ਕਿਸ਼ਤ – 6: ਇਹੁ ਜਨਮੁ ਤੁਮਹਾਰੇ ਲੇਖੇ!

ਪੰਜਾਬੀ ਸਾਹਿਤ ਨੂੰ ਕਣਦਾਰ ਤੇ ਯਾਦਗਾਰੀ ਕਹਾਣੀਆਂ ਅਤੇ ਇਕ ਨਿੱਗਰ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਦੇਣ ਵਾਲੇ ਪਿੰਡ ਪਿਥੋ ਦੇ ਜੰਮਪਲ ਅਤੇ ਆਪਣੀ ਬਹੁਤੀ ਹਯਾਤੀ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਲੰਘਾਉਣ ਵਾਲੇ ਮਿਸਾਲੀ ਲਿਖਾਰੀ ਗੁਰਬਚਨ ਸਿੰਘ ਭੁੱਲਰ ਦਾ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਰੰਗ ਹੈ।

ਉਨ੍ਹਾਂ ਆਪਣੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਨਾਲ ਇਕੋ ਡਗੇ `ਤੇ ਪਿੰਡ ਲੁੱਟਣ ਵਰਗਾ ਕ੍ਰਿਸ਼ਮਾ ਵੀ ਕੀਤਾ ਹੈ। ਇਸ ਨਾਵਲ (ਜੋ ਅੰਮ੍ਰਿਤਾ ਪ੍ਰੀਤਮ ਦੇ ਜੀਵਨ `ਤੇ ਆਧਾਰਿਤ ਹੈ) ਨਾਲ ਉਨ੍ਹਾਂ ਸਾਹਿਤਕ ਹਲਕਿਆਂ ਵਿਚ ਵਾਹਵਾ ਹਲਚਲ ਮਚਾਈ ਸੀ। ਨਾਵਲ ਦੀ ਛੇਵੀਂ ਕਿਸ਼ਤ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਹਾਜ਼ਰ ਹੈ। -ਸੰਪਾਦਕ
ਇਕ ਦਿਨ ਜਦੋਂ ਭਰਪੂਰ ਸਿੰਘ ਸ਼ਾਂਤ ਮਿਲ ਕੇ ਗਿਆ, ਜਗਦੀਪ ਨੇ ਪਾਰਵਤੀ ਨੂੰ ਬੁਲਾਇਆ ਤੇ ਕਿਹਾ, ‘ਯਿਹ ਜੋ ਸਰਦਾਰ ਜੀ ਕਭੀ ਕਭੀ ਮਿਲਨੇ ਆਤੇ ਹੈਂ ਨਾ, ਜੋ ਅਭੀ ਉਠ ਕੇ ਗਏ ਹੈਂ, ਇਨ ਕਾ ਚਿਹਰਾ ਅੱਛੇ ਸੇ ਯਾਦ ਕਰ ਲੋ। ਆਗੇ ਸੇ ਬੈੱਲ ਸੁਨ ਕਰ ਕਭੀ ਭੀ ਦਰਵਾਜ਼ਾ ਖੋਲ੍ਹਨੇ ਜਾਓ ਔਰ ਇਸੇ ਖੜ੍ਹਾ ਦੇਖੋ, ਬੀਬੀ ਜੀ ਘਰ ਨਹੀਂ ਕਹਿ ਕਰ ਵਹੀਂ ਸੇ ਲੌਟਾ ਦੇਨਾ। ਕਿਸੀ ਭੀ ਸੂਰਤ ਮੇਂ ਅੰਦਰ ਨਹੀਂ ਆਨੇ ਪਾਏ। ਅਗਰ ਅੰਦਰ ਆ ਕੇ ਇੰਤਜ਼ਾਰ ਕਰਨੇ ਕੋ ਕਹੇ, ਸਖ਼ਤੀ ਸੇ ਮਨ੍ਹਾ ਕਰ ਦੇਨਾ। ਕਹਿਨਾ, ਆਪ ਯਹਾਂ ਨਹੀਂ ਬੈਠ ਸਕਤੇ, ਘਰ ਮੇਂ ਮੈਂ ਅਕੇਲੀ ਹੂੰ, ਬੀਬੀ ਜੀ ਪਤਾ ਨਹੀਂ ਕਬ ਆਏਂ।… ਸਮਝ ਗਈ ਨਾ, ਪਾਰਵਤੀ ਦੇਵੀ, ਅੱਛੇ ਸੇ!’
ਅਜਿਹੇ ਮੌਕੇ ਪਹਿਲਾਂ ਵੀ ਆਉਂਦੇ ਰਹਿੰਦੇ ਸਨ। ਪਾਰਵਤੀ ਬੋਲੀ, ‘ਜੀ ਬੀਬੀ ਜੀ, ਸਬ ਸਮਝ ਗਈ। ਬੇਫ਼ਿਕਰ ਰਹੀਏ, ਵੁਹ ਅਬ ਕਭੀ ਹਮਾਰੇ ਘਰ ਮੇਂ ਘੁਸਨੇ ਨਹੀਂ ਪਾਏਗਾ।’ ਪਾਰਵਤੀ ਸ਼ੀਸ਼ਾ ਦੇਖਦੀ ਤਾਂ ਕਈ ਵਾਰ ਝੋਰਾ ਕਰਦੀ, ਬੀਬੀ ਜੀ ਜਿੰਨੀ ਤਾਂ ਭਾਵੇਂ ਨਹੀਂ, ਪਰ ਰੱਬ ਨੂੰ ਕੁਛ ਸੁੰਦਰਤਾ ਤਾਂ ਮੈਨੂੰ ਵੀ ਦੇਣੀ ਹੀ ਚਾਹੀਦੀ ਸੀ। ਇਹ ਵਿਸ਼ਵਾਸ ਉਸ ਦਾ ਪੱਕਾ ਸੀ ਕਿ ਚਾਹ ਵਿਚ ਖੰਡ ਵਾਂਗ ਸੁੰਦਰਤਾ ਵੀ ਠੀਕ-ਠੀਕ ਹੀ ਠੀਕ ਰਹਿੰਦੀ ਹੈ। ਬੀਬੀ ਜੀ ਨੇ ਏਨੀ ਸੋਹਣੀ ਬਣ ਕੇ ਕੀ ਖੱਟਿਆ! ‘ਨਾ ਬਾਬਾ ਨਾ, ਦੇਖੋ ਤੋ ਸਹੀ, ਗੁੜ ਕੀ ਮੱਖੀਓਂ ਕੀ ਤਰਹਿ ਲੋਗਨ ਬੀਬੀ ਜੀ ਪਰ ਕੈਸੇ ਭਿਨਭਿਨਾਤੇ ਰਹਿਤੇ ਹੈਂ! ਔਰ ਉਨ ਕੋ ਉਡਾਨੇ-ਭਗਾਨੇ ਕਾ ਜਿੰਮਾ ਬੇਚਾਰੀ ਪਾਰਵਤੀ ਕਾ!’
ਜਗਦੀਪ ਡਰਦੀ ਹੋਈ ਫੋਨ ਚੁੱਕਣੋਂ ਵੀ ਹਟ ਗਈ। ਇਹ ਕੰਮ ਵੀ ਪਾਰਵਤੀ ਦੇ ਜ਼ਿੰਮੇ ਹੀ ਲੱਗ ਗਿਆ। ਉਹ ਆਉਂਦਾ ਰਿਹਾ ਤੇ ਪਾਰਵਤੀ ਮੋੜਦੀ ਰਹੀ। ਉਹ ਫੋਨ ਕਰਦਾ ਰਿਹਾ ਤੇ ਪਾਰਵਤੀ ਬੀਬੀ ਜੀ ਦੀ ਗ਼ੈਰ-ਹਾਜ਼ਰੀ ਦਸਦੀ ਰਹੀ। ਆਖ਼ਰ ਉਹ ਸਮਝ ਗਿਆ। ਇਕ ਦਿਨ ਡਾਕ ਵਿਚ ਉਸ ਦੀ ਕਵਿਤਾ ਆਈ:
ਇਕ ਪਿਆਲਾ ਜ਼ਹਿਰ ਦਾ, ਵਿਚ ਇਕ ਅੰਮ੍ਰਿਤ ਦੀ ਕਣੀ,
ਪੀ ਲਵਾਂ ਮੈਂ ਇਕ-ਸਾਹਾ, ਪਰ ਨਿਰੀ ਵਿਸ ਕੀ ਕਰਾਂ!
ਬੇਵਫ਼ਾ ਦਾ ਨੇੜ ਤੇਰਾ, ਜੇ ਮਿਲੇ ਬੇਦਰਦਣੇ,
ਦਰਸ ਤੇਰੇ ਦੇ ਸਹਾਰੇ, ਲੱਖ ਤਿਉੜੀ ਮੈਂ ਜਰਾਂ।
ਪਰ ਨਿਰੀ ਵਿਸ ਕੀ ਕਰਾਂ!
ਸਿਦਕ ਦਾ ਵਿਸ਼ਵਾਸ ਦੇ ਜੇ, ਪੈਣ ਜ਼ਾਲਮ ਦੂਰੀਆਂ,
ਇਕ ਕਣ ਇਕਰਾਰ ਦਾ, ਬੇਅੰਤ ਪਾੜੇ ਮੈਂ ਭਰਾਂ।
ਪਰ ਨਿਰੀ ਵਿਸ ਕੀ ਕਰਾਂ!
ਚੁੱਪ ਦਾ ਤੇ ਦੂਰੀਆਂ ਦਾ, ਹਾਇ ਦੂਹਰਾ ਨਰਕ ਇਹ,
ਹੱਦ ਤੇਰੇ ਸਵਰਗ ਵਾਲੀ, ਰਹਿ ਗਈ ਕਿੰਨੀ ਪਰਾਂ।
ਦੱਸ ਨਿਰੀ ਵਿਸ ਕੀ ਕਰਾਂ!
ਉਸ ਦੇ ਪਿੰਡ ਪਰਤਣ ਦਾ ਪਤਾ ਲੱਗਿਆ, ਤਾਂ ਜਗਦੀਪ ਨੇ ਚੈਨ ਦਾ ਸਾਹ ਲਿਆ! ਕੁਛ ਦਿਨਾਂ ਮਗਰੋਂ ਪੰਜਾਬੋਂ ਆਏ ਇਕ ਲੇਖਕ ਨੇ ਦੱਸਿਆ ਕਿ ਉਹ ਦੋਸਤਾਂ ਕੋਲ ਬਾਣੀ ਦੇ ਧੋਖੇ ਦਾ ਰੋਣਾ ਰੋਂਦਾ ਰਹਿੰਦਾ ਹੈ। ਉਹਨੂੰ ਪਿੰਡ ਤੋਂ ਦਿੱਲੀ ਬੁਲਾਉਣ ਵੇਲੇ ਇਹ ਪ੍ਰਭਾਵ ਦਿੱਤਾ ਗਿਆ ਸੀ ਜਿਵੇਂ ਉਹ ਤੇ ਬਾਣੀ, ਦੋਵੇਂ ਮਿਲ ਕੇ ਪੰਜਾਬੀ ਸਭਿਆਚਾਰ ਬਾਰੇ ਅਜਿਹੀ ਸਰਬੰਗੀ ਪੁਸਤਕ ਲਿਖਣਗੇ ਜੋ ਇਕ ਤਰ੍ਹਾਂ ਨਾਲ ਹਵਾਲਾ ਪੁਸਤਕ ਜਾਂ ਸਰੋਤ ਪੁਸਤਕ ਹੋਵੇਗੀ ਜਾਂ ਸਗੋਂ ਸਭਿਆਚਾਰ ਦਾ ਮਹਾਨ ਕੋਸ਼ ਜਾਂ ਗ੍ਰੰਥ ਹੋਵੇਗੀ। ਸ਼ਾਂਤ ਖ਼ੁਸ਼ ਸੀ, ਇਸ ਵਿਸ਼ੇ ਨਾਲ ਦੋਵਾਂ ਦਾ ਡੂੰਘਾ ਨਾਤਾ ਤੇ ਰਚਨਾਕਾਰੀ ਦਾ ਲੰਮਾ ਅਨੁਭਵ ਸੀ। ਇਹ ਗੱਲਾਂ ਵਿਉਂਤੀ ਗਈ ਪੁਸਤਕ ਦੀ ਨਿੱਗਰਤਾ ਤੇ ਮਹੱਤਤਾ ਦੀਆਂ ਜ਼ਾਮਨ ਸਨ। ਕਿਸੇ ਸਭਿਆਚਾਰਕ ਖੇਤਰ ਵਿਚ ਇਕ ਦੀ ਜਾਣਕਾਰੀ ਦੀ ਘਾਟ ਦੂਜੇ ਦੀ ਮੁਹਾਰਿਤ ਨਾਲ ਪੂਰੀ ਹੋ ਜਾਣੀ ਸੀ। ਪਰ ਪੁਸਤਕ ਤਾਂ ਬਾਣੀ ਦੇ ਖੇਤਰ ਨਾਟ-ਸ਼ਾਸਤਰ, ਨਾਟ-ਪ੍ਰੰਪਰਾ ਤੇ ਵਰਤਮਾਨ ਨਾਟ-ਰੂਪਾਂ ਤੱਕ ਸੀਮਤ ਸੀ ਜਿਨ੍ਹਾਂ ਦਾ ਸ਼ਾਂਤ ਨੂੰ ਕੋਈ ਬਹੁਤਾ ਪਤਾ ਨਹੀਂ ਸੀ। ਕੁਛ ਦਿਨਾਂ ਵਿਚ ਹੀ ਸਪੱਸ਼ਟ ਹੋ ਗਿਆ ਕਿ ਆਪ ਲਿਖਣ ਦੀ ਥਾਂ ਰਚਨਾ ਬੋਲ ਕੇ ਲਿਖਵਾਉਣ ਦੇ ਆਦੀ ਬਾਣੀ ਨੇ ਉਸ ਨੂੰ ਸਹਿ-ਲੇਖਕ ਵਜੋਂ ਨਹੀਂ, ਆਪਣੇ ਲਿਖਾਰੀ ਵਜੋਂ ਬੁਲਾਇਆ ਸੀ। ਉਹਦੇ ਰੋਸ ਦਾ ਬਾਣੀ ਉੱਤੇ ਕੋਈ ਅਸਰ ਨਾ ਹੋਇਆ। ਉਹਨੇ ਸ਼ਾਂਤ ਨੂੰ ਵਰਚਾਉਣ ਲਈ ਬੱਸ ਏਨਾ ਕਿਹਾ, ‘ਮੁੱਖਬੰਦ ਵਿਚ ਤੇਰੀ ਕੰਟਰੀਬਿਊਸ਼ਨ ਦਾ ਭਰਪੂਰ ਜ਼ਿਕਰ ਹੋਵੇਗਾ, ਤੇ ਰਾਇਲਟੀ ਵਿਚੋਂ ਹਿੱਸਾ ਵੀ, ਮੇਰੇ ਦੋਸਤ, ਫ਼ਿਕਰ ਨਾ ਕਰ!’
ਬਾਣੀ ਦੇ ਮੁਕਾਬਲੇ ਸ਼ਾਂਤ ਭੋਲਾ ਤਾਂ ਜ਼ਰੂਰ ਸੀ ਪਰ ਏਨਾ ਵੀ ਨਹੀਂ ਕਿ ਸਿੱਧੀ-ਸਪੱਸ਼ਟ ਗੱਲ ਨੂੰ ਵੀ ਸਮਝਦਾ ਨਾ ਹੋਵੇ। ਬਾਣੀ ਨਾਲੋਂ ਨਾ ਸਹੀ, ਪੁਸਤਕ ਨਾਲੋਂ ਉਸ ਦੀ ਸਾਂਝ ਲਗਭਗ ਟੁੱਟ ਹੀ ਚੁੱਕੀ ਸੀ। ਜਿੰਨੀ ਕੁ ਸਾਂਝ ਅਜੇ ਵੀ ਬਣੀ ਹੋਈ ਸੀ, ਉਹ ਅਸਲ ਵਿਚ ਜਗਦੀਪ ਸਦਕਾ ਸੀ। ਉਸ ਨਾਲ ਮੁਲਾਕਾਤ ਦੀ ਆਸ ਬਾਣੀ ਕੋਲ ਟਿਕੇ ਰਹਿਣ ਲਈ ਮਜਬੂਰ ਕਰ ਰਹੀ ਸੀ। ਜਿਉਂ ਹੀ ਜਗਦੀਪ ਦੇ ਬੂਹੇ ਉੱਤੇ ਪਾਰਵਤੀ ਨਾਂ ਦੀ ਤਾੜਕਾ ਦਾ ਅਲੰਘ ਪਹਿਰਾ ਲੱਗਿਆ, ਹੁਣ ਦਿੱਲੀ ਵਿਚ ਕੀ ਬਾਕੀ ਰਹਿ ਗਿਆ ਸੀ! ਉਹਨੇ ਹਾਲਤ ਸਮਝ ਚੁੱਕੇ ਬਾਣੀ ਦੇ ਬੇਦਿਲੀ ਜਿਹੀ ਨਾਲ ਰੋਕਣ ਦੇ ਬਾਵਜੂਦ ਬੈਗ ਚੁੱਕਿਆ ਤੇ ਉਸ ਨਾਲ ਬੀਮਾਰ ਜਿਹਾ ਹੱਥ ਮਿਲਾ ਕੇ ਲੁਧਿਆਣੇ ਦੀ ਬਸ ਜਾ ਚੜ੍ਹਿਆ।
