ਗੁਰਬਚਨ ਸਿੰਘ ਭੁੱਲਰ
ਇਕ ਛੋਟੀ ਜਿਹੀ ਬੇਸੰਕੋਚ ਮਰਦ ਮਹਿਫ਼ਲ ਸਜੀ ਹੋਈ ਸੀ। ਸ਼ਾਂਤ ਨੇ ਮੌਕਾ ਠੀਕ ਸਮਝਿਆ ਤੇ ਚਿਰਾਂ ਤੋਂ ਮਨ ਵਿਚ ਅਟਕਿਆ ਹੋਇਆ ਸਵਾਲ ਫੱਕਰ ਤੋਂ ਪੁੱਛ ਹੀ ਲਿਆ। ਕੀ ਜਗਦੀਪ ਨੂੰ ਉਹ ਸੱਚੀਉਂ ਹੀ ਪੰਜਾਬੀ ਦੀ ਪ੍ਰਮੁੱਖ ਕਵਿੱਤਰੀ ਸਮਝਦੇ ਹਨ ਜਾਂ ਕਿਸੇ ਕਾਰਨ ਸਿਰਫ਼ ਅਜਿਹਾ ਲਿਖਦੇ ਹੀ ਹਨ? ਜੇ ਗੱਲ ਮਗਰਲੀ ਹੈ ਤਾਂ ਉਹ ਕਾਰਨ ਕਿਹੜਾ ਹੈ?
ਉਸ ਕੋਲ ਇਹ ਸਵਾਲ ਪੁੱਛਣ ਦਾ ਬਹਾਨਾ ਵੀ ਹੈ ਸੀ। ਕੁਛ ਸਮੇਂ ਤੋਂ ਫੱਕਰ ਨੇ ਜਗਦੀਪ ਦੀ ਕਵਿਤਾ ਬਾਰੇ ਸੁਰ ਮੱਧਮ ਕਰ ਕੇ ਪਹਿਲਾਂ ਦੂਜੇ ਸਥਾਨ ਉੱਤੇ ਰੱਖੀ ਜਾਂਦੀ ਗੁਰਜੋਤ ਕੌਰ ਦੀ ਕਵਿਤਾ ਨੂੰ ਚੁੱਕਣਾ ਸ਼ੁਰੂ ਕੀਤਾ ਹੋਇਆ ਸੀ। ਦੋਵੇਂ ਕਵਿੱਤਰੀਆਂ ਲਗਭਗ ਹਾਣਨਾਂ ਸਨ ਅਤੇ ਮੁੱਢਲੇ ਦੌਰ ਵਿਚ ਕਾਫ਼ੀ ਦੂਰ ਤੱਕ ਬਰਾਬਰ-ਬਰਾਬਰ ਤੁਰਦੀਆਂ ਰਹੀਆਂ ਸਨ। ਫੇਰ ਅਚਾਨਕ ਜਗਦੀਪ ਦੀ ਕਵਿਤਾ ਵਿਚ ਇਕ ਖਾਸ ਰਸ-ਰੰਗ ਉਜਾਗਰ ਹੋਇਆ ਤੇ ਪਾਠਕਾਂ ਦੀ ਨਜ਼ਰ ਵਿਚ ਉਹ ਗੁਰਜੋਤ ਨਾਲੋਂ ਵਿੱਥ ਵਧਾਉਂਦੀ ਹੀ ਵਧਾਉਂਦੀ ਗਈ। ਫੱਕਰ ਹੱਸਿਆ, ‘ਭਰਪੂਰ ਸਿੰਘ ਸ਼ਾਂਤ, ਜਗਦੀਪ ਨਾਲ ਮੁਕਾਬਲੇ ਵਿਚ ਨਾ ਪਈਂ। ਭਾਵੇਂ ਉਸ ਨਾਲੋਂ ਚੰਗਾ ਵੀ ਲਿਖੇਂ, ਪ੍ਰਮੁੱਖ ਉਹੋ ਰਹੇਗੀ!’
ਸ਼ਾਂਤ ਇਹ ਵੀ ਜਾਣਦਾ ਸੀ ਕਿ ਅਜਿਹੀਆਂ ਘਰੇਲੂ ਮਹਿਫ਼ਲਾਂ ਵਿਚ ਫੱਕਰ ਆਪਣੇ ਭੇਤ ਖੋਲ੍ਹਣੋਂ ਵੀ ਸੰਕੋਚ ਨਹੀਂ ਸੀ ਕਰਦਾ। ਜਦੋਂ ਮਹਿਫ਼ਲ ਪੂਰੇ ਤਰਾਰੇ ਵਿਚ ਆ ਗਈ ਤੇ ਫੱਕਰ ਨੇ ਮਸਤ ਹੋ ਕੇ ਸੱਜਾ ਹੱਥ ਸਿਰ ਉੱਤੇ ਤੇ ਖੱਬਾ ਹੱਥ ਮੁੱਛਾਂ ਉੱਤੇ ਫੇਰਨਾ ਸ਼ੁਰੂ ਕਰ ਦਿੱਤਾ, ਸ਼ਾਂਤ ਬੋਲਿਆ, ‘ਫੱਕਰ ਸਾਹਿਬ, ਠੀਕ ਹੈ, ਜਗਦੀਪ ਤਾਂ ਪ੍ਰਮੁੱਖ ਹੈ ਹੀ, ਪਰ ਕੁਛ ਚਿਰ ਤੋਂ ਤੁਹਾਡੇ ਲੇਖਾਂ ਵਿਚ ਗੁਰਜੋਤ ਦੀ ਕਵਿਤਾ ਵੀ ਜਗਦੀਪ ਦੀ ਕਵਿਤਾ ਨਾਲ ਮੋਢਾ ਮੇਚਣ ਲੱਗ ਪਈ ਹੈ। ਗੁਰਜੋਤ ਦੀ ਕਵਿਤਾ ਹੀ ਅਚਾਨਕ ਚੰਗੀ ਹੋ ਗਈ ਕਿ ਜਗਦੀਪ ਦੀ ਕਵਿਤਾ ਬਾਰੇ ਲੇਖਾਂ ਦਾ ਜੋਗ ਸੇਵਾ-ਫਲ ਨਹੀਂ ਮਿਲਿਆ?’
