ਕਿਰਸਾਨੀ ਮਸਲੇ: ਕਿਸ ਕਿਸਮ ਦੀ ਰਹੀ ਹੈ ਪੰਜਾਬ ਖੇਤੀ ਯੂਨੀਵਰਸਟੀ ਦੀ ਭੂਮਿਕਾ?

ਅਮਰਜੀਤ ਗਰੇਵਾਲ
ਕੁਝ ਸਮਾਂ ਪਹਿਲਾਂ ਪੰਜਾਬ ਟੈਲੀਵਿਜਨ `ਤੇ ਪਟਿਆਲਾ ਯੂਨੀਵਰਸਟੀ ਦੇ ਇਕ ਪ੍ਰੋਫੈਸਰ ਡਾ. ਸੁਖਦਿਆਲ ਸਿੰਘ ਨੇ ਬੜੀਆਂ ਹਟ ਕੇ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਕਦੋਂ ਬੀਜਣੀ ਹੈ, ਕਦੋਂ ਵੱਢਣੀ ਹੈ ਅਤੇ ਕਿਵੇਂ ਪਾਲਣੀ ਹੈ, ਇਸ ਗੱਲ ਦਾ ਫੈਸਲਾ ਕਿਸਾਨਾਂ ਉਪਰ ਹੀ ਛੱਡ ਦੇਣਾ ਚਾਹੀਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਅਤੇ ਪੰਜਾਬ ਸਰਕਾਰ ਨੂੰ ਇਸ ਵਿਚ ਦਖਲ ਨਹੀਂ ਦੇਣਾ ਚਾਹੀਦਾ। ਦੂਸਰੀ ਗੱਲ ਉਨ੍ਹਾਂ ਇਹ ਆਖੀ ਕਿ ਝੋਨੇ ਦੀ ਪਰਾਲੀ ਸਾੜਨ ਨਾਲ ਜੋ ਧੂੰਆਂ ਉਠਦਾ ਹੈ, ਉਸ ਨਾਲ ਬਿਮਾਰੀਆਂ ਦੂਰ ਹੁੰਦੀਆਂ ਹਨ। ਇਸ ਲਈ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਣਕ ਦੇ ਨਾੜ ਨੂੰ ਹਰ ਹਾਲਤ ਵਿਚ ਸਾੜਨਾ ਚਾਹੀਦਾ ਹੈ। ਸੁਆਲ ਹੈ ਕਿ ਕੀ ਪੰਜਾਬ ਦੇ ਲੋਕਾਂ ਦਾ ਵਿਗਿਆਨ ਤੋਂ ਅਤੇ ਕਿਸਾਨਾਂ ਦਾ ਖੇਤੀਬਾੜੀ ਯੂਨੀਵਰਸਟੀ ਦੀਆਂ ਖੋਜਾਂ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਵਿਸ਼ਵਾਸ ਉਠ ਗਿਆ ਹੈ?
ਮੈਨੂੰ ਇਸ ਸੁਆਲ ਦੀ ਗੰਭੀਰਤਾ ਦਾ ਉਸ ਵਕਤ ਅਹਿਸਾਸ ਹੋਇਆ ਜਦੋਂ ਇਕ ਕਿਸਾਨ ਨੇ ਵੀ ਦਾਅਵੇ ਨਾਲ ਆਖਿਆ ਕਿ ਝੋਨੇ-ਕਣਕ ਦੇ ਬੀਜਾਂ ਅਤੇ ਕੁਝ ਕੁ ਕੀਟਨਾਸ਼ਕ ਦੁਆਈਆਂ ਦੇ ਨਾਵਾਂ ਤੋਂ ਵੱਧ ਯੂਨੀਵਰਸਟੀ ਕੋਲ ਕਿਸਾਨਾਂ ਨੂੰ ਦੇਣ ਲਈ ਹੋਰ ਹੈ ਹੀ ਕੀ? ਸਰਕਾਰਾਂ ਵੀ, ਉਸਨੇ ਸੁਆਲ ਕੀਤਾ ਕਿ ਕਣਕ-ਝੋਨੇ ਦੀ ਸਸਤੇ ਭਾਅ ਖਰੀਦ ਕਰਨ ਅਤੇ ਮੁਫਤ ਬਿਜਲੀ ਦੇਣ ਤੋਂ ਵੱਧ ਹੋਰ ਕੀ ਕਰਦੀਆਂ ਹਨ? ਉਸਦੇ ਕਹਿਣ ਮੁਤਾਬਕ ਇਹ ਕੰਮ ਵੀ ਉਹ ਆਪਣੀ ਲੋੜ ਵਿਚੋਂ ਹੀ ਕਰਦੀਆਂ ਹਨ। ਪੰਜਾਬ, ਪੰਜਾਬ ਦੇ ਪਾਣੀਆਂ ਅਤੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਕੇ ਸਸਤੇ ਭਾਅ ਅਨਾਜ ਬਰਾਮਦ ਕਰਨ ਲਈ।
ਪੁਛਣ ਨੂੰ ਤਾਂ ਇਹ ਵੀ ਪੁਛਿਆ ਜਾ ਸਕਦਾ ਹੈ ਕਿ 1970ਵਿਆਂ ਵਿਚ, ਜਦੋਂ ਸਰਕਾਰ ਨੇ ਮੁਰੱਬੇਬੰਦੀ, ਬਿਜਲੀ, ਸਿੰਚਾਈ, ਮੰਡੀਆਂ, ਪੇਂਡੂ ਸੜਕਾਂ, ਬੈਂਕਾਂ, ਕੋਆਪਰੇਟਿਵ ਸੰਸਥਾਵਾਂ, ਕਣਕ-ਝੋਨੇ ਦੀ ਯਕੀਨੀ ਖਰੀਦ, ਸਬਸਿਡੀਆਂ ਅਤੇ ਖੇਤੀ ਯੂਨੀਵਰਸਟੀ ਦੀਆਂ ਖੋਜਾਂ ਆਦਿ ਰਾਹੀਂ, ਹਰੇ ਇਨਕਲਾਬ ਲਈ ਰਾਹ ਪੱਧਰਾ ਕੀਤਾ, ਤਾਂ ਕੀ ਉਸਤੋਂ ਪਹਿਲਾਂ ਪੰਜਾਬ ਬਹੁਤ ਘੁਗ ਵਸਦਾ ਸੀ? ਪੰਜਾਬ ਦੀ ਮੌਜੂਦਾ ਖੁਸ਼ਹਾਲੀ ਕਿਵੇਂ ਆਈ? ਖੈਰ, ਇਹ ਮੇਰਾ ਨਹੀਂ, ਪੰਜਾਬ ਦੇ ਲੋਕ ਸੰਪਰਕ ਵਿਭਾਗ ਦਾ ਕੰਮ ਹੈ। ਉਪ੍ਰੋਕਤ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖਦਿਆਂ, ਮੈਂ ਆਪਣੇ ਸੁਆਲ ਨੂੰ ਥੋੜ੍ਹਾ ਬਦਲ ਕੇ, ਉਸ ਵੱਲ ਵਾਪਿਸ ਪਰਤਦਾ ਹਾਂ।
1970ਵਿਆਂ ਵਿਚ, ਹਰੇ ਇਨਕਲਾਬ ਵੇਲੇ, ਜਿਸ ਯੂਨੀਵਰਸਟੀ ਉਪਰ ਪੰਜਾਬ ਦੀ ਕਿਸਾਨੀ ਅੰਨ੍ਹਾ ਵਿਸ਼ਵਾਸ ਕਰਦੀ ਸੀ, ਉਸ ਦੀ ਕਾਰਗੁਜ਼ਾਰੀ ਤੋਂ ਹੁਣ ਪੰਜਾਬ ਦੇ ਕਿਸਾਨਾਂ ਦਾ ਵਿਸ਼ਵਾਸ ਕਿਉਂ ਉਠਦਾ ਜਾ ਰਿਹਾ ਹੈ? ਕਿਤੇ ਲੋਕਾਂ ਦਾ ਸਾਇੰਸ ਅਤੇ ਤਕਨਾਲੋਜੀ ਤੋਂ ਹੀ ਵਿਸ਼ਵਾਸ ਤਾ ਨਹੀਂ ਉਠਦਾ ਜਾ ਰਿਹਾ। ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਦੀ ਕਿਸਾਨੀ ਅਤੇ ਖੇਤੀਬਾੜੀ ਨੂੰ ਦਰਪੇਸ਼ ਮੌਜੂਦਾ ਸਮੱਸਿਆਵਾਂ ਪ੍ਰਮੁਖ ਤੌਰ `ਤੇ ਸਿਆਸੀ ਸਮੱਸਿਆਵਾਂ ਹਨ। ਇਸ ਲਈ, ਤਕਨਾਲੋਜੀ ਇਨ੍ਹਾਂ ਨੂੰ ਹੱਲ ਨਹੀਂ ਕਰ ਸਕਦੀ।
ਸ਼ਾਇਦ ਲੋਕ ਇਸ ਲਈ ਮਾਯੂਸ ਹਨ ਕਿ ਸਾਇੰਸ ਅਤੇ ਤਕਨਾਲੋਜੀ ਨੇ ਜਿੰਨੀਆਂ ਵੱਡੀਆਂ ਆਸਾਂ ਲੋਕ ਮਨਾਂ ਵਿਚ ਜਗਾ ਦਿੱਤੀਆਂ ਸਨ, ਓਨੀਆਂ ਤਾਂ ਕਦੇ ਪੂਰੀਆਂ ਹੀ ਨਹੀਂ ਹੋ ਸਕਦੀਆਂ। ਉਦਾਹਰਣ ਦੇ ਤੌਰ `ਤੇ ਦੁਨੀਆਂ ਵਿਚੋਂ ਬਹੁਤ ਸਾਰੀਆਂ ਮਹਾਂਮਾਰੀਆਂ ਖਤਮ ਕਰਕੇ ਸਾਇੰਸ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾ ਦਿਤਾ ਸੀ ਕਿ ਸਾਇੰਸ ਅਤੇ ਤਕਨਾਲੋਜੀ ਸਾਹਮਣੇ ਕੋਈ ਵੀ ਬਿਮਾਰੀ/ਸਮੱਸਿਆ ਟਿਕ ਨਹੀਂ ਸਕਦੀ, ਪਰ ਕੋਰੋਨਾ ਵਾਇਰਸ ਨੇ ਲੋਕਾਂ ਦਾ ਇਹ ਵਿਸ਼ਵਾਸ ਚਕਨਾਚੂਰ ਕਰ ਦਿੱਤਾ। ਇਸੇ ਤਰ੍ਹਾਂ ਹਰੇ ਇਨਕਲਾਬ ਦੀ ਤਕਨਾਲੋਜੀ ਨੇ ਲੋਕਾਂ ਨੂੰ ਖੁਸ਼ਹਾਲੀ ਦੇ ਜੋ ਵੱਡੇ-ਵੱਡੇ ਸੁਪਨੇ ਦਿਖਾਏ ਸਨ, ਹੁਣ ਜਦੋਂ ਉਹ ਸੁਪਨੇ ਪੂਰੇ ਹੋਣ ਦੀ ਥਾਂ ਟੁਟਣੇ ਸ਼ੁਰੂ ਹੋ ਗਏ ਹਨ, ਤਾਂ ਲੋਕਾਂ ਦਾ ਯੂਨੀਵਰਸਟੀ ਦੀਆਂ ਖੋਜਾਂ ਅਤੇ ਸਰਕਾਰ ਦੀਆਂ ਪਾਲਸੀਆਂ ਤੋਂ ਮੂੰਹ ਮੁੜਨਾ ਸੁਭਾਵਕ ਹੀ ਸੀ। ਖੇਤੀ ਖੋਜ ਹੋਵੇ, ਤੇ ਭਾਵੇਂ ਖੇਤੀ ਪਾਲਿਸੀ, ਖੇਤੀ ਸੈਕਟਰ ਵਿਚ ਲੀਡਰਸ਼ਿਪ ਦਾ ਕਾਲ ਪਿਆ ਹੋਇਆ ਹੈ।
ਹਰੇ ਇਨਕਲਾਬ ਨੇ ਕੇਵਲ ਖੁਸ਼ਹਾਲੀ ਹੀ ਨਹੀਂ, ਵਾਤਾਵਰਣ ਦਾ ਸੰਕਟ ਵੀ ਪੈਦਾ ਕੀਤਾ ਹੈ। ਹੌਲੀ-ਹੌਲੀ ਖੁਸ਼ਹਾਲੀ ਦਾ ਦੌਰ ਤਾਂ ਖਤਮ ਹੋ ਗਿਆ ਪਰ ਵਾਤਾਵਰਣ ਦਾ ਸੰਕਟ ਉਵੇਂ ਵਧਦਾ ਰਿਹਾ। ਪੰਜਾਬ ਸਰਕਾਰ ਅਤੇ ਖੇਤੀ ਯੂਨੀਵਰਸਟੀ, ਭਾਵੇਂ ਵਾਤਾਵਰਣ ਦੀ ਗੱਲ ਤਾਂ ਕਰਦੀਆਂ ਹਨ, ਪਰ ਉਨ੍ਹਾਂ ਦੀਆਂ ਖੋਜਾਂ ਅਤੇ ਪਾਲਸੀਆਂ ਦਾ ਨਿਸ਼ਾਨਾ ਪੰਜਾਬ ਦੀ ਖੁਸ਼ਹਾਲੀ ਨੂੰ ਬਹਾਲ ਕਰਨਾ ਹੀ ਹੈ। ਦੂਸਰੇ ਪਾਸੇ ਪੰਜਾਬ ਦੇ ਵਾਤਾਵਰਣ ਦੀ ਚਿੰਤਾ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਕੁਦਰਤੀ/ਜੈਵਿਕ ਖੇਤੀ ਵੱਲ ਵਾਪਸ ਪਰਤਣ ਦਾ ਰਾਗ ਅਲਾਪ ਰਹੀਆਂ ਹਨ। ਯੂਨੀਵਰਸਟੀ ਦੀਆਂ ਖੋਜਾਂ ਅਤੇ ਸਰਕਾਰੀ ਨੀਤੀਆਂ ਜਿਥੇ ਵਾਤਾਵਰਣ ਅਤੇ ਸਿਹਤ ਸੁਰੱਖਿਆ ਲਈ ਖਤਰਾ ਹਨ, ਉਥੇ ਕੁਦਰਤੀ ਖੇਤੀ ਦਾ ਰਾਗ ਅਲਾਪਣ ਵਾਲੀਆਂ ਸੰਸਥਾਵਾਂ ਸਾਨੂੰ ਆਰਥਕ ਸੰਕਟ ਵਿਚ ਫਸਾ ਸਕਦੀਆਂ ਹਨ। ਦੋਨਾਂ ਦੇ ਆਪੋ-ਆਪਣੇ ਨਫੇ ਅਤੇ ਨੁਕਸਾਨ ਹਨ। ਇਕ ਮਹਾਂਮਾਰੀਆਂ ਵੱਲ ਲਿਜਾਂਦੀ ਹੈ ਅਤੇ ਦੂਸਰੀ ਭੁਖਮਰੀਆਂ ਵੱਲ।
ਸੋ, ਪੰਜਾਬ ਖੇਤੀਬਾੜੀ ਯੂਨੀਵਰਸਟੀ ਨੂੰ ਅਜਿਹੀ ਤਕਨਾਲੋਜੀ ਅਤੇ ਪੰਜਾਬ ਸਰਕਾਰ ਨੂੰ ਉਹ ਪਾਲਸੀ ਅਪਨਾਉਣ ਦੀ ਲੋੜ ਹੈ, ਜੋ ਵਾਤਾਵਰਣ ਅਤੇ ਅਰਥਚਾਰੇ ਨੂੰ ਬਰਾਬਰ ਦਾ ਮਹੱਤਵ ਦੇਵੇ। ਜੋ ਕੇਵਲ ਖੁਸ਼ਹਾਲੀ ਹੀ ਨਹੀਂ, ਵਾਤਾਵਰਣ ਦਾ ਸੁਧਾਰ ਵੀ ਕਰੇ। ਹਰੀ ਕ੍ਰਾਂਤੀ ਤੋਂ ਬਾਅਦ ਇਕ ਅਜਿਹੀ ਕ੍ਰਾਂਤੀ, ਜੋ ਪੰਜਾਬ ਦੀ ਧਰਤੀ, ਪੰਜਾਬ ਦੇ ਪਾਣੀਆਂ, ਪੰਜਾਬ ਦੇ ਅਰਥਚਾਰੇ, ਪੰਜਾਬ ਦੀ ਸਿਖਿਆ ਪ੍ਰਣਾਲੀ, ਸਿਹਤ-ਸੰਭਾਲ, ਪੰਜਾਬ ਦੇ ਸਮਾਜ-ਸਭਿਆਚਾਰ, ਉਸ ਦੀਆਂ ਕਦਰਾਂ-ਕੀਮਤਾਂ ਅਤੇ ਖੁਸ਼ਹਾਲੀ, ਆਦਿ ਉਪਰ ਅਧਾਰਿਤ ਪੰਜਾਬ ਦੇ ਸਰਬ-ਪੱਖੀ ਵਿਕਾਸ ਵਿਚ ਵਾਧੇ-ਦਰ-ਵਾਧੇ ਦੀਆਂ ਸੰਭਾਵਨਾਵਾਂ ਜਗਾਵੇ।
ਕੁਝ ਵੀ ਨਵਾਂ ਨਹੀਂ, ਅਜਿਹੀ ਤਕਨਾਲੋਜੀ, ਅਜਿਹੀਆਂ ਨੀਤੀਆਂ, ਅਜਿਹੇ ਅਨੁਭਵ/ਤਜਰਬੇ, ਸਭ ਕੁਝ ਦੁਨੀਆਂ ਵਿਚ ਪਹਿਲਾਂ ਹੀ ਉਪਲੱਬਧ ਹਨ। ਬੱਸ, ਸਹੀ ਲੀਡਰਸ਼ਿਪ, ਸੰਗਠਿਤ ਪ੍ਰੋਗਰਾਮ, ਸੁਜੱਗ ਇੰਪਲੀਮੈਂਟੇਸ਼ਨ ਅਤੇ ਇਮਾਨਦਾਰ ਇਛਾ ਸ਼ਕਤੀ ਦੀ ਲੋੜ ਹੈ। ਵਸੀਲੇ ਉਪਲੱਬਧ ਕਰਵਾਉਣੇ, ਏਨੀ ਵੱਡੀ ਸਮੱਸਿਆ ਨਹੀਂ ਹੁੰਦੀ।
ਜਦੋਂ ਦੇਖਿਆ ਕਿ ਰੇਲ ਗੱਡੀ ਦਾ ਕੋਲੇ/ਡੀਜ਼ਲ ਵਾਲਾ ਇੰਜਣ ਵਾਤਾਵਰਨ ਗੰਧਲਾ ਕਰ ਰਿਹਾ ਹੈ, ਤਾਂ ਅਸੀਂ ਘੋੜੇ ਵਾਲੇ ਤਾਂਗਿਆਂ ਵੱਲ ਪਰਤਣ ਦੀ ਥਾਂ ਬਿਜਲੀ ਦੀ ਐਡਵਾਂਸਡ ਊਰਜਾ ਵੱਲ ਵਧੇ। ਡੀਜ਼ਲ ਤੋਂ ਸੋਲਰ ਐਨਰਜੀ ਵੱਲ ਆਏ। ਇਸੇ ਤਰ੍ਹਾਂ ਹੁਣ ਹਰੇ ਇਨਕਲਾਬ ਦੀ ਪਲਾਂਟ ਬਰੀਡਿੰਗ ਅਤੇ ਖੇਤੀ-ਰਸਾਇਣਾਂ ਵਾਲੀ ਤਕਨਾਲੋਜੀ ਤੋਂ ਮਸ਼ੀਨ ਲਰਨਿੰਗ, ਆਈ.ਓ.ਟੀ, ਜੀਨ ਐਡੀਟਿੰਗ ਅਤੇ ਕਲਾਊਡ ਕੰਪਿਊਟਿੰਗ ਵਰਗੀਆਂ ਡਿਜੀਟਲ ਤਕਨੀਕਾਂ ਵੱਲ ਵਧ ਰਹੇ ਹਾਂ।
ਆਉਣ ਵਾਲੀ ਖੇਤੀਬਾੜੀ ਦਾ ਪੂਰਾ ਨਕਸ਼ਾ ਤਾਂ ਏਥੇ ਪੇਸ਼ ਕਰਨਾ ਸੰਭਵ ਨਹੀਂ ਹੈ, ਇਸ ਲਈ ਇਕ ਸਮੱਸਿਆ ਲੈ ਕੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਨਵੀਂ ਤਕਨਾਲੋਜੀ ਇਸ ਸਮੱਸਿਆ ਨੂੰ ਕਿਵੇਂ ਹੱਲ ਕਰਦੀ ਹੈ।
ਦੇਸ਼ ਦੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿਚ ਵੀ ਸੀਮਾਂਤ ਅਤੇ ਛੋਟੇ ਕਿਸਾਨਾਂ ਦੀ ਗਿਣਤੀ ਲਗਤਾਰ ਵਧ ਰਹੀ ਹੈ। ਸਹੂਲਤਾਂ ਦੀ ਘਾਟ ਹੋਣ ਕਰਕੇ ਇਨ੍ਹਾਂ ਦੀ ਉਤਪਾਦਕਤਾ ਵੀ ਘੱਟ ਹੁੰਦੀ ਹੈ। ਇਹ ਤਾਂ ਕਦੀ ਵੀ ਸੰਭਵ ਨਹੀਂ ਕਿ ਵਿਸ਼ਵ ਪੱਧਰ ਦੇ ਖੇਤੀ ਮਾਹਿਰ ਇਨ੍ਹਾਂ ਦੀਆਂ ਜ਼ਮੀਨਾਂ ਦੇ ਪੌਸ਼ਟਿਕ ਤੱਤਾਂ, ਨਮੀ ਅਤੇ ਆਉਣ ਵਾਲੇ ਦਿਨਾਂ ਦੇ ਮੌਸਮ, ਆਦਿ ਦਾ ਪਤਾ ਲਗਾ ਕੇ ਇਨ੍ਹਾਂ ਨੂੰ ਇਕੱਲੇ-ਇਕੱਲੇ ਨੂੰ ਘੱਟ ਤੋਂ ਘੱਟ ਖਰਚਿਆਂ ਨਾਲ ਵੱਧ ਤੋਂ ਵੱਧ ਉਤਪਾਦਨ ਲੈਣ ਲਈ ਗਾਈਡ ਕਰਨ। ਇਹ ਵੀ ਦੱਸਣ ਕਿ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਕਿਹੜੇ ਸਰਟੀਫਾਈਡ ਦੁਕਾਨਦਾਰਾਂ ਤੋਂ ਕਿਸ ਭਾਅ ਖਰੀਦਣੀਆਂ ਹਨ। ਮੰਡੀਕਰਣ ਦੇ ਮਾਹਿਰ ਇਨ੍ਹਾਂ ਨੂੰ ਇਹ ਸਮਝਾਉਣ ਕਿ ਉਨ੍ਹਾਂ ਨੇ ਭਵਿਖ ਦੇ ਰੁਝਾਨਾਂ ਨੂੰ ਧਿਆਨ ਵਿਚ ਰੱਖਦਿਆਂ, ਕਿਹੜੀਆਂ-ਕਿਹੜੀਆਂ ਫਸਲਾਂ ਕਦੋਂ ਬੀਜਣੀਆਂ ਹਨ ਅਤੇ ਪੱਕਣ ਤੋਂ ਬਾਅਦ ਕਦੋਂ, ਕਿਥੇ ਅਤੇ ਕਿਸ ਰੂਪ ਵਿਚ ਵੇਚਣੀਆਂ ਹਨ। ਹੁਣ ਨਵੀਂ ਤਕਨਾਲੋਜੀ ਨਾਲ ਕੇਵਲ ਏਨਾ ਹੀ ਨਹੀਂ, ਇਸ ਤੋਂ ਵੀ ਕਿਤੇ ਵੱਧ ਸੰਭਵ ਹੋ ਗਿਆ ਹੈ। ਸੰਭਵ ਹੀ ਨਹੀਂ, ਬਹੁਤ ਥਾਵਾਂ `ਤੇ ਹੋ ਵੀ ਰਿਹਾ ਹੈ।
ਇਨ੍ਹਾਂ ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਸਾਂਝੀ ਕੋਆਪਰੇਟਿਵ ਖੇਤੀ ਕਰਨ ਲਈ ਮਨਾਉਣਾ ਤਾਂ ਮੁਸ਼ਕਿਲ ਹੈ, ਪਰ ਜੇ ਇਨ੍ਹਾਂ ਨੂੰ ਇਕੱਲਿਆਂ- ਇਕੱਲਿਆਂ ਨੂੰ ਸਾਂਝੀ ਖੇਤੀ ਵਾਲੀਆਂ ਸਾਰੀਆਂ ਸਹੂਲਤਾਂ ਘਰ ਬੈਠਿਆਂ ਹੀ ਮੁਫਤੋ-ਮੁਫਤੀ ਪ੍ਰਾਪਤ ਹੋ ਜਾਣ ਅਤੇ ਮੁਨਾਫਾ ਵੀ ਕਈ ਗੁਣਾਂ ਵਧ ਜਾਵੇ, ਤਾਂ ਇਨ੍ਹਾਂ ਨੂੰ ਭਲਾ ਹੋਰ ਕੀ ਚਾਹੀਦਾ ਹੈ। ਇਸ ਸਭ ਕਾਸੇ ਲਈ ਬਹੁਤਾ ਕੁਝ ਕਰਨ ਦੀ ਵੀ ਜ਼ਰੂਰਤ ਨਹੀਂ। ਯੂਨੀਵਰਸਟੀ/ਸਰਕਾਰ ਨੇ
(1) ਇਨ੍ਹਾਂ ਕਿਸਾਨਾਂ ਦੇ ਖੇਤਾਂ ਵਿਚ ਬਹੁਤ ਹੀ ਘੱਟ ਖਰਚੇ ਵਾਲੇ ਖੇਤੀ ਸੈਂਸਰ ਲਗਾਉਣੇ ਹਨ; (2) ਇਨ੍ਹਾਂ ਸੈਂਸਰਾਂ ਦੇ ਇੰਟਰਨੈਟ ਆਫ ਥਿੰਗਜ਼ ਰਾਹੀਂ ਇਕੱਤਰ ਹੋ ਰਹੇ ਡੇਟਾ ਨੂੰ; (3) ਕਲਾਊਡ ਕੰਪਿਊਟਿੰਗ ਰਾਹੀਂ; (4) ਬਿਗ ਡੇਟਾ ਐਨਾਲਿਟਕਸ ਦੀਆਂ ਤਕਨੀਕਾਂ ਦੁਆਰਾ ਸਿਫਾਰਸ਼ਾਂ ਦੇ ਰੂਪ ਵਿਚ ਤਬਦੀਲ ਕਰਕੇ; (5) ਇਹ ਸਿਫਾਰਸ਼ਾਂ ਕਿਸਾਨਾਂ ਨੂੰ ਮੋਬਾਈਲ ਉਪਰ, ਯੂਨੀਵਰਸਟੀ/ਸਰਕਾਰ ਦੁਆਰਾ ਤਿਆਰ ਕੀਤੀ ਐਪ ਰਾਹੀਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਇਕ ਐਪ ਮੰਡੀਕਰਣ ਲਈ ਵੀ ਤਿਆਰ ਕੀਤੀ ਜਾ ਸਕਦੀ ਹੈ। ਖਾਦਾਂ, ਖੇਤੀ ਰਸਾਇਣਾਂ, ਕਰਜ਼ੇ ਅਤੇ ਖੇਤੀ ਮਸ਼ੀਨਰੀ/ਸੇਵਾਵਾਂ ਅਦਿ ਕਿਰਾਏ ਉਪਰ ਲੈਣ ਲਈ ਵੀ ਇਸੇ ਐਪ ਨੂੰ ਵਰਤਿਆ ਜਾ ਸਕਦਾ ਹੈ।
ਜਿੰਨੇ ਕਿਸਾਨ ਇਨ੍ਹਾਂ ਐਪਾਂ ਦਾ ਇਸਤੇਮਾਲ ਕਰਨਗੇ, ਸਮਝੋ ਉਨ੍ਹਾਂ ਸਾਰੇ ਕਿਸਾਨਾਂ ਨੇ ਆਪਣੀ ਜ਼ਮੀਨ ਪੂਲ ਕਰਕੇ ਵੱਡਾ ਕੋਆਪਰੇਟਿਵ ਫਾਰਮ ਬਣਾ ਲਿਆ ਹੈ। ਮਸ਼ੀਨਰੀ ਕਿਰਾਏ ਉਪਰ ਦੇਣ ਵਾਲੇ ਐਗਰੋ ਸੈਂਟਰਾਂ, ਦੁਆਈਆਂ ਵੇਚਣ ਵਾਲੇ ਦੁਕਾਨਦਾਰਾਂ, ਗੋਡਾਊਨਾਂ, ਕੋਲਡ ਸਟੋਰਾਂ, ਖੇਤੀ ਵਿਗਿਆਨੀਆਂ, ਵਿਤੀ ਮਾਹਿਰਾਂ, ਆੜ੍ਹਤੀਆਂ, ਮੰਡੀਆਂ, ਪਰੋਸੈਸਿੰਗ ਯੂਨਿਟਾਂ, ਰੀਟੇਲ ਸਟੋਰਾਂ, ਰੈਸਟੋਰੈਂਟਾਂ, ਆਦਿ ਦੀ ਇਮਾਨਦਾਰੀ, ਭਰੋਸੇਯੋਗਤਾ ਅਤੇ ਡੇਟਾ ਐਨਾਲਿਟਕਸ ਰਾਹੀਂ ਮਿਲਣ ਵਾਲੀ ਫੀਡਬੈਕ ਦੇ ਆਧਾਰ `ਤੇ ਸਰਟੀਫਿਕੇਸ਼ਨ ਕਰਕੇ ਆਪੋ-ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਇੰਟੈਗਰੇਟ ਕੀਤਾ ਜਾ ਸਕਦਾ ਹੈ।
ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਪੁਰਾਣੀਆਂ ਤਕਨੀਕਾਂ/ਨੀਤੀਆਂ ਦੇ ਅਧਾਰ `ਤੇ ਕਿਸਾਨਾਂ ਦੀ ਉਤਪਾਦਕਤਾ ਅਤੇ ਮੁਨਾਫਿਆਂ ਨੂੰ ਵਧਾਉਣਾ ਸ਼ਾਇਦ ਹੁਣ ਸੰਭਵ ਨਹੀਂ ਰਿਹਾ ਅਤੇ ਨਵੀਂ ਤਕਨਾਲੋਜੀ/ਪਾਲਸੀਆਂ ਜਿਨ੍ਹਾਂ ਰਾਹੀਂ ਪੰਜਾਬ ਨੂੰ ਮੁੜ ਖੁਸ਼ਹਾਲੀ ਵੱਲ ਮੋੜਿਆ ਜਾ ਸਕਦਾ ਹੈ, ਉਸ ਵੱਲ ਖੇਤੀਬਾੜੀ ਯੂਨੀਵਰਸਟੀ ਅਤੇ ਪੰਜਾਬ ਸਰਕਾਰ ਨੇ ਹਾਲੇ ਇਕ ਕਦਮ ਵੀ ਨਹੀਂ ਪੁਟਿਆ। ਜੇਕਰ ਖੇਤੀਬਾੜੀ ਯੂਨੀਵਰਸਟੀ ਅਤੇ ਪੰਜਾਬ ਸਰਕਾਰ ਇਸ ਦਿਸ਼ਾ ਵੱਲ ਤੁਰਨ ਦਾ ਮਨ ਬਣਾ ਲਵੇ ਤਾਂ ਇਸ ਵਿਸ਼ਵਾਸ ਦੇ ਬਹਾਲ ਹੋਣ ਵਿਚ ਸਮਾਂ ਨਹੀਂ ਲੱਗੇਗਾ।

ਸਿਰਜਣਾਤਮਕ ਅਰਥਚਾਰਾ:
ਪੰਜਾਬ ਦੇ ਭਵਿੱਖ ਦਾ ਨਵਾਂ ਦੁਆਰ

ਪੰਜਾਬ—
ਇੱਕ ਧਰਤੀ ਜੋ ਪਹਿਲਾਂ
ਹਲ ਦੀਆਂ ਲਕੀਰਾਂ ‘ਚ ਸੁਪਨੇ ਉਗਾਉਂਦੀ ਸੀ,
ਅੱਜ ਇੱਕ ਦੂਜੇ ਮੋੜ ’ਤੇ ਖੜ੍ਹੀ ਹੈ—
ਜਿੱਥੇ ਪੰਜਾਬ ਦੇ ਭਵਿੱਖ ਨੇ
ਮਿੱਟੀ ਤੋਂ ਨਹੀਂ,
ਮਨੁੱਖੀ ਕਲਪਨਾ ‘ਚੋਂ ਜਨਮ ਲੈਣਾ ਹੈ।

ਦੁਨੀਆ ਬਦਲ ਗਈ ਹੈ।
ਉਹ ਯੁੱਗ ਬੀਤ ਗਿਆ
ਜਿੱਥੇ ਤਾਕਤ ਮਸ਼ੀਨਾਂ ਦੇ ਸ਼ੋਰ ਵਿਚ ਵਸਦੀ ਸੀ।
ਹੁਣ ਤਾਕਤ ਤਸਵੀਰਾਂ, ਕਥਾਵਾਂ, ਸੁਰਾਂ, ਰੰਗਾਂ, ਵਿਚਾਰਾਂ,
ਅਤੇ ਇੱਕ ਨੌਜਵਾਨ ਦੇ ਮੋਬਾਈਲ ’ਚ ਕੈਦ
ਸਿਰਜਣਾਤਮਕ ਚਮਕ ਵਿਚ ਧੜਕਦੀ ਹੈ।

ਪੰਜਾਬ—ਜਿਸਨੇ ਸਦੀਆਂ ਤਕ ਭੌਤਿਕ ਉਤਪਾਦਨ ਦਾ ਬੋਝ ਝੇਲਿਆ—
ਹੁਣ ਇੱਕ ਨਵੇਂ ਆਤਮ-ਜਾਗਰਣ ਦੇ ਦਰਵਾਜ਼ੇ ’ਤੇ ਖੜ੍ਹਾ ਹੈ।
ਇਹ ਉਹ ਦਰਵਾਜ਼ਾ ਹੈ
ਜਿੱਥੇ ਅਰਥਚਾਰਾ ਪੂੰਜੀ ਤੋਂ ਨਹੀਂ,
ਕਲਪਨਾ ਤੋਂ ਬਣਦਾ ਹੈ।

ਪਰ ਅੱਜ ਦੀ ਲੜਾਈ ਵੱਖਰੀ ਹੈ—
ਇਹ ਮਨ ਦੀ ਬੇੜੀਆਂ ਤੋੜਣ ਦੀ ਲੜਾਈ ਹੈ,
ਜਿੱਥੇ ਨੌਜਵਾਨ ਆਪਣੇ ਆਪ ਨੂੰ ਸਿਰਫ਼ ਨੌਕਰੀ ਦੇ ਉਮੀਦਵਾਰ ਨਹੀਂ,
ਰਚਨਾਕਾਰ, ਸਾਜ਼ਗਾਰ, ਇੱਕ ਨਵੇਂ ਅਰਥਚਾਰੇ ਦੇ ਸੰਸਥਾਪਕ ਵਜੋਂ ਦੇਖਣਗੇ।

ਪੰਜਾਬ ਦਾ ਸੱਭਿਆਚਾਰ—
ਲੋਕ-ਧੁਨਾਂ ਤੋਂ ਹੀਰ-ਰਾਂਝੇ ਤਕ,
ਫੁਲਕਾਰੀ ਤੋਂ ਬੋਲੀਆਂ ਤਕ,
ਭੰਗੜੇ ਦੀ ਲੈਅ ਤੋਂ ਕਥਾ-ਪਰੰਪਰਾ ਦੇ ਮਿੱਠੇ ਦਰਦ ਤਕ—
ਇਹ ਸਾਰੀ ਪੂੰਜੀ
ਸਦੀਆਂ ਤਕ ਯਾਦਾਂ ਵਿਚ ਸਾਂਭੀ ਰਹੀ।
ਪਰ ਕਦੇ ਇਸਨੂੰ ਅਰਥਚਾਰੇ ਵਾਂਗ ਨਹੀਂ ਪੜ੍ਹਿਆ ਗਿਆ,
ਕਦੇ ਇਸਨੂੰ ਨੀਤੀ ਵਾਂਗ ਨਹੀਂ ਵਰਤਿਆ ਗਿਆ।

ਇਹ ਚੈਪਟਰ
ਪੰਜਾਬ ਦੀ ਉਸ ਬੇਅੰਤ ਸਿਰਜਣਾਤਮਕਤਾ ਨੂੰ
ਮਾਣ, ਕੇਂਦਰ, ਅਤੇ ਭਵਿੱਖ ਦੇਣ ਦਾ ਯਤਨ ਹੈ।

ਇਹ ਸਿਰਫ਼ ਇੱਕ ਅਰਥਚਾਰੇ ਦਾ ਤਰਕ ਨਹੀਂ—
ਇਹ ਚੇਤਨਾ ਦੀ ਕ੍ਰਾਂਤੀ ਦਾ ਐਲਾਨ ਹੈ।
ਇੱਕ ਐਸੀ ਕ੍ਰਾਂਤੀ
ਜਿੱਥੇ ਹਰ ਨੌਜਵਾਨ ਦਾ ਕੈਮਰਾ ਇੱਕ ਫੈਕਟਰੀ ਹੈ,
ਹਰ ਕਵਿਤਾ ਇੱਕ ਉਦਯੋਗ ਹੈ,
ਹਰ ਕਹਾਣੀ ਇੱਕ ਨਿਰਯਾਤ ਹੈ,
ਹਰ ਫੁਲਕਾਰੀ ਇੱਕ ਗਲੋਬਲ ਡਿਜ਼ਾਈਨ ਹੈ,
ਅਤੇ ਹਰ ਰਾਗ ਇੱਕ ਅਰਥਚਾਰੇ ਦਾ ਨਵਾਂ ਦਰਵਾਜ਼ਾ।

ਸਿਰਜਣਾਤਮਕ ਅਰਥਚਾਰਾ
ਇਕ ਨੀਤੀ ਨਹੀਂ—
ਇਹ ਪੰਜਾਬ ਦੀ ਆਜ਼ਾਦੀ ਹੈ।
ਉਹ ਆਜ਼ਾਦੀ
ਜਿੱਥੇ ਕਿਸੇ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ,
ਕਿਉਂਕਿ ਭਵਿੱਖ ਇੱਥੇ ਹੀ ਜਨਮਦਾ ਹੈ—
ਸਾਡੇ ਸ਼ਹਿਰਾਂ ਵਿੱਚ, ਸਾਡੇ ਪਿੰਡਾਂ ਵਿੱਚ, ਸਾਡੀ ਬੋਲੀ ਵਿੱਚ,
ਅਤੇ ਸਾਡੇ ਨੌਜਵਾਨਾਂ ਦੀਆਂ ਅੱਖਾਂ ਅੰਦਰ ਚਮਕਦੇ ਸੁਪਨਿਆਂ ਵਿੱਚ।

ਪੰਜਾਬ ਦਾ ਭਵਿੱਖ ਮਿੱਟੀ ‘ਚੋਂ ਨਹੀਂ—
ਸਿਰਜਣਾਂ ‘ਚੋਂ ਜੰਮਣਾ ਹੈ।