ਨਸ਼ਿਆਂ ਦੇ ਕਾਰੋਬਾਰ ਨੂੰ ਸਿਆਸੀ ਸਰਪ੍ਰਸਤੀ

ਅੰਮ੍ਰਿਤਸਰ: ਨਸ਼ਿਆਂ ਦੇ ਕਾਰੋਬਾਰ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ। ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਕੌਮਾਂਤਰੀ ਡਰੱਗ ਤਸਕਰ ਤੇ ਪਹਿਲਵਾਨ ਜਗਦੀਸ਼ ਸਿੰਘ ਭੋਲਾ ਦੇ ਮਾਮਲੇ ਵਿਚ ਪਟਿਆਲਾ ਪੁਲਿਸ ਵੱਲੋਂ ਅੰਮ੍ਰਿਤਸਰ ਵਾਸੀ ਮਨਜਿੰਦਰ ਸਿੰਘ ਔਲਖ ਉਰਫ ਬਿੱਟੂ ਔਲਖ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੂਤਰਾਂ ਅਨੁਸਾਰ ਬਿੱਟੂ ਔਲਖ ਇਕ ਵਿਧਾਇਕ ਦਾ ਨੇੜਲਾ ਸਾਥੀ ਹੈ।
ਪਟਿਆਲਾ ਪੁਲਿਸ ਵੱਲੋਂ ਬਿੱਟੂ ਔਲਖ ਤੋਂ ਇਲਾਵਾ ਜਗਜੀਤ ਸਿੰਘ ਚਾਹਲ ਵਾਸੀ ਪਿੰਡ ਰਮਾਣਾ ਚੱਕ ਤਹਿਸੀਲ ਬਾਬਾ ਬਕਾਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਇਨ੍ਹਾਂ ਦੋਵਾਂ ਕੋਲੋਂ 3æ25 ਕਰੋੜ ਰੁਪਏ ਦੇ ਮੁੱਲ ਦੇ ਸਿੰਥੈਟਿਕ ਡਰੱਗ ਪ੍ਰਾਪਤ ਹੋਏ ਹਨ। ਬਿੱਟੂ ਔਲਖ ਦਾ ਇਥੇ ਅੰਮ੍ਰਿਤਸਰ ਵਿਚ ਕੋਰਟ ਰੋਡ ਵਿਖੇ ਇਕ ਨਾਮੀ ਹੋਟਲ ਹੈ ਤੇ ਉਹ ਯੂਥ ਅਕਾਲੀ ਦਲ ਦਾ ਸੀਨੀਅਰ ਆਗੂ ਹੈ। ਵਿਧਾਨ ਸਭਾ ਚੋਣਾਂ ਸਮੇਂ ਬਿੱਟੂ ਔਲਖ ਨੇ ਰਾਜਾਸਾਂਸੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜਨ ਦਾ ਯਤਨ ਵੀ ਕੀਤਾ ਸੀ।
ਸਿੱਟੇ ਵਜੋਂ ਉਸ ਵੇਲੇ ਉਸ ਦੇ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਨਾਲ ਸਬੰਧ ਵੀ ਵਿਗੜ ਗਏ। ਟਿਕਟ ਨਾ ਮਿਲਣ ਕਾਰਨ ਉਸ ਵੇਲੇ ਉਸ ਨੇ ਪੀਪੀਪੀ ਵਿਚ ਜਾਣ ਦਾ ਮਨ ਬਣਾਇਆ ਸੀ ਪਰ ਉਸ ਵੇਲੇ ਅਜਨਾਲਾ ਦੇ ਅਕਾਲੀ ਵਿਧਾਇਕ ਦੇ ਸਮਝਾਉਣ ‘ਤੇ ਉਸ ਨੇ ਵਾਪਸੀ ਕਰ ਲਈ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਵੈਰੋਕੇ ਦਾ ਵਾਸੀ ਮਨਜਿੰਦਰ ਸਿੰਘ ਔਲਖ ਉਰਫ਼ ਬਿੱਟੂ ਔਲਖ ਤੇ ਪਿੰਡ ਰੁਮਾਣਾ ਚੱਕ ਦਾ ਵਾਸੀ ਜਗਜੀਤ ਸਿੰਘ ਚਾਹਲ ਦੋਵੇਂ ਮੱਧ ਵਰਗੀ ਪਰਿਵਾਰਾਂ ਨਾਲ ਸਬੰਧਤ ਹਨ।
ਇਨ੍ਹਾਂ ਦੋਵਾਂ ਨੇ ਪਿਛਲੇ ਤਕਰੀਬਨ ਡੇਢ ਦਹਾਕੇ ਵਿਚ ਹੀ ਆਪਣੀ ਸਿਆਸੀ ਪੈਂਠ ਤੇ ਦਬਦਬਾ ਕਾਇਮ ਕੀਤਾ ਇਸ ਵੇਲੇ ਦੋਵਾਂ ਕੋਲ ਕਰੋੜਾਂ-ਅਰਬਾਂ ਰੁਪਏ ਦੀ ਜਾਇਦਾਦ ਹੈ। ਭਾਵੇਂ ਇਹ ਕੋਈ ਮੰਤਰੀ ਜਾਂ ਵਿਧਾਇਕ ਨਹੀਂ ਸਨ ਪਰ ਸਿਆਸੀ ਅਸਰ ਰਸੂਖ ਕਾਰਨ ਇਹ ਹਮੇਸ਼ਾ ਹੀ ਲਾਲ ਬੱਤੀ ਵਾਲੀਆਂ ਗੱਡੀਆਂ ਤੇ ਸੁਰੱਖਿਆ ਛੱਤਰੀ ਹੇਠ ਘੁੰਮਦੇ ਸਨ। ਇਨ੍ਹਾਂ ਦੋਵਾਂ ਦੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਡੂੰਘੀ ਨੇੜਤਾ ਹੋਣ ਕਾਰਨ ਕਾਂਗਰਸ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਤੋਂ ਉਚ ਪੱਧਰੀ ਜਾਂਚ ਕਰਾਈ ਜਾਵੇ ਤੇ ਸਮੂਹ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇ।
ਸ਼੍ਰੋਮਣੀ ਅਕਾਲੀ ਦਲ ਵਿਚਲੇ ਸੂਤਰਾਂ ਮੁਤਾਬਕ ਮਨਜਿੰਦਰ ਸਿੰਘ ਔਲਖ ਉਰਫ਼ ਬਿੱਟੂ ਔਲਖ ਸਰਹੱਦੀ ਪਿੰਡ ਵੈਰੋਕੇ ਦੇ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਹੈ।ਇਸ ਦੇ ਪਿਤਾ ਪ੍ਰਤਾਪ ਸਿੰਘ ਤੇ ਮਾਤਾ ਜੋਗਿੰਦਰ ਕੌਰ ਸੇਵਾ ਮੁਕਤ ਅਧਿਆਪਕ ਹਨ। ਪੜ੍ਹਾਈ ਦੌਰਾਨ ਹੀ ਉਹ ਅਮਰੀਕਾ ਚਲਾ ਗਿਆ ਸੀ। ਵਤਨ ਵਾਪਸੀ ਮਗਰੋਂ ਇਸ ਨੇ ਸਿਆਸਤ ਵਿਚ ਪੈਰ ਰੱਖਿਆ। ਸਿਆਸਤ ਦੀ ਸ਼ੁਰੂਆਤ 1997 ਵਿਚ ਕਾਂਗਰਸ ਤੋਂ ਕੀਤੀ। 2002 ਦੀਆਂ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਗਿਆ।
