ਰਘਵੀਰ ਸਿੰਘ ਟੇਰਕਿਆਨਾ, ਐਡਵੋਕੇਟ
ਫ਼ੋਨ: 98141-73402
ਵਰਿਆਮ ਸਿੰਘ ਸੰਧੂ ਬਹੁਤ ਵੱਡੇ ਕਹਾਣੀਕਾਰ ਤੇ ਚਰਚਿਤ ਲੇਖਕ ਹਨ, ਜਿਨ੍ਹਾਂ ਦੀਆਂ ਸਾਹਿਤਕ ਸਰਗਰਮੀਆਂ ਮੈਨੂੰ ਵੱਖ-ਵੱਖ ਸਮਿਆਂ ਉੱਤੇ ਕਾਇਲ ਕਰਦੀਆਂ ਰਹੀਆਂ।
ਲਗਪਗ ਅੱਧੀ ਸਦੀ ਤੋਂ ਵੱਖ-ਵੱਖ ਥਾਵਾਂ ਉੱਤੇ ਕੁਝ ਪਲਾਂ ਲਈ ਮੇਲ-ਮਿਲਾਪ ਵੀ ਹੁੰਦੇ ਰਹੇ। ਜਿੰਨਾ ਚਿਰ ਚਿੱਠੀਆਂ-ਪੱਤਰਾਂ ਦਾ ਜ਼ਮਾਨਾ ਸੀ; ਚਿੱਠੀ ਪੱਤਰ ਵੀ ਚੱਲਦੇ ਰਹੇ। ਅਜ-ਕੱਲ੍ਹ ਮੈਂ ਵੀ ਉਨ੍ਹਾਂ ਵਾਂਗ ਵਿਹਲੇ ਟਾਈਮ ਅਕਸਰ ਫੇਸਬੁੱਕ ਉੱਤੇ ਉਂਗਲਾਂ ਮਾਰਨ ਦਾ ਆਦੀ ਜਿਹਾ ਹੋ ਗਿਆ ਹਾਂ।
ਮੈਂ ਜਦੋ ਵੀ ਫੇਸਬੁੱਕ ਖੋਲ੍ਹਦਾ ਹਾਂ, ਕਿਤੇ ਨਾ ਕਿਤੇ ਉਹ ਬੈਠੇ ਹੋਏ, ਖੜ੍ਹੇ ਹੋਏ, ਬੋਲ ਰਹੇ ਦਿਖਾਈ ਦਿੰਦੇ ਹਨ ਜਾਂ ਉਨ੍ਹਾਂ ਸਮਾਗਮਾਂ ਦੇ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਤ ਹੁੰਦੇ ਹਨ। ਅਜ-ਕੱਲ੍ਹ ਉਨ੍ਹਾਂ ਨਾਲ ਉਨ੍ਹਾਂ ਦੀ ਜੀਵਨ ਸਾਥਣ ਰਜਵੰਤ ਕੌਰ ਸੰਧੂ ਜੀ ਵੀ ਉਨ੍ਹਾਂ ਦੇ ਸੱਜੇ-ਖੱਬੇ ਨਾਲ ਹੀ ਕਿਤੇ ਨਾ ਕਿਤੇ ਬੈਠੇ ਹੁੰਦੇ ਹਨ।
ਚਾਲੀ-ਪੰਜਾਹ ਸਾਲ ਪਹਿਲਾਂ ਮੁਕੇਰੀਆਂ ਵਿਚ ਉਨ੍ਹਾਂ ਦੇ ਮੁਖ਼ਾਰਬਿੰਦ ਤੋਂ ਸੁਣੀ ‘ਡੁੰਮ੍ਹ’ ਕਹਾਣੀ ਨੇ ਸਾਬਤ ਕਰ ਦਿੱਤਾ ਸੀ ਕਿ ਵਰਿਆਮ ਸਿੰਘ ਸੰਧੂ ਕਿਸੇ ਬਹੁਤ ਡੂੰਘੇ ਡੁੰਮ੍ਹ ਵਾਂਗ ਬੜਾ ਡੂੰਘਾ ਬੰਦਾ ਹੈ।
ਕਈ ਦਹਾਕੇ ਪਹਿਲਾਂ ਵਰਿਆਮ ਸਿੰਘ ਸੰਧੂ ਦੀ ਕਹਾਣੀ ‘ਭੱਜੀਆਂ ਬਾਹੀ’ ਉੱਤੇ ਦਸੂਹਾ ਵਿਖੇ ਅਜਮੇਰ ਔਲਖ ਦਾ ਨਾਟਕ ਉਨ੍ਹਾਂ ਦਾ ਉੱਚਾ ਕੱਦ ਹੋਰ ਉੱਚਾ ਕਰ ਗਿਆ ਸੀ। ਕੁਝ ਸਾਲਾਂ ਬਾਅਦ ਛਪੀ ਉਨ੍ਹਾਂ ਦੀ ‘ਵਾਪਸੀ’ ਕਹਾਣੀ ਨੇ ਉਨ੍ਹਾਂ ਦਾ ਝੰਡਾ ਝੁਲਦਾ ਕਰ ਦਿੱਤਾ ਸੀ। ‘ਮੈਂ ਹੁਣ ਠੀਕ ਠਾਕ ਹਾਂ’ ਕਹਾਣੀ ਨੇ ਵਰਿਆਮ ਸਿੰਘ ਸੰਧੂ ਅਸਮਾਨੇ ਚਾੜ੍ਹ ਦਿੱਤਾ ਸੀ ਜੋ ਚੜ੍ਹਦਾ ਹੀ ਚਲਾ ਗਿਆ।
ਫਿਰ ‘ਸਿਰਜਣਾ’ ਤੇ ਹੋਰ ਮੈਗਜ਼ੀਨਾਂ ਤੋਂ ਇਲਾਵਾ ਪੰਜਾਬੀ ਦੀਆਂ ਮਿਆਰੀ ਅਖ਼ਬਾਰਾਂ ਨੇ ਉਨ੍ਹਾਂ ਦੀਆਂ ਵਡਮੁੱਲੀਆਂ ਲਿਖਤਾਂ ਉਨ੍ਹਾਂ ਤੋਂ ਵੀ ਪਹਿਲਾਂ ਬਦੇਸ਼ਾਂ ਵਿਚ ਪੁੱਜਦੀਆਂ ਕਰ ਦਿੱਤੀਆਂ ਸਨ।
ਵਰਿ੍ਹਆਂ ਤੋਂ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਾਲਿਆਂ ਨੇ ਤਾਂ ਉਨ੍ਹਾਂ ਨੂੰ ਪ੍ਰੋਗਰਾਮਾਂ ਦਾ ਰਹਿਬਰ ਬਣਾ ਕੇ ਪੇਸ਼ ਕੀਤਾ। ਉਨ੍ਹਾਂ ਦੀ ਵਿਲੱਖਣ ਪੇਸ਼ਕਾਰੀ ਤੇ ਕਵੀ ਦਰਬਾਰਾਂ ਦੀ ਸਟੇਜ ਸਕੱਤਰੀ ਮੈਂ ਅੱਧੀ ਕੁ ਸਦੀ ਤੋਂ ਲਗਾਤਾਰ ਵੇਖਦਾ ਰਿਹਾ ਹਾਂ।
ਉਹ ਪੌਣੀ ਕੁ ਸਦੀ ਤੋਂ ਸਾਹਿਤ ਵਿਚ ਤੇ ਸਾਹਿਤਕਾਰ ਮੁੰਡੇ ਕੁੜੀਆਂ ਵਿਚ ਬਹੁਤ ਰੁਚੀ ਲੈਂਦੇ ਰਹੇ ਹਨ, ਜਿਸ ਕਰਕੇ ਉਨ੍ਹਾਂ ਦੇ ਸਾਹਿਤਕ ਸ਼ਰਧਾਲੂ ਦੁਨੀਆ ਭਰ ਵਿਚ ਬੈਠੇ ਹੋਏ ਹਨ।
