ਡਾ. ਸੁਹਿੰਦਰ ਬੀਰ
ਪ੍ਰੋਫ਼ੈਸਰ ਸੁਹਿੰਦਰ ਬੀਰ ਇਕ ਕਵੀ ਅਤੇ ਸਮੀਖਿਅਕ ਹਨ। ਉਹ ਅੱਜ-ਕੱਲ੍ਹ ਅਮਰੀਕਾ ਵਿਖੇ ਰਹਿ ਰਹੇ ਹਨ। ਇਸ ਤੋਂ ਪਹਿਲਾਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਚ ਪ੍ਰੋਫ਼ੈਸਰ ਦੇ ਅਹੁਦੇ `ਤੇ ਰਹੇ ਹਨ। ਉਹ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਦੀਆਂ ਜੀਵਨੀਆਂ ਵੀ ਲਿਖ ਚੁੱਕੇ ਹਨ। ਸ਼ਿਵ ਕੁਮਾਰ ਦੀ ਕਵਿਤਾ ਉੱਪਰ ਉਨ੍ਹਾਂ ਨੇ ਪੀ-ਐਚ. ਡੀ. ਦੀ ਉਪਾਧੀ ਹਾਸਿਲ ਕੀਤੀ ਸੀ।
ਚਰਨਜੀਤ ਸਿੰਘ ਪੰਨੂ ਬਹੁ-ਪੱਖੀ ਸ਼ਖ਼ਸੀਅਤ ਦਾ ਮਾਲਕ ਹੈ, ਉਸ ਦੇ ਜੁੱਸੇ ਅੰਦਰ ਕਈ ਪ੍ਰਕਾਰ ਦੀਆਂ ਰਚਨਾਤਮਿਕ ਸ਼ਕਤੀਆਂ ਸਮਾਈਆਂ ਹੋਈਆਂ ਹਨ। ਕਵਿਤਾ, ਕਹਾਣੀ, ਨਾਵਲ, ਪੱਤਰਕਾਰੀ, ਸਫ਼ਰਨਾਮਾ ਆਦਿ ਸਾਹਿਤ ਦੇ ਭਿੰਨ-ਭਿੰਨ ਰੂਪਾਂ ਵਿਚ ਉਹ ਆਪਣੀ ਰਚਨਾਤਮਿਕ ਊਰਜਾ ਪੇਸ਼ ਕਰ ਸਕਦਾ ਹੈ। ਮੈਂ ਹੈਰਾਨ ਹਾਂ ਕਿ ਉਹ ਇਕੋ ਵੇਲੇ ਏਨੇ ਸਾਰੇ ਸਾਹਿਤਕ ਰੂਪਾਂ ਨਾਲ ਕਿਵੇਂ ਬਰ ਮੇਚ ਲੈਂਦਾ ਹੈ!
ਇਸ ਪ੍ਰਸ਼ਨ ਦੀ ਤਾਕ ਵਿਚ ਮੈਨੂੰ ਇਹ ਉੱਤਰ ਝਬਦੇ ਸੁਣਾਈ ਦਿੰਦਾ ਹੈ ਕਿ ਵੇਖਣ ਨੂੰ ਭਾਵੇਂ ਉਹ ਸਾਦ-ਮੁਰਾਦੀ ਹਸਤੀ ਵਜੋਂ ਨਜ਼ਰ ਆਉਂਦੈ ਪਰ ਅਸਲ ਵਿਚ ਉਸ ਦੇ ਧੁਰ ਅੰਦਰ ਜ਼ਿੰਦਗੀ ਦਾ ਵਿਸ਼ਾਲ ਅਨੁਭਵ ਹੈ। ਇਸ ਅਨੁਭਵ ਦੀ ਹੀ ਜਾਦੂਮਈ ਸਮਰੱਥਾ ਹੈ ਜੋ ਕਦੇ ਕਵਿਤਾ ਤੇ ਕਦੇ ਕਹਾਣੀ ਕਹਿਣ, ਕਦੇ ਸਫ਼ਰ ਦੀ ਦਾਸਤਾਨ ਪੇਸ਼ ਕਰਨ, ਕਦੇ ਆਲੇ-ਦੁਆਲੇ ਵਿਚ ਬੀਤੀਆਂ ਘਟਨਾਵਾਂ ਨੂੰ ਮੀਡੀਆ ਰਾਹੀਂ ਅਵਾਮ ਤਕ ਪੁਚਾਉਣ ਅਤੇ ਕਦੇ ਆਪਣੇ ਤਨ, ਮਨ ‘ਤੇ ਹੰਢਾਈਆਂ ਦੁੱਖ-ਸੁੱਖ ਦੀਆਂ ਅਵਸਥਾਵਾਂ ਨੂੰ ਗਲਪੀ ਵਿਧੀ ਰਾਹੀਂ ਪੇਸ਼ ਕਰਨ ਦਾ ਸਬੱਬ ਬਣਾਉਂਦਾ ਹੈ। ਇਸ ਕੋਸ਼ਿਸ਼ ਵਿਚ ਉਸ ਦਾ ਨਜ਼ਰੀਆ ਹਮੇਸ਼ਾ ਉਸਾਰੂ, ਉਤਸ਼ਾਹਮਈ ਅਤੇ ਸਕਾਰਾਤਮਕ ਬਣਿਆ ਰਹਿੰਦਾ ਹੈ।
