੋਡੇ ਵਰਗਾ ਸਾਊ ਵੀ। ਐਹੇ ਜ੍ਹਾ ਬੰਦਾ ਈ ਕਦਰ ਪਾਊ ਮੈਡਮ ਜੀਆਂ ਦੀ।’ ਰਾਮ ਪ੍ਰਵੇਸ਼ ਆਪ ਮੁਹਾਰੇ ਬੋਲਦਾ ਰਿਹਾ।
‘ਰਾਮ ਪ੍ਰਵੇਸ਼! ਉਹਦੀ ਜਿੰਦਗੀ ਹੈ, ਉਹਨੂੰ ਬਿਹਤਰ ਪਤਾ ਕੀ ਕਰਨਾ, ਕੀ ਨਹੀਂ ਕਰਨਾ ਜਾਂ ਕਦੋਂ ਕਰਨਾ ਕਦੋਂ ਨਹੀਂ ਕਰਨਾ।’ ਸਤਵੰਤ ਜਾਣਦਾ ਸੀ ਕਿ ਜਿੰਨਾ ਚਿਰ ਤੱਕ ਖਹਿੜਾ ਛੁਡਾ ਕੇ ਤੁਰ ਨਹੀਂ ਪੈਂਦਾ, ਓਨਾ ਚਿਰ ਤੱਕ ਰਾਮ ਪ੍ਰਵੇਸ਼ ਦੇ ਚੈੱਨਲ ਨੇ ਕੋਈ ਨਾ ਕੋਈ ਤਬਸਰਾ ਕਰਦੇ ਹੀ ਰਹਿਣਾ ਹੈ। ਇਸ ਕਰਕੇ ਉਸਨੇ ਤੁਰ ਪੈਣਾ ਹੀ ਬਿਹਤਰ ਸਮਝਿਆ।
‘ਸਰ ਜੀ ! ਮੇਰੀ ਮੰਨੋ ਤਾਂ ਕਿਸੇ ਮੈਡਮ ਰਾਹੀਂ ਆਪਣੀ ਗੱਲ ਚਲਾ ਕੇ ਵੇਖੋ—ਆਖੋਂ ਤਾਂ ਮੈਂ…। ਚਲਾ ਲੈਨਾ ਕਿਸੇ ਨਾ ਕਿਸੇ ਬਹਾਨੇ ਗੱਲ।’ ਰਾਮ ਪ੍ਰਵੇਸ਼ ਦੇ ਬੋਲ ਵਣਜਾਰੇ ਦੀ ਹਾਕ ਵਾਂਗ ਸਤਵੰਤ ਦੇ ਮਗਰ ਤੁਰ ਆਏ ਸਨ। ***
‘ਸਤਵੰਤ ਸਰ! ਤੁਸੀਂ ਕੱਲ੍ਹ ਨੂੰ ਖਾਣਾ ਨ੍ਹੀ ਲਿਆਉਣਾ। ਕੱਲ੍ਹ ਕੋਈ ਜਰੂਰੀ ਪਾਰਟੀ ਕਰਨੀ ਹੈ।’ ਪ੍ਰਨੀਤ ਮੈਡਮ ਦਾ ਇਹ ਸੱਦਾ ਨਹੀਂ ਜਿਵੇਂ ਹੁਕਮ ਸੀ।
ਅਗਲੇ ਦਿਨ ਸਾਰੀਆਂ ਮੈਡਮਾਂ ਸਟਾਫ ਰੂਮ ‘ਚ ਕੇਕ ਲਈ ਬੈਠੀਆਂ ਸਨ।
‘ਹੈਪੀ ਬਰਥਡੇ ਟੂ ਯੂ…ਹੈਪੀ ਬਰਥ ਡੇ ਟੂ ਸਤਵੰਤ ਸਰ!’ ਤਾੜੀਆਂ ਦੇ ਨਾਲ ਸੰਗੀਤਮਈ ਆਵਾਜ਼ ਹਵਾ ‘ਚ ਲਰਜ਼ ਰਹੀ ਸੀ।
‘ਹੈਂਅ! ਆਹ ਤਾਂ ਤੁਸੀਂ ਕਮਾਲ ਈ ਕਰ ਦਿੱਤੀ। ਮੈਨੂੰ ਤਾਂ ਆਪਣਾ ਜਨਮ ਦਿਨ ਯਾਦ ਹੀ ਨਹੀਂ ਸੀ।’ ਸਤਵੰਤ ਨੂੰ ਹਰਜੋਤ ਯਾਦ ਆਈ, ਜੋ ਉਸਨੂੰ ਬਿਨਾਂ ਦੱਸਿਆਂ ਕੇਕ ਲਿਆ ਕੇ ਅਤੇ ਮੋਮਬੱਤੀਆਂ ਜਗਾ ਕੇ ਜਨਮ ਦਿਨ ਯਾਦ ਕਰਵਾ ਦਿੰਦੀ ਸੀ।
‘ਤੁਸੀਂ ਨਹੀਂ ਸਰ, ‘ਮੈਡਮ ਸਿਮਰਨ’ ਕਹੋ। ਇਹ ਕੇਕ ਸਿਮਰਨ ਨੇ ਬਣਾਇਆ। ਆਪਣੇ ਹੱਥਾਂ ਨਾਲ।’ ਮੈਡਮ ਜੀਵਨ ਨੇ ‘ਆਪਣੇ ਹੱਥਾਂ ਨਾਲ’ ਸ਼ਬਦ ‘ਤੇ ਲੋੜੋਂ ਵੱਧ ਜ਼ੋਰ ਦਿੱਤਾ।
‘—ਤੇ ਐਹ ਲਵੋ ਆਪਣਾ ਗਿਫ਼ਟ!’ ਬੜਾ ਖੂਬਸੂਰਤ ਚਿਤਰ ਸੀ। ਦੋ ਹੱਥਾਂ ਦੀ ਆਪਸੀ ਕਰਿੰਘੜੀ ਪਈ ਹੋਈ ਸੀ। ਇੱਕ ਹੱਥ ਔਰਤ ਦਾ ਸੀ। ਨਾਜ਼ਕ ਨਰਮ ਤੇ ਕੂਲਾ ਕੂਲਾ, ਦੂਜਾ ਭਰਵਾਂ ਮਰਦਾਨਾ ਹੱਥ।
‘ਇਹ ਵੀ ਮੈਂ ਹੀ ਬਣਾਇਆ।’ ਸਿਮਰਨ ਦੇ ਚਿਹਰੇ ‘ਤੇ ਜਿਵੇਂ ਹਜ਼ਾਰਾਂ ਫੁੱਲ ਖਿੜੇ ਪਏ ਸਨ।
ਸਤਵੰਤ ਦੇ ਅੰਦਰ ਕੁੱਝ ਸਰਕਿਆ। ਨਾ ਚਾਹੁੰਦਿਆਂ ਵੀ ਅੱਖਾਂ ‘ਚ ਪਾਣੀ ਉੱਤਰ ਆਇਆ।
‘ਜਦੋਂ ਦੀ ਹਰਜੋਤ ਗਈ, ਮੈਨੂੰ ਤਾਂ ਆਪਣਾ ਜਨਮ ਦਿਨ ਵੀ ਭੁੱਲ-ਭੁਲਾ ਗਿਆ…।’ ਖੁਸ਼ੀ ਵਾਲੇ ਮਾਹੌਲ ‘ਚ ਉਦਾਸੀ ਦੀ ਲਕੀਰ ਉੱਭਰੀ, ਜਿਸਨੂੰ ਮੈਡਮ ਪ੍ਰਨੀਤ ਨੇ ਉਚੇਚੇ ਯਤਨ ਨਾਲ ਆਪਣੇ ਹਾਸੇ ਭਰੇ ਬੋਲਾਂ ਨਾਲ ਆਲੋਪ ਕਰ ਦਿੱਤਾ।
‘ਫ਼ਿਕਰ ਨਾ ਕਰੋ ਸਤਵੰਤ ਸਰ! ਤੁਹਾਡਾ ਜਨਮ ਦਿਨ ਯਾਦ ਕਰਵਾਉਣ ਦੀ ਜਿੰਮੇਵਾਰੀ ਹੁਣ ਅਸੀਂ ਸਿਮਰਨ ਨੂੰ ਸੌਂਪ ਦਿੱਤੀ ਹੈ।’ ਪ੍ਰਨੀਤ ਦੇ ਬੜੀ ਸਹਿਜਤਾ ਨਾਲ ਆਖੇ ਇਨ੍ਹਾਂ ਬੋਲਾਂ ਦੇ ਅਰਥਾਂ ‘ਚ ਉਤਰਦਿਆਂ ਸਿਮਰਨ ਦੇ ਸੂਹੇ ਰੰਗ ‘ਚ ਸ਼ਰਮ ਦੀ ਲਾਲੀ ਘੁਲ ਗਈ। ਸਤਵੰਤ ਹੱਕਾ-ਬੱਕਾ ਰਹਿ ਗਿਆ। ਅਜਿਹੇ ਸ਼ਬਦਾਂ ਦੀ ਤਾਂ ਉਸਨੇ ਕਲਪਨਾ ਵੀ ਨਹੀਂ ਸੀ ਕੀਤੀ। ਪ੍ਰਤੀਕਰਮ ਦੇਣ ਲਈ ਉਸ ਕੋਲ ਲੋੜੀਂਦੇ ਸ਼ਬਦ ਨਹੀਂ ਸਨ ਜੁੜ ਰਹੇ।
ਉਸ ਦਿਨ ਤੋਂ ਬਾਅਦ ਸਤਵੰਤ ਨੂੰ ਮਹਿਸੂਸ ਹੁੰਦਾ ਜਿਵੇਂ ਸਿਮਰਨ ਨਾਂ ਦਾ ਉਪਗ੍ਰਹਿ ਉਸ ਦੁਆਲੇ ਘੁੰਮਣਾ ਸ਼ੁਰੂ ਹੋ ਗਿਆ ਹੋਵੇ ਤੇ ਉਸਦੇ ਨਾ ਚਾਹੁੰਦਿਆਂ ਵੀ ਇਹ ਉਪਗ੍ਰਹਿ ਉਸਦੀ ਗੁਰੂਤਾ ਖਿੱਚ ਦੇ ਘੇਰੇ ‘ਚ ਸਰਕਦਾ ਆ ਰਿਹਾ ਹੋਵੇ।
-ਸਿਮਰਨ ਮੈਨੂੰ ਚੰਗੀ ਚੰਗੀ ਕਿਉਂ ਲੱਗਣ ਲੱਗੀ ਹੈ? ਕਿਤੇ ਮੈਂ ਆਪਣੇ ਫੈਸਲੇ ਤੋਂ ਤਿਲਕ ਤਾਂ ਨਹੀਂ ਰਿਹਾ?’ ਆਪਣੇ ਆਪ ਨਾਲ ਸਵਾਲ-ਜਵਾਬ ਕਰਦਿਆਂ ਸਤਵੰਤ ਨੂੰ ਹਰਜੋਤ ਦੇ ਉਹ ਬੋਲ ਯਾਦ ਆਏ ਜੋ ਉਸਨੇ ਮਾਸਟਰ ਸਵਰਨ ਦੇ ਘਰੋਂ ਪਰਤਦਿਆਂ ਆਖੇ ਸਨ।
‘ਬੰਦੇ ਦੀ ਜਾਤ ਬੜੀ ਤਿਲਕਵੀਂ ਹੁੰਦੀ। ਥਿੰਦੇ ਘੜੇ ਵਰਗੀ।’ ਉਸ ਦਿਨ ਦੋਵੇਂ ਜੀਅ ਮਾਸਟਰ ਸਵਰਨ ਸਿੰਘ ਦੇ ਪਿੰਡ ਉਸਦੀ ਗੁਜ਼ਰ ਗਈ ਪਤਨੀ ਦਾ ਅਫਸੋਸ ਪ੍ਰਗਟ ਕਰਨ ਗਏ ਸਨ। ਸਤਵੰਤ ਅਤੇ ਸਵਰਨ ਸਿੰਘ ਦੋਵਾਂ ਨੇ ਬੀ ਐੱਡ ਸੁਧਾਰ ਕਾਲਜ ਤੋਂ ਕੀਤੀ ਸੀ। ਸਵਰਨ ਪਰਿਵਾਰ ਦਾ ਜਾਣੂ ਹੀ ਨਹੀਂ ਨੇੜਲਾ ਸੀ। ਬੜਾ ਤਿਓ ਪ੍ਰੇਮ ਸੀ ਦੋਵਾਂ ਪਰਿਵਾਰਾਂ ਦਾ। ਚਰਨਜੀਤ ਦਾ ਸੁਭਾਅ ਵੀ ਹਰਜੋਤ ਵਾਂਗ ਨਿੱਘਾ ਤੇ ਖੁੱਲ੍ਹਾ। ਹਰਜੋਤ ਤੇ ਸਤਵੰਤ ਅਕਸਰ ਦੋਵਾਂ ਜੀਆਂ ਦੇ ਆਪਸੀ ਪਿਆਰ ਦੀਆਂ ਗੱਲਾਂ ਕਰਦੇ। ਜਿਵੇਂ ਇੱਕ ਦੂਜੇ ਲਈ ਹੀ ਬਣੇ ਹੋਣ। ਫੇਰ ਮਾਸਟਰ ਸਵਰਨ ਸਿੰਘ ਦੀ ਬਦਲੀ ਨਕੋਦਰ ਹੋ ਗਈ। ਵਾਟ ਭਾਵੇਂ ਦੂਰ ਹੋ ਗਈ ਸੀ ਪਰ ਇਸਦੇ ਬਾਵਜੂਦ ਦੋਵੇਂ ਪਰਿਵਾਰ ਦੂਜੇ-ਚੌਥੇ ਮਹੀਨੇ ਇੱਕ ਦੂਜੇ ਕੋਲ ਗੇੜਾ ਮਾਰਦੇ। ਜਦੋਂ ਚਰਨਜੀਤ ਨੂੰ ਨੌਕਰੀ ਮਿਲੀ ਤਾਂ ਮਾਸਟਰ ਸਵਰਨ ਸਿੰਘ ਹੁਰਾਂ ਨੂੰ ਨਵਾਂ ਸ਼ਹਿਰ ਸ਼ਿਫਟ ਕਰਨਾ ਪਿਆ। ਹੁਣ ਮਹੀਨਿਆਂ ਵਾਲਾ ਮੇਲ-ਮਿਲਾਪ ਸਾਲਾਂ ‘ਤੇ ਜਾ ਪਿਆ।
ਇੱਕ ਦੂਜੇ ਲਈ ਬਣੀ ਸਵਰਨ ਅਤੇ ਚਰਨਜੀਤ ਦੀ ਜੋੜੀ ‘ਚੋਂ ਚਰਨਜੀਤ ਦੀ ਮੌਤ ਦਾ ਪਤਾ ਸਤਵੰਤ ਨੂੰ ਕਈ ਦਿਨਾਂ ਬਾਅਦ ਲੱਗਾ। ਉਹ ਦੋਵੇਂ ਜੀਅ ਸੁੰਨ ਰਹਿ ਗਏ। ਅਫਸੋਸ ਕਰਨ ਲਈ ਓਸੇ ਐਤਵਾਰ ਮਾਸਟਰ ਸਵਰਨ ਸਿੰਘ ਵੱਲ ਦੌੜੇ। ਜਦੋਂ ਮਾਸਟਰ ਜੀ ਦੇ ਘਰ ਪਹੁੰਚੇ ਤਾਂ ਨਵਾਂ ਤਾਜ਼ਾ ਲਾਲ ਚੂੜਾ ਪਾਈ ਫਿਰਦੀ ਔਰਤ ਨੂੰ ਵੇਖ ਠਠੰਬਰ ਗਏ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਸਟਰ ਜੀ ਨਾਲ ਚਰਨਜੀਤ ਦੀ ਮੌਤ ਦਾ ਅਫਸੋਸ ਪ੍ਰਗਟ ਕਰਨ ਜਾਂ ਉਸਨੂੰ ਨਵੀਂ ਸ਼ਾਦੀ ਦੀਆਂ ਮੁਬਾਰਕਾਂ ਦੇਣ।
‘ਭੈਣ ਚਰਨਜੀਤ ਦੇ ਅੱਖਾਂ ਮੀਟਣ ਦੀ ਦੇਰ ਸੀ, ਮਾਸਟਰ ਜੀ ਨੇ ਘਰ ਦੀ ਨਵੀਂ ਮਾਲਕਣ ਲੈ ਆਂਦੀ। ਅਜੇ ਤਾਂ ਭੈਣ ਜੀ ਦਾ ਸਿਵਾ ਵੀ ਠੰਡਾ ਨ੍ਹੀ ਹੋਇਆ ਹੋਣਾ। ਮੈਨੂੰ ਤਾਂ ਲੱਗਦਾ ਇਹ ਉਹਨੂੰ ਮਰੀਓ ਭਾਲਦਾ ਸੀ। ਬੱਸ ਏਨਾ ਕੁ ਈ ਪਿਆਰ ਸੀ ਮਰਨ ਵਾਲੀ ਨਾਲ? ਉਹਦੇ ਜਿਉਂਦਿਆਂ, ‘ਚਰਨਜੀਤ—ਚਰਨਜੀਤ’ ਕਰਦਿਆਂ ਅੱਗੇ-ਪਿੱਛੇ ਫਿਰਦਾ ਰਹਿੰਦਾ ਸੀ। ਡਰਾਮਾ ਈ ਸੀ ਸਾਰਾ?’ ਵਾਪਸੀ ‘ਤੇ ਹਰਜੋਤ ਸਾਰੇ ਰਾਹ ਬੁੜ ਬੁੜ ਕਰਦੀ ਰਹੀ।
‘ਮਰਦਾਂ ਦੀ ਜਾਤ ਹੁੰਦੀਓ ਐਸੀ ਐ।’ ਹਰਜੋਤ ਨੇ ਆਖਿਆ ਤਾਂ ਸਤਵੰਤ ਦੇ ਪੈਰ ਬਰੇਕਾਂ ‘ਤੇ ਜਾ ਟਿਕੇ ਸਨ। ‘ਚੀਂਅ—ਚੀਂਅ’ ਦੀ ਆਵਾਜ਼ ਕਰਦਿਆਂ ਕਾਰ ਦੇ ਟਾਇਰ ਦੂਰ ਤੱਕ ਸੜਕ ਨਾਲ ਘਿਸਰਦੇ ਰਹੇ।
