ਇਹੁ ਜਨਮੁ ਤੁਮਹਾਰੇ ਲੇਖੇ!

ਕਿਸ਼ਤ – 4
ਗੁਰਬਚਨ ਸਿੰਘ ਭੁੱਲਰ
ਫੋਨ:+91 8076363058
ਪੰਜਾਬੀ ਸਾਹਿਤ ਨੂੰ ਕਣਦਾਰ ਤੇ ਯਾਦਗਾਰੀ ਕਹਾਣੀਆਂ ਅਤੇ ਇਕ ਨਿੱਗਰ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਦੇਣ ਵਾਲੇ ਪਿੰਡ ਪਿਥੋ ਦੇ ਜੰਮਪਲ ਅਤੇ ਆਪਣੀ ਬਹੁਤੀ ਹਯਾਤੀ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਲੰਘਾਉਣ ਵਾਲੇ ਮਿਸਾਲੀ ਲਿਖਾਰੀ ਗੁਰਬਚਨ ਸਿੰਘ ਭੁੱਲਰ ਦਾ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਰੰਗ ਹੈ।

ਉਨ੍ਹਾਂ ਆਪਣੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਨਾਲ ਇਕੋ ਡਗੇ `ਤੇ ਪਿੰਡ ਲੁੱਟਣ ਵਰਗਾ ਕ੍ਰਿਸ਼ਮਾ ਵੀ ਕੀਤਾ ਹੈ। ਇਸ ਨਾਵਲ (ਜੋ ਅੰਮ੍ਰਿਤਾ ਪ੍ਰੀਤਮ ਦੇ ਜੀਵਨ `ਤੇ ਆਧਾਰਿਤ ਹੈ) ਨਾਲ ਉਨ੍ਹਾਂ ਸਾਹਿਤਕ ਹਲਕਿਆਂ ਵਿਚ ਵਾਹਵਾ ਹਲਚਲ ਮਚਾਈ ਸੀ। ਇਸ 18 ਮਾਰਚ ਨੂੰ ਉਹ 90 ਸਾਲ ਦੇ ਹੋ ਗਏ ਹਨ, ਉਨ੍ਹਾਂ ਦਾ ਜਨਮ ਦਿਨ ਮਨਾਉਂਦਿਆਂ ਅਸੀਂ ਇਹ ਨਾਵਲ ਲੜੀਵਾਰ ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਨਾਵਲ ਦੀ ਚੌਥੀ ਕਿਸ਼ਤ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਹਾਜ਼ਰ ਹੈ। -ਸੰਪਾਦਕ
ਮੋਹਨ ਸਿੰਘ ਦੇ ਸ਼ਹਿਰ ਜਲੰਧਰ ਕਵੀ-ਦਰਬਾਰ ਸੀ। ਗੁਰਮੁਖ ਸਿੰਘ ਨੇ ਚਿੰਤਾ ਕੀਤੀ, ‘ਜਲੰਧਰ ਪਹਿਲੀ ਵਾਰ ਚੱਲੀ ਹੈਂ, ਮੈਂ ਚਲਿਆ ਚਲਦਾ ਹਾਂ ਤੇਰੇ ਨਾਲ।’
ਜਗਦੀਪ ਉਹਨੂੰ ਨਾਲ ਲੈ ਕੇ ਜਾਣ ਦੀ ਲੀਹ ਹੀ ਨਹੀਂ ਸੀ ਪਾਉਣੀ ਚਾਹੁੰਦੀ। ਕਾਹਦੇ ਲਈ ਆਪ ਵੀ ਪਰੇਸ਼ਾਨ ਹੋਣਾ ਤੇ ਗੁਰੂ ਨੂੰ ਵੀ ਪਰੇਸ਼ਾਨ ਕਰਨਾ। ਉਹਨੂੰ ਕਵੀ-ਦਰਬਾਰਾਂ ਤੇ ਸਾਹਿਤਕ ਸਮਾਗਮਾਂ ਦਾ ਖ਼ੂਬ ਅਨੁਭਵ ਸੀ। ਲੇਖਕਾਂ ਨੇ ਫੁੱਲ ਦੇ ਭੌਰਿਆਂ ਵਾਂਗ ਨਹੀਂ, ਗੁੜ ਦੀਆਂ ਮੱਖੀਆਂ ਵਾਂਗ ਉਹਦੇ ਦੁਆਲੇ ਹੋਣਾ ਸੀ। ਉਹਦੀ ਕਵਿਤਾ ਦੀਆਂ ਹੀ ਨਹੀਂ, ਉਹਦੀਆਂ ਵੀ ਸਿਫ਼ਤਾਂ ਕਰਨੀਆਂ ਸਨ। ਉਹ ਕਿਸੇ ਨੂੰ ਚੁੱਪ ਕਰਨ ਲਈ ਤਾਂ ਕਹਿ ਨਹੀਂ ਸੀ ਸਕਦੀ। ਵੈਸੇ ਵੀ ਗੁਰਮੁਖ ਸਿੰਘ ਨੂੰ ਨਾਲ ਚੁੱਕ ਕੇ ਸਾਹਿਤਕ ਖੇਤਰ ਵਿਚ ਕਿਵੇਂ ਤੇ ਕਿੰਨਾ ਕੁ ਵਿਚਰਿਆ ਜਾ ਸਕਦਾ ਸੀ। ਉਹ ਬੋਲੀ, ‘ਗੁਰੂ, ਸਿੱਧੀ ਗੱਡੀ ਜਾਂਦੀ ਹੈ। ਸਟੇਸ਼ਨ ਤੋਂ ਮੈਨੂੰ ਪ੍ਰਬੰਧਕਾਂ ਨੇ ਲੈ ਲੈਣਾ ਹੈ। ਇਸ ਵਿਚ ਚਿੰਤਾ ਵਾਲੀ ਗੱਲ ਕਿਹੜੀ ਹੈ! ਭਾਈਆ ਜੀ ਤੇ ਝਾਈ ਜੀ ਨੂੰ ਇਕੱਲੇ ਛੱਡ ਕੇ ਤੇ ਦੁਕਾਨ ਬੰਦ ਕਰ ਕੇ ਚੱਲੋਗੇ, ਕਾਹਦੇ ਲਈ। ਨਾਲੇ ਕਵੀ-ਦਰਬਾਰ ਤਾਂ ਹੁੰਦੇ ਹੀ ਰਹਿੰਦੇ ਨੇ, ਕਿਥੇ-ਕਿਥੇ ਚੱਲਿਆ ਕਰੋਗੇ ਮੇਰੇ ਨਾਲ?’
