ਹੋਰਮੁਜ਼ ਨਾਕਾਬੰਦੀ ਨਾਲ ਦੁਨੀਆ ਭਰ ’ਚ ਭੁੱਖ ਅਤੇ ਗ਼ਰੀਬੀ ਵਧਣ ਦਾ ਖ਼ਤਰਾ

ਅਹਿਮਦ ਆਦੇਲ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਕਾਹਿਰਾ ਆਧਾਰਤ ਅਹਿਮਦ ਆਦੇਲ ਜਿਓ-ਪਾਲਿਟਿਕਸ ਅਤੇ ਰਾਜਨੀਤਕ ਆਰਥਿਕਤਾ ਦੇ ਖੋਜਕਾਰ ਹਨ। ਉਨ੍ਹਾਂ ਦਾ ਇਹ ਵਿਸ਼ਲੇਸ਼ਣ ਈਰਾਨ ਵਿਰੁੱਧ ਲਗਾਤਾਰ ਜੰਗ ਨਾਲ ਬਣੇ ਚਿੰਤਾਜਨਕ ਹਾਲਾਤ ਅਤੇ ਇਨ੍ਹਾਂ ਦੇ ਦੁਨੀਆ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰਦਾ ਹੈ। ਵਿਸ਼ੇ ਦੇ ਮਹੱਤਵ ਦੇ ਮੱਦੇਨਜ਼ਰ ਇਸਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।-ਸੰਪਾਦਕ॥

ਆਰਜ਼ੀ ਜੰਗਬੰਦੀ ਦੇ ਬਾਵਜੂਦ, ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਵਿਰੁੱਧ ਜਾਰੀ ਹਮਲੇ ਨਾਲ ਦੁਨੀਆ ਭਰ ਦੇ 162 ਮੁਲਕਾਂ ਵਿਚ 3 ਕਰੋੜ 20 ਲੱਖ ਲੋਕਾਂ ਦੇ ਗ਼ਰੀਬੀ ਵਿਚ ਧੱਕੇ ਜਾਣ ਦਾ ਖ਼ਤਰਾ ਹੈ, ਜਿਵੇਂ ਕਿ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐੱਨ.ਡੀ.ਪੀ.) ਨੇ ਆਪਣੇ ਇੱਕ ਨੀਤੀ ਨੋਟ ਵਿਚ ਚੇਤਾਵਨੀ ਦਿੱਤੀ ਹੈ। ਹਾਲਾਂਕਿ ਇਹ ਜ਼ੋਖਮ ਲੜਾਈ ਤੋਂ ਸਿੱਧੇ ਪ੍ਰਭਾਵਿਤ ਮੁਲਕਾਂ ਅਤੇ ਆਯਾਤ ਕੀਤੀ ਜਾਂਦੀ ਊਰਜਾ ‘ਤੇ ਨਿਰਭਰ ਮੁਲਕਾਂ ਵਿਚ ਕੇਂਦਰਿਤ ਹੈ, ਪਰ ਵਿਸ਼ਲੇਸ਼ਣ ਸਭ ਤੋਂ ਗ਼ਰੀਬ ਮੁਲਕਾਂ, ਇੱਥੋਂ ਤੱਕ ਕਿ ਜੰਗ ਤੋਂ ਸਭ ਤੋਂ ਦੂਰ ਦੇ ਮੁਲਕਾਂ ‘ਤੇ ਵੀ ਲੰਮੇ ਸਮੇਂ ਦੇ ਨਾਂਪੱਖੀ ਪ੍ਰਭਾਵਾਂ ਦੀ ਭਵਿੱਖਬਾਣੀ ਕਰਦਾ ਹੈ।
ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗਬੰਦੀ ਦੇ ਬਾਵਜੂਦ ਲੜਾਈ ਦੇ ਪ੍ਰਭਾਵ ਤੀਬਰ ਪੜਾਅ ਤੋਂ ਲੰਮੇ ਸਮੇਂ ਵਾਲੇ ਪੜਾਅ ਵੱਲ ਵਧ ਰਹੇ ਹਨ। ਇਹ ਸਥਿਤੀ ਜਿੰਨੀ ਵੱਧ ਦੇਰ ਤੱਕ ਰਹੇਗੀ, ਸਭ ਤੋਂ ਕਮਜ਼ੋਰ ਮੁਲਕਾਂ ਵਿਚ ਗ਼ਰੀਬੀ ਵਿਚ ਤੇਜ਼ੀ ਨਾਲ ਵਾਧੇ ਦਾ ਖ਼ਤਰਾ ਓਨਾ ਹੀ ਵੱਧ ਹੋਵੇਗਾ, ਜਿਨ੍ਹਾਂ ਵਿਚ ਖਾੜੀ ਮੁਲਕ, ਏਸ਼ੀਆ, ਉਪ-ਸਹਾਰਾ ਅਫਰੀਕਾ ਅਤੇ ਛੋਟੇ ਟਾਪੂ ਵਿਕਾਸਸ਼ੀਲ ਸਟੇਟ ਸ਼ਾਮਲ ਹਨ।
ਯੂ.ਐੱਨ.ਡੀ.ਪੀ. ਪ੍ਰਸ਼ਾਸਕ ਅਲੈਗਜ਼ੈਂਡਰ ਡੀ ਕਰੋ ਕਹਿੰਦੇ ਹਨ, ‘ਇਨ੍ਹਾਂ ਮੁਲਕਾਂ ਲਈ, ਇਹ ਸੰਕਟ ਅੱਜ ਕੀਮਤਾਂ ਨੂੰ ਸਥਿਰ ਕਰਨ ਅਤੇ ਕੱਲ੍ਹ ਸਿਹਤ, ਸਿੱਖਿਆ ਅਤੇ ਰੁਜ਼ਗਾਰ ਲਈ ਫੰਡ ਮੁਹੱਈਆ ਕਰਾਏ ਜਾਣ ਦਰਮਿਆਨ ਅਸੰਭਵ ਸਮਝੌਤਾ ਕਰਨ ਲਈ ਮਜਬੂਰ ਕਰਦਾ ਹੈ।’
ਇਸ ਨਜ਼ਰੀਏ ਵਿਚ ਇੱਕ ਹੋਰ ਅੰਦਾਜ਼ਾ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐੱਫ.ਪੀ.) ਦਾ ਜੁੜਦਾ ਹੈ: ਜੇਕਰ ਜੰਗ ਜੂਨ ਤੱਕ ਜਾਰੀ ਰਹਿੰਦੀ ਹੈ ਅਤੇ ਤੇਲ ਦੀਆਂ ਕੀਮਤਾਂ ਉੱਚੀਆਂ ਰਹਿੰਦੀਆਂ ਹਨ, ਤਾਂ 2026 ਵਿਚ ਸਾਢੇ ਚਾਰ ਕਰੋੜ ਹੋਰ ਲੋਕ ਗੰਭੀਰ ਖੁਰਾਕ ਅਸੁਰੱਖਿਆ ਦਾ ਸਾਹਮਣਾ ਕਰ ਸਕਦੇ ਹਨ, ਜਿਸ ਨਾਲ ਦੁਨੀਆ ਵਿਚ ਅਜਿਹੇ ਲੋਕਾਂ ਦੀ ਕੁੱਲ ਗਿਣਤੀ ਮੌਜੂਦਾ ਰਿਕਾਰਡ ਪੱਧਰ 67.3 ਕਰੋੜ ਤੋਂ ਉੱਪਰ ਜਾ ਸਕਦੀ ਹੈ।
ਰੋਮ-ਅਧਾਰਤ ਸੰਸਥਾ ਦੇ ਅਨੁਸਾਰ, ਹੋਰਮੁਜ਼ ਸਮੁੰਦਰੀ-ਮਾਰਗ (ਸਟ੍ਰੇਟ) ਦਾ ਬੰਦ ਹੋਣਾ ਸਪਲਾਈ ਚੇਨਾਂ ਅਤੇ ਮਾਨਵਤਾਵਾਦੀ ਕਾਰਜਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਾਅਦ ਸਭ ਤੋਂ ਗੰਭੀਰ ਅੜਿੱਕਿਆਂ ਦੇ ਕੰਢੇ ’ਤੇ ਲੈ ਆਇਆ ਹੈ, ਜਦੋਂ ਅਜਿਹੇ ਅੜਿੱਕੇ ਪਏ ਜਿਨ੍ਹਾਂ ਦੀ ਪਹਿਲਾਂ ਕੋਈ ਮਿਸਾਲ ਨਹੀਂ ਰਹੀ, ਜਿਨ੍ਹਾਂ ਵਿਚ ਸਰਹੱਦਾਂ ਬੰਦ ਹੋਣਾ, ਹਵਾਈ ਆਵਾਜਾਈ ਦਾ ਠੱਪ ਹੋਣਾ ਅਤੇ ਸਪਲਾਈ ਚੇਨਾਂ ਦਾ ਟੁੱਟ ਜਾਣਾ ਸ਼ਾਮਲ ਸੀ।
ਇਸ ਗੰਭੀਰ ਸਥਿਤੀ ਦੀ ਵਿਆਖਿਆ ਸਭ ਤੋਂ ਪਹਿਲਾਂ ਭੁਗੋਲਿਕ ਸਥਾਨ ਤੋਂ ਸਮਝ ਆਉਂਦੀ ਹੈ ਜਿੱਥੇ ਇਸਲਾਮੀ ਗਣਰਾਜ ਈਰਾਨ ਵਿਰੁੱਧ ਅਮਰੀਕੀ-ਇਜ਼ਰਾਈਲੀ ਹਮਲਾ ਹੋ ਰਿਹਾ ਹੈ, ਜੋ ਤੇਲ ਵਰਗੇ ਮਹੱਤਵਪੂਰਨ ਊਰਜਾ ਸਰੋਤ ਦੀ ਆਵਾਜਾਈ ਦਾ ਕੇਂਦਰ ਹੈ, ਜਿਸ ਦੇ ਪ੍ਰਭਾਵ ਪੂਰੀ ਦੁਨੀਆ ‘ਤੇ ਪੈਂਦੇ ਹਨ।
ਤੇਲ ਦੀਆਂ ਕੀਮਤਾਂ ਪੂਰੀ ਦੁਨੀਆ ਨੂੰ ਅਤੇ ਯਕੀਨਨ, ਇਹ ਉਨ੍ਹਾਂ ਮੁਲਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀਆਂ ਹਨ ਜੋ ਇਸ ‘ਤੇ ਸਭ ਤੋਂ ਵੱਧ ਨਿਰਭਰ ਹਨ, ਨਾਲ ਹੀ ਇਹ ਘੱਟ ਆਮਦਨੀ ਜਾਂ ਘੱਟ ਵਿਕਾਸ ਵਾਲੇ ਮੁਲਕਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਜਦੋਂ ਕੱਚੇ ਤੇਲ ਦੀ ਕੀਮਤ ਵਧਦੀ ਹੈ, ਤਾਂ ਇਨ੍ਹਾਂ ਮੁਲਕਾਂ ਨੂੰ ਇਹ ਵਾਧਾ ਸਥਾਨਕ ਲਾਗਤਾਂ ਅਤੇ ਕੀਮਤਾਂ ‘ਤੇ ਪਾਉਣਾ ਪੈਂਦਾ ਹੈ, ਜੋ ਲੋਕਾਂ ਦੇ ਜੀਵਨ ਪੱਧਰ ਅਤੇ ਆਮਦਨੀ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤੋਂ ਇਲਾਵਾ, ਤੇਲ ਹੋਰ ਲਾਗਤਾਂ ਅਤੇ ਉਤਪੰਨ ਹੋਣ ਵਾਲੇ ਉਤਪਾਦਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜੋ ਬਹੁਤ ਸਾਰੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਉੱਪਰ ਵੀ ਅਸਰ-ਅੰਦਾਜ਼ ਹੁੰਦੇ ਹਨ।
ਉੱਨਤ ਮੁਲਕ ਵੀ ਇਨ੍ਹਾਂ ਉਤਰਾਅ-ਚੜ੍ਹਾਅ ਤੋਂ ਪ੍ਰਭਾਵਿਤ ਹੁੰਦੇ ਹਨ। ਹਾਲਾਂਕਿ, ਉਨ੍ਹਾਂ ਕੋਲ ਆਮ ਤੌਰ ‘ਤੇ ਕੀਮਤਾਂ ਵਿਚ ਵਾਧੇ ਦਾ ਸਾਹਮਣਾ ਕਰਨ ਅਤੇ ਆਪਣੇ ਆਪ ਨੂੰ ਸਪਲਾਈ ਕਰਦੇ ਰਹਿਣ ਦੇ ਸਾਧਨ ਹੁੰਦੇ ਹਨ, ਭਾਵੇਂ ਵਾਧਾ ਬਹੁਤ ਜ਼ਿਆਦਾ ਹੀ ਕਿਉਂ ਨਾ ਹੋਵੇ। ਉੱਨਤ ਮੁਲਕਾਂ ਕੋਲ ਆਮ ਤੌਰ ‘ਤੇ ਭੁਗਤਾਨ ਕਰਨ, ਵਧੀਆਂ ਲਾਗਤਾਂ ਨੂੰ ਬਿਨਾਂ ਸਮੱਸਿਆ ਦੇ ਸਹਿਣ ਲਈ ਬਦੇਸ਼ੀ ਮੁਦਰਾ ਖ਼ਰੀਦਣ, ਜਾਂ ਜੇਕਰ ਕੰਪਨੀਆਂ ਨੂੰ ਲੋੜ ਹੋਵੇ ਤਾਂ ਬਦੇਸ਼ੀ ਮੁਦਰਾ ਵਿਚ ਕਰਜ਼ਾ ਲੈਣ ਲਈ ਵਸੀਲੇ ਹੁੰਦੇ ਹਨ। ਮਿਸਾਲ ਲਈ, ਵਧੇਰੇ ਮਹਿੰਗੀਆਂ ਲਾਗਤ-ਵਸਤਾਂ ਹਾਸਲ ਕਰਨ ਲਈ।
ਹੋਰਮੁਜ਼ ਸਮੁੰਦਰੀ-ਮਾਰਗ ਦਾ ਬੰਦ ਹੋਣਾ ਮਾਲ ਦੀ ਆਵਾਜਾਈ ਨੂੰ ਪ੍ਰਭਾਵਿਤ ਕਰ ਰਿਹਾ ਹੈ, ਖ਼ਾਸ ਤੌਰ ‘ਤੇ ਹਾਈਡਰੋਕਾਰਬਨ ਦੀ ਆਵਾਜਾਈ ਨੂੰ, ਜੋ ਨਾ ਸਿਰਫ਼ ਮਾਲ ਦੀ ਆਵਾਜਾਈ ਬਲਕਿ ਦੁਨੀਆ ਵਿਚ ਕਿਤੇ ਵੀ ਊਰਜਾ ਦੀ ਪੈਦਾਵਾਰ ਅਤੇ ਖ਼ਪਤ ਲਈ ਲਾਜ਼ਮੀ ਸਰੋਤ ਹੈ। ਜਦੋਂ ਪੈਦਾਵਾਰ ਇਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਹਾਈਡਰੋਕਾਰਬਨ ਵਰਗੀ ਮਹੱਤਵਪੂਰਨ ਵਸਤੂ ਵਧੇਰੇ ਮਹਿੰਗੀ ਹੋ ਜਾਂਦੀ ਹੈ, ਤਾਂ ਨਾ ਸਿਰਫ਼ ਇਸ ਵਸਤੂ ਦੀ ਕੀਮਤ ‘ਤੇ, ਬਲਕਿ ਸਾਰੀਆਂ ਵਸਤਾਂ ਦੀ ਕੀਮਤ ‘ਤੇ ਵੀ ਪ੍ਰਭਾਵ ਪੈਂਦਾ ਹੈ, ਭਾਵੇਂ ਇਹ ਆਪਣੇ ਆਪ ਪੈਦਾਵਾਰ ਦੇ ਕਾਰਨ ਹੋਵੇ ਜਾਂ ਆਵਾਜਾਈ ਦੀ ਲਾਗਤ ਦੇ ਕਾਰਨ।
