‘ਆਪ’ ਦੇ ਸੱਤ ਸੰਸਦ ਮੈਂਬਰਾਂ ਦੀ ਦਲ-ਬਦਲੀ ਤੋਂ ਬਾਅਦ ਭਾਜਪਾ ਵਲੋਂ ਵਿਧਾਇਕਾਂ ਦੀ ਤੋੜ-ਭੰਨ ਦੇ ਯਤਨ

ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਸੱਤ ਸਾਂਸਦਾਂ ਦੀ ਭਾਜਪਾ ਵਿਚ ਸ਼ਮੂਲੀਅਤ ਨਾਲ ਜੋ ਵੱਡੀ ਰਾਜਸੀ ਉਥਲ-ਪੁਥਲ ਸ਼ੁਰੂ ਹੋਈ ਹੈ ਅਤੇ ਦਲ-ਬਦਲੀ ਕਰਨ ਵਾਲੇ ਇਨ੍ਹਾਂ ਸਾਂਸਦਾਂ ਵਲੋਂ ‘ਆਪ’ ‘ਚੋਂ ਹੋਰ ਤੋੜ ਭੰਨ ਦੇ ਜੋ ਸੰਕੇਤ ਦਿੱਤੇ ਗਏ ਹਨ ਅਤੇ ਭਾਜਪਾ ਦੇ ਕੁਝ ਆਗੂਆਂ ਵਲੋਂ ਵੀ ਜਿਵੇਂ ‘ਆਪ’ ਸਰਕਾਰ ਦੇ ਖ਼ਤਰੇ ਵਿਚ ਹੋਣ ਦੇ ਸੰਕੇਤ ਦਿੱਤੇ ਜਾ ਰਹੇ ਹਨ

ਉਸਨੇ ਪੰਜਾਬ ਦੀ ਰਾਜਨੀਤੀ ਵਿਚ ਵੱਡਾ ਭੁਚਾਲ ਲਿਆਂਦਾ ਹੋਇਆ ਹੈ। ਭਾਜਪਾ ਵਲੋਂ ਜਿਵੇਂ ਦੂਜੇ ਰਾਜਾਂ ਵਿਚ ਵੀ ਚੋਣਾਂ ਤੋਂ ਪਹਿਲਾਂ ਸਰਕਾਰੀ ਏਜੰਸੀਆਂ ਤੇ ਆਪਣੇ ਕਾਡਰ ਰਾਹੀਂ ਮੌਕੇ ਦੀਆਂ ਸਰਕਾਰਾਂ ਨੂੰ ਦਬਾਅ ਹੇਠ ਲਿਆਉਂਦਾ ਜਾ ਰਿਹਾ ਹੈ।ਚਰਚਾ ਇਹ ਵੀ ਹੈ ਕਿ ‘ਆਪ’ ਦੇ ਸੱਤ ਸਾਂਸਦਾਂ ਦੀ ਜਿਸ ਢੰਗ ਨਾਲ ਭਾਜਪਾ ਵਿਚ ਸ਼ਮੂਲੀਅਤ ਹੋਈ ਹੈ ਉਸ ਕਾਰਨ ਭਾਜਪਾ ਦਾ ਅਕਸ ਕਾਫੀ ਖ਼ਰਾਬ ਹੋਇਆ ਹੈ ਅਤੇ ਪੰਜਾਬੀਆਂ ਵਲੋਂ ਇਸ ਦਲਬਦਲੀ ਦੀ ਕਾਰਵਾਈ ਨੂੰ ਬਿਲਕੁਲ ਪਸੰਦ ਨਹੀਂ ਕੀਤਾ ਗਿਆ। ਰਾਜਸੀ ਹਲਕਿਆਂ ਦਾ ਇਹ ਵੀ ਸਕਦਾ ਹੈ ਜੋ ਸ਼ਾਇਦ ਭਾਜਪਾ ਦਾ ਵੀ ਮੰਨਣਾ ਹੈ ਕਿ ਅਗਰ ਭਾਜਪਾ ਵਲੋਂ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਤਾਂ ਉਸ ਦਾ ਫਾਇਦਾ ਕਾਂਗਰਸ ਅਤੇ ਭਾਈ ਅੰਮ੍ਰਿਤਪਾਲ ਸਿੰਘ ਧੜ੍ਹੇ ਨੂੰ ਹੋ ਸਕਦਾ ਹੈ । ਲੇਕਿਨ ਭਾਜਪਾ ਆਗੂਆਂ ਵਲੋਂ ਅਜਿਹੇ ਸੰਕੇਤ ਦਿੱਤੇ ਜਾ ਰਹੇ ਹਨ ਕਿ ਪੰਜਾਬ ਵਿਚਲੀ ‘ਆਪ’ ਸਰਕਾਰ ਨੂੰ ਤੋੜਨ ਲਈ ਸਤੰਬਰ ਵਿਚ ਕੋਸ਼ਿਸ਼ ਜ਼ਰੂਰ ਹੋ ਸਕਦੀ ਹੈ ਕਿਉਂਕਿ ਉਸ ਤੋਂ ਪਹਿਲਾਂ ਗਰਮੀ ਤੇ ਝੋਨੇ ਦੀ ਬਿਜਾਈ ਦੌਰਾਨ ਬਿਜਲੀ ਦੀ ਲੋੜੀਂਦੀ ਸਪਲਾਈ ਅਤੇ ਉਸ ਤੋਂ ਬਾਅਦ ਮਾਨਸੂਨ ਦੌਰਾਨ ਹੜ੍ਹਾਂ ਦੀ ਸਥਿਤੀ ਤੋਂ ਸੂਬੇ ਨੂੰ ਬਚਾਉਣਾ ਵੱਡੀ ਚੁਣੌਤੀ ਹੋਵੇਗੀ ਅਤੇ ਭਾਜਪਾ ਸੂਬੇ ਦੇ ਪ੍ਰਬੰਧ ਨਾਲ ਆਪਣਾ ਨਾਮ ਜੋੜ ਕੇ ਚੋਣਾਂ ਤੋਂ ਪਹਿਲਾਂ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹਵੇਗੀ। ਲੇਕਿਨ ਭਾਜਪਾ ਚੋਣਾਂ ਤੋਂ ਤੁਰੰਤ ਪਹਿਲਾ ਕੋਈ ਖੇਡ ਜ਼ਰੂਰ ਖੇਡ ਸਕਦੀ ਹੈ ਤੇ ਚੋਣਾਂ ਮੌਕੇ ਵੀ ਪੱਛਮੀ ਬੰਗਾਲ ਦੀ ਤਰਜ਼ ‘ਤੇ ਦਬਾਅ ਬਣਾਇਆ ਜਾ ਸਕਦਾ ਹੈ। ਵਰਨਣਯੋਗ ਹੈ ਕਿ ਮਗਰਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਭਾਜਪਾ ਵਿਚ ਜਾਣ ਵਾਲੇ, ‘ਆਪ’ ਦੇ ਸਾਂਸਦਾਂ ਵਲੋਂ ਅਤੇ ਕੁਝ ਹੋਰ ਪਾਸਿਉਂ ‘ਆਪ’ ਦੇ ਵਿਧਾਇਕਾਂ ਨਾਲ ਸੰਪਰਕ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਲਵੇ ਦੇ ਕਈ ਵਿਧਾਇਕਾਂ ਨੂੰ ਗੱਲਬਾਤ ਲਈ ਮਾਲਵੇ ਵਿਚਲੇ 1-2 ਹੋਟਲਾਂ ਵਿਚ ਵੀ ਬੀਤੇ ਕੱਲ੍ਹ ਸੱਦਿਆ ਗਿਆ। ਸਰਕਾਰ ਦਾ ਖੁਫ਼ੀਆ ਵਿਭਾਗ ਅਜਿਹੀਆਂ ਖ਼ਬਰਾਂ ‘ਤੇ ਕਾਰਵਾਈਆਂ ਤੇ ਸਰਗਰਮੀ ਨਾਲ ਨਜ਼ਰ ਰੱਖ ਰਿਹਾ ਹੈ। ਲੇਕਿਨ ਸਰਕਾਰੀ ਹਲਕਿਆਂ ਜਾਂ ਪਾਰਟੀ ਦੀ ਸੂਬਾ ਯੂਨਿਟ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਜ਼ਰ ਨਹੀਂ ਆ ਰਹੀ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਤੇ ਜਾਣ ਵਾਲੇ ਆਪਣੇ ਕੰਮ ਪੂਰੇ ਕਰਦਿਆਂ ਉਨ੍ਹਾਂ ‘ਤੇ ਅਮਲ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਟਿਕਟਾਂ ਦੀ ਵੰਡ ਮੌਕੇ ਅਗਰ ਕੁਝ ਲੋਕਾਂ ਨੂੰ ਟਿਕਟ ਨਾ ਵੀ ਮਿਲ ਸਕੀ ਉਸ ਕਾਰਨ ਸਰਕਾਰ ਲਈ ਕੋਈ ਖ਼ਤਰਾ ਪੈਦਾ ਹੋਣ ਵਾਲਾ ਨਹੀਂ। ਪ੍ਰੰਤੂ ਜੇ ਭਾਜਪਾ ਵਲੋਂ ਸਰਕਾਰ ਨੂੰ ਤੋੜਨ ਦੀ ਕੋਈ ਕੋਸ਼ਿਸ਼ ਹੁੰਦੀ ਹੈ ਤਾਂ ਉਸ ਦਾ ਸਮੁੱਚੇ ਪੰਜਾਬੀਆਂ ਵਲੋਂ ਤਿੱਖਾ ਵਿਰੋਧ ਹੋਵੇਗਾ ਕਿਉਂਕਿ ਪੰਜਾਬੀ ਕੇਂਦਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਦੇ।