ਮਾਂ ਬਹੁਤ ਉਦਾਸ ਸੀ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਉਸ ਦਿਨ ਮਾਂ ਬਹੁਤ ਉਦਾਸ ਸੀ। ਭਾਵੇਂ ਮਾਂ ਨੂੰ ਸਦਾ ਲਈ ਵਿਛੜਿਆਂ 16 ਸਾਲ ਹੋ ਗਏ ਹਨ ਪਰ ਉਸ ਦਿਨ ਦਾ ਚੇਤਾ ਮਨ ਨੂੰ ਬਹੁਤ ਉਦਾਸ ਕਰ ਜਾਂਦਾ। ਸੱਚੀਂ! ਮਾਵਾਂ ਉਦਾਸ ਹੋ ਹੀ ਜਾਂਦੀਆਂ ਜਦ ਉਨ੍ਹਾਂ ਦਾ ਢਿਡੋਂ ਜਾਇਆ ਪ੍ਰਦੇਸ ਲਈ ਘਰੋਂ ਬਾਹਰ ਪੈਰ ਰੱਖਦਾ। ਦਰਾਂ ਤੋਂ ਬਾਹਰ ਜਾਂਦੀਆਂ ਪੈੜਾਂ ਲਈ ਮਨ ਵਿਚ ਇਹ ਵੀ ਤੌਖਲਾ ਪੈਦਾ ਹੁੰਦਾ ਕਿ ਇਹ ਪੈੜਾਂ ਪਤਾ ਨਹੀਂ ਕਦੋਂ ਘਰ ਨੂੰ ਮੁੜਨਗੀਆਂ? ਮਾਵਾਂ ਦੇ ਦਿਲ ਵਿਚ ਪੈ ਜਾਂਦਾ ਹੌਲ। ਇਕ ਖੋਹ ਜਹੀ ਪੈਂਦੀ ਅਤੇ ਉਹ ਨਾ-ਚਾਹੁੰਦਿਆਂ ਵੀ ਬਹੁਤ ਉਦਾਸ ਹੋ ਨਿਰਾਸ਼ਾ ਦੇ ਆਲਮ ਵਿਚ ਗਵਾਚ ਜਾਂਦੀਆਂ।

ਉਸ ਦਿਨ ਵੀ ਅਜੇਹਾ ਹੀ ਹੋਇਆ। ਮਾਂ ਨੂੰ ਇਹ ਚਿੱਤ-ਚੇਤਾ ਵੀ ਨਹੀਂ ਸੀ ਕਿ ਚੰਗੀ-ਭਲੀ ਨੌਕਰੀ ਕਰਦਾ, ਚੰਗਾ ਘਰ-ਬਾਰ ਅਤੇ ਸੁੱਖਾਂ ਭਰੀ ਜ਼ਿੰਦਗੀ ਛੱਡ ਕੇ ਮੇਰਾ ਪੁੱਤ ਇਸ ਉਮਰੇ ਪ੍ਰਦੇਸ ਨੂੰ ਤੁਰ ਪਵੇਗਾ। ਜੀਵਨ ਦੇ ਵਧੀਆ ਮੁਕਾਮ ‘ਤੇ ਪਹੁੰਚ, ਫਿਰ ਤੋਂ ਨਵੀਂ ਜ਼ਿੰਦਗੀ ਦੀ ਸਥਾਪਤੀ ਲਈ ਦੁਬਾਰਾ ਜਦੋ-ਜਹਿਦ ਕਰੇਗਾ। ਖੁਦ ਨੂੰ ਮਿਹਨਤ ਦੀ ਭੱਠੀ ਵਿਚ ਝੋਕੇਗਾ ਅਤੇ ਫਿਰ ਤੋਂ ਆਪਣੇ ਪੈਰਾਂ ਹੇਠਲੀ ਧਰਤ ਅਤੇ ਸਿਰ ਉਪਰਲੇ ਅਕਾਸ਼ ਦੀ ਤਲਾਸ਼ ਵਿਚ ਦਿਨ-ਰਾਤ ਇਕ ਕਰੇਗਾ।
ਮਾਂ ਇਹ ਤਾਂ ਜਾਣਦੀ ਸੀ ਕਿ ਕਾਲਜ ਪੜ੍ਹਦੇ ਪੁੱਤ ਨੂੰ ਵਿਦੇਸ਼ ਭੇਜਣ ਲਈ ਕਈ ਜਾਣਕਾਰਾਂ ਅਤੇ ਰਿਸ਼ਤੇਦਾਰਾਂ ਅੱਗੇ ਤਰਲੇ ਵੀ ਕੀਤੇ ਕਿ ਉਸਦਾ ਪੁੱਤ ਵੀ ਬਾਹਰ ਚਲੇ ਜਾਵੇ। ਵਿਦੇਸ਼ ਵਿਚ ਰਹਿੰਦੀ ਮਾਂ ਦੀ ਸਕੀ ਭੈਣ ਅਤੇ ਗਵਾਂਢਣ ਸਹੇਲੀ ਵੀ ਮਾਂ ਦਾ ਕੁਝ ਨਾ ਸਵਾਰ ਸਕੀਆਂ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਮਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਂ ਵਿਦੇਸ਼ ਨਾ ਜਾ ਸਕਿਆ ਅਤੇ ਵਧੀਆ ਸਥਾਪਤ ਹੋ ਗਿਆ।