ਫੱਕਰ ਪਹਿਲਾਂ ਤਾਂ ਹਾ…ਹਾ…ਹਾ…ਕਰ ਕੇ ਹੱਸਿਆ, ਫੇਰ ਕਹਿੰਦਾ, ‘ਭਰਪੂਰ ਸਿੰਘ ਸ਼ਾਂਤ, ਇਹ ਪ੍ਰਸ਼ਨ ਤੂੰ ਕਿਸ ਸਮੇਂ ਪੁੱਛ ਲਿਆ! ਬਈ ਇਸ ਮਹਿਫ਼ਲ ਵਿਚ ਉਪਸਥਿਤ ਲੋਕਾਂ ਦੀ ਗੱਲ ਕਰੋ, ਕਿਸੇ ਅਨਉਪਸਥਿਤ ਦੀ ਚਰਚਾ ਸ਼ਿਸ਼ਟਾਚਾਰ ਦੇ ਪੱਖੋਂ ਉਚਿਤ ਨਹੀਂ ਮੰਨੀ ਜਾਂਦੀ।’
ਬਾਕੀ ਦੋਵੇਂ-ਤਿੰਨੇ ਜਣੇ ਵੀ ਇਕੱਠੇ ਹੀ ਬੋਲ ਪਏ, ‘ਫੱਕਰ ਸਾਹਿਬ, ਅਸਲ ਵਿਚ ਇਹ ਸਵਾਲ ਇਕੱਲੇ ਸ਼ਾਂਤ ਦਾ ਨਾ ਸਮਝੋ। ਇਹ ਸਾਡਾ ਸਭ ਦਾ ਸਾਂਝਾ ਸਵਾਲ ਹੈ, ਚਿਰਾਂ ਤੋਂ ਸਾਡੇ ਮਨਾਂ ਵਿਚ ਅਟਕਿਆ ਹੋਇਆ। ਸਗੋਂ ਇਹ ਸਮੁੱਚੇ ਪੰਜਾਬੀ ਸਾਹਿਤ ਦਾ ਇਕ ਮਹੱਤਵਪੂਰਨ ਸਵਾਲ ਹੈ। ਨਾਲੇ ਜਗਦੀਪ ਨੂੰ ਇਸ ਮਹਿਫ਼ਲ ਵਿਚ ਨਾ ਹੁੰਦਿਆਂ ਵੀ ਗ਼ੈਰ-ਹਾਜ਼ਰ ਨਹੀਂ ਮੰਨਿਆ ਜਾ ਸਕਦਾ। ਉਹ ਤਾਂ ਹਰ ਸਾਹਿਤਕ ਮਹਿਫ਼ਲ ਵਿਚ ਹਾਜ਼ਰ ਹੁੰਦੀ ਹੈ, ਇਥੇ ਵੀ ਸਭ ਦੇ ਦਿਲਾਂ ਵਿਚ ਹਾਜ਼ਰ ਹੈ। ਖਾਸ ਕਰ ਕੇ ਤੁਹਾਡੇ!’
ਫੱਕਰ ਫੇਰ ਹਾ…ਹਾ…ਹਾ…ਕਰ ਕੇ ਹੱਸਿਆ, ‘ਅੱਛਾ? ਪੰਜਾਬੀ ਸਾਹਿਤ ਦੀਆਂ ਮਹੱਤਵਪੂਰਨ ਸਮੱਸਿਆਵਾਂ ਹੁਣ ਇਹੋ ਜਿਹੀਆਂ ਹੋ ਗਈਆਂ? ਬਈ ਗੱਲ ਇਹ ਹੈ, ਜਗਦੀਪ ਨੂੰ ਹੁਣ ਕਿਸੇ ਸਹਾਰੇ ਦੀ ਆਵਸ਼ਕਤਾ ਨਹੀਂ ਰਹੀ। ਉਸ ਦੀ ਪ੍ਰਤਿਸ਼ਠਾ ਏਨੀ ਵਧ ਚੁੱਕੀ ਹੈ ਕਿ ਉਹ ਬਿਨਾਂ ਕਿਸੇ ਤੇਲ ਤੋਂ ਪ੍ਰਿਥਵੀ ਦੁਆਲੇ ਚਲਦੇ ਸੈਟੇਲਾਈਟ ਵਾਂਗ ਹੁਣ ਆਪਣੇ ਆਪ ਚਲਦੀ ਰਹੇਗੀ। ਗੁਰਜੋਤ ਨੂੰ ਸਹਾਰੇ ਦੀ ਆਵਸ਼ਕਤਾ ਹੈ। ਜਗਦੀਪ ਪ੍ਰਤੀ ਉਲਾਰ ਹੋ ਕੇ ਮੈਂ ਜੋ ਅਨਿਆਂ ਬਿਚਾਰੀ ਗੁਰਜੋਤ ਨਾਲ ਕਰਦਾ ਰਿਹਾ ਹਾਂ, ਇਹ ਉਸ ਦਾ ਪਸ਼ਚਾਤਾਪ ਸਮਝ ਲਵੋ।’
ਕਿਸੇ ਨੇ ਕਿਹਾ, ‘ਹਾਇ ਬਿਚਾਰੀ ਗੁਰਜੋਤ!’
ਸ਼ਾਂਤ ਗੱਲ ਨੂੰ ਵਿਚ-ਵਿਚਾਲੇ ਨਹੀਂ ਸੀ ਛੱਡਣੀ ਚਾਹੁੰਦਾ। ਅੱਧਾ ਪੈੱਗ ਹੋਰ ਪੀ ਕੇ ਕਹਿੰਦਾ, ‘ਫੱਕਰ ਜੀ, ਹੁਣ ਜਦੋਂ ਤੁਸੀਂ ਜਗਦੀਪ ਵੱਲ ਉਲਾਰ ਰਹੇ ਹੋਣ ਦਾ ਇਕਬਾਲ ਕਰ ਹੀ ਲਿਆ ਹੈ, ਸਾਫ਼ ਸਾਫ਼ ਦੱਸੋ, ਸੇਵਾ-ਫਲ਼ ਦਾ ਕੋਈ ਰੌਲਾ ਤਾਂ ਨਹੀਂ?’
‘ਬਈ ਤੁਸੀਂ ਇਹਨਾਂ ਤੁੱਛ ਗੱਲਾਂ ਬਾਰੇ ਉਤਸੁਕ ਤੇ ਉਤੇਜਿਤ ਨਾ ਹੋਇਆ ਕਰੋ। ਇਹ ਮਾਨਵ ਜੀਵਨ ਦੇ ਸਾਧਾਰਨ ਵਰਤਾਰੇ ਨੇ। ਉੱਚੇ ਭਾਵਨਾਤਮਕ-ਕਲਾਤਮਕ ਮੰਡਲਾਂ ਵਿਚ ਵਿਚਰਦਿਆਂ ਇਹਨਾਂ ਗੱਲਾਂ ਦਾ ਦੁਨਿਆਵੀ ਰੂਪ ਵਾਲਾ ਮਹੱਤਵ ਨਹੀਂ ਰਹਿ ਜਾਂਦਾ। ਨਾਲੇ ਇਸ ਨੂੰ ਸੇਵਾ-ਫਲ਼ ਨਾ ਕਹੋ, ਮਿੱਤਰਤਾ-ਉਪਹਾਰ ਕਹੋ।’
ਸ਼ਾਂਤ ਬੋਲਿਆ, ‘ਚਲੋ ਮਿੱਤਰਤਾ-ਉਪਹਾਰ ਬਾਰੇ ਦੱਸ ਕੇ ਹੀ ਸਾਡੀ ਉਤਸੁਕਤਾ ਤੇ ਉਤੇਜਨਾ ਮਿਟਾਉਣ ਦੀ ਕਿਰਪਾ ਕਰੋ।’
ਫੱਕਰ ਨੇ ਗਲਾਸ ਅੱਗੇ ਕੀਤਾ, ‘ਲੈ ਇਸ ਵਿਚ ਅੱਧਾ ਪੈੱਗ ਹੋਰ ਪਾ ਦੇ।’ ਗਲਾਸ ਖਾਲੀ ਕਰ ਕੇ ਉਹ ਮੁਸਕਰਾਇਆ, ‘ਜਗਦੀਪ ਦਾ ਮੱਤ ਹੈ ਕਿ ਪੁਰਸ਼ ਜਾਂ ਤਾਂ ਉਸ ਦੀ ਸੁੰਦਰਤਾ ਦੀ ਵਡਿਆਈ ਕਰਦਾ ਰਹੇ ਤੇ ਜਾਂ ਫੇਰ ਉਸ ਦੇ ਗੋਡਿਆਂ ਉੱਤੇ ਸਿਰ ਰੱਖ ਕੇ ਆਪਣੇ ਇਸ਼ਕ ਦਾ ਰੁਦਨ ਕਰਦਾ ਰਹੇ। ਇਹ ਦੋਵੇਂ ਕਾਫ਼ੀ ਪ੍ਰੀਸ਼ਰਮ ਲੋੜਦੇ ਕਾਰਜ ਨੇ। ਮੋਹਨ ਸਿੰਘ ਨੂੰ ਇਸ ਪ੍ਰੀਸ਼ਰਮ ਦਾ ਅਭਿਆਸ ਸੀ, ਮੈਂ ਕਿਸਾਨ-ਪੁੱਤਰ ਹੋਣ ਕਰਕੇ ਸਰੀਰਕ ਪ੍ਰੀਸ਼ਰਮ ਦਾ ਅਭਿਆਸੀ ਹਾਂ, ਅਜਿਹੇ ਮਾਨਸਿਕ ਪ੍ਰੀਸ਼ਰਮ ਦਾ ਅਭਿਆਸੀ ਨਹੀਂ। ਮੇਰਾ ਮੱਤ ਹੈ, ਪ੍ਰੇਮ ਸਮਾਜਵਾਦੀ ਜਜ਼ਬਾ ਹੈ। ਇਸ ਵਿਚ ਕੋਈ ਕਾਣੀ-ਵੰਡ ਨਹੀਂ, ਇਸਤਰੀ-ਪੁਰਸ਼ ਦੋਵਾਂ ਦਾ ਸਮਾਨ ਅਧਿਕਾਰ ਤੇ ਹਿਤ ਹੁੰਦਾ ਹੈ। ਇਸ ਕਰਕੇ ਕਿਸੇ ਇਕ ਧਿਰ ਦਾ ਦੂਜੀ ਧਿਰ ਤੋਂ ਅਜਿਹੇ ਚੋਚਲਿਆਂ ਦੀ ਆਸ ਰੱਖਣਾ ਅਨੁਚਿਤ ਹੈ।…ਬੱਸ, ਹੁਣ ਇਹ ਚਰਚਾ ਇਥੇ ਹੀ ਸਮਾਪਤ ਹੋਈ। ਜਿਸ ਨੂੰ ਇਹਨਾਂ ਗੱਲਾਂ ਦੀ ਥੋੜ੍ਹੀ ਵੀ ਸਮਝ ਹੈ, ਸਮਝ ਜਾਵੇਗਾ। ਜੋ ਅਜੇ ਵੀ ਨਹੀਂ ਸਮਝਿਆ, ਉਹ ਕਦੀ ਵੀ ਸਮਝ ਨਹੀਂ ਸਕੇਗਾ।’
ਸਮੇਂ ਦੀ ਵਿੱਥ ਤੋਂ ਜਲੰਧਰ ਵਾਲੀ ਸ਼ਾਮ ਦਾ ਜੇ ਕੁਛ ਯਾਦ ਰਿਹਾ, ਉਹ ਸੀ ਮੋਹਨ ਸਿੰਘ ਦੀ ਕਵਿਤਾ। ਜਗਦੀਪ ਇਹ ਸੋਚ ਕੇ ਧੰਨ ਹੋ ਗਈ ਕਿ ਉਸ ਦੀ ਉਡੀਕ ਵਿਚ ਮੋਹਨ ਨੇ ਕਿੰਨਾ ਜਜ਼ਬਾਤੀ ਹੋ ਕੇ ਕਵਿਤਾ ਲਿਖੀ ਸੀ। ਸਵਾਗਤ ਵਿਚ ਸੱਚੀਉਂ ਹੀ ਉਹਦੇ ਪੈਰ ਧਰਤੀ ਉੱਤੇ ਨਹੀਂ ਸਨ ਲੱਗ ਰਹੇ! ਬਾਕੀ ਤਾਂ ਸਭ ਕੁਛ ਭੁੱਲ ਹੀ ਜਾਣਾ ਸੀ। ਕੁਦਰਤੀ ਸੀ, ਵਿਚੇ ਹੀ ਭਰਪੂਰ ਸਿੰਘ ਸ਼ਾਂਤ ਵੀ ਭੁੱਲ ਗਿਆ। ਖ਼ੂਬਸੂਰਤ ਟਿੱਪਣੀਆਂ ਵੀ ਉਸ ਨੂੰ ਚੇਤੇ ਵਿਚ ਥਾਂ ਨਹੀਂ ਸਨ ਦੁਆ ਸਕੀਆਂ। ਜਗਦੀਪ ਹਰ ਥਾਂ ਤੇ ਹਰ ਕਿਸੇ ਕੋਲੋਂ ਅਜਿਹੀਆਂ ਟਿੱਪਣੀਆਂ ਸੁਣਨ ਦੀ ਆਦੀ ਹੋ ਚੁੱਕੀ ਸੀ। ਉਸ ਲਈ ਇਹ ਸਾਧਾਰਨ ਗੱਲ ਸੀ।
ਸਾਹਿਤਕ-ਨਿੱਜੀ ਰਿਸ਼ਤਿਆਂ ਦੇ ਇਸ ਤਾਣੇ-ਬਾਣੇ ਵਿਚਕਾਰ ਸ਼ਾਂਤ ਨੂੰ ਇਕ ਦਿਨ ਅਚਾਨਕ ਦਿੱਲੀ ਤੋਂ ਮਿੱਤਰ ਕੁਲਵੰਤ ਬਾਣੀ ਦਾ ਖ਼ਤ ਆ ਗਿਆ। ਉਹ ਸ਼ਾਂਤ ਨਾਲ ਮਿਲ ਕੇ ਸਭਿਆਚਾਰ ਬਾਰੇ ਇਕ ਕਿਤਾਬ ਲਿਖਣੀ ਚਾਹੁੰਦਾ ਸੀ। ਤਿਹਾਇਆ ਕੀ ਚਾਹੇ, ਠੰਡਾ ਪਾਣੀ! ਉਹਦੇ ਛੋਟੇ ਜਿਹੇ ਪਿੰਡ ਦੇ ਟਾਕਰੇ ਦਿੱਲੀ ਸਾਹਿਤਕ ਪਰਵਾਜ਼ ਵਾਸਤੇ ਵਰ ਸਿੱਧ ਹੋ ਸਕਦੀ ਸੀ। ਦਿੱਲੀ ਪੰਜਾਬੀ ਸਾਹਿਤਕਾਰਾਂ ਦਾ ਗੜ੍ਹ ਸੀ। ਤੇ ਸਭ ਤੋਂ ਵਧ ਕੇ ਦਿੱਲੀ ਵਿਚ ਜਗਦੀਪ ਵਸਦੀ ਸੀ! ਕੀ ਪਤਾ ਸਮਾਂ ਉਸ ਵਾਸਤੇ ਕੀ-ਕੀ ਸਬੱਬ ਖੋਲ੍ਹ ਰਿਹਾ ਸੀ। ਉਹਨੇ ਬਾਣੀ ਨੂੰ ਝੱਟ ਹਾਂ ਲਿਖ ਭੇਜੀ। ਬਾਣੀ ਪੁਰਾਣਾ ਯਾਰ ਸੀ ਤੇ ਬੰਦਾ ਵੀ ਪੂਰਾ ਘਾਗ ਸੀ। ਉਹਦੇ ਜਾਣ-ਪਛਾਣ ਦੇ ਘੇਰੇ ਨੂੰ ਮੋਕਲਾ ਕਰਨ ਵਿਚ ਬਹੁਤ ਸਹਾਈ ਹੋ ਸਕਦਾ ਸੀ। ਜਿਥੇ ਵੀ ਦਾਅ ਲਗਦਾ, ਬਾਣੀ ਪਲ ਵਿਚ ਪਹੁੰਚ ਬਣਾ ਲੈਂਦਾ। ਮੁਕਾਬਲੇਬਾਜ਼ੀ ਦੇ ਸਾਹਿਤਕ-ਸਭਿਆਚਾਰਕ ਸੰਸਾਰ ਵਿਚ ਅੱਗੇ ਵਧਣ ਲਈ ਉਸ ਅੰਦਰ ਕੀ ਕੁਛ ਰਿਝਦਾ-ਪਕਦਾ ਰਹਿੰਦਾ ਸੀ, ਸਿਰਫ਼ ਉਹ ਹੀ ਜਾਣਦਾ ਸੀ। ਉਹ ਸਾਧਾਰਨ ਗੱਲ ਨੂੰ ਵੀ ਆਪਣੀ ਕਲਮ ਦੀ ਛੋਹ ਨਾਲ ਅਸਾਧਾਰਨ ਬਣਾ ਦੇਣ ਦੇ ਸਮਰੱਥ ਸੀ।
ਉਹਦੀ ਚਤੁਰਾਈ ਦੀ ਗਵਾਹੀ ਤਾਂ ਉਪ-ਨਾਂ ਬਾਣੀ ਤੋਂ ਹੀ ਮਿਲ ਜਾਂਦੀ ਸੀ। ਇਸ ਬਾਣੀ ਦਾ ਬਾਣੀਕਾਰਾਂ ਦੀ ਬਾਣੀ ਨਾਲ ਕੋਈ ਸੰਬੰਧ ਨਹੀਂ ਸੀ। ਉਸ ਨੂੰ ਬਾਣੀਆ ਹੋਣ ਦਾ ਬੜਾ ਮਾਣ ਸੀ। ਉਹ ਆਖਦਾ, ਅਸੀਂ ਬਾਣੀਏ ਸੰਸਾਰ ਦੀ ਸਭ ਤੋਂ ਚਤੁਰ ਕੌਮ ਹਾਂ। ਅਸੀਂ ਆਪਣੀ ਮਿੱਟੀ ਨੂੰ ਸੋਨਾ ਆਖ ਕੇ ਵੇਚ ਸਕਦੇ ਹਾਂ ਅਤੇ ਦੂਜੇ ਦੇ ਸੋਨੇ ਨੂੰ ਮਿੱਟੀ ਦੱਸ ਕੇ ਕੌਡੀਆਂ ਦੇ ਭਾਅ ਹਥਿਆ ਸਕਦੇ ਹਾਂ! ਉਸ ਦਾ ਕਹਿਣਾ ਸੀ, ਨਾਂਵਾਂ ਨਾਲ ਜਾਤ-ਗੋਤ ਲਿਖਣ ਵਾਲੇ ਹੋਰ ਅਨੇਕ ਲੇਖਕਾਂ ਵਾਂਗ ਉਹ ਆਪਣੀ ਉੱਤਮ ਜ਼ਾਤ ਨਾਂ ਨਾਲ ਕਿਉਂ ਨਾ ਲਿਖੇ? ਪਰ ਕੁਲਵੰਤ ਬਾਣੀਆ ਲਿਖਣ ਵਿਚ ਸੁਹਜਮਈ ਨਹੀਂ ਸੀ ਤੇ ਬੋਲਣ ਵਿਚ ਵੀ ਲੈਅ ਪੈਦਾ ਨਹੀਂ ਸੀ ਕਰਦਾ। ਸੁਣਨ ਵਾਲੇ ਦੇ ਮਨ ਵਿਚ ਲੀਚੜਤਾ ਜਿਹੀ ਦਾ ਭਾਵ ਵੀ ਜਗਾਉਂਦਾ ਸੀ। ਹਰ ਚੀਜ਼ ਵਿਚ ਅਲੋਕਾਰਤਾ ਦੇ ਵਿਸ਼ਵਾਸੀ ਕੁਲਵੰਤ ਨੇ ਬਾਣੀਆ ਦਾ ‘ਆ’ ਹਟਾ ਕੇ ਬਾਣੀ ਬਣਾ ਲਿਆ। ਇਹ ਅਰਥਾਂ ਦੇ ਪੱਖੋਂ ਵਿਸ਼ਾਲ ਹੋ ਗਿਆ ਸੀ, ਇਸ ਨਾਲੋਂ ਲੀਚੜਤਾ ਝੜ ਕੇ ਵਡੱਤਣ ਜੁੜ ਗਈ ਸੀ ਤੇ ਬੋਲਣ ਦੇ ਪਖੋਂ ਵੀ ਸੁਰ ਵਿਚ ਹੋ ਗਿਆ ਸੀ!