ਕਵੀ-ਦਰਬਾਰ ਮਗਰੋਂ ਮੋਹਨ ਸਿੰਘ ਨੇ ਜਗਦੀਪ ਨਾਲ ਕੁਛ ਹੋਰ ਅਜਿਹੇ ਕਵੀਆਂ ਨੂੰ ਰਾਤ ਦੇ ਖਾਣੇ ਲਈ ਬੁਲਾਇਆ ਜੋ ਉਹਨਾਂ ਦੋਵਾਂ ਦੇ ਦੋਸਤ ਸਨ। ਇਕ ਬੱਸ ਭਰਪੂਰ ਸਿੰਘ ਸ਼ਾਂਤ ਸੀ ਜੋ ਜਗਦੀਪ ਦਾ ਦੋਸਤ ਨਹੀਂ ਸੀ, ਪਰ ਮੋਹਨ ਸਿੰਘ ਨੇ ਆਪਣੇ ਬਹੁਤ ਨੇੜੇ ਹੋਣ ਸਦਕਾ ਬੁਲਾ ਲਿਆ ਸੀ। ਵੈਸੇ ਵਾਕਿਫ਼ ਤਾਂ ਉਸ ਤੋਂ ਜਗਦੀਪ ਵੀ ਹੈ ਹੀ ਸੀ। ਉਥੇ ਜੁੜਨ ਵਾਲੇ ਦੂਜੇ ਸਭ ਕਵੀਆਂ ਨਾਲ ਤਾਂ ਸ਼ਾਂਤ ਦਾ ਚੰਗਾ ਉੱਠਣ-ਬੈਠਣ ਸੀ, ਅੱਜ ਦੀ ਮਹਿਫ਼ਲ ਵਿਚ ਜਗਦੀਪ ਕੋਲ ਬੈਠਣ ਦੇ ਅਵਸਰ ਤੋਂ ਉਹ ਬਹੁਤ ਖ਼ੁਸ਼ ਸੀ। ਕੀ ਪਤਾ, ਕੋਈ ਸਿੱਧੀ ਗੱਲ ਵੀ ਹੋ ਜਾਵੇ। ਕਵੀ-ਦਰਬਾਰਾਂ ਦੇ ਵੱਡੇ ਇਕੱਠਾਂ ਦੀ ਥਾਂ ਇਹੋ ਜਿਹੀ ਛੋਟੀ ਮਹਿਫ਼ਲ ਵਿਚ ਨੇੜਤਾ ਦੀ ਸੰਭਾਵਨਾ ਵੱਧ ਹੁੰਦੀ ਹੈ। ਕੌਣ ਜਾਣੇ, ਅੱਗੇ ਲਈ ਹੋਰ ਨੇੜੇ ਹੋਣ ਦਾ ਰਾਹ ਹੀ ਖੁੱਲ੍ਹ ਜਾਵੇ। ਉਹ ਲੁਧਿਆਣੇ ਨੇੜਲੇ ਇਕ ਪਿੰਡ ਵਿਚ ਰਹਿੰਦਾ ਸੀ। ਕਵਿਤਾ ਲਿਖਦਾ ਵੀ ਵਧੀਆ ਸੀ ਤੇ ਸਟੇਜ ਉੱਤੇ ਬੋਲਣ ਦੀ ਵੀ ਉਹਨੂੰ ਬੜੀ ਜਾਚ ਸੀ। ਪੂਰੇ ਸਵੈਮਾਣ ਨਾਲ ਮਾਈਕ ਸਾਹਮਣੇ ਆਉਂਦਾ ਤੇ ਪੂਰੇ ਨਖ਼ਰੇ ਨਾਲ ਕਵਿਤਾ ਪੜ੍ਹਦਾ। ਉਹ ਉਹਨਾਂ ਕੁਛ ਇਕ ਪੰਜਾਬੀ ਕਵੀਆਂ ਵਿਚੋਂ ਸੀ ਜਿਨ੍ਹਾਂ ਦਾ ਸਾਹਿਤਕ ਕਵੀਆਂ ਵਜੋਂ ਵੀ ਉੱਚਾ ਦਰਜਾ ਸੀ ਤੇ ਸਟੇਜੀ ਕਵੀਆਂ ਵਿਚ ਵੀ ਮੋਹਰੀ ਸਥਾਨ ਸੀ।
ਉਹਨੇ ਕਈ ਵਾਰ ਜਗਦੀਪ ਨਾਲ ਸਾਂਝੀਆਂ ਸਟੇਜਾਂ ਉੱਤੇ ਕਵਿਤਾਵਾਂ ਪੜ੍ਹੀਆਂ ਸਨ। ਸਰਸਰੀ ਮੁਲਾਕਾਤ ਹੁੰਦੀ ਜਿਵੇਂ ਹੋਰ ਕਈ ਕਵੀਆਂ ਨਾਲ ਹੁੰਦੀ ਸੀ। ਵਧੇਰੇ ਜਾਣ-ਪਛਾਣ ਦਾ ਨਾ ਕਦੀ ਕੋਈ ਸਬੱਬ ਬਣਿਆ, ਨਾ ਹੀ ਕੋਈ ਕਾਰਨ। ਇਕ ਗੱਲ ਹੋਰ ਵੀ ਸੀ। ਕਵੀ ਭਾਵੇਂ ਵੱਡਾ ਸੀ, ਇਕ ਸਾਧਾਰਨ ਪੇਂਡੂ ਪਰਿਵਾਰ ਵਿਚ ਜੰਮਿਆ-ਪਲਿਆ ਹੋਣ ਕਰਕੇ ਲੋਕਾਂ ਨਾਲ, ਖਾਸ ਕਰਕੇ ਜਗਦੀਪ ਵਰਗਿਆਂ ਨਾਲ ਸੰਬੰਧ ਬਣਾਉਣ ਵਿਚ ਕੁਛ ਝਿਜਕ ਜਿਹੀ ਤੋਂ ਉਹ ਮੁਕਤ ਨਹੀਂ ਸੀ ਹੋ ਸਕਿਆ। ਸਟੇਜ ਉੱਤੇ ਬੈਠੀ ਜਗਦੀਪ ਨੂੰ ਕਈ ਵਾਰ ਲਗਦਾ ਜਿਵੇਂ ਉਹ ਵਾਰ-ਵਾਰ ਉਹਨੂੰ ਦੇਖਦਾ ਰਹਿੰਦਾ ਹੋਵੇ। ਉਸ ਦੀ ਨਜ਼ਰ ਵਿਚੋਂ ਕੋਈ ਚਾਹ ਝਲਕਦੀ, ਕੋਈ ਇੱਛਾ ਛਲਕਦੀ, ਪਰ ਉਹ ਨੇੜੇ ਆਉਣ ਦੀ ਹਿੰਮਤ ਨਹੀਂ ਸੀ ਕਰਦਾ। ਜਗਦੀਪ ਲਈ ਇਹ ਕੋਈ ਵੱਖਰਾ ਜਾਂ ਨਵਾਂ ਅਨੁਭਵ ਨਹੀਂ ਸੀ। ਬਥੇਰੇ ਲੋਕ ਸਨ ਜੋ ਉਸ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਸਨ। ਨੇੜੇ ਹੋਣ ਦੀ ਕੋਸ਼ਿਸ਼ ਕਰਨ ਦੀ ਹਿੰਮਤ ਕੋਈ-ਕੋਈ ਹੀ ਕਰਦਾ ਸੀ, ਬਾਕੀ ਸਭ ਦੂਰ ਖਲੋਤੇ ਤਰਸਦੇ ਰਹਿੰਦੇ ਸਨ।
ਮੋਹਨ ਸਿੰਘ ਹਰ ਕਿਸੇ ਨੂੰ ਪੁੱਛ ਕੇ ਉਹਦੇ ਗਲਾਸ ਵਿਚ ਵਿਸਕੀ ਪਾ ਰਿਹਾ ਸੀ। ਜਗਦੀਪ ਨੂੰ ਪੁੱਛਿਆ ਤਾਂ ਉਹਨੇ ਨਾਂਹ ਕਰ ਦਿੱਤੀ, ‘ਨਹੀਂ, ਮੋਹਨ, ਮੈਨੂੰ ਇਹ ਬਹੁਤ ਤੰਗ ਕਰਦੀ ਹੈ।’
ਸ਼ਾਂਤ ਨੂੰ ਖ਼ੁਸ਼ੀ ਵੀ ਹੋਈ ਤੇ ਹੈਰਾਨੀ ਵੀ। ਇਸ ਦਾ ਮਤਲਬ ਹੈ, ਜਗਦੀਪ ਪੀ ਲੈਂਦੀ ਹੈ ਤੇ ਦੋਸਤਾਂ ਦੀਆਂ ਮਹਿਫ਼ਲਾਂ ਵਿਚ ਵੀ ਪੀ ਲੈਂਦੀ ਹੈ! ਵਾਹ! ਸਿਰਫ਼ ਲਿਖਣ ਵਿਚ ਹੀ ਨਹੀਂ, ਇਹ ਤਾਂ ਜੀਵਨ ਵਿਚ ਵੀ ਬੰਧਨ-ਮੁਕਤ ਔਰਤ ਹੈ! ਦੂਜੀ ਹੈਰਾਨੀ ਉਹਨੂੰ ਮੋਹਨ ਸਿੰਘ ਨੂੰ ਮੋਹਨ ਆਖਣ ਸਦਕਾ ਹੋਈ। ਇਸ ਦਾ ਮਤਲਬ ਸੀ, ਲੋਕ ਜੋ ਦੋਵਾਂ ਦਾ ਨਾਂ ਜੋੜਦੇ ਹਨ, ਠੀਕ ਹੀ ਜੋੜਦੇ ਹਨ। ਤਦੇ ਹੀ ਤਾਂ ਮੋਹਨ ਸਿੰਘ ਨੇ ਬੇਝਿਜਕ ਪੈੱਗ ਪਾਉਣ ਬਾਰੇ ਪੁੱਛ ਲਿਆ ਸੀ। ਉਸ ਨੂੰ ਅੰਮ੍ਰਿਤਸਰ ਦੀ ਇਕ ਵੱਡੀ ਸਾਹਿਤਕ ਕਾਨਫ਼ਰੰਸ ਚੇਤੇ ਆਈ ਜਿਸ ਵਿਚ ਪੰਜਾਬੀ ਪੁਸਤਕਾਂ ਦੀ ਨੁਮਾਇਸ਼ ਲੱਗੀ ਸੀ ਅਤੇ ਪ੍ਰਮੁੱਖ ਲੇਖਕਾਂ ਦੀਆਂ ਤਸਵੀਰਾਂ ਸਜਾਈਆਂ ਗਈਆਂ ਸਨ। ਰੱਖਣ ਵਾਲੇ ਨੇ ਜਗਦੀਪ ਅਤੇ ਮੋਹਨ ਸਿੰਘ ਦੇ ਵਿਚਕਾਰ ਕਈ ਹੋਰ ਲੇਖਕਾਂ ਦੀਆਂ ਤਸਵੀਰਾਂ ਰੱਖ ਦਿੱਤੀਆਂ ਸਨ। ਇਕ ਕਿਸੇ ਸਾਧਾਰਨ ਪਾਠਕ ਦਿਸਦੇ ਆਦਮੀ ਨੇ ਨੁਮਾਇਸ਼ ਵਿਚ ਘੁੰਮਦਿਆਂ ਉਹਨਾਂ ਦੀਆਂ ਤਸਵੀਰਾ ਇਉਂ ਦੂਰ-ਦੂਰ ਪਈਆਂ ਦੇਖੀਆਂ ਤਾਂ ਇਕਦਮ ਮੋਹਨ ਸਿੰਘ ਕੋਲੋਂ ਸਾਧੂ ਸਿੰਘ ਫੱਕਰ ਦੀ ਤਸਵੀਰ ਚੁੱਕ ਕੇ ਜਗਦੀਪ ਵਾਲੀ ਥਾਂ ਜਾ ਰੱਖੀ ਅਤੇ ਜਗਦੀਪ ਦੀ ਤਸਵੀਰ ਉਥੇ ਲਿਆ ਰੱਖੀ। ਉਹਨੇ ਥੋੜ੍ਹਾ ਪਿੱਛੇ ਹਟ ਕੇ ਕੋਲ-ਕੋਲ ਹੋਈਆਂ ਦੋਵਾਂ ਤਸਵੀਰਾਂ ਨੂੰ ਨਿਹਾਰਿਆ ਅਤੇ ਮੁਸਕਰਾ ਕੇ ਫੇਰ ਨੁਮਾਇਸ਼ ਦੇਖਣ ਜਾ ਲੱਗਿਆ।
ਮੋਹਨ ਸਿੰਘ ਨੇ ਆਪਣੇ ਖਾਸ ਸ਼ਾਇਰਾਨਾ ਅੰਦਾਜ਼ ਵਿਚ ਕਿਹਾ, ‘ਆਪਾਂ ਸ਼ਾਇਰ ਲੋਕਾਂ ਨੂੰ ਤੰਗ ਤਾਂ ਇਹ ਦੁਨੀਆ ਵੀ ਕਰਦੀ ਹੈ, ਤਾਂ ਕੀ ਵਿਸਕੀ ਵਾਂਗ ਹੀ ਦੁਨੀਆ ਵੀ ਛੱਡ ਦੇਈਏ! ਜਗਦੀਪ ਜੀ, ਇਸ ਮਹਿਫ਼ਲ ਨੂੰ ਜ਼ਿੰਦਗੀ ਬਖ਼ਸ਼ੋ, ਧੜਕਣ ਬਖ਼ਸ਼ੋ, ਖ਼ੁਮਾਰ ਬਖ਼ਸ਼ੋ ਤੇ ਪਹਿਲੀ ਵਾਰ ਆਏ ਹੋ, ਝਨਾਂ ਦੀ ਬੇਟੀ ਦਾ ਛਿੱਟਾ ਦੇ ਕੇ ਇਸ ਗ਼ਰੀਬਖਾਨੇ ਨੂੰ ਪਵਿੱਤਰ ਕਰੋ!’
