ਹਰਜੀਤ ਦਿਉਲ ਦੇ ਪ੍ਰਤੀਕਰਮ `ਤੇ ਪ੍ਰਤੀਉੱਤਰ

ਗੁਰਨਾਮ ਕੌਰ, ਕੈਨੇਡਾ
‘ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ’
ਇਹ ਪੰਕਤੀਆਂ ਗੁਰੂ ਨਾਨਕ ਸਾਹਿਬ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 766 ‘ਤੇ ਰਾਗੁ ਸੂਹੀ ਵਿਚ ਰਚੀ ਬਾਣੀ ਵਿਚੋਂ ਹਨ। ਇਨ੍ਹਾਂ ਪੰਕਤੀਆਂ ਵਿਚ ਗੁਰੂ ਨਾਨਕ ਉਪਦੇਸ਼ ਦਿੰਦੇ ਹਨ ਕਿ ਜੇ ਕਿਸੇ ਨੂੰ ਗੁਣਾਂ ਦਾ ਭਰਿਆ ਡੱਬਾ ਮਿਲ ਜਾਵੇ (ਇਥੇ ਭਾਵ ਖੁਸ਼ਬੋ ਵਾਲੀਆਂ ਵਸਤਾਂ ਤੋਂ ਹੈ) ਤਾਂ ਉਹ ਡੱਬਾ ਖੋਲ੍ਹ ਕੇ ਉਸ ਡੱਬੇ ਵਿਚਲੀ ਖੁਸ਼ਬੋ ਲੈ ਲੈਣੀ ਚਾਹੀਦੀ ਹੈ।

ਇਸੇ ਤਰ੍ਹਾਂ ਜੇ ਮਨੁੱਖ ਚਾਹੁੰਦਾ ਹੈ ਕਿ ਉਸ ਅੰਦਰ ਗੁਣ ਪੈਦਾ ਹੋਣ ਤਾਂ ਗੁਰਮੁਖਾਂ ਨੂੰ ਮਿਲ ਕੇ ਉਨ੍ਹਾਂ ਨਾਲ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। ਔਗਣਾਂ ਨੂੰ ਅੰਦਰੋਂ ਤਿਆਗ ਕੇ, ਗੁਣਾਂ ਨੂੰ ਨਾਲ ਲੈ ਕੇ ਜੀਵਨ-ਪੰਧ `ਤੇ ਅੱਗੇ ਵਧਿਆ ਜਾ ਸਕੀਦਾ ਹੈ। ਸਭ ਨਾਲ ਪ੍ਰੇਮ ਅਤੇ ਭਲਾਈ ਕਰਨ ਦਾ ਉਪਰਾਲਾ ਕਰਕੇ, ਔਗੁਣਾਂ ਦਾ ਟਾਕਰਾ ਕਰਕੇ ਜੀਵਨ ਘੋਲ ਨੂੰ ਜਿੱਤਿਆ ਜਾ ਸਕਦਾ ਹੈ:
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸਿ ਲਈਜੈ॥
ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜ ਮਲੀਐ॥
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ॥
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥3॥
‘ਪੰਜਾਬ ਟਾਈਮਜ਼’ ਦੇ 4 ਅਪਰੈਲ ਵਾਲੇ ਅੰਕ ਵਿਚ ਈਰਾਨ ਦੇ ਪ੍ਰਮੁੱਖ ਲੀਡਰਾਂ ਦੀ ਲੜੀ ਵਿਚ ਸ਼ੁਮਾਰ ਅਲੀ ਲਾਰੀਜਾਨੀ ਦੀ ਮੌਤ ਉਪ੍ਰੰਤ ਉਸ `ਤੇ ਮੇਰਾ ਲੇਖ ਛਪਣ `ਤੇ ਹਰਜੀਤ ਦਿਉਲ ਨੂੰ ਬਹੁਤ ਜ਼ਿਆਦਾ ਤਕਲੀਫ਼ ਹੋਈ ਹੈ ਪਰ ਜ਼ਰੂਰੀ ਨਹੀਂ ਜਿਵੇਂ ਮੈਂ ਸੋਚਦੀ ਹਾਂ, ਹਰ ਕੋਈ ਅਲੀ ਲਾਰੀਜਾਨੀ ਬਾਰੇ ਉਵੇਂ ਹੀ ਸੋਚਦਾ ਹੋਵੇ। ਚੀਜ਼ਾਂ ਨੂੰ ਦੇਖਣ ਦਾ ਹਰ ਇੱਕ ਦਾ ਆਪੋ-ਆਪਣਾ ਨਜ਼ਰੀਆ ਹੁੰਦਾ ਹੈ। ਮੈਂ ਗੁਰਬਾਣੀ ਦੀ ਵਿਦਿਆਰਥਣ ਹਾਂ ਮੇਰੇ ਸਾਹਮਣੇ ਗੁਰੂ ਨਾਨਕ ਦਾ ਉਪਰ ਦਿੱਤਾ ਉਪਦੇਸ਼ ਹੈ ਕਿ ‘ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।’ ਇਸ ਧਾਰਨਾ ਅਨੁਸਾਰ ਮੈਂ ਅਲੀ ਲਾਰੀਜਾਨੀ ਦੇ ਗੁਣਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਂ ਉਨ੍ਹਾਂ ਤੋਂ ਪ੍ਰਭਾਵਤ ਹੋਈ ਹਾਂ। ਕਿਸੇ ਵੀ ਬਦਲਾਅ ਦੇ, ਸਿਸਟਮ ਦੇ ਦੋ ਪਹਿਲੂ ਹੋਇਆ ਕਰਦੇ ਹਨ, ਇੱਕ ਨਹੀਂ। ਮੇਰੇ ਸਾਹਮਣੇ ਇਸ ਵੇਲੇ ਉਹ ਧੱਕਾ ਅਤੇ ਜ਼ੁਲਮ ਹੈ ਜੋ ਇਜ਼ਰਾਈਲ ਫ਼ਲਸਤੀਨ ਦੇ ਲੋਕਾਂ ਨਾਲ ਕਰਦਾ ਆ ਰਿਹਾ ਹੈ ਖਾਸ ਕਰਕੇ ਪਿਛਲੇ 7 ਅਕਤੂਬਰ 2023 ਤੋਂ ਗਾਜ਼ਾ ਪੱਟੀ ਦੇ ਵਸਨੀਕਾਂ `ਤੇ ਜੋ ਕੁੱਝ ਇਜ਼ਰਾਈਲ ਅਮਰੀਕਾ ਦੀ ਮਿਲੀ-ਭੁਗਤ ਨਾਲ ਕਰ ਰਿਹਾ ਹੈ; ਜਿਸ ਵਿਚ ਹੁਣ ਤੱਕ ਸੱਤਰ ਹਜ਼ਾਰ ਤੋਂ ਵੱਧ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਦਸ ਹਜ਼ਾਰ ਬੱਚੇ ਹਨ, ਡਾਕਟਰ, ਪੱਤਰਕਾਰ, ਸਮਾਜ-ਸੇਵੀ, ਸਿਹਤ ਵਿਭਾਗ ਨਾਲ ਜੁੜਿਆ ਅਮਲਾ-ਫੈਲਾ ਅਤੇ ਇਸਤ੍ਰੀਆਂ ਸ਼ਾਮਲ ਹਨ। ਇਥੇ ਮੈਂ ਇੱਕ ਫ਼ਲਸਤੀਨੀ ਯਹੂਦੀ ਜੋ ਕੈਨੇਡਾ ਵਿਚ ਕੈਰੋਪਰੈਕਟਰ ਹੈ, ਤੋਂ ਕਰੋਨਾ ਕਾਲ ਤੋਂ ਵੀ ਪਹਿਲਾਂ ਦੀ ਸੁਣੀ ਗੱਲ ਸਾਂਝੀ ਕਰਨੀ ਚਾਹੁੰਦੀ ਹਾਂ ਜੋ ਹਰ ਸਾਲ ਆਪਣੇ ਘਰ ਫ਼ਲਸਤੀਨ ਵਿਚ ਛੁੱਟੀਆਂ ਕੱਟਣ ਜਾਂਦਾ ਹੈ। ਉਸ ਦਾ ਕਹਿਣਾ ਸੀ ਕਿ ਸਾਡੀਆਂ ਜਨਾਨੀਆਂ (ਫ਼ਲਸਤੀਨੀ ਔਰਤਾਂ) ਨਾਲ, ਬੱਚਿਆਂ ਨਾਲ ਇਜ਼ਰਾਈਲੀ ਫੌLਜੀ ਬਦਸਲੂਕੀ ਕਰਦੇ ਹਨ, ਤਸ਼ਦੱਦ ਕਰਦੇ ਹਨ। ਸਾਡੇ ਬੱਚਿਆਂ ਕੋਲ ਕੋਈ ਹਥਿਆਰ ਨਹੀਂ, ਵੱਧ ਤੋਂ ਵੱਧ ਪੱਥਰ ਜਾਂ ਸੋਟੀਆਂ ਹੀ ਹਨ ਪ੍ਰੰਤੂ ਅਮਰੀਕਾ ਬਦਮਾਸ਼ੀ ਕਰਦਾ ਹੈ ਅਤੇ ਸਾਡੇ ਖਿਲਾਫ਼ ਇਜ਼ਰਾਈਲ ਨੂੰ ਆਧੁਨਿਕ ਹਥਿਆਰ ਦਿੰਦਾ ਹੈ। ਕਹਿੰਦਾ ਜੇ ਅਮਰੀਕਾ ਨਾ ਹੋਵੇ ਇਜ਼ਰਾਈਲ ਸਾਡੇ ਮੁੰਡਿਆਂ ਨੂੰ ਫੜ-ਫੜ ਕੇ ਏਦਾਂ ਨਹੀਂ ਮਾਰ ਸਕਦਾ।
ਮੈਂ ਕਾਲਜ ਤੋਂ ਯੂਨੀਵਰਸਿਟੀ ਪਹੁੰਚ ਗਈ ਸੀ ਅਮਰੀਕਾ ਦੀ ਵੀਅਤਨਾਮ `ਤੇ ਜੰਗ ਹਾਲੇ ਵੀ ਜਾਰੀ ਸੀ; ਭਲਾਂ ਏਸ਼ੀਆ ਦੇ ਧੁਰ ਪੂਰਬ ਵਿਚ ਵਸੇ ਵੀਅਤਨਾਮ ਦੀ ਅਮਰੀਕਾ ਨੂੰ ਕੀ ਤਕਲੀਫ਼ ਸੀ? ਬਹੁਤਾ ਸਮਾਂ ਨਹੀਂ ਹੋਇਆ ਜੋ ਕੁੱਝ ਅਫ਼ਗਾਨਿਸਤਾਨ ਅਤੇ ਇਰਾਕ ਵਿਚ ਵਾਪਰਿਆ। ਕਦੀ ਹਿਊਮਨ ਰਾਈਟਸ ਦੇ ਨਾਮ ‘ਤੇ ਜਾਂ ਪ੍ਰਮਾਣੂ ਹਥਿਆਰਾਂ ਦੇ ਬਹਾਨੇ ਨਾਲ ਅਫ਼ਗਾਨਿਸਤਾਨ ਅਤੇ ਇਰਾਕ ਦਾ ਕਿਵੇਂ ਢਾਉ-ਵਾੜਾ ਕੀਤਾ ਗਿਆ ਸਭ ਜਾਣਦੇ ਹਨ। ਵੈਨਜ਼ੁਏਲਾ ਦੇ ਰਾਸ਼ਟਰਪਤੀ ਅਤੇ ਉਸ ਦੀ ਪਤਨੀ ਨੂੰ ਰਾਤੋ-ਰਾਤ ਚੱਕ ਲਿਆ ਗਿਆ। ਅਮਰੀਕਾ ਨੂੰ ਕਿਸੇ ਦੂਸਰੇ ਦੇ ਘਰ ਜਾ ਕੇ ਦਖਲ-ਅੰਦਾਜ਼ੀ ਕਰਨ ਦਾ ਹੱਕ ਕਿਹੜੇ ਹਿਊਮਨ ਰਾਈਟਸ ਦੇ ਅਧੀਨ ਦਿੱਤਾ ਗਿਆ ਹੈ? ਕਿਸੇ ਦਾ ਰਾਸ਼ਟਰਪਤੀ ਜਾਂ ਸਰਕਾਰ ਠੀਕ ਨਹੀਂ, ਇਹ ਉਸ ਮੁਲਕ ਦਾ ਅੰਦਰੂਨੀ ਮਸਲਾ ਹੁੰਦਾ ਹੈ ਜੋ ਉਥੋਂ ਦੇ ਆਵਾਮ ਨੇ ਹੱਲ ਕਰਨਾ ਹੁੰਦਾ ਹੈ; ਦੂਸਰੇ ਲੋਕ ਸੰਕਟ ਸਮੇਂ ਮਨੁੱਖੀ ਹਮਦਰਦੀ ਵਿਚ ਉਨ੍ਹਾਂ ਦੀ ਆਰਥਿਕ ਹਮਾਇਤ ਹੀ ਕਰ ਸਕਦੇ ਹਨ। 