ਅੱਜ-ਕੱਲ੍ਹ ਚਰਨਜੀਤ ਪੰਨੂ ਅਮਰੀਕਾ ਦਾ ਨਾਗਰਿਕ ਹੈ ਅਤੇ ਪਿਛਲੇ 20-21 ਸਾਲਾਂ ਤੋਂ ਪਰਵਾਸੀ ਜੀਵਨ ਬਤੀਤ ਕਰ ਰਿਹਾ ਹੈ। ਪਰਵਾਸ ਪਹਿਲਾਂ ਬਹੁਤ ਕਾਲਪਨਿਕ ਅਤੇ ਰੌਚਕ ਪ੍ਰਤੀਤ ਹੁੰਦਾ ਹੈ ਪਰ ਤਨ, ਮਨ ‘ਤੇ ਹੰਢਾਏ ਪਰਵਾਸੀ ਅਨੁਭਵ ਦੌਰਾਨ ਉਨ੍ਹਾਂ ਨੂੰ ਆਪਣੇ ਵਤਨ ਦੀ ਸਿੱਕ ਤੀਬਰਤਾ ਨਾਲ ਸਤਾਉਣ ਲੱਗਦੀ ਹੈ। ਪੰਜਾਬੀ ਪਰਵਾਸੀਆਂ ਦਾ ਸਰੀਰ ਪਰਵਾਸ ਵਿਚ ਤੇ ਮਨ ਪੰਜਾਬ ‘ਚ ਹੀ ਟਿਕਿਆ ਰਹਿੰਦਾ ਹੈ। ਪੰਜਾਬ ਦੀ ਧਰਤੀ ‘ਤੇ ਜੋ ਹੋ ਰਿਹਾ ਹੁੰਦਾ ਹੈ, ਉਹ ਪਲ-ਪਲ ਉਸ ਦੀ ਨਜ਼ਰਸਾਨੀ ਕਰਦੇ ਨਜ਼ਰ ਆਉਂਦੇ ਹਨ। ਉਹ ਪੂਰੀ ਸੰਵੇਦਨਸ਼ੀਲਤਾ ਨਾਲ ਆਪਣੇ ਵਤਨ ਨਾਲ ਇਕਮਿਕ ਰਹਿੰਦੇ ਹਨ।
ਮੈਂ ਹਥਲੇ ਲੇਖ ਵਿਚ ਚਰਨਜੀਤ ਸਿੰਘ ਪੰਨੂ ਦੀ ਜਿਸ ਰਚਨਾ ਬਾਰੇ ਆਪਣੀ ਬਿਰਤੀ ਇਕਾਗਰ ਕਰਨੀ ਹੈ, ਉਹ 2002 ਵਿਚ ਉਸਦਾ ਲਿਖਿਆ ਨਾਵਲ ‘ਤਿੜਕੇ ਚਿਹਰੇ’ ਹੈ। ਪੰਨੂ 2005 ਵਿਚ ਅਮਰੀਕਾ ਆਉਂਦਾ ਹੈ, ਸੋ ਇਹ ਨਾਵਲ ਕਿਸੇ ਤਰ੍ਹਾਂ ਵੀ ਪਰਵਾਸੀ ਜੀਵਨ ਦੇ ਅਨੁਭਵ ਨਾਲ ਸੰਬੰਧਿਤ ਨਹੀਂ ਹੈ। ਇਸ ਵਿਚ ਜਿਸ ਵਰਤਾਰੇ ਉੱਪਰ ਫੋਕਸ ਕੀਤਾ ਗਿਆ ਹੈ ਜਾਂ ਜਿਸ ਟਾਰਗੇਟ ਨੂੰ ਲੇਖਕ ਨੇ ਆਪਣੀ ਤੀਸਰੀ ਅੱਖ ਰਾਹੀਂ ਵੇਖਣ ਦਾ ਯਤਨ ਕੀਤਾ ਹੈ, ਉਹ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਅਮਲਾ ਸ਼ਾਖਾ ਨਾਲ ਸੰਬੰਧਿਤ ਹੈ। ਭਾਵੇਂ ਨਾਵਲਕਾਰ ਨੇ ਕਿਸੇ ਇੱਕ ਦਫ਼ਤਰ ਦੀ ਕਰਮ ਭੂਮੀ ਨੂੰ ਹੀ ਆਧਾਰ-ਭੂਮੀ ਵਜੋਂ ਵਰਤਿਆ ਹੈ ਪਰ ਇਸ ਸਾਧਾਰਨੀਕਰਨ ਦੀ ਜੁਗਤ ਰਾਹੀਂ ਬਾਕੀ ਦਫ਼ਤਰਾਂ ਦੀ ਕਰਮ-ਭੂਮੀ ਬਾਰੇ ਵੀ ਚੰਗੀ ਤਰ੍ਹਾਂ ਕਿਆਸ ਲਗਾਇਆ ਜਾ ਸਕਦਾ ਹੈ।
ਮੈਂ ਪਿਛਲੇ ਕੁੱਝ ਸਾਲਾਂ ਤੋਂ ਖ਼ੁਦ ਅਮਰੀਕਾ ਰਹਿ ਰਿਹਾ ਹਾਂ। ਮੈਨੂੰ ਜਦੋਂ ਵੀ ਏਥੇ ਸਰਕਾਰੇ-ਦਰਬਾਰੇ ਕੰਮ ਪੈਂਦਾ ਹੈ ਤਾਂ ਪੰਜ ਸੱਤ-ਮਿੰਟਾਂ ਵਿਚ ਦਫ਼ਤਰ ਅਧਿਕਾਰੀ ਮੇਰੇ ਨਾਲ ਗੱਲ ਕਰਦੇ ਹਨ ਅਤੇ ਇਕ ਹਫ਼ਤੇ ਦੇ ਅੰਦਰ-ਅੰਦਰ ਮੇਰਾ ਕੰਮ ਹੋ ਕੇ ਮੇਰੇ ਘਰ ਪੁੱਜ ਜਾਂਦਾ ਹੈ। ਰਿਸ਼ਵਤ ਨਾਮ ਦੀ ਚੀਜ਼ ਮੈਨੂੰ ਏਥੇ ਕਦੇ ਦਿਖਾਈ ਨਹੀਂ ਦਿੰਦੀ। ਸਾਰੇ ਹੀ ਦਫ਼ਤਰਾਂ ਵਿਚ ਅਜਿਹੀ ਕਾਰਜਸ਼ੈਲੀ ਵੇਖਣ ਨੂੰ ਮਿਲਦੀ ਹੈ, ਪਰ ਭਾਰਤ ਵਰਗੇ ਪਛੜੇ ਦੇਸ਼ ਵਿਚ ਲੋਕ ਇਸ ਨਾ-ਮੁਰਾਦ ਬਿਮਾਰੀ (ਰਿਸ਼ਵਤਖੋਰੀ) ਤੋਂ ਪਿੱਛਾ ਨਹੀਂ ਛੁਡਾ ਸਕੇ। ਇਹੀ ਕਾਰਨ ਹੈ ਕਿ ਦੇਸ਼ ਵਿਚ ਪਬਲਿਕ ਖੇਤਰ ਤਰੱਕੀ ਨਹੀਂ ਕਰ ਸਕਿਆ। ਜਿਹੜੀ ਵੀ ਗਰਾਂਟ ਸਰਕਾਰ ਵੱਲੋਂ ਮਨਜ਼ੂਰ ਹੁੰਦੀ ਹੈ ਉਸ ਦੀ ਹਿੱਸਾ-ਪੱਤੀ ਬਹੁਤ ਸਾਰੇ ਅਧਿਕਾਰੀਆਂ-ਕਰਮਚਾਰੀਆਂ ਵਿਚ ਤਕਸੀਮ ਹੁੰਦੀ ਜਾਂਦੀ ਹੈ ਅਤੇ ਜਿੱਥੇ ਉਹ ਪੁੱਜਣੀ ਹੁੰਦੀ ਹੈ, ਉੱਥੇ ਪੁੱਜਦਿਆਂ-ਪੁੱਜਦਿਆਂ ਗਰਾਂਟ ਦਾ ਥੋੜ੍ਹਾ ਜਿਹਾ ਹਿੱਸਾ ਹੀ ਰਹਿ ਜਾਂਦਾ ਹੈ। ਜਿਹੜੀ ਗਰਾਂਟ ਜਿਹੜੇ ਮਨਸੂਬਿਆਂ ਵਾਸਤੇ ਵਰਤਣੀ ਹੁੰਦੀ ਹੈ ਉਹ ਮਨਸੂਬੇ ਅਸਫਲ ਹੋ ਜਾਂਦੇ ਹਨ। ਇਹ ਸਾਡੇ ਦੇਸ਼ ਦੇ ਦਫ਼ਤਰੀ ਵਰਤਾਰਿਆਂ ਦਾ ਅੰਦਰੂਨੀ ਸੱਚ ਹੈ। ਇਹ ਕੋਈ ਲੁਕੀ-ਛਿਪੀ ਚੀਜ਼ ਨਹੀਂ ਜਿਸ ਨੂੰ ਅਸੀਂ ਓਪਨ ਸੀਕਰੇਟ ਕਹਿ ਦਿੰਦੇ ਹਾਂ। ਹਰ ਖੇਤਰ, ਹਰ ਮਹਿਕਮੇ ਵਿਚ ਰਿਸ਼ਵਤਖੋਰੀ ਚਲਦੀ ਹੈ ਪਰ ਲੋਕ ਇਸ ਨੂੰ ਸਵੀਕਾਰ ਕਰਕੇ ਜ਼ਿੰਦਗੀ ਬਸਰ ਕਰੀ ਜਾ ਰਹੇ ਹਨ ਅਤੇ ਇਨ੍ਹਾਂ ਆਦਤਾਂ ਨੂੰ ਹੀ ਆਪਣੀ ਜ਼ਿੰਦਗੀ ਦਾ ਅਨਿੱਖੜ ਅੰਗ ਬਣਾ ਕੇ ਕਬੂਤਰ ਵਾਂਗ ਅੱਖਾਂ ਮੀਟ ਦਿਨ ਟਪਾਈ ਕਰਦੇ ਰਹਿੰਦੇ ਹਨ।
ਪੰਨੂ ਨੇ ਇੱਕ ਸਰਕਾਰੀ ਅਦਾਰੇ ਨੂੰ ਆਪਣੀ ਲੇਖਣੀ ਦਾ ਆਧਾਰ ਬਣਾਇਆ ਹੈ। ਇਸ ਅਦਾਰੇ ਵਿਚ ਕੰਮ ਕਰਨ ਵਾਲੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਵਿਅਕਤੀਆਂ ਦੇ ਕਾਰਜਾਂ, ਸੁਭਾਵਾਂ ਅਤੇ ਵਿਹਾਰਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਹੈ ਕਿ ਸਰਕਾਰੀ ਦਫ਼ਤਰ ਦੀ ਕਾਰਜਸ਼ੈਲੀ ਦੀ ਸਮੁੱਚੀ ਤਸਵੀਰ ਸਾਡੇ ਸਾਹਮਣੇ ਉਜਾਗਰ ਹੋ ਜਾਂਦੀ ਹੈ। ਜਿਵੇਂ ਅਸੀਂ ‘ਤਿੜਕੇ ਚਿਹਰੇ’ ਨਾਵਲ ਦੇ ਸਾਰੇ ਪਾਤਰਾਂ ਬਾਬੂ ਟਨੀ ਨਾਥ ਸੁਆਮੀ, ਸਾਮੂ ਸ਼ਾਹ, ਰਾਮ ਲਾਲ, ਮਿਸਟਰ ਕਾਲੀਆ ਆਦਿ ਦੇ ਜੀਵਨ ਵਿਹਾਰ ਨੂੰ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਸਭ ਪਾਤਰ ਭ੍ਰਿਸ਼ਟਾਚਾਰ ਦੀ ਗਹਿਰੀ ਦਲਦਲ ਵਿਚ ਖੁੱਭੇ ਹੋਏ ਹਨ। ਉਨ੍ਹਾਂ ਦੇ ਖ਼ੂਨ ਵਿਚ ਰਿਸ਼ਵਤ ਦਾ ਪੈਸਾ ਧਸ ਚੁੱਕਾ ਹੈ। ਉਹ ਇਸ ਪੈਸੇ ਨੂੰ ਕਮਾਉਣ ਲਈ ਸਭ ਗੈਰ-ਇਖ਼ਲਾਕੀ ਕਰਮ ਕਰਨ ਲਈ ਵੀ ਤਿਆਰ ਹੋ ਜਾਂਦੇ ਹਨ। ਇਨ੍ਹਾਂ ਸਰਕਾਰੀ ਦਫ਼ਤਰਾਂ ਵਿਚ ਧੜੇਬੰਦੀਆਂ ਬਣੀਆਂ ਹੋਈਆਂ ਹਨ ਅਤੇ ਇਹ ਧੜੇਬੰਦੀਆਂ ਹੀ ਤਕੜੇ ਦਾ ਸੱਤੀਂ ਵੀਹ ਸੌ ਕਰਨ-ਕਰਾਉਣ ਵਿਚ ਮੁਹਾਰਤ ਰੱਖਦੀਆਂ ਹਨ। ਇਹ ਕਿਰਦਾਰ ਵੀ ਅਜਿਹੇ ਹਨ ਜਿਹੜੇ ਨੈਤਿਕਤਾ ਨੂੰ ਛਿੱਕੇ ਟੰਗ ਕੇ ਅਨੈਤਿਕ ਵਿਹਾਰਾਂ ਵਿਚ ਸ਼ਾਮਿਲ ਹੋਣ ਲੱਗਿਆਂ ਦੇਰ ਨਹੀਂ ਲਗਾਉਂਦੇ। ਇਨ੍ਹਾਂ ਪਾਤਰਾਂ ਨੇ ਮਹਿਕਮੇ ਦੇ ਹਰ ਕਾਰਜ ਵਿਚ ਆਪਣਾ ਹਿੱਸਾ ਰੱਖਿਆ ਹੋਇਆ ਹੈ। ਜਦੋਂ ਵੀ ਕੋਈ ਉੱਪਰ ਤੋਂ ਸੀਨੀਅਰ ਅਫ਼ਸਰ ਨਿਰੀਖਣ ਕਰਨ ਆਉਂਦਾ ਹੈ ਤਾਂ ਇਹ ਉਸ ਦੀ ਖ਼ੁਸ਼ਾਮਦੀ ਕਰਨ ਵਿਚ ਪੂਰਾ ਟਿੱਲ ਲਾ ਦਿੰਦੇ ਹਨ। ਮਹਿਮਾਨ ਨਿਵਾਜ਼ੀ, ਰਿਸ਼ਵਤਖੋਰੀ ਅਤੇ ਦਾਰੂ ਸਿੱਕੇ ਦੀ ਵਰਤੋਂ ਕਰਨਾ ਇਨ੍ਹਾਂ ਲਈ ਆਮ ਗੱਲ ਹੈ। ਇਨ੍ਹਾਂ ਸਾਰੇ ਹੀਲਿਆਂ-ਵਸੀਲਿਆਂ ਰਾਹੀਂ ਉਹ ਸਾਹਿਬ ਦੀ ਨਜ਼ਰ ਆਪਣੇ ਵੱਲ ਸਵੱਲੀ ਕਰਨਾ ਚਾਹੁੰਦੇ ਹਨ। ਜਦੋਂ ਇਹ ਇਕ ਹੱਦ ਤੋਂ ਵੱਧ ਸਾਹਿਬ ਲੋਕਾਂ ਦੀ ਚਾਪਲੂਸੀ ਕਰਦੇ ਹਨ ਤਾਂ ਉਹ ਇਨ੍ਹਾਂ ਦੀਆਂ ਪਤਨੀਆਂ, ਭੈਣਾਂ ਅਤੇ ਧੀਆਂ `ਤੇ ਮੈਲੀ ਨਜ਼ਰ ਵੀ ਰੱਖਣ ਲੱਗ ਜਾਂਦੇ ਹਨ। ਇਹ ਇਸਤਰੀ ਪਾਤਰ ਵੀ ਆਪਣੇ ਪਤੀਆਂ ਦੀ ਨੌਕਰੀ ਪੇਸ਼ੇ ਦੀ ਸੁਰੱਖਿਆ ਲਈ ਕਾਮਨਾ ਤੇ ਭਾਵਨਾ ਦੀਆਂ ਸ਼ਿਕਾਰ ਵੀ ਹੋ ਜਾਂਦੀਆਂ ਹਨ। ਜੇ ਉਹ ਨੈਤਿਕਤਾ ਦੇ ਪੈਮਾਨੇ ਮੁਤਾਬਿਕ ਸਾਹਿਬ ਲੋਕਾਂ ਦੀ ਇੱਛਾ ਪੂਰੀ ਨਹੀਂ ਕਰਦੀਆਂ ਤਾਂ ਉਨ੍ਹਾਂ ਦੇ ਪਤੀਆਂ ਨੂੰ ਘਰਾਂ ਤੋਂ ਦੂਰ-ਦਰਾਜ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਸੋ ਬਹੁਤ ਕਿਸਮ ਦੀਆਂ ਪਰਿਵਾਰਕ ਮਜਬੂਰੀਆਂ ਵੱਸ ਇਹ ਇਸਤਰੀ ਪਾਤਰ ਹਵਸ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਆਧੁਨਿਕ ਮੱਧ ਸ਼੍ਰੇਣੀ ਦਾ ਇੱਕ ਖ਼ਾਸਾ ਵੀ ਹੈ ਕਿ ਸਰਮਾਏ ਦੀ ਹੋੜ ਵਿਚ ਇਹ ਵਰਗ ਏਨਾ ਰੁੜ੍ਹ ਜਾਂਦਾ ਹੈ ਕਿ ਆਪਣੇ ਲੋਕ-ਬਿੰਬ ਤੋਂ ਬੇਮੁਖ ਹੋ ਜਾਂਦਾ ਹੈ। ਤ੍ਰਾਸਦੀ ਦੇ ਪਾਤਰ ਦਾ ਲੱਛਣ ਵੀ ਹੁੰਦਾ ਹੈ ਕਿ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਨਹੀਂ ਹੁੰਦਾ। ਗੁਰੂ ਨਾਨਕ ਦੇਵ ਜੀ ਨੇ ਇਹ ਦਰੁਸਤ ਕਿਹਾ ਕਿ ਜੋ ਜੀਵੈ ਪਤਿ ਲਥੀ ਜਾਇ। ਸਭ ਹਰਾਮੁ ਜੇਤਾ ਕਿਛੁ ਖਾਇ। ਸੋ ਇਹ ਪਾਤਰ ਵੀ ਸ਼ੁਹਰਤ ਅਤੇ ਧਨ-ਦੌਲਤ ਦੀ ਪ੍ਰਾਪਤੀ ਵਿਚ ਉਲਝੇ ਹੋਏ ਆਪਣਾ ਜੀਵਨ ਵਿਅਰਥ ਜਾਂ ਵਾਫਰ ਗਵਾ ਦਿੰਦੇ ਹਨ।
