ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਕੀ ਤੁਹਾਨੂੰ ਪਤਾ ਹੈ ਕਿ ਨੌਜਵਾਨਾਂ ਵਿਚ ਸੋਸ਼ਲ ਮੀਡੀਆ ਨਾਲ ਜੁੜੇ ਰਹਿਣ ਦੀ ਆਦਤ ਇੰਨੀ ਗੰਭੀਰ ਹੋ ਗਈ ਹੈ ਕਿ ਹੁਣ ਇਸ ਆਦਤ ਨੂੰ ਛੁਡਾਉਣ ਅਤੇ ਬੱਚਿਆਂ ਨੂੰ ਇਸ ਜ਼ੰਜਾਲ ਵਿਚੋਂ ਬਾਹਰ ਕੱਢਣ ਲਈ ਰੀਹੈਬੀਲੀਟੇਸ਼ਨ ਸੈਂਟਰ ਵੀ ਹੋਂਦ ਵਿਚ ਆ ਰਹੇ ਹਨ। ਸੋਸ਼ਲ ਮੀਡੀਆ ਨੂੰ ਵਰ ਸਮਝਣ ਵਾਲਿਆਂ ਨੂੰ ਇਹ ਪਤਾ
ਹੀ ਨਾ ਲੱਗਾ ਕਿ ਕਦੋਂ ਇਹ ਸਰਾਪ ਬਣ ਕੇ ਨੌਜਵਾਨ ਪੀੜ੍ਹੀ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਨ ਲੱਗਾ। ਸਾਡੇ ਨੌਜਵਾਨ ਬਹੁਤ ਸਾਰੀਆਂ ਸਰੀਰਕ, ਭਾਵਨਾਤਮਿਕ ਅਤੇ ਮਨਾਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਗਏ। ਇਹ ਕਿਉਂ ਅਤੇ ਕਿਵੇਂ ਹੋਇਆ, ਕਿਸੇ ਨੂੰ ਚਿੱਤਚੇਤਾ ਵੀ ਨਹੀਂ ਆਇਆ?
ਘਰ ਵਿਚ ਮੀਆਂ-ਬੀਵੀ ਦੋਵੇਂ ਕੰਮ ਕਰਦੇ, ਸਾਰਾ ਦਿਨ ਘਰੋਂ ਬਾਹਰ, ਸ਼ਾਮ ਨੂੰ ਥੱਕੇ ਹਾਰੇ ਘਰ ਪਰਤਦੇ। ਬੱਚਾ ਚਾਹੁੰਦਾ ਕਿ ਮੇਰੇ ਮਾਪੇ ਮੇਰੇ ਨਾਲ ਗੱਲਾਂ ਕਰਨ। ਦਿਨ ਭਰ ਦੀਆਂ ਗਤੀਵਿਧੀਆਂ ਬਾਰੇ ਜਾਨਣ। ਮੈਂ ਆਪਣੇ ਮਾਪਿਆਂ ਨੂੰ ਦਿਲ ਦੀਆਂ ਕਹਾਂ ਤੇ ਮਾਪਿਆਂ ਕੋਲੋਂ ਸੁਣਾਂ। ਪਰ ਮਾਪੇ ਇਹ ਨਾ ਸਮਝਦੇ ਤੇ ਉਹ ਬੱਚੇ ਨੂੰ ਫ਼ੋਨ ਫੜਾ ਦਿੰਦੇ। ਫਿਰ ਬੱਚੇ ‘ਤੇ ਨਿਰਭਰ ਕਰਦਾ ਕਿ ਉਸਨੇ ਕੀ ਦੇਖਣਾ, ਕਿੰਨਾ ਚਿਰ ਦੇਖਣਾ? ਸੋਸ਼ਲ ਮੀਡੀਆ ‘ਤੇ ਆ ਰਹੇ ਨੂੰ ਦੇਖ ਕੇ ਬੱਚਾ ਕਿੰਨਾ ਪ੍ਰਭਾਵਤ ਹੁੰਦਾ, ਆਪਣੀ ਜ਼ਿੰਦਗੀ ਦੇ ਰੁਝੇਵਿਆਂ ਵਿਚ ਉਲਝੇ ਮਾਪਿਆਂ ਕੋਲ ਸਮਝਣ ਦਾ ਸਮਾਂ ਕਿਥੋਂ ਆਵੇ?
