ਨਵੀਂ ਦਿੱਲੀ:ਪੱਛਮੀ ਏਸ਼ੀਆ ‘ਚ ਵਧਦੇ ਤਣਾਅ ਵਿਚਾਲੇ ਇਕ ਵਾਰ ਮੁੜ ਅਮਰੀਕਾ ਤੇ ਈਰਾਨ ਵਲੋਂ ਰਲਿਬਾਤ ਦੀ ਪਹਿਲ ਦੇ ਸੰਕੇਤ ਮਿਲ ਰਹੇ ਹਨ। ਈਰਾਨ ਨੇ ਹੋਰਮੁਜ਼ ਸਟ੍ਰੇਟ ਨੂੰ ਖੋਲ੍ਹਣ ਲਈ ਅਮਰੀਕਾ ਦੇ ਸਾਹਮਣੇ ਨਵਾਂ ਪ੍ਰਸਤਾਵ ਰੱਖਿਆ ਹੈ। ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਅਮਰੀਕਾ ਈਰਾਨੀ ਬੰਦਰਗਾਹਾਂ ‘ਤੇ ਕੀਤੀ ਗਈ ਨਾਕੇਬੰਦੀ ਹਟਾਏ,
ਜਿਸ ਤੋਂ ਬਾਅਦ ਈਰਾਨ ਵੀ ਆਪਣੀ ਪਾਬੰਦੀ ਹਟਾ ਲਵੇਗਾ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਵਾਰਤਾ ਹੋਵੇਗੀ, ਜਿਸ ਵਿਚ ਪਰਮਾਣੂ ਪ੍ਰੋਗਰਾਮ ਨਾਲ ਜੁੜੇ ਰੇੜਕੇ ‘ਤੇ ਹੱਲ ਲੱਭਿਆ ਜਾ ਸਕਦਾ ਹੈ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਛੇਤੀ ਸਮਝੌਤਾ ਨਹੀਂ ਕਰਦਾ ਤਾ ਉਸ ਦੀਆਂ ਤੇਲ ਪਾਈਪਲਾਈਨਾਂ ‘ਚ ਬਲਾਸਟ ਹੋ ਸਕਦੇ ਹਨ। ਸੋਮਵਾਰ ਨੂੰ ਰੂਸ ਦੌਰੇ ‘ਤੇ ਪਹੁੰਚੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਰੀ ਨੇ ਕਿਹਾ ਕਿ ਤਹਿਰਾਨ ਨੂੰ ਵੀ ਅਮਰੀਕਾ ਵਲੋਂ ਪ੍ਰਸਤਾਵ ਮਿਲਿਆ ਹੈ। ਟੈਲੀਗ੍ਰਾਮ ‘ਤੇ ਇਕ ਸੰਦੇਸ਼ ‘ਚ ਉਨ੍ਹਾਂ ਲਿਖਿਆ ਕਿ ਅਮਰੀਕੀ ਪ੍ਰਸਤਾਵ ਦੀ ਸਮੀਖਿਆ ਕੀਤੀ ਜਾ ਰਹੀ ਹੈ। ਸੇਂਟ ਪੀਟਰਸਬਰਗ ‘ਚ ਅਰਘਰੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੁਤਿਨ ਨੇ ਪੱਛਮੀ ਏਸ਼ੀਆ ‘ਚ ਸ਼ਾਂਤੀ ਸਥਾਪਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ ਤੇ ਈਰਾਨੀ ਜਨਤਾ ਦੇ ਹੋਸਲੇ ਦੀ ਪ੍ਰਸੰਸਾ ਕੀਤੀ। ਅਮਰੀਕੀ ਸੈਂਟਰਲ ਕਮਾਂਡ (ਸੇਂਟਕਾਮ) ਦੇ ਮੁਤਾਬਕ, ਹੁਣ ਤੱਕ 38 ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ਵੱਲ ਵਾਪਸ ਭੇਜਿਆ ਜਾ ਚੁੱਕਾ ਹੈ। ਉੱਥੇ ਵਿਸ਼ਵ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਤੇ ਸੋਮਵਾਰ ਨੂੰ ਇਹ 108 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ, ਜਿਸ ਨਾਲ ਅੰਤਰਰਾਸ਼ਟਰੀ ਬਾਜ਼ਾਰ ‘ਚ ਚਿੰਤਾ ਵਧ ਗਈ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਦੀ ਸਰਗਰਮ ਕੂਟਨੀਤੀ ਸੰਕੇਤ ਦੇ ਰਹੀ ਹੈ ਕਿ ਈਰਾਨ ਹੋਰਮੁਜ਼ ਖੁੱਲ੍ਹਵਾਉਣ ਲਈ ਤੇਜ਼ੀ ਨਾਲ ਕੋਸ਼ਿਸ਼ ਕਰ ਰਿਹਾ ਹੈ। ਤਿੰਨ ਦਿਨਾਂ ਦੇ ਅੰਦਰ ਉਹ ਦੋ ਵਾਰ ਪਾਕਿਸਤਾਨ ਗਏ, ਓਮਾਨ ਦਾ ਦੌਰਾ ਕੀਤਾ ਅਤੇ ਕਤਰ ਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀਆਂ ਨਾਲ ਵੀ ਗੱਲਬਾਤ ਕੀਤੀ।