ਇਸ ਤੋਂ ਇਲਾਵਾ, ਸਮੁੰਦਰੀ-ਮਾਰਗ ਦੇ ਬੰਦ ਹੋਣ ਕਰਕੇ ਪੈਦਾ ਹੋਈ ਲੌਜਿਸਟਿਕ ਜਟਿਲਤਾ ਇਨ੍ਹਾਂ ਸਮੁੰਦਰਾਂ ਤੋਂ ਆਵਾਜਾਈ ਲਈ ਜਾਂ ਸਮੁੰਦਰੀ ਰਸਤਿਓਂ ਵੱਖ-ਵੱਖ ਮੰਜ਼ਿਲਾਂ ਤੱਕ ਪਹੁੰਚਣ ਲਈ ਬਦਲਵੇਂ ਰਸਤਿਆਂ ਦੀ ਭਾਲ ਲਈ ਬੀਮੇ ਦੀ ਲਾਗਤ ਨੂੰ ਵਧਾਉਣ ਲਈ ਮਜਬੂਰ ਕਰਦੀ ਹੈ, ਜਿਸ ਨਾਲ ਇਹ ਹੋਰ ਵੀ ਮਹਿੰਗਾ ਹੋ ਜਾਂਦਾ ਹੈ। ਸਹਾਇਤਾ ਨੂੰ ਪਹੁੰਚਾਉਣ ਦੀ ਲਾਗਤ ਹੁਣ ਤੱਕ 18% ਵੱਧ ਗਈ ਹੈ, ਜਿਸ ਦਾ ਮਤਲਬ ਹੈ ਭੋਜਨ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣਾ।
ਇਕ ਹੋਰ ਕਾਰਕ ਜੋ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹ ਹੈ ਕੀਮਤਾਂ ਵਿਚ ਸੱਟੇਬਾਜ਼ੀ। ਜਦੋਂ ਡੋਨਾਲਡ ਟਰੰਪ ਸੋਸ਼ਲ ਟਰੁਥ ‘ਤੇ ਕੁਝ ਵੀ ਐਲਾਨ ਕਰਦਾ ਹੈ, ਤਾਂ ਇਸ ਨਾਲ ਹਾਈਡਰੋਕਾਰਬਨ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਆਉਂਦਾ ਹੈ, ਜੋ ਸੱਟੇਬਾਜ਼ੀ ਪੈਦਾ ਕਰ ਸਕਦਾ ਹੈ ਅਤੇ ਕੁਝ ਸਮੂਹਾਂ ਲਈ ਮੁਨਾਫ਼ਾ ਪੈਦਾ ਕਰ ਸਕਦਾ ਹੈ ਜੋ ਲੜਾਈ ਤੋਂ ਲਾਭ ਲੈਣ ਦੀ ਸਥਿਤੀ ’ਚ ਹੁੰਦੇ ਹਨ।