ਦਿਲਚਸਪ ਗੱਲ ਇਹ ਕਿ ਉਹ ਅਜੇ ਵੀ ਸਾਹਿਤ ਦੀ ਨਹਿਰ ਨੂੰ ਸਾਫ ਰੱਖਣ ਲਈ ਪੰਜਾਬੀ ਕਿਸਾਨ ਦੇ ਪੁੱਤ ਹੋਣ ਕਰਕੇ ਕਲਮ ਕਹੀ ਵਾਂਗ ਮੋਢੇ ਉੱਤੇ ਚੁੱਕੀ ਫਿਰਦੇ ਹਨ। ਅੱਜ ਵੀ ਸਾਹਿਤ ਸਭਾਵਾਂ ਵਿਚ ਸ਼ਿਰਕਤ ਕਰਨ ਦੇ ਆਹਰ ਵਿਚ ਦੋਵੇਂ ਪਤੀ-ਪਤਨੀ ਲੱਗੇ ਹੋਏ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੌਣੀ ਕੁ ਸਦੀ ਤੋਂ ਸਾਹਿਤ ਦੇ ਖੇਤਰ ਵਿਚ ਉਨ੍ਹਾਂ ਬਹੁਤ ਤੇਗ਼ਾਂ ਮਾਰੀਆਂ ਹਨ। ਆਪਣੀ ਕਲਮ ਜ਼ਿੰਦਗੀ ਦੇ ਮੈਦਾਨੇ-ਜੰਗ ਵਿਚ ਤੇਗ ਵਾਂਗ ਵਾਹੀ ਹੈ। ਉਨ੍ਹਾਂ ਦੀਆਂ ਲਿਖਤਾਂ ਗਵਾਹ ਹਨ ਕਿ ਉਨ੍ਹਾਂ ਅੰਦਰ ਮਨੁੱਖੀ ਜਜ਼ਬਾ, ਕਦਰਾਂ-ਕੀਮਤਾਂ, ਅਣਖ ਤੇ ਆਕੜ-ਫਾਕੜ ਵੀ ਅਜੇ ਜਿਉਂ ਦੀ ਤਿਉਂ ਕਾਇਮ ਹੈ।
ਵੇਖਣ ਨੂੰ ਉਹ ਅਜੇ ਵੀ ਜਵਾਨ ਹੀ ਲੱਗਦੇ ਹਨ ਭਾਵੇਂ ਉਮਰ ਦਰਾਜ਼ ਹੋ ਗਏ ਹਨ।
ਸੰਧੂ ਸਾਹਿਬ ਜੀ ਕਹਾਣੀਆਂ ਚੰਗੀਆਂ ਨਹੀਂ, ਬਹੁਤ ਹੀ ਚੰਗੀਆਂ ਲਿਖ ਗਏ ਹਨ।
ਦੇਸ਼ ਬਦੇਸ਼ ਵਿਚ ਉਨ੍ਹਾਂ ਦੀਆਂ ਵਾਕਫ਼ੀਅਤਾਂ, ਦੋਸਤੀਆਂ ਦਾ ਘੇਰਾ ਬਹੁਤ ਵਿਸ਼ਾਲ ਹੈ ਤੇ ਉਨ੍ਹਾਂ ਸਾਂਝਾਂ ਬਰਕਰਾਰ ਰੱਖੀਆਂ ਹਨ। ਅਸੀਂ ਉਨ੍ਹਾਂ ਦੇ ਮਿੱਤਰ ਤੇ ਪਾਠਕ, ਉਨ੍ਹਾਂ ਤੋਂ ਅਜੇ ਵੀ ਸ਼ਾਹਕਾਰ ਰਚਨਾਵਾਂ ਦੀ ਆਸ ਰੱਖਦੇ ਹਾਂ।
ਮੈਂ ਵੀ ਉਨ੍ਹਾਂ ਦਾ ਕਦਰਦਾਨ ਹਾਂ। ਐਵੇਂ ਹੀ ਕਦੀ-ਕਦੀ ਕਿਸੇ ਨੁਕਤੇ ‘ਤੇ ਉਨ੍ਹਾਂ ਨਾਲ ਪੇਚਾ ਵੀ ਪਾ ਬੈਠਦਾ ਹਾਂ। ਪਰ ਹੁਣ ਸੋਚਦਾ ਹਾਂ, ਨਹੀਂ! ਅੱਗੇ ਤੋਂ ਸੰਧੂ ਸਾਹਿਬ ਨੂੰ ਕਦੇ ਰੋਕਣਾ ਨਹੀਂ, ਕਦੇ ਟੋਕਣਾ ਨਹੀਂ ਹੈ।