ਸ਼ਾਂਤ ਨੇ ਦਿੱਲੀ ਪਹੁੰਚਦਿਆਂ ਹੀ ਪਹਿਲਾ ਕੰਮ ਜਗਦੀਪ ਨੂੰ ਫੋਨ ਕਰਨ ਦਾ ਕੀਤਾ ਤੇ ਮਿਲਣ ਦੀ ਚਾਹ ਦੱਸ ਦਿੱਤੀ। ਉਤਾਵਲਤਾ ਛੁਪਾਉਣ ਵਾਸਤੇ ਉਹਨੇ ਏਨਾ ਕੁ ਓਹਲਾ ਜ਼ਰੂਰ ਰੱਖ ਲਿਆ ਕਿ ‘ਹੁਣੇ ਹੀ ਦਿੱਲੀ ਪਹੁੰਚਿਆ ਹਾਂ’ ਦੀ ਥਾਂ ਆਖ ਦਿੱਤਾ, ‘ਅੱਜ ਹੀ ਦਿੱਲੀ ਪਹੁੰਚਿਆ ਹਾਂ’। ਜਗਦੀਪ ਦੁਚਿੱਤੀ ਵਿਚ ਪੈ ਗਈ। ਉਹ ਕਵਿਤਾਵਾਂ ਚੰਗੀਆਂ ਲਿਖਦਾ ਹੈ। ਬੰਦਾ ਵੀ ਮੁਹੱਜ਼ਬ ਲਗਦਾ ਹੈ। ਪਰ ਹੋਰ ਅਨੇਕਾਂ ਵਾਂਗ ਨੇੜੇ ਬੈਠ ਕੇ ਤਰਸਣ ਤੋਂ ਇਲਾਵਾ ਉਸ ਨੇ ਭਲਾ ਮਿਲ ਕੇ ਕੀ ਲੈਣਾ ਹੈ। ਅਜਿਹੇ ਲੋਕ ਆਪਣਾ ਤਾਂ ਝੱਸ ਪੂਰਾ ਕਰ ਲੈਂਦੇ ਹਨ, ਪਰ ਉਹਦਾ ਸਮਾਂ ਖ਼ਾਹਮਖ਼ਾਹ ਖ਼ਰਾਬ ਕਰ ਜਾਂਦੇ ਹਨ। ਅਜਿਹੇ ਵੇਲੇ ਦੇਣ ਵਾਲਾ ਉੱਤਰ, ਪਹਿਲਾਂ ਬਥੇਰਿਆਂ ਨੂੰ ਦੇ ਚੁੱਕੀ ਹੋਣ ਕਾਰਨ, ਉਹਨੂੰ ਲੱਭਣਾ ਨਹੀਂ ਸੀ ਪੈਂਦਾ, ‘ਸ਼ਾਂਤ ਜੀ, ਕੀ ਹਾਲ ਹੈ ਤੁਹਾਡਾ? ਮਾਫ਼ ਕਰਨਾ, ਇਹਨੀਂ ਦਿਨੀਂ ਮੈਂ ਕੁਝ ਵਧੇਰੇ ਹੀ ਰੁੱਝੀ ਹੋਈ ਹਾਂ। ਅਜੇ ਅੱਜ ਤਾਂ ਪਹੁੰਚੇ ਹੋ, ਆਰਾਮ ਕਰ ਲਵੋ। ਕੁਝ ਠਹਿਰ ਕੇ ਮਿਲਦੇ ਹਾਂ ਕਿਸੇ ਦਿਨ।’
ਚਲੋ, ਬਲਾ ਕੁਛ ਦਿਨਾਂ ਲਈ ਟਲੀ। ਨਾਲੇ ਇਸ ਜਵਾਬ ਨੇ ਤੀਲੀ ਦਾ ਕੰਮ ਕਰਨਾ ਸੀ। ਮਿਲਣ ਦੀ ਆਸ ਵਿਚ ਧੁਖਦਾ ਰਹੇਗਾ। ਬੰਦੇ ਨੂੰ ਇੰਜ ਧੁਖਦਾ ਦੇਖ ਉਹਦੇ ਕਾਲਜੇ ਠੰਢ ਪੈ ਜਾਂਦੀ। ਪਰ ਉਹ ਇਹ ਨਹੀਂ ਸੀ ਜਾਣਦੀ ਕਿ ਧੂੰਆਂ ਏਨੀ ਛੇਤੀ ਨਿੱਕਲਣ ਲੱਗੇਗਾ। ਅਗਲੇ ਹੀ ਦਿਨ ਸਵੇਰੇ ਸਵੇਰੇ ਫੋਨ ਆ ਗਿਆ, ‘ਜਗਦੀਪ ਜੀ, ਮਾਫ਼ ਕਰਨਾ, ਕਿਤੇ ਸੁੱਤੇ ਪਿਆਂ ਨੂੰ ਤਾਂ ਨਹੀਂ ਜਗਾ ਦਿੱਤਾ? ਹੁਣੇ-ਹੁਣੇ ਕੁਛ ਸਤਰਾਂ ਆਈਆਂ ਸਨ, ਸਾਂਝੀਆਂ ਕਰੇ ਬਿਨਾਂ ਰਿਹਾ ਨਹੀਂ ਗਿਆ।’ ਤੇ ਉਹ ਜਵਾਬ ਉਡੀਕੇ-ਸੁਣੇ ਬਿਨਾਂ ਹੀ ਸੁਣਾਉਣ ਲੱਗ ਪਿਆ:
ਸ਼ਹਿਰ ਤੇਰੇ ਵਿਚ ਰਾਤ ਲੰਘਾਉਣੀ,
ਛੋਹ ਤੇਰੀ ਪਰ ਮਿਲਣੀ ਨਾ,
ਦਿਲ ਸਾਡੇ ਤੋਂ ਪੁੱਛੇ ਕੋਈ,
ਕੇਹੀਆਂ ਇਹ ਮਜਬੂਰੀਆਂ।
ਇਕ ਤੂੰ ਦਿਲ ਦੇ ਅੰਦਰ ਵਸਦੀ,
ਨੇੜੇ ਕਿੰਨਾ ਹੋ ਗਏ ਹਾਂ,
ਇਕ ਤੂੰ ਪਰੇ ਪਰੇ ਹੈਂ ਰਹਿੰਦੀ,
ਕਿੰਨੀਆਂ ਲੰਮੀਆਂ ਦੂਰੀਆਂ।
ਸ਼ਹਿਰ ਤੇਰਾ ਤੇ ਉੱਤੋਂ ਟਹਿਕੀ,
ਰਾਤ ਹੈ ਪੂਰਨਮਾਸੀ ਦੀ,
ਅੱਜ ਅਸਾਂ ਨੇ ਸੌਣਾ ਕਿੱਥੇ,
ਨੀਂਦਰ ਵੱਟੇ ਘੂਰੀਆਂ।
ਏਸੇ ਤੇਰੇ ਸ਼ਹਿਰ ਦੇ ਅੰਦਰ,
ਆਉਂਦੇ ਸੀ, ਆ ਮੁੜਦੇ ਸੀ,
ਖ਼ਬਰੇ ਅੱਥਰੇ ਦਿਲ ਦੀਆਂ ਕਿੱਥੇ,
ਗਈਆਂ ਸਬਰ-ਸਬੂਰੀਆਂ।
ਇਕ ਅਸੀਂ ਕਿ ਗੁਆਂਢ ਤੇਰੇ ਵਿਚ,
ਰਾਤ ਲੰਘਾਉਣੀ ਤੜਫ਼ਦਿਆਂ,
ਇਕ ਤੂੰ ਹੈਂ ਕਿ ਪਈ ਹੋਵੇਂਗੀ,
ਲੈ ਕੇ ਨੀਂਦਾਂ ਦੂਹਰੀਆਂ!
