ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
“ਹੈਲੋ! ਤੁਸੀਂ ਬਿਜ਼ੀ ਤਾਂ ਨਹੀਂ ਜੀ ਇਸ ਵੇਲੇ?”
“ਨਹੀਂ ਜੀ, ਦੱਸੋ ਤੁਸੀਂæææ ਮੈਂ ‘ਵਾਕ’ ਕਰ ਰਿਹਾ ਹਾਂ ਇਸ ਸਮੇਂ!”
“ਪੰਜ-ਸੱਤ ਕੁ ਮਿੰਟ ਲੈਣੇ ਨੇ ਤੁਹਾਡੇ।”
“ਹੁਕਮ ਕਰੋ ਵੀਰ ਜੀ।”
ਸ਼ਾਮ ਦੀ ਸੈਰ ਵੇਲੇ ਮੈਨੂੰ ਆਪਣੀ ‘ਆਈæਡੀæ’ ਬਲਾਕ ਕਰ ਕੇ ਕਿਸੇ ਸੱਜਣ ਨੇ ਫੋਨ ‘ਤੇ ਪੁਛਿਆ।
ਫੋਨ ਤਾਂ ਪਾਠਕਾਂ ਦੇ ਅਕਸਰ ਆਉਂਦੇ ਰਹਿੰਦੇ ਹਨ ਪਰ ਜਦ ਕੋਈ ਆਪਣੀ ਪਛਾਣ ਲੁਕਾ ਕੇ ਰਿੰਗ ਮਾਰਦਾ ਹੈ, ਤਦ ਦਿਮਾਗ ਜ਼ਰੂਰ ‘ਅਲਰਟ’ ਹੋ ਜਾਂਦਾ ਹੈ, ਕਿਉਂਕਿ ਇੰਜ ਗੁਪਤ ਰਹਿ ਕੇ ਫੋਨ ਕਰਨ ਵਾਲਿਆਂ ਦੀਆਂ ਗੱਲਾਂ ਕਈ ਵਾਰ ਕਸੂਤੀਆਂ ਜਾਂ ਖਰਵੀਆਂ ਜਿਹੀਆਂ ਹੁੰਦੀਆਂ ਹਨ। ਫਿਰ ਵੀ ਮੈਂ ‘ਕਾਇਮ’ ਜਿਹਾ ਹੋ ਕੇ ਫੋਨ ਸੁਣਨ ‘ਤੇ ਸਾਰਾ ਧਿਆਨ ਕੇਂਦ੍ਰਿਤ ਕਰ ਲਿਆ,
“ਭਾਈ ਸਾਹਿਬ, ਤੁਹਾਨੂੰ ਤੁਰਿਆਂ ਜਾਂਦਿਆਂ ਨੂੰ ਕੋਈ ਗੁੰਡਾ-ਬਦਮਾਸ਼ ਤੰਗ-ਪ੍ਰੇਸ਼ਾਨ ਕਰੇ, ਜਾਂ ਤੁਹਾਡੇ ਉਪਰ ਹਮਲਾ ਹੀ ਕਰ ਦੇਵੇæææ ਤੁਸੀਂ ਕਰੋ ਪੁਲਿਸ ਸਟੇਸ਼ਨ ਨੂੰ ਕਾਲ, ਅੱਗਿਉਂ ਉਤਰ ਆਵੇ, ‘ਅਸੀਂ ਕੀ ਕਰੀਏ, ਸਾਨੂੰ ਖੁਦ ਇਥੇ ਲੁਟੇਰਿਆਂ ਨੇ ਘੇਰਿਆ ਹੋਇਆ ਹੈ।’ ਜਾਂ ਕੋਈ ਆਪਣੇ ਘਰ ਲੱਗੀ ਅੱਗ ਤੋਂ ਫਾਇਰ ਸਰਵਿਸ ਵਾਲਿਆਂ ਨੂੰ ‘ਨਾਈਨ ਵੰਨ ਵੰਨ’ ਡਾਇਲ ਕਰੇ, ਤੇ ਉਹ ਮੋਹਰਿਉਂ ਕਹਿਣ ਕਿ ਸਾਡੇ ਦਫ਼ਤਰ ਵਿਚ ਅੱਧ ਅਸਮਾਨ ਤੱਕ ਅੱਗ ਦੀਆਂ ਲਾਟਾਂ ਬਲ ਰਹੀਆਂ ਨੇæææਸਗੋਂ ਤੁਸੀਂ ਸਾਡੀ ਮਦਦ ਲਈ ਇਥੇ ਪਹੁੰਚੋ! ਅਜਿਹੀ ਹਾਲਤ ਵਿਚ ਤੁਹਾਡੇ ‘ਤੇ ਕੀ ਬੀਤੇਗੀ? ਤੁਸੀਂ ਇਨ੍ਹਾਂ ਸਰਕਾਰੀ ਸਹੂਲਤਾਂ ਬਾਰੇ ਕੀ ਸੋਚੋਗੇ?”
ਕਾਲ ਕਰਨ ਵਾਲੇ ਵੱਲੋਂ ਬੰਨ੍ਹੀ ਗਈ ਇਸ ਲੰਮੀ-ਚੌੜੀ ਭੂਮਿਕਾ ਤੋਂ ਮੈਂ ਇੰਨਾ ਕੁ ਅੰਦਾਜ਼ਾ ਲਾ ਲਿਆ ਕਿ ਅਸਲ ਗੱਲ ਕੋਈ ‘ਖਾਸ’ ਹੀ ਹੋਵੇਗੀ?
“ਵੀਰ ਜੀ, ਜ਼ਰਾ ਸਪਸ਼ਟ ਕਰ ਕੇ ਦੱਸੋਗੇ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ?” ਆਜਜ਼ੀ ਨਾਲ ਮੈਂ ਉਸ ਸੱਜਣ ਨੂੰ ਬੇਨਤੀ ਕੀਤੀ।
“ਸਰ, ਤੁਸੀਂ ਆਪਣੀਆਂ ਲਿਖਤਾਂ ਵਿਚ ਗਾਹੇ-ਬ-ਗਾਹੇ ਸਿੱਖ ਧਰਮ ਦੇ ਅਸੂਲਾਂ-ਸਿਧਾਂਤਾਂ ਦੀ ਚਰਚਾ ਕਰਦੇ ਰਹਿੰਦੇ ਹੋ। ਇਸ ਕਰ ਕੇ ਮੈਂ ਆਪਣੀ ਵੇਦਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ।”
ਵਿਸ਼ਾ ਗੰਭੀਰ ਹੋਣ ਕਰ ਕੇ ਮੈਂ ਪਾਰਕ ਵਿਚ ਬਣੇ ਬੈਂਚ ‘ਤੇ ਬਹਿ ਕੇ ਫੋਨ ਕਰਨ ਵਾਲੇ ਦੀ ਗੱਲ ਤਫ਼ਸੀਲ ਨਾਲ ਸੁਣੀ। ਗੁਰੂ ਘਰ ਦੇ ਪੱਕੇ ਸ਼ਰਧਾਲੂ ਇਸ ਸੱਜਣ ਨੇ ਵਿਦੇਸ਼ ਵਿਚ ਖੱਟੀ-ਕਮਾਈ ਕਰਨ ਤੋਂ ਬਾਅਦ ਕੋਈ ਆਪਣਾ ਬਿਜ਼ਨੈਸ ਸ਼ੁਰੂ ਕਰਨਾ ਸੀ। ਆਮ ਸ਼ਰਧਾਵਾਨਾਂ ਵਾਂਗ ਇਹ ਆਪਣੇ ਨੇੜੇ ਦੇ ਗੁਰਦੁਆਰੇ ਚਲਾ ਗਿਆ। ਉਥੇ ਗ੍ਰੰਥੀ ਜੀ ਨੇ ‘ਅਰਦਾਸ ਭੇਟ’ ਵਜੋਂ ਇਕ ਸੌ ਇੱਕ ਡਾਲਰ ਮੁੱਠੀ ਵਿਚ ਘੁੱਟ ਕੇ, ਗੁਰੂ ਮਹਾਰਾਜ ਅੱਗੇ ਇਸ ਜਗਿਆਸੂ ਦੀ ਮੰਗ ਲੜੀ ਇੰਜ ਬਿਆਨ ਕੀਤੀ,
“ਹੇ ਸੱਚੇ ਪਾਤਸ਼ਾਹ ਜੀ! ਆਪ ਦੇ ਦਰੁ ਘਰ ਦਾ ਸੇਵਕ ਸ਼ æææਸਿੰਘ, ਨਵਾਂ ਕਾਰੋਬਾਰ ਅਰੰਭ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨ ਪਰਸ ਰਿਹਾ ਹੈ, ਸੇਵਕ ਦੇ ਕਾਰੋਬਾਰ ਵਿਚ ਤਰੱਕੀਆਂ ਬਖਸ਼ਣੀਆਂ, ਵਾਧੇ ਕਰਨੇ, ਨਉ ਨਿਧਾਂ ਸਿਧਾਂ ਦੀ ਬਖ਼ਸ਼ਿਸ਼ ਕਰ ਕੇ ਖ਼ਜ਼ਾਨੇ ਭਰਪੂਰæææਕਿਰਤ-ਕਮਾਈਆਂ ਵਿਚ ਬਰਕਤਾਂ ਪਾਉਣੀਆਂ, ਅੰਨ ਧਨ ਦੇ ਖੁੱਲ੍ਹੇ ਗੱਫੇ ਬਖ਼ਸ਼ ਕੇ ਨਿਹਾਲ ਕਰਨਾ ਜੀ!”
ਭਾਈ ਜੀ ਦੀ ਮਨੋਹਰ ਸ਼ੈਲੀ ‘ਚ ਕੀਤੀ ਗਈ ਅਰਦਾਸ ਤੋਂ ਮੰਤਰ-ਮੁਗਧ ਹੋਇਆ ਇਹ ਸ਼ਰਧਾਲੂ ਕੁਝ ਚਿਰ ਲਈ ਦੀਵਾਨ ਹਾਲ ਵਿਚ ਸਮਾਧੀ ਲਾ ਕੇ ਬਹਿ ਗਿਆ। ਕਥਾ ਕੀਰਤਨ ਹੋਇਆ, ਸੰਗਤ ਜੁੜ ਗਈæææਭਰੀ ਸੰਗਤ ਵਿਚ ਗੁਰਦੁਆਰੇ ਦੇ ਪ੍ਰਬੰਧਕਾਂ ਵਿਚੋਂ ਇਕ ਸਟੇਜ ‘ਤੇ ਆ ਕੇ ਇਕੱਠ ਨੂੰ ਸੰਬੋਧਨ ਹੋਇਆ,
“ਗੁਰੂ ਪਿਆਰਿਓ! ਆਪ ਸਭ ਦੇ ਆਰਥਿਕ ਸਹਿਯੋਗ ਨਾਲ ਗੁਰਦੁਆਰੇ ਦਾ ਵਿਸ਼ਾਲ ਕੰਪਲੈਕਸ ਸੰਪੂਰਨ ਤਾਂ ਹੋ ਚੁੱਕਾ ਹੈ ਪਰ ‘ਲੋਨ’ ਦੀ ਕਿਸ਼ਤ ਅਤੇ ਖ਼ਰਚੇ ਚਲਾਉਣ ਲਈ ਸਾਡੇ ਕੋਲ ਮਾਇਆ ਦੀ ਘਾਟ ਹੈ। ਆਪ ਭਲੀ-ਭਾਂਤ ਜਾਣਦੇ ਹੋ ਕਿ ਮਹਿੰਗਾਈ ਕਾਰਨ ਖ਼ਰਚੇ ਵਧਦੇ ਹੀ ਜਾ ਰਹੇ ਹਨ, ਕ੍ਰਿਪਾ ਕਰ ਕੇ ਤੁਸੀਂ ਹੁਣ ਇਕ ਨਹੀਂ, ਘੱਟੋ-ਘੱਟ ਪੰਜ ਡਾਲਰ ਦਾ ਮੱਥਾ ਟੇਕਿਆ ਕਰੋ। ਸੰਗਤ ਜੀ, ਤੁਸੀਂ ਹੁਣ ਖੁੱਲ੍ਹੇ ਦਿਲ ਨਾਲ ਗੁਰੂ ਘਰ ਦੇ ਖ਼ਜ਼ਾਨੇ ਭਰ ਦਿਉ ਤਾਂ ਕਿ ਅਸੀਂ ਰੋਜ਼ਾਨਾ ਦੇ ਖ਼ਰਚੇ ਚਲਾ ਸਕੀਏ।”