ਮਾਂ ਬਹੁਤ ਉਦਾਸ ਸੀ ਕਿ ਕਿੰਨੀਆਂ ਮੁਸ਼ਕਲਾਂ ਨਾਲ ਪੁੱਤ ਨੂੰ ਸਰਕਾਰੀ ਕਾਲਜ ਵਿਚ ਪ੍ਰੋਫੈਸਰੀ ਮਿਲੀ ਸੀ ਅਤੇ ਬਦਲੀ ਕਰਵਾ ਕੇ ਘਰ ਦੇ ਨੇੜੇ ਆਇਆ ਸੀ। ਉਸਨੂੰ ਪਤਾ ਸੀ ਕਿ ਸਧਾਰਨ ਪਰਿਵਾਰਾਂ ਦੇ ਪੜ੍ਹੇ-ਲਿਖੇ ਜੁਆਕਾਂ ਨੂੰ ਨੌਕਰੀ ਲਈ ਕਿੰਨੇ ਤਰਦੱਦ ਕਰਨੇ ਪੈਂਦੇ ਹਨ। ਕੌਣ ਪੁੱਛਦਾ ਏ ਮੈਰਿਟ ਨੂੰ? ਹਰ ਨੌਕਰੀ ਹੀ ਵਿਕਾਊ। ਲਗਭਗ ਚੰਗੀਆਂ ਨੌਕਰੀਆਂ ਰਾਜਸੀ ਲੋਕਾਂ ਦੇ ਰਿਸ਼ਤੇਦਾਰਾਂ ਤੀਕ ਹੀ ਸੀਮਤ। ਬੇਰੁਜ਼ਗਾਰੀ ਤੋਂ ਨੌਕਰੀ ਪ੍ਰਾਪਤੀ ਤੀਕ ਦੇ ਦਿਨਾਂ ਦੀ ਤਰਾਸਦੀ ਨੂੰ ਪਿੰਡੇ ‘ਤੇ ਉਕਰਾ, ਹੌਕਿਆਂ ਨੂੰ ਸਾਹਾਂ ਵਿਚ ਵਸਾ ਅਤੇ ਦਰਦਵੰਤੇ ਦਿਨਾਂ ਦੀ ਯਾਦ ਮਨ ਵਸਾ ਕੇ ਸੁਖਨ-ਰਾਹਾਂ ਦਾ ਪਾਂਧੀ ਬਣਿਆ ਸੀ ਪੁੱਤ ਮੇਰਾ। ਮਾਂ ਸੋਚਦੀ ਸੀ ਕਿ ਜੇਕਰ ਫਿਰ ਤੋਂ ਪੁੱਤ ਆਪਣੇ ਆਪ ਨੂੰ ਪਰਖਣ ਲਈ ਵਿਦੇਸ਼ ਨੂੰ ਤੁਰ ਪਿਆ ਤਾਂ ਇਸਦਾ ਰਾਜ਼ ਕੀ ਹੈ?
ਮਾਂ ਉਦਾਸ ਸੀ ਕਿਉਂਕਿ ਸ਼ਹਿਰ ਵਿਚ ਪੁੱਤ ਦੇ ਹੁੰਦਿਆਂ ਜਦ ਉਹ ਪਿੰਡੋਂ ਆਉਂਦੀ ਤਾਂ ਉਹ ਬੱਸ ਅੱਡੇ ਤੋਂ ਨਿਕਲ ਸੜਕ ‘ਤੇ ਜਾ ਰਹੇ ਕਿਸੇ ਵੀ ਜਵਾਨ ਬੱਚੇ ਨੂੰ ਕਹਿ ਦਿੰਦੀ ਕਿ ਉਸਨੇ ਪ੍ਰੋਫੈਸਰ ਕਲੋਨੀ, ਫਲਾਣੇ ਪ੍ਰੋਫੈਸਰ ਦੇ ਘਰ ਜਾਣਾ। ਕੋਈ ਵੀ ਜੁਆਕ ਖੁਸ਼ੀ-ਖੁਸ਼ੀ ਉਸਨੂੰ ਘਰ ਛੱਡ ਜਾਂਦਾ ਸੀ। ਕਪੂਰਥਲਾ ਛੋਟਾ ਸ਼ਹਿਰ ਹੋਣ ਕਰਕੇ ਸਾਰੇ ਬੱਚੇ ਰਣਧੀਰ ਕਾਲਜ ਵਿਚ ਪੜ੍ਹਦੇ ਹਨ ਅਤੇ ਉਹ ਸਾਰੇ ਪ੍ਰੋਫੈਸਰਾਂ ਨੂੰ ਜਾਣਦੇ ਹੁੰਦੇ ਹਨ। ਭਲਾ ਹੁਣ ਉਹ ਕਿਸਨੂੰ ਕਹੇਗੀ ਕਿ ਉਸਦਾ ਪੁੱਤ ਪ੍ਰੋਫੈਸਰ ਹੈ ਜਦ ਕਿ ਉਸਦਾ ਪੁੱਤ ਤਾਂ ਵਿਦੇਸ਼ ਨੂੰ ਹੀ ਤੁਰ ਚੱਲਿਆ ਹੈ।
