ਬਾਦਲਾਂ ਦੀ ਰਣਨੀਤੀ ਅੱਗੇ ਪੰਜਾਬ ਕਾਂਗਰਸ ਠੁੱਸ

-ਜਤਿੰਦਰ ਪਨੂੰ
ਪਿਛਲੇ ਸਾਲ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣੇ ਸਨ, ਪਟਿਆਲੇ ਵਾਲਿਆਂ ਨੂੰ ਉਹ ਸਵੇਰ ਸੁੱਖਾਂ-ਲੱਧੀ ਲੱਗਦੀ ਸੀ ਤੇ ਦੁਪਹਿਰ ਹੋਣ ਤੱਕ ਉਥੋਂ ਦੀਆਂ ਰੌਣਕਾਂ ਗਾਇਬ ਹੋ ਚੁਕੀਆਂ ਸਨ ਅਤੇ ਚੰਡੀਗੜ੍ਹ ਤੇ ਬਾਦਲ ਪਿੰਡ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਬੂਹੇ ਅੱਗੇ ਗੋਡੀਂ ਹੱਥ ਲਾਉਣ ਵਾਲਿਆਂ ਦੀਆਂ ਕਤਾਰਾਂ ‘ਚ ਵਟ ਗਈਆਂ ਸਨ। ਇਸ ਰਾਜ ਦੀ ਰਾਜਨੀਤੀ ਦੀ ਨਬਜ਼ ਪਛਾਣਨ ਵਾਲੇ ਬਹੁਤ ਸਾਰੇ ਧੁਰੰਤਰ ਉਸ ਵੇਲੇ ਬੌਂਦਲ ਗਏ ਸਨ ਤੇ ਬਾਦਲ ਬਾਪ-ਬੇਟੇ ਦੀ ਮੁਸਕੁਰਾਹਟ ਦਾ ਅਰਥ ਨਹੀਂ ਸਨ ਸਮਝ ਸਕੇ। ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਬਾਦਲਾਂ ਦਾ ਇਹ ਕਹਿਣਾ ਕਿਸੇ ਨੂੰ ਯਕੀਨ ਕਰਨ ਦੇ ਕਾਬਲ ਨਹੀਂ ਸੀ ਲੱਗਦਾ ਕਿ ਜਿੱਤ ਉਨ੍ਹਾਂ ਦੀ ਹੋਣੀ ਹੈ, ਪਰ ਉਹ ਲਗਭਗ ਇਸ ਬਾਰੇ ਯਕੀਨੀ ਸਨ। ਇਸ ਨੂੰ ਸਮਝਣ ਲਈ ਯਤਨ ਕਰਦਿਆਂ ਜਿਹੜੀਆਂ ਗੱਲਾਂ ਬਾਅਦ ਵਿਚ ਸਾਡੇ ਸਾਹਮਣੇ ਆਈਆਂ, ਉਨ੍ਹਾਂ ਨੇ ਅਫਗਾਨਿਸਤਾਨ ਵਿਚਲੇ ਕਬੀਲਿਆਂ ਦੀ ਲੜਾਈ ਦਾ ਇੱਕ ਬਹੁਤ ਪੁਰਾਣਾ ਕਿੱਸਾ ਯਾਦ ਕਰਨ ਲਈ ਮਜਬੂਰ ਕਰ ਦਿੱਤਾ ਸੀ।
ਹੋਇਆ ਇਹ ਸੀ ਕਿ ਅਫਗਾਨਿਸਤਾਨ ਦੇ ਦੋ ਕਬੀਲੇ ਕਿਸੇ ਇਲਾਕੇ ਉਤੇ ਕਬਜ਼ੇ ਦੀ ਲੰਮੀ ਲੜਾਈ ਮਗਰੋਂ ਇਸ ਗੱਲ ਲਈ ਰਾਜ਼ੀ ਹੋ ਗਏ ਕਿ ਦੋਵਾਂ ਦੇ ਸਰਦਾਰ ਇੱਕ ਸਾਂਝੀ ਥਾਂ ਬੈਠ ਕੇ ਗੱਲ ਕਰ ਲੈਣ। ਇੱਕ ਸਰਦਾਰ ਜ਼ਰਾ ਚੁਸਤੀ ਵਰਤਣ ਲੱਗਾ ਤੇ ਉਸ ਨੇ ਆਪਣੇ ਸੈਨਾਪਤੀ ਨਾਲ ਸਲਾਹ ਕਰ ਕੇ ਲੜਾਕਿਆਂ ਦਾ ਇੱਕ ਦਸਤਾ ਤਿਆਰ ਕਰ ਕੇ ਕਿਹਾ ਕਿ ਜਦੋਂ ਸਾਡੀ ਮੀਟਿੰਗ ਹੋਣ ਲੱਗੀ, ਤੁਸੀਂ ਘੇਰਾ ਪਾ ਕੇ ਦੂਸਰੇ ਕਬੀਲੇ ਦੇ ਸਰਦਾਰ ਨੂੰ ਫੜ ਲਿਓ। ਅਗਲੇ ਦਿਨ ਮਿਥੇ ਸਮੇਂ ਤੇ ਸਥਾਨ ਉਤੇ ਉਹ ਪਹੁੰਚ ਗਿਆ। ਹਾਲੇ ਮੀਟਿੰਗ ਸ਼ੁਰੂ ਹੋਣ ਲੱਗੀ ਸੀ ਕਿ ਲੜਾਕਿਆਂ ਨੇ ਘੇਰਾ ਪਾ ਲਿਆ। ਉਸ ਸਰਦਾਰ ਨੇ ਦੂਸਰੇ ਸਰਦਾਰ ਨੂੰ ਕਿਹਾ, ‘ਤੇਰਾ ਕੰਮ ਖਤਮ ਹੋ ਗਿਆ ਹੈ, ਹੁਣ ਤੂੰ ਮੇਰੀ ਕੈਦ ਵਿਚ ਹੈਂ।’ ਦੂਸਰੇ ਨੇ ਹੱਸ ਕੇ ਕਿਹਾ, ‘ਸਿਰ ਚੁੱਕ ਕੇ ਬੰਦਿਆਂ ਦੇ ਚਿਹਰੇ ਪਛਾਣ ਲੈ, ਇਹ ਤੇਰੇ ਬੰਦੇ ਨਹੀਂ, ਮੇਰੇ ਹਨ।’ ਉਦੋਂ ਉਸ ਨੂੰ ਸਮਝ ਆਈ ਸੀ ਕਿ ਦੂਸਰੀ ਧਿਰ ਉਹੋ ਦਾਅ ਉਸ ਤੋਂ ਪਹਿਲਾਂ ਸੋਚ ਕੇ ਵਰਤ ਗਈ ਸੀ।
ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੱਗੇ ਦਰਬਾਰੀ ਵੀ ਉਸ ਦੇ ਆਪਣੇ ਨਹੀਂ, ਦੂਸਰੀ ਧਿਰ ਦੇ ਵਫਾਦਾਰ ਹੀ ਸਨ। ਇਹ ਦਾਅ ਉਸ ਧਿਰ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਹੀ ਸਿੱਖਿਆ ਸੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਤੀਸਰੀ ਵਾਰੀ ਮੁੱਖ ਮੰਤਰੀ ਬਣੇ ਸਨ ਅਤੇ ਫਿਰ 2002 ਵਿਚ ਚੋਣਾਂ ਦਾ ਸਾਹਮਣਾ ਕਰਨਾ ਸੀ, ਉਸ ਤੋਂ ਥੋੜ੍ਹਾ ਚਿਰ ਪਹਿਲਾਂ ਉਨ੍ਹਾਂ ਦਾ ਚੂਲਾ ਟੁੱਟ ਗਿਆ ਸੀ। ਕੋਲ ਖੜਾ ਇੱਕ ਡੀ ਆਈ ਜੀ ਖੜੇ ਪੈਰ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਰਨ ਲੱਗ ਪਿਆ ਕਿ ਬਾਦਲ ਦਾ ਚੂਲਾ ਟੁੱਟ ਗਿਆ ਹੈ। ਇਹ ਗੱਲ ਬਾਦਲ ਨੂੰ ਵੀ ਪਤਾ ਲੱਗ ਗਈ। ਚੋਣ ਹੋਈ ਤਾਂ ਅਕਾਲੀ ਦਲ ਦੀ ਹਾਰ ਹੋਣ ਕਰ ਕੇ ਕਾਂਗਰਸ ਦੀ ਸਰਕਾਰ ਬਣ ਗਈ, ਜਿਸ ਦੀ ਅਗਵਾਈ ਦਾ ਮੌਕਾ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਗਿਆ। ਉਸ ਸਰਕਾਰ ਸਮੇਂ ਬਾਦਲ ਪਰਿਵਾਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਬਣਾ ਦਿੱਤੇ ਗਏ ਸਨ ਅਤੇ ਹਰ ਕੋਈ ਇਸ ਨੂੰ ਅਮਰਿੰਦਰ ਸਿੰਘ ਦੀ ਜੁਰਅੱਤ ਆਖ ਰਿਹਾ ਸੀ।
ਬਾਦਲ ਬਾਰੇ ਸਭ ਨੂੰ ਪਤਾ ਹੈ ਕਿ ਉਹ ਸਥਿਤੀ ਦਾ ਸਾਹਮਣਾ ਕਰਨ ਤੋਂ ਕਿਨਾਰਾ ਨਹੀਂ ਕਰਦਾ ਤੇ ਚਾਂਦਮਾਰੀ ਦੀ ਪ੍ਰਵਾਹ ਕੀਤੇ ਬਿਨਾਂ ਭਰੀ ਸਭਾ ਵਿਚ ਬਹਿ ਕੇ ਆਪਣੀ ਭੰਡੀ ਸੁਣ ਲੈਂਦਾ ਹੈ ਤੇ ਮੌਕਾ ਮਿਲਦੇ ਸਾਰ ਭਾਜੀ ਮੋੜ ਦਿੰਦਾ ਹੈ। ਜਦੋਂ ਬਾਦਲ ਪਰਿਵਾਰ ਦੇ ਖਿਲਾਫ ਕੇਸ ਬਣੇ ਤੇ ਉਨ੍ਹਾਂ ਕੇਸਾਂ ਨੂੰ ਲੈ ਕੇ ਵਿਧਾਨ ਸਭਾ ਵਿਚ ਬਾਦਲਾਂ ਦਾ ਗੁੱਡਾ ਬੰਨ੍ਹਿਆ ਗਿਆ, ਬਾਦਲ ਨੇ ਚੁੱਪ ਕਰ ਕੇ ਸੁਣਿਆ ਤੇ ਵਾਰੀ ਆਈ ਤੋਂ ਇਹ ਸੁਣਾ ਦਿੱਤਾ, “ਸਾਰੀ ਕਹਾਣੀ ਅਮਰਿੰਦਰ ਸਿੰਘ ਜੀ ਤੁਸੀਂ ਉਨ੍ਹਾਂ ਅਫਸਰਾਂ ਦੇ ਦਿੱਤੇ ਸਬੂਤਾਂ ਆਸਰੇ ਸੁਣਾ ਰਹੇ ਹੋ, ਜਿਹੜੇ ਕੱਲ੍ਹ ਤੱਕ ਮੇਰੇ ਸੀ, ਅੱਜ ਤੁਹਾਡੇ ਬਣਦੇ ਹਨ, ਪਰ ਦਿਲੋਂ ਕਿਸੇ ਦੇ ਨਹੀਂ। ਉਹ ਦਿਨ ਯਾਦ ਕਰੋ, ਜਦੋਂ ਮੇਰਾ ਚੂਲਾ ਟੁੱਟਾ ਸੀ, ਮੇਰੇ ਸੁਰੱਖਿਆ ਦੇ ਇੰਚਾਰਜ ਨੇ ਡਾਕਟਰ ਨੂੰ ਫੋਨ ਕਰਨ ਤੋਂ ਪਹਿਲਾਂ ਤੁਹਾਨੂੰ ਫੋਨ ਕਰ ਕੇ ‘ਖੁਸ਼ਖਬਰੀ’ ਦਿੱਤੀ ਸੀ ਕਿ ਬਾਦਲ ਦਾ ਚੂਲਾ ਟੁੱਟ ਗਿਆ ਹੈ। ਜਿਹੜੇ ਅਫਸਰ ਹੁਣ ਤੁਹਾਡੇ ਨਾਲ ਫਿਰਦੇ ਹਨ, ਇਨ੍ਹਾਂ ਵਿਚੋਂ ਕਈ ਜਣੇ ਸਾਨੂੰ ਸਭ ਕੁਝ ਦੱਸ ਦੇਂਦੇ ਹਨ।”