ਇਧਰ ਕੁਲਵੰਤ ਬਾਣੀ ਨੇ ਕਹਿਣਾ ਸ਼ੁਰੂ ਕਰ ਦਿੱਤਾ, ਸ਼ਾਂਤ ਟੁੱਟੇ ਹੋਏ ਆਸ਼ਕ ਦਿਲ ਕਾਰਨ ਸਾਂਝੀ ਪੁਸਤਕ ਦਾ ਵਧੀਆ ਚਲਦਾ ਕੰਮ ਵਿਚੇ ਹੀ ਛੱਡ-ਛੁਡਾ ਕੇ ਵਾਪਸ ਚਲਿਆ ਗਿਆ ਹੈ ਤੇ ਪਿੰਡ ਜਾ ਕੇ ਡਿਪਰੈਸ਼ਨ ਦੀਆਂ ਗੋਲੀਆਂ ਖਾਣ ਲੱਗ ਪਿਆ ਹੈ। ਇਸ ਗੱਲ ਦਾ ਨਿਤਾਰਾ ਕਿਵੇਂ ਹੋਵੇ ਕਿ ਉਸ ਦੇ ਮਨ ਦੀ ਹਾਲਤ ਅਸਥਿਰ ਕਰਨ ਵਿਚ ਬਾਣੀ ਦੀ ਭੂਮਿਕਾ ਕਿੰਨੀ ਸੀ ਤੇ ਜਗਦੀਪ ਦੀ ਕਿੰਨੀ! ਕੁਛ ਦਿਨਾਂ ਮਗਰੋਂ ਜਗਦੀਪ ਨੂੰ ਸ਼ਾਂਤ ਦੀ ਇਕ ਹੋਰ ਕਵਿਤਾ ਆਈ ਜਿਸ ਤੋਂ ਉਸ ਦੇ ਮਨ ਦੀ ਹਾਲਤ ਦਾ ਪਤਾ ਲਗਦਾ ਸੀ। ਪਰ ਜਗਦੀਪ ਕੀ ਕਰ ਸਕਦੀ ਸੀ! ਕੀ ਪਤਾ ਉਸ ਲਈ ਇਕ-ਪਾਸੀ ਪਿਆਰ ਵਿਚ ਕੌਣ-ਕੌਣ ਬਹਿਕਿਆ ਫਿਰਦਾ ਸੀ ਤੇ ਇਸ ਕਵਿਤਾ ਵਰਗੀਆਂ ਹੀ ਭਾਵਨਾਵਾਂ ਰਖਦਾ ਸੀ।
ਦਿੱਲੀਏ ਨੀ ਸੁਣ ਜ਼ੁਲਮੀ ਦਿੱਲੀਏ ਕੀ ਤੇਰਾ ਇਤਿਹਾਸ!
ਪੌਣ ਤੇਰੀ ਵਿਚ ਰਚੀ ਹੋਈ ਹੈ ਨਿਰਲੱਜ ਬੇਵਫ਼ਾਈ,
ਪਾਣੀਆਂ ਦੇ ਵਿਚ ਛਲ-ਕਪਟ ਦੀ ਤੂੰ ਹੈ ਜ਼ਹਿਰ ਮਿਲਾਈ,
ਤੇਰੀ ਇਹ ਫ਼ਰੇਬੀ ਦੁਨੀਆ, ਕਿੰਜ ਆ ਜਾਂਦੀ ਰਾਸ।
ਤੇਰੇ ਹੱਥ ਵਿਚ ਕਾਨੀ ਦੀ ਥਾਂ ਫੜੀ ਹੋਈ ਤਲਵਾਰ,
ਤੂੰ ਕੀ ਜਾਣੇਂ ਅਰਥ ਰਹਿਮ ਦਾ ਤੂੰ ਜਾਣੇਂ ਬੱਸ ਮਾਰੋਮਾਰ,
ਤੇਰੇ ਦਿਲ ਵਿਚ ਮੋਹ ਦੀ ਥਾਂਵੇਂ ਬੇਕਿਰਕੀ ਦਾ ਵਾਸ।
ਤੇਰੀਆਂ ਸੜਕਾਂ ਲਹੂ ’ਚ ਭਿੱਜੀਆਂ ਕੰਧਾਂ ਮਾਰਨ ਕੂਕ,
ਤੇਰੇ ਸੁਹਣੇ ਮਹਿਲੀਂ ਹੋਵੇ ਘਟੀਆ ਨੀਚ ਸਲੂਕ,
ਇਹਨਾਂ ਮਹਿਲਾਂ ਨਾਲੋਂ ਚੰਗਾ ਕੱਟ ਲੈਣਾ ਵਣਵਾਸ।
ਕੂੜ-ਕੁਫ਼ਰ ਦਾ ਤਣ ਰੱਖਿਆ ਹੈ ਜੋ ਤੂੰ ਤਾਣਾ-ਬਾਣਾ,
ਆਖ਼ਰ ਦੇਖੀਂ ਇਕ ਦਿਨ ਇਹ ਸਭ ਤਹਿਸ-ਨਹਿਸ ਹੋ ਜਾਣਾ,
ਅੱਖਰ ਢਾਈ ਪੜ੍ਹਨ ਨਾ ਜਾਣੇਂ ਤੈਥੋਂ ਕਾਹਦੀ ਆਸ।
ਢਹਿ ਜਾਣ ਤੇਰੇ ਧੌਲਰ ਉੱਚੇ, ਢਹਿਣ ਕਿਲੇ ਤੇ ਕੋਟ,
ਤੇਰੀਆਂ ਲਾਈਆਂ ਨਾਲੋਂ ਵੱਡੀ ਲੱਗੇ ਤੈਨੂੰ ਚੋਟ,
ਜਾਹ ਨੀ ਦਿੱਲੀਏ ਜ਼ੁਲਮੀ ਦਿੱਲੀਏ ਤੇਰਾ ਸੱਤਿਆਨਾਸ!
ਕਿਸੇ ਸਾਹਿਤਕ ਸਮਾਗਮ ਵਿਚ ਸ਼ਾਮਲ ਹੋਣ ਲਈ, ਕੋਈ ਕਵੀ-ਦਰਬਾਰ ਪੜ੍ਹਨ ਲਈ ਜਾਂ ਕਿਸੇ ਹੋਰ ਕੰਮ ਪ੍ਰੋ. ਮੋਹਨ ਸਿੰਘ ਜਲੰਧਰ ਤੋਂ ਦਿੱਲੀ ਆਉਂਦਾ, ਜਗਦੀਪ ਦੇ ਘਰ ਜ਼ਰੂਰ ਹੋ ਕੇ ਜਾਂਦਾ। ਉਹਦਾ ਕਹਿਣਾ ਸੀ, ਕਰੋਲਬਾਗ਼ ਤਾਂ ਮੱਕਾ ਹੈ ਤੇ ਕੋਈ ਸੱਚਾ ਮੁਸਲਮਾਨ ਜ਼ਿਆਰਤ ਕੀਤੇ ਬਿਨਾਂ ਕਿਵੇਂ ਪਰਤ ਸਕਦਾ ਹੈ। ਆਉਂਦਾ ਹੋਇਆ ਉਹ ਜਲੰਧਰ ਦੇ ਦੇਵੀ ਦਿਆਲ ਹਲਵਾਈ ਦੀ ਮਸ਼ਹੂਰ ਬਰਫ਼ੀ ਜ਼ਰੂਰ ਲਿਆਉਂਦਾ। ਉਹ ਡੱਬਾ ਦੋਵਾਂ ਹੱਥਾਂ ਵਿਚ ਫੜ ਕੇ ਜਗਦੀਪ ਦੇ ਸਾਹਮਣੇ ਝੁਕਦਾ ਤੇ ਆਖਦਾ, ਭਗਤ ਦੀ ਇਹ ਭੇਟ ਦੇਵੀ ਦੇ ਦਰ ਪਰਵਾਨ ਹੋਵੇ। ਜਗਦੀਪ ਨੂੰ ਉਸ ਦਾ ਇਉਂ ਕਰਨਾ ਚੰਗਾ ਲਗਦਾ, ਸਗੋਂ ਮਾਣ ਨਾਲ ਭਰ ਦਿੰਦਾ। ਉਹ ਡੱਬਾ ਫੜਦੀ ਤੇ ਹੱਸ ਕੇ ਆਖਦੀ, ‘ਭੇਟ ਦੇਵੀ ਦੇ ਦਰ ਪਰਵਾਨ ਹੋਈ!’ ਅਜਿਹੇ ਵੇਲੇ, ਜੇ ਹੋਰ ਕੋਈ ਘਰ ਨਾ ਹੁੰਦਾ, ਉਹ ਸੋਫ਼ੇ ਉੱਤੇ ਬੈਠ ਬੁੱਲ੍ਹੇਸ਼ਾਹ ਨਾਲ ਇਕਮਿਕ ਹੋਇਆ, ਜੋ ਮੂੰਹ ਆਉਂਦਾ, ਚੁਟਕੀਆਂ ਬਜਾ-ਬਜਾ ਕੇ ਤੇ ਸਿਰ ਮਾਰ-ਮਾਰ ਕੇ ਗਾਉਣ ਲਗਦਾ:
ਹਾਜੀ ਲੋਕ ਮੱਕੇ ਨੂੰ ਜਾਂਦੇ, ਅਸਾਂ ਜਾਣਾ ਤਖ਼ਤ ਹਜ਼ਾਰੇ ਹੋ!
ਹਾਜੀ ਲੋਕੋ ਸਾਡਾ ਮੱਕਾ, ਕਰੋਲਬਾਗ਼ ਦੇ ਦੁਆਰੇ ਹੋ!
ਹਰ ਥਾਂ ਅੱਲਾ, ਹਰ ਥਾਂ ਮੱਕਾ, ਸਾਡਾ ਜਿਸ ਥਾਂ ਪਿਆਰੇ ਹੋ!
ਜ਼ਿਆਰਤ ਕਰਨ ਅਸਾਂ ਨੇ ਜਾਣਾ, ਸੁਹਣੇ ਸੱਜਣ ਦੁਆਰੇ ਹੋ!
ਅੱਲਾ ਸਭ ਦਾ ਇਕੋ ਜਿਹਾ, ਸੱਜਨ ਸਾਡੇ ਨਿਆਰੇ ਹੋ!
ਸਾਡੇ ਸੱਜਨ ਦੇ ਮੱਕੇ ਦੇ, ਅੰਬਰ ਛੁਹਣ ਮੁਨਾਰੇ ਹੋ!
ਸੱਜਨ ਦੇ ਅਸਾਂ ਵਾਰੇ ਜਾਣਾ, ਜਾਣਾ ਵਾਰੇ ਵਾਰੇ ਹੋ!
ਉੱਚੇ ਪਰਬਤ ਰੋਕ ਨਾ ਸਕਣ, ਨਾ ਹੀ ਸਾਗਰ ਖਾਰੇ ਹੋ!
ਦੁਨੀਆ ਭਾਵੇਂ ਜਿੰਨੇ ਮਰਜ਼ੀ, ਰਾਹ ਵਿਚ ਖਾਰ ਖਿਲਾਰੇ ਹੋ!
