ਨਵਕਿਰਨ ਸਿੰਘ ਪੱਤੀ
+9198885-44001
ਪਿਛਲੇ ਕੁੱਝ ਦਿਨਾਂ ਤੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸੱਤ ਰਾਜ ਸਭਾ ਮੈਂਬਰਾਂ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਸਵਾਤੀ ਮਾਲੀਵਾਲ, ਹਰਭਜਨ ਸਿੰਘ, ਵਿਕਰਮਜੀਤ ਸਾਹਨੀ ਅਤੇ ਰਾਜਿੰਦਰ ਗੁਪਤਾ ਦਾ ਦਲ-ਬਦਲੀ ਕਾਂਡ ਸੁਰਖ਼ੀਆਂ ’ਚ ਹੈ। ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਵੱਲੋਂ ਇਨ੍ਹਾਂ ਸੱਤਾਂ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿਚ ਰਲੇਵੇਂ ਨੂੰ ਅਧਿਕਾਰਤ ਤੌਰ ‘ਤੇ ਪ੍ਰਵਾਨਗੀ ਦੇਣ ਨਾਲ ਭਾਵੇਂ ਭਾਜਪਾ ਨੂੰ ਅੰਕੜਿਆਂ ਦੇ ਵਾਧੇ ਨਾਲ ਤਸੱਲੀ ਹੋਈ ਹੋਵੇਗੀ
ਪਰ ਲੋਕਾਂ ਖ਼ਾਸਕਰ ਪੰਜਾਬੀਆਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਸਵਾਲਾਂ ਨੇ ਜਨਮ ਲੈ ਲਿਆ ਹੈ। ਇਸ ਫ਼ੈਸਲੇ ਨਾਲ 245 ਮੈਂਬਰੀ ਰਾਜ ਸਭਾ ਵਿਚ ‘ਆਪ’ ਦੀ ਗਿਣਤੀ 10 ਤੋਂ ਘਟ ਕੇ 3 ਰਹਿ ਗਈ ਹੈ, ਜਦੋਂਕਿ ਭਾਜਪਾ ਦਾ ਅੰਕੜਾ 106 ਤੋਂ ਵਧ ਕੇ 113 ਹੋ ਗਿਆ ਹੈ। ਭਾਵੇਂ ਇਸ ਰਲੇਵੇਂ ਨੂੰ ਸੰਵਿਧਾਨ ਦੀ ਦਸਵੀਂ ਅਨੁਸੂਚੀ (ਦਲ-ਬਦਲੀ ਵਿਰੋਧੀ ਕਾਨੂੰਨ) ਤਹਿਤ ਜਾਇਜ਼ ਦੱਸਿਆ ਜਾ ਰਿਹਾ ਹੈ। ਜਿਸ ਤਹਿਤ ਦੋ-ਤਿਹਾਈ ਮੈਂਬਰਾਂ ਦੇ ਇਕੱਠੇ ਜਾਣ ’ਤੇ ਮੈਂਬਰਸ਼ਿਪ ਰੱਦ ਹੋਣ ਤੋਂ ਬਚ ਜਾਂਦੀ ਹੈ। ਪਰ ਸਾਡੇ ਲਈ ਅੰਕੜਿਆਂ ਦੀ ਖੇਡ ਜਾਂ ਇਸ ਤਰ੍ਹਾਂ ਦੀਆਂ ਸੰਵਿਧਾਨਿਕ ਮੱਦਾਂ ਤੋਂ ਅੱਗੇ ਰਾਜਨੀਤੀ ਦੇ ਨਿਘਾਰ ਨੂੰ ਸਮਝਣਾ ਬਹੁਤ ਅਹਿਮ ਹੈ। ਸਭ ਤੋਂ ਅਹਿਮ ਗੱਲ ਸਿਰਫ਼ ਕਾਨੂੰਨੀ ਨਹੀਂ, ਸਗੋਂ ਨੈਤਿਕਤਾ ਦੀ ਵੀ ਹੈ, ਲੋਕਾਂ ਲਈ ਭਰੋਸੇਯੋਗਤਾ ਦੀ ਵੀ ਹੈ।
ਭਾਜਪਾ ਵਿਚ ਸ਼ਾਮਲ 7 ਰਾਜ ਸਭਾ ਮੈਂਬਰਾਂ ਵਿਚੋਂ 6 ਪੰਜਾਬ ਤੋਂ ਭੇਜੇ ਗਏ ਸਨ, ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਧਨਾਢ ਕਾਰੋਬਾਰੀ ਹਨ, ਕੁੱਝ ਪੰਜਾਬ ਤੋਂ ਬਾਹਰਲੇ ਹਨ, ਜੋ ਪੰਜਾਬੀ ਹੈ ਵੀ ਉਹ ਵੀ ਕਦੇ ਪੰਜਾਬ ਪੱਖੀ ਨਹੀਂ ਰਿਹਾ। ਇਨ੍ਹਾਂ ਨੂੰ ਰਾਜ ਸਭਾ ਭੇਜਣ ਵੇਲੇ ਵੀ ਪੰਜਾਬ ਵਿਚ ਕਾਫ਼ੀ ਰੌਲਾ ਪਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਟਿਕਟਾਂ ਦੇਣ ਦਾ ਵਾਅਦਾ ਕੀਤਾ ਸੀ। ਲੇਕਿਨ ਸੱਤਾ ਹਾਸਲ ਕਰਨ ਤੋਂ ਬਾਅਦ ਜਦ ਰਾਜ ਸਭਾ ਵਿਚ ਭੇਜਣ ਦੀ ਵਾਰੀ ਆਈ ਤਾਂ ਕਿਸੇ ਪੰਜਾਬ ਪੱਖੀ ਚਿਹਰੇ, ਚਿੰਤਕ, ਪਾਰਟੀ ਵਰਕਰ ਜਾਂ ਸਮਾਜਿਕ ਕਾਰਕੁੰਨ ਨੂੰ ਰਾਜ ਸਭਾ ਭੇਜਣ ਦੀ ਬਜਾਏ ਧਨਾਢਾਂ ਨੂੰ ਪੰਜਾਬ ਦੇ ਰਾਜ ਸਭਾ ਮੈਂਬਰ ਬਣਾ ਕੇ ਭੇਜਿਆ। ਅਰਵਿੰਦ ਕੇਜਰੀਵਾਲ ਨੂੰ ਪਛਣਾ ਬਣਦਾ ਹੈ: ਪੰਜਾਬ ਵਿਚ ਉਨ੍ਹਾਂ ਦੀ ਪਾਰਟੀ ਨੂੰ ਕੋਈ ਕਾਬਲ ਆਗੂ ਹੀ ਨਹੀਂ ਲੱਭਿਆ? ਪੰਜਾਬ ਤੋਂ ਬਾਹਰਲੇ ਰਾਘਵ ਚੱਢਾ ਤੇ ਸੰਦੀਪ ਪਾਠਕ ਦੀ ਕੀ ਯੋਗਤਾ ਸੀ ਕਿ ਪੰਜਾਬ ਦੇ ਕਾਰਕੁਨਾਂ ਤੇ ਬੁੱਧੀਜੀਵੀਆਂ ਨੂੰ ਪਾਸੇ ਕਰਕੇ ਇਨ੍ਹਾਂ ਨੂੰ ਵਾਇਆ ਪੰਜਾਬ ਰਾਜ ਸਭਾ ਭੇਜਣ ਨੂੰ ਪਹਿਲ ਦਿੱਤੀ ਗਈ। ਵਿਕਰਮਜੀਤ ਸਾਹਨੀ ਧਨਾਢ ਵਿਉਪਾਰੀ ਹੈ, ਜਿਸਦਾ ਆਮ ਆਦਮੀ ਪਾਰਟੀ ਨਾਲ ਕੋਈ ਦੂਰ-ਦੂਰ ਦਾ ਵੀ ਵਾਹ-ਵਾਸਤਾ ਨਹੀਂ ਸੀ ਪਰ ਕੇਜਰੀਵਾਲ ਨੇ ਇਸਨੂੰ ਕਿਹੜੇ ਕਾਰਨ ਰਾਜ ਸਭਾ ਭੇਜਿਆ, ਉਹ ‘ਕਾਰਨ’ ਹਰ ਕੋਈ ਸਮਝ ਸਕਦਾ ਹੈ। ‘ਆਪ’ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਦੀ ਗੱਲ ਕੀਤੀ ਗਈ ਸੀ ਤੇ ਲੋਕਾਂ ਨੂੰ ਲੱਗਿਆ ਸੀ ਕਿ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਉੱਚਾ ਚੁੱਕਿਆ ਜਾਵੇਗਾ, ਪਰ ਪੰਜਾਬ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਨੂੰ ਰਾਜ ਸਭਾ ਭੇਜਣ ਨਾਲ ਸਪੱਸ਼ਟ ਹੋ ਗਿਆ ਸੀ ਕਿ ਇਹ ਪਾਰਟੀ ਨਿੱਜੀਕਰਨ ਦੀ ਨੀਤੀ ਨੂੰ ਹੋਰ ਵੀ ਸ਼ਾਜਿਸ਼ੀ ਢੰਗ ਨਾਲ ਲਾਗੂ ਕਰਨ ਵਾਲੀ ਹੈ। ਪਹਿਲਾਂ ਸੰਜੀਵ ਅਰੋੜਾ ਤੇ ਹੁਣ ਉਸਦੀ ਥਾਂ ਰਾਜ ਸਭਾ ਭੇਜੇ ਗਏ ਰਾਜਿੰਦਰ ਗੁਪਤਾ ਦਾ ਪਿਛੋਕੜ ਲੋਕ ਪੱਖੀ ਨਹੀਂ ਰਿਹਾ ਹੈ ਤਾਂ ਇਨ੍ਹਾਂ ਨੇ ਕੇਜਰੀਵਾਲ-ਭਗਵੰਤ ਮਾਨ ਨੂੰ ਅਜਿਹਾ ਕਿਹੜਾ ‘ਯੋਗਦਾਨ’ ਦਿੱਤਾ ਕਿ ਇਨ੍ਹਾਂ ਨੂੰ ਰਾਜ ਸਭਾ ਭੇਜਣਾ ਪਿਆ। ਮਤਲਬ ਸਾਫ ਹੈ ਕਿ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਮਾਰਕਾ ਲੀਡਰਸ਼ਿਪ ਨੇ ਪੰਜਾਬੀ ਲੋਕਾਂ ਨਾਲ ਧ੍ਰੋਹ ਕਮਾਉਂਦਿਆਂ ਵਿਉਪਾਰੀਆਂ ਤੇ ਧਨਾਢਾਂ ਨੂੰ ਰਾਜ ਸਭਾ ਭੇਜਿਆ ਤੇ ਉਹ ਮੌਕਾ ਮਿਲਦਿਆਂ ਹੀ ਆਪਣੀ ਖ਼ਸਲਤ ਅਨੁਸਾਰ ਅੱਗੇ ਵਿਉਪਾਰ ਕਰ ਗਏ!
ਆਮ ਆਦਮੀ ਪਾਰਟੀ ਦੀ ਆਪਣੀ ਕੋਈ ਠੋਸ ਵਿਚਾਰਧਾਰਾ ਨਹੀਂ, ਜ਼ਿਆਦਾਤਰ ਮਾਮਲਿਆਂ ਉੱਪਰ ਕੋਈ ਠੋਸ ਸਟੈਂਡ ਵੀ ਨਹੀਂ ਹੈ। ਭ੍ਰਿਸ਼ਟਾਚਾਰ ਤੋਂ ਅੱਕੇ ਮੱਧਵਰਗੀਆਂ ਦੇ ਜਜ਼ਬਾਤਾਂ ਨਾਲ ਖੇਡ ਕੇ ਕੇਜਰੀਵਾਲ ਜੁੰਡਲੀ ਨੇ ਸ਼ੋਸ਼ਲ ਮੀਡੀਆ ਰਾਹੀਂ ਜਿਸ ਤੇਜ ਰਫ਼ਤਾਰ ਨਾਲ ਇਹ ਪਾਰਟੀ ਖੜ੍ਹੀ ਕੀਤੀ ਹੈ, ਉਸੇ ਤਰ੍ਹਾਂ ਇਹ ਪਾਰਟੀ ਖਿੰਡ ਰਹੀ ਹੈ।
ਜਿੱਥੇ ਆਮ ਆਦਮੀ ਪਾਰਟੀ ਨੇ ਧਨਾਢਾਂ ਨੂੰ ਰਾਜ ਸਭਾ ਭੇਜਣ ਵੇਲੇ ਜਮਹੂਰੀ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਿਆ, ਉਸੇ ਤਰ੍ਹਾਂ ਭਾਜਪਾ ਨੇ ਉਸਤੋਂ ਵੀ ਇਕ ਕਦਮ ਅੱਗੇ ਪੁੱਟਦਿਆਂ, ਜੋ ਲਾਲਚ ਨਾਲ ਮੰਨਿਆਂ ਉਸਨੂੰ ਲਾਲਚ ਦੇ ਕੇ ਅਤੇ ਜੋ ਡਰ ਕੇ ਮੰਨਿਆਂ ਉਸਨੂੰ ਡਰਾ ਕੇ ਭਗਵਾ ਪਾਰਟੀ ਵਿਚ ਸ਼ਾਮਲ ਕਰ ਲਿਆ। ਕੇਜਰੀਵਾਲ ਨੂੰ ਜਦੋਂ ਕਨਸੋਅ ਮਿਲੀ ਕਿ ਰਾਘਵ ਚੱਢਾ ਭਾਜਪਾ ਵੱਲ ਜਾ ਸਕਦਾ ਹੈ ਤਾਂ ਉਸਨੇ ਰਾਘਵ ਨੂੰ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਨੂੰ ਰਾਜ ਸਭਾ ਵਿਚ ਪਾਰਟੀ ਦਾ ਡਿਪਟੀ ਲੀਡਰ ਥਾਪ ਦਿੱਤਾ। ‘ਲਵਲੀ ਸਵੀਟ ਸ਼ੌਪ’ ਭਾਵ ਮਠਿਆਈਆਂ ਦੀ ਦੁਕਾਨ ਤੋਂ ਇਕ ਨਿੱਜੀ ਯੂਨੀਵਰਸਿਟੀ ਬਣਾਉਣ ਅਤੇ ਕਈ ਕਾਰੋਬਾਰ ਖੜ੍ਹੇ ਕਰਨ ਵਾਲੇ ਅਸ਼ੋਕ ਮਿੱਤਲ ਦੀ ਦੁਖਦੀ ਰਗ ‘ਤੋਂ ਭਾਜਪਾ ਬਖ਼ੂਬੀ ਜਾਣੂ ਸੀ। ਹੋਇਆ ਇਹ ਕਿ ਡਿਪਟੀ ਲੀਡਰ ਬਣਨ ਦੇ ਤੀਜੇ ਦਿਨ ਹੀ ਅਸ਼ੋਕ ਮਿੱਤਲ ਦੇ ਘਰ ਕੇਂਦਰੀ ਏਜੰਸੀ ਈ.