ਹਰਜੀਤ ਸਿੰਘ ਗਿੱਲ
ਫੋਨ:647-542-0007 (ਕਨੇਡਾ)
+9198889-45127 (ਭਾਰਤ)
ਅਮਰੀਕਾ-ਇਰਾਨ ਯੁੱਧ ਅਤੇ ਸ਼ਾਂਤੀ ਵਾਰਤਾ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਯੁੱਧ ਦੇ ਅਸਲ ਕਾਰਨ ਕੀ ਹਨ ਅਤੇ ਕਿਹੜੀਆਂ ਤਾਕਤਾਂ ਦੇ ਬਲ-ਬੂਤੇ ਇਹ ਯੁੱਧ ਲੜਿਆ ਜਾ ਰਿਹਾ ਹੈ। ਇਹ ਟਕਰਾਅ ਕੇਵਲ ਦੋ ਦੇਸ਼ਾਂ ਵਿਚਕਾਰ ਨਹੀਂ, ਸਗੋਂ ਰੂਸ ਅਤੇ ਚੀਨ ਦੇ ਸਮਰਥਨ ਨਾਲ ਇਰਾਨ ਵੱਲੋਂ ਅਮਰੀਕਾ ਦੀ ਗਲੋਬਲ ਸਰਦਾਰੀ ਨੂੰ ਦਿੱਤੀ ਗਈ
ਰਣਨੀਤਕ ਚੁਣੌਤੀ ਹੈ। ਚੀਨ ਭਾਵੇਂ ਜ਼ਾਹਰਾ ਤੌਰ ਉੱਤੇ ਜੰਗ ਵਿਚ ਸ਼ਾਮਿਲ ਨਹੀਂ, ਪਰ ਪਰਦੇ ਪਿੱਛੇ ਉਸ ਦੀ ਭੂਮਿਕਾ ਇਰਾਨ ਦੇ ਹੱਕ ਵਿਚ ਭੁਗਤ ਰਹੀ ਹੈ। ਇਹ ਯੁੱਧ ਇੱਕ ਮਨੋਵਿਗਿਆਨਕ ਅਤੇ ਆਰਥਿਕ ਜੰਗ ਵਜੋਂ ਸ਼ੁਰੂ ਹੋ ਕੇ ਹੁਣ ਸਰਗਰਮ ਫੌਜੀ ਟਕਰਾਅ ਵਿਚ ਬਦਲ ਚੁੱਕਾ ਹੈ। ਦੁਨੀਆ ਭਰ ਵਿਚ ਇਸ ਯੁੱਧ ਦੇ ਵਿਸ਼ਲੇਸ਼ਣ ਬਾਰੇ ਬਿਰਤਾਂਤ ਸਿਰਜੇ ਜਾ ਰਹੇ ਹਨ। ਇਸ ਯੁੱਧ ਦੌਰਾਨ ਇਹ ਗੱਲ ਵਿਸ਼ੇਸ਼ ਤੌਰ ਉੱਤੇ ਉਭਰ ਕੇ ਸਾਹਮਣੇ ਆਈ ਹੈ ਕਿ ਦੁਨੀਆ ਵਿਚ ਅੱਜ ਨਵੀਂ ਸਫ਼ਬੰਦੀ ਹੋ ਰਹੀ ਹੈ? ਹਰ ਮੁਲਕ ਆਪਣੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਯੁੱਧ ਵੱਲ ਅਤੇ ਇਸ ਤੋਂ ਉਤਪੰਨ ਹੋਣ ਵਾਲੇ ਪ੍ਰਭਾਵਾਂ ਵੱਲ ਵੇਖ ਰਿਹਾ ਹੈ। ਮੂਲ ਰੂਪ ਵਿਚ ਇਸ ਸਮੱਸਿਆ ਪਿੱਛੇ ਅਮਰੀਕਾ ਦੀ ਇਹ ਲਾਲਸਾ ਲੁਕੀ ਹੋਈ ਹੈ ਕਿ ਦੂਜੇ ਦੇਸ਼ਾਂ ਦੇ ਕੁਦਰਤੀ ਸਰੋਤਾਂ ਨੂੰ ਫੌਜੀ ਤਾਕਤ ਨਾਲ ਕਿਵੇਂ ਹਥਿਆਉਣਾ ਹੈ। ਇਹ ਵਰਤਾਰਾ ਦਹਾਕਿਆਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ। ਅਮਰੀਕਨ ਸੱਤਾ ‘ਤੇ ਭਾਵੇਂ ਡੈਮੋਕ੍ਰੇਟ ਹੋਣ ਜਾਂ ਰਿਪਬਲਿਕਨ, ਲੁੱਟ ਅਤੇ ਕੁੱਟ ਦੀ ਨੀਤੀ ਕਦੇ ਨਹੀਂ ਬਦਲਦੀ, ਪਰ ਟਰੰਪ ਦੀ ਆਮਦ ਨਾਲ ਲੁਕਵੇਂ ਮੰਤਵ ਖੁੱਲ੍ਹ ਕੇ ਸਾਹਮਣੇ ਆਏ ਹਨ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਟਰੰਪ ਭਾਵੇਂ ਝੂਠ ਬੋਲਣ ਵਿਚ ਨਿਪੁੰਨ ਹੈ, ਪਰ ਉਸ ਦਾ ਬੜਬੋਲਾਪਨ ਅਤੇ ਉਖੜਿਆ ਹੋਇਆ ਮਨ ਮਸਤਕ ਕਈ ਵੇਰ ਉਸ ਕੋਲੋਂ ਸੱਚ ਵੀ ਉਗਲਵਾ ਲੈਂਦਾ ਹੈ। ਟਰੰਪ ਬੇਸ਼ਰਮੀ ਭਰੇ ਅੰਦਾਜ਼ ਵਿਚ ਬੇਝਿਜਕ ਹੋ ਕੇ ਕਹਿੰਦਾ ਹੈ ਕਿ ਅਮਰੀਕਾ ਨੂੰ ਇਰਾਨ ਅਤੇ ਵੈਨੇਜ਼ੁਏਲਾ ਦਾ ਤੇਲ ਚਾਹੀਦਾ ਹੈ, ਗਰੀਨਲੈਂਡ ਦੇ ਰੇਅਰ ਮਿਨਰਲ ਚਾਹੀਦੇ ਹਨ ਅਤੇ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣਨਾ ਚਾਹੀਦਾ ਹੈ।