ਕਦੇ-ਕਦੇ ਮੇਰੀ ਕਲਮ ਕਹਿੰਦੀ ਹੈ ਕਿ ਵਰਿਆਮ ਸਿੰਘ ਸੰਧੂ ਸਾਹਿਬ ਬਾਰੇ ਵੀ ਕੋਈ ਨਿੱਕੀ-ਮੋਟੀ ਟਿੱਪਣੀ ਕਰ ਦਿਆਂ। ਉਹ ਏਡਾ ਵੱਡਾ ਕਹਾਣੀਕਾਰ ਹੈ। ਪਰ ਮੈਂ ਡਰਦਾ-ਡਰਦਾ ਕਰਦਾ ਨਹੀਂ ਕਿਉਂਕਿ ਮੈਂ ਖੁਦ ਵੀ ਤਾਂ ਕਹਾਣੀਕਾਰ ਨਹੀਂ ਹਾਂ। ਮੈਂ ਤਾਂ ਸਿਰਫ ਕਹਾਣੀਆਂ ਪੜ੍ਹਦਾ ਹਾਂ। ਆਪ ਮੇਰਾ ਰੁਝਾਨ ਨਾਵਲ ਤੇ ਸ਼ਾਇਰੀ ਲਿਖਣ ਵੱਲ ਵਧੇਰੇ ਹੈ। ਸਾਹਿਤ ਦੀ ਹਰ ਵਿਧਾ ਤੇ ਹਰ ਚੰਗੇ ਲੇਖਕ ਦਾ ਸ਼ਰਧਾਲੂ ਹਾਂ। ਵਕਾਲਤ ਦਾ ਪੇਸ਼ਾ ਵਿਹਲ ਨਹੀਂ ਦਿੰਦਾ। ਉਂਝ ਸਾਹਿਤ ਵਿਚ ਬਹੁਤ ਕੁਝ ਕਰਨ ਨੂੰ ਦਿਲ ਕਰਦਾ ਹੈ।
ਸੰਧੂ ਸਾਹਿਬ ਤਾਂ ਬਹੁਤ ਕੁਝ ਕਰ ਚੁੱਕੇ ਹਨ ਪਰ ਅਸੀਂ ਅਜੇ ਪਿਛਲੇ ਸਟੇਸ਼ਨਾਂ ਉੱਤੇ ਹੀ ਫਸੇ ਹੋਏ ਹਾਂ। ਖ਼ੈਰ! ਮੈਂ ਵੀ ਆ ਰਿਹਾ ਹਾਂ ਉਨ੍ਹਾਂ ਦੇ ਮਗਰ-ਮਗਰ ਉਨ੍ਹਾਂ ਦਾ ਪਾਠਕ, ਦਰਸ਼ਕ ਤੇ ਪ੍ਰਸੰLਸਕ ਬਣ ਕੇ…
ਹੁਣ ਤੁਸੀਂ ਖੁਦ ਦੱਸੋ ਕਿ ਮੈਂ ਉਨ੍ਹਾਂ ਦੀ ਪ੍ਰਸ਼ੰਸਾ ਨਾ ਕਰਾਂ ਤਾਂ ਹੋਰ ਕੀ ਕਰਾਂ? ਉਨ੍ਹਾਂ ਲਈ ਕਦੀ-ਕਦੀ ਦੋ ਚਾਰ ਲਾਈਨਾਂ ਦੀ ਟਿੱਪਣੀ ਲਿਖ ਦਿੰਦਾ ਹਾਂ। ਜੇ ਉਹ ਲਾਈਨਾਂ ਪਾਸ ਹੋ ਜਾਣ ਤਾਂ ਮਨ ਖੁਸ਼ ਹੋ ਜਾਂਦਾ ਹੈ।
ਪਿਛਲੇ ਦਿਨੀਂ ਮੈਂ ਉਨ੍ਹਾਂ ਬਾਰੇ ਇੱਕ ਨਿੱਕੀ ਜਿਹੀ ਕਵਿਤਾ ਲਿਖੀ। ਉਨ੍ਹਾਂ ਨੇ ਫੇਸ ਬੁੱਕ ’ਤੇ ਪੋਸਟ ਕਰ ਦਿੱਤੀ। ਮੈਂ ਵੇਖਿਆ ਜਿਵੇਂ ਮੈਂ ਸੋਚਦਾ ਸਾਂ ਉਨ੍ਹਾਂ ਦੇ ਬਹੁਤ ਸਾਰੇ ਪ੍ਰਸੰLਸਕ ਵੀ ਉਨ੍ਹਾਂ ਬਾਰੇ ਮੇਰੇ ਵਾਂਗ ਹੀ ਸੋਚਦੇ ਤੇ ਉਨ੍ਹਾਂ ਦੇ ਕਦਰਦਾਨ ਹਨ।
