ਅੰਮ੍ਰਿਤਸਰ: ਅਗਾਮੀ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ‘ਪੱਕੀ ਸੀਟ’ ਅੰਮ੍ਰਿਤਸਰ ਸੱਤਾਧਾਰੀ ਪਾਰਟੀ ਲਈ ਵੱਡੀ ਸਿਰਦਰਦੀ ਸਾਬਤ ਹੋਵੇਗੀ। ਇਸ ਸੀਟ ‘ਤੇ 2004 ਤੋਂ ਲਗਾਤਾਰ ਕਾਬਜ਼ ਗਠਜੋੜ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਆਪਣੇ ਹਲਕੇ ਤੋਂ ਲੰਬੀ ਗ਼ੈਰ-ਹਾਜ਼ਰੀ ਤੇ ਅਣਦੇਖੀ ਕਾਰਨ ਗੱਠਜੋੜ ਨੂੰ ਇਹ ਸੀਟ ਸ਼ੱਕੀ ਲੱਗ ਰਹੀ ਹੈ। ਇਸ ਸੀਟ ਤੋਂ ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਨਾਲ ਆਢਾ ਲਾਉਣ ਕਾਰਨ ਵੀ ਪਾਰਟੀ ਦੇ ਵਕਾਰ ਨੂੰ ਸੱਟ ਵੱਜੀ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਗੱਠਜੋੜ ਲੀਡਰਸ਼ਿੱਪ ਅੰਦਰਖਾਤੇ ਇਸ ਮੁਸੀਬਤ ਨਾਲ ਟਾਕਰਾ ਕਰਨ ਲਈ ਤਿਆਰੀਆਂ ਕਰ ਰਹੀ ਹੈ।
ਇਸ ਸੀਟ ਤੋਂ ਉਮੀਦਵਾਰੀ ਭਾਜਪਾ ਕੋਲ ਹੀ ਰਹਿਣ ਜਾਂ ਤਬਦੀਲ ਹੋ ਕੇ ਭਾਈਵਾਲਾਂ ਕੋਲ ਜਾਣ ਬਾਰੇ ਵੀ ਅਜੇ ਭੰਬਲਭੂਸਾ ਬਰਕਰਾਰ ਹੈ ਜਿਸ ਦੀ ਪ੍ਰੋੜ੍ਹਤਾ ਪਿਛਲੇ ਦਿਨੀਂ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਅੰਮ੍ਰਿਤਸਰ ਫੇਰੀ ਮੌਕੇ ਖੁਦ ਕਰ ਚੁੱਕੇ ਹਨ। ਕੁਝ ਸਮਾਂ ਪਹਿਲਾਂ ਜਿਥੇ ਇਸ ਸੀਟ ਤੋਂ ਭਾਜਪਾ ਦੇ ਕੌਮੀ ਆਗੂ ਅਰੁਣ ਜੇਤਲੀ ਦੇ ਉਮੀਦਵਾਰ ਬਣਨ ਦੀ ਚਰਚਾ ਉੱਠੀ ਸੀ, ਉਥੇ ਹੀ ਕੁਝ ਲੋਕਾਂ ਵੱਲੋਂ ਇਸ ਸੀਟ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੋਕ ਸਭਾ ਚੋਣ ਲੜਨ ਦੀਆਂ ਵੀ ਛੁਰਲੀਆਂ ਛੱਡੀਆਂ ਜਾ ਰਹੀਆਂ ਹਨ। ਲੋਕਾਂ ਦੀਆਂ ਕਿਆਸ-ਅਰਾਈਆਂ ਮੁਤਾਬਕ ਨਰਿੰਦਰ ਮੋਦੀ ਦੀ ਫਿਰਕੂ ਛਵੀ ਕਾਰਨ ਗਠਜੋੜ ਨਾਲੋਂ ਟੁੱਟਦੇ ਦਲਾਂ ਨੂੰ ਬੰਨ੍ਹੀ ਰੱਖਣ ਲਈ ਬਾਦਲ ਦੀ ਸਾਂਝੀ ਸ਼ਖਸੀਅਤ ਵਜੋਂ ਲੋਕਪ੍ਰਿਅਤਾ ਦਾ ਫਾਇਦਾ ਲਿਆ ਜਾ ਸਕਦਾ ਹੈ।