ਆਮ ਤੌਰ ‘ਤੇ, ਹਾਈਡਰੋਕਾਰਬਨ ਵਪਾਰ ਉਨ੍ਹਾਂ ਇਕਰਾਰਨਾਮਿਆਂ ਦੁਆਰਾ ਕੀਤਾ ਜਾਂਦਾ ਹੈ ਜੋ ਇੱਕ ਖ਼ਾਸ ਮਿਆਦ ਲਈ ਕੀਮਤ ਤੈਅ ਕਰਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਤੇਲ ਵਰਗੀਆਂ ਵਸਤਾਂ ਵਿਚ ਕੀਮਤ ਵਿਚ ਉਤਰਾਅ-ਚੜ੍ਹਾਅ ਅੰਦਰੂਨੀ ਤੌਰ ‘ਤੇ ਮੌਜੂਦ ਹੁੰਦਾ ਹੈ। ਪ੍ਰਭਾਵੀ ਤੌਰ ‘ਤੇ, ਤੇਲ ਕੰਪਨੀਆਂ ਇੱਕ ਖ਼ਾਸ ਕੀਮਤ ‘ਤੇ ਸਹਿਮਤ ਹੁੰਦੀਆਂ ਹਨ ਅਤੇ ਉਸ ਦੇ ਆਧਾਰ ‘ਤੇ ਆਪਣੇ ਲਾਭ ਦਾ ਅੰਦਾਜ਼ਾ ਲਾਉਂਦੀਆਂ ਹਨ।
ਇਸ ਤਰ੍ਹਾਂ, ਜਦੋਂ ਹੋਰਮੁਜ਼ ਸਮੁੰਦਰੀ-ਮਾਰਗ ਦੇ ਬੰਦ ਹੋਣ ਵਰਗੀਆਂ ਘਟਨਾਵਾਂ ਵਾਪਦੀਆਂ ਹਨ, ਤਾਂ ਇਹ ਕੰਪਨੀਆਂ, ਖ਼ਾਸ ਤੌਰ ‘ਤੇ ਵਿਚੋਲੇ, ਵਾਧੂ ਮੁਨਾਫ਼ਾ ਬਣਾਉਂਦੇ ਹਨ– ਉਨ੍ਹਾਂ ਦੀ ਤਾਂ ਕੀਮਤ ਉੱਪਰ ਪਹਿਲਾਂ ਤੋਂ ਸਹਿਮਤੀ ਬਣੀ ਹੁੰਦੀ ਹੈ, ਅਤੇ ਵਾਧੇ ਦੀ ਦਲੀਲ ਦੇ ਕੇ ਅੰਤਮ ਖ਼ਪਤਕਾਰ ਲਈ ਉਤਪਾਦ ਦੀ ਕੀਮਤ ਵਧਾਉਣ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ। ਓੜਕ ਇਸਦਾ ਭੁਗਤਾਨ ਆਮ ਆਦਮੀ ਨੂੰ ਕਰਨਾ ਪੈਂਦਾ ਹੈ, ਭਾਵੇਂ ਉਸ ਨੂੰ ਸਿੱਧੇ ਤੌਰ ‘ਤੇ ਉੱਚੀਆਂ ਹਾਈਡਰੋਕਾਰਬਨ ਲਾਗਤਾਂ ਰਾਹੀਂ ਕਰਨਾ ਪਵੇ ਜਾਂ ਅਸਿੱਧੇ ਤੌਰ ‘ਤੇ ਚੀਜ਼ਾਂ ਦੀਆਂ ਵਧੀਆਂ ਕੀਮਤਾਂ ਰਾਹੀਂ।
ਕੁਝ ਚੀਜ਼ਾਂ ਕੀਮਤ ਦੇ ਫ਼ਰਕਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ, ਜਿਵੇਂ ਕਿ ਭੋਜਨ ਅਤੇ ਬੁਨਿਆਦੀ ਉਤਪਾਦ, ਜਿਨ੍ਹਾਂ ਦੀਆਂ ਕੀਮਤਾਂ ਬਹੁਤ ਵੱਧ ਜਾਂਦੀਆਂ ਹਨ, ਇਹ ਘੱਟ ਆਮਦਨੀ ਵਾਲੇ ਲੋਕਾਂ ਨੂੰ ਹੀ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੀਆਂ ਹਨ।
ਪ੍ਰਮੁੱਖ ਖੇਤੀ-ਖੁਰਾਕ ਲਾਗਤ ਦੇ ਨਿਰਯਾਤ ਦਾ 20 ਤੋਂ 45% ਹਿੱਸਾ ਹੋਰਮੁਜ਼ ਸਮੁੰਦਰੀ ਲਾਂਘੇ ਰਾਹੀਂ ਸਮੁੰਦਰੀ ਮਾਰਗ ‘ਤੇ ਨਿਰਭਰ ਕਰਦਾ ਹੈ। ਜੇਕਰ ਕਿਸਾਨ ਘੱਟ ਲਾਗਤ ਦੀ ਵਰਤੋਂ ਕਰਦੇ ਹਨ, ਤਾਂ 2026 ਦੇ ਅੰਤ ਅਤੇ 2027 ਦੇ ਸ਼ੁਰੂ ਤੱਕ ਪੈਦਾਵਾਰ ਘੱਟ ਹੋਵੇਗੀ। ਸੰਯੁਕਤ ਰਾਸ਼ਟਰ ਅਨੁਸਾਰ, ਇਸ ਨਾਲ ਕੁਝ ਸਾਲਾਂ ਲਈ ਚੀਜ਼ਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ ਅਤੇ ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹੋ ਸਕਦੀਆਂ ਹਨ।
ਇਨ੍ਹਾਂ ਪ੍ਰਮੁੱਖ ਨਾਂਪੱਖੀ ਘਟਨਾਵਾਂ ਦੇ ਮੱਦੇਨਜ਼ਰ, ਘੱਟ ਵਿਕਸਤ ਮੁਲਕਾਂ ਦੁਆਰਾ ਸੰਚਰਨਾਤਮਕ ਮੁਸ਼ਕਲਾਂ ਦੇ ਬਾਵਜੂਦ ਹਾਸਲ ਕੀਤੀ ਗਈ ਤਰੱਕੀ ਖ਼ਤਰੇ ਵਿਚ ਪੈ ਸਕਦੀ ਹੈ, ਅਤੇ ਅੱਜ ਵੀ, ਇਨ੍ਹਾਂ ਵਿਚੋਂ ਬਹੁਤ ਸਾਰੀਆਂ ਆਰਥਿਕਤਾਵਾਂ ਸਰੋਤਾਂ ਅਤੇ ਬਦੇਸ਼ੀ ਮੁਦਰਾ ਹਾਸਲ ਕਰਨ ਲਈ ਦੋ ਪਰਿਵਰਤਨਾਂ ‘ਤੇ ਨਿਰਭਰ ਕਰਦੀਆਂ ਹਨ: ਜਾਂ ਤਾਂ ਬਦੇਸ਼ੀ ਨਿਵੇਸ਼ ਦੀ ਇੱਕ ਵੱਡੀ ਮਾਤਰਾ ਉਨ੍ਹਾਂ ਦੇ ਵਸੀਲਿਆਂ ਦੀ ਲੁੱਟ ਲਈ ਆਉਂਦੀ ਹੈ ਜਾਂ ਪ੍ਰਾਇਮਰੀ ਵਸਤਾਂ ਦਾ ਨਿਰਯਾਤ ਕਰਨਾ ਪੈਂਦਾ ਹੈ।
ਹਾਲਾਂਕਿ, ਦੋਵਾਂ ਹੀ ਮਾਮਲਿਆਂ ਵਿਚ ਨੁਕਸਾਨ, ਮੁੱਖ ਤੌਰ ‘ਤੇ ਪ੍ਰਾਇਮਰੀ ਵਸਤਾਂ ‘ਤੇ ਨਿਰਭਰਤਾ ਹੈ, ਕਿਉਂਕਿ ਇਹ ਅੰਤਰਰਾਸ਼ਟਰੀ ਕੀਮਤਾਂ ‘ਤੇ ਨਿਰਭਰ ਕਰਦੀਆਂ ਹਨ। ਜਿਸ ਦਾ ਮਤਲਬ ਹੈ ਕਿ ਜਦੋਂ ਇਹ ਕੀਮਤਾਂ ਵੱਧਦੀਆਂ ਹਨ ਤਾਂ ਬਿਨਾਂ ਕਿਸੇ ਸੰਰਚਨਾਤਮਕ ਤਬਦੀਲੀ ਦੇ ਹੀ ਹਾਲਤ ਚੰਗੀ ਹੋ ਜਾਂਦੀ ਹੈ।