ਇਸ ਦੌੜ ਵਿਚ ਅਮਰੀਕਾ ਦੀ ਅਸਲੀ ਨੀਤੀ ਤੇ ਸਿਆਸਤ ਦੀ ਘੋਖ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਵਰਤਾਰਾ ਕੋਈ ਨਵਾਂ ਨਹੀਂ ਹੈ। ਇਹ ਤਾਂ ਬੱਸ ਦੁਨੀਆ ਦੇ ਬਦਲਦੇ ਸਮੀਕਰਨਾਂ ਅਤੇ ਅਮਰੀਕਨ ਅਰਥ-ਵਿਵਸਥਾ ਨੂੰ ਝਟਕਾ ਦੇ ਕੇ ਦੂਸਰੀਆਂ ਵਿਸ਼ਵ ਸ਼ਕਤੀਆਂ ਵੱਲੋਂ ਵਿੱਢਿਆ ਸ਼ੁਰੂਆਤੀ ਦੌਰ ਦਾ ਇੱਕ ਨਜ਼ਾਰਾ ਮਾਤਰ ਹੈ। ਅੱਗੇ ਚੱਲ ਕੇ ਦੁਨੀਆ ਦੀ ਸ਼ਕਤੀਸ਼ਾਲੀ ਧਿਰ ਕਿਹੜੀ ਹੋਵੇਗੀ? ਦੁਨੀਆ ਦਾ ਨਵਾਂ ਵਰਲਡ ਆਰਡਰ ਕੀ ਹੋਵੇਗਾ? ਪੂੰਜੀਵਾਦ ਦਾ ਨਵਾਂ ਅਤੇ ਨਿਵੇਕਲਾ ਰੂਪ ਕੀ ਹੋਣ ਵਾਲਾ ਹੈ? ਕੀ ਇਸ ਯੁੱਧ ਨਾਲ ਅਮਰੀਕਨ ਅਜਾਰੇਦਾਰੀ ਦੇ ਬੀਤ ਚੁੱਕੇ ਇਤਿਹਾਸ ਦੀ ਇਬਾਰਤ ਲਿਖੀ ਜਾ ਰਹੀ ਹੈ? ਅਜਿਹੇ ਹੀ ਹੋਰ ਅਨੇਕਾਂ ਸੁਆਲ ਅੱਜ ਦੁਨੀਆ ਭਰ ਵਿਚ ਵੱਸਦੇ ਤਕਰੀਬਨ ਸਾਢੇ ਅੱਠ ਅਰਬ (8.3 Billion) ਲੋਕਾਂ ਨੂੰ ਦਰਪੇਸ਼ ਹਨ। ਦੁਨੀਆ ਦੀ ਅਰਥ-ਵਿਵਸਥਾ ਅਤੇ ਵਪਾਰਕ ਮੰਡੀ ਵਿਚ ਚੀਨ ਦੀ ਵੱਡੀ ਹਿੱਸੇਦਾਰੀ ਹੈ ਅਤੇ ਉਹ ਹਰ ਖੇਤਰ ਵਿਚ ਅਮਰੀਕਾ ਦੀ ਸਰਦਾਰੀ ਨੂੰ ਚੁਣੌਤੀ ਤਾਂ ਭਾਵੇਂ ਦੇ ਰਿਹਾ ਹੋਵੇ ਪਰ ਇਉਂ ਪ੍ਰਤੀਤ ਹੁੰਦਾ ਹੈ ਕਿ ਉਹ ਇਸ ਯੁੱਧ ਖ਼ਾਤਰ ਆਪਣੀ ਮੰਡੀ ਤੇ ਮੁਨਾਫ਼ੇ ਨੂੰ ਗੁਆਉਣਾ ਨਹੀਂ ਚਾਹੁੰਦਾ। ਚੀਨ ਹਰ ਮਾਮਲੇ ਵਿਚ ਆਪਣੀ ਹੋਂਦ ਵੀ ਪੁਖਤਾ ਤੌਰ ‘ਤੇ ਦਰਸਾਉਣਾ ਚਾਹੁੰਦਾ ਹੈ ਪਰ ਨਾਲ ਦੀ ਨਾਲ ਪਿਛਲੀਆਂ ਮਹਾ-ਸ਼ਕਤੀਆਂ ਦੇ ਪਤਨ ਦੇ ਇਤਿਹਾਸ ਤੋਂ ਸਬਕ ਸਿੱਖਦਾ ਹੋਇਆ ਬਚ-ਬਚਾ ਕੇ ਅੱਗੇ ਵਧਣਾ ਲੋਚਦਾ ਹੈ। ਚੀਨ ਇਹ ਜਾਣਦਾ ਹੈ ਕਿ ਬਾਹਰੀ ਹਾਲਾਤ ਦੇ ਨਾਲ-ਨਾਲ ਬੀਤੇ ਯੁੱਗ ਦੇ ਸਮੇਂ ਦੁਨੀਆ ਦੀ ਵੱਡੀ ਮਹਾ-ਸ਼ਕਤੀ ਗ੍ਰੇਟ ਬ੍ਰਿਟੇਨ ਅਤੇ ਉਸ ਤੋਂ ਬਾਅਦ ਸੋਵੀਅਤ ਯੂਨੀਅਨ ਦੀ ਲੋੜੋਂ ਵੱਧ ਵਿਸਤਾਰ ਕਰਨ ਦੀ ਨੀਤੀ ਕਰਕੇ ਅੰਦਰੋਂ ਵੀ ਟੁੱਟ-ਭੱਜ ਸ਼ੁਰੂ ਹੋ ਗਈ ਸੀ। ਅਮਰੀਕਾ ਦਾ ਤੀਜਾ ਭਾਈਵਾਲ ਇਜ਼ਰਾਈਲ ਇਸ ਯੁੱਧ ਵਿਚ ਸਿਰਫ਼ ਆਪਣਾ ਹੀ ਉੱਲੂ ਸਿੱਧਾ ਕਰ ਰਿਹਾ ਹੈ। ਇਜ਼ਰਾਈਲ ਦੀ ਗਿਣੀ-ਮਿਥੀ ਚਾਲ, ਇੱਕ ਦੁਰਸਾਹਸ (Misadventure)) ਬਣ ਕੇ ਸਾਹਮਣੇ ਆਈ ਹੈ। ਉਸ ਦੀ ਕੱਟੜਵਾਦੀ ਯਹੂਦੀ ਸਿਆਸੀ ਲੀਡਰਸ਼ਿਪ ਅਤੇ ਖਾਸ ਕਰਕੇ ਪ੍ਰਧਾਨ ਮੰਤਰੀ ਬੈਂਜਾਮਨ ਨੇਤਨਯਾਹੂ ਆਪਣੀ ਵਿਸ਼ਵ ਪ੍ਰਸਿੱਧ ਖਤਰਨਾਕ ਖ਼ੁਫ਼ੀਆ ਏਜੰਸੀ ਮਸਾਧ ਦੀਆ ਰਿਪੋਰਟਾਂ ਦੇ ਅਧਾਰ ‘ਤੇ ਅਮਰੀਕਨ ਰਾਸ਼ਟਰਪਤੀ ਟਰੰਪ ਦੀਆਂ ਤਮਾਮ ਕਮਜ਼ੋਰੀਆਂ ਦੀ ਥਾਹ ਪਾ ਕੇ, ਇਸ ਮਾਨਸਿਕ ਤੌਰ ‘ਤੇ ਅਸੰਤੁਲਿਤ ਵਿਅਕਤੀ ਨੂੰ, ਆਪਣੇ ਸਿਆਸੀ ਮਿਸ਼ਨ ਗ੍ਰੇਟਰ ਇਜ਼ਰਾਈਲ ਦੀ ਸਥਾਪਨਾ ਲਈ ਵਰਤਣ ਵਿਚ ਕਾਮਯਾਬ ਹੋ ਰਿਹਾ ਹੈ। ਐਪਸਟੀਨ ਸ਼ਾਸਨ, ਜਿਸ ਨੂੰ ਕੁਲੀਨ ਵਰਗ ਦੇ ਅਮੀਰ ਲੋਕਾਂ ਦੀ ਅਯਾਸ਼ੀ ਲਈ ਬਣੀ ਇੱਕ ਕਲੱਬ ਦਾ ਨਾਂ ਵੀ ਦਿੱਤਾ ਜਾ ਰਿਹਾ ਹੈ, ਵਿਚ ਡੋਨਲਡ ਟਰੰਪ ਤੋਂ ਇਲਾਵਾ ਬਿਲ ਕਲਿੰਟਨ, ਪ੍ਰਿੰਸ ਐਂਡਰਿਊ, ਬਿਲ ਗੇਟਸ, ਐਲੋਨ ਮਸਕ ਅਤੇ ਰਿਚਰਡ ਬ੍ਰੈਨਸਨ ਵਰਗੇ ਵੱਡੇ ਅਤੇ ਮਹੱਤਵਪੂਰਨ ਨਾਂ ਸ਼ਾਮਲ ਹਨ। ਇਸ ਲਿਸਟ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਹਰਦੀਪ ਪੁਰੀ ਸਮੇਤ ਕਈ ਹੋਰ ਨਾਂ ਵੀ ਸ਼ਾਮਲ ਦੱਸੇ ਜਾ ਰਹੇ ਹਨ ਅਤੇ ਇਹ ਕਿਆਸਅਰਾਈਆਂ ਹਨ ਕਿ ਇਸ ਡਰ ਤੋਂ ਮੋਦੀ ਦੀ ਬੋਲਤੀ ਬੰਦ ਹੈ। ਆਪੋ-ਆਪਣੇ ਢੰਗ ਨਾਲ ਹਰ ਕੋਈ ਸਿਆਸਤ ਦੀ ਗੰਦੀ ਖੇਡ ਖੇਡ ਰਿਹਾ ਹੈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇਸ ਘਿਨਾਉਣੇ ਕੰਮ ਵਿਚ ਸ਼ਾਮਲ ਨੇਤਾਵਾਂ ਦੀ ਬਲੈਕ-ਮੇਲਿੰਗ ਵੀ ਹੋ ਰਹੀ ਹੈ। ਖੁਦ ਟਰੰਪ ਕਹਿੰਦਾ ਹੈ ਕਿ ਜੇ ਮਂੈ ਸੱਚ ਬੋਲਿਆ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜਨੀਤਕ ਕੈਰੀਅਰ ਖ਼ਤਮ ਹੋ ਜਾਵੇਗਾ।
ਇਸ ਵਿਚ ਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਤਕਨੀਕੀ ਪੱਧਰ ‘ਤੇ ਚੀਨ ਦੀ ਸਹਾਇਤਾ ਨਾਲ ਇਰਾਨ ਨੇ ਟਰੰਪ ਅਤੇ ਨੇਤਨਯਾਹੂ ਦੀਆਂ ਆਸਾਂ-ਉਮੀਦਾਂ ‘ਤੇ ਪਾਣੀ ਫੇਰਦਿਆਂ ਕਰਾਰਾ ਜੁਆਬ ਦਿੱਤਾ ਹੈ। ਦੁਨੀਆ ਭਰ ਵਿਚੋਂ ਬਣ ਰਹੇ ਲਾਹਣਤਾਂ ਭਰੇ ਦਬਾਅ, ਅਮਰੀਕਾ ਦੇ ਅੰਦਰੂਨੀ ਰਾਜਨੀਤਕ ਅਤੇ ਮੰਡੀ ਦੇ ਨਿਘਾਰ ਦੇ ਸਨਮੁੱਖ ਟਰੰਪ ਅਤੇ ਉਸ ਦੇ ਸਲਾਹਕਾਰਾਂ ਦੇ ਹੌਸਲੇ ਪਸਤ ਹੋ ਚੁੱਕੇ ਹਨ। ਉਹ ਇਸ ਜੰਗ ਵਿਚੋਂ ਬਾਹਰ ਨਿਕਲਣ ਦੇ ਬਹਾਨੇ ਤਲਾਸ਼ ਰਹੇ ਹਨ। ਪਰ ਦੂਸਰੇ ਪਾਸੇ ਆਪਣੀ ਹਉਮੈ ਅਤੇ ਹੰਕਾਰ ਨੂੰ ਵੱਜੀ ਸੱਟ ਨਾਲ ਛਟਪਟਾ ਕੇ ਅਜੀਬੋ-ਗਰੀਬ ਧਮਕੀਆਂ ਭਰੇ ਬਿਆਨ ਦਾਗੀ ਜਾ ਰਹੇ ਹਨ। ਇਰਾਨੀ ਸੱਭਿਅਤਾ ਨੂੰ ਰਾਤੋ-ਰਾਤ ਮਲੀਆਮੇਟ ਕਰਕੇ ਇਰਾਨ ਨੂੰ ਪੱਥਰ ਯੁੱਗ ਵਿਚ ਧੱਕ ਦੇਣ ਵਾਲਾ ਉਸ ਦਾ ਬਿਆਨ ਉਸ ਨੂੰ ਪੁੱਠਾ ਪੈਂਦਾ ਨਜ਼ਰ ਆਉਂਦਾ ਹੈ। ਟਰੰਪ ਦੀਆਂ ਜੰਗਬਾਜ਼ ਨੀਤੀਆਂ ਅਤੇ ਉਸ ਦੀ ਬੋਲ-ਬਾਣੀ ਦੇ ਡਿੱਗਦੇ ਮਿਆਰ ਕਾਰਨ ਇਜ਼ਰਾਈਲ ਨੂੰ ਛੱਡ ਕੇ ਉਸ ਦੇ ਸਹਿਯੋਗੀ ਯੂਰਪੀ ਮੁਲਕ ਵੀ ਨਾ ਸਿਰਫ ਉਸ ਤੋਂ ਕਿਨਾਰਾ ਕਰ ਗਏ ਹਨ, ਸਗੋਂ ਉਸ ਦੀਆਂ ਨੀਤੀਆਂ ਅਤੇ ਫਰਮਾਨਾਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਸਾਫ ਹੋ ਚੁੱਕਾ ਹੈ ਕਿ ਭਵਿੱਖ ਵਿਚ ਨਵੀਆਂ ਸਫ਼ਬੰਦੀਆਂ ਹੋਣਗੀਆਂ। ਦੁਨੀਆ ਵਿਚ ਅਮਰੀਕਾ ਦੀ ਧੌਂਸ ਵਾਲੀ ਰਾਜਨੀਤੀ ਨੂੰ ਹੁਣ ਭਵਿੱਖ ਵਿਚ ਛੋਟੇ-ਛੋਟੇ ਮੁਲਕ ਵੀ ਪ੍ਰਵਾਨ ਨਹੀਂ ਕਰਨਗੇ, ਜਿਸ ਨਾਲ ਦੁਨੀਆ ਵਿਚ ‘ਨਵੀਂ ਵਿਸ਼ਵ ਵਿਵਸਥਾ’ ਸਥਾਪਤ ਹੋਣ ਦੀਆਂ ਸੰਭਾਵਨਾਵਾਂ ਤੇਜ਼ ਹੋ ਰਹੀਆਂ ਹਨ। ਨਵਾਂ ਵਰਲਡ ਆਰਡਰ ਨਾ ਤਾਂ ਪੂੰਜੀਵਾਦ, ਨਾ ਹੀ ਕਮਿਊਨਿਸਟ, ਨਾ ਖੱਬਾ (ਲੈਫਟ), ਨਾ ਸੱਜਾ (ਰਾਈਟ) ਅਤੇ ਨਾ ਹੀ ਕੇਂਦਰ ਉਦਾਰਵਾਦੀ (ਸੈਂਟਰ ਲਿਬਰਲ) ਹੋਵੇਗਾ। ਕੁਝ ਜਾਣਕਾਰਾਂ ਦਾ ਮੰਨਣਾ ਹੈ ਕਿ ਚੀਨ ਅਤੇ ਰੂਸ ਦੀ ਤਰਜ਼ ‘ਤੇ ਸ਼ਾਇਦ ਭਵਿੱਖ ਦੀ ਡੈਮੋਕਰੇਸੀ ਦਾ ਰੂਪ ਇੱਕ ਪਾਰਟੀ ਸਿਸਟਮ ਵਿਚ ਤਬਦੀਲ ਹੋ ਜਾਵੇਗਾ, ਜਿਸ ਵਿਚ ਚੋਣਾਂ ਤਾਂ ਹੋਣਗੀਆਂ ਪਰ ਪਾਰਟੀ ਇੱਕ ਹੀ ਰਹੇਗੀ ਅਤੇ ਨਵੀਂ ਲੀਡਰਸ਼ਿਪ ਆਉਂਦੀ-ਜਾਂਦੀ ਰਹੇਗੀ। ਅਨੇਕਾਂ ਗੈਰ-ਲੋਕਤੰਤਰੀ ਗਲਤੀਆਂ ਅਤੇ ਕਮਜ਼ੋਰੀਆਂ ਦੇ ਬਾਵਜੂਦ ਪਹਿਲਾਂ ਹੀ ਕਈ ਮੁਲਕਾਂ ਵਿਚ ਇੱਕ ਪਾਰਟੀ ਸਿਸਟਮ ਨੇ ਖੁਸ਼ਹਾਲੀ ਲਈ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਬਦਲ ਰਹੀ ਇਸ ਵਿਸ਼ਵ-ਵਿਵਸਥਾ ਵਿਚ ਧਰਤੀ ‘ਤੇ ਵੱਸਦੇ ਆਮ ਮਨੁੱਖ ਨੂੰ ਕੁਝ ਸੁਖਦ ਪਲ ਨਸੀਬ ਹੋਣਗੇ ਜਾਂ ਹਾਲਾਤ ਬਦ ਤੋਂ ਬਦਤਰ ਹੋਣਗੇ, ਇਸ ਬਾਰੇ ਭਵਿੱਖਬਾਣੀ ਕਰਨਾ ਫ਼ਿਲਹਾਲ ਸੰਭਵ ਨਹੀਂ।
ਸੰਯੁਕਤ ਰਾਸ਼ਟਰ ਚਾਰਟਰ ਦਾ ਆਰਟੀਕਲ 2 ਸੱਤ ਮੁੱਖ ਸਿਧਾਂਤਾਂ ਦੀ ਰੂਪ-ਰੇਖਾ ਘੜਦਾ ਹੈ, ਜਿਸ ਅਨੁਸਾਰ ਸਾਰੇ ਮੈਂਬਰ ਪ੍ਰਭੂਸੱਤਾ ਸੰਪੰਨ ਅਤੇ ਬਰਾਬਰ ਹਨ। ਮੈਂਬਰ ਦੇਸ਼ ਨੂੰ ਨੇਕ-ਨੀਅਤ ਅਤੇ ਵਿਸ਼ਵਾਸ ਨਾਲ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ। ਵਿਵਾਦਾਂ ਦਾ ਨਿਪਟਾਰਾ ਸ਼ਾਂਤੀਪੂਰਨ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਮੈਂਬਰਾਂ ਨੂੰ ਦੂਜੇ ਰਾਜਾਂ ਵਿਰੁੱਧ ਧਮਕੀ ਜਾਂ ਤਾਕਤ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਾਰੇ ਹੀ ਮੈਂਬਰ ਮੁਲਕਾਂ ਨੂੰ ਸੰਯੁਕਤ ਰਾਸ਼ਟਰ ਦੀਆਂ ਕਾਰਵਾਈਆਂ ਦਾ ਸਮਰਥਨ ਕਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਰਾਜਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਜਿਨ੍ਹਾਂ ਵਿਰੁੱਧ ਸੰਯੁਕਤ ਰਾਸ਼ਟਰ ਕਾਰਵਾਈ ਕਰ ਰਿਹਾ ਹੋਵੇ। ਇਸ ਨਿਯਮ ਤਹਿਤ ਸੰਯੁਕਤ ਰਾਸ਼ਟਰ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਗੈਰ-ਮੈਂਬਰ ਦੇਸ਼ ਵੀ ਸ਼ਾਂਤੀ ਲਈ ਇਨ੍ਹਾਂ ਸਿਧਾਂਤਾਂ ਦੀ ਪਾਲਣਾ ਕਰਨ। ਸੰਯੁਕਤ ਰਾਸ਼ਟਰ ਕਿਸੇ ਰਾਜ ਦੇ ਘਰੇਲੂ ਅਧਿਕਾਰ ਖੇਤਰ ਦੇ ਅੰਦਰ ਦੇ ਮਾਮਲਿਆਂ ਵਿਚ ਦਖਲ ਨਹੀਂ ਦੇ ਸਕਦਾ। ਇਸ ਆਰਟੀਕਲ ਦੀ ਧਾਰਾ 2(4) ਕਿਸੇ ਵੀ ਰਾਜ ਦੀ ਖੇਤਰੀ ਅਖੰਡਤਾ ਜਾਂ ਰਾਜਨੀਤਕ ਆਜ਼ਾਦੀ ਵਿਰੁੱਧ ਧਮਕੀ ਜਾਂ ਤਾਕਤ ਦੀ ਵਰਤੋਂ ‘ਤੇ ਪਾਬੰਦੀ ਲਗਾਉਂਦੀ ਹੈ। ਆਰਟੀਕਲ ਦੀ ਧਾਰਾ 2(7) ਸੰਯੁਕਤ ਰਾਸ਼ਟਰ ਦੇ ਅੰਦਰੂਨੀ ਮਾਮਲਿਆਂ ਵਿਚ ਕਿਸੇ ਵੀ ਦੇਸ਼ ਦੇ ਦਖਲ ਦੇਣ ਦੇ ਅਧਿਕਾਰ ਨੂੰ ਸੀਮਤ ਕਰਦੀ ਹੈ। ਪਰ ਇਹ ਸਭ ਕੁਝ ਮਹਿਜ਼ ਮਜ਼ਾਕ ਬਣ ਕੇ ਰਹਿ ਗਿਆ ਹੈ। ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਦੇ ਆਰਡਰ ਮੈਂਬਰ ਦੇਸ਼ਾਂ ਵੱਲੋਂ ਲਾਗੂ ਨਹੀਂ ਕੀਤੇ ਜਾ ਰਹੇ। ਇਸੇ ਤਰਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਪ੍ਰਮੁੱਖ ਵਿਸ਼ਵ ਆਗੂਆਂ ਖ਼ਿਲਾਫ ਵਾਰੰਟ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਯੋਵ ਗੈਲੈਂਟ, ਸੁਡਾਨ ਦੇ ਸਾਬਕਾ ਰਾਸ਼ਟਰਪਤੀ ਉਮਰ ਅਲ-ਬਸ਼ੀਰ, ਫਿਲੀਪੀਨਜ਼ ਦੇ ਸਾਬਕਾ ਰਾਸ਼ਟਰਪਤੀ ਰੋਡਰਿਗੋ ਦੁਤਰਤੇ ਅਤੇ ਲੀਬੀਆ ਦੇ ਮੁਅੰਮਰ ਗੱਦਾਫ਼ੀ ਸ਼ਾਮਲ ਹਨ। ਪਰ ਇਹ ਆਗੂ ਕਦੀ ਵੀ ਗ੍ਰਿਫ਼ਤਾਰ ਨਹੀਂ ਕੀਤੇ ਗਏ ਕਿਉਂਕਿ ਕੋਰਟ ਕੋਲ ਆਪਣੀ ਕੋਈ ਪੁਲਿਸ ਫੋਰਸ ਨਹੀਂ ਹੈ ਅਤੇ ਆਈ.ਸੀ.ਸੀ. ਦੇ 125 ਮੈਂਬਰ ਦੇਸ਼ ਇਸ ਹੁਕਮ ਦੀ ਪਾਲਣਾ ਨਹੀਂ ਕਰ ਰਹੇ। ਇਸੇ ਤਰ੍ਹਾਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮਤਿਆਂ ਦੀ ਕੋਈ ਮੁਲਕ ਪ੍ਰਵਾਹ ਨਹੀਂ ਕਰਦਾ। ਸੰਯੁਕਤ ਰਾਸ਼ਟਰ ਨੂੰ ਅਰਥਹੀਣ ਕਰਨ ਵਾਸਤੇ ਟਰੰਪ ਨੇ ਆਪਣਾ ਹੀ ਇੱਕ ਬੋਰਡ ਆਫ਼ ਪੀਸ ਬਣਾ ਲਿਆ ਹੈ।
ਇਹ ਯੁੱਧ ਇਸ ਗੱਲ ਤੋਂ ਵੀ ਨਿਵੇਕਲਾ ਹੈ ਕਿ ਇਸ ਵਿਚ ਟੈਕਨਾਲੌਜੀ ਅਤੇ ਨਵੇਂ ਹਥਿਆਰਾਂ ਦੀ ਵਰਤੋਂ ਨੇ ਪਿਛਲੇ ਸਾਰੇ ਯੁੱਧਾਂ ਤੋਂ ਵੱਖਰਾ ਇਤਿਹਾਸ ਸਿਰਜਿਆ ਹੈ। ਅਮਰੀਕਾ ਜਿਨ੍ਹਾਂ ਹਥਿਆਰਾਂ ਨੂੰ ਆਪਣੀ ਫੌਜੀ ਸ਼ਕਤੀ ਦਾ ਸਿਖਰ ਸਮਝ ਰਿਹਾ ਸੀ ਦਰਅਸਲ ਉਹ ਸੱਤਰਵਿਆਂ ਦੇ ਦਹਾਕੇ ਦੀ ਤਕਨਾਲੌਜੀ ਦੇ ਨਿਕਲੇ। ਚੀਨ ਚੁੱਪ-ਚੁਪੀਤੇ ਆਪਣੀ ਆਰਥਿਕ ਤਾਕਤ ਦੇ ਨਾਲ-ਨਾਲ ਸੈਟੇਲਾਈਟ ਤਕਨਾਲੌਜੀ ਅਤੇ ਨਵੀਨ ਮਾਡਰਨ ਹਥਿਆਰਾਂ ਵਿਚ ਅੱਗੇ ਨਿਕਲ ਗਿਆ ਹੈ। ਯੂਕਰੇਨ ਦੀ ਲੜਾਈ ਵਿਚ ਅਜ਼ਮਾਈ ਗਈ ਸਸਤੀ ਡਰੋਨ ਪ੍ਰਣਾਲੀ ਵੀ ਇਰਾਨ ਦਾ ਯੁੱਧ ਵਿਚ ਪੱਲੜਾ ਭਾਰੀ ਕਰਨ ਦਾ ਕਾਰਨ ਬਣੀ। ਇਸ ਯੁੱਧ ਵਿਚ ਇਰਾਨ ਵੱਲੋਂ ਆਪਣੀ ਹੀ ਪ੍ਰਾਕਸੀ, ਹਮਾਸ, ਹੂਤੀ ਅਤੇ ਹਿਜ਼ਬੁੱਲਾ ਦੇ ਛੋਟੇ ਰਾਕੇਟਾਂ ਦੇ ਇੱਕੋ ਸਮੇਂ ਬਹੁ-ਗਿਣਤੀ ਵਿਚ ਛੱਡੇ ਬੈਰਾਜ ਵਾਲੀ ਸਫ਼ਲ ਨੀਤੀ ਅਪਣਾਈ ਗਈ ਜਿਸ ਰਾਹੀਂ ਇਜ਼ਰਾਈਲ ਦੇ ਸੁਰੱਖਿਆ ਕਿਲ੍ਹੇ ਆਇਰਨ ਡੋਮ ਦੀਆਂ ਧੱਜੀਆਂ ਉਡਾਈਆਂ ਸਨ। ਇਸ ਨੂੰ ਜਾਰੀ ਰੱਖਦਿਆਂ ਇਰਾਨ ਨੇ ਆਪਣੀਆਂ ਮਿਜ਼ਾਈਲਾਂ ਅਤੇ ਡਰੋਨ ਦੇ ਝੁੰਡ ਇਜ਼ਰਾਈਲ ਅਤੇ ਅਮਰੀਕਾ ਦੇ ਅਰਬ ਦੇਸ਼ਾਂ ਵਿਚ ਬਣਾਏ ਫੌਜੀ ਅੱਡਿਆਂ ਵੱਲ ਇੱਕੋ ਸਮੇਂ ਸਫ਼ਲਤਾਪੂਰਵਕ ਦਾਗੇ, ਜਿਸ ਨਾਲ ਅਮਰੀਕਨ ਟੈਕਨਾਲੌਜੀ ਨਾਲ ਬਣੇ ਪੈਟਰੀ ਆਊਟ, ਠਾਢ, ਪੇਸ -2, ਪੇਸ -3, ਮਿਜ਼ਾਈਲ ਡਰੋਨ ਇੰਟਰਸੈਪਟਰ ਸਿਸਟਮ ਧਰੇ-ਧਰਾਏ ਰਹਿ ਗਏ। ਵੈਸਟਰਨ ਮੀਡੀਆ ਨੇ ਬੜਾ ਨਕਾਰਾਤਮਿਕ ਦੁਰਪ੍ਰਚਾਰ ਕੀਤਾ ਕਿ ਚੀਨ ਦਾ ਆਪਣਾ ਕੁਝ ਵੀ ਨਹੀਂ ਸਗੋਂ ਅਮਰੀਕਨ ਹਥਿਆਰਾਂ ਨੂੰ ਸੋਧ ਕੇ ਹੋਰ ਵਿਕਸਤ ਕਰ ਲਿਆ ਹੈ, ਪਰ ਨਤੀਜੇ ਕੁਝ ਹੋਰ ਦੱਸਦੇ ਹਨ।
ਅਮਰੀਕੀ ਅਖਬਾਰਾਂ ਵਿਚ ਵੀ ਲਗਾਤਾਰ ਛਪ ਰਿਹਾ ਹੈ ਕਿ ਇਹ ਯੁੱਧ ਅਮਰੀਕਾ ਨੂੰ ਬਹੁਤ ਮਹਿੰਗਾ ਪੈਣ ਵਾਲਾ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ‘ਦਿ ਵਾਲ ਸਟ੍ਰੀਟ’ ਦੀ ਭਾਵਨਾ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੇ। ਫਿਰ ਵੀ ‘ਦਿ ਵਾਲ ਸਟ੍ਰੀਟ ਜਰਨਲ’ ਵਿਚ ਇਕ ਪ੍ਰਮੁੱਖ ਡੈਮੋਕ੍ਰੈਟ ਤੇ ਵਕੀਲ ਡੇਵਿਡ ਬੋਇਸ ਨੇ ਲਿਖਿਆ, ‘ਜੇ ਟਰੰਪ ਯੁੱਧਬੰਦੀ ਵਰਗਾ ਕਦਮ ਨਹੀਂ ਉਠਾਉਂਦਾ ਤਾਂ ਉਸ ਤੋਂ ਬਾਅਦ ਆਉਣ ਵਾਲੇ ਉਸ ਦੇ ਜਾਨਸ਼ੀਨਾਂ ਸਾਹਮਣੇ ਆਪਣੇ ਪੂਰਬਲੇ ਆਗੂ ਦੁਆਰਾ ਛੱਡੀ ਗਈ ਸਥਿਤੀ ਵਿਚ ਸ਼ਾਇਦ ਖ਼ਤਰਨਾਕ ਵਿਕਲਪ ਤੋਂ ਸਿਵਾਏ ਕੁਝ ਵੀ ਨਹੀਂ ਬਚੇਗਾ, ਪਰ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਅਮਰੀਕੀ ਫੌਜੀ ਕਾਰਵਾਈਆਂ ਸੰਬੰਧੀ ਨਕਾਰਾਤਮਕ ਬਿਰਤਾਂਤਾਂ ਲਈ ਪ੍ਰੈਸ ਦੀ ਜਨਤਕ ਤੌਰ ‘ਤੇ ਆਲੋਚਨਾ ਕੀਤੀ ਹੈ। ਦੂਜੇ ਪਾਸੇ ਇਰਾਨ ਨਾਲ ਚੱਲ ਰਹੀ ਜੰਗ ਅਤੇ ਤਣਾਅ ਦੇ ਵਿਚਕਾਰ ਅਮਰੀਕਾ ਵਿਚ ਕਈ ਉੱਚ-ਪੱਧਰੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਇਆ ਗਿਆ ਹੈ ਜਾਂ ਉਨ੍ਹਾਂ ਨੇ ਅਸਤੀਫੇ ਦਿੱਤੇ ਹਨ। ਇਹ ਫੈਸਲੇ ਜ਼ਿਆਦਾਤਰ ਨੀਤੀਗਤ ਮੱਤਭੇਦਾਂ, ਜੰਗੀ ਰਣਨੀਤੀ ਜਾਂ ਖੁLਫੀਆ ਜਾਣਕਾਰੀ ਦੀ ਅਸਫਲਤਾ ਕਾਰਨ ਲਏ ਗਏ ਹਨ। ਘੱਟੋ-ਘੱਟ 