ਮੁਹਾਲੀ: ਸਥਾਨਕ ਅਦਾਲਤ ਨੇ ਤਕਰੀਬਨ ਚਾਰ ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਖਾੜਕੂਆਂ ਜਗਮੋਹਨ ਸਿੰਘ ਤੇ ਦਰਸ਼ਨ ਸਿੰਘ ਨੂੰ 10-10 ਸਾਲ ਕੈਦ ਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਸਾਥੀ ਹਰਪ੍ਰੀਤ ਸਿੰਘ ਨੂੰ ਤਿੰਨ ਸਾਲ ਕੈਦ ਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ ਜਦੋਂਕਿ ਅਮਰਜੀਤ ਸਿੰਘ ਨੂੰ ਬਰੀ ਕਰ ਦਿੱਤਾ ਹੈ।
ਇਨ੍ਹਾਂ ਵਿਚੋਂ ਹਰਪ੍ਰੀਤ ਸਿੰਘ ਜ਼ਮਾਨਤ ‘ਤੇ ਚੱਲ ਰਿਹਾ ਸੀ ਜਦੋਂਕਿ ਬਾਕੀ ਤਿੰਨ ਪਿਛਲੇ ਕਾਫੀ ਸਮੇਂ ਤੋਂ ਕੇਂਦਰੀ ਜੇਲ੍ਹ ਨਾਭਾ ਵਿਚ ਬੰਦ ਸਨ। ਇਸ ਬਾਰੇ 25 ਸਤੰਬਰ, 2009 ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁਨ ਜਗਮੋਹਨ ਸਿੰਘ, ਦਰਸ਼ਨ ਸਿੰਘ, ਹਰਪ੍ਰੀਤ ਸਿੰਘ ਤੇ ਅਮਰਜੀਤ ਸਿੰਘ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿਚ ਅਤਿਵਾਦੀ ਸਰਗਰਮੀਆਂ ਤੇ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਨੂੰ ਪੀæਸੀæਏ ਸਟੇਡੀਅਮ ਨੇੜਿਓਂ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੰਜਾਬ ਪੁਲਿਸ ਦੇ 18 ਪੜਤਾਲੀਆ ਅਫ਼ਸਰਾਂ ਤੇ ਸਰਕਾਰੀ ਗਵਾਹਾਂ ਦੀਆਂ ਗਵਾਹੀਆਂ ਮੁਕੰਮਲ ਹੋਣ ਤੇ ਪੁਲਿਸ ਵੱਲੋਂ ਪੇਸ਼ ਸਬੂਤਾਂ ਨੂੰ ਆਧਾਰ ਬਣਾ ਕੇ ਤਿੰਨ ਖਾੜਕੂਆਂ ਨੂੰ ਦੋਸ਼ੀ ਮੰਨਦੇ ਹੋਏ ਉਕਤ ਸਜ਼ਾ ਸੁਣਾਈ ਗਈ। ਅਦਾਲਤ ਨੇ ਆਪਣੇ ਹੁਕਮਾਂ ਵਿਚ ਇਹ ਵੀ ਸਪਸ਼ਟ ਕੀਤਾ ਹੈ ਕਿ ਜੇ ਮੁਲਜ਼ਮ ਸਮੇਂ ਸਿਰ ਜੁਰਮਾਨੇ ਦੀ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਤਿੰਨ-ਤਿੰਨ ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ।
ਪੁਲਿਸ ਅਮਰਜੀਤ ਸਿੰਘ ਖ਼ਿਲਾਫ਼ ਅਦਾਲਤ ਵਿਚ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਇਸ ਕਾਰਨ ਅਦਾਲਤ ਨੇ ਉਸ ਨੂੰ ਬਾਇੱਜ਼ਤ ਬਰੀ ਕਰ ਦਿੱਤਾ।
ਸਰਕਾਰੀ ਗਵਾਹ ਸੁਰਤ ਸਿੰਘ ਵਾਸੀ ਫਿਰੋਜ਼ਪੁਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਕਿਹਾ ਸੀ ਕਿ ਖਾੜਕੂ ਬਲਬੀਰ ਸਿੰਘ ਭੂਤਨਾ 2009 ਦੌਰਾਨ ਕੇਂਦਰੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਸੀ। ਉਸ ਨੂੰ ਭੂਤਨੇ ਦਾ ਫੋਨ ਆਇਆ ਸੀ ਕਿ ਉਹ ਉਨ੍ਹਾਂ ਦੇ ਪਿੰਡ ਜਾ ਕੇ ਉਸ ਦੀ ਮਾਂ ਦਾ ਹਾਲ-ਚਾਲ ਪੁੱਛ ਕੇ ਆਵੇ।
ਉਸ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਪਿਆਰਾ ਸਿੰਘ ਨਾਂ ਦੇ ਇਕ ਵਿਅਕਤੀ ਨੂੰ ਕੁਝ ਕੱਪੜੇ ਦੇ ਕੇ ਉਸ ਕੋਲ ਭੇਜਣਗੇ ਤੇ ਉਹ ਕੱਪੜਿਆਂ ਨੂੰ ਉਸ ਦੇ ਘਰ ਤੱਕ ਪੁੱਜਦਾ ਕਰ ਦੇਵੇ। ਸੁਰਤ ਸਿੰਘ ਨੇ ਕਿਹਾ ਕਿ ਜਦੋਂ ਪਿਆਰਾ ਸਿੰਘ ਆਇਆ ਤਾਂ ਉਸ ਕੋਲ ਕੱਪੜਿਆਂ ਦੀ ਥਾਂ ਆਰæਡੀæ ਐਕਸ ਸੀ। ਇਸ ਨੂੰ ਦੇਖ ਕੇ ਉਹ ਘਬਰਾ ਗਿਆ। ਉਸ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਨੇ ਛਾਪਾ ਮਾਰ ਕੇ ਪਿਆਰਾ ਸਿੰਘ ਦੇ ਘਰੋਂ ਆਰæਡੀæ ਐਕਸ ਬਰਾਮਦ ਕਰਕੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਸ ਮਗਰੋਂ ਉਕਤ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
____________________________
ਰੁਲਦਾ ਸਿੰਘ ਕਤਲ ਕੇਸ ਵਿਚ ਤਿੰਨ ਜਣਿਆਂ ਨੂੰ ਕੈਦ
ਮੁਹਾਲੀ: ਰੁਲਦਾ ਸਿੰਘ ਕਤਲ ਮਾਮਲੇ ਵਿਚ ਸਥਾਨਕ ਅਦਾਲਤ ਨੇ ਦੋ ਵਿਅਕਤੀਆਂ ਨੂੰ 10-10 ਸਾਲ ਤੇ ਇਕ ਨੂੰ ਤਿੰਨ ਸਾਲ ਕੈਦ ਤੇ ਇਨ੍ਹਾਂ ਦੇ ਇਕ ਸਾਥ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜ਼ਿਕਰਯੋਗ ਹੈ ਕਿ ਜਗਮੋਹਨ ਸਿੰਘ ਨੂੰ 24 ਸਤੰਬਰ, 2009 ਨੂੰ ਰੁਲਦਾ ਸਿੰਘ ਦੇ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੁਲਿਸ ਨੇ ਅਗਲੇ ਦਿਨ ਅਜੀਤਗੜ੍ਹ ਸਥਿਤ ਫੇਜ਼-9 ਦੇ ਕ੍ਰਿਕਟ ਸਟੇਡੀਅਮ ਕੋਲ ਨਾਕਾਬੰਦੀ ਦੌਰਾਨ ਦਰਸ਼ਨ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ ਨੂੰ 30 ਬੋਰ ਦਾ ਪਿਸਟਲ ਤੇ 15 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਮੁਤਾਬਕ ਉਪਰੋਕਤ ਵਿਅਕਤੀਆਂ ਦੇ ਸਬੰਧ ਬੱਬਰ ਖਾਲਸਾ ਜਥੇਬੰਦੀ ਦੇ ਵਧਾਵਾ ਸਿੰਘ, ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਪੰਮਾ ਨਾਲ ਸਨ। ਇਸ ਮਾਮਲੇ ਦੀ ਅੰਤਿਮ ਸੁਣਵਾਈ ਦੇ ਚੱਲਦਿਆਂ ਅਦਾਲਤ ਨੇ ਦਰਸ਼ਨ ਸਿੰਘ ਤੇ ਜਗਮੋਹਨ ਸਿੰਘ ਨੂੰ 10-10 ਸਾਲ ਦੀ ਸਜ਼ਾ ਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦਕਿ ਹਰਪ੍ਰੀਤ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਤੇ 5 ਹਜ਼ਾਰ ਰੁਪਏ ਜੁਰਮਾਨਾ ਤੇ ਅਮਰਜੀਤ ਸਿੰਘ ਨੂੰ ਇਸ ਮਾਮਲੇ ਵਿਚ ਬਰੀ ਕਰਨ ਦੇ ਹੁਕਮ ਸੁਣਾਏ ਹਨ।
Leave a Reply