ਅਸਾਂ ਨੇ ਜਾ ਕੇ ਦੀਪ ਜਗਾਉਣਾ, ਦੀਪੂ ਜੀ ਦੇ ਦੁਆਰੇ ਹੋ!…
ਜਗਦੀਪ ਉਹਦੀਆਂ ਝੱਲ-ਵਲੱਲੀਆਂ ਦੇਖ-ਦੇਖ, ਸੁਣ-ਸੁਣ ਖ਼ੁਸ਼ ਹੁੰਦੀ। ਉਹ ਪੰਜਾਬੀ ਦਾ ਸਭ ਤੋਂ ਵੱਡਾ ਕਵੀ ਸੀ। ਉਹਦੀ ਸੰਗਤ ਚਿੱਤ ਨੂੰ ਪਿਆਰੀ ਲਗਦੀ। ਦੋਵੇਂ ਨਵੀਆਂ ਕਵਿਤਾਵਾਂ ਸੁਣਾਉਂਦੇ ਤੇ ਆਪਣੇ-ਆਪਣੇ ਪ੍ਰਭਾਵ ਦਸਦੇ। ਸਾਹਿਤਕ ਮਾਹੌਲ ਬਣ ਜਾਂਦਾ ਜੋ ਹੋਰ ਲਿਖਣ ਲਈ ਪ੍ਰੇਰਦਾ। ਮੋਹਨ ਸਿੰਘ ਤੇ ਜਗਦੀਪ ਦੀਆਂ ਕਵਿਤਾਵਾਂ ਵਿਚੋਂ ਇਕੋ ਜਿਹੇ ਰੰਗਾਂ ਦੀ ਭਾਹ ਮਾਰਦੀ। ਲੋਕ ਇਸ ਇਕਰੂਪਤਾ ਨੂੰ ਉਹਨਾਂ ਦੀਆਂ ਸ਼ਖ਼ਸੀਅਤਾਂ ਨਾਲ ਜੋੜ ਲੈਂਦੇ। ਇਹ ਸ਼ੈਲੀ ਏਨੀ ਮਨਮੋਹਕ ਸੀ ਕਿ ਦੇਖਾ-ਦੇਖੀ ਅਨੇਕ ਕਵੀ, ਖਾਸ ਕਰ ਕੇ ਨਵੇਂ ਉਭਰਦੇ ਕਵੀ ਇਸੇ ਰੂਪ ਦੀ ਕਵਿਤਾ ਲਿਖਣ ਲੱਗ ਪਏ। ਆਲੋਚਕਾਂ ਨੇ ਇਹਦਾ ਨਾਂ ਮੋਹਨ-ਜਗਦੀਪ ਕਾਵਿ-ਧਾਰਾ ਰੱਖ ਦਿੱਤਾ। ਪੰਜਾਬੀ ਕਵਿਤਾ ਦਾ ਜ਼ਿਕਰ ਚੱਲਿਆਂ ਕੋਈ ਇਹਨਾਂ ਵਿਚੋਂ ਕਿਸੇ ਇਕ ਦਾ ਨਾਂ ਲੈਂਦਾ ਤਾਂ ਦੂਜੇ ਦਾ ਨਾਂ ਆਪਣੇ ਆਪ ਜ਼ਬਾਨ ਉੱਤੇ ਆ ਜਾਂਦਾ। ਮੋਹਨ ਸਿੰਘ ਨੂੰ ਆਪਣੇ ਨਾਂ ਨਾਲ ਜੁੜਿਆ ਜਗਦੀਪ ਦਾ ਨਾਂ ਬਹੁਤ ਪਿਆਰਾ ਲਗਦਾ। ਪੰਜਾਬੀ ਦੇ ਕੋਈ ਦੋ ਹੋਰ ਲੇਖਕ ਅਜਿਹੇ ਨਹੀਂ ਸਨ ਜਿਨ੍ਹਾਂ ਦੇ ਨਾਂ ਜੁੜ ਕੇ ਇਉਂ ਇਕਮਿਕ ਹੋ ਗਏ ਹੋਣ। ਜਗਦੀਪ ਨੂੰ ਵੀ ਦੋਵਾਂ ਦੇ ਨਾਂਵਾਂ ਦੀ ਇਸ ਇਕਮਿਕਤਾ ਦਾ ਕੋਈ ਘੱਟ ਮਾਣ ਨਹੀਂ ਸੀ। ਮੋਹਨ ਸਿੰਘ ਨੂੰ ਸਭ ਆਲੋਚਕ, ਲੇਖਕ ਤੇ ਪਾਠਕ ਜੀਵਤ ਕਵੀਆਂ ਵਿਚੋਂ ਪ੍ਰਮੁੱਖ ਮੰਨਦੇ ਸਨ। ਉਸ ਦੇ ਨਾਂ ਨਾਲ ਉਹਦੇ ਆਪਣੇ ਨਾਂ ਦਾ ਇਉਂ ਇਕਮਿਕ ਹੋਣਾ ਉਸ ਨੂੰ ਉਹਦੇ ਬਰਾਬਰ ਖੜ੍ਹੀ ਕਰ ਦਿੰਦਾ ਸੀ। ਆਮ ਪਾਠਕ ਵੀ ਇਹੋ ਪ੍ਰਭਾਵ ਲੈਂਦਾ ਸੀ ਕਿ ਜਗਦੀਪ ਕਾਵਿਕ ਪ੍ਰਤਿਭਾ ਦੇ ਪੱਖੋਂ ਮੋਹਨ ਸਿੰਘ ਦੇ ਮੋਢੇ ਨਾਲ ਮੋਢਾ ਮੇਚਦੀ ਹੈ।