ਸਭ ਨੇ ਇਕ-ਜ਼ਬਾਨ ਹੋ ਕੇ ਤਾਈਦ ਕੀਤੀ ਤਾਂ ਸ਼ਾਂਤ ਨੇ ਹਿੰਮਤ ਤੋਂ ਕੰਮ ਲਿਆ ਤੇ ਜਿਵੇਂ ਸਭ ਦੇ ਦਿਲ ਦੀ ਆਖ ਦਿੱਤੀ, ‘ਜਗਦੀਪ ਜੀ, ਤੁਹਾਡੇ ਵਰਗੀ ਮੁਹੱਜ਼ਬ ਦੋਸਤ-ਨਵਾਜ਼ ਤੇ ਅਜ਼ੀਮ ਸ਼ਾਇਰਾ ਦਾ ਕਰੀਬੀ ਦੋਸਤਾਂ ਦੀ ਛੋਟੀ ਜਿਹੀ ਨਿੱਜੀ ਮਹਿਫ਼ਲ ਵਿਚ ਇਉਂ ਸੋਫ਼ੀ ਬੈਠਣਾ ਠੀਕ ਤਾਂ ਹੈ ਨਹੀਂ, ਪਰ ਅਸੀਂ ਕਦਰ ਆਖ਼ਰ ਤੁਹਾਡੇ ਫ਼ੈਸਲੇ ਦੀ ਹੀ ਕਰਾਂਗੇ।’ ਸਭ ਨੇ ਉਹਦੀ ਹਾਂ ਵਿਚ ਹਾਂ ਮਿਲਾਈ। ਜਗਦੀਪ ਵੀ ਉਸ ਵੱਲ ਦੇਖ ਕੇ ਮੁਸਕਰਾ ਪਈ। ਉਹਨੂੰ ਉਹਦੇ ਵਰਤੇ ਹੋਏ ਵਿਸ਼ੇਸ਼ਨ ਚੰਗੇ ਲੱਗੇ। ਉਹਨੇ ਇਹ ਵੀ ਮਹਿਸੂਸ ਕੀਤਾ ਕਿ ਉਹਦੇ ਗੱਲ ਕਰਨ ਦੇ ਢੰਗ ਵਿਚ ਪੇਂਡੂ ਸਿੱਧੜਪੁਣੇ ਦੀ ਥਾਂ ਸਿਆਣਪ ਤੇ ਸੁਚੱਜ ਸੀ। ਆਪਣੇ ਬਾਹਰੀ ਪ੍ਰਭਾਵ ਦੇ ਉਲਟ ਉਹ ਕਾਫ਼ੀ ਸਲੀਕੇ ਵਾਲਾ ਸੀ।
ਸ਼ਾਂਤ ਨੂੰ ਆਪਣੀ ਦਲੇਰੀ ਦੀ ਹੈਰਾਨੀ ਹੋਈ। ਉਹਨੇ ਮਨ ਹੀ ਮਨ ਆਪਣੇ ਆਪ ਨੂੰ ਸ਼ਾਬਾਸ਼ ਦਿੱਤੀ, ‘ਵਾਹ ਬਈ ਭਰਪੂਰ ਸਿੰਘ ਸ਼ਾਂਤ, ਵਾਹ, ਕਮਾਲ ਕਰ ਦਿਖਾਈ ਅੱਜ ਤਾਂ ਤੂੰ!’
ਉਹਨੇ ਸ਼ਾਂਤ ਦੀ ਗੱਲ ਨੂੰ ਬਹੁਤਾ ਮਹੱਤਵ ਦੇਣਾ ਵਾਜਬ ਨਾ ਸਮਝਦਿਆਂ ਪਹਿਲਾਂ ਦੀ ਮੋਹਨ ਸਿੰਘ ਦੀ ਗੱਲ ਦਾ ਜਵਾਬ ਦਿੱਤਾ, ‘ਕਦੀ-ਕਦੀ ਸ਼ਾਮ ਦਾ ਪੈੱਗ ਸਵੇਰ ਦਾ ਸਿਰਦਰਦ ਬਣ ਜਾਂਦਾ ਹੈ। ਜੇ ਅਜਿਹਾ ਹੋ ਗਿਆ, ਭਲਕੇ ਮੈਨੂੰ ਦਿੱਲੀ ਦਾ ਸਫ਼ਰ ਕਰਨਾ ਮੁਸ਼ਕਿਲ ਹੋ ਜਾਵੇਗਾ।’
ਮੋਹਨ ਸਿੰਘ ਹੱਸਿਆ, ‘ਤੁਸੀਂ ਇਹ ਕਿਉਂ ਸੋਚਦੇ ਹੋ, ਅੱਜ ਦੀ ਸ਼ਾਮ ਤੁਹਾਡੀ ਉਹ ਕਦੀ-ਕਦੀ ਵਾਲੀ ਸਿਰਦਰਦਾਨਾ ਸ਼ਾਮ ਹੋਵੇਗੀ? ਜੇ ਅਜਿਹਾ ਹੋ ਵੀ ਜਾਵੇ, ਧੰਨਭਾਗ ਮੇਰੇ ਗ਼ਰੀਬਖਾਨੇ ਦੇ! ਤੁਸੀਂ ਬੀਮਾਰ ਪਏ ਰਹਿਣਾ’, ਉਹ ਕਹਿਣਾ ਤਾਂ ‘ਮੈਂ’ ਚਾਹੁੰਦਾ ਸੀ ਪਰ ਬੋਲਿਆ, ‘ਸਾਰਾ ਪਰਿਵਾਰ ਤੁਹਾਡੀ ਤੀਮਾਰਦਾਰੀ ਵਾਸਤੇ ਹਾਜ਼ਰ ਰਹੇਗਾ।’
ਸਾਧੂ ਸਿੰਘ ਫੱਕਰ ਕਵੀ ਤਾਂ ਨਹੀਂ ਸੀ, ਗਲਪਕਾਰ ਸੀ, ਪਰ ਸਾਹਿਤ ਦਾ, ਖਾਸ ਕਰਕੇ ਕਵਿਤਾ ਦਾ ਮੰਨਿਆ ਹੋਇਆ ਆਲੋਚਕ ਵੀ ਸੀ। ਪੰਜਾਬੀ ਸਾਹਿਤ-ਸੰਸਾਰ ਵਿਚ ਜਿਨ੍ਹਾਂ ਕੁਛ ਇਕ ਵੱਡੇ ਲੇਖਕਾਂ ਦਾ ਪੂਰਾ ਦਬਦਬਾ ਸੀ, ਫੱਕਰ ਉਹਨਾਂ ਵਿਚੋਂ ਸੀ। ਸਾਹਿਤਕ ਗੋਸ਼ਟੀਆਂ ਤੇ ਕਾਨਫ਼ਰੰਸਾਂ ਦਾ ਪਰਧਾਨ ਤਾਂ ਬਣਾਇਆ ਹੀ ਜਾਂਦਾ, ਬਹੁਤੇ ਵਾਰ ਕਵੀ-ਦਰਬਾਰਾਂ ਦੀ ਪਰਧਾਨਗੀ ਵੀ ਉਸੇ ਤੋਂ ਕਰਵਾਈ ਜਾਂਦੀ। ਲੇਖਕ ਆਪਣੇ ਬਾਰੇ ਉਹਤੋਂ ਲਿਖਵਾਉਣ ਲਈ ਤਾਂਘਦੇ ਰਹਿੰਦੇ। ਆਲੋਚਨਾਤਮਕ ਲੇਖ ਨਾ ਸਹੀ, ਮੁੱਖਬੰਦ ਸਹੀ, ਉਹ ਵੀ ਨਹੀਂ ਤਾਂ ਫੇਰ ਰੀਵਿਊ ਹੀ ਸਹੀ, ਨਹੀਂ ਤਾਂ ਫੇਰ ਫ਼ਲੈਪ ਵਾਸਤੇ ਚਾਰ ਸਤਰਾਂ ਹੀ ਹੋ ਜਾਣ! ਜਗਦੀਪ ਦੀ ਕਵਿਤਾ ਬਾਰੇ ਉਹ ਅਕਸਰ ਲੰਮੇ ਲੇਖ ਲਿਖਦਾ ਰਹਿੰਦਾ ਅਤੇ ਉਹਨੂੰ ਪ੍ਰਮੁੱਖ ਕਵਿੱਤਰੀ ਦਾ ਸਥਾਨ ਦਿੰਦਾ। ਉਸ ਦਾ ਇਉਂ ਕਰਨਾ ਕਈ ਕਵੀਆਂ ਨੂੰ, ਖਾਸ ਕਰ ਕੇ ਕਵਿੱਤਰੀਆਂ ਨੂੰ ਬਹੁਤ ਚੁਭਦਾ। ਸ਼ਾਂਤ ਨੂੰ ਤਾਂ ਖਾਸ ਕਰ ਕੇ ਚੁਭਦਾ। ਇਕ ਤਾਂ ਉਸ ਨੂੰ ਆਪਣੀ ਕਵਿਤਾ ਦਾ ਮਾਣ ਬੜਾ ਸੀ; ਦੂਜੇ, ਉਹਦੀ ਤੇ ਫੱਕਰ ਦੀ ਰਾਜਨੀਤਕ ਵਿਚਾਰਧਾਰਾ ਇਕ ਸੀ ਜਦੋਂ ਕਿ ਜਗਦੀਪ ਦੀ ਤਾਂ ਕੋਈ ਵਿਚਾਰਧਾਰਾ ਹੀ ਨਹੀਂ ਸੀ। ਪਰ ਅੱਜ ਇਹੋ ਜਿਹੀਆਂ ਗੱਲਾਂ ਮਨ ਵਿਚ ਲਿਆਉਣ ਦਾ ਵੇਲਾ ਨਹੀਂ ਸੀ।
ਨਾਂ ਦੀ ਲਾਜ ਪਾਲਦਿਆਂ ਫੱਕਰ ਸੁਭਾਅ ਦਾ ਭਾਵੇਂ ਅਸਲੋਂ ਹੀ ਫੱਕਰ ਸੀ ਪਰ ਬੁੱਧੀ ਦਾ ਏਨਾ ਚਤੁਰ ਸੀ ਕਿ ਬਹੁਤੇ ਲੇਖਕਾਂ ਦੇ ਉਲਟ ਮਹਿਫ਼ਲ ਦਾ ਮਾਹੌਲ ਖ਼ੂਬ ਪਛਾਣਦਾ ਸੀ। ਦੋ-ਚਾਰ ਦੋਸਤ ਰਲ ਬੈਠੇ ਹੋਣ, ਉਹ ਕਮੀਜ਼-ਪਜਾਮੇ ਵਿਚ ਸੌਖਾ ਹੋ ਕੇ ਬੈਠਦਾ ਅਤੇ ਮਾਵੇ ਵਾਲੀ ਪੱਗ ਤੇ ਉਹਦੇ ਨਾਲ ਹੀ ਗੰਭੀਰਤਾ ਤੇ ਸੰਕੋਚ ਪਰੇ ਮੇਜ਼ ਉੱਤੇ ਰੱਖ ਦਿੰਦਾ। ਅੱਜ ਵਰਗੀਆਂ ਮਹਿਫ਼ਲਾਂ ਵਿਚ, ਖਾਸ ਕਰਕੇ ਜੇ ਮਹਿਫ਼ਲ ਵਿਚ ਕੋਈ ਲੇਖਿਕਾ ਵੀ ਸ਼ਾਮਲ ਹੋਵੇ, ਉਹ ਗੰਭੀਰ ਰੂਪ ਧਾਰਦਾ, ਟਾਈ-ਸੂਟ ਸਮੇਤ ਸ਼ਾਮਲ ਹੁੰਦਾ ਅਤੇ ਸਿਆਣੀਆਂ, ਸੰਕੋਚਵੀਆਂ ਟਿੱਪਣੀਆਂ ਕਰਦਾ। ਉਹਨੇ ਬੜੇ ਤਹੱਮਲ ਨਾਲ ਕਿਹਾ, ‘ਜਗਦੀਪ ਜੀ, ਨਿਕਟ ਮਿੱਤਰਾਂ ਦੀ ਮਹਿਫ਼ਲ ਹੈ। ਕੋਈ ਅਜਨਬੀ ਤਾਂ ਮੈਨੂੰ ਦਿਖਾਈ ਨਹੀਂ ਦਿੰਦਾ। ਸਾਰੇ ਦੋਸਤਾਂ ਨਾਲ ਜਾਮ ਸਾਂਝਾ ਕਰਨ ਵਿਚ ਕੋਈ ਹਰਜ ਨਹੀਂ। ਜਿੰਨੀ ਦਿਲ ਕਰੇ ਪੀਓ ਪਰ ਦੋਸਤਾਂ ਦਾ ਮਾਣ ਰੱਖੋ, ਮਹਿਫ਼ਲ ਦਾ ਮਾਣ ਰੱਖੋ। ਵੱਡੇ ਸਾਹਿਤਕਾਰ ਨੂੰ ਵੱਡੇ ਦਿਲ ਵਾਲਾ ਹੀ ਹੋਣਾ ਚਾਹੀਦਾ ਹੈ। ਤੁਸੀਂ ਤਾਂ ਸਾਡੇ ਬਹੁਤ ਵੱਡੇ ਸਾਹਿਤਕਾਰ ਹੋ!’
ਮੋਹਨ ਸਿੰਘ ਨੂੰ ਪਤਾ ਸੀ, ਇਕ-ਦੋ ਵਾਰ ਨਾਂਹ-ਨੁੱਕਰ ਕਰ ਕੇ ਉਸ ਦੀ ਗੱਲ ਉਹ ਮੋੜੇਗੀ ਨਹੀਂ। ਹੁਣ ਫੱਕਰ ਦਾ ਕਿਹਾ ਮੋੜਨ ਦਾ ਤਾਂ ਸਵਾਲ ਹੀ ਨਹੀਂ ਸੀ। ਉਹਨੇ ਗਲਾਸ ਜਗਦੀਪ ਦੇ ਹੱਥ ਵਿਚ ਦੇ ਕੇ ਤੇ ਸਾਹਮਣੇ ਖਲੋ ਕੇ ਕਿਹਾ, ‘ਦੱਸ ਦੇਣਾ। ਸਾਨੂੰ ਤੁਹਾਡਾ ਰੰਗੀਨ ਸਾਥ ਚਾਹੀਦਾ ਹੈ, ਤੁਹਾਡਾ ਸਿਰਦਰਦ ਨਹੀਂ!’
ਉਹਨੇ ਗਲਾਸ ਨਾਲ ਬੋਤਲ ਦਾ ਮੂੰਹ ਲੱਗਣ ਤੋਂ ਪਹਿਲਾਂ ਹੀ ‘ਬੱਸ ਬੱਸ’ ਕਿਹਾ ਤਾਂ ਸਾਰੇ ਹੱਸ ਪਏ। ਮੋਹਨ ਸਿੰਘ ਨੇ ਆਪ ਹੀ ਛੋਟਾ ਪੈੱਗ ਪਾਇਆ। ਉਸ ਦੀ ਪੀਣ ਦੀ ਸਮਰੱਥਾ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ।
ਸਭ ਦੇ ਗਲਾਸਾਂ ਵਿਚ ਉਹਨਾਂ ਦੀ ਇੱਛਾ ਅਨੁਸਾਰ ਪਾ ਕੇ ਉਹਨੇ ਆਪਣਾ ਗਲਾਸ ਚੁੱਕਿਆ ਤੇ ਜਾਮ ਤਜਵੀਜ਼ ਕੀਤਾ, ‘ਇਹ ਜਾਮ ਇਥੇ ਮਿਲ ਬੈਠੇ ਦੋਸਤਾਂ ਦੀ ਸ਼ਾਇਰੀ, ਖ਼ੁਸ਼ੀ ਤੇ ਸਿਹਤ ਦੇ ਨਾਂ, ਖਾਸ ਕਰਕੇ ਪੰਜਾਬੀ ਕਵਿਤਾ ਦੀ ਤੇ ਇਸ ਮਹਿਫ਼ਲ ਦੀ ਜਿੰਦ-ਜਾਨ ਜਗਦੀਪ ਜੀ ਦੇ ਨਾਂ!’