12 ਤੋਂ ਵੱਧ ਉੱਚ ਪੱਧਰੀ ਫੌਜੀ ਅਧਿਕਾਰੀ ਅਤੇ ਕੁਝ ਨਾਗਰਿਕ ਅਧਿਕਾਰੀ ਆਪਣੇ ਅਹੁਦਿਆਂ ਤੋਂ ਹਟਾਏ ਗਏ। ਸਭ ਤੋਂ ਵੱਧ ਤਬਦੀਲੀਆਂ ਪੈਂਟਾਗਨ, ਆਰਮੀ, ਨੇਵੀ ਅਤੇ ਏਅਰ ਫੋਰਸ ਵਿਚ ਹੋਈਆਂ। ਯੁੱਧ ਦੌਰਾਨ ਹੋਈਆਂ ਇਹ ਬਰਖ਼ਾਸਤਗੀਆਂ ਅਮਰੀਕੀ ਫੌਜੀ ਇਤਿਹਾਸ ਵਿਚ ਬਹੁਤ ਅਸਾਧਾਰਣ ਮੰਨੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਸਭ ਤੋਂ ਵੱਡੀ ਬਰਖ਼ਾਸਤਗੀ ਆਰਮੀ ਚੀਫ਼ ਆਫ਼ ਸਟਾਫ਼ ਜਨਰਲ ਰੈਂਡੀ ਜਾਰਜ ਦੀ ਹੈ। ਇਸੇ ਤਰ੍ਹਾਂ ਆਰਮੀ ਚੈਪਲਿਨ ਕੋਰ ਦੇ ਮੁਖੀ ਮੇਜਰ ਜਨਰਲ ਵਿਲੀਅਮ ਗ੍ਰੀਨ ਜੂਨੀਅਰ ਨੂੰ ਬਰਖ਼ਾਸਤ ਕੀਤਾ ਗਿਆ। ਟ੍ਰੇਨਿੰਗ ਅਤੇ ਡਾਕਟ੍ਰਿਨ ਕਮਾਂਡ ਦੇ ਸੀਨੀਅਰ ਕਮਾਂਡਰ ਜਨਰਲ ਡੇਵਿਡ ਹੋਡਨ, ਅਮਰੀਕਨ ਨੇਵੀ ਦੀ ਸਭ ਤੋਂ ਉੱਚੀ ਪੁਜ਼ੀਸ਼ਨ ਵਾਲੇ ਚੀਫ਼ ਆਫ਼ ਨੇਵਲ ਓਪਰੇਸ਼ਨਜ਼ ਐਡਮਿਰਲ ਲੀਸਾ ਫ੍ਰਾਂਚੇਟੀ, ਨੇਵੀ ਸੈਕਰਟਰੀ ਦੇ ਸਿਵਲੀਅਨ ਅਹੁਦੇ ਤੋਂ ਜੌਨ ਫੇਲਨ, ਏਅਰ ਫੋਰਸ ਵਾਈਸ ਚੀਫ਼ ਆਫ਼ ਸਟਾਫ਼ ਜਨਰਲ ਜੇਮਜ਼ ਸਲਾਈਫ਼ ਅਤੇ ਸਾਬਕਾ ਚੇਅਰਮੈਨ, ਜੋਇੰਟ ਚੀਫ਼ਸ ਆਫ਼ ਸਟਾਫ਼ ਜਨਰਲ ਸੀ. ਕਿਊ. ਬ੍ਰਾਊਨ ਜੂਨੀਅਰ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ। ਇਹ ਸਭ ਕੁਝ ਪੈਂਟਾਗਨ ਵਿਚ ਰਣਨੀਤਕ ਅਤੇ ਵਿਚਾਰਧਾਰਕ ਟਕਰਾਅ, ਜੰਗ ਦੌਰਾਨ ਕਮਾਂਡ ਅਤੇ ਤਿਆਰੀ ‘ਤੇ ਅਸਹਿਮਤੀ ਅਤੇ ਰਾਜਨੀਤਕ ਦਬਾਅ ਕਾਰਨ ਵਾਪਰਿਆ। ਖ਼ਬਰਾਂ ਤਾ ਇਹ ਵੀ ਹਨ ਕਿ ਟਰੰਪ ਜੋ ਖੁLਦ ਰਾਸ਼ਟਰਪਤੀ ਦੀ ਹੈਸੀਅਤ ਵਿਚ ਅਮਰੀਕਨ ਫ਼ੌਜਾਂ ਦੇ ਸਰਵਉਚ ਕਮਾਂਡਰ ਵੀ ਹਨ ਪੈਂਟਾਗਨ `ਤੇ ਨਿਊਕਲਰ ਹਥਿਆਰਾਂ ਦੇ ਕੋਡ ਪ੍ਰਾਪਤ ਕਰਨ ਲਈ ਦਬਾਅ ਬਣਾ ਰਹੇ ਹਨ। ਬਹੁਤ ਸਾਰੇ ਮਹੱਤਵਪੂਰਨ ਫ਼ੈਸਲੇ ਅਧਿਕਾਰੀਆਂ ਅਤੇ ਆਪਣੀ ਟੀਮ ਨਾਲ ਸਲਾਹ-ਮਸ਼ਵਰੇ ਤੋਂ ਬਿਨਾ ਵੀ ਲੈ ਰਹੇ ਹਨ। ਪਿਛਲੇ ਦਿਨੀਂ ਜਦ ਦੋ ਜਹਾਜ਼ ਅਤੇ ਪਾਇਲਟ ਇਰਾਨ ਵੱਲੋਂ ਹੇਠਾਂ ਸੁੱਟੇ ਗਏ ਸਨ, ਉਸ ਸਮੇਂ ਟਰੰਪ ਪੈਂਟਾਗਨ ਦੇ ਵਾਰ ਰੂਮ ਵਿਚ ਮੌਜੂਦ ਸਨ। ਉਹ ਇਹ ਦ੍ਰਿਸ਼ ਵੇਖ ਕੇ ਆਪਣੇ ਆਪ `ਤੇ ਕਾਬੂ ਨਹੀਂ ਸਨ ਰੱਖ ਸਕੇ। ਬਦਹਵਾਸੀ ਦੀ ਹਾਲਤ ਵਿਚ ਉਹ ਅਧਿਕਾਰੀਆਂ ਉੱਤੇ ਲੰਮਾ ਸਮਾਂ ਚੀਖਦੇ ਰਹੇ। ਉਨ੍ਹਾਂ ਦੀ ਮਾਨਸਿਕ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਵਾਰ ਰੂਮ ਤੋਂ ਵੀ ਦੂਰ ਰੱਖਿਆ ਜਾ ਰਿਹਾ ਹੈ। ਇਹ ਵੀ ਖ਼ਬਰਾਂ ਹਨ ਕਿ ਰਾਸ਼ਟਰਪਤੀ ਟਰੰਪ ਕੋਲ ਚੱਲ ਰਹੇ ਯੁੱਧ ਦੀ ਪੂਰੀ ਜਾਣਕਾਰੀ ਵੀ ਨਹੀਂ ਪਹੁੰਚਾਈ ਜਾ ਰਹੀ।