ਮੋਹਨ ਸਿੰਘ ਪੰਜਾਬੀ ਦੇ ਪ੍ਰਮੁੱਖ ਮਾਸਕ ‘ਪੰਜ ਦਰਿਆ’ ਦਾ ਮਾਲਕ-ਸੰਪਾਦਕ ਵੀ ਸੀ। ਪ੍ਰਸਿੱਧੀ ਤੇ ਗਾਹਕ-ਗਿਣਤੀ ਦੇ ਪੱਖੋਂ ਬੱਸ ਗੁਰਬਖ਼ਸ਼ ਸਿੰਘ ਦਾ ਮਾਸਕ ‘ਪ੍ਰੀਤਲੜੀ’ ਹੀ ‘ਪੰਜ ਦਰਿਆ’ ਤੋਂ ਅੱਗੇ ਲੰਘਦਾ ਸੀ, ਪਰ ਉਹ ਨਿਰੋਲ ਸਾਹਿਤਕ ਰਸਾਲਾ ਨਹੀਂ ਸੀ। ਉਸ ਦਾ ਘੇਰਾ ਮੋਕਲਾ ਸੀ ਤੇ ਸਾਹਿਤ ਤੋਂ ਇਲਾਵਾ ਉਸ ਵਿਚ ਸਮਾਜਕ, ਰਾਜਨੀਤਕ, ਸਿਹਤ ਸੰਬੰਧੀ ਤੇ ਹੋਰ ਵਿਸ਼ਿਆਂ ਦੇ ਲੇਖ ਵੀ ਛਪਦੇ। ਇਉਂ ਉਸ ਦੇ ਅਨੇਕ ਪਾਠਕ ਅਜਿਹੇ ਵੀ ਸਨ ਜਿਨ੍ਹਾਂ ਦਾ ਸਾਹਿਤ ਨਾਲ ਕੋਈ ਬਹੁਤਾ ਨਾਤਾ ਨਹੀਂ ਸੀ ਹੁੰਦਾ। ਸਾਹਿਤ ਦੇ ਰਸੀਏ ਪਾਠਕਾਂ ਦੀ ਪਸੰਦ ਕੁਦਰਤੀ ਹੀ ‘ਪੰਜ ਦਰਿਆ’ ਬਣਦਾ ਸੀ। ਮੋਹਨ ਸਿੰਘ ਦਿੱਲੀ ਆਉਂਦਾ ਤਾਂ ਜਗਦੀਪ ਦੀ ਕੋਈ ਨਵੀਂ ਅਨਛਪੀ ਕਵਿਤਾ ਲੈਣੀ ਨਾ ਭੁਲਦਾ। ਉਹ ਰਚਨਾ ਅਗਲੇ ਅੰਕ ਵਿਚ ਪਹਿਲੇ ਪੰਨੇ ਉੱਤੇ ਛਪਦੀ। ਮੋਹਨ ਸਿੰਘ ਆਪਣੀ ਰਚਨਾ ਹਰ ਮਹੀਨੇ ਛਾਪਣੀ ਜ਼ਰੂਰੀ ਨਹੀਂ ਸੀ ਸਮਝਦਾ; ਪਰ ਜਿਸ ਮਹੀਨੇ ਪਹਿਲੇ ਪੰਨੇ ਉੱਤੇ ਜਗਦੀਪ ਦੀ ਕਵਿਤਾ ਛਪਦੀ, ਉਹ ਆਪਣੀ ਕਵਿਤਾ ਦੂਜੇ ਪੰਨੇ ਉੱਤੇ ਜ਼ਰੂਰ ਛਾਪਦਾ। ਸੰਪਾਦਕ ਹੋਣ ਦੇ ਬਾਵਜੂਦ ਪਹਿਲਾ ਪੰਨਾ ਜਗਦੀਪ ਨੂੰ ਦੇ ਕੇ ਆਪ ਦੂਜੇ ਪੰਨੇ ਉੱਤੇ ਛਪਣਾ ਉਹਦੀ ਉਦਾਰਤਾ ਦੇ ਨਾਲ-ਨਾਲ ਜਗਦੀਪ ਲਈ ਉਸ ਦੇ ਪਿਆਰ ਤੇ ਆਦਰ ਦਾ ਵੀ ਸੂਚਕ ਸੀ। ਇਸ ਨਾਲ ਜਗਦੀਪ ਤਾਂ ਖ਼ੁਸ਼ ਹੁੰਦੀ ਹੀ, ਪਾਠਕਾਂ ਵਿਚ ਵੀ ਉਹਨਾਂ ਦੀ ਨੇੜਤਾ ਦਾ ਸੁਨੇਹਾ ਜਾਂਦਾ।
ਉਹ ‘ਪੰਜ ਦਰਿਆ’ ਦਾ ਨਵਾਂ ਅੰਕ ਵੀ ਲਿਆਇਆ ਸੀ। ਪਹਿਲੇ ਪੰਨੇ ਉੱਤੇ ਜਗਦੀਪ ਦੀ, ਦੂਜੇ ਪੰਨੇ ਉੱਤੇ ਉਸ ਦੀ ਆਪਣੀ ਤੇ ਤੀਜੇ ਪੰਨੇ ਉੱਤੇ ਭਰਪੂਰ ਸਿੰਘ ਸ਼ਾਂਤ ਦੀ ਕਵਿਤਾ ਛਪੀ ਹੋਈ ਸੀ। ਸ਼ਾਂਤ ਦੀ ਕਵਿਤਾ ਉਸੇ ਸੁਰ ਵਿਚ ਸੀ ਜਿਸ ਵਿਚ ਡਾਕ ਰਾਹੀਂ ਉਸ ਨੂੰ ਭੇਜੀਆਂ ਅੰਤਲੀਆਂ ਦੋ ਕਵਿਤਾਵਾਂ ਸਨ। ਅੰਕ ਦੇਖ ਕੇ ਉਹ ਕਹਿੰਦੀ, ‘ਮੋਹਨ, ਉਸ ਰਾਤ ਤੁਹਾਡੇ ਘਰ ਉਸ ਸ਼ਾਂਤ ਨਾਂ ਦੇ ਕਵੀ ਨਾਲ ਦੋ ਬੋਲ ਕੀ ਸਾਂਝੇ ਹੋ ਗਏ, ਉਹ ਤਾਂ ਕਲਪਨਾ ਦੇ ਘੋੜੇ ਉੱਤੇ ਸਵਾਰ ਹੋ ਕੇ ਪਤਾ ਨਹੀਂ ਕਿਥੇ ਦਾ ਕਿਥੇ ਪਹੁੰਚ ਗਿਆ।’
ਮੋਹਨ ਸਿੰਘ ਨੂੰ ਕੁਲਵੰਤ ਬਾਣੀ ਤੋਂ ਸੋਅ ਲੱਗ ਚੁੱਕੀ ਸੀ। ਤਾਂ ਵੀ ਉਹਨੇ ਪੁੱਛਿਆ, ‘ਕਿਉਂ, ਕੀ ਹੋਇਆ?’
ਜਗਦੀਪ ਨੇ ਸੰਖੇਪ ਵਿਚ ਪੂਰਾ ਕਿੱਸਾ ਆਖ ਸੁਣਾਇਆ, ‘ਬੜੀ ਮੁਸ਼ਕਿਲ ਪਿੱਛਾ ਛੁਡਾਇਆ ਉਸ ਤੋਂ!’