ਜਗਦੀਪ ਨੂੰ ਕਵਿਤਾ ਤਾਂ ਵਾਹਵਾ ਲੱਗੀ, ਸ਼ਾਇਦ ਉਹਦੇ ਆਪਣੇ ਬਾਰੇ ਲਿਖੀ ਹੋਣ ਸਦਕਾ, ਪਰ ਨਾਲ ਹੀ ਇਸ ਨਤੀਜੇ ਉੱਤੇ ਪਹੁੰਚਦਿਆਂ ਵੀ ਦੇਰ ਨਾ ਲੱਗੀ ਕਿ ਇਹ ਆਦਮੀ ਕਰੇਗਾ ਤੰਗ ਹੀ! ਉਹੋ ਗੱਲ ਹੋਈ, ਮਿਲਣ ਦਾ ਸਮਾਂ ਮੰਗਦੇ ਫੋਨ ਵਾਰ-ਵਾਰ ਆਉਣ ਲੱਗੇ। ਕਿੰਨੇ ਕੁ ਵਾਰ ਟਾਲਦੀ। ਇਕ, ਦੋ, ਤਿੰਨ, ਆਖ਼ਰ ਚੌਥੀ ਵਾਰ ਉਹਨੇ ਸਮਾਂ ਦੱਸ ਦਿੱਤਾ।
ਆਇਆ ਤਾਂ ਪਹਿਲੀ ਵਾਰ ਆਇਆ ਹੋਣ ਕਰਕੇ ਬੈਠਾ-ਬੋਲਦਾ ਤਾਂ ਠੀਕ ਰਿਹਾ, ਪਰ ਜਾਣ ਦਾ ਨਾਂ ਹੀ ਨਾ ਲਵੇ। ਆਖ਼ਰ ਜਗਦੀਪ ਨੇ ਹੀ ਕਿਹਾ, ‘ਸ਼ਾਂਤ ਜੀ, ਤੁਸੀਂ ਵੀ ਅਹਿਮ ਕੰਮ ਲਈ ਆਏ ਹੋਏ ਹੋ, ਮੈਂ ਵੀ, ਤੁਹਾਨੂੰ ਉਸ ਦਿਨ ਦੱਸਿਆ ਸੀ, ਇਹਨੀਂ ਦਿਨੀਂ ਬਹੁਤ ਰੁੱਝੀ ਹੋਈ ਹਾਂ, ਹੁਣ ਆਪਣੇ ਆਪਣੇ ਕੰਮ ਲੱਗੀਏ।’
ਸ਼ਾਂਤ ਨੂੰ ਆਪਣੀਆਂ ਕਵਿਤਾਵਾਂ ਦੇ ਮਿਆਰ ਦਾ ਬਹੁਤ ਭਰੋਸਾ ਤੇ ਮਾਣ ਸੀ। ਸਗੋਂ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਇਹ ਭਰੋਸਾ ਤੇ ਮਾਣ ਕੁਛ ਵਧੇਰੇ ਹੀ ਸੀ। ਉਹ ਆਪਣੀ ਹਰ ਰਚਨਾ ਨੂੰ ਉੱਚੇ ਮਿਆਰ ਦੀ ਸਮਝਦਾ। ਉਹ ਆਖਦਾ, ਮੈਨੂੰ ਕਮਜ਼ੋਰ ਲਿਖਣਾ ਆਉਂਦਾ ਹੀ ਨਹੀਂ। ਦਿੱਲੀ ਆਇਆ ਤਾਂ ਅਚਾਨਕ ਮਹਿਸੂਸ ਹੋਇਆ, ਉਹਦੀ ਕਵਿਤਾ ਵਿਚ ਨਵੀਂ ਜਾਨ ਆ ਰਹੀ ਹੈ। ਇਹ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਨਹੀਂ ਸੀ ਕਿ ਜੇ ਜਗਦੀਪ ਦੇ ਸ਼ਹਿਰ ਦੀ ਹਵਾ ਵਿਚ ਲਏ ਹੋਏ ਸਾਹ ਦਿਨ-ਰਾਤ ਦਾ ਰਚਨਾਤਮਕ ਮਾਹੌਲ ਸਿਰਜ ਸਕਦੇ ਹਨ ਤੇ ਰਚਨਾ ਨੂੰ ਸੱਜਰਾ ਹੁਲਾਰਾ ਦੇ ਸਕਦੇ ਹਨ, ਉਹਦੇ ਪਿਆਰ ਦਾ ਅੰਮ੍ਰਿਤ ਤਾਂ ਉਸ ਨੂੰ ਤੇ ਉਸ ਦੀ ਲੇਖਣੀ ਨੂੰ ਨਵੀਂ ਜ਼ਿੰਦਗੀ ਬਖਸ਼ ਸਕਦਾ ਹੈ! ਇਕ ਮੋਹਨ ਸਿੰਘ ਨੂੰ ਛੱਡ ਕੇ ਉਹ ਹੋਰ ਕਿਸੇ ਨੂੰ ਵੀ ਆਪਣੇ ਨਾਲੋਂ ਚੰਗਾ ਕਵੀ ਨਹੀਂ ਸੀ ਸਮਝਦਾ। ਜਗਦੀਪ ਨੂੰ ਵੀ ਨਹੀਂ। ਜਗਦੀਪ ਉਸ ਲਈ ਵਧੀਆ ਪ੍ਰੇਮਿਕਾ ਜ਼ਰੂਰ ਹੋ ਸਕਦੀ ਹੈ ਪਰ ਉਸ ਨਾਲੋਂ ਚੰਗੀ ਕਵਿੱਤਰੀ ਨਹੀਂ ਹੋ ਸਕਦੀ।
ਮੋਹਨ ਸਿੰਘ ਦੀ ਕਵਿਤਾ ਦੀ ਬੁਲੰਦੀ ਤੇ ਗਹਿਰਾਈ ਦਾ ਰਹੱਸ ਜਿਵੇਂ ਚਿੱਟੇ ਦਿਨ ਵਾਂਗ ਉਸ ਸਾਹਮਣੇ ਉਜਾਗਰ ਹੋ ਗਿਆ ਹੋਵੇ। ਜਗਦੀਪ ਦੇ ਪਿਆਰ ਦੇ ਨਿੱਘੇ ਚਾਨਣ ਵਿਚ ਬੈਠ ਕੇ ਲਿਖੀਆਂ ਕਵਿਤਾਵਾਂ ਨੇ ਜ਼ਰੂਰ ਉਸ ਨੂੰ ਮੋਹਨ ਸਿੰਘ ਦੇ ਮੋਢੇ ਨਾਲ ਮੋਢਾ ਮੇਲਣ ਲਾ ਦੇਣਾ ਹੈ। ਜੇਬ ਵਿਚੋਂ ਪੈੱਨ ਕੱਢ ਕੇ ਉਹਨੇ ਸ਼ਮਸ਼ੀਰ ਵਾਂਗ ਲਹਿਰਾਇਆ, ‘ਆ ਰਿਹਾ ਹਾਂ ਮੈਂ, ਮੋਹਨ ਸਿੰਘ, ਮੇਰੇ ਸੀਨੀਅਰ ਮਿੱਤਰ, ਨਵੇਂ ਜਜ਼ਬੇ ਨਾਲ ਸਰਸ਼ਾਰ, ਨਵੀਂ ਊਰਜਾ ਨਾਲ ਭਰਪੂਰ, ਪਿਆਰ ਦੀ ਅਜ਼ਮਤ ਦੀਆਂ ਬੁਲੰਦੀਆਂ ਨਾਪਦੀ, ਮਨੁੱਖੀ ਮਨ ਦੀਆਂ ਗਹਿਰਾਈਆਂ ਹੰਘਾਲਦੀ ਕਵਿਤਾ ਲੈ ਕੇ!’ ਇਸ ਹੁਲਾਸੀ ਮਾਹੌਲ ਵਿਚ ਉਹਨੂੰ ਬਾਣੀ ਲਈ ਵੀ ਮੋਹ ਜਾਗਿਆ ਜਿਸ ਨੇ ਪੁਸਤਕ ਦੇ ਬਹਾਨੇ ਇਹ ਮੌਕਾ ਬਣਾ ਦਿੱਤਾ ਹੈ। ਉਹਨੇ ਸੋਚਿਆ, ਇਹ ਸਭ ਦੱਸ ਕੇ ਉਹਨੂੰ ਤਾਂ ਸਿਰ ਕਾਹਨੂੰ ਚੜ੍ਹਾਉਣਾ ਹੈ, ਪਰ ਉਹ ਅੰਦਰ ਹੀ ਅੰਦਰ ਉਹਦਾ ਸ਼ੁਕਰਗ਼ੁਜ਼ਾਰ ਹੋਏ ਬਿਨਾਂ ਨਾ ਰਹਿ ਸਕਿਆ। ਚਲੋ, ਇਸ ਪੱਤੇਬਾਜ਼ ਬੰਦੇ ਪਰ ਪੁਰਖ਼ਲੂਸ ਦੋਸਤ ਦੀ ਦੋਸਤੀ ਇਸ ਕੰਮ ਤਾਂ ਆਈ!