ਸ਼ਾਂਤ ਜਾਣ-ਬੁੱਝ ਕੇ ਅਜਿਹੀ ਥਾਂ ਬੈਠਾ ਸੀ ਜਿਥੋਂ ਜਗਦੀਪ ਨੂੰ ਸਹਿਜੇ ਹੀ ਦੇਖ ਸਕੇ। ਉਹਨੇ ਗਲਾਸ ਤਾਂ ਮੂੰਹ ਨੂੰ ਲਾ ਲਿਆ ਪਰ ਨਜ਼ਰ ਜਗਦੀਪ ਦੇ ਹੱਥ ਵਿਚ ਫੜੇ ਹੋਏ ਗਲਾਸ ਉੱਤੇ ਟਿਕਾ ਰੱਖੀ। ਉਹ ਦੇਖਣਾ ਚਾਹੁੰਦਾ ਸੀ, ਗਲਾਸ ਦੀ ਕੰਨੀ ਨੂੰ ਬੁੱਲ੍ਹ ਛੁਹਾ ਕੇ ਉਹ ਸ਼ਗਨ ਕਰਦੀ ਹੈ ਜਾਂ ਘੁੱਟ ਵੀ ਭਰਦੀ ਹੈ। ਆਪ ਵੀ ਉਹ ਘੁੱਟ ਉਹਦੇ ਘੁੱਟ ਭਰਨ ਦੇ ਨਾਲ ਹੀ ਭਰਨੀ ਚਾਹੁੰਦਾ ਸੀ।
ਕਵੀ-ਦਰਬਾਰ ਤਾਂ ਹੁੰਦੇ ਹੀ ਰਹਿੰਦੇ ਸਨ ਤੇ ਬਹੁਤ ਵਾਰ ਉਹਨੇ ਸਟੇਜਾਂ ਫ਼ਤਿਹ ਕੀਤੀਆਂ ਸਨ, ਪਰ ਅੱਜ ਸ਼ਾਂਤ ਨੂੰ ਇਕ ਅਨੋਖੀ ਹੀ ਜਿੱਤ ਦਾ ਅਹਿਸਾਸ ਹੋ ਰਿਹਾ ਸੀ। ਪਹਿਲਾ ਜਾਮ ਅੰਦਰ ਜਾਂਦਿਆਂ ਹੀ ਕਵਿਤਾ ਸਾਕਾਰ ਹੋਣ ਲੱਗੀ। ਕਵਿਤਾ ਉਸ ਨੂੰ ਇਉਂ ਹੀ ਉੱਤਰਦੀ ਸੀ। ਮਨ ਸਤਰਾਂ ਸਿਰਜਦਾ ਜਾਂਦਾ ਤੇ ਉਹ ਕਾਗ਼ਜ਼ ਉੱਤੇ ਇਉਂ ਲਿਖਦਾ ਜਾਂਦਾ ਜਿਵੇਂ ਕਿਸੇ ਪਹਿਲਾਂ ਦੀ ਰਚਨਾ ਦਾ ਚੇਤੇ ਵਿਚੋਂ ਉਤਾਰਾ ਕਰ ਰਿਹਾ ਹੋਵੇ। ਲਿਖਦਿਆਂ ਹੋਇਆਂ ਨਾ ਕੁਛ ਕੱਟਣਾ, ਨਾ ਬਦਲਣਾ। ਉਹ ਅਛੋਪਲੇ ਜਿਹੇ ਉੱਠ ਕੇ ਬਾਹਰ ਲਾਅਨ ਵਿਚ ਗਿਆ ਤੇ ਕੁਝ ਮਿੰਟਾਂ ਮਗਰੋਂ ਲਿਖਿਆ ਹੋਇਆ ਕਾਗ਼ਜ਼ ਜੇਬ ਵਿਚ ਸੰਭਾਲ ਕੇ ਪਰਤ ਆਇਆ। ਮੋਹਨ ਸਿੰਘ ਨੇ ਪੁੱਛਿਆ, ‘ਸ਼ਾਂਤ, ਮੈਂ ਤਾਂ ਸੋਚਿਆ, ਤੂੰ ਗੁਸਲਖਾਨੇ ਗਿਆ ਹੈਂ। ਬਾਹਰੋਂ ਕਿਧਰੋਂ ਆ ਰਿਹਾ ਹੈਂ?’ ਉਹ ਕੋਈ ਉੱਤਰ ਦੇਣ ਦੀ ਥਾਂ ਬੱਸ ਮੁਸਕਰਾ ਪਿਆ ਅਤੇ ਆਪਣੀ ਕੁਰਸੀ ਉੱਤੇ ਆ ਬੈਠਾ।
ਫੱਕਰ ਨੇ ਸਭ ਦੇ ਦਿਲ ਦੀ ਗੱਲ ਕਹੀ, ‘ਬਈ, ਸ਼ਾਇਰਾਂ ਦੀ ਮਹਿਫ਼ਲ ਹੈ, ਜਾਮ ਦੇ ਨਾਲ-ਨਾਲ ਸ਼ਾਇਰੀ ਵੀ ਚਲਦੀ ਰਹੇ।’
ਜਗਦੀਪ ਨੇ ਫ਼ਰਮਾਇਸ਼ ਕੀਤੀ, ‘ਪਹਿਲ ਮੇਜ਼ਬਾਨ ਦੀ। ਪਹਿਲਾਂ ਕਵਿਤਾ ਮੋਹਨ ਸਿੰਘ ਸੁਣਾਉਣਗੇ।’
ਮੋਹਨ ਸਿੰਘ ਦੀ ਇਕ ਆਦਤ ਬੜੀ ਅਨੋਖੀ ਸੀ। ਕਵਿਤਾ ਦੀ ਪੇਸ਼ਕਾਰੀ ਦੇ ਉਹਦੇ ਦੋ ਰੰਗ ਸਨ। ਉਹ ਜਨਤਕ ਸਟੇਜ ਉੱਤੇ ਕਵਿਤਾ ਪੇਸ਼ ਕਰਦਾ ਤਾਂ ਅੰਦਾਜ਼ ਹੋਰ ਹੁੰਦਾ, ਆਪਣੀ ਸਾਹਿਤਕ ਹੈਸੀਅਤ ਦਾ, ਸਰੋਤਿਆਂ ਉੱਤੇ ਪ੍ਰਭਾਵ ਦਾ ਖ਼ਿਆਲ ਰੱਖਣ ਵਾਲਾ ਸੰਕੋਚਵਾਂ ਸਾਹਿਤਕ ਅੰਦਾਜ਼। ਅੱਜ ਵਰਗੀ ਮਹਿਫ਼ਲ ਵਿਚ ਕਵਿਤਾ ਸੁਣਾਉਣ ਵੇਲੇ ਉਹ ਹੋਰ ਦਾ ਹੋਰ ਹੋ ਜਾਂਦਾ, ਜਿਵੇਂ ਕੋਈ ਸੂਫ਼ੀ ਫ਼ਕੀਰ ਦੀਨ-ਦੁਨੀਆ ਨੂੰ ਭੁੱਲ ਕੇ ਮਸਤ ਹੋਇਆ ਗਾ ਰਿਹਾ ਹੋਵੇ। ‘ਬਈ ਹੁਣ ਜਾਮ ਆਪਣੀ ਆਪਣੀ ਇੱਛਾ ਦਾ’ ਆਖ ਕੇ ਉਹਨੇ ਆਪਣੇ ਵਾਸਤੇ ਦੂਜਾ ਜਾਮ ਪਾਇਆ ਅਤੇ ਖਾਲੀ ਗਲਾਸ ਰੱਖ ਕੇ ਮਸਤੀ ਵਿਚ ਆ ਨਵਾਂ ਗੀਤ ਗਾਉਣ ਲੱਗਿਆ:
ਨੀ ਅੱਜ ਕੋਈ ਆਇਆ ਸਾਡੇ ਵਿਹੜੇ।
ਤੱਕਣ ਚੰਨ ਸੂਰਜ ਢੁੱਕ ਢੁੱਕ ਨੇੜੇ।
ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂੰ,
ਆਇਆ ਨੀ ਖ਼ਬਰੈ ਅੰਬਰ ਘੁੰਮਘੁੰਮ ਕਿਹੜੇ।
ਆਇਆ ਨੀ ਲੱਖ ਨਾਲ ਬਹਾਰਾਂ ਲੈ ਕੇ,
ਭਰੇ ਸੂ ਸਾਡੇ ਅੰਗ ਅੰਗ ਦੇ ਵਿਚ ਖੇੜੇ।
ਚੁੰਮੋ ਨੀ ਇਹਦੇ ਹੱਥ ਚੰਬੇ ਦੀਆਂ ਕਲੀਆਂ,
ਧੋਵੋ ਨੀ ਇਹਦੇ ਪੈਰ ਮੱਖਣ ਦੇ ਪੇੜੇ।
ਰੱਖੋ ਨੀ ਇਹਨੂੰ ਚੁੱਕ ਚੁੱਕ ਚਸ਼ਮਾਂ ਉੱਤੇ,
ਕਰੋ ਨੀ ਇਹਨੂੰ ਘੁੱਟ ਘੁੱਟ ਜਿੰਦ ਦੇ ਨੇੜੇ।
ਬੰਨ੍ਹੋ ਨੀ ਕੋਈ ਪਹਾੜ ਸਮੇਂ ਦੇ ਪੈਰੀਂ,
ਡੱਕੋ ਨੀ ਕੋਈ ਰਾਤ ਦਿਵਸ ਦੇ ਗੇੜੇ।
ਪੁੱਛੋ ਨਾ ਇਹ ਕੌਣ ਤੇ ਕਿਥੋਂ ਆਇਆ,
ਤੱਕੋ ਨੀ ਇਹਦਾ ਰੂਪ ਭੁਲਾ ਸਭ ਝੇੜੇ।
ਗੀਤ ਖ਼ਤਮ ਹੋਇਆ ਤਾਂ ਫੱਕਰ ਕਹਿੰਦਾ, ‘ਮੋਹਨ ਸਿੰਘ, ਬਈ ਤੇਰੇ ਨਵੇਂ ਗੀਤ ਦੀ ਹਾਰਦਿਕ ਮੁਬਾਰਕ!’ ਤੇ ਫੇਰ ਜਗਦੀਪ ਵੱਲ ਦੇਖ ਕੇ ਬੋਲਿਆ, ‘ਭਾਵੇਂ ਮੋਹਨ ਸਿੰਘ ਨੇ ਬੋਲ ਕੇ ਨਹੀਂ ਦੱਸਿਆ, ਜਗਦੀਪ ਜੀ, ਇਸ ਉੱਤਮ ਗੀਤ ਦੀ ਰਚਨਾ ਲਈ ਧੰਨਵਾਦ ਮੈਂ ਤੁਹਾਡਾ ਕਰਾਂਗਾ ਕਿਉਂਕਿ ਤੁਹਾਡੀ ਪ੍ਰੇਰਨਾ ਨੇ ਅਜਿਹਾ ਗੀਤ ਪੰਜਾਬੀ ਸਾਹਿਤ ਦੀ ਝੋਲੀ ਪੁਆ ਦਿੱਤਾ ਹੈ ਜਿਸ ਵਿਚ ਸਾਹਿਤਕ ਇਕੱਤਰਤਾਵਾਂ ਦਾ ਸਵਾਗਤੀ ਗੀਤ ਬਣਨ ਦੀ ਸਮਰੱਥਾ ਵੀ ਹੈ ਤੇ ਸੰਭਾਵਨਾ ਵੀ।’
ਸ਼ਾਂਤ ਦੀ ਪੇਸ਼ਕਾਰੀ ਤਾਂ ਹਮੇਸ਼ਾ ਹੀ ਵਧੀਆ ਹੁੰਦੀ ਸੀ, ਪਰ ਅੱਜ ਤਾਂ ਉਹ ਕਿਸੇ ਹੋਰ ਹੀ ਸੰਸਾਰ ਵਿਚੋਂ ਬੋਲ ਰਿਹਾ ਸੀ। ਉਹਨੇ ਦੱਸਿਆ, ਇਹ ਕੁਛ ਖ਼ਿਆਲ ਇਥੇ ਬੈਠਿਆਂ ਮਨ ਵਿਚ ਆਏ ਤੇ ਹੁਣੇ ਜਦੋਂ ਮੈਂ ਬਾਹਰ ਗਿਆ ਸੀ, ਇਹਨਾਂ ਨੂੰ ਹੀ ਕਾਗ਼ਜ਼ ਉੱਤੇ ਉਤਾਰਨ ਗਿਆ ਸੀ:
ਰੂਪ ਤੇਰੇ ਦੀਆਂ ਸਿਫ਼ਤਾਂ ਸੁਣੀਏ,
ਸਿਫ਼ਤਾਂ ਕਰੇ ਲੋਕਾਈ ਨੀ,
ਸਮਾਂ ਸੁਲੱਖਣਾ ਕਦ ਆਉਣਾ ਹੈ,
ਛੋਹ ਤੇਰੀ ਦੇ ਮਾਣਨ ਦਾ।
ਪਿਆਰ ਤੇਰੇ ਦਾ ਇਕ ਤਰਸੇਵਾਂ,
ਲੱਗਿਆ ਸਾਡੀ ਜਿੰਦੜੀ ਨੂੰ,
ਹਰ ਪਲ ਸਾਨੂੰ ਚੇਤਾ ਰਹਿੰਦਾ,
ਫੁੱਲਾਂ ਵਰਗੀ ਹਾਨਣ ਦਾ।
ਦਿਲ ਦੇ ਨੇੜੇ ਦਿਲ ਨੂੰ ਕਰ ਕੇ,
ਦੋ ਗੱਲਾਂ ਵੀ ਕਰੀਆਂ ਨਾ,
ਫਿਰ ਵੀ ਕਿੱਡੀ ਮੇਰ ਅਸਾਂ ਨੂੰ,
ਇਹ ਕੇਹਾ ਢੰਗ ਜਾਣਨ ਦਾ।
ਕਿੰਨੇ ਜੁੱਗ ਹਨੇਰਿਆਂ ਦੇ ਵਿਚ,
ਭਟਕੇ ਪੈਰ ਨਿਮਾਣੇ ਇਹ,
ਰੱਬ ਕੋਲੋਂ ਹੈ ਲਈ ਮੰਗ ਕੇ,
ਗੋਰੀ ਬੂਟਾ ਚਾਨਣ ਦਾ।
ਆਸ ਆਸਰਾ ਦੇਵੇ ਸਾਨੂੰ,
ਦਿਨ ਮਹਿਕੇ ਹੋਏ ਆਵਣਗੇ,
ਅਜੇ ਤਾਂ ਲੰਘੇ ਪਲ-ਪਲ ਭਾਰਾ,
ਖਾਕ ਥਲਾਂ ਦੀ ਛਾਣਨ ਦਾ!