ਮੋਹਨ ਸਿੰਘ ਹੱਸਿਆ, ‘ਆਪਣਾ ਕਸੂਰ ਉਸ ਬਿਚਾਰੇ ਸਿਰ ਕਿਉਂ ਮੜ੍ਹਦੇ ਹੋ!’
ਉਹ ਹੈਰਾਨ ਹੋਈ, ‘ਮੇਰਾ ਕਸੂਰ?’
ਮੋਹਨ ਸਿੰਘ ਕਹਿੰਦਾ, ‘ਸ਼ੀਸ਼ਾ ਦੇਖੋ।’
ਉਹ ਸ਼ਰਮਾਈ, ‘ਤੁਸੀਂ ਵੀ ਬੱਸ!’
ਮੋਹਨ ਸਿੰਘ ਨੇ ‘ਪੰਜ ਦਰਿਆ’ ਖੋਲਿ੍ਹਆ, ‘ਮੈਂ ਇਹ ਕਵਿਤਾ ਤੁਹਾਡੇ ਕੋਲੋਂ ਜਾ ਕੇ ਜਲੰਧਰ ਉਸੇ ਰਾਤ ਲਿਖੀ ਸੀ।’ ਉਹ ਜਗਦੀਪ ਨੂੰ ਉਮਰੋਂ ਛੋਟੀ ਹੋਣ ਦੇ ਬਾਵਜੂਦ ਤੂੰ ਦੀ ਥਾਂ ਤੁਸੀਂ ਹੀ ਆਖਦਾ। ‘ਪਹਿਲਾਂ ਸੋਚਿਆ, ਰਸਾਲਾ ਡਾਕ ਵਿਚ ਮਿਲ ਹੀ ਜਾਵੇਗਾ, ਆਪੇ ਪੜ੍ਹ ਲਵੋਗੇ। ਦਿਲ ਨੇ ਕਿਹਾ, ਇਹ ਠੀਕ ਨਹੀਂ ਹੋਣਾ, ਤੁਹਾਡੇ ਹਜ਼ੂਰ ਆਪ ਪੜ੍ਹ ਕੇ ਇਹ ਨਜ਼ਰਾਨਾ ਪੇਸ਼ ਕਰਾਂਗਾ।’ ਕਵਿਤਾ ਸੀ:
ਮੈਂ ਹੁੰਦਾ ਜਾਂ ਕੁਝ ਹੋਰ ਹੋਰ,
ਮੇਰੀ ਵੱਖਰੀ ਜਾਪੇ ਤੋਰ ਤੋਰ।
ਕੋਈ ਆਉਂਦੀ ਜਾਵੇ ਯਾਦ ਯਾਦ,
ਜਿੰਦ ਹੁੰਦੀ ਜਾਵੇ ਸੁਆਦ ਸੁਆਦ।
ਲੱਖ ਬੁੱਲ੍ਹੀਆਂ ਰੱਖਾਂ ਸੀੜ ਸੀੜ,
ਨਹੀਂ ਲੁਕਦੀ ਦਿਲ ਦੀ ਪੀੜ ਪੀੜ।
ਅੱਜ ਅੱਖਾਂ ਕਰਦੀਆਂ ਰੋਣ ਰੋਣ,
ਤੇ ਹਿੱਕ ਕਿਸੇ ਦੀ ਧੋਣ ਧੋਣ।
ਕੋਈ ਚੜ੍ਹਦਾ ਜਾਵੇ ਰੰਗ ਰੰਗ,
ਮੈਨੂੰ ਦੁਨੀਆ ਜਾਪੇ ਤੰਗ ਤੰਗ।
ਜੀਅ ਚਾਹੇ ਸਾਗਰ ਤਰਨ ਤਰਨ,
ਜੀਅ ਚਾਹੇ ਪਰਬਤ ਚੜ੍ਹਨ ਚੜ੍ਹਨ।
ਜੀਅ ਲੋਚੇ ਉਡਣਾ ਗਗਨ ਗਗਨ,
ਚੰਨ ਤਾਰਿਆਂ ਦੇ ਗਲ਼ ਲਗਣ ਲਗਣ।
ਜਿੰਦ ਤਰਬਾਂ ਉੱਠੀਆਂ ਲਰਜ਼ ਲਰਜ਼,
ਨੀ ਅਕਲੇ ਅੱਜ ਨਾ ਵਰਜ ਵਰਜ।
ਨੱਚਣ ਦੇ ਅੜੀਏ ਨਗਨ ਨਗਨ,
ਕੀ ਸੱਚ ਨੂੰ ਆਖੇ ਕਜਨ ਕਜਨ।
ਕੋਈ ਚੜ੍ਹਦਾ ਜਾਵੇ ਲੋਰ ਲੋਰ,
ਮੈਂ ਹੁੰਦਾ ਜਾਂ ਕੁਝ ਹੋਰ ਹੋਰ।
ਜਗਦੀਪ ਹੱਸੀ, ‘ਤੁਹਾਨੂੰ ਮੈਥੋਂ ਬਿਨਾਂ ਹੋਰ ਕੋਈ ਵਿਸ਼ਾ ਨਹੀਂ ਸੁਝਦਾ? ਕਿਤੇ ਮਾਲ਼ਾ ਫੜ ਕੇ ਜਲੰਧਰ ਦੀਆਂ ਗਲ਼ੀਆਂ ਵਿਚ ਜਗਦੀਪ-ਜਗਦੀਪ ਜਪਦੇ ਹੋਏ ਨਾ ਫਿਰਨ ਲੱਗ ਜਾਣਾ!’
ਮੋਹਨ ਸਿੰਘ ਬੋਲਿਆ, ‘ਮਾਲ਼ਾ ਤਾਂ ਮੈਂ ਤੁਹਾਡਾ ਨਾਂ ਜਪਦਾ ਹੋਇਆ ਹੁਣ ਵੀ ਫੇਰਦਾ ਹਾਂ। ਤੁਹਾਡੇ ਚਿਤਵੇ ਨਾਲੋਂ ਫ਼ਰਕ ਇਹ ਹੈ ਕਿ ਗਲੀਆਂ ਵਿਚ ਨਹੀਂ, ਦਿਲ ਵਿਚ।’