ਅਕਸਰ ਅਸੀਂ ਦੇਖਦੇ ਹਾਂ ਕਿ ਕਮਰੇ ਵਿਚ ਪਰਿਵਾਰਕ ਮੈਂਬਰ ਬੈਠੇ ਹਨ। ਕੋਈ ਗੱਲਬਾਤ ਨਹੀਂ। ਸਭ ਆਪੋ-ਆਪਣੇ ਮੋਬਾਈਲਾਂ ‘ਤੇ ਹਨ। ਬਹੁਤੀ ਵਾਰ ਘਰ ਦੇ ਸਾਰੇ ਜੀਅ ਆਪੋ-ਆਪਣੇ ਕਮਰਿਆਂ ਵਿਚ ਮੋਬਾਈਲ ਨਾਲ ਚਿਪਕੇ ਹੁੰਦੇ। ਕੋਈ ਸੁੱਧ-ਬੁੱਧ ਨਹੀਂ ਕਿ ਉਹ ਕਿਥੇ ਹਨ, ਕੀ ਕਰ ਹਰੇ ਹਨ, ਕੋਈ ਭੁੱਖ-ਪਿਆਸ ਦੀ ਪ੍ਰਵਾਹ ਨਹੀਂ? ਸੋਸ਼ਲ ਮੀਡੀਆ ਦੀ ਦੁਨੀਆਂ ਵਿਚ ਗਵਾਚੇ ਮੈਂਬਰ ਆਪਣੇ ਆਪ ਤੋਂ ਗਵਾਚੇ, ਪਰਿਵਾਰ ਤੋਂ ਲਾਪ੍ਰਵਾਹ ਹੋ ਜਾਂਦੇ। ਇਕ ਖ਼ਿਆਲੀ ਤੇ ਭਰਮਾਊ ਦੁਨੀਆਂ ਦੇ ਵਾਸੀ।
ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਵ੍ਹਟਸਐਪ, ਇੰਸਟਾਗਰਾਮ, ਟਿੱਕ-ਟੌਕ ਆਦਿ ਬਹੁਤ ਸਾਰੇ ਪਲੇਟਫਾਰਮ ਉਪਰ ਨੌਜਵਾਨ ਰੀਅਲ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਰੂਬਰੂ ਹੋਣ ਦੀ ਬਜਾਏ ਸਿਰਫ਼ ਰੀਲਾਂ ਦੇਖਣ ਅਤੇ ਬਣਾਉਣ ਵੱਲ ਰੁਚਿਤ। ਆਪੋ-ਆਪਣੇ ਫਾਲੋਅਰਜ਼ ਵਧਾਉਣ ਲਈ ਕਈ ਤਰ੍ਹਾਂ ਦੀਆਂ ਘਤਿੱਤਾਂ ਵਰਤਦੇ, ਸਟੰਟ ਕਰਦੇ ਅਤੇ ਕਈ ਵਾਰ ਅਜੇਹੇ ਵਿਚ ਬਹੁਤ ਸਾਰੇ ਆਪਣੀ ਜਾਨ ਵੀ ਗਵਾ ਬਹਿੰਦੇ। ਮੈਂ ਅਕਸਰ ਦੇਖਦਾਂ ਕਿ ਦੋ ਘੰਟੇ ਦੀ ਕਲਾਸ ਵਿਚ ਪੰਜ ਮਿੰਟ ਦੀ ਬਰੇਕ ਦੌਰਾਨ ਹਰ ਵਿਦਿਆਰਥੀ ਆਪੋ-ਆਪਣੇ ਫ਼ੋਨ ‘ਤੇ ਤਾਜ਼ਾ ਅੱਪਡੇਟ ਦੇਖਣ ਲਈ ਅਹੁਲਦਾ। ਦਰਅਸਲ ਸੋਸ਼ਲ ਮੀਡੀਆ ਨੇ ਨੌਜਵਾਨਾਂ ਦੀ ਮਾਨਸਿਕਤਾ ਹੀ ਬਦਲ ਦਿਤੀ ਹੈ। ਇਹ ਬੱਚੇ ਬਹੁਤ ਸਾਰੀਆਂ ਮਾਨਸਿਕ ਬਿਮਾਰੀਆਂ ਦੇ ਨਾਲ-ਨਾਲ ਸਰੀਰਕ ਸਮੱਸਿਆਵਾਂ ਵੀ ਝੱਲ ਰਹੇ ਹਨ। ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਹੈ। ਵੀਡੀਓ ਗੇਮਾਂ ਰਾਹੀਂ ਬੱਚਿਆਂ ਨੂੰ ਐਸਾ ਉੁਲਝਾ ਲਿਆ ਜਾਂਦਾ ਕਿ ਕਈ ਵਾਰ ਉਹ ਆਪਣੀ ਜਾਨ ਵੀ ਲੈ ਲੈਂਦੇ। ਸਾਈਬਰ ਜੁਰਮ ਦਾ ਕਾਰਨ ਵੀ ਇਹ ਸੋਸ਼ਲ ਮੀਡੀਆ ਹੀ ਹੈ ਜਿਸ ਨਾਲ ਨੌਜਵਾਨ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਸੋLਸ਼ਣ ਵੀ ਕੀਤਾ ਜਾਂਦਾ।
