ਡਾ. ਗੁਰਨਾਮ ਕੌਰ ਦੇ ‘ਪ੍ਰਤੀਉਤਰ’ `ਤੇ ਸਮਰਪਣ ਭਰਿਆ ਪ੍ਰਤੀਕਰਮ
ਹਰਜੀਤ ਦਿਓਲ
ਫੋਨ: 905-676-9242
ਸੰਪਾਦਕ ਜੀ,
ਕਿਰਪਾ ਕਰਕੇ ਭੈਣ ਜੀ ਡਾ. ਗੁਰਨਾਮ ਕੌਰ ਹੁਰਾਂ ਨੂੰ ਮੇਰਾ ਇਹ ‘ਸਮਰਪਣ ਪੱਤਰ’ ‘ਪੰਜਾਬ ਟਾਈਮਜ਼’ ਰਾਹੀਂ ਅੱਪੜਦਾ ਕਰ ਦੇਣ ਦੀ ਕਿਰਪਾਲਤਾ ਕਰਨੀ ਜੀ, ਜਿਨ੍ਹਾਂ ਨੂੰ ਮੇਰੇ ਇਰਾਨੀ ਕੱਟੜ ਧਾਰਮਕ ਮੌਲਾਣਾ ਨਿਜ਼ਾਮ ਦੀ ਆਲੋਚਨਾ ਨਾਲ ਸੱਚੀਂ ਹੀ ਬੜੀ ਪਰੇਸ਼ਾਨੀ ਹੋਈ ਹੈ। ਭੈਣ ਗੁਰਨਾਮ ਕੌਰ ਦਾ ਕਹਿਣਾ ਹੈ ਕਿ 7 ਅਕਤੂਬਰ 1923 ਤੋਂ ਇਜ਼ਰਾਈਲ, ਗਾਜ਼ਾ ਵਿਚ ਨਰ-ਸੰਹਾਰ ਕਰਦਾ ਆ ਰਿਹਾ ਹੈ।
ਪਰ ਉਹ ਇਸ ਬਾਰੇ ਬਿਲਕੁਲ ਚੁਪ ਹਨ ਕਿ ਇਸ ਬਦਹਵਾਸ ਨਰ ਸੰਹਾਰ ਲਈ ਬਹਾਨਾ ਕੀ ਨੇਤਨਯਾਹੂ ਅਤੇ ਉਸਦੇ ਟੋਲੀਦਾਰਾਂ ਨੂੰ ਖੁLਦ ਹਮਾਸ ਵਲੋਂ ਹੀ ਨਹੀਂ ਮੁਹੱਈਆ ਕਰਵਾਇਆ ਗਿਆ ਸੀ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਇਸਲਾਮੀ ਦਹਿਸ਼ਤਗਰਦਾਂ ਵਲੋਂ 11 ਸਤੰਬਰ 2001 ਨੂੰ ਅਮਰੀਕਨ ਟਾਵਰਾਂ ਉਪਰ ਕੀਤੇ ਹਮਲੇ ਵਾਲੀ ਭੜਕਾਹਟ ਨੂੰ ਵੀ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ। ਯਾਨਿ ਕਿ ਉਸ ਮੌਕੇ ਦੁਨੀਆ ਦੇ ਸਭ ਤੋਂ ਵਡੇ ਅਤਿਵਾਦੀ ਹਮਲੇ ਬਾਰੇ ਵੀ ਕੀ ਭੈਣ ਜੀ ਖਾਮੋਸ਼ੀ ਅਖ਼ਤਿਆਰ ਕਰਨੀ ਹੀ ਪਸੰਦ ਕਰਨਗੇ? ਉਹ ਹਮਾਸ ਅਤੇ ਹਿਜ਼ਬੁਲਾ ਵਰਗੇ ਦੁਨੀਆ ਭਰ ਵਿਚ ਸਰਗਰਮ ਚਲੇ ਆ ਰਹੇ ਅਨੇਕਾਂ ਇਸਲਾਮਿਕ ਅਤਿਵਾਦੀ ਸੰਗਠਨਾਂ ਬਾਰੇ ਵੀ ਉਹ ਕੁਝ ਕਹਿਣਾ ਪਸੰਦ ਨਹੀਂ ਕਰਨਗੇ, ਜਿਨ੍ਹਾਂ ਨੇ ਭਾਰਤ ਹੀ ਨਹੀਂ ਬਲਕਿ ਅਨੇਕਾਂ ਇਸਲਾਮੀ ਦੇਸ਼ਾਂ ਦੇ ਅਮਨ-ਪਸੰਦ ਲੋਕਾਂ ਨੂੰ ਵੀ ਪਿਛਲੇ ਲੰਮੇ ਸਮੇਂ ਤੋਂ ਸੁਕਣੇ ਪਾਈ ਰਖਿਆ ਹੈ।
ਭੈਣ ਗੁਰਨਾਮ ਕੌਰ ਨੇ ਮੇਰੀ ਟਿਪਣੀ ‘ਤੇ ਆਪਣੇ ਪ੍ਰਤੀਉਤਰ ਦੇ ਆਖਰੀ ਪਹਿਰੇ ਵਿਚ ਕਿਹਾ ਹੈ, ‘ਸਿੱਖ ਚਿੰਤਕ ਅਜਮੇਰ ਸਿੰਘ ਨੂੰ ਨੇੜਿਓਂ ਜਾਣਦੀ ਹੋਣ ‘ਤੇ ਵੀ ਮੈਂ ਉਸਦੀ ਵਿਚਾਰਧਾਰਾ ਤੋਂ ਬਿਲਕੁਲ ਸਹਿਮਤ ਨਹੀਂ ਹਾਂ, ਪਰ ਕੀ ਜਜ਼ਬੇ ਤੋਂ ਬਿਨਾ ਲੜਿਆ ਜਾ ਸਕਦਾ ਹੈ।’ ਭੈਣ ਜੀ ਜਜ਼ਬੇ ਦੀ ਅਹਿਮੀਅਤ ਤੋਂ ਮੈਨੂੰ ਜਾਂ ਕਿਸੇ ਵੀ ਹੋਰ ਸੱਜਣ ਨੂੰ ਕਿਵੇਂ ਇਨਕਾਰ ਹੋ ਸਕਦਾ ਹੈ। ਜਜ਼ਬੇ ਤੋਂ ਬਿਨਾ ਬੰਦੇ ਦੀ ਹਸਤੀ ਹੀ ਕੀ ਹੈ, ਪਰ ਕੀ ਬੰਦੇ ਵਿਚ ਜਜ਼ਬੇ, ਤਰਕ, ਦਲੀਲ ਜਾਂ ਵਕਤ ਦੀ ਸ਼ਨਾਖਤ ਦੀ ਜ਼ਰੂਰਤ ਨਹੀਂ ਹੁੰਦੀ। ਕੀ ਉਹ ਜਜ਼ਬਾ ਵੀ ਠੀਕ ਸੀ ਜਿਸ ਤਰ੍ਹਾਂ ਦੇ ਜਜ਼ਬੇ ਨੂੰ ਭੜਕਾ ਕੇ ਹਿਟਲਰ ਵਰਗੇ ਵਹਿਸ਼ੀ ਅਤੇ ਜ਼ਾਲਮ ਇਨਸਾਨ ਨੇ ਜਰਮਨਾਂ ਦੀ ਪੜ੍ਹੀ-ਲਿਖੀ ਕੌਮ ਨੂੰ ਗੁਮਰਾਹ ਕੀਤਾ ਅਤੇ ਉਨ੍ਹਾਂ ਕੋਲੋਂ 60 ਲੱਖ ਬੇਕਸੂਰ ਯਹੂਦੀਆਂ ਦਾ ਕਤਲੇਆਮ ਕਰਵਾਇਆ?