ਮੰਨਿਆ ਜਾ ਰਿਹਾ ਹੈ ਕਿ ਖੇਤਰੀ ਪੱਧਰ ‘ਤੇ ਅਮਰੀਕਾ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਅਮਰੀਕੀ ਮੀਡੀਆ ਪੋਰਟਲ ਐਕਸੀਓਸ ਨੇ ਦੋ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਈਰਾਨ ਤੇ ਪਾਕਿਸਤਾਨ ਦੇ ਵਫ਼ਦਾਂ ਵਿਚਾਲੇ ਬੰਦ ਕਮਰੇ ‘ਚ ਹੋਈ ਗੱਲਬਾਤ ‘ਚ ਹੋਰਮੁਜ਼ ਖੋਲ੍ਹਣ ਲਈ ਨਵਾਂ ਪ੍ਰਸਤਾਵ ਸਾਹਮਣੇ ਆਇਆ। ਰਿਪੋਰਟ ਦੇ ਮੁਤਾਬਕ, ਈਰਾਨ ਹੋਰਮੁਜ਼ ਖੋਲ੍ਹਣ ਨੂੰ ਤਰਜੀਹ ਦੇ ਰਿਹਾ ਹੈ ਤੇ ਪਰਮਾਣੂ ਮੁੱਦੇ ‘ਤੇ ਅੱਗੇ ਗੱਲਬਾਤ ਦੀ ਸੰਭਾਵਨਾ ਖੁੱਲ੍ਹੀ ਰੱਖੀ ਹੈ। ਏਐੱਨਆਈ ਮੁਤਾਬਕ, ਈਰਾਨੀ ਮੀਡੀਆ ਫਾਰਸ ਨੇ ਦਾਅਵਾ ਕੀਤਾ ਹੈ ਕਿ ਅਰਾਘਚੀ ਨੇ ਪਾਕਿਸਤਾਨ ਦੇ ਜ਼ਰੀਏ ਅਮਰੀਕਾ ਨੂੰ ਹੋਰਮੁਜ਼ ਤੇ ਪਰਮਾਣੂ ਮੁੱਦਿਆਂ ‘ਤੇ ਆਪਣੀ ‘ਰੈੱਡ ਲਾਈਨ’ ਸਪੱਸ਼ਟ ਕਰ ਦਿੱਤੀ ਹੈ।
ਪ੍ਰਾਈਵੇਟ ਲਿਮਟਿਡ ਦੇ ਪ੍ਰਭਾਵ ਨੂੰ ਘਟਾਉਣ ਲਈ ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਇਹ ਸੰਦੇਸ਼ ਸਿੱਧਾ ਗੱਲਬਾਤ ਦਾ ਹਿੱਸਾ ਨਹੀਂ, ਬਲਕਿ ਮੌਜੂਦਾ ਹਾਲਾਤ ਤੇ ਸਰਹੱਦਾਂ ਨੂੰ ਸਪੱਸ਼ਟ ਕਰਨ ਲਈ ਸੀ। ਆਈਏਐੱਨਐੱਸ ਮੁਤਾਬਕ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਸ ਕੋਲ ਜੰਗਬੰਦੀ ‘ਤੇ ਸਹਿਮਤ ਹੋਣ ਲਈ ਸਿਰਫ਼ ਤਿੰਨ ਦਿਨ ਹਨ, ਨਹੀਂ ਤਾਂ ਉਸ ਦੀਆਂ ਤੇਲ ਪਾਈਪਲਾਈਨਾਂ ‘ਤੇ ਗੰਭੀਰ ਅਸਰ ਪੈ ਸਕਦਾ ਹੈ। ਫਾਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ‘ਚ ਉਨ੍ਹਾਂ ਕਿਹਾ ਕਿ ਜੇਕਰ ਤੇਲ ਬਰਾਮਦ ਠੱਪ ਹੁੰਦੀ ਹੈ ਤਾਂ ਪਾਈਪਲਾਈਨਾਂ ‘ਤੇ ਦਬਾਅ ਵਧੇਗਾ, ਜਿਸ ਨਾਲ ਤਕਨੀਕੀ ਕਾਰਨਾਂ ਨਾਲ ਉਹ ਫਟ ਸਕਦੀਆਂ ਹਨ ਤੇ ਉਨ੍ਹਾਂ ਨੂੰ ਦੁਬਾਰਾ ਬਹਾਲ ਕਰਨਾ ਲਗਪਗ ਨਾਮੁਮਕਿਨ ਹੋਵੇਗਾ। ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਲੀਬਾਫ ਨੇ ਟਰੰਪ ਦੇ ਬਿਆਨ ‘ਤੇ ਵਿਅੰਗਾਤਮਕ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਤਹਿਰਾਨ ਕੋਲ ਵੀ ਕਈ ਬਦਲ ਮੌਜੂਦ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਬਾਬ ਅਲ ਮੰਦੇਬ ਵਰਗੇ ਅਹਿਮ ਸਮੁੰਦਰੀ ਮਾਰਗਾਂ ਨੂੰ ਪ੍ਰਭਾਵਿਤ ਕਰ ਕੇ ਵਿਸ਼ਵ ਤੇਲ ਸਪਲਾਈ ਠੱਪ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ‘ਚ ਤੇਲ ਦੀ ਮੰਗ ਸਿਖਰ ‘ਤੇ ਹੋਵੇਗੀ ਤੇ ਜੇਕਰ ਹੋਰਮੁਜ਼ ਬੰਦ ਰਹਿੰਦਾ ਹੈ ਤਾਂ ਅਮਰੀਕਾ ‘ਚ ਵੀ ਕੀਮਤਾਂ ਤੇਜ਼ੀ ਨਾਲ ਵਧਣਗੀਆਂ, ਜਿਸ ਦਾ ਅਸਰ ਉੱਥੋਂ ਦੀ ਸਿਆਸਤ, ਖਾਸ ਤੌਰ ‘ਤੇ ਮੱਧਕਾਲੀ ਚੋਣਾਂ ‘ਤੇ ਪੈ ਸਕਦਾ ਹੈ।
