ਰਾਮਚੰਦਰ ਗੁਹਾ
ਪੇਸ਼ੇਵਰ ਇਤਿਹਾਸਕਾਰਾਂ ਨੇ ਮਨੁੱਖ ਜਾਤੀ ਦੀ ਹੋਣੀ ਬਦਲਣ ਵਾਲੇ ਵਿਅਕਤੀਆਂ ਦੇ ਯੋਗਦਾਨ ਨੂੰ ਹਮੇਸ਼ਾ ਘਟਾ ਕੇ ਦੇਖਿਆ ਹੈ। ਸਾਲ 1961 ਵਿਚ ਪ੍ਰਕਾਸ਼ਿਤ ਆਪਣੀ ਪੁਸਤਕ ‘ਇਤਿਹਾਸ ਕੀ ਹੈ?’ ਵਿਚ ਈ.ਐੱਚ.ਕਾਰ ਨੇ ਇਤਿਹਾਸ ਲਿਖਣ ਦੀ ਇੱਕ ਖ਼ਾਸ ਵਿਚਾਰਧਾਰਾ ਦਾ ਮਜ਼ਾਕ ਉਡਾਇਆ ਸੀ,
ਜਿਸ ਨੂੰ ਉਸ ਨੇ ‘ਬੈਡ ਕਿੰਗ ਜੌਹਨ ਐਂਡ ਦਿ ਗੁੱਡ ਕੁਈਨ ਬੈੱਸ’ ਦਾ ਨਾਂ ਦਿੱਤਾ ਸੀ। ਕਾਰਲ ਮਾਰਕਸ ਦਾ ਇਹ ਕਥਨ ਸੱਚ ਹੈ ਕਿ ਕੋਈ ਵਿਅਕਤੀ ਆਪਣੇ ਮਨਭਾਉਂਦੇ ਹਾਲਾਤ ਵਿਚ ਇਤਿਹਾਸ ਨਹੀਂ ਸਿਰਜਦਾ। ਉਸ ਦੇ ਕੰਮ ’ਤੇ ਉਸ ਵੇਲੇ ਦੇ ਆਰਥਿਕ ਅਤੇ ਸਮਾਜਿਕ ਹਾਲਾਤ, ਖ਼ਾਸਕਰ (ਜਿਵੇਂ ਮਾਰਕਸ ਨੇ ਤਰਕ ਦਿੱਤਾ ਸੀ) ਤਕਨਾਲੋਜੀ ਅਤੇ ਵਰਗ ਸਬੰਧਾਂ ਦਾ ਪ੍ਰਭਾਵ ਵੀ ਪੈਂਦਾ ਹੈ। ਫਿਰ ਵੀ ਕਈ ਵਾਰ ਵਿਅਕਤੀ ਚੰਗਾ ਅਤੇ ਖ਼ਾਸਕਰ ਮਾੜਾ ਇਤਿਹਾਸ ਰਚਣ ’ਚ ਮਹੱਤਵਪੂਰਨ ਅਤੇ ਨਿਰਣਾਇਕ ਭੂਮਿਕਾ ਨਿਭਾਅ ਸਕਦਾ ਹੈ; ਜਿਵੇਂ ਲੈਨਿਨ ਤੋਂ ਬਗੈਰ ਸੋਵੀਅਤ ਰਾਜ ਦੀ ਹੋਂਦ ਸੰਭਵ ਨਹੀਂ ਸੀ ਅਤੇ ਹਿਟਲਰ ਤੋਂ ਬਿਨਾਂ ਨਾਜ਼ੀ ਰਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੀ।
ਅੱਜ ਜਿਸ ਦੁਨੀਆ ਵਿਚ ਅਸੀਂ ਜਿਊਂ ਰਹੇ ਹਾਂ, ਉਸ ਵਿਚ ਮਾੜੇ ਬੰਦੇ ਇਤਿਹਾਸ ਰਚਦੇ ਹਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਦੀ ਸਭ ਤੋਂ ਉੱਘੜਵੀਂ ਉਦਾਹਰਣ ਹੈ। ਇਹ ਮੰਨਣਾ ਪਵੇਗਾ ਕਿ ਸੱਤਾ ਵਿਚ ਉਸ ਦੇ ਉਭਾਰ ਨੂੰ ਵਿਆਪਕ ਆਰਥਿਕ ਅਤੇ ਤਕਨੀਕੀ ਤਬਦੀਲੀਆਂ ਦੇ ਸੰਦਰਭ ਵਿਚ ਹੀ ਸਮਝਿਆ ਜਾ ਸਕਦਾ ਹੈ। ਵਿਸ਼ਵੀਕਰਨ ਦੇ ਦੌਰ ਵਿਚ ਗੋਰੇ ਮਜ਼ਦੂਰ ਵਰਗ ਦੀ ਨਿਰਾਸ਼ਾ ਅਤੇ ਆਪਣੇ ਅਕਸ ਤੇ ਝੂਠ ਦੇ ਪਸਾਰ ਲਈ ਮੀਡੀਆ ਦੇ ਨਵੇਂ ਮਧਿਅਮਾਂ ਦੀ ਵਰਤੋਂ ਬਗੈਰ ਟਰੰਪ ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਕਦੇ ਵੀ ਨਹੀਂ ਸੀ ਬਣ ਸਕਦਾ। ਜਦੋਂ ਤੋਂ ਉਸ ਨੇ ਅਹੁਦਾ ਸੰਭਾਲਿਆ ਹੈ, ਉਸ ਨੇ ਆਪਣੇ ਨਾਲ-ਨਾਲ ਲੱਖਾਂ ਲੋਕਾਂ ਦਾ ਜੀਵਨ ਅਤੇ ਹੋਣੀ ਬਦਲ ਦਿੱਤੀ ਹੈ।
ਉਦਾਹਰਣ ਵਜੋਂ ਜੇਕਰ 2026 ਵਿਚ ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਕੋਈ ਹੋਰ ਬਣਿਆ ਹੁੰਦਾ ਤਾਂ ਇਜ਼ਰਾਈਲ ਦੇ ਉਕਸਾਉਣ ’ਤੇ ਇਰਾਨ ਖ਼ਿਲਾਫ਼ ਕਦੇ ਵੀ ਜੰਗ ਨਹੀਂ ਸੀ ਲੱਗਣੀ, ਜਿਸ ਨਾਲ ਪੱਛਮੀ ਏਸ਼ੀਆ ਦੇ ਦੇਸ਼ ਜਾਨੀ ਤੇ ਮਾਲੀ ਨੁਕਸਾਨ ਤੋਂ ਬਚ ਜਾਣੇ ਸਨ ਅਤੇ ਹੋਰ ਮੁਲਕਾਂ ਨੂੰ ਤੇਲ, ਗੈਸ ਤੇ ਖਾਦ ਦੀਆਂ ਵਧਦੀਆਂ ਕੀਮਤਾਂ ਕਾਰਨ ਸਮੱਸਿਆਵਾਂ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ।
ਇਸ ਲੇਖ ਵਿਚ ਮੈਂ ਟਰੰਪ ਦੀ ਇਰਾਨ ਖ਼ਿਲਾਫ਼ ਜੰਗ ਨਾਲ ਦੁਨੀਆ ਨੂੰ ਹੋ ਰਹੇ ਨੁਕਸਾਨ ਤੋਂ ਧਿਆਨ ਹਟਾ ਕੇ, ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਪਿਛਲੇ ਇੱਕ ਸਾਲ ਤਿੰਨ ਮਹੀਨਿਆਂ ਵਿਚ ਉਸ ਵੱਲੋਂ ਆਪਣੇ ਹੀ ਮੁਲਕ ਦੇ ਕੀਤੇ ਗਏ ਨੁਕਸਾਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ। ਇਸ ਦੌਰਾਨ ਤਕਰੀਬਨ ਸੱਤ ਤਰੀਕਿਆਂ ਨਾਲ ਟਰੰਪ ਨੇ ਆਪਣੇ ਹੀ ਦੇਸ਼ ਅਮਰੀਕਾ ਨੂੰ ਕਮਜ਼ੋਰ ਕੀਤਾ ਹੈ, ਜਿਸ ਨੂੰ ਉਸ ਨੇ ‘ਮੁੜ ਮਹਾਨ ਬਣਾਉਣ’ ਦਾ ਵਾਅਦਾ ਕੀਤਾ ਸੀ।
ਡੋਨਲਡ ਟਰੰਪ ਵੱਲੋਂ ਆਪਣੇ ਦੇਸ਼ ’ਤੇ ਕੀਤੇ ਗਏ ਹਮਲਿਆਂ ਵਿਚ ਪਹਿਲਾ ਹੱਲਾ ਸਰਕਾਰ ਦੀ ਫ਼ੈਸਲੇ ਲੈਣ ਦੀ ਪ੍ਰਕਿਰਿਆ ’ਤੇ ਕੀਤਾ ਗਿਆ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਕੋਲ ਤਕਨੀਕੀ ਰੂਪ ਵਿਚ ਬਰਤਾਨਵੀ ਵੈਸਟਮਿੰਸਟਰ ਪ੍ਰਣਾਲੀ ਤਹਿਤ ਪ੍ਰਧਾਨ ਮੰਤਰੀ ਨਾਲੋਂ ਵਧੇਰੇ ਤਾਕਤ ਹੁੰਦੀ ਹੈ, ਪਰ ਫਿਰ ਵੀ ਉਹ ਦੂਜਿਆਂ ਨਾਲ ਸਰਗਰਮੀ ਨਾਲ ਸਲਾਹ-ਮਸ਼ਵਰਾ ਕਰਨ ਦਾ ਪਾਬੰਦ ਹੁੰਦਾ ਹੈ। ਹਾਲਾਂਕਿ ਟਰੰਪ ਨੇ ਅਮਰੀਕੀ ਕਾਂਗਰਸ ਅਤੇ ਅਕਸਰ ਆਪਣੀ ਹੀ ਕੈਬਨਿਟ ਨੂੰ ਉਲੰਘਦਿਆਂ ਆਪਣੇ ਤੌਰ ’ਤੇ ਇਕੱਲਿਆਂ ਕਾਰਵਾਈ ਕਰਨ ਨੂੰ ਤਰਜੀਹ ਦਿੱਤੀ ਹੈ। ਵੈਨੇਜ਼ੁਏਲਾ ਅਤੇ ਇਰਾਨ ਖ਼ਿਲਾਫ਼ ਜੰਗ ਦਾ ਐਲਾਨ ਬਸ ਇਸ ਦੀਆਂ ਸਭ ਤੋਂ ਉੱਘੜਵੀਆਂ ਉਦਾਹਰਣਾਂ ਸਨ। ਯਾਦ ਕਰੋ ਕਿ ਦੂਜੀ ਵਾਰ ਰਾਸ਼ਟਰਪਤੀ ਬਣਨ ਮਗਰੋਂ ਆਪਣੀ ਦੂਜੀ ਪਾਰੀ ਦੇ ਪਹਿਲੇ ਸਾਲ ਵਿਚ ਹੀ ਟਰੰਪ ਨੇ 225 ਕਾਰਜਕਾਰੀ ਹੁਕਮ ਪਾਸ ਕੀਤੇ। ਕੁਝ ਹੁਕਮਾਂ ਦੇ ਤਬਹਾਕੁੰਨ ਸਿੱਟੇ ਨਿਕਲੇ, ਜਿਵੇਂ ਅਹਿਮ ਸਰਕਾਰੀ ਵਿਭਾਗਾਂ ਨੂੰ ਬੰਦ ਕਰਨਾ ਅਤੇ ਆਪਹੁਦਰੇ ਢੰਗ ਨਾਲ ਟੈਰਿਫ ਦਰਾਂ ਵਧਾਉਣਾ-ਘਟਾਉਣਾ। ‘ਫੈਡਰਲ ਸਰਕਾਰ ਵਿਚ ਵੋਕ ਏ ਆਈ ਦੀ ਰੋਕਥਾਮ’ ਅਤੇ ‘ਅਮਰੀਕੀ ਟਰੱਕ ਡਰਾਈਵਰਾਂ ਲਈ ਆਮ ਸੂਝ ਦੇ ਸੜਕੀ ਨਿਯਮ ਲਾਗੂ ਕਰਨ’ ਜਿਹੇ ਹੁਕਮ ਹਾਸੋ-ਹੀਣੇ ਹਨ।
ਟਰੰਪ ਵੱਲੋਂ ਦੂਜਾ ਹਮਲਾ ਅਮਰੀਕਾ ਵਿਚ ਨਿਰਪੱਖ ਕਾਰਜਪਾਲਿਕਾ ਦੇ ਸੰਕਲਪ ’ਤੇ ਹੋਇਆ ਹੈ। ਟਰੰਪ ਵੱਲੋਂ ਅਮਰੀਕੀ ਨਿਆਂ ਵਿਭਾਗ ਨੂੰ ਹਥਿਆਰ ਵਜੋਂ ਵਰਤਣ ਅਤੇ ਇਸ ਨੂੰ ਆਪਣੇ ਸਿਆਸੀ ਵਿਰੋਧੀਆਂ ਤੇ ਕਾਨੂੰਨ ਦੇ ਨਾਲ-ਨਾਲ ਆਪਣੀ ਜ਼ਮੀਰ ਮੁਤਾਬਕ ਕੰਮ ਕਰਨ ਵਾਲੇ ਇਮਾਨਦਾਰ ਅਧਿਕਾਰੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਸੰਦਰਭ ਵਿਚ ਇਹ ਸੱਚ ਹੈ। ਇਸ ਦੇ ਨਾਲ ਹੀ ਡੈਮੋਕਰੈਟਸ ਦੇ ਸ਼ਾਸਨ ਵਾਲੇ ਸੂਬਿਆਂ ਵਿਚ ਟਰੰਪ ਦੀਆਂ ਨੀਤੀਆਂ ਪ੍ਰਤੀ ਅਸਹਿਮਤੀ ਰੱਖਣ ਵਾਲੇ ਨਾਗਰਿਕਾਂ ਨੂੰ ਡਰਾਉਣ-ਧਮਕਾਉਣ ਲਈ ‘ਆਈਸ’ ਨੂੰ ਭੇਜਿਆ ਗਿਆ। ਇਨ੍ਹਾਂ ਸਭ ਮਾਮਲਿਆਂ ਵਿਚ ਇਮਾਨਦਾਰੀ ਤੇ ਨਿਆਂ ਦੀ ਬਜਾਏ ਪੱਖਪਾਤ ਤੇ ਬਦਲਾਖੋਰੀ ਭਾਰੂ ਜਾਪਦੀ ਹੈ।
ਟਰੰਪ ਨੇ ਤੀਜਾ ਹਮਲਾ ਅਮਰੀਕੀ ਫ਼ੌਜ ’ਤੇ ਕੀਤਾ ਹੈ। ਹਾਲਾਂਕਿ ਅਮਰੀਕੀ ਸੈਨਿਕ ਕਾਨੂੰਨ ਤਹਿਤ ਰਾਸ਼ਟਰਪਤੀ ਦੇ ਹੁਕਮ ਮੰਨਣ ਦੇ ਪਾਬੰਦ ਹਨ, ਪਰ ਫ਼ੌਜੀਆਂ ਦੇ ਕਿਸੇ ਖ਼ਾਸ ਸਿਆਸੀ ਪਾਰਟੀ ਪ੍ਰਤੀ ਝੁਕਾਅ ਰੱਖਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ, ਕਿਸੇ ਖ਼ਾਸ ਸਿਆਸਤਦਾਨ ਦੀ ਤਾਂ ਗੱਲ ਹੀ ਛੱਡੋ। ਜਾਪਦਾ ਹੈ ਕਿ ਪਿਛਲੇ ਸਾਲ ਟਰੰਪ ਦੇ ਜਨਮ ਦਿਨ ਮੌਕੇ ਅਮਰੀਕਾ ਦੀ ਰਾਜਧਾਨੀ ’ਚ ਹੋਈ ਫ਼ੌਜੀ ਪਰੇਡ ਦੌਰਾਨ ਇਹ ਰਵਾਇਤ ਭੁਲਾ ਦਿੱਤੀ ਗਈ। ਹਾਲ ਹੀ ਵਿਚ ਇਰਾਨ ਖ਼ਿਲਾਫ਼ ਜੰਗ ਦੌਰਾਨ ਟਰੰਪ ਨੇ ਆਪਣੇ ਰੱਖਿਆ ਮੰਤਰੀ ਪੀਟ ਹੈਗਸੈਥ ਰਾਹੀਂ ਆਰਮੀ ਚੀਫ ਔਫ ਸਟਾਫ ਜਿਹੇ ਸਤਿਕਾਰਤ ਅਧਿਕਾਰੀ ਨੂੰ ਇਸ ਲਈ ਬਰਤਰਫ਼ ਕਰਵਾ ਦਿੱਤਾ ਕਿਉਂਕਿ ਇਹ ਅਧਿਕਾਰੀ ਫ਼ੌਜ ਵਿਚ ਅਹੁਦੇ ’ਚ ਤਰੱਕੀ ਨੂੰ ਲਿੰਗ ਜਾਂ ਨਸਲ ਦੇ ਵਿਤਕਰੇ ਤੋਂ ਮੁਕਤ ਕਰਨਾ ਚਾਹੁੰਦਾ ਸੀ। ਤਕਨਾਲੋਜੀ ਪੱਖੋਂ ਅਮਰੀਕੀ ਫ਼ੌਜ ਦੁਨੀਆ ਭਰ ਵਿਚ ਸਭ ਤੋਂ ਵੱਧ ਵਿਕਸਿਤ ਹੈ, ਫਿਰ ਵੀ ਇਸ ਦੇ ਕੰਮਕਾਜ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ ਨੇ ਇਸ ਦੀ ਸੰਸਥਾਗਤ ਸਮਰੱਥਾ ’ਤੇ ਮਾੜਾ ਅਸਰ ਪਾਇਆ ਹੈ।
ਡੋਨਲਡ ਟਰੰਪ ਨੇ ਚੌਥਾ ਹਮਲਾ ਪ੍ਰੈੱਸ ਦੀ ਆਜ਼ਾਦੀ ’ਤੇ ਕੀਤਾ ਹੈ। ਉਸ ਨੇ ਕੁਝ ਮੀਡੀਆ ਅਦਾਰਿਆਂ ਦੇ ਮਾਲਕਾਂ (‘ਵਾਸ਼ਿੰਗਟਨ ਪੋਸਟ’ ਦੇ ਜੈੱਫ ਬੈਜ਼ੋਸ ਨੂੰ ਧਮਕੀ ਇਸ ਦੀ ਉੱਘੜਵੀਂ ਉਦਾਹਰਣ ਹੈ) ਨੂੰ ਧਮਕਾਇਆ ਹੈ ਤਾਂ ਜੋ ਉਨ੍ਹਾਂ ਦੇ ਮੀਡੀਆ ਅਦਾਰੇ ਟਰੰਪ ਅਤੇ ਉਸ ਦੇ ਪ੍ਰਸ਼ਾਸਨ ਦਾ ਪੱਖ ਪੂਰਨ ਵਾਲਾ ਰਵੱਈਆ ਅਪਣਾਉਣ। ਇਸ ਤੋਂ ਇਲਾਵਾ ਉਸ ਨੇ ਆਪਣੇ ਕੁਝ ਕਰੀਬੀ ਅਰਬਪਤੀਆਂ ਵੱਲੋਂ ਸਰਗਰਮ ਮੀਡੀਆ ਅਦਾਰਿਆਂ (ਉਦਾਹਰਣ ਵਜੋਂ ਸੀ ਬੀ ਐੱਸ) ਦੀ ਖਰੀਦ ਵਿਚ ਮਦਦ ਕੀਤੀ ਹੈ, ਜਿਸ ਸਦਕਾ ਟਰੰਪ ਖ਼ਿਲਾਫ਼ ਹੋਣ ਵਾਲੀ ਆਲੋਚਨਾਤਮਕ ਕਵਰੇਜ ਦਬਾਈ ਜਾ ਸਕੇ।
ਟਰੰਪ ਦਾ ਪੰਜਵਾਂ ਹਮਲਾ ਦੇਸ਼ ਦੀਆਂ ਬਹੁਤ ਸਲਾਹੀਆਂ ਜਾਣ ਵਾਲੀਆਂ ਯੂਨੀਵਰਸਿਟੀਆਂ ’ਤੇ ਹੈ। ਇਸ ਦੀ ਸ਼ੁਰੂਆਤ ਗਾਜ਼ਾ ਵਿਚ ਇਜ਼ਰਾਈਲ ਦੀਆਂ ਨਸਲਕੁਸ਼ੀ ਵਾਲੀਆਂ ਕਾਰਵਾਈਆਂ ਖ਼ਿਲਾਫ਼ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵੱਲੋਂ ਕੀਤੇ ਸ਼ਾਂਤਮਈ ਪ੍ਰਦਰਸ਼ਨ ਨਾਲ ਹੋਈ। ਇਨ੍ਹਾਂ ਪ੍ਰਦਰਸ਼ਨਾਂ ਨੇ ਰਾਸ਼ਟਰਪਤੀ ਨੂੰ ਇੰਨਾ ਗੁੱਸਾ ਦਿਵਾਇਆ ਕਿ ਉਸ ਨੇ ਫੈਡਰਲ ਫੰਡਿੰਗ ਵਿਚ ਕਟੌਤੀ ਕਰਨ ਅਤੇ ਯੂਨੀਵਰਸਿਟੀ ਨੂੰ ਮਿਲਣ ਵਾਲੇ ਦਾਨ ਦੀ ਰਕਮ ’ਤੇ ਟੈਕਸ ਲਗਾਉਣ ਦੀ ਧਮਕੀ ਦਿੱਤੀ। ਟਰੰਪ ਅਮਰੀਕਾ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਨੂੰ ਆਪਣੀ ਸਿਆਸਤ ਅਤੇ ਆਪਣੇ ਪੱਖਪਾਤੀ ਨਜ਼ਰੀਏ ਮੁਤਾਬਿਕ ਢਾਲਣਾ ਚਾਹੁੰਦਾ ਹੈ, ਭਾਵੇਂ ਇਸ ਦਾ ਅਰਥ ਸੁਤੰਤਰ ਬੌਧਿਕ ਖੋਜ ਪ੍ਰਤੀ ਉਸ ਵਚਨਬੱਧਤਾ ਨੂੰ ਤਿਆਗਣਾ ਹੋਵੇ, ਜਿਨ੍ਹਾਂ ਸਦਕਾ ਇਨ੍ਹਾਂ ਯੂਨੀਵਰਸਿਟੀਆਂ ਨੂੰ ਇਹ ਰੁਤਬਾ ਹਾਸਲ ਹੋਇਆ ਹੈ।
(ਯੂਨੀਵਰਸਿਟੀਆਂ ’ਤੇ ਟਰੰਪ ਦੇ ਹਮਲੇ ਵਿਗਿਆਨ ’ਤੇ ਉਸ ਦੇ ਹਮਲਿਆਂ ਨਾਲ ਮੇਲ ਖਾਂਦੇ ਹਨ। ਆਪਣੇ ਪਹਿਲੇ ਕਾਰਜਕਾਲ ਵਿਚ ਉਸ ਨੇ ਨੈਸ਼ਨਲ ਇੰਸਟੀਚਿਊਟ ਔਫ ਅਲਰਜੀ ਐਂਡ ਇਨਫੈਕਸ਼ੀਅਸ ਡਿਜ਼ੀਜ਼ ਦੇ ਡਾਇਰੈਕਟਰ ਐਂਥਨੀ ਫਾਉਚੀ ਵੱਲੋਂ ਕੋਵਿਡ-19 ਮਹਾਮਾਰੀ ਨੂੰ ਰੋਕਣ ਦੇ ਯਤਨਾਂ ਨੂੰ ਲਗਾਤਾਰ ਕਮਜ਼ੋਰ ਕੀਤਾ। ਆਪਣੇ ਦੂਜੇ ਕਾਰਜਕਾਲ ਵਿਚ ਉਸ ਨੇ ਟੀਕਾਕਰਨ ਦੇ ਕੱਟੜ ਵਿਰੋਧੀ ਰੌਬਰਟ ਐੱਫ. ਕੈਨੇਡੀ ਜੂਨੀਅਰ ਨੂੰ ਆਪਣਾ ਸਿਹਤ ਸਕੱਤਰ ਨਿਯੁਕਤ ਕੀਤਾ ਹੈ।)
ਟਰੰਪ ਦੇ ਹਮਲਿਆਂ ਦਾ ਛੇਵਾਂ ਸ਼ਿਕਾਰ ਅਮਰੀਕਾ ਦੇ ਸਭ ਤੋਂ ਭਰੋਸੇਮੰਦ ਅਤੇ ਪੱਕੇ ਸਹਿਯੋਗੀ ਹੋਏ ਹਨ। ਗੁਆਂਢੀ ਦੇਸ਼ ਕੈਨੇਡਾ ਨਾਲ ਹਮੇਸ਼ਾ ਤੋਂ ਹੀ ਸੰਯੁਕਤ ਰਾਜ ਅਮਰੀਕਾ ਦੇ ਵਧੀਆ ਸਬੰਧ ਰਹੇ ਹਨ। ਕੈਨੇਡਾ ਨੂੰ ਟਰੰਪ ਨੇ ਇਸ ’ਤੇ ਕਬਜ਼ਾ ਕਰਨ ਤੇ ਇਸ ਖ਼ਿਲਾਫ਼ ਵਪਾਰਕ ਜੰਗ ਛੇੜਨ ਦੀਆਂ ਧਮਕੀਆਂ ਦਿੱਤੀਆਂ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸੰਯੁਕਤ ਰਾਜ ਅਮਰੀਕਾ ਦੇ 51ਵੇਂ ਸੂਬੇ ਦਾ ਗਵਰਨਰ ਦੱਸਿਆ। ਹਾਲ ਦੀ ਘੜੀ ਟਰੰਪ ਨੇ ਕੈਨੇਡਾ ਦਾ ਮਜ਼ਾਕ ਉਡਾਉਣਾ ਬੰਦ ਕਰ ਦਿੱਤਾ ਹੈ, ਜਦੋਂਕਿ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਹੋਰਨਾਂ ਮੈਂਬਰਾਂ ਦਾ ਮਜ਼ਾਕ ਉਡਾਉਣਾ ਹਾਲੇ ਵੀ ਜਾਰੀ ਹੈ। ਸੰਨ 1949 ਵਿਚ ਆਪਣੀ ਸਥਾਪਤੀ ਤੋਂ ਲੈ ਕੇ ਹੁਣ ਤੱਕ ਨਾਟੋ ਇੱਕਜੁੱਟ ਅਤੇ ਬਿਨਾਂ ਵਿਰੋਧ ਵਾਲਾ ਗੱਠਜੋੜ ਰਿਹਾ ਹੈ, ਜੋ ਪਿਛਲੇ ਇੱਕ ਸਾਲ ਦੌਰਾਨ ਟਰੰਪ ਵੱਲੋਂ ਗ੍ਰੀਨਲੈਂਡ ’ਤੇ ਕਬਜ਼ਾ ਕਰਨ ਜਾਂ ਖਰੀਦਣ ਦੀ ਧਮਕੀ ਅਤੇ ਹਾਲ ਹੀ ’ਚ ਇਰਾਨ ਵਿਰੁੱਧ ਜੰਗ ਵਿਚ ਯੂਰੋਪੀਅਨ ਸਹਿਯੋਗੀਆਂ ਦੇ ਸ਼ਾਮਲ ਨਾ ਹੋਣ ’ਤੇ ਉਸ ਦੇ ਗੁੱਸੇ ਕਾਰਨ ਗੰਭੀਰ ਤਣਾਅ ਵਿਚ ਹੈ। ਟਰੰਪ ਦਾ ਦੂਜਿਆਂ ਪ੍ਰਤੀ ਵੈਰ-ਭਾਵ ਵਿਅਕਤੀਗਤ ਰੂਪ ਧਾਰਦਾ ਜਾ ਰਿਹਾ ਹੈ, ਜਿਸ ਵਿਚ ਬਰਤਾਨੀਆ ਅਤੇ ਸਪੇਨ ਦੇ ਪ੍ਰਧਾਨ ਮੰਤਰੀਆਂ ਸਣੇ ਹੋਰਨਾਂ ਖ਼ਿਲਾਫ਼ ਬੇਲੋੜੀਆਂ ਅਪਮਾਨਜਨਕ ਟਿੱਪਣੀਆਂ ਸ਼ਾਮਿਲ ਹਨ।
ਟਰੰਪ ਵੱਲੋਂ ਜਾਣ-ਬੁੱਝ ਕੇ ਰਾਸ਼ਟਰਪਤੀ ਦੇ ਅਹੁਦੇ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਵੀ ਜ਼ਰੂਰੀ ਹੈ। ਇਹ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਪਾਈਆਂ ਪੋਸਟਾਂ ਵਿਚ ਵਰਤੀ ਗਈ ਅਪਮਾਨਜਨਕ ਭਾਸ਼ਾ ਅਤੇ ਹਰ ਵੇਲੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਫ਼ਾਇਦਾ ਕਰਵਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਲਈ ਤਿਆਰ ਰਹਿਣ ਵਾਲੇ ਰਵੱਈਏ ਤੋਂ ਪ੍ਰਤੱਖ ਹੈ। ਇਹ ਸੱਚ ਹੈ ਕਿ ਕੁਝ ਸਾਬਕਾ ਰਾਸ਼ਟਰਪਤੀਆਂ (ਲਿੰਡਨ ਜੌਹਨਸਨ ਅਤੇ ਰਿਚਰਡ ਨਿਕਸਨ) ਨੇ ਵੀ ਨਿੱਜੀ ਤੌਰ ’ਤੇ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਸੀ, ਜਦੋਂਕਿ ਹੋਰ ਕਈ ਰਾਸ਼ਟਰਪਤੀਆਂ ਨੇ ਅਹੁਦਾ ਛੱਡਣ ਮਗਰੋਂ ਪੈਸੇ ਲੈ ਕੇ ਭਾਸ਼ਣ ਦੇ ਕੇ ਅਤੇ ਕਿਤਾਬਾਂ ਲਿਖ ਕੇ ਆਪਣੇ ਰੁਤਬੇ ਦਾ ਲਾਹਾ ਲਿਆ, ਪਰ ਮੰਦੀ ਭਾਸ਼ਾ ਵਰਤਣ ਅਤੇ ਭ੍ਰਿਸ਼ਟਾਚਾਰ ਵਿਚ ਟਰੰਪ ਨੇ ਉਨ੍ਹਾਂ ਸਾਰਿਆਂ ਨੂੰ ਮਾਤ ਪਾ ਦਿੱਤੀ ਹੈ। ਉਸ ਨੇ ਆਪਣੇ ਅਹੁਦੇ ਦੀ ਸਾਖ ਨੂੰ ਇੰਨਾ ਖੋਰਾ ਲਾਇਆ ਹੈ, ਜਿੰਨਾ ਹੁਣ ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਕਿਸੇ ਵੀ ਹੋਰ ਆਗੂ ਨੇ ਨਹੀਂ ਲਗਾਇਆ।
ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ਦੌਰਾਨ ਟਰੰਪ ਵੱਲੋਂ ਆਪਣੇ ਹੀ ਦੇਸ਼ ’ਤੇ ਕੀਤੇ ਗਏ ਇਨ੍ਹਾਂ ਹਮਲਿਆਂ ਦੀ ਸੂਚੀ ਭਾਵੇਂ ਬਹੁਤੀ ਲੰਮੀ ਨਹੀਂ ਹੈ। ਫਿਰ ਵੀ ਇਸ ਤੋਂ ਕੁਝ ਹੱਦ ਤੱਕ ਇਹ ਅੰਦਾਜ਼ਾ ਲੱਗ ਜਾਂਦਾ ਹੈ ਕਿ ਟਰੰਪ ਨੇ ਆਪਣੇ ਉਸੇ ਦੇਸ਼ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ, ਜਿਸ ਨੂੰ ਉਹ ਪਿਆਰ ਕਰਨ ਅਤੇ ਮੁੜ ਮਹਾਨ ਬਣਾਉਣ ਦੇ ਦਾਅਵੇ ਕਰਦਾ ਹੈ। ਕੁੱਲ ਮਿਲਾ ਕੇ ਟਰੰਪ ਨੇ ਅਮਰੀਕਾ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਤੇ ਇਸ ਦੀ ਇੰਨੀ ਹੱਤਕ ਕਰਵਾ ਦਿੱਤੀ ਹੈ, ਜਿੰਨਾ ਕਮਜ਼ੋਰ ਇਹ ਅੱਜ ਤੱਕ ਕਦੇ ਵੀ ਨਹੀਂ ਸੀ ਜਾਪਿਆ।