ਡੀ. ਛਾਪਾ ਮਾਰਨ ਪਹੁੰਚ ਗਈ। ਫਿਰ ਕੀ ਸੀ, ਹਫ਼ਤੇ ਦੇ ਅੰਦਰ-ਅੰਦਰ ਉਸ ਨੇ ਝਾੜੂ ਪਾਰਟੀ ਦਾ ਪੱਲਾ ਛੱਡ ਕੇ 6 ਹੋਰ ਸਾਥੀਆਂ ਸਮੇਤ ਕੇਂਦਰ ‘ਚ ਸੱਤਾਧਾਰੀ ਭਗਵਾ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰ ਦਿੱਤੀ। ਕੀ ਕੋਈ ਸੋਚ ਸਕਦਾ ਹੈ ਕਿ ਈ.ਡੀ.ਹੁਣ ਕਦੇ ਲਵਲੀ ਵਾਲਿਆਂ ਦੇ ਗੇੜਾ ਮਾਰੇਗੀ? ਹੁਣ ਇਸ ਤਰ੍ਹਾਂ ਕਦੇ ਨਹੀਂ ਹੋਵੇਗਾ। ਇਸਤੋਂ ਸਾਬਤ ਹੁੰਦਾ ਹੈ ਕਿ ਕੇਂਦਰੀ ਏਜੰਸੀਆਂ ਦੇਸ਼ ਲਈ ਨਹੀਂ ਭਾਜਪਾ ਲਈ ਕੰਮ ਕਰ ਰਹੀਆਂ ਹਨ। ਭਾਜਪਾ ਵੱਲੋਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ/ਵਿਧਾਇਕਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਦਾ ਇਹ ਢੰਗ ਭਾਰਤ ਦੀ ਚੋਣ ਪ੍ਰਣਾਲੀ ਦਾ ਦੀਵਾਲੀਆਪਣ ਸਾਹਮਣੇ ਲਿਆ ਰਿਹਾ ਹੈ।
ਵੈਸੇ ਤਾਂ ਸਾਡੇ ਮੁਲਕ ਵਿਚ ਦਲ-ਬਦਲੀ ਕੋਈ ਨਵੀਂ ਗੱਲ ਨਹੀਂ ਹੈ। ਇੱਥੇ ‘ਆਯਾ ਰਾਮ, ਗਯਾ ਰਾਮ’ ਵਰਗੇ ਕਈ ਕਿੱਸੇ ਮਸ਼ਹੂਰ ਹਨ। ਜਿਵੇਂ ਹਰਿਆਣੇ ਦੀ ਪਹਿਲੀ ਵਿਧਾਨ ਸਭਾ ਲਈ 1967 ਵਿਚ ਹੋਈਆਂ ਚੋਣਾਂ ਦੌਰਾਨ ਜਿੱਤੇ ਗਯਾ ਲਾਲ ਨੇ ਇਕ ਦਿਨ ਵਿਚ ਦੋ ਪਾਰਟੀਆਂ ਬਦਲੀਆਂ ਸਨ ਤੇ ਉਸਨੇ ਵਿਧਾਨ ਸਭਾ ਦੀ ਇੱਕੋ ਟਰਮ ਦੌਰਾਨ ਬਦਲ-ਬਦਲ ਕਈ ਪਾਰਟੀਆਂ ਦਾ ਪੱਲਾ ਫੜਿਆ ਸੀ, ਜਿਸ ਕਾਰਨ ‘ਆਯਾ ਰਾਮ, ਗਯਾ ਰਾਮ’ ਦੀ ਕਹਾਵਤ ਮਸ਼ਹੂਰ ਹੋਈ ਸੀ। ਪਰ ਹਕੀਕਤ ਇਹ ਹੈ ਕਿ ਉਹ ਚੋਣ ਜਿੱਤਿਆ ਇਕ ਅਜ਼ਾਦ ਵਿਧਾਇਕ ਸੀ ਲੇਕਿਨ ਹੁਣ ਜਦ ਉਹੀ ਕੰਮ ਵੱਡੀਆਂ-ਵੱਡੀਆਂ ਨਸੀਹਤਾਂ ਦੇਣ ਵਾਲੀਆਂ ਤੇ ਖੁਦ ਨੂੰ ਦੁਨੀਆ ਦੀਆਂ ਵੱਡੀਆਂ ਪਾਰਟੀਆਂ ਕਹਾਉਣ ਵਾਲੀਆਂ ਕਰ ਰਹੀਆਂ ਹਨ ਤਾਂ ਇਹ ਰੁਝਾਨ ਜ਼ਿਆਦਾ ਖ਼ਤਰਨਾਕ ਹੈ। ਜਿਨ੍ਹਾਂ ਦੋ ਪਾਰਟੀਆਂ ਦੇ ਸੰਸਦਾਂ ਦੀ ਅਦਲਾ-ਬਦਲੀ ਹੋਈ ਹੈ ਉਨ੍ਹਾਂ ਵਿਚ ਇਕ ਪਾਸੇ ਖੁਦ ਨੂੰ ‘ਵਿਸ਼ਵ ਗੁਰੂ’ ਕਹਾਉਣ ਵਾਲਾ ਉਹ ਸ਼ਖ਼ਸ ਖੜ੍ਹਾ ਹੈ, ਜੋ ‘ਮਨ ਕੀ ਬਾਤ’ ਰਾਹੀਂ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਾ ਨਹੀਂ ਥੱਕਦਾ ਤੇ ਦੂਜੇ ਪਾਸੇ ਨੈਤਿਕਤਾ ਦੇ ਪਾਠ ਪੜ੍ਹਾਉਣ ਵਾਲਾ ਉਹ ਵਿਅਕਤੀ ਹੈ ਜੋ ਇਹ ਦਾਅਵੇ ਕਰਦਾ ਰਿਹਾ ਹੈ, ‘ਅਸੀਂ ਰਾਜਨੀਤੀ ਕਰਨ ਨਹੀਂ, ਰਾਜਨੀਤੀ ਬਦਲਣ ਆਏ ਹਾਂ।’
ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਦਲ-ਬਦਲੀ ਤੇ ਸਿਆਸੀ ਮੌਕਾਪ੍ਰਸਤੀ ਪੁਰਾਣੀ ਖੇਡ ਹੈ, ਲੇਕਿਨ ਇਸ ਵਾਰ ਨਵਾਂ ਇਹ ਹੋਇਆ ਕਿ ‘ਆਪ’ ਲੀਡਰਸ਼ਿਪ ਨੇ ਭਾਜਪਾ ਵਿਚ ਸ਼ਾਮਲ ਹੋਏ ਉਪਰੋਕਤ ਮੈਂਬਰਾਂ ਨੂੰ ‘ਗ਼ਦਾਰ’ ਕਰਾਰ ਦੇ ਕੇ ਇਹ ਬਿਰਤਾਂਤ ਚਲਾਉਣ ਦੀ ਕੋਸ਼ਿਸ਼ ਕੀਤੀ। ਜੋਸ਼ ਵਿਚ ਆਏ ਕੁੱਝ ‘ਆਪ’ ਵਰਕਰ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਉੱਪਰ ‘ਗ਼ਦਾਰ’ ਲਿਖ ਵੀ ਆਏ। ਪਹਿਲੀ ਗੱਲ, ਇਸ ਤਰ੍ਹਾਂ ਕਰਨ ਵਾਲੇ ‘ਆਪ’ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਨ੍ਹਾਂ ਨੂੰ ਪੁੱਛੀ ਜਾਣੀ ਚਾਹੀਦੀ ਹੈ ਕਿ ਭਾਈ ਤੁਸੀਂ ਉਦੋਂ ਕਿੱਥੇ ਸੀ ਜਦ ਤੁਹਾਡੀ ਲੀਡਰਸ਼ਿਪ ਨੇ ‘ਦਰੀਆਂ ਵਿਛਾਉਣ’ ਵਾਲੇ ਆਮ ਵਰਕਰਾਂ ਨੂੰ ਛੱਡ ਕੇ ਧਨਾਢਾਂ ਨੂੰ ਟਿਕਟਾਂ ਦਿੱਤੀਆਂ ਸਨ। ਦੂਜਾ ਸਵਾਲ ‘ਆਪ’ ਲੀਡਰਸ਼ਿਪ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੌਜੂਦਾ ਵਿਧਾਇਕ ਸੁਖਵਿੰਦਰ ਸੁੱਖੀ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕੀਤਾ ਹੈ, ਤਾਂ ਦਲ-ਬਦਲੀ ਦੇ ਸਵਾਲ ਉੱਪਰ ਤੁਹਾਡਾ ਹੋਰ ਪਾਰਟੀਆਂ ਨਾਲੋਂ ਕੀ ਫ਼ਰਕ ਹੈ। ਦੂਜੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ/ਵਿਧਾਇਕਾਂ ਨੂੰ ਪੱਟ ਕੇ ਲਿਆਉਣ ਦੀ ਖੇਡ ਦੇ ਮੋਦੀ-ਸ਼ਾਹ ਚੈਂਪੀਅਨ ਕਹੇ ਜਾ ਸਕਦੇ ਹਨ ਤਾਂ ਕੇਜਰੀਵਾਲ ਨੇ ਵੀ ਕਸਰ ਕੋਈ ਨਹੀਂ ਛੱਡੀ। ਕੇਜਰੀਵਾਲ-ਭਗਵੰਤ ਮਾਨ ਨੇ ਡਾ. ਸੁੱਖੀ, ਚੱਬੇਵਾਲ, ਡਿੰਪੀ ਢਿੱਲੋਂ, ਹਰਮੀਤ ਸੰਧੂ ਵਰਗੇ ਅਨੇਕਾਂ ਲੀਡਰ ‘ਆਪ’ ਵਿਚ ਸ਼ਾਮਲ ਕੀਤੇ ਹਨ।
‘ਆਪ’ ਤੇ ਭਾਜਪਾ ਦੀ ਸਿਆਸਤ ਸਮਝਣ ਲਈ ਸਾਨੂੰ ਇੱਕ ਝਾਤ ਜੁਲਾਈ 2024 ਵਿਚ ਜਲੰਧਰ ਪੱਛਮੀ ਦੀ ਹੋਈ ਜ਼ਿਮਨੀ ਚੋਣ ਉੱਪਰ ਮਾਰ ਲੈਣੀ ਚਾਹੀਦੀ ਹੈ। 2022 ਦੀ ਵਿਧਾਨ ਸਭਾ ਚੋਣ ਦਾ ਜੇਤੂ ‘ਆਪ’ ਉਮੀਦਵਾਰ ਸ਼ੀਤਲ ਅੰਗੁਰਾਲ 2024 ’ਚ ਭਾਜਪਾ ਨੇ ਉਮੀਦਵਾਰ ਐਲਾਨਿਆ ਸੀ ਅਤੇ 2022 ਦੀ ਉਸੇ ਚੋਣ ਦੌਰਾਨ ਭਾਜਪਾ ਦੀ ਟਿਕਟ ਉੱਪਰ ਚੋਣ ਲੜਿਆ ਮਹਿੰਦਰ ਭਗਤ 2024 ਵਿਚ ‘ਆਪ’ ਨੇ ਉਮੀਦਵਾਰ ਐਲਨਿਆ ਸੀ। ਭਾਜਪਾ ਦਾ ਕੰਮ-ਢੰਗ ਤਾਂ ਸਭ ਨੂੰ ਪਤਾ ਸੀ ਪਰ ‘ਆਪ’ ਲਈ ਇਹ ਮਾਮਲਾ ਖ਼ਾਸ ਤੌਰ ‘ਤੇ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਇਸ ਦੀ ਬੁਨਿਆਦ ਹੀ ਰਵਾਇਤੀ ਪਾਰਟੀਆਂ ਤੋਂ ਵੱਖਰੀ ਦੱਸੀ ਜਾ ਰਹੀ ਸੀ। ਰਵਾਇਤੀ ਪਾਰਟੀਆਂ ਤੋਂ ਇਲਾਵਾ ਇਸ ਨੇ ਆਪਣੇ-ਆਪ ਨੂੰ ਇਕ ਅਜਿਹੇ ਰਾਜਨੀਤਕ ਮੰਚ ਵਜੋਂ ਪੇਸ਼ ਕੀਤਾ ਸੀ, ਜਿੱਥੇ ਵਲੰਟੀਅਰ ਅਤੇ ਆਮ ਨਾਗਰਿਕ ਸਿੱਧੇ ਤੌਰ ‘ਤੇ ਫ਼ੈਸਲੇ ਲੈਣ ਵਿਚ ਹਿੱਸਾ ਲੈਂਦੇ ਹਨ। 