ਫੱਕਰ ਦੀ ਟਿੱਪਣੀ ਭਾਵੇਂ ਹੁੰਦੀ ਤਾਂ ਸੰਕੋਚਵੀਂ ਪਰ ਉਸ ਤੋਂ ਟਿੱਪਣੀ ਕਰੇ ਬਿਨਾਂ ਰਿਹਾ ਨਹੀਂ ਸੀ ਜਾਂਦਾ। ਦੋ ਸ਼ਬਦਾਂ ਵਿਚ ਹੀ ਪੂਰੀ ਗੱਲ ਆਖ ਦਿੱਤੀ, ‘ਮਾਰੇ ਗਏ ਗੁਲਫ਼ਾਮ!’ ਤੇ ਉਹ ਆਦਤ ਅਨੁਸਾਰ ਹਾ…ਹਾ…ਹਾ…ਕਰ ਕੇ ਹੱਸ ਪਿਆ। ਬਾਕੀ ਸਭ ਵੀ ਹੱਸ ਪਏ। ਸ਼ਾਂਤ ਆਖ਼ਰ ਸੀ ਤਾਂ ਫੱਕਰ ਦਾ ਦੋਸਤ ਹੀ, ਉਹਨੂੰ ਕੱਚਾ ਜਿਹਾ ਹੋਇਆ ਦੇਖ ਉਹ ਗੰਭੀਰ ਹੋ ਕੇ ਬੋਲਿਆ, ‘ਸਾਡੇ ਸਭ ਦੇ ਹਾਸੇ ਕਾਰਨ ਨਿੰਮੋਝੂਣਾ ਨਾ ਹੋ, ਭਰਪੂਰ ਸਿੰਘ ਸ਼ਾਂਤ, ਕਵਿਤਾ ਤੇਰੀ ਮੌਕੇ ਮੁਤਾਬਿਕ ਵਧੀਆ ਹੈ।’
ਸਭ ਕਵੀਆਂ ਦੇ ਸੁਣਾ ਚੁੱਕਣ ਮਗਰੋਂ ਅੰਤ ਵਿਚ ਕੁਛ ਸੁਣਾਉਣ ਦਾ ਮਾਣ ਤਾਂ ਜਗਦੀਪ ਨੂੰ ਮਿਲਣਾ ਹੀ ਸੀ। ਉਹ ਆਵਾਜ਼ ਦੀ ਮੰਨੀ ਹੋਈ ਜਾਦੂਗਰ ਸੀ। ਅੱਜ ਤਾਂ ਇਸ ਮਹਿਫ਼ਲ ਦੀ ਜਿੰਦ-ਜਾਨ ਮੰਨੇ ਜਾਣ ਨੇ ਉਸ ਨੂੰ ਹੋਰ ਹੀ ਰੰਗ ਵਿਚ ਰੰਗ ਦਿੱਤਾ ਸੀ। ਉਹਨੇ ਪਰਸ ਵਿਚੋਂ ਕਾਪੀ ਕੱਢੀ ਤੇ ਕਿਹਾ, ਇਹ ਗ਼ਜ਼ਲ ਪਹਿਲੀ ਵਾਰ ਇਥੇ ਹੀ ਸੁਣਾ ਰਹੀ ਹਾਂ। ਸਬੱਬ ਹੀ ਅਜਿਹਾ ਬਣ ਗਿਆ ਹੈ ਕਿ ਇਹਨੂੰ ਜਲੰਧਰ ਸ਼ਹਿਰ ਦੇ ਨਾਂ ਹੀ ਸਮਝ ਲਵੋ।
ਧਰ ਕੇ ਜਾਨ ਤਲੀ ’ਤੇ ਆਇਆ ਸ਼ਹਿਰ ਤਿਰੇ।
ਫਿਰਦਾ ਹੈ ਇਕ ਬੁੱਤ ਪਰਾਇਆ ਸ਼ਹਿਰ ਤਿਰੇ।
ਕਈ ਸੁਨੇਹੇ ਦਿਲ ਦੇ ਤੈਨੂੰ ਦੇਣੇ ਸੀ,
ਮੈਨੂੰ ਕੁਝ ਵੀ ਯਾਦ ਨਾ ਆਇਆ ਸ਼ਹਿਰ ਤਿਰੇ।
ਉਂਜ ਤਾਂ ਸ਼ਹਿਰ ’ਚ ਸਾਡੇ ਵੀ ਬੇ-ਚੈਨੀ ਸੀ,
ਰਹਿੰਦਾ-ਖੂੰਹਦਾ ਚੈਨ ਗਵਾਇਆ ਸ਼ਹਿਰ ਤਿਰੇ।
ਉਮਰ ਗਈ ਪਰ ਉਸਦਾ ਉੱਤਰ ਨਾ ਆਇਆ,
ਮੈਂ ਜੋ ਤੈਨੂੰ ਖ਼ਤ ਸੀ ਪਾਇਆ ਸ਼ਹਿਰ ਤਿਰੇ।
ਇਸ ਤੋਂ ਅੱਗੇ ਹੋਰ ਵੀ ਮੰਜ਼ਿਲ ਹੋਵੇਗੀ,
ਮੈਂ ਤਾਂ ਆਪਣਾ ਪੰਧ ਮੁਕਾਇਆ ਸ਼ਹਿਰ ਤਿਰੇ।
ਤੇਰੇ ਡੂੰਘੇ ਨੈਣਾਂ ਦੇ ਵਿਚ ਗ਼ਰਕ ਗਿਆ,
ਸੁਣਿਐ, ਹੁਣ ਤੱਕ ਜੋ ਵੀ ਆਇਆ ਸ਼ਹਿਰ ਤਿਰੇ।
ਗ਼ਜ਼ਲ ਹੀ ਅਜਿਹੀ ਸੀ, ਸਭ ਵਾਹ-ਵਾਹ ਕਰ ਉੱਠੇ। ਸ਼ਾਂਤ ਨੇ ਫੇਰ ਹੌਸਲਾ ਕੀਤਾ ਤੇ ਬੜੀ ਚਤੁਰਾਈ ਨਾਲ ਜਗਦੀਪ ਦੀ ਪ੍ਰਸੰਸਾ ਕੀਤੀ, ‘ਮੋਹਨ ਸਿੰਘ ਜੀ, ਤੁਹਾਡੇ ਵਿਹੜੇ ਦੇ ਸਾਹਮਣੇ ਜਗਦੀਪ ਜੀ ਨੇ ਪੂਰਾ ਸ਼ਹਿਰ ਵਸਾ ਦਿੱਤਾ ਹੈ! ਮੁਕਾਬਲਾ ਤੁਹਾਡੇ ਲਈ ਕਾਫ਼ੀ ਮੁਸ਼ਕਿਲ ਹੋ ਗਿਆ!’