ਕੀ ਬਣੂੰ ਦੁਨੀਆ ਦਾ…?

ਅਮਰੀਕਾ ਅਤੇ ਈਰਾਨ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਿਆ ਅਤੇ ਇਸਲਾਮਾਬਾਦ ‘ਚ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ। ਅਮਰੀਕਾ ਦੇ ਉਪ ਰਾਸ਼ਟਰਪਤੀ ਵੈਂਸ ਇਹ ਆਖਦਿਆਂ ਵਾਪਸ ਪਹੁੰਚ ਗਏ ਕਿ ਉਨ੍ਹਾਂ ਨੇ ‘ਅੰਤਿਮ ਤੌਰ `ਤੇ ਸਭ ਤੋਂ ਵਧੀਆ ਪੇਸ਼ਕਸ਼’ ਕੀਤੀ ਸੀ ਪਰ ਈਰਾਨ ਨੇ ਪ੍ਰਵਾਨ ਨਹੀਂ ਕੀਤੀ।

ਦੂਜੇ ਪਾਸੇ ਈਰਾਨ ਨੂੰ ਪਹਿਲਾਂ ਹੀ ਗੱਲਬਾਤ ਦੀ ਸਫਲਤਾ ਬਾਰੇ ਸ਼ੱਕ ਸੀ, ਕਿਉਂਕਿ ਦੋ ਵਾਰ ਪਹਿਲਾਂ ਵੀ ਬਿਲਕੁਲ ਸਹੀ ਦਿਸ਼ਾ ਵਿਚ ਸਮਝੌਤੇ ਕੰਢੇ ਪਹੁੰਚਣ ਵਾਲੀ ਗੱਲਬਾਤ ਟੁੱਟ ਚੁੱਕੀ ਸੀ। ਜਦੋਂ ਜਨੇਵਾ ‘ਚ ਗੱਲਬਾਤ ਹੋਈ ਸੀ ਤਾਂ ਇਸ ‘ਚ ਸ਼ਾਮਿਲ ਬਰਤਾਨੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨਾਥਨ ਪਾਵੇਲ ਹੈਰਾਨ ਸਨ ਕਿ ਤਹਿਰਾਨ ਵਲੋਂ ਆਪਣੇ ਪ੍ਰਮਾਣੂ ਪ੍ਰੋਗਰਾਮ ਬਾਰੇ ਵਾਸ਼ਿੰਗਟਨ ਦੀਆਂ ਸਭ ਗੱਲਾਂ ਮੰਨ ਲਈਆਂ ਗਈਆਂ ਸਨ ਅਤੇ ਵਿਆਨਾ ਵਿਚ ਤਕਨੀਕੀ ਗੱਲਬਾਤ ਲਈ ਇਕ ਤਾਰੀਖ ‘ਤੇ ਵੀ ਸਹਿਮਤੀ ਬਣ ਗਈ ਸੀ। ਫਿਰ ਵੀ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ‘ਤੇ ਯੁੱਧ ਥੋਪਦਿਆਂ ਮੀਨਾਬ ਵਿਚ ਹਮਲਾ ਕਰਕੇ 168 ਸਕੂਲੀ ਵਿਦਿਆਰਥਣਾਂ ਨੂੰ ਮਾਰ ਦਿੱਤਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਭਾਰੀ ਤਬਾਹੀ ਅਤੇ ਆਪਣੀ ਉੱਚ ਲੀਡਰਸ਼ਿਪ ਗੁਆਉਣ ਦੇ ਬਾਵਜੂਦ ਤਹਿਰਾਨ ਅੱਜ ਵੀ ਵਾਸ਼ਿੰਗਟਨ ਦੀਆਂ ਮੰਗਾਂ ਨੂੰ ਠੁਕਰਾਉਣ ਦੀ ਸਥਿਤੀ ਵਿਚ ਹੈ। ਦੂਜੇ ਪਾਸੇ ਅਮਰੀਕਾ ਦੀਆਂ ਹੱਦਾਂ ਵੀ ਜੱਗ ਜ਼ਾਹਿਰ ਹੋ ਗਈਆਂ ਹਨ। ਉਹ ਹੁਣ ਦੂਜਿਆਂ ‘ਤੇ ਆਪਣੀ ਮਨਮਾਨੀ ਥੋਪਣ ਦੀ ਸਥਿਤੀ ਵਿਚ ਨਹੀਂ ਹੈ, ਕਿਉਂਕਿ ਹੁਣ ਦੁਨੀਆ ਇਕ-ਧਰੁਵੀ ਨਹੀਂ ਰਹੀ। ਰੂਸ ਤੇ ਚੀਨ ਵੀ ਮਹਾਂਸ਼ਕਤੀਆਂ ਵਜੋਂ ਉੱਭਰ ਚੁੱਕੇ ਹਨ ਅਤੇ ਉਹ ਦੋਵੇਂ ਈਰਾਨ ਦੇ ਸਮਰਥਨ ਵਿਚ ਖੜ੍ਹੇ ਹਨ।
ਡੋਨਲਡ ਟਰੰਪ ਅਨੁਸਾਰ ਵਾਸ਼ਿੰਗਟਨ ਜੰਗ ਜਿੱਤ ਚੁੱਕਾ ਹੈ ਅਤੇ ਉਨ੍ਹਾਂ ਦੇ ਦੋ ਜਹਾਜ਼ ਹੋਰਮੁਜ਼ ‘ਚੋਂ ਸਮੁੰਦਰੀ ਬਾਰੂਦੀ ਸੁਰੰਗਾਂ ਨੂੰ ‘ਕਲੀਅਰ’ ਕਰਕੇ ਲੰਘ ਚੁੱਕੇ ਹਨ, ਪਰ ਈਰਾਨ ਨੇ ਇਸ ਦਾਅਵੇ ਨੂੰ ਰੱਦ ਕੀਤਾ ਹੈ। ਇਸ ਦੌਰਾਨ ਦੱਖਣੀ ਲਿਬਨਾਨ ਵਿਚ ਇਜ਼ਰਾਇਲੀ ਹਵਾਈ ਹਮਲਿਆਂ ਕਾਰਨ ਹਿਜ਼ਬੁੱਲਾ ਦੀ ਜਵਾਬੀ ਕਾਰਵਾਈ ਵੀ ਜਾਰੀ ਹੈ। ਪਰ ਅਮਰੀਕਾ ਤੇ ਈਰਾਨ ਵਿਚਕਾਰ ਪਿਛਲੇ 47 ਸਾਲਾਂ ਵਿਚ ਪਹਿਲੀ ਵਾਰ ਆਹਮੋ-ਸਾਹਮਣੇ ਹੋਈ ਉੱਚ-ਪੱਧਰੀ 21 ਘੰਟੇ ਦੀ ਅਹਿਮ ਗੱਲਬਾਤ ਟਕਰਾਅ ਤੇ ਬੇਭਰੋਸਗੀ ਦੇ ਮਾਹੌਲ ਵਿਚ ਬੇਸਿੱਟਾ ਖ਼ਤਮ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਦੋਹਾਂ ਧਿਰਾਂ ਵਿਚਕਾਰ ਪਹਿਲਾਂ ਹੋਈ ਜਨੇਵਾ ਗੱਲਬਾਤ ਮੁੱਖ ਤੌਰ ‘ਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਕੇਂਦ੍ਰਿਤ ਸੀ, ਜਦਕਿ ਇਸਲਾਮਾਬਾਦ ਵਿਚ ਅਮਰੀਕਾ ਦੁਆਰਾ ਪੇਸ਼ ਕੀਤੇ ਗਏ 15 ਨੁਕਤਿਆਂ ਦੇ ਜਵਾਬ ‘ਚ ਈਰਾਨ ਦੁਆਰਾ ਪੇਸ਼ ਕੀਤੇ ਗਏ 10 ਨੁਕਤਿਆਂ ਵਿਚ ਪ੍ਰਮਾਣੂ ਪ੍ਰੋਗਰਾਮ ਤੱਕ ਸੀਮਿਤ ਨਾ ਰਹਿੰਦਿਆਂ ਇਸ ‘ਚ ਪਹਿਲੀ ਵਾਰ ਹੋਰਮੁਜ਼ ਜਲਡਮਰੂ ਨੂੰ ਸ਼ਾਮਿਲ ਕਰਨ ਸਮੇਤ ਸਾਰੇ ਮੋਰਚਿਆਂ ‘ਤੇ ਵਿਆਪਕ ਜੰਗਬੰਦੀ ਦੀ ਮੰਗ ਕੀਤੀ ਗਈ ਸੀ। ਇਸ ਗੱਲਬਾਤ ਦੌਰਾਨ ਅਸਹਿਮਤੀ ਦਾ ਮੁੱਖ ਨੁਕਤਾ ਇਹ ਸੀ ਕਿ ਅਮਰੀਕਾ ਇਸ ਗੱਲ ਦਾ ਵਾਅਦਾ ਕਰਨ ਲਈ ਤਿਆਰ ਨਹੀਂ ਸੀ ਕਿ ਲਿਬਨਾਨ ਵਿਰੁੱਧ ਇਜ਼ਰਾਈਲ ਹਮਲੇ ਰੋਕ ਦੇਵੇਗਾ|
ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਕੁਝ ਸਮਾਂ ਪਹਿਲਾਂ ਇਜ਼ਰਾਇਲੀ ਸੰਸਦ ਮੈਂਬਰ ਨਾਮਾ ਲਾਜ਼ਮੀ ਨੇ ਦੋਸ਼ ਲਗਾਇਆ ਹੈ ਕਿ ਨੇਤਨਯਾਹੂ ਨੇ ਜਾਣਬੁੱਝ ਕੇ ਹਮਾਸ ਦਾ ਹਮਲਾ ਹੋਣ ਦਿੱਤਾ, ਤਾਂ ਜੋ ਉਹ ਜੰਗ ਸ਼ੁਰੂ ਕਰਕੇ ਅਦਾਲਤ ਵਿਚ ਪੇਸ਼ ਹੋਣ ਤੋਂ ਬਚ ਸਕੇ, ਜਿੱਥੇ ਨੇਤਨਯਾਹੂ ਤੇ ਉਸ ਦੀ ਪਤਨੀ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਕਈ ਹੋਰ ਮਾਮਲਿਆਂ ਦੇ ਮੁਕੱਦਮੇ ਚੱਲ ਰਹੇ ਹਨ। ਇਸੇ ਕਾਰਨ ਨੇਤਨਯਾਹੂ ਪਹਿਲਾਂ ਵੀ ਕਈ ਵਾਰ ਸਮਝੌਤਿਆਂ ਤੇ ਗੱਲਬਾਤਾਂ ਨੂੰ ਤੋੜ ਚੁੱਕਾ ਹੈ। ਨੇਤਨਯਾਹੂ ਨੇ ਫਿਰ ਟਰੰਪ ਰਾਹੀਂ ਇਜ਼ਰਾਇਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ‘ਤੇ ਆਪਣੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਵਾਪਸ ਲੈਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਿਹਾ। ਇਕ ਵਾਰ ਜਦੋਂ ਇਹ ਯੁੱਧ ਖ਼ਤਮ ਹੋਇਆ ਤਾਂ ਨੇਤਨਯਾਹੂ ਸਿਰਫ਼ ਆਪਣਾ ਅਹੁਦਾ ਹੀ ਨਹੀਂ ਗੁਆਏਗਾ, ਸਗੋਂ ਉਹ ਆਪਣੀ ਪਤਨੀ ਸਮੇਤ ਜੇਲ੍ਹ ਜਾਵੇਗਾ। ਲਾਜ਼ੀਮੋ ਅਨੁਸਾਰ ਨੇਤਨਯਾਹੂ ਖ਼ੁਦ ਨੂੰ ਬਚਾਉਣ ਲਈ ਇਜ਼ਰਾਈਲ ਨੂੰ ਲਗਾਤਾਰ ਜੰਗਾਂ ਵਿਚ ਘਸੀਟ ਰਹੇ ਹਨ। ਦੂਜਾ ਅਮਰੀਕਾ ਤੇ ਈਰਾਨ ਵਿਚਕਾਰ ਤਿੰਨੋਂ ਵਾਰ ਅਸਫਲ ਹੋਈ ਗੱਲਬਾਤ ਦੌਰਾਨ ਟਰੰਪ ਦਾ ਯਹੂਦੀ ਜਵਾਈ ਜੈਰੇਡ ਕੁਸ਼ਨਰ ਤੇ ਟਰੰਪ ਦਾ ਕਰੀਬੀ ਦੋਸਤ ਰੀਅਲ ਅਸਟੇਟ ਨਿਵੇਸ਼ਕ ਸਟੀਵ ਵਿਟਕੌਫ ਦੋਵੇਂ ਸ਼ਾਮਿਲ ਰਹੇ ਹਨ ਅਤੇ ਇਹ ਦੋਵੇਂ ਨੇਤਨਯਾਹੂ ਦੇ ਬਹੁਤ ਨੇੜੇ ਹਨ। ਅਮਰੀਕੀ ਮਾਹਿਰਾਂ ਅਨੁਸਾਰ ਇਹ ਦੋਵੇਂ ਨੇਤਨਯਾਹੂ ਲਈ ਕੰਮ ਕਰਦੇ ਹਨ, ਭਾਵੇਂ ਇਨ੍ਹਾਂ ਨੂੰ ਅਮਰੀਕੀ ਪ੍ਰਸ਼ਾਸਨ ਜਾਂ ਕੂਟਨੀਤੀ ਬਾਰੇ ਕੋਈ ਤਜਰਬਾ ਨਹੀਂ ਹੈ। ਅਜਿਹੀ ਸਥਿਤੀ ਵਿਚ ਇਸਲਾਮਾਬਾਦ ਗੱਲਬਾਤ ਦਾ ਅਸਫਲ ਹੋਣਾ ਤੈਅ ਹੀ ਸੀ। ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਅਨੁਸਾਰ ਪਾਕਿਸਤਾਨੀ ਫ਼ੌਜੀ ਬਲ ਸੰਯੁਕਤ ਰਣਨੀਤਕ ਰੱਖਿਆ ਸਮਝੌਤੇ ਦੇ ਤਹਿਤ ਉਸ ਦੇ ਪੂਰਬੀ ਖੇਤਰ ਵਿਚ ਕਿੰਗ ਅਬਦੁਲ ਅਜ਼ੀਜ਼ ਏਅਰ ਬੇਸ ਦੀ ਰੱਖਿਆ ਲਈ ਪਹੁੰਚ ਗਏ ਹਨ। ਇਸ ਤੋਂ ਸਪੱਸ਼ਟ ਹੈ ਕਿ ਸਾਊਦੀ ਅਰਬ ਵੀ ਅਮਰੀਕਾ ‘ਤੇ ਆਪਣੀ ਰੱਖਿਆ ਨਿਰਭਰਤਾ ਨੂੰ ਘਟਾਉਂਦੇ ਹੋਏ ਈਰਾਨ ਨਾਲ ਸੰਬੰਧਾਂ ਨੂੰ ਸੁਧਾਰਨ ਲਈ ਤਿਆਰ ਹੈ, ਜਦਕਿ ਚੀਨ ਨੇ ਈਰਾਨ ਨੂੰ ਹਵਾਈ ਰੱਖਿਆ ਪ੍ਰਣਾਲੀਆਂ ਪ੍ਰਦਾਨ ਕੀਤੀਆਂ ਹਨ। ਇਸ ਦੌਰਾਨ ਟਰੰਪ ਦਾਅਵੇ ਕਰ ਰਿਹਾ ਹੈ ਕਿ ਉਹ ਵੈਨੇਜ਼ੁਏਲਾ ਵਾਂਗ ਈਰਾਨ ਖ਼ਿਲਾਫ਼ ਵੀ ਜਲ ਸੈਨਾ ਰਾਹੀਂ ਨਾਕਾਬੰਦੀ ਕਰਕੇ ਆਪਣੀਆਂ ਮੰਗਾਂ ਮੰਨਣ ਲਈ ਉਸ ਨੂੰ ਮਜਬੂਰ ਕਰ ਦੇਵੇਗਾ। ਪਰ ਪੱਕੇ ਤੌਰ `ਤੇ ਅਜੇ ਕੁਝ ਵੀ ਕਹਿਣਾ ਮੁਸ਼ਕਿਲ ਜਾਪ ਰਿਹਾ ਹੈ।