ਜਗਦੀਪ ਚਾਰ ਵਾਰ ਟਾਲਦੀ, ਇਕ ਵਾਰ ਬੁਲਾ ਲੈਂਦੀ। ਕਦੀ-ਕਦੀ ਉਹ ਬਿਨਾਂ ਦੱਸਿਆਂ ਵੀ ਆ ਜਾਂਦਾ ਤੇ ਬਹਾਨਾ ਬਣਾਉਂਦਾ, ‘ਇਧਰ ਕਿਸੇ ਨੂੰ ਮਿਲਣ ਆਇਆ ਸੀ, ਮੈਂ ਸੋਚਿਆ, ਤੁਹਾਡੇ ਵੀ ਦੀਦਾਰ ਕਰਦਾ ਜਾਵਾਂ।’ ਕਦੀ ਗੱਲਾਂ ਕਰਦਿਆਂ ਉਹ ਹੱਥ ਫੜ ਲੈਂਦਾ। ਜੇ ਉਹ ਦੋ ਪਲ ਹੱਥ ਨਾ ਖਿਚਦੀ, ਉਹਦੀ ਝਾਕਣੀ ਬਦਲ ਜਾਂਦੀ। ਜਗਦੀਪ ਉਹਦੇ ਆਉਣ ਤੋਂ ਪਰੇਸ਼ਾਨ ਹੋਣ ਲੱਗੀ। ਸਗੋਂ ਇਹ ਕਹਿਣਾ ਵਧੇਰੇ ਠੀਕ ਹੋਵੇਗਾ ਕਿ ਉਹ ਡਰਨ ਲੱਗ ਪਈ। ਮਗਰੋਂ ਪਤਾ ਲੱਗਿਆ, ਉਸ ਦੀ ਬਲਦੀ ਉੱਤੇ ਕੁਲਵੰਤ ਬਾਣੀ ਵੀ ਚੌੜ-ਚੌੜ ਵਿਚ ਲਗਾਤਾਰ ਚੂਲੀਆਂ ਭਰ-ਭਰ ਤੇਲ ਪਾਉਂਦਾ ਰਿਹਾ ਸੀ। ਸ਼ਾਇਦ ਮਨਸ਼ਾ ਤਾਂ ਕੋਈ ਬੁਰੀ ਨਹੀਂ ਸੀ ਹੁੰਦੀ ਪਰ ਉਸ ਦਾ ਸ਼ਰਾਰਤੀ ਸੁਭਾਅ ਕਈ ਵਾਰ ਦੂਜਿਆਂ ਵਾਸਤੇ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦਾ। ਕੌਫ਼ੀ ਹਾਊਸ ਵਿਚ ਬੈਠੇ ਲੇਖਕ ਉਹਦੇ ਉਡਾਏ ਖੰਭਾਂ ਦੀਆਂ ਡਾਰਾਂ ਬਣਾਉਂਦੇ ਰਹਿੰਦੇ। ਉਹ ਸ਼ੁਰਲੀ ਛਡਦਾ, ਉਹ ਪੂਰੀ ਆਤਿਸ਼ਬਾਜ਼ੀ ਮਾਣਨ ਲਗਦੇ।
ਉਹ ਸ਼ਾਂਤ ਨੂੰ ਜਗਦੀਪ ਨਾਲ ਆਪਣੇ ਪਿਆਰ ਦੇ ਕਿੱਸੇ ਸੁਣਾਉਂਦਾ ਤਾਂ ਉਹ ਪੁਰਾਣਾ ਭੇਤੀ ਹੋਣ ਦੇ ਬਾਵਜੂਦ ਇਹ ਨਿਰਣਾ ਨਾ ਕਰ ਸਕਦਾ ਕਿ ਉਹਨਾਂ ਵਿਚ ਝੂਠ ਕਿੰਨਾ ਹੈ ਤੇ ਸੱਚ ਕਿੰਨਾ। ਉਹ ਬੇਵੱਸ ਹੋ ਕੇ ਆਖਦਾ, ‘ਬਾਣੀ, ਲੋਕਾਂ ਦੇ ਤਾਂ ਦੋ ਤੇ ਦੋ ਚਾਰ ਹੀ ਹੁੰਦੇ ਨੇ ਪਰ ਤੇਰੇ ਕਿੰਨੇ ਹੁੰਦੇ ਨੇ, ਕੌਣ ਜਾਣੇ! ਤੇਰੇ ਦੋ ਤੇ ਦੋ ਤਿੰਨ ਜਾਂ ਪੰਜ ਹੀ ਨਹੀਂ, ਦੋ ਜਾਂ ਛੇ ਵੀ ਹੋ ਸਕਦੇ ਨੇ!’ ਇਹ ਆਖ ਕੇ ਸ਼ਾਂਤ ਉਹਨੂੰ ਤਾਂ ਟਿੱਚਰ ਕਰ ਛਡਦਾ ਪਰ ਇਕੱਲਾ ਬੈਠਾ ਇਹਨਾਂ ਕਿੱਸਿਆਂ ਨੂੰ ਚੇਤੇ ਕਰ ਕੇ ਚਸਕਾ ਵੀ ਲੈਂਦਾ ਰਹਿੰਦਾ ਅਤੇ ਬਾਣੀ ਉੱਤੇ, ਆਪਣੇ ਮਨ ਦੀ ਮੌਜ ਮੁਤਾਬਿਕ, ਕਦੀ ਰਸ਼ਕ ਕਰਨ ਲਗਦਾ ਤੇ ਕਦੀ ਈਰਖਾ ਵਿਚ ਧੁਖਣ ਲਗਦਾ।
ਕੌਫ਼ੀ ਹਾਊਸ ਵਿਚ ਚਰਚਾ ਹੁੰਦੀ, ਜਦੋਂ ਬਾਣੀ ਦੇ ਘਰੋਂ ਸ਼ਾਂਤ ਨੇ ਜਗਦੀਪ ਨੂੰ ਫੋਨ ਕਰਨਾ ਹੋਵੇ, ਪਹਿਲਾਂ ਉਹ ਮੁਸ਼ਕੀ ਸਾਬਨ ਨਾਲ ਅਸ਼ਨਾਨ ਕਰ ਕੇ ਪਾਊਡਰ ਲਾਉਂਦਾ ਹੈ, ਦਾੜ੍ਹੀ ਨੂੰ ਫ਼ਿਕਸੋ ਨਾਲ ਜਮਾ ਕੇ ਤੇ ਸੁਰਮਾ ਪਾ ਕੇ ਅਤਰ-ਫੁਲੇਲ ਛਿੜਕਦਾ ਹੈ, ਫੇਰ ਕੱਚੀ ਰੇਸ਼ਮ ਦਾ ਕੁੜਤਾ-ਪਜਾਮਾ ਪਹਿਣ ਕੇ ਤੇ ਦਸਤਾਰ ਸਜਾ ਕੇ ਫੋਨ ਬੁੱਕਲ ਵਿਚ ਰੱਖ ਲੈਂਦਾ ਹੈ ਤੇ ਬਾਣੀ ਨੂੰ ਇਕਲੌਤੇ ਕਮਰਿਉਂ ਬਾਹਰ ਵਿਹੜੇ ਵਿਚ ਅਖ਼ਬਾਰ ਪੜ੍ਹਨ ਦਾ ਹੁਕਮ ਚਾੜ੍ਹ ਕੇ ਹੌਲੀ-ਹੌਲੀ ਕੂਲ਼ੀਆਂ-ਕੂਲ਼ੀਆਂ ਗੱਲਾਂ ਕਰਨ ਲਗਦਾ ਹੈ।