ਫੋਨ ਕਰਨ ਵਾਲੇ ਸੱਜਣ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਦੀ ਇਹ ‘ਅਨੋਖੀ ਅਪੀਲ’ ਮੇਰੀ ਸ਼ਰਧਾ ਉਤੇ ਅਸਮਾਨੀ ਬਿਜਲੀ ਵਾਂਗ ਕੜਕ ਕੇ ਪੈ ਗਈ! ਮਨਾਂ! ਜਿਸ ਦਰ ਤੋਂ ਮੇਰੇ ਵਰਗੇ ਹਜ਼ਾਰਾਂ ਆਪਣੀਆਂ ਝੋਲੀਆਂ ਭਰਨ ਦੀਆਂ ਮੰਗਾਂ ਲੈ ਕੇ ਆਉਂਦੇ ਹਨ, ਉਥੋਂ ਦੇ ਪ੍ਰਬੰਧਕ ਮੰਗਣ ਆਇਆਂ ਅੱਗੇ ਬੇਨਤੀਆਂ ਕਰ ਰਹੇ ਨੇ ਕਿ ਸਾਡਾ ‘ਹੱਥ ਤੰਗ’ ਹੈæææਇਹ ਕੀ ਮਾਜਰਾ ਹੋਇਆ? ਗੁਰਦੁਆਰਿਆਂ ਵਿਚ ਤਾਂ ਕਦੇ ਨਹੀਂ ਸੁਣਿਆ ਕਿ ਸੰਗਤ ਨੂੰ ਇਹ ਸਲਾਹ ਦਿੱਤੀ ਜਾਵੇ ਕਿ ਹੁਣ ਐਨੇ ਰੁਪਏ/ਡਾਲਰ ਦਾ ਮੱਥਾ ਟੇਕੋ ਜਾਂ ਗੋਲਕ ਭਰਪੂਰ ਕਰੋ! ਕਿਸੇ ਗੁਰੂ ਘਰ ਦੀ ਇੱਥੋਂ ਤੱਕ ਨੌਬਤ ਪਹੁੰਚਣ ਦਾ ਕੀ ਕਾਰਨ ਹੋ ਸਕਦਾ ਹੈ ਭਲਾ ਜੀ?
ਆਪਣੀ ਸ਼ਰਧਾ ਨੂੰ ਆਈ ਤਰੇੜ ਦੀ ਕਹਾਣੀ ਸੁਣਾਉਣ ਅਤੇ ਸਬੰਧਤ ਗੁਰੂ ਘਰ ਦੀ ਇੱਥੋਂ ਤੱਕ ਪਹੁੰਚੀ ਨੌਬਤ ਦਾ ਕਾਰਨ ਜਾਣਨ ਦੇ ਨਾਲ ਹੀ ਉਸ ਨੇ ਮੈਨੂੰ ਇਹ ਸਵਾਲ ਵੀ ਕਰ ਦਿੱਤਾ, ਅਖੇ ਜੀ, ਹਰ ਗੁਰਦੁਆਰੇ ਵਿਚ ਪ੍ਰਬੰਧ ਨੂੰ ਲੈ ਕੇ ਲੜਾਈਆਂ ਕਿਉਂ ਪੈਂਦੀਆਂ ਰਹਿੰਦੀਆਂ ਹਨ?