ਮਾਂ ਉਦਾਸ ਸੀ ਕਿਉਂਕਿ ਹੁਣ ਸ਼ਹਿਰ ਆਉਣ ਦਾ ਕੋਈ ਕਾਰਨ ਹੀ ਨਹੀਂ ਸੀ ਰਹਿਣਾ। ਉਸਦੇ ਸ਼ਹਿਰ ਆਉਣ ਦਾ ਮਤਲਬ ਸੀ ਕੁਝ ਦਿਨ ਮੇਰੇ ਕੋਲ ਠਹਿਰਨਾ। ਕਦੇ ਪੇਕਿਆਂ ਨੂੰ ਤੁਰ ਜਾਣਾ, ਕਦੇ ਆਪਣੀ ਧੀ ਨੂੰ ਮਿਲਣ ਚਲੇ ਜਾਣਾ। ਕਦੇ ਕਿਸੇ ਮੱਸਿਆ ਨਹਾਉਣ ਤੁਰ ਪੈਣਾ। ਕਦੇ-ਕਦਾਈਂ ਸ਼ਹਿਰ ਵਿਚ ਰਹਿੰਦੀਆਂ ਪਿੰਡ ਦੀਆਂ ਹਮ-ਉਮਰ ਸਹੇਲੀਆਂ ਨੂੰ ਮਿਲਣ ਚਲੇ ਜਾਣਾ ਕਿਉਂਕਿ ਮੇਰੇ ਪਿੰਡ ਦੇ ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਦੀ ਬਿਹਤਰ ਪੜ੍ਹਾਈ ਲਈ ਕਪੂਰਥਲੇ ਆ ਗਏ ਸਨ। ਪੁੱਤ ਦੇ ਜਾਣ ਨਾਲ ਇਹ ਸਭ ਕੁਝ ਹੀ ਖਤਮ ਹੋ ਜਾਣਾ, ਕਿਉਂਕਿ ਹੁਣ ਸ਼ਹਿਰ ਆਉਣ-ਜਾਣ ਦਾ ਬਹਾਨਾ ਹੀ ਕੋਈ ਨਹੀਂ ਰਹਿਣਾ।
ਮਾਂ ਬਹੁਤ ਉਦਾਸ ਸੀ ਕਿਉਂਕਿ ਉਹ ਜਾਣਦੀ ਸੀ ਕਿ ਵਿਦੇਸ਼ ਵਿਚ ਰਹਿੰਦਿਆਂ ਦੇ ਦੁੱਖ ਤੇ ਵਿਛੋੜਾ। ਕਈ ਸਾਲਾਂ ਤੱਕ ਘਰਾਂ ਤੋਂ ਦੂਰ ਰਹਿਣਾ। ਆਰ-ਪਰਿਵਾਰਾਂ ਨੂੰ ਭੁੱਲ ਜਾਣਾ। ਸ਼ੁਰੂਆਤੀ ਸੰਘਰਸ਼ ਦੇ ਦਿਨਾਂ ਵਿਚ ਆਪਣਿਆਂ ਨੂੰ ਭੁਲਾ ਕੇ ਆਪਣੇ ਜੀਵਨ ਨੂੰ ਨਵ-ਸਥਾਪਤੀ ਦੇ ਰਾਹ ਤੋਰਨਾ।
ਮਾਂ ਬਹੁਤ ਉਦਾਸ ਸੀ ਕਿ ਸੋਹਲ ਅੰਗਾਂ, ਪੜ੍ਹਨ-ਪੜ੍ਹਾਉਣ ਵਾਲੇ ਅਤੇ ਕਲਮਕਾਰੀ ਕਰਨ ਵਾਲੇ ਉਸਦੇ ਪੁੱਤ ਨੂੰ ਕਿਸੇ ਨੇ ਪ੍ਰੋਫੈਸਰ ਥੋੜ੍ਹਾ ਬਣਾ ਦੇਣਾ। ਉਥੇ ਕਿਸੇ ਕਾਰਖਾਨੇ ਜਾਂ ਹੋਰ ਥਾਂ ‘ਤੇ ਦਿਹਾੜੀ ਕਰੇਗਾ। ਛੋਟੀ ਜਹੀ ਬੇਸਮੈਂਟ ਵਿਚ ਆਪਣੇ ਪਰਿਵਾਰ ਨੂੰ ਉਹ ਸੁੱਖ-ਸਹੂਲਤਾਂ ਕਿਵੇਂ ਦੇਵੇਗਾ ਜਿਹੜੀਆਂ ਉਹ ਇਥੇ ਦੇ ਰਿਹਾ ਸੀ। ਪੰਜਾਹ ਸਾਲ ਦੀ ਉਮਰ ਵਿਚ ਪਹੁੰਚ ਕੇ ਤਾਂ ਬੰਦਾ ਸਿਰਫ਼ ਸੁੱਖ-ਆਰਾਮ ਦਾ ਆਦੀ ਹੋ ਜਾਂਦੈ। ਮਿਹਨਤ ਦੇ ਦਿਨ ਤਾਂ ਪੁੱਗ ਗਏ ਹੁੰਦੇ। ਇਸਨੇ ਕਿਹੜੀ ਉਮਰੇ ਬਾਹਰ ਜਾਣ ਦਾ ਪੰਗਾ ਲੈ ਲਿਆ। ਇਹ ਆਪ ਵੀ ਰੁਲ ਜਾਵੇਗਾ ਅਤੇ ਆਪਣੇ ਪਰਿਵਾਰ ਨੂੰ ਵੀ ਰੋਲੇਗਾ। ਪਤਾ ਨਹੀਂ ਇਸਦੇ ਮਨ ਵਿਚ ਕੀ ਖ਼ਬਤ ਆਇਆ ਕਿ ਇਹ ਪਰਵਾਸੀ ਹੋਣ ਦੇ ਰਾਹੇ ਤੁਰ ਪਿਆ।
ਮਾਂ ਇਸ ਕਰਕੇ ਵੀ ਉਦਾਸ ਸੀ ਕਿ ਹੋਰ ਕੁਝ ਸਾਲਾਂ ਤੱਕ ਪੁੱਤ ਨੇ ਕਿਸੇ ਕਾਲਜ ਦਾ ਪ੍ਰਿੰਸੀਪਲ ਬਣ ਕੇ ਆਪਣੇ ਪਰਿਵਾਰ ਦਾ ਨਾਮ ਚਮਕਾਉਣਾ ਸੀ। ਮਾਂ ਨੂੰ ਵੀ ਚੰਗਾ ਲੱਗਣਾ ਸੀ ਕਿ ਉਸਦੇ ਪੁੱਤ ਦਾ ਰੁਤਬਾ ਵਧ ਗਿਆ ਹੈ। ਚੰਗਾ ਭਲਾ ਚੋਖੇ ਪੈਸੇ ਕਮਾਉਂਦੇ ਦੇ ਮਨ ਵਿਚ ਇਹ ਘਤਿੱਤ ਪਤਾ ਨਹੀਂ ਕਿਸਨੇ ਵਾੜ ਦਿੱਤੀ?
ਮਾਂ ਇਸ ਕਰਕੇ ਵੀ ਉਦਾਸ ਸੀ ਕਿ ਪੇਕਿਆਂ/ਸਹੁਰਿਆਂ ਦੇ ਖਾਨਦਾਨ ਵਿਚੋਂ ਸਾਇੰਸ ਦੀ ਉਚੇਰੀ ਪੜ੍ਹਾਈ ਕਰਕੇ ਇਕ ਹੀ ਪ੍ਰੋਫੈਸਰ ਬਣਿਆ ਸੀ। ਉਹ ਵੀ ਪ੍ਰੋਫੈਸਰੀ ਛੱਡ ਕੇ ਪਤਾ ਨਹੀਂ ਕਿਹੜੀਆਂ ਗਿਣਤੀਆਂ-ਮਿਣਤੀਆਂ ਨੂੰ ਮਨ ਵਿਚ ਧਾਰ ਕੇ ਬਾਹਰ ਤੁਰ ਚੱਲਿਆ।
ਮਾਂ ਦੇ ਮਨ ਵਿਚ ਬਹੁਤ ਕੁਝ ਆਉਂਦਾ ਸੀ ਕਿਉਂਕਿ ਮਾਂਵਾਂ ਦੀ ਫ਼ਿਕਰਮੰਦੀ ਸਿਰਫ਼ ਆਪਣੇ ਬੱਚਿਆਂ ਲਈ ਹੀ ਨਹੀਂ ਹੁੰਦੀ ਸਗੋਂ ਸਮੁੱਚੇ ਪਰਿਵਾਰ ਲਈ ਹੁੰਦੀ। ਕਿਉਂਕਿ ਉਹ ਆਪਣੇ ਪਰਿਵਾਰ ਦੀ ਇਕਮੁੱਠਤਾ ਅਤੇ ਨੇੜਤਾ ਵਿਚੋਂ ਹੀ ਮਨ ਦੀ ਸ਼ਾਂਤੀ ਅਤੇ ਸੁੱਖ ਭਾਲਦੀਆਂ।
ਦਰਅਸਲ ਮੇਰੇ ਕੈਨੇਡਾ ਜਾਣ ਬਾਰੇ ਮੇਰੇ ਮਾਪਿਆਂ ਨੂੰ ਬਿਲਕੁਲ ਹੀ ਇਲਮ ਨਹੀਂ ਸੀ। ਮੇਰਾ ਇਹ ਫੈLਸਲਾ, ਭਵਿੱਖਮੁਖੀ, ਬਹੁਅਰਥੀ ਅਤੇ ਬਹੁਪੱਖੀ ਸੀ। ਪੰਜਾਬ ਦੇ ਵਿਗੜ ਰਹੇ ਹਾਲਾਤ, ਨੌਜਵਾਨਾਂ ਵਿਚ ਪੈਦਾ ਹੋ ਰਹੀ ਬੇਗਾਨਗੀ ਤੇ ਬੇਰੁਜ਼ਗਾਰੀ ਅਤੇ ਰਾਜਸੀ ਲੀਡਰਾਂ ਵਲੋਂ ਪੰਜਾਬ ਨੂੰ ਵਿਸਾਰ ਕੇ ਨਿੱਜ ਨੂੰ ਪ੍ਰਮੁੱਖਤਾ ਦੇਣ ਤੋਂ ਇਹ ਸਪਸ਼ੱਟ ਹੋ ਰਿਹਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੇ ਹਾਲਾਤ ਸਾਜ਼ਗਾਰ ਨਹੀਂ ਹੋਣਗੇ। ਇਸ ਲਈ ਆਪਣੀ ਔਲਾਦ ਦੇ ਬਿਹਤਰ ਅਤੇ ਸੁਰੱਖਿਅਤ ਭਵਿੱਖ ਲਈ ਇਹ ਕਦਮ ਉਠਾਉਣਾ ਮੇਰੇ ਲਈ ਲਾਜ਼ਮੀ ਸੀ। ਵੈਸੇ ਵੀ ਜਦ ਤੁਸੀਂ ਬੇਟੀਆਂ ਦੇ ਬਾਪ ਹੁੰਦੇ ਤਾਂ ਤੁਹਾਡੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਹੁੰਦੀ। ਇਸੇ ਫ਼ਿਕਰਮੰਦੀ ਵਿਚ ਹੀ ਅੰਕਾਂ ਦੇ ਆਧਾਰ ‘ਤੇ ਪਰਿਵਾਰ ਸਮੇਤ ਕੈਨੇਡਾ ਦੀ ਇੰਮੀਗਰੇਸ਼ਨ ਲੈਣ ਦਾ ਮਨ ਬਣਾਇਆ ਸੀ।
ਮੈਂ ਇਹ ਵੀ ਜਾਣਦਾ ਸਾਂ ਕਿ ਮੇਰੇ ਲਈ ਇਹ ਫੈਸਲਾ ਸੁਖਾਵਾਂ ਜਾਂ ਆਸਾਨ ਨਹੀਂ ਹੋਵੇਗਾ ਸਗੋਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਪਰ ਇਨ੍ਹਾਂ ਚੁਣੌਤੀਆਂ ਰਾਹੀਂ ਮੈਂ ਖੁਦ ਨੂੰ ਵੀ ਪਰਖਣਾ ਚਾਹੁੰਦਾ ਸਾਂ। ਚੰਗੀ ਸਥਾਪਤੀ ਤੋਂ ਬਾਅਦ ਮੁੱਢ ਤੋਂ ਨਵੀਂ ਸਥਾਪਤੀ ਦੇ ਰਾਹ ਤੁਰਨਾ ਅਤੇ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਕੇ, ਉਨ੍ਹਾਂ ਵਿਚੋਂ ਉਭਰਨਾ ਹੀ ਸਵੈ ਦੀ ਜਿੱਤ ਹੁੰਦੀ।
ਮੈਨੂੰ ਇਹ ਵੀ ਅਹਿਸਾਸ ਸੀ ਕਿ ਜੇ ਮੇਰੇ ਬੱਚਿਆਂ ਨੇ ਵਿਦੇਸ਼ ਵਿਚ ਸੈੱਟਲ ਹੋਣ ਦਾ ਮਨ ਬਣਾਇਆ ਤਾਂ ਹੋ ਸਕਦਾ ਹੈ ਕਿ ਸੌਦੇਬਾਜ਼ੀ ਜਾਂ ਸਮਝੌਤਾ ਕਰਨਾ ਪਵੇ। ਇਸ ਸੌਦੇਬਾਜ਼ੀ ਵਿਚ ਪੈਦਾ ਹੋਏ ਅਣਜੋੜ ਰਿਸ਼ਤਿਆਂ ਦਾ ਬੋਝ ਮਾਪਿਆਂ ਦੀ ਧੋਣ ਨੀਵੀਂ ਕਰੀ ਰੱਖਦਾ। ਆਪਣੀ ਔਲਾਦ ਦੇ ਦਰਦ ਵਿਚ ਪੀੜ-ਪੀੜ ਮਾਪੇ ਨਾ ਜਿਉਂਦੇ ਅਤੇ ਨਾ ਹੀ ਮਰਦੇ।
ਮੈਂ ਖ਼ੁਦ ਨੂੰ ਵੀ ਇਹ ਸਾਬਤ ਕਰਨਾ ਚਾਹੁੰਦਾ ਸਾਂ ਕਿ ਮੈਂ ਆਪਣੇ ਬਲਬੂਤੇ ਵਿਦੇਸ਼ ਵਿਚ ਆਪਣੇ ਪਰਿਵਾਰ ਨਾਲ ਪ੍ਰਵਾਸ ਕਰਕੇ ਸਥਾਪਤ ਹੋ ਸਕਦਾ ਹਾਂ। ਅਸਲ ਵਿਚ ਐਮ.ਐਸ.ਸੀ. ਤੋਂ ਬਾਅਦ ਉਚੇਰੀ ਪੜ੍ਹਾਈ ਮੇਰੇ ਵਾਸਤੇ ਸਪਾਂਸਰਸ਼ਿਪ ਤੋਂ ਮੁੱਕਰਨ ਵਾਲੇ ਰਿਸ਼ਤੇਦਾਰਾਂ ਦੀ ਦਿਤੀ ਹੋਈ ਨਮੋਸ਼ੀ। ਕਈ ਵਾਰ ਮੈਨੂੰ ਲਾਹਨਤ ਲੱਗਦੀ। ਮੈਂ ਅਚੇਤ ਰੂਪ ਵਿਚ ਖੁਦ ਨੂੰ ਹੀਣਾ ਅਤੇ ਅਸਮਰਥ ਸਮਝਣ ਲੱਗਦਾ। ਮੈਂ ਇਸ ਹੀਣ-ਭਾਵਨਾ ਤੋਂ ਵੀ ਸੁਰਖ਼ਰੂ ਹੋਣਾ ਚਾਹੁੰਦਾ ਸਾਂ।
ਮਾਂ ਨੂੰ ਨਹੀਂ ਸੀ ਪਤਾ ਕਿ ਜਦ ਉਸਦੇ ਪੁੱਤ ਨੂੰ ਉਚੇਰੀ ਪੜ੍ਹਾਈ ਕਰਨ ਲਈ ਕੈਨੇਡੀਅਨ ਯੂਨੀਵਰਸਿਟੀ ਵਿਚ ਦਾਖਲਾ ਮਿਲਿਆ ਸੀ ਤਾਂ ਨੇੜਲੇ ਰਿਸ਼ਤੇਦਾਰ ਦੀ ਬਦਨੀਤੀ ਕਾਰਨ ਮੈਂ ਜਾ ਨਹੀਂ ਸੀ ਸਕਿਆ। ਉਸ ਸਮੇਂ ਮੇਰੇ ਮਨ ਵਿਚ ਸੀ ਕਿ ਮੈਂ ਪੜ੍ਹਾਈ ਕਰਕੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿਚ ਪ੍ਰੋਫੈਸਰ ਜ਼ਰੂਰ ਬਣਾਂਗਾ। ਪਰ ਇਹ ਸੱਧਰਾਂ ਮਨ ਵਿਚ ਹੀ ਦੱਬੀਆਂ ਰਹਿ ਗਈਆਂ। ਮੈਂ ਇਸ ਅਪੂਰਤ ਸੁਪਨੇ ਦੀ ਪੂਰਤੀ ਦੀ ਲੋਚਾ ਵੀ ਮਨ ਦੇ ਕਿਸੇ ਨੁੱਕਰੇ ਜ਼ਰੂਰ ਪਾਲੀ ਹੋਈ ਸੀ। ਮੈਂ ਇਕ ਵਾਰ ਫਿਰ ਤੋਂ ਇਸ ਸੁਪਨੇ ਦੇ ਸੱਚ ਲਈ ਅਹੁਲਦਾ ਸਾਂ।
ਮਾਂ ਬਹੁਤ ਉਦਾਸ ਸੀ ਕਿ ਜਦ ਪੁੱਤ ਨੇ ਦਰ ਤੋਂ ਬਾਹਰ ਪੈਰ ਰੱਖਿਆ ਤਾਂ ਉਹ ਘਰ ਨੂੰ ਕਿਵੇਂ ਨਿਹਾਰੇਗੀ ਜਿਹੜਾ ਆਰ-ਪਰਿਵਾਰ ਨਾਲ ਮਕਾਨ ਤੋਂ ਘਰ ਬਣਿਆ ਰਹਿੰਦਾ ਸੀ। ਮਾਂ ਦੀਆਂ ਅਸੀਸਾਂ ਨਾਲ ਘਰ ਦੀ ਫ਼ਿਜ਼ਾ ਵਿਚ ਪਾਕੀਜ਼ਗੀ ਦਾ ਪਹਿਰਾ ਸੀ। ਘਰ ਦੀਆਂ ਕੰਧਾਂ ਵਿਚ ਬੈਠੀ ਹੋਈ ਸਿਸਕੀ ਨੂੰ ਮਾਂ ਕਿਵੇਂ ਸੁਣੇਗੀ? ਦਰਾਂ ‘ਤੇ ਉਗਣ ਵਾਲੀ ਲੰਮੀ ਉਡੀਕ ਨੂੰ ਮਨ ਵਿਚ ਖਿਆਲ ਕੇ ਮਾਂ ਦੇ ਮਨ ਵਿਚ ਬਹੁਤ ਕੁਝ ਅਸਹਿਜ ਵਾਪਰ ਰਿਹਾ ਸੀ। ਉਹ ਜਾਣਦੀ ਸੀ ਕਿ ਫੁੱਲਾਂ ਅਤੇ ਪੌਦਿਆਂ ਨਾਲ ਮਹਿਕਦਾ ਅਤੇ ਟਹਿਕਦਾ ਇਹ ਘਰ, ਘਰ ਵਾਲਿਆਂ ਤੋਂ ਬਗੈਰ ਵਿਰਾਨ ਹੋ ਜਾਵੇਗਾ। ਬੰਦ ਦਰਵਾਜ਼ਿਆਂ `ਤੇ ਕਿਸੇ ਨੇ ਵੀ ਦਸਤਕ ਨਹੀਂ ਦੇਣੀ ਅਤੇ ਬੰਦ ਦਰਾਂ ਦੀ ਖ਼ਾਮੋਸ਼ੀ ਹੌਲੀ-ਹੌਲੀ ਘਰ ਨੂੰ ਵੀ ਨਿਗਲ ਜਾਵੇਗੀ।