ਹੁਣ ਥੋੜ੍ਹੇ ਦਿਨ ਹੋਏ ਹਨ, ਪ੍ਰਕਾਸ਼ ਸਿੰਘ ਬਾਦਲ ਨੇ ਮਜ਼ਾਕ ਨਾਲ ਕਿਹਾ ਸੀ ਕਿ ਉਸ ਨੇ ਰਾਜਨੀਤੀ ਸ਼ਾਸਤਰ ਦੀ ਡਾਕਟਰੇਟ ਕੀਤੀ ਹੋਈ ਹੈ। ਇਹ ਗੱਲ ਕਦੀ-ਕਦੀ ਮੰਨਣ ਦਾ ਮੌਕਾ ਬਣ ਜਾਂਦਾ ਹੈ। ਜਿਸ ਤਰ੍ਹਾਂ ਦੀ ਰਾਜਨੀਤੀ ਦੀ ਵਰਤੋਂ ਉਹ ਕਰ ਸਕਦਾ ਹੈ, ਕੈਪਟਨ ਅਮਰਿੰਦਰ ਸਿੰਘ ਜਾਂ ਉਸ ਤੋਂ ਪਹਿਲਾਂ ਤੇ ਪਿੱਛੋਂ ਦੇ ਕਾਂਗਰਸ ਦੇ ਕਿਸੇ ਪ੍ਰਧਾਨ ਦੇ ਸਿਰ ਵਿਚ ਹੋ ਹੀ ਨਹੀਂ ਸਕਦੀ। ਜੇ ਕੈਪਟਨ ਅਮਰਿੰਦਰ ਸਿੰਘ ਨੂੰ ਸਮਝ ਹੁੰਦੀ ਤਾਂ ਵਿਧਾਨ ਸਭਾ ਵਿਚ ਖੜੇ ਹੋ ਕੇ ਕਹੇ ਬਾਦਲ ਦੇ ਉਪਰਲੇ ਸ਼ਬਦ ਸੁਣ ਕੇ ਆਪਣੇ ਅਮਲੇ ਨੂੰ ਪੁਣ ਸਕਦਾ ਸੀ, ਪਰ ਪੁਣ ਨਹੀਂ ਸੀ ਸਕਿਆ। ਉਸ ਦੇ ਬਾਅਦ ਉਸ ਦੇ ਅਫਸਰਾਂ ਨੇ ਬਾਦਲਾਂ ਦੇ ਖਿਲਾਫ ਇੱਕ ਚਾਰਜਸ਼ੀਟ ਬਣਾਈ ਤੇ ਕਿਹਾ ਕਿ ਗ੍ਰਿਫਤਾਰ ਕਰਨ ਦੀ ਥਾਂ ਬਾਦਲ ਪਰਿਵਾਰ ਦੇ ਵਾਰੰਟ ਅਦਾਲਤ ਤੋਂ ਲੈ ਲੈਣੇ ਹਨ। ਬਾਦਲ ਨੇ ਅਗਲੇ ਦਿਨ ਚੰਡੀਗੜ੍ਹ ਦੇ ਪੱਤਰਕਾਰ ਸੱਦ ਕੇ ਸਾਰੀ ਫਾਈਲ ਅੱਗੇ ਰੱਖ ਦਿੱਤੀ ਕਿ ਆਹ ਚਾਰਜਸ਼ੀਟ ਸਾਡੇ ਖਿਲਾਫ ਭਲਕੇ ਪੇਸ਼ ਹੋਣੀ ਹੈ। ਅਮਰਿੰਦਰ ਸਿੰਘ ਨੂੰ ਫਿਰ ਵੀ ਸਮਝ ਨਾ ਆਈ ਤੇ ਆਪਣੀ ਹੋ ਚੁੱਕੀ ਬੇਇੱਜ਼ਤੀ ਢੱਕਣ ਲਈ ਰਾਤੋ-ਰਾਤ ਉਸ ਚਾਰਜਸ਼ੀਟ ਦੇ ਕੁਝ ਸਫੇ ਬਦਲ ਕੇ ਅਗਲੇ ਦਿਨ ਜੱਜ ਦੇ ਅੱਗੇ ਜਾ ਰੱਖੀ। ਬਾਅਦ ਵਿਚ ਬਾਦਲ ਨੇ ਇਹ ਵੀ ਇੱਕ ਵਾਰ ਦੱਸ ਦਿੱਤਾ ਕਿ ਜਿਹੜੇ ਪੰਨੇ ਬਦਲੇ ਗਏ ਹਨ, ਉਨ੍ਹਾਂ ਦਾ ਸਾਰਾ ਵੇਰਵਾ ਉਸ ਦੇ ਕੋਲ ਹੈ ਤੇ ਅੰਤ ਨੂੰ ਉਹੋ ਅਫਸਰ ਬਾਦਲ ਪਰਿਵਾਰ ਦੇ ਉਨ੍ਹਾਂ ਕੇਸਾਂ ਤੋਂ ਬਚ ਜਾਣ ਦਾ ਰਾਹ ਕੱਢਣ ਵਾਲੇ ਸਾਬਤ ਹੋਣ ਲੱਗ ਪਏ ਸਨ। ਅਮਰਿੰਦਰ ਸਿੰਘ ਨੂੰ ਪਤਾ ਨਾ ਲੱਗਾ ਕਿ ਉਹ ਅਫਸਰ 2007 ਦੀਆਂ ਵਿਧਾਨ ਸਭਾ ਚੋਣਾਂ ਦੇ ਦਿਨੀਂ ਅੱਧੀ ਰਾਤ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਪੈਰੀਂ ਹੱਥ ਵੀ ਲਾ ਆਏ ਸਨ ਤੇ ਚੋਣ ਖਰਚੇ ਲਈ ਨਜ਼ਰਾਨਾ ਵੀ ਭੇਟ ਕਰ ਆਏ ਸਨ।
ਇਹ ਸਾਰੀ ਪੁਰਾਣੀ ਕਹਾਣੀ ਅਸੀਂ ਇਸ ਲਈ ਚੇਤੇ ਕਰਵਾਈ ਹੈ ਕਿ ਅੱਜ ਦੀ ਕਾਂਗਰਸ ਪਾਰਟੀ ਵਿਚੋਂ ਕੁਝ ਆਗੂ ਵੀ ਅੰਦਰੋਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਮਿਲੇ ਹੋਏ ਹਨ। ਬਾਦਲ ਬਾਪ-ਬੇਟੇ ਦੀ ਪਹੁੰਚ ਕਾਂਗਰਸ ਦੇ ਹਾਈ ਕਮਾਨ ਵਾਲੇ ਕੁਝ ਲੋਕਾਂ ਤੱਕ ਵੀ ਹੈ ਤੇ ਆਪਣੀ ਭਾਈਵਾਲ ਪਾਰਟੀ ਭਾਜਪਾ ਦੀ ਪੰਜਾਬ ਦੀ ਲੀਡਰਸ਼ਿਪ ਖੂੰਜੇ ਲਾ ਕੇ ਉਸ ਦੀ ਹਾਈ ਕਮਾਨ ਨਾਲ ਵੀ ਏਨੀ ਸਾਂਝ ਹੈ, ਜਿਵੇਂ ਉਨ੍ਹਾਂ ਦੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਹੋਣ। ਹਾਲੇ ਪਿਛਲੀ ਵਾਰ ਜਦੋਂ ਪੰਜਾਬ ਦੀ ਭਾਜਪਾ ਵਿਚ ਇਸ ਗੱਲ ਦਾ ਵਿਵਾਦ ਸੀ ਕਿ ਪ੍ਰਾਂਤ ਦਾ ਪ੍ਰਧਾਨ ਕਿਸ ਨੂੰ ਬਣਾਉਣਾ ਹੈ, ਉਦੋਂ ਕਮਲ ਸ਼ਰਮਾ ਦਾ ਨਾਂ ਭਾਜਪਾ ਹਾਈ ਕਮਾਨ ਤੋਂ ਇਹ ਹੀ ਆਪਣੀ ਮਰਜ਼ੀ ਦਾ ਲਿਆਏ ਸਨ। ਕਮਾਲ ਦੀ ਗੱਲ ਇਹ ਕਿ ਪੰਜਾਬ ਦੀ ਭਾਜਪਾ ਦਾ ਪ੍ਰਧਾਨ ਉਸ ਬੰਦੇ ਨੂੰ ਬਣਾਇਆ ਗਿਆ, ਜਿਹੜਾ ਉਸ ਵੇਲੇ ਮੁੱਖ ਮੰਤਰੀ ਬਾਦਲ ਦਾ ਓ ਐਸ ਡੀ (ਆਫੀਸਰ ਆਨ ਸਪੈਸ਼ਲ ਡਿਊਟੀ) ਲੱਗਾ ਹੋਇਆ ਸੀ ਤੇ ਪਾਰਟੀ ਦੀ ਪੰਜਾਬ ਦੀ ਪ੍ਰਧਾਨਗੀ ਸਾਂਭਣ ਤੋਂ ਕਈ ਦਿਨ ਪਿੱਛੋਂ ਵੀ ਮੁੱਖ ਮੰਤਰੀ ਦਫਤਰ ਦਾ ਇੱਕ ਸਰਕਾਰੀ ਕਾਰਿੰਦਾ ਸੀ। ਬਾਦਲਾਂ ਦੀ ਏਦਾਂ ਦੀ ਪਹੁੰਚ ਕਾਂਗਰਸ ਪਾਰਟੀ ਦੀ ਹਾਈ ਕਮਾਨ ਵਿਚਲੇ ਕੁਝ ਆਗੂਆਂ ਤੱਕ ਵੀ ਸੁਣੀ ਜਾ ਰਹੀ ਹੈ।
ਕਾਂਗਰਸ ਹਾਈ ਕਮਾਨ ਤੱਕ ਬਾਦਲਾਂ ਦੀ ਪਹੁੰਚ ਦਾ ਸ਼ੱਕ ਪਹਿਲੀ ਵਾਰ ਉਦੋਂ ਕੀਤਾ ਜਾਣ ਲੱਗਾ ਸੀ, ਜਦੋਂ ਅਕਾਲੀ-ਭਾਜਪਾ ਦੇ ਉਮੀਦਵਾਰ ਆਪਣੇ ਹਲਕਿਆਂ ਦਾ ਇੱਕ-ਇੱਕ ਗੇੜਾ ਕੱਢ ਚੁੱਕੇ ਸਨ ਤੇ ਕਾਂਗਰਸ ਨੇ ਅਜੇ ਉਮੀਦਵਾਰਾਂ ਦੀ ਕੱਚੀ ਸੂਚੀ ਵੀ ਨਹੀਂ ਸੀ ਬਣਾਈ। ਕਾਂਗਰਸ ਦਾ ਕਿਸ ਹਲਕੇ ਤੋਂ ਕੌਣ ਉਮੀਦਵਾਰ ਹੋ ਸਕਦਾ ਹੈ, ਇਸ ਦੀ ਜਾਣਕਾਰੀ ਲੈਣ ਲਈ ਪੱਤਰਕਾਰਾਂ ਦੇ ਉਨੇ ਫੋਨ ਕਾਂਗਰਸੀ ਆਗੂਆਂ ਨੂੰ ਨਹੀਂ ਸੀ ਜਾਂਦੇ, ਜਿੰਨੇ ਅਕਾਲੀ ਦਲ ਦੇ ਮੁਖੀ ਦੇ ਚਾਰ-ਪੰਜ ਵੱਡੇ ਕਾਰਿੰਦਿਆਂ ਨੂੰ ਜਾਂਦੇ ਸਨ। ਪੱਕੀ ਜਾਣਕਾਰੀ ਵੀ ਉਥੋਂ ਮਿਲਦੀ ਸੀ। ਸਾਰੀ ਰਾਜਸੀ ਖੇਡ ਇੱਕ ਪਾਰਟੀ ਵਾਂਗ ਨਹੀਂ, ਇੱਕ ਕਾਰਪੋਰੇਸ਼ਨ ਦੇ ਪ੍ਰਾਜੈਕਟ ਵਾਂਗ ਲੜੀ ਗਈ ਅਤੇ ਇਹ ਖਿਆਲ ਰੱਖ ਕੇ ਲੜੀ ਗਈ ਕਿ ਕਾਂਗਰਸ ਦਾ ਜਿਹੜਾ ਵੱਡਾ ਆਗੂ ਕਦੇ ਫਲਾਣੇ ਕਾਂਗਰਸੀ ਆਗੂ ਦੇ ਬੇੜੀਆਂ ਵਿਚ ਵੱਟੇ ਪਾਉਣ ਨੂੰ ਵਰਤਣ ਦੀ ਲੋੜ ਪੈ ਸਕਦੀ ਹੈ, ਉਸ ਨੂੰ ਜਿਤਾਉਣ ਲਈ ਆਪਣੇ ਬੰਦੇ ਉਸ ਦੇ ਨਾਲ ਤੋਰ ਦਿੱਤੇ ਜਾਣ। ਅੱਗੋਂ ਉਹ ਵੀ ਖਤਰਾ ਨਾ ਖੜਾ ਕਰ ਸਕਦਾ ਹੋਵੇ, ਇਸ ਗੱਲ ਦਾ ਧਿਆਨ ਰੱਖ ਕੇ ਉਸ ਨੂੰ ਚੁਣੌਤੀ ਦੇਣ ਵਾਲਾ ਕੋਈ ਹੋਰ ਜਿੱਤਣ ਦਾ ਰਾਹ ਛੱਡ ਦਿੱਤਾ ਗਿਆ। ਕਾਂਗਰਸ ਦੇ ਲੀਡਰ ਇਸ ਗੱਲ ਨੂੰ ਸਮਝ ਹੀ ਨਹੀਂ ਸੀ ਸਕੇ।