ਬਜਾਏ ਇਸ ਦੇ ਕਿ ਮੈਂ ਉਸ ਨੂੰ ਸਿੱਖ ਇਤਿਹਾਸ ਵਿਚੋਂ ਕੋਈ ਢੁਕਵਾਂ ਪ੍ਰਸੰਗ ਸੁਣਾ ਕੇ ਉਸ ਦੀ ਤਸੱਲੀ ਕਰਵਾਉਂਦਾ ਜਾਂ ਗੁਰਬਾਣੀ ਦੀਆਂ ਮੌਕਾ ਮੇਲ ਖਾਂਦੀਆਂ ਪੰਕਤੀਆਂ ਦੁਹਰਾਉਂਦਾ, ਅਚਾਨਕ ਮੈਨੂੰ ਆਪਣੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਹਿਣ ਸਮੇਂ ਦੀ ਅੱਖੀਂ ਦੇਖੀ ਝਾਕੀ ਯਾਦ ਆ ਗਈ ਜਿਸ ਵਿਚ ਉਸ ਦੇ ਸਾਰੇ ਸਵਾਲਾਂ ਦੇ ਉਤਰ ਆਪਣੇ ਆਪ ਮਿਲ ਜਾਣੇ ਸਨ। ਪਹਿਲਾਂ ਉਹ ਮੈਥੋਂ ‘ਪੰਜ ਸੱਤ ਮਿੰਟ’ ਮੰਗ ਰਿਹਾ ਸੀ, ਫਿਰ ਮੈਂ ਉਸ ਨੂੰ ‘ਕਾਹਲੀ ਤਾਂ ਨ੍ਹੀਂ ਕੋਈ?’ ਪੁੱਛ ਕੇ ਆਪਣੀ ਹੱਡਬੀਤੀ ਛੋਹ ਲਈ,
ਸਾਡੇ ਗੁਆਂਢੀ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਵਿਚ ਗੁਰਦੁਆਰਾ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਥੇ ਨੌਵੇਂ ਗੁਰੂ ਜੀ ਨੇ ਕਿਸੇ ਸਮੇਂ ਚਰਨ ਪਾਏ ਸਨ। ਪਹਿਲਾਂ ਪਹਿਲ ਉਥੇ ਸਿਰਫ਼ ਸੰਗਰਾਂਦ ਵਾਲੇ ਦਿਨ ਹੀ ਇਕੱਠ ਜੁੜਦਾ ਸੀ। ਪਿੰਡ ਛੋਟਾ ਹੋਣ ਕਰ ਕੇ ਸੰਗਤ ਵੀ ਥੋੜ੍ਹੀ ਹੀ ਹੁੰਦੀ ਸੀ ਪਰ ਆਪਸੀ ਇਤਫਾਕ ਬਥੇਰਾ ਸੀ। ਪਿੰਡ ਵਾਸੀ ਰਲ ਮਿਲ ਕੇ ਬਾਰਾਂ ਮਾਹ ਦਾ ਪਾਠ ਕਰ ਕੇ ਭੋਗ ਪਾ ਲੈਂਦੇ ਸਨ। ਚੜ੍ਹਾਵੇ ਨਾਲ ਹੀ ਸਾਰੀ ਪਾਠ-ਪੂਜਾ ਹੋਈ ਜਾਂਦੀ ਸੀ।