ਇਨ੍ਹਾਂ ਦਫ਼ਤਰਾਂ ਵਿਚ ਕਾਰਜ ਕਰਨ ਵਾਲੇ ਇਸਤਰੀ ਪਾਤਰ ਵੀ ਅਕਸਰ ਮਰਦ ਪਾਤਰਾਂ ਦੀ ਕਾਮਨਾ ਤੇ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ। ਇੱਥੋਂ ਤੱਕ ਕਿ ਸ਼ੀਲਾ ਵਰਗੇ ਕਈ ਪਾਤਰ ਤਾਂ ਆਤਮ-ਹੱਤਿਆ ਕਰਨ ਲਈ ਵੀ ਮਜਬੂਰ ਹੋ ਜਾਂਦੇ ਹਨ। ਮਰਦ ਕਰਮਚਾਰੀ ਇਸਤਰੀ ਕਰਮਚਾਰੀਆਂ ਉੱਪਰ ਤਾਂ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ ਕਿ ਕਦੋਂ ਉਹ ਉਨ੍ਹਾਂ ਦੀ ਹਵਸ ਦਾ ਸ਼ਿਕਾਰ ਹੋ ਜਾਣ। ਤਿੜਕੇ ਚਿਹਰੇ ਨਾਵਲ ਵਿਚ ਰੀਟਾ ਵੀ ਇੱਕ ਅਜਿਹਾ ਕਿਰਦਾਰ ਹੈ ਜੋ ਵੱਖ-ਵੱਖ ਸਮੇਂ ਵੱਖ-ਵੱਖ ਕਰਮਚਾਰੀਆਂ ਦੀ ਹਵਸ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਨਾਵਲ ਨੂੰ ਲਿਖਿਆਂ ਲਗਭਗ ਢਾਈ ਦਹਾਕੇ ਬੀਤ ਚੁੱਕੇ ਹਨ ਪਰ ਅਜੇ ਤੱਕ ਦਫ਼ਤਰਾਂ ਵਿਚ ਇਸਤਰੀ ਕਰਮਚਾਰੀਆਂ ਦੀ ਹਾਲਤ ਨਹੀਂ ਬਦਲੀ ਤੇ ਉਨ੍ਹਾਂ ਨੂੰ ਬਾਹਰਲੇ ਦੇਸ਼ਾਂ ਵਰਗੀ ਸੁਰੱਖਿਆ ਹਾਸਿਲ ਨਹੀਂ ਹੋ ਸਕੀ। ਕਾਰਨ ਸਾਡੇ ਦੇਸ਼ ਵਿਚ ਕਾਨੂੰਨ ਤਾਂ ਬਣਾ ਲਏ ਜਾਂਦੇ ਹਨ ਪਰ ਇਨ੍ਹਾਂ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ। ਜਦੋਂ ਤੱਕ ਦੇਸ਼ ਵਿਚ ਰਿਸ਼ਵਤਖੋਰੀ, ਮੂੰਹ-ਮੁਲਾਹਜ਼ਾ ਅਤੇ ਸਿਫ਼ਾਰਸ਼ ਦਾ ਬੋਲ-ਬਾਲਾ ਰਹੇਗਾ, ਤਦ ਤੱਕ ਕੋਈ ਕਾਨੂੰਨ ਸਹੀ ਵਰਤੋਂ ਵਿਚ ਨਹੀਂ ਆ ਸਕਦਾ। ਦੂਸਰਾ, ਰਾਜਨੀਤਕ ਮਾਹੌਲ ਵੀ ਅਜਿਹਾ ਹੈ ਕਿ ਉਹ ਕਾਨੂੰਨ ਵਿਚ ਦਾਖਲ ਹੋ ਕੇ ਇਸ ਦੀ ਵਰਤੋਂ ਆਪਣੀ ਮਨ-ਮਰਜ਼ੀ ਨਾਲ ਕਰ ਸਕਦਾ ਹੈ, ਜਿਸ ਨਾਲ ਕੇਵਲ ਕਾਨੂੰਨ ਦੀ ਪਵਿੱਤਰਤਾ ਹੀ ਭੰਗ ਨਹੀਂ ਹੁੰਦੀ ਬਲਕਿ ਜਨ ਸਧਾਰਨ ਵਿਚ ਕਾਨੂੰਨ ਤੋਂ ਵਿਸ਼ਵਾਸ ਵੀ ਉੱਠ ਜਾਂਦਾ ਹੈ। ਇਹੀ ਹਾਲ ਸਾਡੇ ਮੁਲਕ ਦਾ ਹੈ।
ਇਸ ਨਾਵਲ ਵਿਚ ਸ਼ਾਮੂ ਸ਼ਾਹ ਅਤੇ ਟਨੀ ਨਾਥ ਜੋ ਆਪਸ ਵਿਚ ਰਿਸ਼ਤੇਦਾਰ ਵੀ ਹਨ, ਅਜਿਹੇ ਚਾਤਰ ਖਿਡਾਰੀ ਹਨ ਜੋ ਹਰ ਉੱਪਰੋਂ ਆਏ ਸਾਹਿਬ ਨੂੰ ਆਪਣੇ ਵੱਸ ਵਿਚ ਕਰਨ ਲੱਗਿਆਂ ਬਹੁਤਾ ਸਮਾਂ ਨਹੀਂ ਲਾਉਂਦੇ। ਭਾਵੇਂ ਉਨ੍ਹਾਂ ਨੂੰ ਚਾਪਲੂਸੀ ਦਾ ਜਲਦੀ ਹੀ ਅਹਿਸਾਸ ਹੋ ਜਾਂਦਾ ਹੈ, ਇੱਥੋਂ ਤੱਕ ਕਿ ਅਸਲ ਸਚਾਈ ਦਾ ਵੀ ਪਤਾ ਲੱਗ ਜਾਂਦਾ ਹੈ ਪਰ ਉਹ ਜਿਸ ਸਿਸਟਮ ਵਿਚ ਕਾਰਜ ਕਰ ਰਹੇ ਹੁੰਦੇ ਹਨ, ਉਸ ਸਿਸਟਮ ਦਾ ਉਨ੍ਹਾਂ ਉੱਪਰ ਵੀ ਅਸਰ ਹੋ ਜਾਂਦਾ ਹੈ। ਇਸ ਨਾਵਲ ਦਾ ਠੇਕੇਦਾਰ ਵੱਡੇ ਸਾਹਿਬ ਦੀ ਆਓ-ਭਗਤ ਕਰਕੇ ਇਲੈਕਟ੍ਰੋਨਿਕ ਦਾ ਸਮਾਨ ਦਫ਼ਤਰ ਵਿਚ ਪਹੁੰਚਾਉਣ ਦੇ ਯੋਗ ਹੋ ਜਾਂਦਾ ਹੈ। ਆਮ ਤੌਰ ‘ਤੇ ਦਫ਼ਤਰਾਂ ਵਿਚ ਫਾਈਲ ਜਗ੍ਹਾ-ਜਗ੍ਹਾ ‘ਤੇ ਅਟਕਦੀ ਰਹਿੰਦੀ ਹੈ ਪਰ ਜਦੋਂ ਉਸ ਫਾਈਲ ਨੂੰ ਪਹੀਏ ਲੱਗ ਜਾਣ ਭਾਵ ਸੰਬੰਧਿਤ ਕਰਮਚਾਰੀ ਨੂੰ ਰਿਸ਼ਵਤ ਦੇ ਦਿੱਤੀ ਜਾਵੇ ਤਾਂ ਫਾਈਲ ਆਪਣੇ ਰੁਟੀਨ ਤੋਂ ਪਹਿਲਾਂ ਹੀ ਉੱਪਰਲੇ ਅਧਿਕਾਰੀ ਵੱਲੋਂ ਪਾਸ ਹੋ ਜਾਂਦੀ ਹੈ।
ਜਦੋਂ ਸਰਕਾਰੀ ਦਫ਼ਤਰਾਂ ਵਿਚ ਮੂੰਹ ਮੁਲਾਹਜ਼ਾ ਚਲਦਾ ਰਹੇ, ਰਿਸ਼ਵਤਖੋਰੀ ਦਾ ਬੋਲ ਬਾਲਾ ਹੋਵੇ, ਭਾਈ- ਭਤੀਜਾਵਾਦ ਨੂੰ ਤਰਜੀਹ ਦਿੱਤੀ ਜਾਵੇ ਤਾਂ ਇਨ੍ਹਾਂ ਦਫ਼ਤਰਾਂ ਦਾ ਚਿਹਰਾ-ਮੁਹਰਾ ਨਹੀਂ ਬਦਲ ਸਕਦਾ, ਜਦੋਂ ਤੱਕ ਇਹ ਕਿਰਦਾਰ ਜਿਨ੍ਹਾਂ ਦੇ ਆਪਣੇ ਕੋਈ ਅਸੂਲ ਨਹੀਂ, ਕਾਨੂੰਨ ਦਾ ਕੋਈ ਡਰ ਨਹੀਂ ਤਾਂ ਸਾਡਾ ਸਮਾਜ ਕਿਸੇ ਆਦਰਸ਼ਕ ਸੰਸਾਰ ਤੱਕ ਨਹੀਂ ਪੁੱਜ ਸਕਦਾ। ਜੇ ਕੋਈ ਕਿਰਦਾਰ ਇਮਾਨਦਾਰੀ ਅਤੇ ਸੁਹਿਰਦਤਾ ਭਰਪੂਰ ਵਿਹਾਰ ਅਪਣਾਉਂਦਾ ਹੈ ਜਿਵੇਂ ਇਸ ਨਾਵਲ ਵਿਚ ਪੰਨਾ ਸਿੰਘ ਜੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬੜੇ ਸਿਰੜ ਨਾਲ ਆਪਣੀ ਨੈਤਿਕਤਾ ‘ਤੇ ਪਹਿਰਾ ਦਿੰਦਾ ਹੈ ਤਾਂ ਅਜਿਹੇ ਵਿਅਕਤੀ ਨੂੰ ਹਾਸ਼ੀਆਗਤ ਸਥਿਤੀ ‘ਤੇ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਵਿਰੋਧੀ ਦੀ ਕੋਸ਼ਿਸ਼ ਹੁੰਦੀ ਹੈ, ਇਸ ਨੂੰ ਆਪਣੇ ਮਹਿਕਮੇ ਵਿਚੋਂ ਫ਼ਾਰਗ ਕਰਵਾ ਦਿੱਤਾ ਜਾਵੇ। ਇਸ ਤਰ੍ਹਾਂ ਬਹੁਤ ਸਾਰੇ ਆਦਰਸ਼ਕ ਵਿਅਕਤੀ ਆਪਣੀ ਇਮਾਨਦਾਰੀ ਅਤੇ ਨੈਤਿਕਤਾ ਦੇ ਵਿਹਾਰਾਂ ਨੂੰ ਸਮੇਟਣਾ ਸ਼ੁਰੂ ਕਰ ਦਿੰਦੇ ਹਨ ਪਰ ਇਸ ਨਾਵਲ ਵਿਚ ਨਾਵਲਕਾਰ ਨੇ ਆਦਰਸ਼ਕ ਪਹੁੰਚ ਅਪਣਾ ਕੇ ਪੰਨਾ ਸਿੰਘ ਨੂੰ ਆਦਰਸ਼ਕ ਕਿਰਦਾਰ ਵਜੋਂ ਪੇਸ਼ ਕੀਤਾ ਹੈ।