ਪਹਿਲਾਂ ਤੁਸੀਂ ਸੰਧੂ ਸਾਹਿਬ ਵੱਲੋਂ ਪੋਸਟ ਕੀਤੀ ਕਵਿਤਾ ਪੜ੍ਹੋ। ਬਾਅਦ ਵਿਚ ਹੋਰ ਗੱਲ ਕਰਦੇ ਹਾਂ।
…
ਰਘਵੀਰ ਸਿੰਘ ਟੇਰਕਿਆਨਾ ਦੀ ਮੁਹੱਬਤ।
ਲੰਬੀਆਂ ਕਹਾਣੀਆਂ ਬੜੇ ਚਿਰ ਤੋਂ ਲਿਖਦਾ ਹੈ
ਵਰਿਆਮ ਸਿੰਘ ਸੰਧੂ
ਮੈਂ ਸੁਣਿਆ ਕਿ ਬਹੁਤ ਹੀ ਜ਼ਿਆਦਾ ਵਿਕਦਾ ਹੈ
ਵਰਿਆਮ ਸਿੰਘ ਸੰਧੂ
ਸਾਹਿਤ ਸਭਾਵਾਂ ਦੇ ਵਿਚ ਅਕਸਰ ਦਿਸਦਾ ਹੈ
ਵਰਿਆਮ ਸਿੰਘ ਸੰਧੂ
ਨਾ ਆਪਣੇ ਦੇਸ਼ ਤੇ ਨਾ ਵਿਚ ਪ੍ਰਦੇਸ ਟਿਕਦਾ ਹੈ
ਵਰਿਆਮ ਸਿੰਘ ਸੰਧੂ
ਉਹ ਨਹੀਂ ਕਿਸੇ ਤੋਂ ਡਰਦਾ ਤੇ ਨਾ ਹੀ ਲਿਫਦਾ ਹੈ
ਵਰਿਆਮ ਸਿੰਘ ਸੰਧੂ
ਸੂਰਜ ਵਾਂਗ ਚੜ੍ਹਦਾ ਪਰ ਕਿਤੇ ਨਹੀਂ ਛਿਪਦਾ ਹੈ
ਵਰਿਆਮ ਸਿੰਘ ਸੰਧੂ
ਕਵਿਤਾ ਪੜ੍ਹਨ ਤੋਂ ਬਾਅਦ ਉਨ੍ਹਾਂ ਦੇ ਕਿਸੇ ਪ੍ਰਸੰLਸਕ ਨੇ ਮੇਰੀ ਕਵਿਤਾ ਦੀ ਇੱਕ ਸਤਰ, ‘ਮੈਂ ਸੁਣਿਆ ਕਿ ਬਹੁਤ ਹੀ ਜ਼ਿਆਦਾ ਵਿਕਦਾ ਹੈ ਵਰਿਆਮ ਸੰਧੂ’ ਬਾਰੇ ਲਿਖਿਆ ਕਿ ਇਸਦੇ ਦੋ ਅਰਥ ਬਣ ਜਾਂਦੇ ਨੇ। ਇਹਦੇ ਅਰਥ ਸਪੱਸ਼ਟ ਕਰ ਦਿਉ।’
ਸੰਧੂ ਸਾਹਿਬ ਨੇ ਅਰਥਾਂ ਨੂੰ ਆਪਣੇ ਅੰਦਾਜ਼ ਵਿਚ ਸਪੱਸ਼ਟ ਕਰਦਿਆਂ ਲਿਖਿਆ, ‘ਜਿਹੜੇ ਪ੍ਰਸੰਗ ਵਿਚ ਉਹ (ਮੈਂ) ਲਿਖ ਰਹੇ ਹਨ, ਉਹਦਾ ਮਤਲਬ ਕਿਤਾਬਾਂ ਦੇ ਵਿਕਣ ਤੋਂ ਹੀ ਹੈ। ਜਿਹੜੇ ਅਰਥਾਂ ਵੱਲ ਤੁਹਾਡਾ ਧਿਆਨ ਗਿਆ ਹੈ, ਉਹ ਅਰਥ ਵਰਿਆਮ ਸਿੰਘ ਸੰਧੂ ਨਾਲ ਕਦੇ ਨਹੀਂ ਜੁੜਦੇ। ਵਿਕਣਾ ਮੇਰੀ ਫ਼ਿਤਰਤ ਵਿਚ ਹੀ ਨਹੀਂ।’