ਸੋਸ਼ਲ ਮੀਡੀਆ ਦੀ ਇਕ ਹੋਰ ਤਰਾਸਦੀ ਹੈ ਕਿ ਇਸ ਵਿਚ ਵੱਖ-ਵੱਖ ਰੀਲਾਂ ਦੇਖ ਕੇ ਹਰ ਨੌਜਵਾਨ ਉਸ ਵਰਗੀ ਦਿੱਖ, ਮਹਿੰਗੇ ਕੱਪੜੇ, ਕਰਤੂਤਾਂ ਕਰਨ ਜਾਂ ਖਾਣ-ਪੀਣ ਤੇ ਰਹਿਣ-ਸਹਿਣ ਦੀਆਂ ਆਦਤਾਂ ਵਿਚ ਵਿਗਾੜ ਪੈਦਾ ਕਰ ਲੈਂਦਾ। ਛੋਟੀ ਉਮਰ ਵਿਚ ਬੱਚਿਆਂ ਦਾ ਚਿੜਚਿੜਾ ਹੋਣਾ, ਉਨ੍ਹਾਂ ਦੇ ਐਨਕਾਂ ਲੱਗ ਜਾਣੀਆਂ, ਮੋਟਾਪੇ ਦਾ ਸ਼ਿਕਾਰ ਹੋਣਾ ਜਾਂ ਔਟਿਜ਼ਮ ਤੋਂ ਪੀੜਤ ਹੋਣਾ ਤਾਂ ਹੁਣ ਆਮ ਗੱਲ ਹੋ ਗਈ ਹੈ।
ਸਾਡੇ ਸਮਿਆਂ ਵਿਚ ਮਾਪੇ ਅਨਪੜ੍ਹ ਸਨ ਪਰ ਉਨ੍ਹਾਂ ਦੇ ਬੱਚੇ ਮਾਸਟਰ, ਡਾਕਟਰ, ਇੰਜਨੀਅਰ, ਪ੍ਰੋਫੈਸਰ, ਅਫਸਰ, ਫੌਜ ਦੇ ਜਰਨੈਲ ਆਦਿ ਬਣੇ। ਪਰ ਅੱਜ-ਕੱਲ੍ਹ ਮਾਪੇ ਪੜ੍ਹੇ-ਲਿਖੇ, ਵੱਡੇ ਰੁਤਬਿਆਂ ‘ਤੇ ਹਨ ਪਰ ਉਨ੍ਹਾਂ ਦੀ ਔਲਾਦ ਜ਼ਿਆਦਾਤਰ ਸੋਸ਼ਲ ਮੀਡੀਆ ਵਿਚ ਅਜੇਹੀ ਗਲ਼ਤਾਨ ਹੋਈ ਕਿ ਉਹ ਅਜੇਹਾ ਕੁਝ ਪ੍ਰਾਪਤ ਨਹੀਂ ਕਰ ਰਹੀ ਜਿਹੜੇ ਉਨ੍ਹਾਂ ਦੇ ਮਾਪੇ ਕਰ ਸਕੇ। ਇਸ ਲਈ ਜਿਥੇ ਅਧੁਨਿਕ ਦੌਰ ਕਸੂਰਵਾਰ ਹੈ, ਉਥੇ ਮਾਪੇ ਵੀ ਬਹੁਤ ਹੱਦ ਤੀਕ ਕਸੂਰਵਾਰ ਹਨ।
ਗੁਰਦੁਆਰੇ ਅਕਸਰ ਹੀ ਜਾਂਦਾ ਹਾਂ ਤਾਂ ਦੇਖਦਾ ਹਾਂ ਕਿ ਮੇਨ ਹਾਲ ਹੋਵੇ ਜਾਂ ਲੰਗਰ ਹਾਲ, ਮਾਵਾਂ ਆਪ ਤਾਂ ਗੱਲਾਂ-ਬਾਤਾਂ ਵਿਚ ਰੁੱਝੀਆਂ ਹੁੰਦੀਆਂ ਅਤੇ ਬੱਚਿਆਂ ਨੂੰ ਫ਼ੋਨ ਫੜਾ ਦਿੰਦੀਆਂ ਹਨ। ਛੋਟੇ ਬੱਚੇ ਦੀ ਇਹ ਆਦਤ ਬਣ ਜਾਂਦੀ ਕਿ ਉਸਨੂੰ ਰੋਂਦੇ ਨੂੰ ਚੁੱਪ ਕਰਵਾਉਣਾ ਹੋਵੇ, ਕੁਝ ਮਨਾਉਣਾ ਹੋਵੇ, ਫ਼ੋਨ ਦਾ ਲਾਲਚ ਦੇ ਦਿਤਾ ਜਾਂਦਾ। ਕਈ ਵਾਰ ਤਾਂ ਇੰਝ ਵੀ ਹੁੰਦਾ ਕਿ ਇਕ ਫੋਨ ਬੱਚੇ ਕੋਲ ਹੁੰਦਾ ਅਤੇ ਦੂਸਰੇ ਫ਼ੋਨ ‘ਤੇ ਮਾਂ ਕੋਲ ਬੈਠੀ ਰੀਲਾਂ ਬਣਾਉਣ ਜਾਂ ਰੀਲਾਂ ਦੇਖਣ ਵਿਚ ਵਿਅਸਤ। ਜਦ ਤੁਸੀਂ ਆਪ ਹੀ ਫ਼ੋਨ ਤੋਂ ਪਿੱਛਾ ਨਹੀਂ ਛੁਡਾਉਂਦੇ ਤਾਂ ਇਹ ਕਿਵੇਂ ਆਸ ਕੀਤੀ ਜਾ ਸਕਦੀ ਕਿ ਤੁਹਾਡੇ ਬੱਚੇ ਫੋਨ ਨਾ ਦੇਖਣ। ਦਰਅਸਲ ਬੱਚਿਆਂ ਨੂੰ ਕੋਈ ਵੀ ਸੁਮੱਤ ਦੇਣ ਤੋਂ ਪਹਿਲਾਂ ਖੁਦ ਆਪ ਇਸ ਸੁਮੱਤ ‘ਤੇ ਅਮਲ ਕਰਨਾ ਹੁੰਦਾ। ਬੱਚੇ ਨੇ ਤਾਂ ਉਹੀ ਕੁਝ ਕਰਨਾ ਜੋ ਉਸਦੇ ਮਾਪੇ ਕਰਦੇ।
ਸਾਡੇ ਸਮਿਆਂ ਵਿਚ ਸਕੂਲਾਂ ਵਿਚ ਸਵੇਰੇ ਪੀਟੀ ਹੋਣੀ ਅਤੇ ਹਰ ਵਿਹਲੇ ਪੀਰੀਅਡ ਵਿਚ ਪੀਟੀ ਮਾਸਟਰ ਨੇ ਗਰਾਊਂਡ ਵਿਚ ਲੈ ਜਾਣਾ। ਮਾਪਿਆਂ ਨਾਲ ਖੇਤੀ ਅਤੇ ਘਰ ਦਾ ਹਰ ਕੰਮ ਕਰਵਾਉਣਾ। ਹਰ ਕੰਮ ਨੂੰ ਤਨਦੇਹੀ, ਸਿਰੜ ਅਤੇ ਸਾਧਨਾ ਨਾਲ ਕਰਨ ਦੀ ਆਦਤ ਸਾਡੇ ਮਾਪਿਆਂ ਨੇ ਸਾਨੂੰ ਅਚੇਤ ਰੂਪ ਵਿਚ ਦਿਤੀ। ਸ਼ਾਮ ਹੁੰਦਿਆਂ ਹੀ ਫਿਰਨੀ ‘ਤੇ ਖਿੱਦੋ-ਖੂੰਡੀ ਖੇਡਣਾ। ਲੱਕੜ ਦੀਆਂ ਖੂੰਡੀਆਂ ਅਤੇ ਪਿੱੜੀਆਂ ਪਾ ਕੇ ਲੀਰਾਂ ਵਾਲੀ ਖਿੱਦੋ ਨਾਲ ਖੇਡਦਿਆਂ ਧੁੱਧਲ ਖੂਬ ਉਡਦੀ। ਮੂੰਹ ਸਿਰ ਘੱਟੇ ਨਾਲ ਭਰ ਜਾਂਦਾ। ਕੋਈ ਕਬੱਡੀ ਖੇਡਦਾ। ਪਿੰਡ ਦੇ ਆਲੇ-ਦੁਆਲੇ ਜਾਂ ਗਲੀਆਂ ਵਿਚ ਛੂਹਣ-ਛੂਹਾਈ ਖੇਡਦਿਆਂ ਅੱਧੀ ਰਾਤ ਹੋ ਜਾਣੀ। ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਬਚਪਨ ਦੇ ਉਨ੍ਹਾਂ ਦਿਨਾਂ ਦੀ ਬਹੁਤ ਵੱਡੀ ਭੂਮਿਕਾ। ਸ਼ਾਇਦ ਇਸ ਕਰਕੇ ਹੀ ਕੱਚੇ ਘਰਾਂ ਵਾਲਿਆਂ ਦੇ ਬੱਚੇ, ਗਲ਼ ਵਿਚ ਬਸਤਾ ਪਾਈ, ਬੋਰੀਆਂ `ਤੇ ਬੈਠ ਕੇ ਸਕੂਲ ਵਿਚ ਪੜ੍ਹਨ ਵਾਲੇ ਵੱਡੇ ਅਫਸਰ ਬਣੇ। ਮਾਪੇ ਕੋਈ ਉਚੇਚ ਨਹੀਂ ਸੀ ਕਰਦੇ ਸਗੋਂ ਉਹ ਬੱਚਿਆਂ ਨੂੰ ਆਪਣੇ ਨਾਲ ਆਹਰੇ ਲਾਈ ਰੱਖਦੇ ਤਾਂ ਕਿ ਬੱਚਿਆਂ ਨੂੰ ਜੀਵਨ ਦੀ ਕਰੂਰ ਸਚਾਈ, ਸਖਤ ਮਿਹਨਤ ਦਾ ਸੱਚ ਅਤੇ ਮੁੜ੍ਹਕੇ ਦੀ ਮਹੱਤਤਾ ਦਾ ਪਤਾ ਲਗ ਸਕੇ। ਉਹ ਕੁਝ ਅਜੇਹਾ ਕਰਨ ਕਿ ਉਨ੍ਹਾਂ ਦੇ ਮਾਪਿਆਂ ਦਾ ਸਿਰ ਉਨ੍ਹਾਂ ਦੀ ਪ੍ਰਾਪਤੀ ਸਦਕਾ ਉਚਾ ਹੋਵੇ। ਪਰ ਅੱਜ-ਕੱਲ੍ਹ ਅਜੇਹਾ ਨਹੀਂ ਹੋ ਰਿਹਾ। ਮਾਪੇ ਬੱਚਿਆਂ ਤੋਂ ਡਰਦੇ ਹਨ। ਉਨ੍ਹਾਂ ਦੀ ਹਰ ਮੰਗ ਪੂਰੀ ਕਰਦੇ ਹਨ। ਫਿਰ ਵੀ ਬੱਚੇ ਉਹ ਕੁਝ ਪ੍ਰਾਪਤ ਨਹੀਂ ਕਰ ਰਹੇ ਜੋ ਮਾਪੇ ਚਾਹੁੰਦੇ ਹਨ। ਦਰਅਸਲ ਮਾਪਿਆਂ ਕੋਲ ਸਮਾਂ, ਸੋਝੀ ਤੇ ਜਾਚ ਹੀ ਨਹੀਂ ਕਿ ਉਹ ਆਪਣੇ ਬੱਚਿਆਂ ਦੇ ਰੋਲ ਮਾਡਲ ਬਣ ਸਕਣ। ਸ਼ਾਇਦ ਇਸ ਮਾਨਸਿਕ ਵਿਗਾੜ ਕਾਰਨ, ਸੋਸ਼ਲ ਮੀਡੀਆ ਦੇ ਅਸਰ ਹੇਠ ਬੱਚੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ।
ਜੇ ਕੋਈ ਵੀ ਬੱਚਾ ਸੋਸ਼ਲ ਮੀਡੀਆ ਦੇਖਦਾ ਤਾਂ ਮਾਪਿਆਂ ਨੂੰ ਪਤਾ ਹੋਵੇ ਕਿ ਉਹ ਕੀ ਦੇਖਦਾ, ਕਿੰਨਾ ਚਿਰ ਦੇਖਦਾ, ਉਸਦੀ ਮਿੱਤਰ-ਮੰਡਲੀ ਕਿਹੜੀ ਹੈ? ਉਸਦੀ ਸ਼ਖਸੀਅਤ ਵਿਚ ਕੋਈ ਮਾੜਾ ਬਦਲਾਅ ਤਾਂ ਨਹੀਂ ਆ ਰਿਹਾ? ਉਹ ਪਰਿਵਾਰ ਤੋਂ ਦੂਰ ਤਾਂ ਨਹੀਂ ਜਾ ਰਿਹਾ? ਉਸਦੇ ਸੌਣ ਦੇ ਸਮੇਂ ਵਿਚ ਕੋਈ ਤਬਦੀਲੀ ਤਾਂ ਨਹੀਂ ਆ ਗਈ? ਸਭ ਤੋਂ ਜ਼ਰੂਰੀ ਹੈ ਕਿ 18 ਸਾਲ ਦੀ ਉਮਰ ਤੱਕ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਸਰਕਾਰ ਵਲੋਂ ਰੋਕ ਹੋਣੀ ਚਾਹੀਦੀ ਹੈ ਤਾਂ ਕਿ ਬੱਚੇ ਦਾ ਪਾਕੀਜ਼ ਮਨ ਅਜੇਹੇ ਵਿਗਾੜਾਂ ਤੋਂ ਬਚਿਆ ਰਹੇ।
ਬੱਚੇ ਲਈ ਫ਼ੋਨ ਦੀ ਵਰਤੋਂ ਸੀਮਤ ਸਮੇਂ ਲਈ ਨਿਰਧਾਰਤ ਕਰੋ। ਉਸ ਨਾਲ ਗੱਲਾਂ ਕਰੋ। ਉਸਨੂੰ ਆਪਣੇ ਆਪ ਨਾਲ ਜੋੜੋ। ਬੱਚੇ ਨੂੰ ਜ਼ਿੰਦਗੀ ਦੇ ਉਸ ਸੱਚ ਦੇ ਰੂਬਰੂ ਕਰੋ ਜਿਸ ਤੋਂ ਉਹ ਅਣਜਾਣ ਹੈ। ਸੱਚ ਜਿਸਦਾ ਸਾਹਮਣਾ ਉਸਨੂੰ ਜੀਵਨ ਵਿਚ ਕਰਨਾ ਪੈਣਾ ਜਦ ਉਸਦਾ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਦੌਰਾਨ ਵੱਖ-ਵੱਖ ਲੋਕਾਂ ਨਾਲ ਵਾਹ ਪੈਣਾ, ਵੱਖ-ਵੱਖ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਅਤੇ ਔਖੇ ਹਲਾਤਾਂ ਥੀਂ ਆਪਣਾ ਰਾਹ ਬਣਾ ਕੇ ਆਪਣੀਆਂ ਪੈੜਾਂ ਸਿਰਜਣੀਆਂ।
ਚੀਨ ਵਿਚ 18 ਸਾਲ ਤੱਕ ਦੀ ਉਮਰ ਤੱਕ ਸੋਸ਼ਲ ਮੀਡੀਆ ਵਰਤਣ ‘ਤੇ ਪਾਬੰਦੀ ਹੈ। ਸਕੂਲਾਂ ਵਿਚ ਬੱਚਿਆਂ ਨੂੰ ਸਰੀਰਕ ਕਸਰਤਾਂ ਕਰਵਾਈਆਂ ਜਾਂਦੀਆਂ। ਉਨ੍ਹਾਂ ਦੇ ਵਿਅਕਤੀਤਵ ਵਿਕਾਸ ਦੇ ਨਾਲ, ਸਮਾਜਿਕ ਕਦਰਾਂ-ਕੀਮਤਾਂ ਦੀ ਪ੍ਰਪੱਕਤਾ ਅਤੇ ਵਿਦਿਆਕ ਯੋਗਤਾ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੂੰ ਅਧੁਨਿਕ ਟੈਕਨਾਲੋਜੀ ਨਾਲ ਤਾਂ ਜੋੜਿਆ ਜਾ ਰਿਹਾ ਪਰ ਸੋਸ਼ਲ ਮੀਡੀਆ ਨਾਲ ਨਹੀਂ। ਸੱਚ ਤਾਂ ਇਹ ਹੈ ਕਿ ਜ਼ਿਆਦਾਤਰ ਸੋਸ਼ਲ ਮੀਡੀਆ ਨਕਾਰਾਤਮਕ ਹਨ। ਇਹੀ ਨਕਾਰਾਤਮਿਕਤਾ ਨੇ ਜਦ ਸਾਡੀ ਨੌਜਵਾਨ ਪੀੜ੍ਹੀ ਦੇ ਮਨ ਵਿਚ ਘਰ ਕਰ ਲਿਆ ਤਾਂ ਸਾਡਾ ਭਵਿੱਖ ਧੁੰਧਲਾ ਹੋ ਜਾਵੇਗਾ। ਫਿਰ ਸਮਾਂ ਬੀਤੇ ਤੋਂ ਬਾਅਦ ਸਾਡੇ ਪੱਲੇ ਸਿਰਫ਼ ਪਛਤਾਵਾ ਹੀ ਰਹਿਣਾ। ਚੀਨ ਦੀ ਤਰੱਕੀ ਦਾ ਰਾਜ਼ ਹੀ ਇਹ ਹੈ ਕਿ ਉਹ ਨੌਜਵਾਨ ਪੀੜ੍ਹੀ ਨੂੰ ਜ਼ਿੰਮੇਵਾਰ, ਹਿੰਮਤੀ ਅਤੇ ਨਵੀਆਂ ਪੇਸ਼ਬੰਦੀਆਂ ਦਾ ਰਾਹ-ਗੁਜ਼ਰ ਬਣਾਉਣ ਲਈ ਵਿਸ਼ੇਸ਼ ਧਿਆਨ ਦਿੰਦੇ।
ਸੋਸ਼ਲ ਮੀਡੀਆ ਕਾਰਨ ਬੈਠੇ ਰਹਿਣ ਕਰਕੇ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ। ਇਸ ਨਾਲ ਕਈ ਕਿਸਮ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਛੋਟੀ ਉਮਰ ਵਿਚ ਪੈਦਾ ਹੋ ਜਾਂਦੀਆਂ। ਉਹ ਆਪਣੇ ਟੀਚਿਆਂ ਪ੍ਰਤੀ ਅਵੇਸਲੇ ਅਤੇ ਲਾਪ੍ਰਵਾਹ ਹੋ ਜਾਂਦੇ ਕਿਉਂਕਿ ਉਨ੍ਹਾਂ ਦਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਖਰਾਬ ਕਰ ਦਿੰਦਾ। ਵੈਸੇ ਵੀ ਸੋਸ਼ਲ ਮੀਡੀਆ ਵਿਚ ਬਹੁਤ ਕੁਝ ਅਜੇਹਾ ਹੁੰਦਾ ਜੋ ਮਨ ਨੂੰ ਤਾਂ ਭਾਉਂਦਾ ਪਰ ਕੱਚੀ ਸੋਚ ਵਿਚ ਅਜੇਹਾ ਵਿਗਾੜ ਪੈਦਾ ਕਰਦਾ ਜਿਸਦਾ ਇਵਜ਼ਾਨਾ ਬੱਚਿਆਂ ਅਤੇ ਮਾਪਿਆਂ ਨੂੰ ਸਾਰੀ ਉਮਰ ਭਰਨਾ ਪੈਂਦਾ।
ਸਾਡੇ ਸਮਿਆਂ ਵਿਚ ਇਹ ਵੀ ਮਹੱਤਵਪੂਰਨ ਸੀ ਕਿ ਸਾਡੇ ਰੋਲ-ਮਾਡਲ ਸਾਡੇ ਅਧਿਆਪਕ ਹੁੰਦੇ ਜੋ ਸਾਨੂੰ ਸਾਡੇ ਸੁਪਨਿਆਂ ਅਤੇ ਇਨ੍ਹਾਂ ਦੇ ਸੱਚ ਨੂੰ ਅੱਖਾਂ ਸਾਹਵੇਂ ਪੈਦਾ ਕਰਨ ਲਈ ਜੁਗਤਾਂ ਅਤੇ ਜਜ਼ਬੇ ਦੀ ਪ੍ਰੇਰਨਾ ਦਿੰਦੇ। ਉਨ੍ਹਾਂ ਦਾ ਆਪਣੇ ਵਿਦਿਆਰਥੀਆਂ ਨਾਲ ਅਪਣੱਤ ਵਾਲਾ ਰਿਸ਼ਤਾ ਸੀ ਅਤੇ ਵਿਦਿਆਰਥੀਆਂ ਦੇ ਮਨਾਂ ਵਿਚ ਮਾਨਸਿਕ ਭਟਕਣਾ ਪੈਦਾ ਕਰਨ ਵਾਲਾ ਕੁਝ ਨਹੀਂ ਸੀ। ਉਨ੍ਹਾਂ ਸਮਿਆਂ ਵਿਚ ਘਰ ਅਤੇ ਸਕੂਲ ਤੋਂ ਬਿਨਾਂ ਕੁਝ ਨਹੀਂ ਸੀ। ਦੋ ਹੀ ਕੰਮ ਸਨ ਜਾਂ ਤਾਂ ਪੜ੍ਹਨਾ ਜਾਂ ਆਪਣੇ ਮਾਪਿਆਂ ਦਾ ਕੰਮ ਵਿਚ ਹੱਥ ਵਟਾਉਣਾ। ਆਪਣੇ ਹਾਣੀਆਂ ਨਾਲ ਪੇਂਡੂ ਖੇਡਾਂ ਖੇਡਦਿਆਂ, ਮਨੋਰੰਜਨ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਵੱਲ ਤਵੱਜੋਂ ਦੇਣਾ।
ਹੁਣ ਜ਼ਿਆਦਾਤਰ ਬੱਚੇ ਹਿੰਸਕ ਹੋ ਰਹੇ ਹਨ। ਮਾਪਿਆਂ ਦਾ ਆਖਾ ਮੰਨਣ ਤੋਂ ਇਨਕਾਰੀ। ਆਪਣੇ ਅਧਿਆਪਕਾਂ ਦੀ ਅਵੱਗਿਆ ਕਰਨ ਲੱਗਿਆਂ ਪਲ ਨਹੀਂ ਲਾਉਂਦੇ। ਉਨ੍ਹਾਂ ਦੇ ਮਨਾਂ ਵਿਚ ਸਤਿਕਾਰ ਦੀ ਘਾਟ। ਸੋਸ਼ਲ ਮੀਡੀਆ ਨੇ ਨਿੱਜ ਦੀ ਉਚਤਾ ਵੱਲ ਅਜੇਹਾ ਕੇਂਦਰਤ ਕੀਤਾ ਕਿ ਉਨ੍ਹਾਂ ਨੂੰ ਆਪਣੇ ਆਪ ਨਾਲੋਂ ਹੋਰ ਕੋਈ ਸਿਆਣਾ, ਸੂਝਵਾਨ ਜਾਂ ਸੰਵੇਦਨਸ਼ੀਲ ਨਜ਼ਰ ਹੀ ਨਹੀਂ ਆਉਂਦਾ। ਉਨ੍ਹਾਂ ਨੇ ਸੋਸ਼ਲ ਮੀਡੀਆ ਦੀ ਅਜੇਹੀ ਦੁਨੀਆ ਸਿਰਜ ਲਈ ਕਿ ਉਹ ਇਸ ਤੋਂ ਬਾਹਰ ਆਉਣ ਲਈ ਤਿਆਰ ਹੀ ਨਹੀਂ। ਲੋੜ ਤਾਂ ਇਹ ਕਿ ਬੱਚਾ ਮਾਨਸਿਕ ਤੌਰ ‘ਤੇ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਤਿਆਰ ਕੀਤਾ ਜਾਵੇ। ਇਸ ਲਈ ਉਸਦੇ ਮੱਥੇ ਵਿਚ ਸੁਪਨਾ ਧਰਨਾ ਅਤੇ ਇਸਦੀ ਪ੍ਰਾਪਤੀ ਲਈ ਜਨੂੰਨ ਪੈਦਾ ਕਰਨਾ ਲਾਜ਼ਮੀ।
ਬੱਚੇ ਨੂੰ ਸੋਸ਼ਲ ਮੀਡੀਆ ਨਹੀਂ, ਸਗੋਂ ਸੁਪਨਾ ਦਿਓ, ਸਿਰੜ ਅਤੇ ਸਾਧਨਾਂ ਦੀ ਗੁੜ੍ਹਤੀ ਦਿਓ। ਸੰਵੇਦਨਾ ਅਤੇ ਸਮਝਦਾਰੀ ਦਾ ਦਾਨ ਦਿਓ। ਸੁਘੜ ਅਤੇ ਸਮਝਦਾਰ ਬਣਾਓ। ਕੁਝ ਬਣਨ ਦਾ ਹੁਨਰ ਸਿਖਾਓ। ਉਸਨੂੰ ਜੀਵਨ ਦੀਆਂ ਸੱਜਰੀਆਂ ਅਤੇ ਸੁਰਖ਼ ਪੈੜਾਂ ਸਿਰਜਣ ਦਾ ਵਲ ਸਿਖਾਓ।