ਇੱਥੋਂ ਤੱਕ ਕਿ ਉਹ ਆਪਣੇ ਵਿਰੋਧੀਆਂ ਦੇ ਬੱਚਿਆਂ ਨੂੰ ਕਿਡਨੈਪ ਹੋਣ ਤੋਂ ਵੀ ਬਚਾ ਲੈਂਦਾ ਹੈ ਪਰ ਵਿਰੋਧੀ ਉਸ ਦੇ ਇਸ ਸਚਿਆਰੇ ਵਿਹਾਰ ਨੂੰ ਸਵੀਕਾਰ ਕਰਨ ਤੋਂ ਵੀ ਗੁਰੇਜ਼ ਕਰਦੇ ਹਨ। ਉਹ ਉਸ ਦੇ ਚੰਗੇ ਕੰਮ ਨੂੰ ਵੀ ਨਾਟਕ ਦੱਸਦੇ ਹਨ, ਉਸ ਦੇ ਖ਼ਿਲਾਫ਼ ਸ਼ਿਕਾਇਤਾਂ ਹੁੰਦੀਆਂ ਹਨ ਪਰ ਉਹ ਆਪਣੀ ਚੰਗਿਆਈ ਕਰਕੇ ਤਰੱਕੀ ਕਰਦਾ ਜਾਂਦਾ ਹੈ। ਨਾਵਲ ਵਿਚ ਨਾਂਹ-ਪੱਖੀ ਜਿਹੜੇ ਕਿਰਦਾਰ ਸਾਹਮਣੇ ਆਉਂਦੇ ਹਨ, ਉਨ੍ਹਾਂ ਦੇ ਚਰਿੱਤਰ ਇਕ ਸਾਰ ਨਹੀਂ ਚਲਦੇ। ਉਹ ਪਲ-ਪਲ ਗਿਰਗਟ ਵਾਂਗ ਰੰਗ ਬਦਲਦੇ ਹਨ। ਅਫ਼ਸਰਾਂ ਦੇ ਗ਼ੁੱਸੇ-ਗਿਲੇ ਅਤੇ ਨਮੋਸ਼ੀ ਨੂੰ ਆਪਣੇ ਸੁਭਾਅ ਦਾ ਅੰਗ ਬਣਾ ਕੇ ਚਲਦੇ ਹਨ ਪਰ ਦੂਸਰੇ ਪਾਸੇ ਜੋ ਹਾਂ-ਪੱਖੀ ਅਤੇ ਜ਼ਿੰਦਗੀ ਨੂੰ ਉਸਾਰੂ ਰਵੱਈਏ ਨਾਲ ਜੋੜਨਾ ਚਾਹੁੰਦਾ ਹੈ, ਜਿਸ ਦੇ ਵਿਹਾਰ ਵਿਚ ਕੋਈ ਤਬਦੀਲੀ ਨਹੀਂ ਆਉਂਦੀ। ਉਹ ਦੋਹਰੇ ਚਰਿੱਤਰ ਦਾ ਮਾਲਕ ਨਹੀਂ ਹੈ। ਉਹ ਹਮੇਸ਼ਾ ਹੀ ਚੰਗਿਆਈ ਦੇ ਮੌਕੇ ਦੀ ਤਲਾਸ਼ ਵਿਚ ਰਹਿੰਦਾ ਹੈ। ਅਜਿਹਾ ਕਲਾਸਿਕ ਚਰਿੱਤਰ ਅੱਜ ਗ਼ਾਇਬ ਹੋ ਰਿਹਾ ਹੈ ਅਤੇ ਕਲਪਨਾ ਮੰਡਲ ਵਿਚ ਹੀ ਦਿਖਾਈ ਦਿੰਦਾ ਹੈ।
ਨਾਵਲਕਾਰ ਦੀ ਕਲਾਤਮਿਕਤਾ ਦੇ ਥਾਂ ਪਰ ਥਾਂ ਪ੍ਰਤੱਖ ਪ੍ਰਮਾਣ ਮਿਲਦੇ ਹਨ। ਇਸ ਮੁਹਾਵਰੇਦਾਰ ਸ਼ੈਲੀ ਪਾਠਕ ਨੂੰ ਆਪਣੀ ਜਕੜ ਵਿਚ ਲੈ ਲੈਂਦੀ ਹੈ। ਪੜ੍ਹਦਿਆਂ ਪਾਠਕ ਰੁੱਖੇਪਣ ਅਤੇ ਨੀਰਸਤਾ ਦਾ ਸ਼ਿਕਾਰ ਨਹੀਂ ਹੁੰਦਾ। ਨਮੂਨਾ ਦੇਖੋ:
‘ਵੱਡਾ ਆਇਐ ਖ਼ੈਰਖਾ ਸਰਕਾਰ ਦਾ! ਕਹਿੰਦਾ, ਮੈਂ ਸਾਰੇ ਕੰਮ ਸਰਕਾਰੀ ਨਿਯਮਾਂ ਨਾਲ ਹੀ ਕਰਨੈ। ਇਹਨੂੰ ਪਤਾ ਨਹੀਂ ਅੱਜ ਕੱਲ੍ਹ ‘ਚੰਮ ਨਹੀਂ ਕੰਮ ਮਿੱਠਾ’ ਦਾ ਪੁਰਾਣਾ ਮੁਹਾਵਰਾ ਸਮੇਂ ਦੇ ਪੁੜਾਂ ਥੱਲੇ ਪੀਸਿਆ ਜਾ ਚੁੱਕਾ ਹੈ। ਅੱਜ- ਕੱਲ੍ਹ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ ਤੇ ਨਵੇਂ ਸੂਰਜ ਦੇ ਉੱਗਣ ਨਾਲ ਰੁੱਤਾਂ ਰੰਗ ਫੇਰ ਜਾਂਦੀਆਂ ਨੇ, ਹਰਫ਼ਾਂ ਦੇ ਅਰਥ ਬਦਲ ਜਾਂਦੇ ਨੇ, ਤੇ ਇਹ ਹਰ ਵਕਤ ਆਪਣਾ ਕੰਮ ਤੇ ਫ਼ਰਜ਼ ਸਿਰ `ਤੇ ਚੁੱਕੀ ਫਿਰਦਾ।’
‘ਤੁਹਾਡੇ ਇਹ ਬੱਜਰ ਕਪਟ, ਸਮਾਜ ਦਾ ਕੋਈ ਵੀ ਇਮਾਨਦਾਰ ਆਦਮੀ ਚੁੱਪ-ਚਾਪ ਨਹੀਂ ਵੇਖ ਸਕਦਾ, ਤੁਸੀਂ ਆਪਣਾ ਹੀ ਢਿੱਡ ਵਿਹੜਾ ਕੀਤਾ ਹੋਇਐ। ਪਾਪ ਨਾਲ ਭਰਿਆ ਤੁਹਾਡਾ ਇਹ ਭਾਂਡਾ ਹੁਣ ਫੁੱਟਣ ਹੀ ਵਾਲਾ ਹੈ। ਅੱਤ ਤੇ ਖ਼ੁਦਾ ਦਾ ਵੈਰ ਹੁੰਦਾ ਹੈ। ਦੁਨੀਆ ਦੇ ਸਭ ਨੀਚ ਕੰਮ ਤੁਸੀਂ ਕੀਤੇ, ਪਰ ਉੱਪਰਲੇ ਅਫ਼ਸਰਾਂ ਦੀਆਂ ਨਜ਼ਰਾਂ ਤੋਂ ਬਚਣ ਲਈ, ਕਾਨੂੰਨ ਤੋਂ ਬਚਣ ਲਈ ਤੁਸੀਂ ਊਜਾਂ ਲਗਾਈਆਂ, ਲਗਾਉਂਦੇ ਰਹੇ ਪੰਨਾ ਸਿੰਘ ਉੱਤੇ। ਪੰਨਾ ਸਿੰਘ ਦੇ ਰੋਹਿਲੇ ਬੋਲਾਂ ਨੇ ਸਵਾਮੀ ਦੇ ਦਿਲ ਦਾ ਡਰ ਹੋਰ ਗਹਿਰਾ ਕਰ ਦਿੱਤਾ, ਮਤਾਂ ਸਭ ਕੁੱਝ ਸਾਹਿਬ ਦੇ ਸਾਹਮਣੇ ਹੀ ਨਾ ਕਹਿ ਮਾਰੇ। ਘਰ ਦਾ ਭੇਤੀ ਲੰਕਾ ਢਾਹੇ।’
ਲੇਖਕ ਨੇ ਇੱਕ ਮਹਿਕਮੇ ਦੇ ਅੰਦਰੂਨੀ ਸੱਚ ਨੂੰ ਉਜਾਗਰ ਕਰਨ ਦੇ ਪ੍ਰਯੋਜਨ ਨਾਲ ‘ਤਿੜਕੇ ਚਿਹਰੇ’ ਨਾਵਲ ਦੀ ਰਚਨਾ ਕੀਤੀ ਹੈ। ਕੀ ਸਾਹਿਤ ਵਿਚ ਪੇਸ਼ ਹੋਇਆ ਪ੍ਰਯੋਜਨ ਆਪਣੇ ਅਸਲੀ ਮਕਸਦ ਤੱਕ ਪਹੁੰਚ ਜਾਂਦਾ ਹੈ। ਇਸ ਦਾ ਜਵਾਬ ਲਿਊ ਅਲਤਿਊਸਰ ਨੇ ਆਪਣੀ ਇੱਕ ਲਿਖਤ ਵਿਚ ਦਿੱਤਾ ਸੀ: ਸਾਹਿਤ ਵਿਚ ਆਇਆ ਹੋਇਆ ਵਿਚਾਰ ਸਮਾਜ ਵਿਚ ਇਕਦਮ ਪਰਿਵਰਤਨ ਨਹੀਂ ਲੈ ਆਉਂਦਾ। ਸਾਹਿਤ ਦਾ ਪ੍ਰਕਾਰਜ ਮਨੁੱਖ ਨੂੰ ਲੇਖਕ ਦੁਆਰਾ ਫੋਕਸ ਕੀਤੀ ਹੋਈ ਸਮੱਸਿਆ ਪ੍ਰਤੀ ਸੋਚਣਯੋਗ ਅਤੇ ਮਹਿਸੂਸ ਕਰਨ ਯੋਗ ਬਣਾ ਦਿੰਦਾ ਹੈ। ਸਾਹਿਤਕਾਰ ਦੇ ਲਿਖਣ ਤੋਂ ਪਹਿਲਾਂ ਉਹ ਵਿਸ਼ਾ-ਵਸਤੂ ਜਾਂ ਸਮੱਸਿਆ ਪਿੱਠ ਭੂਮੀ ਵਿਚ ਪਈ ਰਹਿੰਦੀ ਹੈ, ਲੇਖਕ ਉਸ ਨੂੰ ਅਗਰ ਭੂਮੀ ਵਿਚ ਲੈ ਆਉਂਦਾ ਹੈ ਅਤੇ ਜੇ ਕੋਈ ਲਿਖਤ ਪਾਠਕ ਨੂੰ ਸੋਚਣਯੋਗ ਅਤੇ ਮਹਿਸੂਸ ਕਰਨ ਯੋਗ ਬਣਾ ਦਿੰਦੀ ਹੈ ਤਾਂ ਆਪਣੇ ਕਾਰਜ ਵਿਚ ਸਫਲ ਹੋਈ ਹੈ। ਭਾਵੇਂ ਮੈਂ ਸਮਝਦਾ ਹਾਂ ਕਿ ਜਿਸ ਮਹਿਕਮੇ ਦੀ ਕਾਰਗੁਜ਼ਾਰੀ ਬਾਰੇ ਚਰਨਜੀਤ ਸਿੰਘ ਪੰਨੂ ਨੇ ਆਪਣੇ ਬਿਰਤੀ ਰਾਹੀਂ ਪੇਸ਼ਕਾਰੀ ਕੀਤੀ ਹੈ ਇਹ ਕਾਰਗੁਜ਼ਾਰੀ ਇੱਕ ਵੱਡੇ ਸਿਸਟਮ ਅਤੇ ਰਾਜਸੀ ਤਾਕਤ ਨਾਲ ਜੁੜੀ ਹੋਈ ਹੈ, ਜਿਸ ਦਾ ਹੱਲ ਤੱਟਫੱਟ ਨਹੀਂ ਕੀਤਾ ਜਾ ਸਕਦਾ। ਰਾਜਸੀ ਸੱਤਾ ਵਿਚ ਤਬਦੀਲੀ ਆਉਣੀ ਸੁਖਾਲਾ ਨਹੀਂ, ਪਰ ਲੇਖਕ ਪਾਠਕ ਦੇ ਮਨ ਵਿਚ ਸੁਪਨੇ ਜ਼ਰੂਰ ਜਗਾ ਸਕਦਾ ਹੈ ਅਤੇ ਉਹ ਸੁਪਨੇ ਜਗਾਉਣ ਵਿਚ ਚਰਨਜੀਤ ਸਿੰਘ ਪੰਨੂ ਸਫਲ ਹੋਇਆ ਹੈ। ਇਸੇ ਸਫਲਤਾ ਵਿਚ ਹੀ ਚਰਨਜੀਤ ਸਿੰਘ ਪੰਨੂ ਦੀ ਸ਼ੁਭ-ਇੱਛਾ ਅਤੇ ਚੰਗੇਰੇ ਭਵਿੱਖ ਦੀ ਕਾਮਨਾ ਨੂੰ ਵੇਖਿਆ ਜਾ ਸਕਦਾ ਹੈ। ਉਸ ਪਾਸੋਂ ਠੋਸ ਅਤੇ ਨਿੱਗਰ ਰਚਨਾਵਾਂ ਦੀ ਆਸ ਕੀਤੀ ਜਾ ਸਕਦੀ ਹੈ।