ਗੱਲ ਨੂੰ ਹੋਰ ਸਪੱਸ਼ਟ ਕਰਨ ਲਈ ਮੈਂ ਲਿਖਿਆ, ‘ਜਨਾਬੇਆਲੀ ਵਰਿਆਮ ਸਿੰਘ ਸੰਧੂ ਜੀ ਸੱਚਮੁੱਚ ਹੀ ਵਧੀਆ ਲੇਖਕ ਹਨ। ਦਹਾਕਿਆਂ ਤੋਂ ਲੋਕ ਉਨ੍ਹਾਂ ਨੂੰ ਪੜ੍ਹਦੇ ਆਏ ਹਨ। ਹੁਣ ਵੀ ਪੜ੍ਹਦੇ ਹਨ। ਉਨ੍ਹਾਂ ਨੂੰ, ਉਨ੍ਹਾਂ ਦੀਆਂ ਕਿਤਾਬਾਂ ਰਾਹੀਂ ਹੀ ਪਾਠਕ ਪੜ੍ਹਦੇ ਹਨ। ਸੁਭਾਵਕ ਹੈ ਕਿ ਉਨ੍ਹਾਂ ਦਾ ਨਾਮ, ਉੱਨਾਂ ਦੀਆਂ ਲਿਖਤਾਂ, ਉਨ੍ਹਾਂ ਦਾ ਤਜਰਬਾ ਵਿਕਦਾ ਹੈ। ਹਾਂ, ਕਿਤਾਬਾਂ ਵਿਕਦੀਆਂ ਹਨ ਉਨ੍ਹਾਂ ਦੀਆਂ। ਉਹ ਅਣਖੀਲਾ ਬੰਦਾ ਹੈ। ਉਹ ਖੁਦ ਥੋੜਾ ਵਿਕੇਗਾ। ਜੇ ਖੁਦ ਵਿਕਾਊ ਹੁੰਦਾ ਤਾਂ ਹੁਣ ਤੱਕ ਉਸ ਨੂੰ ਮੁਲਕ ਵਿਚਲੀਆਂ ਅਣਗਿਣਤ ਰਾਜਨੀਤਕ ਪਾਰਟੀਆਂ ਮਸ਼ਹੂਰ ਹੋਇਆ ਬੰਦਾ ਵੇਖ ਕੇ ਆਮ ਵਿਕਾਊ ਲੀਡਰਾਂ ਵਾਂਗ ਖ਼ਰੀਦ ਸਕਦੀਆਂ ਸਨ। ਪਰ ਉਹ ਤਾਂ ਏਦਾਂ ਦੇ ਨਹੀਂ। ਉਹ ਤਾਂ ਰਾਜਨੀਤਕ ਪਾਰਟੀਆਂ ਦੇ ਖ਼ਿਲਾਫ ਲਿਖਦੇ ਵੀ ਰਹੇ ਤੇ ਬੋਲਦੇ ਵੀ। ਮੈਂ ਇਹੋ ਕਿਹਾ ਕਿ ਉਨ੍ਹਾਂ ਦਾ ਮਹਾਨ ਕੰਮ ਵਿਕਦਾ ਹੈ। ਮਹਾਨ ਉਨ੍ਹਾਂ ਦੀ ਸੋਚ ਹੈ, ਕਲਮ ਹੈ ਤੇ ਕਿਤਾਬਾਂ ਹਨ।
ਸੱਚ ਬੋਲਣ ਤੇ ਲਿਖਣ ਕਰ ਕੇ ਉਨ੍ਹਾਂ ਜੇਲ੍ਹ ਯਾਤਰਾਵਾਂ ਵੀ ਕੀਤੀਆਂ, ਇੰਟੇਰੋਗੇਸ਼ਨ ਸੈਂਟਰ ਦੇ ਤਸੀਹੇ ਝੱਲੇ। ਐਮਰਜੈਂਸੀ ਵਿਚ ਡੀ ਆਈ ਆਰ ਅਧੀਨ ਕੈਦ ਵੀ ਕੱਟੀ। ਪਰ ਉਹ ਨਾ ਕਦੀ ਰੁਕੇ ਨਾ ਝੁਕੇ। ਏਸੇ ਕਰ ਕੇ ਮੈਂ ਉਨ੍ਹਾਂ ਦਾ ਕਦਰਦਾਨ ਹਾਂ।