ਬੱਚੇ ਨੂੰ ਮੋਬਾਈਲ ਨਹੀਂ, ਸਗੋਂ ਇਕ ਮਿਸ਼ਨ ਦਿਓ ਜਿਸਦੀ ਉਹ ਪੂਰਤੀ ਕਰੇ। ਇਕ ਮਾਟੋ ਦਿਓ ਜਿਸ ‘ਤੇ ਪਹਿਰਾ ਦਿੰਦਿਆਂ ਉਹ ਆਪਣੇ ਰਾਹਾਂ ਨੂੰ ਖੁਦ ਸਿਰਜੇ। ਉਸਨੂੰ ਮਿਹਨਤ ਕਰਨ ਦੀ ਤਰਕੀਬ ਸਿਖਾਓ ਜੋ ਉਸਦੀ ਤਕਦੀਰ ਬਣੇ। ਉਸਨੂੰ ਮੁਹੱਬਤ ਦਾ ਪਾਠ ਪੜ੍ਹਾਓ ਤਾਂ ਕਿ ਉਹ ਪਰਿਵਾਰ ਦਾ ਮੁਹੱਬਤੀ ਹਿੱਸਾ ਬਣ ਕੇ ਪਿਆਰ ਵੰਡੇ ਅਤੇ ਪਿਆਰ ਕਮਾਵੇ। ਉਸਨੂੰ ਮਹਿਮਾਨ-ਨਿਵਾਜ਼ੀ ਦਾ ਗੁਰ ਵੀ ਸਿਖਾਓ ਕਿ ਕਿਸੇ ਮਹਿਮਾਨ ਦੇ ਆਉਣ ‘ਤੇ ਕਿਵੇਂ ਜੀਅ ਆਇਆਂ ਕਹਿਣਾ, ਕਿਵੇਂ ਉਸਦੀ ਆਓ-ਭਗਤ ਕਰਨੀ ਅਤੇ ਪਰਿਵਾਰ ਦਾ ਮਾਣਮੱਤਾ ਹਸਤਾਖ਼ਰ ਬਣਨ ਦੇ ਮਾਰਗੀ ਬਣਨਾ। ਮੈਦਾਨ ਵਿਚ ਜਾਣ ਦੀ ਪਿਰਤ ਪਾਓ ਤਾਂ ਕਿ ਉਹ ਖੇਡਾਂ ਵਿਚ ਨਾਮਣਾ ਵੀ ਖੱਟੇ ਅਤੇ ਤੰਦਰੁਸਤ ਵੀ ਰਹੇ।
ਬੱਚਿਆਂ ਨੂੰ ਰੀਲਾਂ ਬਣਾਉਣ ਤੋਂ ਹੋੜੋ ਸਗੋਂ ਰੀਅਲ (ਅਸਲੀ) ਜ਼ਿੰਦਗੀ ਦੇ ਦਰਸ਼-ਦੀਦਾਰੇ ਕਰੇ। ਬੱਚੇ ਜਦ ਸੋਸ਼ਲ ਮੀਡੀਆ ਦੇ ਗੁਲਾਮ ਬਣ ਜਾਂਦੇ ਤਾਂ ਉਨ੍ਹਾਂ ਨੂੰ ਇਸ ਤੋਂ ਬਗੈਰ ਕੁਝ ਵੀ ਚੰਗਾ ਨਹੀਂ ਲੱਗਦਾ। ਕਈ ਵਾਰ ਝਿੜਕਣ ‘ਤੇ ਉਹ ਖੁਦਕੁਸ਼ੀ ਵੀ ਕਰ ਲੈਂਦੇ। ਬੱਚਿਆਂ ਨੂੰ ਸਕਰੀਨ ਨਹੀਂ ਸਗੋਂ ਸਕਿੱਲਜ਼ ਦਿਓ, ਸਿਆਣਪਾਂ ਦਿਓ ਸਚਿਆਰਾ ਬਣਨ ਦੀ ਜੁਗਤੀ ਸਮਝਾਓ। ਸਭਿਅਕ ਸਮਾਜ ਨੂੰ ਉਸਾਰਨ ਦੀ ਪਹਿਲਕਦਮੀ ਲਈ ਉਤਸ਼ਾਹਿਤ ਕਰੋ।
ਬੱਚਿਆਂ ਨੂੰ ਪਿਆਰ, ਪ੍ਰੇਰਨਾ, ਪਕਿਆਈ ਅਤੇ ਪਰਪੱਕਤਾ ਨਾਲ ਸੋਸ਼ਲ ਮੀਡੀਆ ਤੋਂ ਦੂਰ ਕਰੋ। ਜੇ ਬਹੁਤ ਦੇਰ ਹੋ ਗਈ ਤਾਂ ਤੁਹਾਡੀ ਕਮਾਈ, ਜੋੜਿਆ ਹੋਇਆ ਧਨ ਜਾਂ ਤੁਹਾਡੀ ਵਿਰਾਸਤ ਨੂੰ ਕੋਈ ਨਹੀਂ ਬਚਾ ਸਕੇਗਾ। ਸਮਾਂ ਰਹਿੰਦਿਆਂ ਸਾਰਥਿਕ ਕਦਮ ਰਾਹੀਂ ਹੀ ਸੁਚਾਰੂ ਸਿੱਟਿਆਂ ਦੀ ਆਸ ਕੀਤੀ ਜਾ ਸਕਦੀ ਹੈ। ਬੱਚੇ ਤੁਹਾਡੇ ਹੀ ਹਨ ਅਤੇ ਉਨ੍ਹਾਂ ਦਾ ਸੰਤੁਲਤ ਪਾਲਣ-ਪੋਸ਼ਣ ਕਰਨਾ ਵੀ ਤਾਂ ਤੁਹਾਡੀ ਹੀ ਸਭ ਤੋਂ ਵੱਡੀ ਪ੍ਰਮੁੱਖਤਾ ਹੋਣੀ ਚਾਹੀਦੀ।
ਬੱਚੇ ਤੁਹਾਡੀ ਦੌਲਤ ਅਤੇ ਅਮਾਨਤ ਹਨ। ਇਸਦੀ ਸੰਭਾਲ ਵੀ ਤਾਂ ਤੁਸੀਂ ਹੀ ਕਰਨੀ ਆ। ਮਤਾਂ! ਦੇਰ ਹੋ ਜਾਵੇ।