2022 ਦੀ ਵਿਧਾਨ ਸਭਾ ਚੋਣ ਦੌਰਾਨ ਪੰਜਾਬੀਆਂ ਨੇ ਅਕਾਲੀ ਦਲ, ਭਾਜਪਾ, ਕਾਂਗਰਸ ਵਰਗੀਆਂ ਪਾਰਟੀਆਂ ਨੂੰ ਨਕਾਰ ਕੇ ਇਸ ਭਰੋਸੇ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਕਿ ਇਹ ਪਾਰਟੀ ਇਨ੍ਹਾਂ ਤੋਂ ਚੰਗੀ ਹੈ ਪਰ ਹੁਣ ਇਸ ਪਾਰਟੀ ਤੋਂ ਵੀ ਅੱਕੇ ਲੋਕਾਂ ਦਾ ਇਕ ਹਿੱਸਾ ਖੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰਦਾ ਹੈ।
ਇਹ ਤਾਂ ਹਕੀਕਤ ਹੈ ਕਿ ‘ਆਪ’ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿਚ ਰਲੇਵੇਂ ਲਈ ਭਾਜਪਾ ਦੀ ਮੌਕਾਪ੍ਰਸਤ ਸਿਆਸਤ ਦੀ ਵੱਡੀ ਭੂਮਿਕਾ ਹੈ। ਪਰ ਕੀ ‘ਆਪ’ ਸੱਚੀ-ਸੁੱਚੀ ਹੈ? ਜਿਵੇਂ ਅੱਜ ਇਹ ਹਾਲ-ਪਾਹਰਿਆ ਮਚਾ ਰਹੇ ਹਨ ਕਿ ਸਾਡੇ ਨਾਲ ਧੋਖਾ ਹੋਇਆ ਹੈ, ਇਸ ਨੂੰ ਭਾਜਪਾ ਦੀ ਸਤਾਈ ‘ਪੀੜਤ’ ਨਹੀਂ ਮੰਨਿਆ ਜਾ ਸਕਦਾ। ਇਨ੍ਹਾਂ ਵੱਲੋਂ ਆਪਣੇ ਕਾਰਕੁਨਾਂ ਨੂੰ ਠੁਕਰਾ ਕੇ ਅੰਦਰੂਨੀ ਸੌਦੇਬਾਜ਼ੀਆਂ ਦੇ ਤਹਿਤ ਧਨਾਢਾਂ ਨੂੰ ਰਾਜ ਸਭਾ ਭੇਜਣ ਲਈ ਚੁਣਿਆ। ਇਸ ਤੋਂ ਇਲਾਵਾ, ਇਹ ‘ਬਦਲਾਅ’ ਦਾ ਢੌਂਗ ਰਚ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਆ ਰਹੀ ਹੈ ਅਤੇ ਬਗੈਰ ਕਿਸੇ ਠੋਸ ਰਾਜਨੀਤਕ ਆਧਾਰ ਦੇ ਭਾਜਪਾ ਵਰਗੀ ਫਿਰਕੂ ਪਾਰਟੀ ਦੀ ਮੁੱਖ ਸਿਆਸੀ ਵਿਰੋਧੀ ਹੋਣ ਦਾ ਝੂਠਾ ਦਾਅਵਾ ਕਰਦੀ ਹੈ। ਇਸ ਖੋਖਲੇ ‘ਬਦਲਾਅ’ ਦਾ ਨਤੀਜਾ ਹੈ ਕਿ ਵਪਾਰੀਆਂ ਨੂੰ ਜਿੱਧਰ ਵੱਧ ਲਾਭ ਨਜ਼ਰ ਆਇਆ, ਉਹ ਉਸ ਪਾਰਟੀ ਵਿਚ ਚਲੇ ਗਏ। ਅਜੇ ਪਤਾ ਨਹੀਂ, ਹੋਰ ਕੌਣ-ਕੌਣ ‘ਗ਼ਦਾਰ’ ਬਣਨ ਦੀ ਤਿਆਰੀ ’ਚ ਹੈ। ‘ਬਦਲਾਅ’ ਵਾਲਿਆਂ ਨੂੰ ਹੁਣ ਆਪਣੇ ਵਿਧਾਇਕਾਂ ਨੂੰ ਬਚਾਉਣ ਲਈ ਹੱਥਾਂ-ਪੈਰਾਂ ਦੀ ਪਈ ਹੋਈ ਹੈ।
