ਡਾ. ਗੁਰਨਾਮ ਕੌਰ, ਕੈਨੇਡਾ
ਪ੍ਰੋਫੈਸਰ (ਸੇਵਾਮੁਕਤ)
ਅਲੀ ਲਾਰੀਜਾਨੀ ਇੱਕ ਫਿਲਾਸਫਰ ਲੀਡਰ ਦੇ ਤੌਰ ‘ਤੇ ਮੈਨੂੰ ਵਧੀਆ ਲੱਗਿਆ ਅਤੇ ਮੈਂ ਉਸ ਬਾਰੇ ਲਿਖਿਆ ਕਿ ਸਿਆਣੇ ਸਿਆਸਤਦਾਨ, ਪੜ੍ਹੇ-ਲਿਖੇ ਦਾਨੇ ਆਪਣੇ ਲੋਕਾਂ ਲਈ ਕੁੱਝ ਕਰ ਸਕਣ ਦੇ ਸਮਰੱਥ ਹੁੰਦੇ ਹਨ। ਟਿਪਣੀਕਾਰਾਂ ਨੇ ਮੇਰੇ ਇਸ ਲੇਖ ਨੂੰ ਵਿਚਾਰਧਾਰਾ ਦੇ ਟਕਰਾਅ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ।
ਹਰਜੀਤ ਦਿਉਲ ਨੂੰ ਉਸ ਦੀ ਵਿਚਾਰਧਾਰਾ ਮੁਬਾਰਕ। ਮੈਂ ਫਲਸਫੇ ਦੀ ਵਿਦਿਆਰਥਣ ਹਾਂ ਹਿਸਟਰੀ ਦੀ ਨਹੀਂ। ਯਹੂਦੀਆਂ ਦਾ ਕਤਲੇਆਮ ਹਿਟਲਰ ਨੇ ਕੀਤਾ ਜੋ ਨਸਲਵਾਦੀ ਵੀ ਸੀ ਅਤੇ ਈਸਾਈ ਹੋਣ ਦੇ ਨਾਤੇ ਵੀ ਯਹੂਦੀਆਂ ਨੂੰ ਨਫਰਤ ਕਰਦਾ ਸੀ। ਉਸ ਨੂੰ ਇਤਿਹਾਸ ਕਦੀ ਮੁਆਫ਼ ਨਹੀਂ ਕਰੇਗਾ। ਪ੍ਰੰਤੂ ਜੋ ਨੇਤਨਯਾਹੂ ਕਰ ਰਿਹਾ ਹੈ ਉਹ ਕਿਸੇ ਤਰ੍ਹਾਂ ਵੀ ਹਿਟਲਰ ਨਾਲੋਂ ਘੱਟ ਨਹੀਂ ਹੈ; ਬਲਕਿ ਮਾਨਵਤਾ ਤੋਂ, ਨੈਤਿਕਤਾ ਤੋਂ, ਹਰ ਤਰ੍ਹਾਂ ਨਾਲ ਗਿਰਿਆ ਹੋਇਆ ਵਤੀਰਾ ਹੈ। ਹਿਟਲਰ ਦਾ ਬਦਲਾ ਫਲਸਤੀਨੀਆਂ ਤੋਂ ਲੈਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ।