‘ਸਾਰੇ ਮਰਦ ਸਵਰਨ ਸਿੰਘ ਨਹੀਂ ਹੁੰਦੇ।’ ਸਤਵੰਤ ਨੇ ਹਰਜੋਤ ਦੀਆਂ ਅੱਖਾਂ ‘ਚੋਂ ਪਰਲ-ਪਰਲ ਵਗਦੇ ਹੰਝੂ ਦੋਵਾਂ ਹੱਥਾਂ ਦੇ ਪੋਟਿਆਂ ਨਾਲ ਸੰਭਾਲ ਲਏ।
‘ਸਾਰੀਆਂ ਔਰਤਾਂ ਵੀ ਹਰਜੋਤ ਨਹੀਂ ਹੁੰਦੀਆਂ।’ ਹਰਜੋਤ ਸਤਵੰਤ ਦੀ ਛਾਤੀ ਨਾਲ ਚਿੰਬੜ ਗਈ।
****
‘ਸਤਵੰਤ ਸਰ! ਪਹਿਲ ਹਮੇਸ਼ਾਂ ਮਰਦ ਨੇ ਕਰਨੀ ਹੁੰਦੀ। ਤੁਹਾਨੂੰ ਕਰਨੀ ਚਾਹੀਦੀ ਸੀ…ਪਰ ਵੇਖਲੋ ਸਿਮਰਨ ਨੇ ਪਹਿਲ ਕਰਕੇ ਤੁਹਾਡੀ ਕਿੰਨੀ ਵੱਡੀ ਜਿੰਮੇਵਾਰੀ ਆਪਣੇ ਸਿਰ ਲੈ ਲਈ—ਹੁਣ ਥੋਡਾ ਫਰਜ਼ ਬਣਦੈ, ਤੁਸੀਂ ਵੀ ਉਸਦੀਆਂ ਜਿੰਮੇਵਾਰੀਆਂ ਆਪਣੇ ਉੱਪਰ ਲੈਣ ਲਈ ਤਿਆਰ ਹੋਵੋ।’
ਪ੍ਰਨੀਤ ਨੇ ਬਿਨਾ ਝਿਜਕ ਉਹ ਸਾਰਾ ਕੁੱਝ ਬੋਲ ਦਿੱਤਾ, ਜਿਹੜੀ ਸਕਰਿਪਟ ਉਹ ਪਿਛਲੇ ਕਈ ਦਿਨਾਂ ਤੋਂ ਤਿਆਰ ਕਰ ਰਹੀਆਂ ਸਨ। ਅਚਾਨਕ ਆਏ ਇਨ੍ਹਾਂ ਸਵਾਲਾਂ ਨੇ ਸਤਵੰਤ ਨੂੰ ਪੈਰੋਂ ਉਖੇੜ ਦਿੱਤਾ।
‘ਸਰ ਕੱਲ੍ਹ ਨੂੰ ਪੱਕਾ ਨਿਰਣਾ ਕਰਕੇ ਆਇਓ…ਅਸੀਂ ਕੁਝ ਚੰਗਾ ਚੰਗਾ ਈ ਸੁਨਣਾ ਤੁਹਾਡੇ ਮੂੰਹੋਂ।’ ਮੈਡਮਾਂ ਨੇ ਦੋ ਟੁੱਕ ਗੱਲ ਨਿਬੇੜ ਦਿੱਤੀ। ਜਵਾਬ ‘ਚ ਕੁਝ ਨਹੀਂ ਸੀ ਬੋਲਿਆ ਸਤਵੰਤ। ਉਹ ਜਾਣਦਾ ਸੀ, ਉਸਤੋਂ ਅਜਿਹਾ ਨਿਰਣਾ ਹੋ ਹੀ ਨਹੀਂ ਸਕਣਾ।
ਅਗਲੇ ਦਿਨ ਉਸਨੇ ਘਰੋਂ ਹੀ ਪੰਦਰ੍ਹਾਂ ਦਿਨਾਂ ਦੀ ਕਮਾਈ ਛੁੱਟੀ ਕਿਸੇ ਹੱਥ ਭੇਜ ਦਿੱਤੀ।
****
ਹਵਾ ਜਿੰਨੀ ਕੋਸੀ ਹੈ—ਓਨੀ ਕੁ ਠੰਡੀ। ਸਤਵੰਤ ਨੂੰ ਪਤਾ ਨਹੀਂ ਲੱਗਦਾ ਜੈਸਮੀਨ ਨੂੰ ਸਰਦੀਆਂ ਵਾਲੇ ਗਰਮ ਕੱਪੜੇ ਪਵਾਏ ਕਿ ਗਰਮੀਆਂ ਵਾਲੇ ਸੂਤੀ। ਅੰਦਰ ਵੜਿਆਂ ਠਾਰੀ ਚੜ੍ਹਦੀ ਹੈ ਤਾਂ ਬਾਹਰ ਧੁੱਪ ਨਾਲ ਪਿੰਡੇ ‘ਤੇ ਕੀੜੀਆਂ ਜਿਹੀਆਂ ਲੜਨ ਲੱਗਦੀਆਂ ਹਨ। ਮੌਸਮ ਬੜਾ ਬੇਇਤਬਾਰੀ ਵਾਲਾ ਹੈ। ਰੁੱਤ ਨੇ ਪੂਰੀ ਤਰ੍ਹਾਂ ਰੰਗ ਵਟਾ ਲਿਆ ਹੈ।
-ਕੀ ਕਰਾਂ? ਕੀ ਕਰਾਂ ਮੈਂ? ਕੁੱਝ ਸਮਝ ਨਹੀਂ ਲੱਗਦੀ ਹਰਜੋਤ।’ ਉਹ ਹਰਜੋਤ ਦੀ ਫੋਟੋ ਅੱਗੇ ਖੜ੍ਹ ਹੁਬਕੀਂ-ਹੁਬਕੀਂ ਰੋਣ ਲੱਗਾ।