ਸ਼ੁਰੂ ਵਿਚ ਉਹ ਰਾਜਾਸਾਂਸੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਨੇੜੇ ਰਿਹਾ ਪਰ ਕਿਉਂਕਿ ਇਹ ਖ਼ੁਦ ਇਸ ਹਲਕੇ ਤੋਂ ਚੋਣ ਲੜਨ ਦਾ ਇਛੁੱਕ ਸੀ, ਇਸ ਲਈ ਸ਼ ਲੋਪੋਕੇ ਨਾਲ ਤੋੜ ਵਿਛੋੜਾ ਹੋ ਗਿਆ। 2007 ਦੀਆਂ ਚੋਣਾਂ ਸਮੇਂ ਔਲਖ ਨੇ ਅਜਨਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਮਰਪਾਲ ਸਿੰਘ ਬੋਨੀ ਤੇ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਡਾæ ਰਤਨ ਸਿੰਘ ਅਜਨਾਲਾ ਦੇ ਪਰਿਵਾਰ ਨਾਲ ਨੇੜਤਾ ਬਣਾ ਲਈ ਜੋ ਕਿ ਹੁਣ ਤਕ ਕਾਇਮ ਹੈ।
ਸੂਤਰਾਂ ਅਨੁਸਾਰ ਉਹ ਡਾæ ਅਜਨਾਲਾ ਤੇ ਬੋਨੀ ਅਜਨਾਲਾ ਦਾ ਚੋਣ ਏਜੰਟ ਤਕ ਰਿਹਾ। ਸਿਆਸੀ ਸ਼ਹਿ ਕਾਰਨ ਹੀ ਉਸ ਦੀ ਪਜੇਰੋ ਗੱਡੀ (ਪੀæਬੀæ 02, 0002) ਉਪਰ ਹਮੇਸ਼ਾ ਲਾਲ ਬੱਤੀ ਲੱਗੀ ਰਹਿੰਦੀ ਸੀ ਤੇ ਸੁਰੱਖਿਆ ਛਤਰੀ ਵੀ ਮਿਲੀ ਹੋਈ ਸੀ। ਸਿਆਸਤ ਵਿਚ ਆਉਣ ਮਗਰੋਂ ਇਸ ਨੌਜਵਾਨ ਨੇ ਕੁਝ ਹੀ ਸਮੇਂ ਵਿਚ ਚੰਗੀ ਜ਼ਮੀਨ ਜਾਇਦਾਦ ਬਣਾ ਲਈ। ਇਸ ਵੇਲੇ ਔਲਖ ਕੋਲ ਤਕਰੀਬਨ 50 ਕਿਲੇ ਜ਼ਮੀਨ ਤੇ ਸ਼ਹਿਰ ਦੀ ਕੋਰਟ ਰੋਡ ‘ਤੇ ਸੰਜੋਗ ਹੋਟਲ ਹੈ ਜਿਸ ਵਿਚ ਇਸ ਦੀ 50 ਫ਼ੀਸਦੀ ਦੀ ਭਾਈਵਾਲੀ ਹੈ। ਇਸੇ ਤਰ੍ਹਾਂ ਰਾਣੀ ਕਾ ਬਾਗ ਇਲਾਕੇ ਵਿਚ ਕਰੋੜਾਂ ਰੁਪਏ ਮੁੱਲ ਦੀ ਕੋਠੀ ਹੈ। ਹਾਲ ਹੀ ਵਿਚ ਉਸ ਨੇ ਪ੍ਰੀਤ ਨਗਰ ਵਿਖੇ ਡੇਢ ਕਰੋੜ ਰੁਪਏ ਮੁੱਲ ਨਾਲ ਚਾਰ ਏਕੜ ਜ਼ਮੀਨ ਵੀ ਖ਼ਰੀਦੀ ਹੈ।
_____________________________________
ਸ਼੍ਰੋਮਣੀ ਅਕਾਲੀ ਦਲ ਦੇ ਅਕਸ ‘ਤੇ ਵੀ ਲੱਗਾ ਦਾਗ
ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਦੇ ਸਾਹਮਣੇ ਲਿਆਂਦੇ ਮਾਮਲੇ ਵਿਚ ਹਾਕਮ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂਆਂ ਦੀ ਸ਼ਮੂਲੀਅਤ ਜ਼ਾਹਰ ਹੋਣ ਤੋਂ ਬਾਅਦ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਮਾਝੇ ਦਾ ਯੂਥ ਆਗੂ ਮਨਜਿੰਦਰ ਸਿੰਘ ਔਲਖ ਪਾਰਟੀ ਵਿਚ ਖਾਸ ਰੁਤਬਾ ਹੀ ਨਹੀਂ ਰੱਖਦਾ ਸਗੋਂ ਸਰਕਾਰ ਵਿਚ ਮੁੱਖ ਸੰਸਦੀ ਸਕੱਤਰ ਦੇ ਅਹੁਦੇ ‘ਤੇ ਬਿਰਾਜਮਾਨ ਆਗੂ ਦਾ ਖਾਸਮਖਾਸ ਵੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਵਿਚ ਸਰਗਰਮ ਤਸਕਰਾਂ ਨੇ ਹਾਕਮ ਪਾਰਟੀ ਨਾਲ ਸਬੰਧਤ ਆਗੂਆਂ ਦੀ ਸਰਪ੍ਰਸਤੀ ਹਾਸਲ ਕੀਤੀ ਹੋਈ ਹੈ। ਅਜਿਹੇ ਮਾਮਲਿਆਂ ਨਾਲ ਜੁੜੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਮਗਲਰਾਂ ਤੇ ਅਪਰਾਧੀਆਂ ਨੇ ਸਿਆਸੀ ਪਾਰਟੀਆਂ ਖਾਸਕਰ ਹੁਕਮਰਾਨ ਪਾਰਟੀਆਂ ਵਿਚ ਪੂਰੀ ਤਰ੍ਹਾਂ ਘੁਸਪੈਠ ਕੀਤੀ ਹੋਈ ਹੈ। ਪੰਜਾਬ ਵਿਚ ਪਿਛਲੇ ਇਕ ਸਾਲ ਦੌਰਾਨ ਅੱਧੀ ਦਰਜਨ ਤੋਂ ਵੱਧ ਅਜਿਹੀਆਂ ਚਰਚਿਤ ਤੇ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂਆਂ ਦਾ ਸਿੱਧੇ ਤੌਰ ‘ਤੇ ਹੱਥ ਰਿਹਾ ਹੈ।
ਸਬੰਧਤ ਮੁੱਖ ਸੰਸਦੀ ਸਕੱਤਰ ਵੱਲੋਂ ਮਨਜਿੰਦਰ ਸਿੰਘ ਔਲਖ ਦੇ ਬਚਾਅ ਲਈ ਪੁਲਿਸ ਅਫਸਰਾਂ ਤੱਕ ਪਹੁੰਚ ਵੀ ਕੀਤੀ ਗਈ। ਉਚ ਪੱਧਰੀ ਪੁਲਿਸ ਸੂਤਰਾਂ ਅਨੁਸਾਰ ਮਾਝੇ ਦੇ ਕਈ ਆਗੂਆਂ ਦਾ ਨਾਂ ਖੁਫੀਆ ਏਜੰਸੀਆਂ ਵੱਲੋਂ ਤਸਕਰੀ ਦੇ ਮਾਮਲੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਨ੍ਹਾਂ ਸੂਤਰਾਂ ਦਾ ਕਹਿਣਾ ਹੈ ਕਿ ਰੂਪਨਗਰ ਜ਼ਿਲ੍ਹੇ ਵਿਚ ਗ੍ਰਿਫਤਾਰ ਕੀਤੇ ਤਸਕਰ ਨੇ ਵੀ ਹਾਕਮ ਪਾਰਟੀ ਦੇ ਆਗੂ ਦਾ ਨਾਂ ਹੈਰੋਇਨ ਦੀ ਸਮਗਲਿੰਗ ਵਿਚ ਹੋਣ ਦੀ ਗੱਲ ਕਹੀ ਸੀ ਪਰ ਉਹ ਮਾਮਲਾ ਦਬਾ ਦਿੱਤਾ ਗਿਆ।