ਇਜ਼ਰਾਈਲ ਨਾ ਬਣਦਾ, ਚੰਗੀ ਗੱਲ ਸੀ। ਇਤਿਹਾਸ ਦੇ ਕਿਸੇ ਮੰਦਭਾਗੇ ਪੜਾਅ ‘ਤੇ ਯੂ.ਅਨ.ਓ. ਵਰਗੀ ਕੌਮਾਂਤਰੀ ਪੰਚਾਇਤ ਦੀ ਵਿਚੋਲਗੀ ਨਾਲ ਉਨ੍ਹਾਂ ਦਾ ਚਿੜੀ ਦੇ ਪਹੁੰਚੇ ਜਿਤਨਾ ਮੁਲਕ ਹੋਂਦ ਵਿਚ ਨਾ ਆਇਆ ਹੁੰਦਾ ਤਾਂ ਪੁਆੜੇ ਨਾ ਪੈਂਦੇ। ਬੜੀ ਸੋਚ-ਵਿਚਾਰ ਕਰਕੇ ਕੌਮਾਂਤਰੀ ਭਾਈਚਾਰੇ ਨੇ ਸਦੀਆਂ ਤੋਂ ਕਹਿਰਾਂ ਦਾ ਜੁLਲਮ ਝੱਲਦੇ ਆ ਰਹੇ ਮੁੱਠੀ ਭਰ ਯਹੂਦੀਆਂ ਨੂੰ ਸਿਰ-ਲੁਕਾਵੇ ਲਈ ਜਗ੍ਹਾ ਅਲਾਟ ਕਰ ਦਿਤੀ ਤਾਂ ਆਲੇ-ਦੁਆਲੇ ਦੇ ਪੰਜ-ਸੱਤ ਅਰਬ ਦੇਸ਼ਾਂ ਵਲੋਂ ਇਕੱਠੇ ਹੋ ਕੇ ਉਨ੍ਹਾਂ ਬੇਆਸਰਾ ਯਹੂਦੀਆਂ ਨੂੰ ਸਫਾ-ਏ-ਹਸਤੀ ਤੋਂ ਮਿਟਾਉਣ ਲਈ ਵਿਢੀ ਗਈ ਫੌਜੀ ਮੁਹਿੰਮ ਕੀ ਠੀਕ ਸੀ?… ਚਲੋ ਮੰਨ ਲਿਆ ਸੁੰਨੀ ਅਰਬ ਦੇਸ਼ਾਂ ਦਾ ਗੁਸਾ ਫਿਰ ਵੀ ਸਮਝਿਆ ਜਾ ਸਕਦਾ ਹੈ। ਕੱਟੜਪੰਥੀ ਸ਼ੀਆ ਮੌਲਾਣਿਆਂ ਦੀ ਸਰਕਾਰ ਦਾ ਇਜ਼ਰਾਈਲ ਨਾਲ ਕਾਹਦਾ ਰੌਲਾ ਸੀ? ਇਰਾਨ ਤਾਂ 1979 ਦੇ ਇਸਲਾਮੀ ਇਨਕਲਾਬ ਤੋਂ ਪਹਿਲਾਂ ਇਜ਼ਰਾਈਲ ਦਾ ਸਭ ਤੋਂ ਵਡਾ ਮਿੱਤਰ ਦੇਸ਼ ਸੀ। ਮੌਲਾਣਿਆਂ ਦੀ ਸਰਕਾਰ ਆਉਂਦਿਆਂ ਹੀ ਉਨ੍ਹਾਂ ਨੇ ਇਜ਼ਰਾਈਲ ਵਿਰੁਧ ਆਦਮ ਬੋ-ਆਦਮ ਬੋ ਕਰਨੀ ਸ਼ੁਰੂ ਕਿਉਂ ਕਰ ਦਿਤੀ। ਉਨ੍ਹਾਂ ਹਿਜ਼ਬੁਲਾ ਤੇ ਹਮਾਸ ਵਰਗੇ ਦਹਿਸ਼ਤੀ ਸੰਗਠਨਾਂ ਨੂੰ ਗੱਡਿਆਂ ਦੇ ਗੱਡੇ ਖਤਰਨਾਕ ਹਥਿਆਰ ਸਪਲਾਈ ਕਿਉਂ ਕੀਤੇ? ਕੀ ਅਜਿਹਾ 7 ਅਕਤੂਬਰ ਵਾਲਾ ਹਿੰਸਕ ਭਾਣਾ ਵਰਤਾਉਣ ਲਈ ਨਹੀਂ ਸੀ? ਜਜ਼ਬਾ ਤਾਂ 9/11 ਵਾਲੇ ਬਿਨ ਲਾਦਿਨ ਦੇ ਪੈਰੋਕਾਰਾਂ ਵਿਚ ਵੀ ਘੱਟ ਨਹੀਂ ਸੀ। ਮੇਰਾ ਮੰਨਣਾ ਹੈ ਕਿ ਉਸ ਕਿਸਮ ਦਾ ਜਜ਼ਬਾ ਠੀਕ ਨਹੀਂ ਸੀ, ਭਾਵੇਂ ਕਿ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਅਮਰੀਕਾ ਨੇ ਜਿਹੜਾ ਪੈਂਤੜਾ ਅਪਣਾਇਆ, ਉਹ ਵੀ ਠੀਕ ਬਿਲਕੁਲ ਨਹੀਂ ਸੀ।
ਮੈਂ ਅਜਮੇਰ ਸਿੰਘ ਦੀ ‘ਲੜਾਈਆਂ ਰੂਹਾਂ ਦੇ ਜ਼ੋਰ ਨਾਲ ਲੜੀਆਂ ਜਾਂਦੀਆਂ ਹਨ’, ਵਾਲੀ ਵੀਡੀਓ ਦੇ ਹਵਾਲੇ ਨਾਲ ਗੱਲ ਕੀਤੀ ਸੀ, ਉਹ ਭਲਾ ਮਾਨਸ ਪਿਛਲੇ 15-20 ਸਾਲਾਂ ਤੋਂ ਇਹੀ ਕਹੀ ਜਾਂਦਾ ਹੈ ਕਿ ਮੱਸੇ ਰੰਗੜ ਅਤੇ ਅਹਿਮਦ ਸ਼ਾਹ ਅਬਦਾਲੀ ਤੋਂ 270 ਸਾਲ ਪਿਛੋਂ ਇੰਦਰਾ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਢਾਹੁਣ ਲਈ ਘੇਰਾ ਪਾਇਆ ਤਾਂ ਸੰਤ ਜਰਨੈਲ ਸਿੰਘ ਦੇ ਜ਼ਜਬਾ ਗੁੱਧੇ ਪੈਰੋਕਾਰਾਂ ਨੇ ਲੱਖਾਂ-ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਫੌਜਾਂ ਦੇ ਛੱਕੇ ਛੁਡਾ ਕੇ ਕੀ ਸਿੱਖਾਂ ਦੇ ਪਵਿਤਰ ਸਥਾਨ ਨੂੰ ਬੇਅਦਬ ਹੋਣ ਤੋਂ ਉਸੇ ਤਰ੍ਹਾਂ ਬਚਾਇਆ, ਜਿਸ ਤਰ੍ਹਾਂ ਇਸ ਲੜਾਈ ਵਿਚ ਇਰਾਨੀ ਮੌਲਾਣਿਆਂ ਦੀ ਸਰਕਾਰ ਵਲੋਂ ਰੂਹਾਂ ਦੇ ਜ਼ੋਰ ਨਾਲ ਅਮਰੀਕਾ ਨੂੰ ਨੱਕ ਦੇ ਰਾਹੀਂ ਚਣੇ ਚਬਾਏ ਗਏ ਹਨ। ਇੰਦਰਾ ਦੀ ਇਸ ਨਾਮੁਰਾਦ ਕਾਰਵਾਈ `ਤੇ ਮੈਨੂੰ ਉਦੋਂ ਵੀ ਤੇ ਅਜ ਵੀ ਸਖ਼ਤ ਇਤਰਾਜ਼ ਹੈ। ਅਨੇਕਾਂ ਬਦਲ ਸੰਭਵ ਸਨ, ਪਰ ਕੀ ਭਾਰਤੀ ਫੌਜਾਂ ਮੱਸੇ ਰੰਗੜ ਜਾਂ ਅਬਦਾਲੀ ਵਾਂਗ ਦਰਬਾਰ ਸਾਹਿਬ ਨੂੰ ਢਾਹੁਣ ਲਈ ਗਈਆਂ ਸਨ ਜਾਂ ਦੇਸ਼ ਦੇ ਕਾਨੂੰਨ ਤੋਂ ਆਕੀ ਹੋਏ ਬੈਠੇ ਹਥਿਆਰਬੰਦ ਅਨਸਰਾਂ ਤੋਂ ਪਵਿੱਤਰ ਅਸਥਾਨ ਨੂੰ ਮੁਕਤ ਕਰਵਾਉਣ ਲਈ? ਜੇ ਢਾਹੁਣ ਲਈ ਹੀ ਗਈਆਂ ਸਨ ਤਾਂ ਉਸ ਬੀਬੀ ਨੇ ਦਰਬਾਰ ਸਾਹਿਬ ਆ ਕੇ ਸਿਰ ਨੀਵਾਂ ਕਿਉਂ ਕਰਨਾ ਸੀ ਅਤੇ ਤੁਰੰਤ ਪਿਛੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਢੱਠੀ ਹੋਈ ਇਮਾਰਤ ਦੀ ਨਵੇਂ ਸਿਰਿਓਂ ਉਸਾਰੀ ਕਿਉਂ ਕਰਵਾਉਣੀ ਸੀ? ਮੈਂ ਤਾਂ ਬੜੀ ਨਿਮਰਤਾ ਨਾਲ ਸਵਾਲ ਇੰਨਾ ਹੀ ਕੀਤਾ ਸੀ ਕਿ ਮੱਸੇ ਰੰਗੜ ਜਾਂ ਅਬਦਾਲੀ ਨੇ ਵੀ ਕੀ ਦਰਬਾਰ ਸਾਹਿਬ ਦੀ ਨਵੇਂ ਸਿਰਿਓਂ ਉਸਾਰੀ ਕਰਵਾ ਕੇ ਦਿੱਤੀ ਸੀ? ਭੈਣ ਗੁਰਨਾਮ ਕੌਰ ਤੁਸੀਂ ਸ. ਅਜਮੇਰ ਸਿੰਘ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਕੀ ਤੁਸਾਂ ਜਾਂ ਤੁਹਾਡੇ ਵਰਗੇ ਕਿਸੇ ਪੋ੍ਰਫੈਸਰ ਨੇ ਇਹ ਸਵਾਲ ਪੁਛਣ ਦਾ ਜੇਰਾ ਕੀਤਾ ਹੈ। ਕੀ ਉਸਨੂੰ ਆਪਣੀ ਲਿਖਣ ਕਲਾ ਦੀ ਦੁਰਵਰਤੋਂ ਕਰਦਿਆਂ ਨੌਜਾਵਨ ਪੀੜ੍ਹੀ ਨੂੰ ਲਗਾਤਾਰ ਭੜਕਾਉਣ ਅਤੇ ਗੁਮਰਾਹ ਕਰੀ ਜਾਣ ਤੋਂ ਰੋਕਣ ਦੀ ਲੋੜ ਨਹੀਂ ਹੈ।
ਗੁਰਨਾਮ ਭੈਣ ਜੀ, ਤੁਸੀਂ ਬਰੈਂਪਟਨ ਦੇ ਜਿਸ ਏਰੀਏ ਵਿਚ ਰਹਿੰਦੇ ਹੋ, ਤੁਹਾਡੇ ਗਵਾਂਢ ਵਿਚ ਬਣੇ ਹਿੰਦੂ ਮੰਦਰ ਦੇ ਬਾਹਰ ਅਜੇ ਦੋ ਕੁ ਹਫਤੇ ਪਹਿਲਾਂ ਖਾਲਿਸਤਾਨੀ ਸਮਰਥਕ ਸਿੰਘਾਂ ਨੇ ਨਾਅਰੇਬਾਜ਼ੀ ਕੀਤੀ। ਵੱਡੀ ਗਿਣਤੀ ਵਿਚ ਪੁਲਿਸ ਪ੍ਰਬੰਧ ਹੋਣ ਕਰਕੇ ਕੋਈ ਮਾੜੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਬਰੈਂਪਟਨ ਵਿਚ ਸਿੱਖਾਂ ਦੇ 20-25 ਗੁਰੂਘਰ ਹਨ, ਕੀ ਤੁਸੀਂ ਹਿੰਦੂਆਂ ਦੀ ਭੀੜ ਨੂੰ ਸਾਡੇ ਗੁਰੂਘਰਾਂ ਅਗੇ ਜਾ ਕੇ ਕਦੀ ਤਮੱਚੜਾ ਪਾਉਂਦੇ ਵੇਖਿਆ ਹੈ। ਇਹ ਸਵਾਲ ਮੈਂ ਆਪਣੇ ਵਲੋਂ ਪੂਰੀ ਨਿਮਰਤਾ ਨਾਲ ਕਰ ਰਿਹਾ ਹਾਂ। ਇਸ ਬਹਿਸ ਨੂੰ ਹੋਰ ਅੱਗੇ ਵਧਾਉਣ ਤੋਂ ਮੇਰੀ ਤੌਬਾ ਹੈ।
ਡਾ. ਗੁਰਨਾਮ ਕੌਰ ਨੇ ਆਪਣੇ ਪ੍ਰਤੀਉਤਰ ਵਿਚ ਗੱਲ ਗੁਰਬਾਣੀ ਦੇ ਹਵਾਲੇ ਨਾਲ ਸ਼ੁਰੂ ਕੀਤੀ ਹੈ। ਮੇਰਾ ਛੋਟਾ ਜਿਹਾ ਇਕ ਸਵਾਲ ਇਹ ਜ਼ਰੂਰ ਹੈ ਕਿ ਵਣ-ਵਣ ਦੇ ਅਕਾਲੀ ਧੜਿਆਂ ਅਤੇ ਸਿੱਖ ਚਿੰਤਕਾਂ ਵਲੋਂ ਆਪਣਾ ਪੱਖ ਪੇਸ਼ ਕਰਨ ਲਈ ਕੀ ਅਕਸਰ ਗੁਰਬਾਣੀ ਦੀਆਂ ਤੁਕਾਂ ਦਾ ਸਹਾਰਾ ਲਿਆ ਜਾਂਦਾ ਹੈ, ਪਰ ਕੀ ਉਹ ਦੱਸ ਸਕਦੇ ਹਨ ਕਿ ਪਿਛਲੇ 50-60 ਵਰਿ੍ਹਆਂ ਦੌਰਾਨ ਗੁਰਬਾਣੀ ਦੀ ਰੂਹ ਅਨੁਸਾਰ ਚਲਣ ਦੀ ਕਦੀ ਕਿਸੇ ਕੋਸ਼ਿਸ਼ ਕੀਤੀ ਹੈ। ਸਰਵੇਖਣ ਦੱਸਦੇ ਹਨ ਕਿ ਸਭ ਤੋਂ ਘੱਟ ਧਾਰਮਕ ਦੇਸ਼ ਸਭ ਤੋਂ ਵੱਧ ਖੁਸ਼ਹਾਲ ਦੇਖੇ ਗਏ ਹਨ। ਉੱਚੀਆਂ ਇਨਸਾਨੀ ਕਦਰਾਂ-ਕੀਮਤਾਂ ਕਰਕੇ ਦੁਨੀਆਂ ਦੇ ਹਰ ਪਾਸਿਓਂ ਲੋਕ ਇਨ੍ਹਾਂ ਦੇਸ਼ਾਂ ਵਿਚ ਸੈਟਲ ਹੋਣ ਲਈ ਜੱਦੋ-ਜਹਿਦ ਕਰਦੇ ਦੇਖੇ ਜਾ ਸਕਦੇ ਹਨ। ਅਮਰੀਕਾ ਵੀ ਇਨ੍ਹਾਂ ਦੇਸ਼ਾਂ ਵਿਚੋਂ ਇਕ ਹੈ। ਖੈਰ ਤੌਬਾ ਤੇ ਸਰੈਂਡਰ ਤੋਂ ਬਾਅਦ ਤਾਂ ਮਾਮਲਾ ਹੀ ਰਫਾ-ਦਫਾ ਹੋ ਜਾਂਦਾ ਹੈ ਸੋ ਮੁਆਫ਼ੀ ਦਾ ਤਲਬਗਾਰ ਹਾਂ। ਧੰਨਵਾਦ।