ਅੱਜ ਫਿਰ ਇਹੋ ਕੁਝ ਹੁੰਦਾ ਪਿਆ ਹੈ। ਪੰਜਾਬ ਦੀ ਰਾਜਨੀਤੀ ਵਿਚ ਗੁੱਝੀ ਖੇਡ ਖੇਡੀ ਜਾ ਰਹੀ ਹੈ। ਇਸ ਖੇਡ ਨੂੰ ਸਮਝਣ ਲਈ ਉਹ ਮੌਕਾ ਯਾਦ ਰੱਖਣ ਦੀ ਲੋੜ ਹੈ, ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਛੱਡਿਆ ਤੇ ਵੱਖਰੀ ਪਾਰਟੀ ਬਣਾਈ ਸੀ। ਜਿਨ੍ਹਾਂ ਨੇ ਪੀਪਲਜ਼ ਪਾਰਟੀ ਬਣਾਉਣ ਤੇ ਉਭਾਰਨ ਵੇਲੇ ਉਸ ਦਾ ਸਾਥ ਦਿੱਤਾ ਸੀ, ਉਨ੍ਹਾਂ ਵਿਚੋਂ ਕਈ ਸੱਜਣ ਇੱਕ ਹੱਦ ਤੱਕ ਉਸ ਦੇ ਨਾਲ ਇਸ ਲਈ ਤੁਰੇ ਸਨ ਕਿ ਉਨ੍ਹਾਂ ਨੂੰ ਇਹ ਹੁਕਮ ਸੀ ਕਿ ਮਨਪ੍ਰੀਤ ਸਿੰਘ ਨੂੰ ਅਕਾਲੀਆਂ ਦੇ ਪਿੰਡ ਦੀ ਫਿਰਨੀ ਤੋਂ ਬਾਹਰ ਕੱਢ ਕੇ ਮੁੜਨਾ ਹੈ। ਕਾਂਗਰਸ ਪਾਰਟੀ ਦੇ ਅੰਦਰ ਦੇ ਕੁਝ ਆਗੂ ਇਸੇ ਖੇਡ ਵਿਚ ਹੁਣ ਪਿਆਦੇ ਬਣੇ ਪਏ ਹਨ। ਪ੍ਰਤਾਪ ਸਿੰਘ ਬਾਜਵੇ ਦੇ ਖਿਲਾਫ ਕਾਂਗਰਸ ਹਾਈ ਕਮਾਨ ਨੂੰ ਚਿੱਠੀ ਤੇ ਫਿਰ ਉਸ ਚਿੱਠੀ ਦਾ ਪ੍ਰੈਸ ਵਿਚ ਲੀਕ ਹੋਣਾ ਕੋਈ ਸਹਿਵਨ ਵਾਪਰਿਆ ਵਰਤਾਰਾ ਨਹੀਂ ਕਿਹਾ ਜਾ ਸਕਦਾ। ਉਦਾਂ ਦੇ ਕੁਝ ਲੋਕ ਪ੍ਰਤਾਪ ਸਿੰਘ ਬਾਜਵਾ ਦੇ ਧੜੇ ਵਿਚ ਵੀ ਹਨ। ਬਾਹਰੋਂ ਉਹ ਇਹ ਜ਼ਾਹਰ ਕਰਦੇ ਹਨ ਕਿ ਕਾਂਗਰਸ ਪਾਰਟੀ ਦੇ ਉਹ ਏਨੇ ਵਫਾਦਾਰ ਹਨ ਕਿ ਇਸ ਦੀ ਦੁਰਦਸ਼ਾ ਨਹੀਂ ਵੇਖ ਸਕਦੇ, ਪਰ ਅੰਦਰੋਂ ਕਿਸੇ ਹੋਰ ਦੀ ਲਾਈ ਹੋਈ ਸੇਵਾ ਨਿਭਾ ਰਹੇ ਸੁਣੇ ਜਾਂਦੇ ਹਨ। ਇਹ ਹਾਲਤ ਪੰਜਾਬ ਦੀ ਕਾਂਗਰਸ ਪਾਰਟੀ ਦੀ ਉਦੋਂ ਬਣੀ ਪਈ ਹੈ, ਜਦੋਂ ਪਾਰਲੀਮੈਂਟ ਚੋਣਾਂ ਵਿਚ ਸਿਰਫ ਛੇ ਮਹੀਨੇ ਬਾਕੀ ਰਹਿ ਗਏ ਹਨ ਤੇ ਅਕਾਲੀ-ਭਾਜਪਾ ਵਾਲਿਆਂ ਨੇ ਆਪਣੇ ਉਮੀਦਵਾਰਾਂ ਦੇ ਨਾਂਵਾਂ ਦੀ ਸੂਚੀ ਵੀ ਲਗਭਗ ਤਿਆਰ ਕਰ ਲਈ ਹੈ। ਕਾਂਗਰਸ ਹਾਈ ਕਮਾਨ ਨੂੰ ਇਸ ਦੀ ਸਮਝ ਨਹੀਂ ਆ ਸਕਦੀ।
ਅਸੀਂ ਪਿਛਲੇ ਪੰਜਾਹ ਸਾਲਾਂ ਤੋਂ ਵੱਧ ਅਕਾਲੀ ਸਫਾਂ ਵਿਚੋਂ ਇਹ ਰੌਲਾ ਸੁਣਦੇ ਆਏ ਸਾਂ ਕਿ ਫਲਾਣਾ ਅਕਾਲੀ ਆਗੂ ‘ਦਿੱਲੀ ਦਰਬਾਰ ਦਾ ਏਜੰਟ’ ਹੈ। ਜਿਹੜੇ ਇੱਕ ਦੂਸਰੇ ਉਤੇ ਇਹ ਦੋਸ਼ ਲਾਉਂਦੇ ਹੁੰਦੇ ਸਨ, ਸਮਾਂ ਪਾ ਕੇ ਆਪੋ ਵਿਚ ਜੱਫੀਆਂ ਵੀ ਪਾ ਲੈਂਦੇ ਸਨ, ਪਰ ਅੰਦਰੋਂ ਦਿਲ ਨਾ ਮਿਲਣ ਕਰ ਕੇ ਵੱਖੋ-ਵੱਖ ਘੋੜੇ ਭਜਾਈ ਫਿਰਦੇ ਸਨ। ਉਨ੍ਹਾਂ ਦੇ ਇਸ ਰੌਂਅ ਨੂੰ ਵੇਖ ਕੇ ਹਰ ਕੋਈ ਕਹਿ ਦਿੰਦਾ ਸੀ ਕਿ ਆਪਣੀ ਪਾਰਟੀ ਨਾਲੋਂ ਵੱਧ ਕਿਸੇ ਹੋਰ ਦੀ ਸੇਵਾ ਲਈ ਲੱਗੇ ਹੋਣ ਕਰ ਕੇ ਅਕਾਲੀ ਕਦੀ ਰਾਜ ਨਹੀਂ ਕਰ ਸਕਦੇ। ਅੱਜ ਬਾਜ਼ੀ ਪਲਟ ਚੁੱਕੀ ਹੈ। ਪੰਜਾਬ ਦੀ ਕਾਂਗਰਸ ਵਿਚ ਹਰ ਕੋਈ ਇਹ ਦੋਸ਼ ਲਾ ਰਿਹਾ ਹੈ ਕਿ ਫਲਾਣਾ ਆਗੂ ਬਾਦਲਾਂ ਦਾ ਏਜੰਟ ਹੈ। ਨਤੀਜਾ ਇਸ ਦਾ ਇਹ ਹੋਵੇਗਾ ਕਿ ਜੇ ਉਨ੍ਹਾਂ ਨੂੰ ਹਾਈ ਕਮਾਨ ਰੋਕ ਨਾ ਸਕੀ ਤਾਂ ਉਤਰ ਪ੍ਰਦੇਸ਼ ਤੇ ਬਿਹਾਰ ਤੋਂ ਬਾਅਦ ਪੰਜਾਬ ਅਗਲਾ ਰਾਜ ਹੋਵੇਗਾ, ਜਿੱਥੇ ਜਦੋਂ ਕਦੀ ਬਾਦਲਾਂ ਦੀ ਹਾਰ ਹੋਈ, ਕੋਈ ਕਾਲਾ ਚੋਰ ਭਾਵੇਂ ਆ ਜਾਵੇ, ਕਾਂਗਰਸ ਵਾਲੇ ਤਾਂ ਨਹੀਂ ਆਉਣ ਲੱਗੇ।

Be the first to comment

Leave a Reply

Your email address will not be published.