ਜਗਦੀਸ਼ ਸਿੰਘ ਭੋਲਾ ਦੇ ਖੁਲਾਸਿਆਂ ਤੇ ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਖ਼ੁਫੀਆ ਏਜੰਸੀਆਂ ਦੀਆਂ ਰਿਪੋਰਟਾਂ ‘ਤੇ ਮੋਹਰ ਲਾ ਦਿੱਤੀ ਹੈ। ਤਫ਼ਤੀਸ਼ੀ ਪੁਲਿਸ ਅਫਸਰਾਂ ਅਨੁਸਾਰ ਤਸਕਰਾਂ ਵੱਲੋਂ ਚੋਣਾਂ ਦੇ ਦਿਨੀਂ ਸਿਆਸੀ ਆਗੂਆਂ ਦੀ ਨਸ਼ਿਆਂ ਦੀ ਸਪਲਾਈ ਵਿਚ ਖੂਬ ਸੇਵਾ ਕੀਤੀ ਜਾਂਦੀ ਹੈ ਤੇ ਫਿਰ ਉਸ ਸੇਵਾ ਦੇ ਇਵਜਾਨੇ ਵਜੋਂ ਸਰਪ੍ਰਸਤੀ ਮਿਲਦੀ ਹੈ। ਇਹ ਰੁਝਾਨ ਪੂਰੇ ਸੂਬੇ ਵਿਚ ਪਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਹੋਰ ਗ੍ਰਿਫ਼ਤਾਰੀਆਂ ਹੋਣ ਦੇ ਵੀ ਆਸਾਰ ਹਨ।
ਅਕਾਲੀ ਦਲ ਦਾ ਕੋਈ ਵੀ ਆਗੂ ਇਸ ਬਾਰੇ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ। ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਪਾਰਟੀ ਦੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜੋ ਕਰੇਗਾ ਸੋ ਭਰੇਗਾ ਸਰਕਾਰ ਜਾਂ ਪਾਰਟੀ ਕਿਸੇ ਮਾੜੇ ਅਨਸਰ ਦਾ ਸਾਥ ਨਹੀਂ ਦੇਵੇਗੀ।
ਪੰਜਾਬ ਤੇ ਮਹਾਰਾਸ਼ਟਰ ਸੂਬਿਆਂ ਵਿਚ ਡੀæਜੀæਪੀæ ਦੇ ਅਹੁਦੇ ‘ਤੇ ਰਹਿ ਚੁੱਕੇ ਸੇਵਾਮੁਕਤ ਪੁਲਿਸ ਅਧਿਕਾਰੀ ਸਰਬਦੀਪ ਸਿੰਘ ਵਿਰਕ ਦਾ ਕਹਿਣਾ ਹੈ ਕਿ ਸਮਗਲਰ ਕਿਉਂਕਿ ਪਿੰਡ ਪੱਧਰ ਦੀ ਰਾਜਨੀਤੀ ‘ਤੇ ਹਾਵੀ ਹੁੰਦੇ ਹਨ। ਇਸ ਕਾਰਨ ਤਸਕਰਾਂ ਦੇ ਹੱਥਾਂ ਵਿਚ ਵੋਟਾਂ ਹੋਣ ਕਾਰਨ ਰਾਜਨੀਤਕ ਵਿਅਕਤੀਆਂ ਵੱਲੋਂ ਇਨ੍ਹਾਂ ਨੂੰ ਸਰਪ੍ਰਸਤੀ ਦੇਣਾ ਆਮ ਵਰਤਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਮੇਸ਼ਾ ਹੀ ਪੁਲਿਸ ਅਫਸਰ ਜਾਂ ਸਿਆਸੀ ਲੋਕ ਤਸਕਰਾਂ ਦੀ ਪੁਸ਼ਤਪਨਾਹੀ ਕਰਦੇ ਰਹੇ ਹਨ।

Be the first to comment

Leave a Reply

Your email address will not be published.