ਜਗਦੀਪ ਸੋਚਦੀ, ਦੋਸਤ ਹੋਣ ਦੇ ਬਾਵਜੂਦ ਬਾਣੀ ਨੇ ਤਾਂ ਅਜਿਹੀਆਂ ਸ਼ਰਾਰਤਾਂ ਤੋਂ ਬਾਜ਼ ਆਉਣਾ ਨਹੀਂ। ਜੇ ਕੌੜੇ ਹੋ ਕੇ ਵੀ ਕੁਛ ਕਹੋ, ਮਾਸੂਮ ਚਿਹਰਾ ਬਣਾ ਕੇ ਕਹੇਗਾ, ‘ਜਗਦੀਪ, ਆਪਾਂ ਦੋਸਤ ਹਾਂ, ਸੈਲਫ਼ਲੈੱਸ ਦੋਸਤ! ਮੇਰਾ ਇਮੇਜ ਲੋਕਾਂ ਨੇ ਇਹੋ ਜਿਹਾ ਬਣਾ ਛੱਡਿਆ ਹੈ, ਸਾਹਿਤ ਬਾਰੇ, ਸਾਹਿਤਕਾਰਾਂ ਬਾਰੇ ਕੋਈ ਵੀ ਗੱਲ, ਕੋਈ ਵੀ ਸ਼ਰਾਰਤ ਮੇਰੇ ਨਾਲ ਜੋੜ ਕੇ ਤੋਰ ਦਿੱਤੀ ਜਾਵੇ, ਝੱਟ ਮੇਰੇ ਨਾਂ ਨਾਲ ਚਿਪਕ ਜਾਂਦੀ ਹੈ। ਸਭ ਸੱਚ ਮੰਨ ਲੈਂਦੇ ਨੇ, ਜ਼ਰੂਰ ਬਾਣੀ ਨੇ ਇਉਂ ਆਖਿਆ ਹੋਵੇਗਾ। ਸੱਚ-ਝੂਠ ਮੈਨੂੰ ਕੋਈ ਨਹੀਂ ਪੁਛਦਾ!’ ਫੇਰ ਨਜ਼ਰ ਵਿਚ ਲਾਲਸਾ ਭਰ ਕੇ ਖੱਬੀ ਅੱਖ ਦਾ ਸ਼ਰਾਰਤੀ ਇਸ਼ਾਰਾ ਕਰੇਗਾ, ‘ਜਗਦੀਪ, ਹੈਥੇ, ਦਿਲ ਉੱਤੇ ਹੱਥ ਰੱਖ ਕੇ ਇਉਂ ਦੱਸ, ਮੈਂ ਹਾਸੇ-ਹਾਸੇ ਵਿਚ ਵੀ ਕੋਈ ਛੋਟੀ ਤੋਂ ਛੋਟੀ ਗੱਲ ਅਜਿਹੀ ਕਰ ਸਕਦਾ ਹਾਂ ਜੋ ਤੇਰੇ ਵਿਰੁੱਧ ਜਾਂਦੀ ਹੋਵੇ ਜਾਂ ਜਿਸ ਦਾ ਤੂੰ ਬੁਰਾ ਮਨਾਵੇਂ ਜਾਂ ਜਿਸ ਨਾਲ ਤੇਰੀ ਨਿਰਾਦਰੀ ਹੁੰਦੀ ਹੋਵੇ? ਮੈਨੂੰ ਸਮਝ ਨਹੀਂ ਆਉਂਦੀ, ਮੈਂ ਆਪਣੇ ਇਸ ਇਮੇਜ ਤੋਂ ਪਿੱਛਾ ਕਿਵੇਂ ਛੁਡਾਵਾਂ!’
ਜਗਦੀਪ ਨੇ ਹੌਕਾ ਲਿਆ, ਦੁਸ਼ਮਣ ਦੀ ਘਾਟ ਨਾਲੋ-ਨਾਲ ਪੂਰੀ ਕਰਦੇ ਰਹਿਣ ਵਾਲੇ ਦੋਸਤ ਬਾਣੀ ਨੇ ਆਪਣੇ ਇਮੇਜ ਤੋਂ ਪਿੱਛਾ ਛੁਡਾਉਣਾ ਹੈ ਕਿ ਨਹੀਂ ਤੇ ਜੇ ਛੁਡਾਉਣਾ ਹੈ ਤਾਂ ਕਿਵੇਂ ਛੁਡਾਉਣਾ ਹੈ, ਇਹ ਉਹ ਜਾਣੇ, ਪਰ ਮੈਂ ਸ਼ਾਂਤ ਨਾਂ ਦੀ ਇਸ ਮੁਸੀਬਤ ਤੋਂ ਹੁਣ ਪਿੱਛਾ ਕਿਵੇਂ ਛੁਡਾਵਾਂ! ਉਹ ਚੰਗੀ ਤਰ੍ਹਾਂ ਜਾਣ ਗਈ ਕਿ ਸ਼ਾਂਤ ਨਾਂ ਦਾ ਇਹ ਆਦਮੀ ਸ਼ਾਂਤ ਤਾਂ ਬਿਲਕੁਲ ਨਹੀਂ। ਸਗੋਂ ਹਰ ਵੇਲੇ ਆਪ ਤਾਂ ਅਸ਼ਾਂਤ ਰਹਿੰਦਾ ਹੀ ਹੈ, ਮੈਨੂੰ ਵੀ ਅਸ਼ਾਂਤ ਰਖਦਾ ਹੈ। ਇਹ ਉਹਨਾਂ ਲੋਕਾਂ ਵਿਚੋਂ ਹੈ ਜੋ ਖੀਰ ਦੇਖ ਕੇ ਕਟੋਰੀ-ਚਮਚਾ ਪਰੇ ਰੱਖ ਦਿੰਦੇ ਹਨ ਅਤੇ ਦੇਗਚੀ ਨੂੰ ਮੂੰਹ ਲਾਉਣਾ ਚਾਹੁੰਦੇ ਹਨ।
###