ਇਸ ਯੁੱਧ ਕਾਰਨ ਬਣੇ ਭਾਰੀ ਤਣਾਅ ਦੇ ਵਿਚਕਾਰ ਅਮਨ ਲਈ ਗੱਲਬਾਤ ਬੈਕ ਡੋਰ ਚੈਨਲ ਰਾਹੀਂ ਚਲਾਈ ਜਾ ਰਹੀ ਹੈ। ਇਹ ਤਰੀਕਾ ਭਰੋਸਾ ਬਣਾਉਣ, ਟਕਰਾਅ ਨੂੰ ਹੱਲ ਕਰਨ ਅਤੇ ਸਹਿਮਤੀਆਂ ਬਣਾਉਣ ਵਿਚ ਮਦਦ ਕਰ ਸਕਦਾ ਹੈ ਜੋ ਕਿ ਪਰੰਪਰਾਗਤ ਰਾਜਨੀਤਕ ਤਰੀਕਿਆਂ ਦੁਆਰਾ ਪ੍ਰਾਪਤ ਕਰਨਾ ਮੁਸ਼ਕਲ ਹੁੰਦਾ ਹੈ। ਪਰ ਅਮਰੀਕਾ ਪ੍ਰਤੀ ਇਰਾਨ ਦੀ ਬੇਭਰੋਸਗੀ ਅਤੇ ਇਜ਼ਰਾਈਲ-ਅਮਰੀਕਾ ਗੱਲਬਾਤ ਦੌਰਾਨ ਕਈ ਵਾਰ ਧੋਖਾ ਦੇਣ ਕਰਕੇ ਇਰਾਨ ਅਜਿਹੀ ਗੱਲਬਾਤ ਲਈ ਬਹੁਤ ਸਹਿਮਤ ਵਿਖਾਈ ਨਹੀਂ ਦੇ ਰਿਹਾ। ਦੂਸਰੀ ਵੱਡੀ ਸਮੱਸਿਆ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਪਾਕਿਸਤਾਨ ਵੀ ਬਹੁਤ ਕਮਜ਼ੋਰ ਮੁਲਕ ਹੈ। ਇਰਾਨ ਉਸ ਉੱਪਰ ਵੀ ਪੂਰਾ ਭਰੋਸਾ ਨਹੀਂ ਕਰ ਸਕਦਾ, ਕਿਉਂਕਿ ਉਸ ਦੀ ਪੁਜ਼ੀਸ਼ਨ ਅਮਰੀਕਾ ਦੇ ਪਿਆਦੇ ਤੋਂ ਵਧੀਕ ਕੁਝ ਵੀ ਨਹੀਂ। ਪਾਕਿਸਤਾਨ ਨੂੰ ਬਾਕੀ ਸਾਰੀ ਦੁਨੀਆ ਭਰੋਸੇਯੋਗ ਮੁਲਕ ਨਹੀਂ ਸਮਝਦੀ। ਜੇਕਰ ਇਹ ਗੱਲਬਾਤ ਕਿਸੇ ਸਾਵੀ ਤਾਕਤਵਰ ਧਿਰ ਵਾਲੇ ਦੇਸ਼ ਚੀਨ ਜਾਂ ਰੂਸ ਰਾਹੀਂ ਹੁੰਦੀ ਤਾਂ ਕੁਝ ਹਾਂ-ਪੱਖੀ ਨਤੀਜੇ ਮਿਲ ਸਕਦੇ ਸਨ। ਕੋਈ ਯੂਰਪੀ ਮੁਲਕ ਫ਼ਰਾਂਸ, ਜਰਮਨੀ ਜਾਂ ਇੰਗਲੈਂਡ ਇਸ ਭੂਮਿਕਾ ਵਿਚ ਹੁੰਦੇ ਤਾਂ ਵੀ ਗੱਲ ਕਿਸੇ ਸਿਰੇ ਲੱਗ ਸਕਦੀ ਸੀ। ਤੁਰਕੀਏ ਅਤੇ ਸਾਊਦੀ ਵੀ ਕੁਝ ਅਜਿਹਾ ਰੋਲ ਅਦਾ ਕਰਨ ਦੇ ਸਮਰੱਥ ਮੁਲਕ ਹਨ। ਦੂਸਰਾ ਗੱਲਬਾਤ ਭਾਵੇਂ ਸਫ਼ਲ ਹੋਵੇ ਜਾਂ ਅਸਫ਼ਲ ਪਾਕਿਸਤਾਨ ਨੂੰ ਕੋਈ ਸਿੱਧਾ ਭੂ-ਰਾਜਨੀਤਕ ਲਾਭ ਹੋਣ ਵਾਲਾ ਨਹੀਂ ਸਿਵਾਏ ਇਸ ਗੱਲ ਦੇ ਕਿ ਉਹ ਹਾਲਾਤ ਦਾ ਇਹ ਫਾਇਦਾ ਚੁੱਕਣ ਵਿਚ ਕਾਮਯਾਬ ਹੋ ਸਕੇ ਕਿ ਕਿਧਰੋਂ ਉਸ ਨੂੰ ਅਗਲੇ ਕੁਝ ਮਹੀਨੇ ਆਪਣਾ ਤੋਰੀ-ਫੁਲਕਾ ਚਲਦਾ ਰੱਖਣ ਵਿਚ ਆਰਥਿਕ ਸਹਾਇਤਾ ਮਿਲ ਸਕੇ। ਜਦ ਤੋਂ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਉਹ ਇਹ ਜਾਣਦਿਆਂ ਵੀ ਕਿ ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ਗੈਰ- ਕਾਨੂੰਨੀ ਹੈ, ਉਸ ਉੱਤੇ ਬਹੁਤ ਮਿਹਰਬਾਨ ਹਨ। ਖ਼ਾਸ ਕਰਕੇ ਭਾਰਤ ਨਾਲ ਟਕਰਾਅ ਤੋਂ ਬਾਅਦ ਆਪੇ ਹੀ ਬਣੇ ਫੀਲਡ ਮਾਰਸ਼ਲ ਮੁਨੀਰ ‘ਤੇ ਉਹ ਸ਼ਾਇਦ ਅਮਰੀਕਨ ਜਰਨੈਲਾਂ ਤੋਂ ਵੀ ਵੱਧ ਭਰੋਸਾ ਜਤਾ ਰਹੇ ਹਨ। ਰਾਸ਼ਟਰਪਤੀ ਟਰੰਪ ਦੀ ਮਜਬੂਰੀ ਹੋ ਸਕਦੀ ਹੈ ਜਾਂ ਦੂਰ-ਦ੍ਰਿਸ਼ਟੀ ਦੀ ਘਾਟ ਕਿ ਉਸ ਨੂੰ ਵਿਚੋਲੇ ਦੀ ਭੂਮਿਕਾ ਲਈ ਅਜਿਹਾ ਮੁਲਕ ਚੁਣਨਾ ਪਿਆ।