ਕਿਸੇ ਸੰਗਰਾਂਦ ਮੌਕੇ ਉਥੇ ਇਕ ਪ੍ਰਸਿੱਧ ਸੰਤ ਆ ਗਿਆ। ਉਸ ਨੇ ਪਿੰਡ ਵਾਲਿਆਂ ਨੂੰ ਉਤਸ਼ਾਹਤ ਕਰਦਿਆਂ ਉਪਦੇਸ਼ ਦਿੱਤਾ ਕਿ ਤੁਸੀਂ ਸੰਗਰਾਂਦ ਦੇ ਨਾਲ-ਨਾਲ ਮੱਸਿਆ ਵੀ ਮਨਾਇਆ ਕਰੋ। ਸੰਤ ਦੇ ਕਹੇ ਕਹਾਏ ਪਿੰਡ ਵਾਲਿਆਂ ਨੇ ਮੱਸਿਆ ਵੀ ਮਨਾਉਣੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਇਸ ਗੁਰਦੁਆਰੇ ਦੀ ਮੱਸਿਆ ਕਾਫ਼ੀ ਮਸ਼ਹੂਰ ਹੋ ਗਈ। ਆਲੇ-ਦੁਆਲੇ ਦੇ ਪਿੰਡਾਂ ਵਿਚ ਦੇਖਦਿਆਂ-ਦੇਖਦਿਆਂ ਦੂਰ-ਦੁਰਾਡੇ ਦੇ ਸ਼ਰਧਾਲੂ ਵੀ ਇੱਥੇ ਹਾਜ਼ਰੀਆਂ ਭਰਨ ਲੱਗ ਪਏ। ਹਰ ਮੱਸਿਆ ‘ਤੇ ਰਾਗੀ-ਢਾਡੀ, ਕਵੀ-ਕਵੀਸ਼ਰ ਵੀ ਆਉਣ ਲੱਗ ਪਏ। ਮੁਮਕਿਨ ਹੈ ਕਿ ਚੜ੍ਹਾਵਾ ਵਧਣਾ ਹੀ ਸੀ। ਜਦੋਂ ਗੁਰਦੁਆਰੇ ਦੇ ਖਾਤੇ ਵਿਚ ਬੈਂਕ ਬੈਲੇਂਸ ਉਤਾਂਹ ਨੂੰ ਉਛਾਲੇ ਮਾਰਨ ਲੱਗਾ ਤਾਂ ਪ੍ਰਧਾਨਗੀ-ਸਕੱਤਰੀ ਦੇ ਅਹੁਦਿਆਂ ਦੀ ‘ਸ਼ਾਨ’ ਵੀ ਦੂਣ-ਸਵਾਈ ਹੋ ਗਈ!
ਜਦ ਕੁ ਪਿੰਡਾਂ-ਸ਼ਹਿਰਾਂ ਵਾਲਿਆਂ ਦੇ ਸਿਰੀਂ ਅ-ਸੱਭਿਆਚਾਰਕ ਮੇਲਿਆਂ ਦਾ ਭੂਤ ਸਵਾਰ ਹੋਇਆ, ਤਦੋਂ ਕੁ ਇਕ ਮੱਸਿਆ ‘ਤੇ ਕੁਝ ‘ਅਗਾਂਹਵਧੂ’ ਪ੍ਰਬੰਧਕ ਕਹਿਣ ਲੱਗੇ ਕਿ ਐਤਕੀਂ ਇਕ ਗਾਉਣ ਵਾਲੀ ਨੂੰ ਵੀ ਸੱਦਣਾ ਹੈ ਜੋ ‘ਧਾਰਮਿਕ ਪ੍ਰੋਗਰਾਮ’ ਕਰੇਗੀ। ਅੱਧੇ ਕੁ ਸਿਆਣੇ-ਬਿਆਣੇ ਪ੍ਰਬੰਧਕ ਇਸ ਗੱਲ ਦਾ ਵਿਰੋਧ ਕਰਦਿਆਂ ਕਹਿਣ ਲੱਗੇ ਕਿ ਗੁਰਦੁਆਰਿਆਂ ਦੀਆਂ ਸਟੇਜਾਂ ਉਪਰ ਰਹਿਤ-ਬਹਿਤ ਦੇ ਧਾਰਨੀ ਰਾਗੀ ਪ੍ਰਚਾਰਕ ਹੀ ਬੋਲ ਸਕਦੇ ਹਨ। ਇਸ਼ਕ-ਮੁਸ਼ਕ ਦੇ ਗੀਤ ਗਾਉਣ ਵਾਲਿਆਂ ਦਾ ਇੱਥੇ ਕੀ ਕੰਮ? ਜਿੱਥੇ ਬਜ਼ੁਰਗ ਪ੍ਰਬੰਧਕ ਸਿੱਖ ਸਿਧਾਂਤ ਦੀਆਂ ਮਿਸਾਲਾਂ ਦੇਣ, ਉਥੇ ਮਾਡਰਨ ਪ੍ਰਬੰਧਕ ਕਹਿਣ ਕਿ ਹੁਣ ਤਾਂ ਸਾਰੇ ਥਾਂਈਂ ‘ਗਾਉਣ ਵਾਲੀਆਂ’ ਬੁਲਾਈਆਂ ਜਾਂਦੀਆਂ ਹਨ। ਗੱਲ ਕੀ, ਮੱਸਿਆ ਦੇ ਦਿਨ ਤੱਕ ਉਹ ਗੁਰਦੁਆਰਾ ਲੜਾਈ ਦਾ ਅਖਾੜਾ ਹੀ ਬਣ ਗਿਆ।
ਆਖ਼ਰ ਇਹ ਝਗੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦਫ਼ਤਰ ਵੀ ਪਹੁੰਚ ਗਿਆ। ਉਨ੍ਹਾਂ ਨੇ ਧਰਮ ਪ੍ਰਚਾਰ ਕਮੇਟੀ ਦੇ ਇਕ ਨੁਮਾਇੰਦੇ ਨਾਲ ਸਾਨੂੰ ਦੋਂਹ ਮੈਂਬਰਾਂ ਨੂੰ ਉਸ ਗੁਰਦੁਆਰੇ ਦਾ ਰੌਲਾ ਮੁਕਾਉਣ ਲਈ ਭੇਜ ਦਿੱਤਾ। ਅਸੀਂ ਝਗੜੇ ਦੀ ਅਸਲ ਜੜ੍ਹ ਲੱਭਣ ਲਈ ਗੁਰਦੁਆਰੇ ਦੇ ਖੁੱਲ੍ਹੇ ਵਿਹੜੇ ਵਿਚ ਹੀ ਪਿੰਡ ਵਾਸੀਆਂ ਦਾ ਇਕੱਠ ਕਰ ਲਿਆ। ਇਸ ਭਰਵੇਂ ਇਕੱਠ ਵਿਚ ਇਸੇ ਪਿੰਡ ਦਾ ਵਸਨੀਕ ਸਾਬਕਾ ਫੌਜੀ ਬੈਠਾ ਸੀ ਜਿਸ ਨੂੰ ਸਾਰੇ ਜਣੇ ਅਦਬ ਨਾਲ ਸੂਬੇਦਾਰ ਸਾਹਿਬ ਕਹਿ ਕੇ ਬੁਲਾਉਂਦੇ ਸਨ। ਸਾਡੀ ਟੀਮ ਵੱਲੋਂ ਪੁੱਛੇ ਜਾਣ ‘ਤੇ ਇਸੇ ਸੂਬੇਦਾਰ ਨੇ ਊੜੇ ਤੋਂ ਲੈ ਕੇ ੜਾੜੇ ਤੱਕ ਸਾਰਾ ਕਿੱਸਾ ਕਹਿ ਸੁਣਾਇਆ। ਆਪਣੀ ਗੱਲ ਮੁਕਾਉਣ ਲੱਗਿਆਂ ਉਸ ਨੇ ਆਪਣੇ ਫੌਜੀ ਅੰਦਾਜ਼ ਵਿਚ ਬੜੀਆਂ ‘ਪਤੇ ਦੀਆਂ’ ਗੱਲਾਂ ਕਹੀਆਂ ਜਿਨ੍ਹਾਂ ਨੂੰ ਸੁਣ ਕੇ ਸਾਰੇ ਇਕੱਠ ਦੇ ਹੱਸ-ਹੱਸ ਢਿੱਡੀਂ ਪੀੜਾਂ ਪੈ ਗਈਆਂ! ਪੂਰੀ ਕਹਾਣੀ ਦਾ ਨਿਚੋੜ ਕੱਢਣ ਵਾਂਗ ਉਹ ਸਾਨੂੰ ਮੁਖਾਤਬ ਹੋ ਕੇ ਬੋਲਿਆ,
“ਸਾਬ੍ਹ ਬਹਾਦਰ, ਹਮ ਪਿੰਡ ਵਾਸੀ ਤੋ ਬੜੇ ਸਾਲੋਂ ਸੇ ਪ੍ਰੇਮ ਇਤਫ਼ਾਕ ਨਾਲ ਸੰਗਰਾਂਦ ਮਨਾਤੇ ਆ ਰਹੇ ਸੀ, ਆਪਣੇ ਜੋਗਾ ਪ੍ਰਸ਼ਾਦ ਬਨਾ ਕੇ ਅਮਨ ਚੈਨ ਸੇ ਗੁਰੂ ਕਾ ਨਾਮ ਲੈਤੇ ਥੇ। ਏਕ ਮਰਤਬਾ ਇੱਕ ਸੰਤ ਬਾਬਾ ਯਹਾਂ ਕਿਆ ਆਇਆ, ਉਸ ਨੇ ਯਿਹ ਮੱਸਿਆ ਕਾ ‘ਪੰਗਾ’ ਖੜ੍ਹਾ ਕਰ ਦੀਆ! ਨਾ ਇਹ ਸੁਸਰੀ ਮੱਸਿਆ ਮਨਾਤੇ, ਨਾ ਚੜ੍ਹਾਵਾ ਚੜ੍ਹਤਾ ਔਰ ਨਾ ਹੀ ਇਨਕੀ (ਪ੍ਰਬੰਧਕਾਂ ਵੱਲ ਇਸ਼ਾਰਾ ਕਰ ਕੇ) ਆਪਸ ਮੇਂ ਲੜਾਈ-ਭਿੜਾਈ ਹੋਤੀ!” ਫਿਰ ਇਕੱਠ ਵੱਲ ਹੱਥ ਕਰ ਕੇ ਸਾਨੂੰ ਕਹਿੰਦਾ,
“ਸਰ ਜੀ, ਆਪ ਇਨਕੋ ਸਮਝਾਈਏ ਕਿ ਮੱਸਿਆ ਕਿਆ ਹੈ? ਹਨੇਰਾ! ਹਨੇਰੇ ਕੋ ਮੱਸਿਆ ਕਹਿਤੇ ਹੈਂ। ਮੱਸਿਆ, ਹਨੇਰਾ ਮਨਾਨੇ ਸੇ ‘ਸਮੱਸਿਆ’ ਤੋ ਆਏਗੀ ਹੀ!”
ਫੋਨ ਕਰਨ ਵਾਲੇ ਦੀ ਤਸੱਲੀ ਹੋਈ ਹੋਵੇਗੀ ਕਿ ਨਹੀਂ, ਇਹ ਤਾਂ ਉਹੀ ਜਾਣੇ ਪਰ ਜਦੋਂ ਵੀ ਮੈਂ ਧਰਮ ਦੇ ਨਾਮ ‘ਤੇ ਹੁੰਦੇ ਫੋਕਟ ਥੋਥੇ ਕਰਮ-ਕਾਂਡ ਹੁੰਦੇ ਦੇਖਦਾ-ਸੁਣਦਾ ਹਾਂ ਤਾਂ ਮੈਨੂੰ ‘ਮੱਸਿਆ ਦੀ ਸਮੱਸਿਆ’ ਦੱਸਣ ਵਾਲਾ ਸੂਬੇਦਾਰ ਚੇਤੇ ਆ ਜਾਂਦਾ ਹੈ!
Leave a Reply