ਮੈਂ ਇੱਕ ਆਖ਼ਰੀ ਨੁਕਤਾ ਵੀ ਤੁਹਾਡੀ ਨਜ਼ਰ ਕਰਨਾ ਚਾਹੁੰਦਾ ਹਾਂ। ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਵਿਚ ਡੋਨਲਡ ਟਰੰਪ ਨੇ ਹਠੀ ਤੇ ਖ਼ਬਤੀ ਢੰਗ ਨਾਲ ਵਿਹਾਰ ਕੀਤਾ। ਦੂਜੇ ਕਾਰਜਕਾਲ ਦੌਰਾਨ ਉਸ ਦੀਆਂ ਕਾਰਵਾਈਆਂ ਨੂੰ ਸਟੀਕ ਰੂਪ ਵਿਚ ਖ਼ਤਰਨਾਕ ਅਤੇ ਵੈਰਪੂਰਨ ਆਖਿਆ ਜਾ ਸਕਦਾ ਹੈ। ਮੇਰਾ ਮੰਨਣਾ ਹੈ ਕਿ ਇਹ ਫ਼ਰਕ ਇਸ ਕਰਕੇ ਹੈ ਕਿਉਂਕਿ ਇਸ ਸਮੇਂ ਦੌਰਾਨ ਟਰੰਪ ਅਤੇ ਉਸ ਦੇ ਸਲਾਹਕਾਰਾਂ ਨੇ ਹੋਰ ਜਮਹੂਰੀ ਮੁਲਕਾਂ ਦੇ ਨਿਰੰਕੁਸ਼ ਆਗੂਆਂ ਦੇ ਕੰਮ ਕਰਨ ਦੇ ਤੌਰ-ਤਰੀਕਿਆਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਅਤੇ ਸਿੱਧੇ ਤੌਰ ’ਤੇ ਉਨ੍ਹਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਹੰਗਰੀ ਵਿਚ ਵਿਕਟਰ ਓਰਬਨ, ਤੁਰਕੀ ਵਿਚ ਰੈਸੇਪ ਅਰਦੋਗਾਂ, ਇਜ਼ਰਾਈਲ ਵਿਚ ਬੈਂਜਾਮਿਨ ਨੇਤਨਯਾਹੂ ਅਤੇ ਭਾਰਤ ਵਿਚ ਨਰਿੰਦਰ ਮੋਦੀ ਮੀਡੀਆ ਨੂੰ ਧਮਕਾਉਣ, ਨਿਆਂ ਪ੍ਰਣਾਲੀ ਦੀ ਦੁਰਵਰਤੋਂ, ਫ਼ੌਜ ਦਾ ਸਿਆਸੀਕਰਨ ਅਤੇ ਯੂਨੀਵਰਸਿਟੀਆਂ ’ਤੇ ਕਬਜ਼ਾ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰਦੇ ਰਹੇ ਹਨ। ਇਨ੍ਹਾਂ ਸਾਰੇ ਆਗੂਆਂ ਨੇ ਆਪੋ-ਆਪਣੇ ਮੁਲਕਾਂ ਦੀ ਜਮਹੂਰੀ ਸਵੈ-ਸੁਰਜੀਤੀ ਦੀ ਸਮਰੱਥਾ ਨੂੰ ਘਟਾਇਆ ਤੇ ਦੁਨੀਆ ਭਰ ਵਿਚ ਆਪਣੇ ਦੇਸ਼ਾਂ ਦੀ ਸਾਖ ਨੂੰ ਖੋਰਾ ਵੀ ਲਾਇਆ ਹੈ। ਫਿਰ ਵੀ ਇਤਿਹਾਸ ਸ਼ਾਇਦ ਟਰੰਪ ਨੂੰ ਹੀ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ ਵਾਲਾ ਨੇਤਾ ਮੰਨੇਗਾ ਕਿਉਂਕਿ ਦੁਨੀਆ ਦਾ ਸਭ ਤੋਂ ਵੱਧ ਅਮੀਰ, ਸਭ ਤੋਂ ਜ਼ਿਆਦਾ ਤਾਕਤਵਰ, ਵਿਗਿਆਨਕ ਪੱਖੋਂ ਸਭ ਤੋਂ ਵੱਧ ਉੱਨਤ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਦੇਸ਼ ਹੋਣ ਨਾਤੇ ਸੰਯੁਕਤ ਰਾਜ ਅਮਰੀਕਾ ਕੋਲ ਗੁਆਉਣ ਲਈ ਬਹੁਤ ਕੁਝ ਸੀ।