ਜੇਕਰ ਹਕੀਕਤ ਨੂੰ ਵਾਚੀਏ ਤਾਂ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਗਠਜੋੜ ਵੱਲੋਂ ਕਿਸੇ ਵੀ ਉਮੀਦਵਾਰ ਦੀ ਜਿੱਤ-ਹਾਰ ਖੇਤਰ ਵਿਚ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਵਜ਼ੀਰ ਬਿਕਰਮ ਸਿੰਘ ਮਜੀਠੀਆ ‘ਤੇ ਨਿਰਭਰ ਕਰਦੀ ਹੈ। ਇਸ ਵਜ਼ੀਰ ਦੇ ਵਧਦੇ ਕੱਦ ਅੱਗੇ ਗਠਜੋੜ ਬੌਣਾ ਨਜ਼ਰ ਆਉਂਦਾ ਹੈ ਜਿਸ ਦੀ ਸਪਸ਼ਟਤਾ ਪਿਛਲੇ ਸਮੇਂ ਹੋਈਆਂ ਨਗਰ ਨਿਗਮ ਚੋਣਾਂ ਮੌਕੇ ਬਾਗੀ ਅਕਾਲੀਆਂ ਵੱਲੋਂ ਧੱਕੜਪੁਣੇ ਨਾਲ ਭਾਈਵਾਲਾਂ ਤੋਂ ਸੀਟਾਂ ਖੋਹਣ ਨਾਲ ਜ਼ਾਹਿਰ ਹੋ ਜਾਂਦੀ ਹੈ।
ਹੁਣ ਵੀ ਅੰਮ੍ਰਿਤਸਰ ਲੋਕ ਸਭਾ ਉਮੀਦਵਾਰੀ ਜੇਕਰ ਅਕਾਲੀਆਂ ਨੂੰ ਮਿਲਦੀ ਹੈ ਤੇ ਉਕਤ ਸ਼ ਬਾਦਲ ਵਾਲੀ ਚਰਚਾ ਤੋਂ ਛੁੱਟ ਇਸ ਵਜ਼ੀਰ ਦਾ ਕੋਈ ਆਪਣਾ ਹੀ ਉਮੀਦਵਾਰ ਬਣਨ ਦੀ ਸੰਭਾਵਨਾ ਹੈ ਤੇ ਜੇਕਰ ਸੀਟ ਭਾਜਪਾ ਕੋਲ ਹੀ ਰਹਿੰਦੀ ਹੈ ਤਾਂ ਵੀ ਆਉਣ ਵਾਲੇ ਉਮੀਦਵਾਰ ਨੂੰ ਇਸ ਅਕਾਲੀ ਵਜ਼ੀਰ ਨਾਲ ਤਾਲਮੇਲ ਬਿਠਾਉਣਾ ਹੀ ਪਵੇਗਾ। ਭਾਜਪਾ ਵੱਲੋਂ ਇਸ ਸਮੇਂ ਵਧੇਰੇ ਚਰਚਿਤ ਨਾਂ ਸੂਬਾ ਮੀਤ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਦਾ ਹੈ ਜਿਸ ਨੂੰ ਸੂਬਾ ਭਾਜਪਾ ਦੀ ਹਮਾਇਤ ਦੇ ਨਾਲ-ਨਾਲ ਇਸ ਅਕਾਲੀ ਵਜ਼ੀਰ ਦੇ ਪਰਿਵਾਰ ਦਾ ਵੀ ਨਜ਼ਦੀਕੀ ਸਮਝਿਆ ਜਾਂਦਾ ਹੈ। ਕੁਝ ਦਿਨ ਪਹਿਲਾਂ ਭਾਜਪਾ ਦੇ ਸੂਬਾ ਪ੍ਰਧਾਨ ਦਾ ਛੀਨਾ ਦੇ ਘਰ ਵਿਚਾਰ ਚਰਚਾ ਲਈ ਆਉਣਾ ਵੀ ਇਸ ਕਿਆਫ਼ੇ ਵੱਲ ਸੰਕੇਤ ਕਰਦਾ ਹੈ ਪਰ ਦੂਸਰੇ ਪਾਸੇ ਸ਼ ਛੀਨਾ ਦੇ ਨਵਜੋਤ ਸਿੰਘ ਸਿੱਧੂ ਨਾਲ ਮਤਭੇਦ ਵੀ ਕਿਸੇ ਤੋਂ ਲੁਕੇ ਹੋਏ ਨਹੀਂ, ਅਜਿਹੇ ਵਿਚ ਸ਼ ਸਿੱਧੂ ਖੁਦ ਨੂੰ ਮੁੜ ਉਮੀਦਵਾਰ ਬਣਾਉਣ ਲਈ ਕੋਸ਼ਿਸ਼ ਕਰਦਿਆਂ ਸ਼ ਛੀਨਾ ਦੀ ਆਸ ਨੂੰ ਮੱਧਮ ਕਰ ਪਾਉਂਦੇ ਹਨ ਜਾਂ ਨਹੀਂ ਇਹ ਅਗਲੇ ਕੁਝ ਦਿਨਾਂ ਵਿਚ ਸਾਹਮਣੇ ਆਵੇਗਾ। ਇਨ੍ਹਾਂ ਤੋਂ ਇਲਾਵਾ ਭਾਜਪਾ ਵਜ਼ੀਰ ਅਨਿਲ ਜੋਸ਼ੀ ਤੇ ਕੌਮੀ ਮੀਤ ਪ੍ਰਧਾਨ ਪ੍ਰੋæ ਲਕਸ਼ਮੀ ਕਾਂਤਾ ਚਾਵਲਾ ਦੇ ਵੀ ਇਥੋਂ ਭਾਜਪਾ ਉਮੀਦਵਾਰ ਬਣਨ ‘ਤੇ ਚਰਚਾ ਹੋ ਸਕਦੀ ਹੈ।
Leave a Reply