1948 ਤੋਂ ਬਾਅਦ ਹਮਲੇ ਕਰਨ ਵਿਚ ਇਜ਼ਰਾਈਲ ਪਹਿਲ ਕਰਦਾ ਰਿਹਾ ਹੈ ਅਤੇ ਇਜ਼ਰਾਈਲ ਦੇ ਕਬਜੇL ਅੰਦਰ ਵੱਧ ਤੋਂ ਵੱਧ ਜ਼ਮੀਨ ਲਿਆ ਕੇ ਅਰਬਾਂ ਨੂੰ ਉਥੋਂ ਖਦੇੜਨ ਦਾ ਇਜ਼ਰਾਈਲ ਦੇ ਬਹੁਤੇ ਸ਼ਾਸਕਾਂ ਦਾ ਏਜੰਡਾ ਰਿਹਾ ਹੈ। ਮੈਂ ਕਿਸੇ ਬਹਿਸ ਵਿਚ ਨਹੀਂ ਪੈਣਾ, ਨਾ ਹੀ ਮੇਰੇ ਲੇਖ ਦਾ ਇਹ ਮਕਸਦ ਸੀ। ਪੰਡਤ ਨਹਿਰੂ ਦੀ ਉਦਾਹਰਣ ਦੇਣ ਲਈ ਮੈਨੂੰ ਹਰਜੀਤ ਦਿਉਲ ਨੇ ਕਿਹਾ ਸੀ, ਪੰਡਤ ਨਹਿਰੂ ਫਲਸਤੀਨੀਆਂ ਨਾਲ ਭਲਾ ਫਿਰ ਕਿਉਂ ਖੜੇ ਸੀ? ਇਜ਼ਰਾਈਲ ਨੂੰ ਕਿਉਂ ਮਾਨਤਾ ਨਹੀਂ ਸੀ ਦਿੱਤੀ? ਇਜ਼ਰਾਈਲ ਨੂੰ ਵਸਾਉਣ ਦਾ ਇੱਕੋ-ਇੱਕ ਮਕਸਦ ਯਹੂਦੀਆਂ ਨੂੰ ‘ਘਰ’ ਦੇਣਾ ਹੀ ਨਹੀਂ ਸੀ ਬਲਕਿ ਉਸ ਪਿੱਛੇ ਪੱਛਮੀ ਸਾਮਰਾਜ ਖਾਸ ਕਰਕੇ ਅਮਰੀਕਾ ਦਾ ਛੁਪਿਆ ਮਕਸਦ ਕੀ ਸੀ? ਇਸ ਬਾਰੇ ਬਥੇਰਾ ਕੁੱਝ ਮਿਲ ਜਾਂਦਾ ਹੈ। ਹਮਾਸ ਦੀ ਕਾਰਵਾਈ ਜਾਂ ਇਹੋ ਜਿਹੀ ਕਿਸੇ ਵੀ ਕਾਰਵਾਈ ਦੀ ਮੈਂ ਕਦੇ ਹਿਮਾਇਤ ਨਹੀਂ ਕੀਤੀ; ਬੇਕਸੂਰ ਲੋਕਾਂ ਦੀ ਜਾਨ ਜਾਵੇ ਉਸ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ, ਪਰ ਕੀ ਹਮਾਸ ਦੀ ਕਾਰਵਾਈ ਦੀ ਸਜ਼ਾ ਪੂਰੇ ਫਲਸਤੀਨ ਨੂੰ ਦੇਣੀ ਬਣਦੀ ਹੈ? ਕੀ ਹਮਾਸ ਦੀ ਕਾਰਵਾਈ ਦਾ ਬਦਲਾ ਮਾਸੂਮ ਬੱਚਿਆਂ ਨੂੰ ਮਾਰ ਕੇ, ਹਸਪਤਾਲ, ਸਕੂਲ, ਘਰ ਨੇਸਤੋ-ਨਾਬੂਦ ਕਰਕੇ ਲਿਆ ਜਾਣਾ ਬਣਦਾ ਹੈ? ਨਾਜ਼ੀਆਂ ਨੂੰ ਤਾਂ ਲੱਭ-ਲੱਭ ਕੇ ਸਜ਼ਾਵਾਂ ਦਿੱਤੀਆਂ ਗਈਆਂ? ਕੀ ਨੇਤਨਯਾਹੂ ਅਤੇ ਉਸ ਦੇ ਹਿਮਾਇਤੀਆਂ ਨੂੰ ਵੀ ਵਾਰ ਕ੍ਰਿਮੀਨਲ ਐਲਾਨ ਕੇ ਫਾਂਸੀ ਦਿੱਤੀ ਜਾਵੇਗੀ?
