ਨਵੀਂ ਦਿੱਲੀ:ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਾ ਹੈ। ਰਾਘਵ ਚੱਢਾ ਸਮੇਤ ਰਾਜ ਸਭਾ ਦੇ ਸੱਤ ਮੈਂਬਰਾਂ ਨੇ ਆਪ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ਰਾਘਵ ਚੱਢਾ ਨੇ ਭਾਜਪਾ ‘ਚ ਸ਼ਾਮਲ ਹੋਣ ਦਾ ਐਲਾਨ ਕਰਦੇ ਹੋਏ
ਕਿਹਾ ਕਿ ਉਹ ਸੱਤਾਂ ਮੈਂਬਰਾਂ ਦੇ ਦਸਤਖ਼ਤਾਂ ਦੇ ਨਾਲ “ਆਪ“ ਦੇ ਦੋ-ਤਿਹਾਈ ਰਾਜ ਸਭਾ ਮੈਂਬਰਾਂ ਦੇ ਭਾਜਪਾ ‘ਚ ਰਲੇਵੇਂ ਦਾ ਨੋਟਿਸ ਰਾਜ ਸਭਾ ਦੇ ਚੇਅਰਮੈਨ ਨੂੰ ਪਹਿਲਾਂ ਹੀ ਦੇ ਚੁੱਕੇ ਸਨ। ਕਾਂਸਟੀਚਿਊਸ਼ਨ ਕਲੱਬ ‘ਚ ਇਸ ਦਾ ਐਲਾਨ ਕਰਨ ਤੋਂ ਬਾਅਦ ਭਾਜਪਾ ਹੈੱਡਕੁਆਰਟਰ ‘ਚ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਰਸਮੀ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਆਪ ਦੇ ਦੋ ਤਿਹਾਈ ਰਾਜ ਸਭਾ ਮੈਂਬਰਾਂ ਦੇ ਭਾਜਪਾ ‘ਚ ਸ਼ਾਮਲ ਹੋਣ ਨਾਲ ਸਦਨ ਦੀ ਉਨ੍ਹਾਂ ਦੀ ਮੈਂਬਰਸ਼ਿਪ ਬਰਕਰਾਰ ਰਹੇਗੀ।
ਅਸਲ ‘ਚ ਸੰਵਿਧਾਨ ਦੀ 10ਵੀਂ ਅਨੁਸੂਚੀ ‘ਚ ਬਣਾਏ ਗਏ ਨਿਯਮਾਂ ਦੇ ਤਹਿਤ ਕਿਸੇ ਪਾਰਟੀ ਦੇ ਸਦਨ ਦੇ ਦੋ-ਤਿਹਾਈ ਮੈਂਬਰਾਂ ਦੇ ਇਕੱਠਿਆਂ ਦੂਜੀ ਪਾਰਟੀ ‘ਚ ਰਲੇਵੇ ਦੀ ਸਥਿਤੀ ‘ਚ ਦਲਬਦਲ ਰੋਕੂ ਕਾਨੂੰਨ ਲਾਗੂ ਨਹੀਂ ਹੁੰਦਾ। ਆਪ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਪਾਰਟੀ ਛੱਡਨ ਤੋਂ ਬਾਅਦ ਸਦਨ ‘ਚ ਪਾਰਟੀ ਦੇ ਸਿਰਫ ਤਿੰਨ ਮੈਂਬਰ ਰਹਿ ਜਾਣਗੇ। ਉੱਧਰ ਭਾਜਪਾ ਦੇ ਮੈਂਬਰਾਂ ਦੀ ਗਿਣਤੀ 106 ਤੋਂ ਵਧ ਕੇ 113 ਹੋ ਗਈ। ਰਾਜਸ ‘ਚ ਬਹੁਮਤ ਲਈ ਸਿਰਫ਼ 123 ਮੈਂਬਰਾਂ ਦੀ ਜ਼ਰੂਰਤ ਹੁੰਦੀ ਹੈ।
ਭਾਜਪਾ ‘ਚ ਸ਼ਾਮਲ ਹੋਣ ਵਾਲੇ ਰਾਜ ਸਭਾ ਮੈਂਬਰਾਂ ‘ਚ ਸਵਾਤੀ ਮਾਲੀਵਾਲ ਲੰਬੇ ਸਮੇਂ ਤੋਂ ਪਾਰਟੀ ਤੋਂ ਵੱਖ ਸੀ। ਮੁੱਖ ਮੰਤਰੀ ਰਿਹਾਇਸ਼ ‘ਚ ਨਿੱਜੀ ਸਕੱਤਰ ਵਿਭਵ ਕੁਮਾਰ ਵੱਲੋਂ ਕੀਤੀ ਗਈ ਮਾਰਕੁੱਟ ਲਈ ਉਨ੍ਹਾਂ ਨੇ ਸਿੱਧੇ ਤੌਰ ‘ਤੇ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਹ ਵੱਖ-ਵੱਖ ਮੁੱਦਿਆਂ ‘ਤੇ ਕੇਜਰੀਵਾਲ ਤੇ ਆਪ ਦੇ ਵਿਰੁੱਧ ਖੁੱਲ੍ਹ ਕੇ ਬੋਲਦੀ ਵੀ ਰਹਿੰਦੀ ਸੀ। ਉੱਧਰ ਰਾਘਵ ਚੱਢਾ ਨੂੰ ਰਾਜ ਸਭਾ ਵਿਚ ਪਾਰਟੀ ਦੇ ਉੱਪ ਨੇਤਾ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ ਤੋਂ ਪਾਰਟੀ ਨਾਲ ਉਨ੍ਹਾਂ ਦੀਆਂ ਦੂਰੀਆਂ ਖੁੱਲ੍ਹ ਕੇ ਸਾਹਮਣੇ ਆ ਗਈਆਂ ਸਨ। ਪਰ ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ, ਰਜਿੰਦਰ ਗੁਪਤਾ ਤੇ ਵਿਕ੍ਰਮ ਸਾਹਨੀ ਦੇ ਪਾਰਟੀ ਛੱਡਨ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ। ਇਥੋਂ ਤੱਕ ਕਿ ਅਸ਼ੋਕ ਮਿੱਤਲ ਨੂੰ ਪਾਰਟੀ ਨੇ ਕੁਝ ਦਿਨ ਪਹਿਲਾਂ ਹੀ ਰਾਘਵ ਚੱਢਾ ਦੀ ਜਗ੍ਹਾ ਰਾਜ ਸਭਾ ‘ਚ ਪਾਰਟੀ ਦਾ ਉੱਪ ਨੇਤਾ ਬਣਾਇਆ ਸੀ।