-ਬੜਾ ਔਖਾ ਹੈ ਮਾਂ ਬਨਣਾ। ਕਿਵੇਂ ਸਮਝਾਵਾਂ ਜੈਸਮੀਨ ਨੂੰ?’ ਉਹ ਅੰਦਰ ਹੀ ਅੰਦਰ ਡੁਸਕ ਰਿਹਾ ਹੈ।
ਰੰਗ ਕੇਵਲ ਰੁੱਤ ਨੇ ਹੀ ਨਹੀਂ, ਬੇਟੀ ਜੈਸਮੀਨ ਦੇ ਸਰੀਰ ਨੇ ਵੀ ਵਟਾ ਲਿਆ ਹੈ। ਬੇਟੀ ਦਾ ਉਦਾਸ ਚਿਹਰਾ ਸਤਵੰਤ ਤੋਂ ਵੇਖਿਆ ਨਹੀਂ ਜਾਂਦਾ। ਉਮਰ ਦੇ ਜਿਸ ਪੜ੍ਹਾਅ ਵਿਚ ਉਹ ਦਾਖਲ ਹੋ ਰਹੀ ਹੈ, ਇੱਕ ਮਾਂ ਤੋਂ ਬਿਨਾ ਧੀ ਨੂੰ ਬਦਲਦੀ ਹੋਈ ਰੁੱਤ ਬਾਰੇ ਹੋਰ ਕੌਣ ਜਾਣਕਾਰੀ ਦੇ ਸਕਦਾ ਹੈ।
ਸਤਵੰਤ ਦਾ ਬੜੇ ਦਿਨਾਂ ਦਾ ਆਪਣੇ ਆਪ ਨਾਲ ਘੋਲ ਚੱਲ ਰਿਹਾ ਸੀ। ਉਸਨੇ ਕੁਝ ਦਿਨ ਰਹਿ ਜਾਣ ਲਈ ਭੈਣ ਨੂੰ ਤਰਲਾ ਪਾਇਆ ਸੀ। ਉਹ ਸੋਚਦਾ ਕਿ ਭੂਆ ਆਪਣੀ ਭਤੀਜੀ ਨੂੰ ਬਦਲਦੀ ਰੁੱਤ ਨਾਲ ਬਦਲਣ ਦੀਆਂ ਕੁੱਝ ਸਿੱਖਿਆਵਾਂ ਦੇ ਜਾਵੇਗੀ।
‘ਵੀਰੇ! ਤੈਨੂੰ ਤਾਂ ਪਤਾ ਸਾਰਾ ਈ, ਸਾਡਾ ਪਰਿਵਾਰ ਸਾਂਝਾ ਐ। ਉੱਤੋਂ ਖੇਤੀ ਦਾ ਕੰਮ। ਕਿੱਥੇ ਰਹਿ ਹੁੰਦਾ? ਤੂੰ ਆਏਂ ਕਰ, ਜੈਸਮੀਨ ਨੂੰ ਸਾਡੇ ਕੋਲ ਛੱਡ ਦੇ ਕੁਛ ਦਿਨ।’ ਭੈਣ ਨੇ ਇੱਕ ਨਹੀਂ ਅਨੇਕ ਮਜ਼ਬੂਰੀਆਂ ਗਿਣਾ ਦਿੱਤੀਆਂ।
ਸਤਵੰਤ ਹੈਰਾਨ ਸੀ ਕਿ ਇਹ ਉਹੀ ਭੈਣ ਹੈ, ਜਿਹੜੀ ਹਰਜੋਤ ਦੇ ਜਿਉਂਦਿਆਂ ਆਉਣ ਨੂੰ ਮਹੀਨਾ ਵੀ ਨਹੀਂ ਸੀ ਪੈਣ ਦਿੰਦੀ। ਕਈ ਕਈ ਦਿਨ ਇਹ ਕਹਿੰਦਿਆਂ ਕੱਟ ਜਾਂਦੀ ਸੀ, ‘ਸੁੱਖ ਨਾਲ ਸਾਂਝਾ ਪਰਿਵਾਰ ਐ। ਬਥੇਰੇ ਜੀਅ ਹੈਗੇ ਕੰਮ-ਧੰਦਾ ਕਰਨ ਨੂੰ। ਕਰ ਲੈਣਗੀਆਂ ਦਰਾਣੀਆਂ ਜੇਠਾਣੀਆਂ ਘਰਦਾ ਕੰਮ।’
‘ਕੋਈ ਨਾ ਭੈਣ, ਤੇਰੀਆਂ ਵੀ ਮਜ਼ਬੂਰੀਆਂ। ਅਸੀਂ ਕਰਲਾਂਗੇ ਕੋਈ ਨਾ ਕੋਈ ਹੋਰ ਹੱਲ। ਜੈਸਮੀਨ ਨੂੰ ਤਾਂ ਛੱਡਣਾ ਔਖੈ ਥੋਡੇ ਕੋਲ। ਮੇਰਾ ਵੀ ਕੱਲ੍ਹੇ ਦਾ ਜੀਅ ਨ੍ਹੀ ਲੱਗਣਾ। ਨਾਲੇ ਜੈਸਮੀਨ ‘ਕੱਲੀ ਕਿਤੇ ਰਹੀ ਨ੍ਹੀਂ।’
‘ਵੀਰੇ! ਏਸੇ ਕਰਕੇ ਤਾਂ ਤੈਨੂੰ ਮੈਰਿਜ ਕਰਨ ਵਾਸਤੇ ਜ਼ੋਰ ਪਾਉਂਦੇ ਸੀਗੇ। ਤੇਰੇ ਜੀਜਾ ਜੀ ਤਾਂ ਅਜੇ ਤੱਕ ਗੁੱਸੇ ਤੇਰੇ ਨਾਲ—ਸਹੁੰ ਗੁਰੂ ਦੀ, ਐਨਾ ਸੋਹਣਾ ਰਿਸ਼ਤਾ ਸੀ। ਕੁੜੀ ਸੀਗੀ ਵੀ ਅਨਮੈਰਿਡ। ਅਗਲਿਆਂ ਨੇ ਇਹ ਗੱਲ ਵੀ ਨ੍ਹੀ ਚਿਤਾਰੀ ਵਈ ਅਸੀਂ ਦੁਹਾਜੂ ਨੂੰ ਰਿਸ਼ਤਾ ਕਿਉਂ ਕਰੀਏ? ਕੁੜੀ ਊਂ ਵੀ ਬਾਹਲੀ ਸਚਿਆਰੀ। ਆਉਂਦਿਆਂ ਘਰ ਸਾਂਭ…।’
ਸਤਵੰਤ ਨੇ ਟੌਪਿਕ ਬਦਲ ਕੇ ਮਸੀਂ ਖਹਿੜਾ ਛੁਡਾਇਆ। ਜਦੋਂ ਉਸਦੀ ਆਪਣੀ ਭੈਣ ਦਾ ਇਹ ਰਵੱਈਆ ਸੀ ਤਾਂ ਹੋਰ ਰਿਸ਼ਤੇਦਾਰਾਂ ਤੋਂ ਤਾਂ ਆਸ ਕਰਨੀ ਹੀ ਫਜ਼ੂਲ ਸੀ। ਕਿਸੇ ਕੁੜੀ ਲਈ ਭੂਆ ਤੇ ਮਾਸੀ ਹੀ ਸਭ ਤੋਂ ਨੇੜਲੀਆਂ ਹੁੰਦੀਆਂ ਨੇ। ਜੈਸਮੀਨ ਦੀ ਭੂਆ ਦੀਆਂ ਆਪਣੀਆਂ ਗਿਣਤੀਆਂ-ਮਿਣਤੀਆਂ ਸਨ ਤਾਂ ‘ਮਾਸੀ’ ਤਾਂ ਵੈਸੇ ਹੀ ਬੇਵੱਸ ਸੀ। ਉਸਦੇ ਘਰਵਾਲਾ ਤਾਂ ਸਤਵੰਤ ਦਾ ਸਾਂਢੂ ਸੀ। ਹਰਜੋਤ ਦੇ ਜਾਣ ਤੋਂ ਬਾਅਦ ਮਨਜੋਤ ਪਹਿਲਾਂ-ਪਹਿਲ ਘਰਵਾਲੇ ਨਾਲ ਇੱਕ ਦੋ ਵਾਰ ਆਈ ਸੀ, ਹੁਣ ਤਾਂ ਉਸ ਗੱਲ ਨੂੰ ਵੀ ਕਿੰਨਾ ਸਮਾਂ ਲੰਘ ਗਿਆ ਸੀ। ਕਦੇ ਮਨਜੋਤ ਨੂੰ ਛੁੱਟੀ ਨਹੀਂ ਸੀ ਮਿਲਦੀ, ਕਦੇ ਸਾਂਢੂ ਆਪਣੀਆਂ ਸਰਕਾਰੀ ਮੀਟਿੰਗਾਂ ‘ਚ ਰੁੱਝਿਆ ਹੁੰਦਾ। ਉਨ੍ਹਾਂ ਕੋਲ ਇਹ ਬੜਾ ਠੋਸ ਬਹਾਨਾ ਸੀ ਤੇ ਸਤਵੰਤ ਨੇ ਉਨ੍ਹਾਂ ਦੇ ਇਸ ਬਹਾਨੇ ‘ਤੇ ਕਦੇ ਉਜ਼ਰ ਕਰਨ ਦੀ ਲੋੜ ਹੀ ਨਹੀਂ ਸੀ ਸਮਝੀ।
ਧੀ ਨੂੰ ਬਦਲਦੀ ਰੁੱਤ ਬਾਰੇ ਦੱਸਣ ਲਈ ਸਤਵੰਤ ਕਈ ਦਿਨਾਂ ਤੋਂ ਆਪਣੇ ਆਪ ਨਾਲ ਖੌਝਲਦਾ ਆ ਰਿਹਾ ਸੀ। ਬੇਟੀ ਦੇ ਚਿਹਰੇ ‘ਤੇ ਚੜ੍ਹੀ ਆਉਂਦੀ ਉਦਾਸੀ ਦੀ ਪਰਤ ਉਸਨੂੰ ਚਿੰਤਾ ‘ਚ ਪਾ ਰਹੀ ਸੀ। ਬੇਟੀ ਦੇ ਕੱਪੜਿਆਂ ‘ਤੇ ਲੱਗਾ ਹਲਕਾ ਜਿਹਾ ਘਸਮੈਲਾ ਦਾਗ, ਸਤਵੰਤ ਦੇ ਆਪਣੇ ਦਿਮਾਗ ‘ਚ ਜਾ ਲੱਗਾ ਸੀ। ਉਹ ਜਾਣਦਾ ਸੀ ਕਿ ਇਹ ਘਸਮੈਲੇ ਦਾਗ ਬੜੀ ਛੇਤੀ ਗੂੜ੍ਹੇ ਅਤੇ ਵੱਡੇ ਹੋ ਜਾਣੇ ਹਨ।
ਉਸਨੇ ਬੇਟੀ ਦੇ ਕੱਪੜਿਆਂ ‘ਚ ਕਈ ਤਰਾਂ੍ਹ ਦੇ ਅੰਡਰਗਾਰਮੈਂਟਸ ਲਿਆ ਕੇ ਰੱਖ ਦਿੱਤੇ। ਬੇਟੀ ਨੂੰ ਕੱਪੜਿਆਂ ਥੱਲੇ ਇਹ ਗਾਰਮੈਂਟਸ ਪਹਿਨਣ ਲਈ ਕਿਵੇਂ ਆਖਣਾ ਜਾਂ ਸਮਝਾਉਣਾ ਹੈ, ਇਸ ਲਈ ਲੋੜੀਂਦੇ ਸ਼ਬਦ ਸਤਵੰਤ ਦੀ ਜ਼ੁਬਾਨ ‘ਤੇ ਆਉਂਦੇ ਤੇ ਹਉਕਾ ਜਿਹਾ ਬਣ ਕੇ ਅੰਦਰ ਬਹਿ ਜਾਂਦੇ।
‘ਮੈਂ ਹਾਰ ਰਿਹੈਂ ਹਰਜੋਤ! ਮੈਂ ਹਾਰ ਗਿਆਂ। ਮਾਫ਼ ਕਰੀਂ ਮੈਂ ਮਾਂ ਨਹੀਂ ਬਣ ਸਕਦਾ!’
ਜੈਸਮੀਨ ਦੇ ਏਧਰ-ਓਧਰ ਹੋਣ ‘ਤੇ ਉਹ ਹੁਬਕੀਂ ਰੌਂਦਾ ਹਰਜੋਤ ਨਾਲ ਗੱਲਾਂ ਕਰਦਾ ਰਹਿੰਦਾ।
****
ਸਕੂਲ ਦਾ ਦਰਵਾਜ਼ਾ ਲੰਘਦਿਆਂ ਹੀ ਸਤਵੰਤ ਨੇ ਪ੍ਰਨੀਤ ਵੱਲੋਂ ਆਖੇ ਜਾਂਦੇ ਬੋਲਾਂ, ‘ਸਰ ਚਾਹ ਪੀਣ ਆਉਣਾ ਥੋਡੇ ਘਰ।’ ਨੂੰ ਯਾਦ ਕੀਤਾ। ਆਪਣੇ ਵੱਲੋਂ ਅਕਸਰ ਦਿੱਤੇ ਜਾਂਦੇ ਜਵਾਬ ਵਿਚ ਉਸਨੇ ਤਬਦੀਲੀ ਕਰਨ ਬਾਰੇ ਮਨ ਨਾਲ ਪੱਕੀ ਕੀਤੀ ਹੋਈ ਸੀ।
‘ਚੱਲੋ! ਅੱਜ ਹੀ। ਅੱਜ ਕੀ ਹੁਣੇ…ਹੁਣੇ ਦਾ ਮਤਲਬ ਏਸੇ ਟਾਈਮ। ਲਿਖੋ ਅੱਧੇ ਦਿਨ ਦੀ ਛੁੱਟੀ।’ ਆਪਣੇ ਜਵਾਬ ਬਾਰੇ ਸੋਚਦਿਆਂ ਉਸਦੇ ਚਿਹਰੇ ‘ਤੇ ਹਲਕੀ ਜਿਹੀ ਸੰਧੂਰੀ ਭਾਅ ਫਿਰ ਗਈ। ਉਹ ਜਵਾਬ ਸੁਣ ਕੇ ਸਿਮਰਨ ਦੇ ਚਿਹਰੇ ਦੇ ਬਦਲਣ ਵਾਲੇ ਰੰਗਾਂ ਬਾਰੇ ਕਿਆਸ ਲਾਉਣ ਲੱਗਾ। ਉਹ ਗੇਟ ਦੇ ਨਾਲ ਲੱਗੇ ਗੁਲਦਾਉਦੀ ਦੇ ਬੂਟਿਆਂ ਕੋਲ ਜਾ ਖੜ੍ਹਾ। ਤਰੇਲ ਨਾਲ ਧੋਤੇ ਗੁਲਦਾਉਦੀ ਦੇ ਫੁੱਲ ਖਿੜ-ਖਿੜ ਹੱਸਦੇ ਜਾਪੇ। ਫੁੱਲਾਂ ਵੱਲ ਵੇਖਦਿਆਂ ਆਪ-ਮੁਹਾਰੇ ਹੱਸ ਪਿਆ। ਇੱਕ ਇੱਕ ਕਰਕੇ ਕਿਆਰੀਆਂ ‘ਚ ਲੱਗੇ ਬਾਕੀ ਫੁੱਲ-ਬੂਟਿਆਂ ਨੂੰ ਗਹੁ ਨਾਲ ਨਿਹਾਰਿਆ। ਸਾਰਿਆਂ ‘ਤੇ ਜੋਬਨ ਰੁੱਤ ਨੱਚ ਰਹੀ ਸੀ।
-ਪੰਦਰ੍ਹਾਂ ਦਿਨਾਂ ‘ਚ ਹੀ ਕਿੰਨਾ ਫ਼ਰਕ ਪੈ ਗਿਆ?’ ਉਹ ਮਨ ਹੀ ਮਨ ਸੋਚ ਰਿਹਾ ਸੀ। ਪੰਦਰਾਂ ਦਿਨ ਪਹਿਲਾਂ ਤੱਕ ਫੁੱਲਾਂ ਦੀਆਂ ਟਾਹਣੀਆਂ ਦੇ ਸਿਰਿਆਂ ‘ਤੇ ਅਜੇ ਨਿੱਕੀਆਂ ਡੋਡੀਆਂ ਹੀ ਬਣੀਆਂ ਸਨ।
-ਸਰ ਜੀ! ਕੀ ਹਾਲ ਨੇ? ਕੁਛ ਜ਼ਿਆਦਾ ਈ ਦਿਨ ਲਾ ਦਿੱਤੇ। ਐਨੇ ਦਿਨਾਂ ‘ਚ ਤਾਂ…।’ ਖਿਆਲਾਂ ‘ਚ ਡੁੱਬੇ ਸਤਵੰਤ ਨੂੰ ਕੋਲ ਆ ਖੜ੍ਹੇ ਰਾਮ ਪ੍ਰਵੇਸ਼ ਦਾ ਪਤਾ ਹੀ ਨਾ ਲੱਗਾ। ਰਾਮ ਪ੍ਰਵੇਸ਼ ਦੀ ਅਧੂਰੀ ਛੱਡੀ ਗੱਲ ਉਸਨੇ ਆਪਣੇ ਹਿਸਾਬ ਨਾਲ ਪੂਰੀ ਕਰ ਦਿੱਤੀ, ‘ਹਾਂ ਰਾਮ ਪ੍ਰਵੇਸ਼, ਐਨੇ ਦਿਨਾਂ ‘ਚ ਤਾਂ ਫੁੱਲਾਂ ਨੇ ਖਿੜ ਹੀ ਜਾਣਾ ਸੀ।’
‘ਸਰ ਜੀ, ਦਿਨ ਕੁਛ ਜ਼ਿਆਦਾ ਈ ਨਹੀਂ ਲਾ ਆਂਦੇ…?’ ਸਤਵੰਤ ਨੂੰ ਸਮਝ ਨਾ ਲੱਗੀ ਕਿ ਰਾਮ ਪ੍ਰਵੇਸ਼ ਨੇ ਸਵਾਲ ਕੀਤਾ ਜਾਂ ਸੁਭਾਇਕੀ ਕੁੱਝ ਆਖਿਆ ਸੀ। ਉਸ ਦੇ ਪਰ੍ਹੇ ਤੁਰ ਜਾਣ ‘ਤੇ ਸਤਵੰਤ ਉਸ ਵੱਲੋਂ ਆਖੇ ਸ਼ਬਦਾਂ ਦੇ ਜਾਲ਼ ‘ਚ ਫਸਿਆ ਹੀ ਸਟਾਫ ਰੂਮ ‘ਚ ਆ ਗਿਆ।
ਪ੍ਰਨੀਤ ਤੇ ਬਾਕੀ ਮੈਡਮਾਂ ਉਸਨੂੰ ਵੇਖਦਿਆਂ ਚੁੱਪ ਜਿਹੀਆਂ ਹੋ ਗਈਆਂ। ਸਤਵੰਤ ਦੀਆਂ ਨਜ਼ਰਾਂ ਸਿਮਰਨ ਨੂੰ ਲੱਭਦੀਆਂ ਫਿਰਦੀਆਂ ਸਨ ਪਰ ਉਹ ਤਾਂ ਕਿਧਰੇ ਵਿਖਾਈ ਹੀ ਨਹੀਂ ਸੀ ਦੇ ਰਹੀ। ਉਸਦਾ ਜੀਅ ਤਾਂ ਕਰਦਾ ਸੀ ਪ੍ਰਨੀਤ ਤੋਂ ਸਿਮਰਨ ਬਾਰੇ ਪੁੱਛੇ ਪਰ ਸ਼ਬਦ ਸੰਘ ‘ਚੋਂ ਬਾਹਰ ਹੀ ਨਹੀਂ ਸਨ ਆ ਰਹੇ।
ਕਲਾਸ ‘ਚ ਆਇਆ ਤਾਂ ਪੜ੍ਹਾਉਣ ਨੂੰ ਉੱਕਾ ਰੂਹ ਨਾ ਕੀਤੀ। ਵਿਲੀਅਮ ਵਰਡਜ਼ਵਰਥ ਤੋਂ ਲੈ ਕੇ ਬਾਇਰਨ ਤੱਕ ਸਾਰੇ ਲੇਖਕ ਇੱਕ ਦੂਜੇ ‘ਚ ਰਲਗੱਡ ਹੋਈ ਜਾਂਦੇ ਸਨ। ਉਸਦੀ ਨਿਗਾਹ ਵਾਰ-ਵਾਰ ਕਲਾਸ ਰੂਮ ਦਾ ਦਰਵਾਜ਼ਾ ਲੰਘ ਕੇ ਕਦੇ ਸਟਾਫ ਰੂਮ ਅਤੇ ਕਦੇ ਸਕੂਲ ਦੇ ਮੇਨ ਗੇਟ ਵੱਲ ਚਲੀ ਜਾਂਦੀ।
-ਸ਼ਾਇਦ ਸਿਮਰਨ ਮੈਡਮ ਅੱਜ ਅੱਧੇ ਦਿਨ ਦੀ ਛੁੱਟੀ ‘ਤੇ ਹੋਵੇ? ਸ਼ਾਇਦ ਲੇਟ ਆਉਣਾ ਹੋਵੇ? ਸ਼ਾਇਦ ਅੱਜ ਨਾ ਹੀ ਆਉਣਾ ਹੋਵੇ। ਹੋ ਸਕਦਾ ਬੱਸ ਲੇਟ ਹੋ ਗਈ ਹੋਵੇ। ਹੋ ਸਕਦਾ…ਹੋ ਸਕਦਾ…।’ ਮਨ ਦੇ ਘੋੜੇ ਬਿਨਾ ਮਤਲਬ ਏਧਰ-ਓਧਰ ਸਰਪਟ ਦੌੜੇ ਫਿਰਦੇ ਸਨ। ਜਿਵੇਂ ਜਿਵੇਂ ਪੀਰੀਅਡ ਲੰਘਦੇ ਜਾ ਰਹੇ ਸਨ ਸਤਵੰਤ ਸਰ ਦਾ ਸਬਰ ਜਵਾਬ ਦੇਈ ਜਾ ਰਿਹਾ ਸੀ। ਉਸਨੂੰ ਮਹਿਸੂਸ ਹੋਇਆ ਜਿਵੇਂ ਅੱਜ ਤਾਂ ਲੰਚ ਟਾਈਮ ਹੀ ਵਰਿ੍ਹਆਂ ਜਿੰਨੀ ਦੂਰ ਹੋ ਗਿਆ ਹੋਵੇ।
-ਪ੍ਰਨੀਤ! ਅੱਜ ਸਿਮਰਨ ਮੈਡਮ ਨਹੀਂ ਵਿਖਾਈ ਦੇ ਰਹੇ? ਠੀਕ ਤਾਂ ਹੈਨ?’ ਸਤਵੰਤ ਦਾ ਜੀਅ ਤਾਂ ਕਰਦਾ ਸੀ ਆਖੇ, ‘ਅੱਜ ਤਾਂ ਮੈਂ ਤੁਹਾਨੂੰ ਚਾਹ ਪਿਆਉਣ ਲਈ ਘਰ ਲੈ ਕੇ ਜਾਣਾ ਸੀ-ਪਰ ਸਿਮਰਨ ਮੈਡਮ ਕਿਧਰੇ ਵਿਖਾਈ ਈ ਨਹੀਂ ਦੇ ਰਹੇ।’ ਪਰ ਉਸਨੇ ਜਿਵੇਂ-ਕਿਵੇਂ ਆਪਣੇ ਸ਼ਬਦਾਂ ਨੂੰ ਸਮੇਟ ਲਿਆ।
-ਸਰ ਤੁਸੀਂ ਤਾਂ ਮੁੜੇ ਹੀ ਨਹੀਂ ਅਗਲੇ ਦਿਨ!’
-ਸਿਮਰਨ ਮੈਡਮ ਚਲੇ ਗਏ ਬਦਲੀ ਕਰਵਾ ਕੇ।’
-ਤੁਸੀਂ ਕੋਈ ਹੁੰਗਾਰਾ ਈ ਨਹੀਂ ਭਰਿਆ। ਕੀ ਕਰਦੇ ਉਹ?’
ਸਕੂਲ ਸਟਾਫ ਕੀ-ਕੀ ਕਹਿ ਰਿਹਾ ਸੀ? ਸਤਵੰਤ ਨੂੰ ਤਾਂ ਸੁਣਾਈ ਹੀ ਨਹੀਂ ਸੀ ਦੇ ਰਿਹਾ। ਉਸਨੇ ਆਪਣੇ-ਆਪ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ। ਉਸਨੂੰ ਲੱਗਾ ਜਿਵੇਂ ਹਰਜੋਤ ਅੱਜ ਦੁਬਾਰਾ ਉਸਤੋਂ ਹੱਥ ਛੁਡਾ ਕੇ ਚਲੀ ਗਈ ਸੀ।
***