ਮਾਂ ਬਹੁਤ ਉਦਾਸ ਸੀ ਕਿਉਂਕਿ ਆਪਣੀਆਂ ਪੋਤੀਆਂ ਨਾਲ ਹਿਲਮਿਲ ਹੋਣ ਵਾਲੀ ਦਾਦੀ ਲਈ ਪੋਤੀਆਂ ਦੇ ਚਿਹਰੇ ਦੂਰ ਚਲੇ ਜਾਣਗੇ। ਉਨ੍ਹਾਂ ਦੇ ਸਿਰ ‘ਤੇ ਦਿੱਤੀਆਂ ਦੁਆਵਾਂ ਮੇਰੀ ਚੁੱਪ ਦਾ ਪਤਾ ਨਹੀਂ ਕੀ ਅਰਥ ਲੈਣਗੀਆਂ। ਉਹ ਚਾਹੁੰਦੀ ਕਿ ਉਸਦੀਆਂ ਪੋਤੀਆਂ ਉਸਦਾ ਮਾਣ ਬਣ ਕੇ ਘਰ ਨੂੰ ਚਾਰ ਚੰਨ ਲਾਉਣ। ਪਰ ਪਤਾ ਨਹੀਂ ਬਾਹਰ ਜਾ ਕੇ ਪੋਤੀਆਂ ਕਿੰਝ ਬਦਲ ਜਾਣਗੀਆਂ? ਉਨ੍ਹਾਂ ਦਾ ਵਿਵਹਾਰ ਕਿਵੇਂ ਦਾ ਹੋਵੇਗਾ? ਦਰਅਸਲ ਮਾਵਾਂ ਦੇ ਮਨਾਂ ਵਿਚ ਬਹੁਤ ਸਾਰੇ ਸੰਭਾਵੀ ਡਰ, ਤੌਖਲੇ, ਵਹਿਮ ਅਤੇ ਭਰਮ-ਭੁਲੇਖੇ ਪੈਦਾ ਹੋ ਜਾਂਦੇ ਜਿਨ੍ਹਾਂ ਤੋਂ ਉਹ ਕਦੇ ਵੀ ਸੁਰਖਰੂ ਨਹੀਂ ਹੁੰਦੀਆਂ।
ਮਾਂ ਬਹੁਤ ਉਦਾਸ ਸੀ ਕਿ ਗਾਹੇ-ਬਿਗਾਹੇ ਪੁੱਤ ਨੂੰ ਝਿੜਕਣ ਅਤੇ ਆਪਣਾ ਹੁਕਮ ਸੁਣਾਉਣ ਲਈ ਪੁੱਤ ਨਹੀਂ ਹੋਵੇਗਾ ਤਾਂ ਕਿਸ ‘ਤੇ ਆਪਣਾ ਹੁਕਮ ਚਲਾਵੇਗੀ? ਮਾਂ ਦੀਆਂ ਬਹੁਤ ਸਾਰੀਆਂ ਨਿੱਕੀਆਂ-ਨਿੱਕੀਆਂ ਲੋੜਾਂ ਹੁੰਦੀਆਂ ਸਨ, ਜੋ ਉਹ ਸ਼ਹਿਰ ਆ ਕੇ ਖੁਦ ਜਾਂ ਆਪਣੀ ਨੂੰਹ ਨੂੰ ਨਾਲ ਲੈ ਕੇ ਬੜੀ ਅਸਾਨੀ ਨਾਲ ਪੂਰੀਆਂ ਕਰ ਲੈਂਦੀ ਸੀ। ਹੁਣ ਨਿਰਉਚੇਚ ਅਤੇ ਸਤਿਕਾਰ ਦੀ ਪੂਰਤੀ ਕੌਣ ਕਰੇਗਾ?
ਮਾਂ ਬਹੁਤ ਉਦਾਸ ਅਤੇ ਖਾਮੋਸ਼ ਸੀ ਜਦ ਅਸੀਂ ਤੁਰਨ ਲੱਗੇ। ਮਾਂ ਨੇ ਆਪਣੇ ਹੰਝੂਆਂ ਨੂੰ ਰੋਕਿਆ। ਚਿਹਰੇ ‘ਤੇ ਖੇੜਾ ਲਿਆਂਦਾ। ਵਿਦਾ ਹੋ ਰਹੇ ਆਪਣੇ ਪਰਿਵਾਰ ਨੂੰ ਢੇਰ ਸਾਰੀਆਂ ਦੁਆਵਾਂ ਅਤੇ ਅਸੀਸਾਂ ਦਿੱਤੀਆਂ। ਪਹੁੰਚ ਕੇ ਜਲਦੀ-ਜਲਦੀ ਸੁੱਖ ਸੁਨੇਹਾ ਪਹੁੰਚਾਣ ਦੀ ਤਾਕੀਦ ਕੀਤੀ। ਛੇਤੀ ਹੀ ਵਾਪਸ ਪਰਤ ਆਉਣ ਦੀ ਤਾਕੀਦ ਵੀ ਕੀਤੀ, ਭਾਵੇਂ ਜਾਣਦੀ ਸੀ ਕਿ ‘ਕੇਰਾਂ ਪ੍ਰਦੇਸ ਜਾ ਕੇ ਮੁੱਢਲੇ ਦੌਰ ਵਿਚ ਜਲਦੀ ਵਾਪਸ ਪਰਤਣਾ ਆਸਾਨ ਨਹੀਂ ਹੁੰਦਾ ਅਤੇ ਬਹੁਤੀ ਵਾਰ ਤਾਂ ਕਈ ਸਾਲ ਹੀ ਲੱਗ ਜਾਂਦੇ। ਪਰ ਇਹ ਮਾਂ ਦੀਆਂ ਭਾਵਨਾਵਾਂ ਵਿਚਲੀ ਸ਼ੁੱਭ ਕਾਮਨਾ ਹੀ ਸੀ ਕਿ ਮਨ ਵਿਚ ਚੰਗੇ ਅਹਿਸਾਸ ਲੈ ਕੇ ਅਸੀਂ ਅਲਵਿਦਾ ਹੋਏ। ਇਸ ਮੌਕੇ ‘ਤੇ ਕਲਮ ਨੇ ਮਾਂ ਦੇ ਹਾਵ-ਭਾਵਾਂ ਦੀ ਤਰਜ਼ਮਾਨੀ ਕਰਦਿਆਂ ਲਿਖਿਆ;
ਪ੍ਰਦੇਸ ਜਾਣ ਵੇਲੇ
ਮਾਂ ਨੇ ਪੁੱਤ ਨੂੰ ਗਲਵਕੜੀ ‘ਚ ਲਿਆ
ਪੁੱਤ ਫੁਸਫੁਸਾਇਆ।
ਮਾਂ ਬੋਲੀ,
‘ਪੁੱਤ ਜਾ
ਤੇਰੀ ਮੰਜ਼ਲ ਤੈਨੂੰ ਉਡੀਕ ਰਹੀ ਆ
ਆਪਣੇ ਹਿੱਸੇ ਦਾ ਅੰਬਰ ਤੇ ਧਰਤ ਤਲਾਸ਼
ਤੇ ਨਵੀਂ ਸੁਪਨਗਿਰੀ ਵਿਚੋਂ
ਨਵੀਂ ਪਛਾਣ ਦਾ ਸਿਰਲੇਖ ਬਣ’
ਮਾਂ ਨੇ ਪੁੱਤ ਦਾ ਮੁੱਖ ਚੁੰਮਿਆ
ਤੇ ਹੁਲਾਸ ਭਰੀ ਅਲਵਿਦਾ ਕਹੀ
ਮਾਵਾਂ
ਅਲਵਿਦਾ ਇੰਝ ਹੀ ਕਹਿੰਦੀਆਂ ਹੁੰਦੀਆਂ।
ਮਾਂ ਉਦਾਸ ਤਾਂ ਬਹੁਤ ਸੀ ਸਾਡੇ ਵਿਦੇਸ਼ ਨੂੰ ਤੁਰਨ ਲੱਗਿਆਂ। ਪਰ ਮਾਂ ਨੇ ਉਨ੍ਹਾਂ ਦਿਨਾਂ ਦੀ ਉਡੀਕ ਹੀ ਨਾ ਕੀਤੀ ਜਦ ਉਸ ਦੀਆਂ ਦੋਵੇਂ ਪੋਤਰੀਆਂ ਡਾਕਟਰ ਬਣ ਕੇ ਆਪਣੇ ਆਰ-ਪਰਿਵਾਰ ਵਿਚ ਸੁਖੀ ਵੱਸਦੀਆਂ। ਉਸਦੇ ਪੁੱਤ ਨੇ ਚਾਲੀ ਸਾਲਾਂ ਬਾਅਦ ਉਹ ਸੁਪਨਾ ਵੀ ਪੂਰਾ ਕਰ ਲਿਆ ਜਦ ਉਹ ਅਮਰੀਕਾ ਦੀ ਯੂਨੀਵਰਸਿਟੀ ਵਿਚ ਪੜ੍ਹਾਉਣ ਲੱਗ ਪਿਆ। ਆਪਣੇ ਪ੍ਰੋਫੈਸਰ ਪੁੱਤ ਨੂੰ ਤੋਰ ਕੇ ਮਨ ਵਿਚ ਹੇਰਵਾ ਪਾਲਣ ਵਾਲੀ ਮਾਂ ਨੇ ਜਿਊਂਦੇ ਜੀਅ ਤਾਂ ਅਮਰੀਕਾ ਵਿਚ ਆਪਣੇ ਪ੍ਰੋਫੈਸਰ ਪੁੱਤ ਨੂੰ ਨਹੀਂ ਦੇਖਿਆ। ਪਰ ਮਾਂ ਜਿਥੇ ਵੀ ਹੋਵੇਗੀ ਹੁਣ ਉਸਨੂੰ ਇਸਦਾ ਫਖ਼ਰ ਹੋਵੇਗਾ ਕਿ ਉਸਦੇ ਪੁੱਤ ਨੇ ਪ੍ਰਦੇਸ ਜਾਣ ਦਾ ਫੈਸਲਾ ਸੋਚ ਕੇ ਹੀ ਕੀਤਾ ਹੋਵੇਗਾ ਜੋ ਉਸਦੇ ਪੁੱਤ ਅਤੇ ਪੋਤਰੀਆਂ ਦੇ ਸੁਪਨੇ ਨੂੰ ਸੱਚ ਕਰਨ ਵਿਚ ਸਹਾਈ ਸਾਬਤ ਹੋਇਆ।