ਅਜਮੇਰ ਸਿੰਘ ਨੂੰ ਨਾ ਕਦੀ ਮੈਂ ਸੁਣਦੀ ਹਾਂ ਨਾ ਹੀਂ ਪੜ੍ਹਦੀ ਹਾਂ; ਜੋ ਚੀਜ਼ ਮੈਨੂੰ ਪਸੰਦ ਨਹੀਂ, ਮੈਂ ਉਸ ‘ਤੇ ਕਿਉਂ ਆਪਣਾ ਸਮਾਂ ਬਰਬਾਦ ਕਰਾਂ? ਭਾਵੇਂ ਮੇਰੇ ਘਰ ਉਸ ਦੀਆਂ ਸਭ ਕਿਤਾਬਾਂ ਪਈਆਂ ਹਨ। ਮੈਂ ਗੁਰੂ ਨਾਨਕ ਦੇ ਫ਼ਲਸਫੇ ਦੀ ਵਿਦਿਆਰਥਣ ਹਾਂ ਅਤੇ ਮੈਂ ਆਪਣੀ ਗੱਲ ਕਰਨੀ ਹੈ, ਅਜਮੇਰ ਸਿੰਘ ਦੀਆਂ ਲਿਖਤਾਂ ਦਾ ਉਤਰ ਦੇਣਾ ਮੈਂ ਆਪਣੀ ਜਿੰLਮੇਵਾਰੀ ਕਤਈ ਨਹੀਂ ਸਮਝਦੀ। ਆਮ ਸਿੱਖ ਲਈ ਖਾਲਿਸਤਾਨ ਕੋਈ ਮੁੱਦਾ ਨਹੀਂ ਹੈ। ਇਹ ਉਨ੍ਹਾਂ ਗਿਣੇ-ਚੁਣੇ ਮੁਦੱਈਆਂ ਦਾ ਮੁੱਦਾ ਹੈ ਜੋ ਜਾਂ ਤੇ ਇਸ ਦੀ ਖੱਟੀ ਖਾ ਰਹੇ ਹਨ ਅਤੇ ਜਾਂ ਇਸ ਮੁੱਦੇ ‘ਤੇ ਰਾਜਨੀਤੀ ਕਰਦੇ ਹਨ। ਹਾਂ ਇੱਕ ਧਿਰ ਹੋਰ ਵੀ ਹੈ, ਜਿਸ ਦਾ ਮੈਂ ਨਾਮ ਨਹੀਂ ਲੈਣਾ, ਨਹੀਂ ਤਾਂ ਹਰਜੀਤ ਗਿੱਲ ਨੇ ਫਿਰ ਮੇਰੇ ‘ਤੇ ਤੋਹਮਤ ਲਾ ਦੇਣੀ ਹੈ। ਉਸ ਧਿਰ ਕੋਲ ਹੋਰ ਕੋਈ ਏਜੰਡਾ ਨਹੀਂ ਰਿਹਾ; ਪੰਜਾਬ ਵਿਚ ਤਾਂ ਉੱਕਾ ਹੀ ਨਹੀਂ। ਕਿਸੇ ਵੀ ਮੁਲਕ ਜਾਂ ਭਾਈਚਾਰੇ ਵਿਚ ਅਤਿਵਾਦ ਕਿਉਂ ਪੈਦਾ ਹੁੰਦਾ ਹੈ? ਇਸ ਨੂੰ ਨਿੰਦਣ ਦੇ ਨਾਲ-ਨਾਲ ਇਸ ਦੀ ਵਜ੍ਹਾ ਕੀ ਹੈ, ਕੀ ਕਾਰਨ ਹਨ? ਸਰਕਾਰਾਂ ਜਾਂ ਸਿਆਸਤਦਾਨਾਂ ਦੀ ਕੀ ਭੂਮਿਕਾ ਹੈ ਇਸ ਵਿਚ ਵੀ ਜਾਣ ਦੀ ਜ਼ਰੂਰਤ ਹੈ। ਕੀ ਹਰਜੀਤ ਦਿਉਲ ਨੇ ਕਦੀ ਇਹ ਮੁੱਦਾ ਵੀ ਉਠਾਇਆ ਹੈ ਕਿ ਸਟੇਟਾਂ ਦੇ ਪੁਨਰਗਠਨ ਦੇ ਮਾਮਲੇ ਵਿਚ ਸਾਰੇ ਹਿੰਦੁਸਤਾਨ ਵਿਚ ਇਕੱਲੇ ਪੰਜਾਬ ਦੀ ਹੀ ਰਾਜਧਾਨੀ ਕਿਉਂ ਸਾਂਝੀ ਰੱਖੀ ਗਈ, ਇਕੱਲੇ ਪੰਜਾਬ ਦੇ ਦਰਿਆਵਾਂ ਦੇ ਪਾਣੀ ਹੀ ਕਿਉਂ ਗੈਰ-ਰਿਪੇਰੀਅਨ ਸਟੇਟਾਂ ਨੂੰ ਦਿੱਤੇ ਗਏ ਉਹ ਵੀ ਮੁਫਤ? ਕੀ ਕਿਸੇ ਵੀ ਹੋਰ ਸਟੇਟ ਦੇ ਕੁਦਰਤੀ ਸੋਮੇ ਮੁਫਤ ਵਿਚ ਹਥਿਆਏ ਜਾਂਦੇ ਹਨ? ਦਰਿਆਵਾਂ ਦਾ ਪਾਣੀ ਪੰਜਾਬ ਦਾ ਇੱਕੋ ਇੱਕ ਕੁਦਰਤੀ ਸੋਮਾ ਹੈ ਜਿਸ `ਤੇ ਪੰਜਾਬ ਦਾ ਹੱਕ ਹੈ, ਇਨ੍ਹਾਂ ਦੀ ਲੁੱਟ ਕਿਉਂ ਹੋ ਰਹੀ ਹੈ? ਖੈਰ! ਗੱਲ ਲੰਬੀ ਹੋ ਗਈ ਹੈ ਅਤੇ ਸੰਦਰਭ ਤੋਂ ਬਾਹਰ ਵੀ ਹੈ।
ਹਰਜੀਤ ਗਿੱਲ ਹੋਰਾਂ ਨੇ ਲਿਖਿਆ ਹੈ ਕਿ ‘ਸਿੱਖ ਵਿਦਵਾਨਾਂ ਦੀ ਇੱਕ ਗੱਲ ਹਮੇਸ਼ਾ ਰੜਕਦੀ ਹੈ ਉਹ ਆਪਣੇ ਵਿਚਾਰਾਂ ਦੀ ਪੁਸ਼ਟੀ ਕਰਦੇ ਹੋਏ ਕਮਿਊਨਿਸਟ ਵਿਚਾਰਧਾਰਾ ਨੂੰ ਘਸੀਟ ਲੈਂਦੇ ਹਨ। ਇੱਕ ਪਾਸੇ ਵਿਦਵਾਨ ਲੋਕ ਮਾਰਕਸਵਾਦੀ ਵਿਚਾਰਧਾਰਾ ਨੂੰ ਸਮਾਂ ਵਿਹਾ ਚੁੱਕੀ, ਬੇਕਾਰ ਅਤੇ ਲਗਪਗ ਮਰ ਚੁੱਕੀ ਦੱਸਦੇ ਹਨ। ਫਿਰ ਦੂਸਰੇ ਪਾਸੇ ਉਨ੍ਹਾਂ ਨੂੰ ਇਉਂ ਲਗਦਾ ਹੈ ਕਿ ਇਹ ਵਿਚਾਰਧਾਰਾ ਏਨੀ ਤਾਕਤਵਰ ਅਤੇ ਪ੍ਰਸੰਗਿਕ ਹੈ ਕਿ ਇਸ ਦੇ ਰੈਫਰੈਂਸ ਬਿਨਾ ਉਨ੍ਹਾਂ ਦੀ ਗੱਲ ਅਧੂਰੀ ਸਮਝੀ ਜਾਵੇਗੀ।’ ਮੈਨੂੰ ਸਮਝ ਨਹੀਂ ਲੱਗੀ ਕਿ ਮੇਰੇ ਅਲੀ ਲਾਰੀਜਾਨੀ ਵਾਲੇ ਲੇਖ ਵਿੱਚੋਂ ਹਰਜੀਤ ਗਿੱਲ ਨੂੰ ਇਹ ਭੁਲੇਖਾ ਕਿਉਂ ਪਿਆ? ਮੈਂ ਕਮਿਊਨਿਜ਼ਮ ਦੀ ਤਾਂ ਗੱਲ ਹੀ ਨਹੀਂ ਕੀਤੀ, ਮੈਂ ਤਾਂ ਸਟਾਲਿਨ ਦੀ ਗੱਲ ਕੀਤੀ ਹੈ ਕਿ ਉਸ ਨੇ ਬੁੱਧੀਜੀਵੀਆਂ, ਲੇਖਕਾਂ ਜਾਂ ਵਿਰੋਧੀਆਂ ਨੂੰ ਕਿਵੇਂ ਜੇਲ੍ਹਾਂ ਵਿਚ ਸੁੱਟਿਆ ਜਾਂ ਕਤਲ ਕਰਵਾਇਆ। ਉਸ ਤੋਂ ਤਾਂ ਟਰਾਸਟਕੀ ਵਰਗਾ ਦਾਨਿਸ਼ਵੰਦ ਵੀ ਨਹੀਂ ਬਚਿਆ। ਇਸ ਦੇ ਨਾਲ ਹੀ ਮੈਂ ਅਮਰੀਕਾ ਦੀ ਅਤੇ ਹਿੰਦੁਸਤਾਨ ਦੀ ਮੌਜੂਦਾ ਸਰਕਾਰ ਦੀ ਵੀ ਉਦਾਹਰਣ ਦਿੱਤੀ ਹੈ। ਮੇਰਾ ਖਿਆਲ ਹੈ, ਹਰਜੀਤ ਗਿੱਲ ਨੇ ਇਹ ਗੱਲ ਸੰਦਰਭ ‘ਚੋਂ ਕੱਢ ਕੇ ਕੀਤੀ ਹੈ। ਲੇਖ ਦੁਬਾਰਾ ਪੜ੍ਹ ਲੈਣਾ ਚਾਹੀਦਾ ਹੈ। ਕਾਲਜ ਵਿਚ ਪੜ੍ਹਦਿਆਂ ਮੈਂ ਰੂਸੀ ਸਾਹਿਤ ਬਹੁਤ ਪੜ੍ਹਿਆ ਹੈ ਅਤੇ ਉਸ ਤੋਂ ਪ੍ਰਭਾਵਤ ਵੀ ਹੋਈ ਹਾਂ, ਪਰ ਜੇ ਕੋਈ ਮੈਨੂੰ ਕਹੇ ਕਿ ਮੈਂ ਪੂਤਿਨ ਜਾਂ ਉਸ ਦੇ ਯੂਕਰੇਨ ‘ਤੇ ਹਮਲੇ ਅਤੇ ਲਗਾਤਾਰ ਕੀਤੀ ਜਾ ਰਹੀ ਤਬਾਹੀ ਦੀ ਹਿਮਾਇਤ ਕਰਾਂ ਤਾਂ ਮੈਂ ਪੂਰੀ ਤਰ੍ਹਾਂ ਇਸ ਦੇ ਖ਼ਿਲਾਫ ਹਾਂ। ਸਿਸਟਮ ਕੋਈ ਵੀ ਹੋਵੇ, ਉਸ ਵਿਚ ਪਬਲਿਕ ਕਿਵੇਂ ਮਹਿਸੂਸ ਕਰਦੀ ਹੈ, ਇਹ ਮਹੱਤਵਪੂਰਨ ਹੈ।
ਦੂਸਰੀ ਗੱਲ ਮੈਂ ਸਿਰਫ਼ ਅਲੀ ਲਾਰੀਜਾਨੀ ਦੇ ਦੋਸਤ ਦਾ ਖਿਆਲ ਦੱਸਿਆ ਹੈ, ਆਪਣੇ ਕੋਲੋਂ ਕੁੱਝ ਨਹੀਂ ਕਿਹਾ। ਜਿਸ ਫਲਸਫੇ ਦੀ ਮੈਂ ਵਿਦਿਆਰਥਣ ਹਾਂ ਉਸ ਅਨੁਸਾਰ ਤਾਂ ‘ਜੇ ਜੀਵੈ ਪਤਿ ਲਥੀ ਜਾਏ॥ ਸਭ ਹਰਾਮ ਜੇਤਾ ਕਿਛੁ ਖਾਏ॥’ ਹੈ ਅਤੇ ‘ਆਪਣ ਹਥੀਂ ਆਪਣਾ ਆਪੇ ਹੀ ਕਾਜ ਸਵਾਰੀਐ॥’ ਇਸ ਫਲਸਫੇ ਦੇ ਪੈਰੋਕਾਰਾਂ ਨੇ ਤਾਂ ਜਿਸ ਤਰ੍ਹਾਂ ਦੇ ਯੁੱਧ ਕੀਤੇ ਨੇ ਇਤਿਹਾਸ ਗਵਾਹ ਹੈ। ਸਿੱਖ ਧਰਮ-ਚਿੰਤਨ ਵਿਚ ਵਰ ਜਾਂ ਸਰਾਪ ਵਰਗਾ ਕੋਈ ਸੰਕਲਪ ਹੀ ਨਹੀਂ ਹੈ। ਗੁਰੂ ਨਾਨਕ ਤਾਂ ਬਾਬਰ ਦੇ ਹਮਲੇ ਦੀ ਗੱਲ ਕਰਦਿਆਂ ਇਹੋ ਤੱਥ ਸਾਹਮਣੇ ਲਿਆਉਂਦੇ ਨੇ ਕਿ ਆਪਣੀ ਰੱਖਿਆ ਆਪ ਕਰਨੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਫੁਰਮਾਇਆ ਹੈ ਕਿ ਜਦੋਂ ਪਤਾ ਲੱਗਿਆ ਕਿ ਮੀਰ (ਬਾਬਰ) ਚੜ੍ਹ ਕੇ ਆ ਰਿਹਾ ਹੈ ਤਾਂ ਕਰੋੜਾਂ ਹੀ ਪੀਰ ਉਸ ਨੂੰ ਰੋਕਣ ਲਈ ਟੂਣੇ-ਟਾਮਣ, ਧਾਗੇ-ਤਵੀਤ ਕਰ ਰਹੇ ਸਨ, ਪ੍ਰੰਤੂ ਇਸ ਨਾਲ ਨਾ ਹੀ ਕੋਈ ਮੁਗਲ ਅੰਨ੍ਹਾ ਹੋਇਆ ਅਤੇ ਨਾ ਹੀ ਕਿਸੇ ਮੁਗਲ ਦਾ ਕੁੱਝ ਵਿਗੜਿਆ:
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥
ਕੋਈ ਮੁਗਲ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥4॥ (ਪੰ.417-18)।
ਇਥੇ ਹੀ ਇਸ ਬਹਿਸ ਨੂੰ ਮੈਂ ਸਮਾਪਤ ਕਰਦੀ ਹਾਂ। ਜੇ ਕੋਈ ਗੱਲ ਚੰਗੀ ਲਗੀ ਹੈ ਠੀਕ ਹੈ, ਜੋ ਨਹੀਂ ਚੰਗੀ ਲੱਗੀ ਛੱਡ ਦਿਉ। ਬਾਬੇ ਨੇ ਤਾਂ ਇਹੀ ਸਿੱਖਿਆ ਦਿੱਤੀ ਹੈ ‘ਸਾਝ ਕਰੀਜੈ ਗੁਣਾ ਕੇਰੀ ਛੋਡਿ ਅਵਗਣ ਚਲੀਐ॥’