1953 ਵਿਚ ਤਾਂ ਈਰਾਨ ਵਿਚ ਲੋਕ ਰਾਜ ਸੀ, ਉਹ ਕਿਸ ਨੇ ਡੇਗਿਆ ਅਤੇ ਰਜ਼ਾ ਸ਼ਾਹ ਦੀ ਤਾਨਾਸ਼ਾਹੀ ਕਾਇਮ ਕੀਤੀ? ਲਿਸਟ ਬੜੀ ਲੰਬੀ ਹੈ ਅਤੇ ਸਾਰੇ ਇਸ ਤੋਂ ਜਾਣੂ ਹਨ ਮੈਂ ਇਸ ਵਿਚ ਨਹੀਂ ਪੈਣਾ। ਇਸਲਾਮਿਕ ਰੈਵੋਲੂਸ਼ਨ ਵਿਚ ਬਹੁਤ ਵੱਡੀਆਂ ਖਾਮੀਆਂ ਹਨ ਅਤੇ ਹੋਣਗੀਆਂ। ਕੱਟੜਤਾ ਭਾਵੇਂ ਧਾਰਮਿਕ ਹੋਵੇ ਅਤੇ ਭਾਵੇਂ ਕਮਿਊਨਿਸਟ ਵਿਚਾਰਧਾਰਾ ਦੀ ਉਹ ਕਦੀ ਵੀ ਸੁਖਾਵੀਂ ਨਹੀਂ ਹੋ ਸਕਦੀ। ਸਟਾਲਿਨ ਦੇ ਵਾਰੇ-ਪਹਿਰੇ ਵਿਚ ਵੀ ਆਮ ਲੋਕਾਂ ਦੇ ਨਾਲ-ਨਾਲ ਵਿਰੋਧ ਦੇ ਸ਼ੱਕ ਵਿਚ ਬੁੱਧੀਜੀਵੀਆਂ, ਲੇਖਕਾਂ ਅਤੇ ਰਾਜਨੀਤਕ ਵਿਰੋਧੀਆਂ ਨੂੰ ਤਸ਼ੱਦਦ ਦਾ ਸ਼ਿਕਾਰ ਵੀ ਹੋਣਾ ਪਿਆ ਅਤੇ ਮਰਨਾ ਵੀ ਪਿਆ। ਮੈਂ ਕਿਸੇ ਵੀ ਕਿਸਮ ਦੀ ਕੱਟੜਤਾ ਦੇ ਹੱਕ ਵਿਚ ਨਹੀਂ ਹਾਂ, ਧਾਰਮਿਕ ਕੱਟੜਤਾ ਦੇ ਤਾਂ ਬਿਲਕੁਲ ਹੀ ਨਹੀਂ ਕਿਉਂਕਿ ਗੁਰਬਾਣੀ ਤਾਂ ਮਨੁੱਖ ਦੇ ਹਿਰਦੇ ਨੂੰ, ਨਜ਼ਰੀਏ ਨੂੰ ਵਿਸ਼ਾਲ ਬਣਾਉਂਦੀ ਹੈ। ਗੁਰਬਾਣੀ ਅਨੁਸਾਰ ਤਾਂ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ’ ਅਤੇ ‘ਰੋਸੁ ਨ ਕੀਜੈ ਉਤਰੁ ਦੀਜੈ’ ਦੀ ਸਿੱਖਿਆ ਦਿੱਤੀ ਗਈ ਹੈ; ਸੰਵਾਦ ਰਚਾਉਣ ਅਤੇ ਮਿਲ ਬੈਠਣ ਨਾਲ ਮਸਲੇ ਹੱਲ ਹੁੰਦੇ ਹਨ। ਈਰਾਨ ਜੇ ਇਸਲਾਮਕ ਕੱਟੜਵਾਦ ਦਾ ਸ਼ਿਕਾਰ ਹੈ ਤਾਂ ਇਹ ਅਮਰੀਕਾ ਦੀ ਸਮੱਸਿਆ ਨਹੀਂ ਹੈ, ਇਹ ਈਰਾਨ ਦੇ ਲੋਕਾਂ ਦੀ ਸਮੱਸਿਆ ਹੈ ਅਤੇ ਇਸ ਦਾ ਹੱਲ ਵੀ ਜਦੋਂ ਨਿਕਲਣਾ ਹੈ, ਉਥੋਂ ਦੀ ਪਰਜਾ ਨੇ ਕੱਢਣਾ ਹੈ; ਅਮਰੀਕਾ ਜਾਂ ਇਜ਼ਰਾਈਲ ਨੇ ਨਹੀਂ।
ਈਰਾਨ ਬਾਰੇ ਜਿੰਨਾ ਕੁ ਮੇਰਾ ਸੀਮਤ ਜਿਹਾ ਗਿਆਨ ਹੈ ਉਸ ਅਨੁਸਾਰ ਰਜ਼ਾਸ਼ਾਹ (ਰੇਜ਼ਾਸ਼ਾਹ) ਦੀ ਹਕੂਮਤ ਸਮੇਂ ਉਥੋਂ ਦੀ ਨੌਜੁਆਨ ਪੀੜ੍ਹੀ ਅਯਾਸ਼ੀ ਅਤੇ ਨਸ਼ਿਆਂ ਦੀ ਸ਼ਿਕਾਰ ਹੋ ਗਈ ਸੀ, ਇਥੋਂ ਤੱਕ ਕਿ ਲੜਕੀਆਂ ਵੀ ਨਸ਼ੇ ਕਰਨ ਲੱਗ ਪਈਆਂ ਸੀ। ਕੁੜੀਆਂ ਦੀ ਸਿੱਖਿਆ 27% ਸ਼ਰਤ ਸੀ। ਮੈਨੂੰ ਇਸ ਗੱਲ ਨੇ ਪ੍ਰਭਾਵਿਤ ਕੀਤਾ ਕਿ ਅੱਜ ਉਥੇ ਲੜਕੀਆਂ ਦਾ ਲਿਟਰੇਸੀ ਰੇਟ 99% ਤੱਕ ਹੋ ਗਿਆ ਹੈ ਅਤੇ ਇਸਲਾਮਿਕ ਰੈਵੋਲੂਸ਼ਨ ਉਪਰੰਤ ਉਨ੍ਹਾਂ ਨੇ ਪਿੰਡਾਂ ਵਿਚ ਵੀ ਸਿੱਖਿਆ ਦੇ ਪੁਖਤਾ ਪ੍ਰਬੰਧ ਕੀਤੇ। ਅੱਜ ਈਰਾਨੀ ਕੁੜੀਆਂ ਡਾਕਟਰ, ਇੰਜਨੀਅਰ, ਵਕੀਲ, ਪ੍ਰੋਫੈਸਰ ਤੱਕ ਹਨ। ਹਰਜੀਤ ਦਿਉਲ ਨੇ ਜਿਨ੍ਹਾਂ ਬੀਬੀਆਂ ਦੀ ਗੱਲ ਕੀਤੀ ਹੈ ਉਹ ਵੀ ਵਿੱਦਿਆ ਕਾਰਨ ਹੀ ਆਪਣੇ ਲੋਕਾਂ ਲਈ ਆਵਾਜ਼ ਉਠਾ ਸਕੀਆਂ ਹਨ ਅਤੇ ਨੋਬੇਲ ਪੁਰਸਕਾਰ ਦੀਆਂ ਹੱਕਦਾਰ ਬਣੀਆਂ ਹਨ। ਈਰਾਨ ਬਾਰੇ ਸੋਸ਼ਲ ਮੀਡੀਆ ‘ਤੇ ਅਨੇਕਾਂ ਵੀਡੀਓਜ਼ ਮਿਲ ਜਾਂਦੀਆਂ ਹਨ ਜੋ ਕਿਸੇ ਈਰਾਨੀ ਨੇ ਨਹੀਂ ਬਲਕਿ ਗੋਰੇ, ਭਾਰਤੀ ਜਾਂ ਪਾਕਿਸਤਾਨੀ ਯਾਤਰੀਆਂ ਵੱਲੋਂ ਪਾਈਆਂ ਮਿਲਦੀਆਂ ਹਨ; ਜਿਨ੍ਹਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਈਰਾਨੀ ਔਰਤਾਂ ਦੁਕਾਨਾਂ ਕਰਦੀਆਂ ਹਨ, ਖੁੱਲ੍ਹੀਆਂ ਮੰਡੀਆਂ ਵਿਚ ਸਮਾਨ ਵੇਚਣ ਲਈ ਆਪਣੇ ਸਟਾਲ ਲਾਉਂਦੀਆਂ ਹਨ, ਪਬਲਿਕ ਟਰਾਂਸਪੋਰਟ ਵਿਚ ਆਮ ਬੇਝਿਜਕ ਸਫ਼ਰ ਕਰਦੀਆਂ ਹਨ। ਜਦੋਂ ਜਦੋਂ ਵੀ ਕਦੀ ਰੋਸ ਕਰ ਰਹੀ ਜਨਤਾ ਨਾਲ ਧੱਕਾ ਹੋਇਆ ਹੈ, ਇਸ ‘ਤੇ ਗੱਲਬਾਤ ਕਰਦੀ ਰਹੀ ਹਾਂ। ਜਨਵਰੀ ਵਿਚਲੀਆਂ ਘਟਨਾਵਾਂ ‘ਤੇ ਵੀ ਕੀਤੀ ਸੀ। ਹਿਜਾਬ ਕਰਕੇ ਜਿਸ ਬੀਬੀ ਨੂੰ ਜਾਨ ਦੇਣੀ ਪਈ ਮੈਂ ਹਰਜੀਤ ਗਿੱਲ ਨਾਲ ਟੀ ਵੀ ਸ਼ੋਅ ਵਿਚ ਗੱਲ ਕੀਤੀ ਹੈ। ਈਰਾਨ ਦੀਆਂ ਜੇਲ੍ਹਾਂ ਵਿਚ ਕੀ ਹੁੰਦਾ ਹੈ? ਇਸ ‘ਤੇ ਮੈਂ ਕਈ ਸਾਲ ਪਹਿਲਾਂ ਰੋਕਸਾਨਾ ਸਾਬਰੀ ਦੀ ਲਿਖੀ ਪੁਸਤਕ ‘ਬਿਟਵੀਨ ਟੂ ਵਰਲਡਜ਼: ਮਾਈ ਲਾਈਫ ਐਂਡ ਕੈਪਟਿਵਿਟੀ ਇਨ ਈਰਾਨ’ ਪੜ੍ਹੀ ਸੀ ਜਿਸ ਨੂੰ ਪੜ੍ਹ ਕੇ ਮੈਂ ਅੰਦਰੋਂ ਹਿੱਲ ਗਈ ਸੀ। ਰੋਕਸਾਨਾ ਸਾਬਰੀ ਅਮਰੀਕਾ ਦੇ ਨਿਊ ਜਰਸੀ ਦੀ ਜੰਮਪਲ ਹੈ ਜਿਸ ਦਾ ਬਾਪ ਰਜ਼ਾ (ਰੇਜ਼ਾ) ਸਾਬਰੀ ਈਰਾਨੀ ਮੂਲ ਦਾ ਅਮਰੀਕਨ ਹੈ ਅਤੇ ਮਾਂ ਅਕੀਕੋ ਸਾਬਰੀ ਜਪਾਨੀ ਮੂਲ ਦੀ ਇਮੀਗਰਾਂਟ ਹੈ। ਰੋਕਸਾਨਾ ਸਾਬਰੀ ਪੱਤਰਕਾਰ ਦੇ ਤੌਰ ‘ਤੇ ਕੰਮ ਕਰਦੀ ਸੀ ਅਤੇ ਆਪਣੇ ਪਿਤਾ ਦੀ ਜਨਮਭੂਮੀ ਦੇਖਣ ਈਰਾਨ ਆਈ ਸੀ। ਉਸ ਨੂੰ ਜਾਸੂਸੀ ਦੇ ਇਲਜ਼ਾਮਾਂ ਤਹਿਤ ਈਰਾਨ ਦੀ ਏਵਨ ਜੇਲ੍ਹ ਵਿਚ 2009 ਵਿਚ 101 ਦਿਨ ਰਹਿਣਾ ਪਿਆ ਸੀ। ਮੈਂ ਸੀਰੀਆ ਦੀ ਜੰਮਪਲ, ਪੇਸ਼ੇ ਵਜੋਂ ਡਾਕਟਰ ਵਫ਼ਾ ਸੁਲਤਾਨ ਦੀ ਸੀਰੀਆ ਦੇ ਵਿਗੜੇ ਹਾਲਾਤਾਂ ਅਤੇ ਧਾਰਮਿਕ ਕੱਟੜਤਾ, ਇਸਤ੍ਰੀਆਂ ਪ੍ਰਤੀ ਰਵੱਈਏ ਬਾਰੇ ਕਿਤਾਬ ‘ਗੌਡ ਦੈਟ ਹੇਟਸ’ ਵੀ ਪੜ੍ਹੀ ਹੈ।
ਗੁਰੂ ਦੀ ਸਿੱਖਿਆ ‘ਤੇ ਚੱਲਦਿਆਂ, ਜਿਥੇ ਵੀ ਕਿਧਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਮੈਂ ਵਸ ਲਗਦਿਆਂ ਉਸ ‘ਤੇ ਧਿਆਨ ਜ਼ਰੂਰ ਦਿੰਦੀ ਹਾਂ। ਬਲੋਚਿਸਤਾਨ ਦੀ ਸਮੱਸਿਆ ਅਤੇ ਵਿਦਿਆਰਥੀ ਕਾਰਕੁਨ ਕਰੀਮਾ ਬਲੋਚ ‘ਤੇ ਮੇਰੇ ਲੇਖ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਪੜ੍ਹੇ ਹੋਣਗੇ। ਈਰਾਨ ਵਿਚ ਜਾਂ ਕਿਧਰੇ ਵੀ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ‘ਤੇ ਡਾਂਗਾਂ ਜਾਂ ਗੋਲੀਆਂ ਵਰਾਈਆਂ ਜਾਂਦੀਆਂ ਹਨ, ਉਸ ਦੀ ਨਿੰਦਾ ਕਰਨੀ ਬਣਦੀ ਹੈ, ਉਹ ਕਿਸੇ ਤਰ੍ਹਾਂ ਵੀ ਮੁਆਫ ਕਰਨਯੋਗ ਨਹੀਂ ਹੈ। ਰੋਸ-ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਇਹ ਵਤੀਰਾ ਵੱਡੀਆਂ ਧਰਮ-ਨਿਰਪੱਖ (ਸੈਕੂਲਰ) ਅਤੇ ਲੋਕਰਾਜ (ਡੈਮੋਕਰੇਸੀ) ਦੀਆਂ ਡੀਂਗਾਂ ਮਾਰਨ ਵਾਲੀਆਂ ਸਰਕਾਰਾਂ ਵੀ ਕਰਦੀਆਂ ਹਨ। ਅਮਰੀਕਾ ਵਿਚ ਪਿੱਛੇ ਜਿਹੇ ਮਿਨੀਐਪੋਲਿਸ ਅਤੇ ਹੋਰ ਸ਼ਹਿਰਾਂ ਵਿਚ ਰੋਸ ਪਰਗਟ ਕਰ ਰਹੀ ਜਨਤਾ ਨਾਲ ਇਹੋ ਕੁੱਝ ਵਾਪਰਦਾ ਸਭ ਨੇ ਦੇਖਿਆ ਹੈ। ਤਿੰਨ ਬੱਚਿਆਂ ਦੀ ਮਾਂ ਨੂੰ ਪੁਲਿਸ ਨੇ ਗੋਲੀਆਂ ਨਾਲ ਭੁੰਨ ਦਿੱਤਾ। ਪਿਛਲੇ ਸਾਲ ਫਰਵਰੀ ਮਹੀਨੇ ਮੈਂ ਪੰਜਾਬ ਗਈ ਸੀ, ਅਮਰੀਕਾ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਹੱਥਕੜੀਆਂ ਅਤੇ ਬੇੜੀਆਂ ਲਾ ਕੇ ਲੋਕਾਂ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਉਤਾਰਿਆ ਗਿਆ ਦੇਖ ਕੇ ਮਨ ਲਾਹਣਤਾਂ ਪਾਉਂਦਾ ਸੀ, ਭਾਰਤੀ ਸਰਕਾਰ ਨੇ ਇਸ ‘ਤੇ ਆਪਣਾ ਕੋਈ ਰੀਐਕਸ਼ਨ ਦਰਜ ਨਹੀਂ ਕਰਵਾਇਆ। ਲੋਕਾਂ ਨਾਲ ਪਸ਼ੂਆਂ ਵਾਲਾ ਵਰਤਾਉ ਕੀਤਾ ਗਿਆ। ਕੀ ਉਨ੍ਹਾਂ ਉਡਦੇ ਜਹਾਜ਼ ਵਿਚੋਂ ਦੌੜ ਜਾਣਾ ਸੀ? ‘ਬਲੈਕ ਲਾਈਵਜ਼ ਮੈਟਰ’ ਦੇ ਪ੍ਰਦਰਸ਼ਨਕਾਰੀਆਂ ਨਾਲ ਜੋ ਕੁੱਝ ਵਾਪਰਿਐ ਉਹ ਵੀ ਦੇਖਿਆ ਹੈ। ਅਮਰੀਕਾ ਸੋ ਕਾਲਡ ਡੈਮੋਕਰੈਟਿਕ ਅਤੇ ਹਿਊਮਨ ਰਾਈਟਸ ਦਾ ਮੁਦਈ ਸੈਕੂਲੇਰਿਜ਼ਮ ਦੀ ਆੜ ਹੇਠਾਂ ਮੁਸਲਮਾਨਾਂ ਪ੍ਰਤੀ ਬੇਹੱਦ ਨਫ਼ਰਤ ਦਾ ਪ੍ਰਚਾਰ ਕਰਦਾ ਹੈ। 2003 ਦੀ ਗੱਲ ਹੈ ਮੈਂ ਭਾਰਤ, ਦਿੱਲੀਓਂ ਐਸਪੇਨੋਲਾ, ਨਿਊ ਮੈਕਸੀਕੋ ਜਾਣਾ ਸੀ। ਅਮਰੀਕਾ ਵੱਲੋਂ ਐਮਸਟਰਡਮ ਏਅਰਪੋਰਟ ‘ਤੇ ਹੀ ਇੰਮੀਗਰੇਸ਼ਨ ਚੈੱਕ ਕੀਤੀ ਜਾ ਰਹੀ ਸੀ। ਮੇਰੇ ਕੋਲੋਂ ਅਮਰੀਕਾ ਜਾਣ ਦਾ ਮਕਸਦ ਅਤੇ ਕੀ ਕੀ ਸਮਾਨ ਹੈ ਸਿਰਫ਼ ਇਹੀ ਪੁੱਛਿਆ ਗਿਆ, ਕੋਈ ਫੋਲਾ-ਫਾਲੀ ਨਹੀਂ ਕੀਤੀ ਅਤੇ ਉਸ ‘ਤੇ ਵੀ ਅਫ਼ਸਰ ਨੇ ‘ਸੌਰੀ’ ਕਿਹਾ; ਪ੍ਰੰਤੂ ਮੇਰੇ ਅੱਗੇ ਜੋ ਮੁਸਲਮਾਨ ਬੰਦਾ ਸੀ ਉਸ ਦੇ ਹੈਂਡ ਬੈਗ ਦੀ ਲੀਰ-ਲੀਰ ਫੋਲੀ ਗਈ। ਭਾਰਤ ਜਿਸ ਨੂੰ ਦੁਨੀਆਂ ਦੀ ‘ਲਾਰਜੈਸਟ ਡੈਮੋਕਰੇਸੀ’ ਕਿਹਾ ਜਾਂਦਾ ਹੈ ਅਤੇ ਜਿਸ ਦੇ ਸੰਵਿਧਾਨ ਨੂੰ ਸੈਕੂਲਰ ਹੋਣ ਦਾ ਮਾਣ ਪ੍ਰਾਪਤ ਹੈ, ਉਥੇ ਵੀ ਰੋਸ ਦਿਖਾਵਾ ਕਰ ਰਹੇ ਵਿਦਿਆਰਥੀਆਂ, ਕਰਮਚਾਰੀਆਂ ਅਤੇ ਕਿਸਾਨਾਂ ‘ਤੇ ਲਾਠੀਚਾਰਜ, ਤਸ਼ੱਦਦ ਅਤੇ ਝੂਠੇ ਪਰਚੇ ਕਰਾਏ ਜਾਂਦੇ ਹਨ, ਬਿਨਾ ਮੁਕੱਦਮਾ ਚਲਾਇਆਂ ਜੇਲ੍ਹਾਂ ਵਿਚ ਸੁੱਟਿਆ ਜਾਂਦਾ ਹੈ; ਆਦਿਵਾਸੀਆਂ ਲਈ ਜੂਝ ਰਹੇ ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਸਮਾਜਸੇਵੀ ਕਾਰਕੁਨਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਲੋਕਾਂ ‘ਤੇ ਤਸ਼ੱਦਦ ਕਿਧਰੇ ਵੀ ਹੋਵੇ ਉਹ ਮੁਆਫੀ ਯੋਗ ਨਹੀਂ।
ਪੰਡਤ ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ਸਮੇਂ ਮੈਂ ਸਕੂਲ ਦੀ ਵਿਦਿਆਰਥਣ ਸੀ; ਮੇਰੇ ਵਰਗੇ ਆਜ਼ਾਦੀ ਵੇਲੇ ਜੰਮਿਆਂ ਦਾ ਜਵਾਹਰ ਲਾਲ ਨਹਿਰੂ ਇੱਕ ਆਈਡੀਅਲ ਸੀ ਜੋ ਅਜਿਹੇ ਗੀਤ ਸਕੂਲਾਂ ਦੀਆਂ ਸਟੇਜਾਂ `ਤੇ ਆਮ ਸੁਣਦੇ ਸੀ ‘ਨਹਿਰੂ ਜੀ ਦਾ ਵੇਲਣਾ ਰੂੰ ਵੇਲੇ ਕਰੇ ਤਰੱਕੀ।’ ਪੰਡਤ ਨਹਿਰੂ ਨੇ ਆਜ਼ਾਦ ਭਾਰਤ ਦੀ ਨਵ-ਉਸਾਰੀ ਲਈ ਹਰ ਤਰ੍ਹਾਂ ਦਾ ਇਨਫਰਾਸਟਰੱਕਚਰ ਖੜ੍ਹਾ ਕੀਤਾ– ਵਿਦਿਅਕ ਸੰਸਥਾਵਾਂ ਜਿਵੇਂ ਯੂਨੀਵਰਸਿਟੀਆਂ, ਟੈਕਨੀਕਲ ਅਤੇ ਮੈਡੀਕਲ ਇੰਸਟੀਚਿਊਟਸ, ਇੰਡਸਟਰੀ, ਡੈਮਜ਼ ਆਦਿ ਬਣਾਏ ਜੋ ਨਿਕੰਮੀ ਸਰਕਾਰ ਨੇ ਵੇਚ ਦਿੱਤੀਆਂ। ਡਾਕਟਰ ਮਨਮੋਹਣ ਸਿੰਘ ਨੇ ਭਾਰਤ ਦੀ ਡੁੱਬ ਚੁੱਕੀ ਅਰਥ-ਵਿਵਸਥਾ ਨੂੰ ਮੁੜ ਪੈਰਾਂ ਸਿਰ ਕੀਤਾ ਅਤੇ ਅਮਰੀਕਾ ਨਾਲ ਆਪਣੀਆਂ ਸ਼ਰਤਾਂ ‘ਤੇ ਸਮਝੌਤੇ ਕੀਤੇ। ਉਨ੍ਹਾਂ ਨੇ ਪੰਜਾਬ ਦੀ ਤਰੱਕੀ ਲਈ ਜੋ ਵੀ ਪੈਸਾ ਦਿੱਤਾ ਨਿਕੰਮੀ ਅਕਾਲੀ ਸਰਕਾਰ ਨੇ ਉਹ ਪੰਜਾਬ ਦੀ ਭਲਾਈ ਦੀ ਥਾਂ ਕਿਧਰੇ ਹੋਰ ਖਰਚ ਕਰ ਦਿੱਤਾ। ਡਾਕਟਰ ਅਬਦੁਲ ਕਲਾਮ ਬਹੁਤ ਹੀ ਸਤਿਕਾਰ ਯੋਗ ਹਸਤੀ, ਸਾਇੰਸਦਾਨ ਅਤੇ ਰਾਹ-ਦਰਸਾਵਾ ਸਨ। ਇਨ੍ਹਾਂ ਸ਼ਖਸੀਅਤਾਂ ਪ੍ਰਤੀ ਮੇਰੇ ਮਨ ਵਿਚ ਬਹੁਤ ਹੀ ਸਤਿਕਾਰ ਹੈ। ਇਸ ਵੇਲੇ ਮਸਲਾ ਈਰਾਨ ਦੀ ਹੋਂਦ ਦਾ ਹੈ, ਜਿਸ ਲਈ ਸਾਰੇ ਈਰਾਨੀ, ਉਹ ਵੀ ਜੋ ਰੋਸ ਦਿਖਾਵੇ ਕਰਦੇ ਰਹੇ ਹਨ, ਇੱਕਜੁੱਟ ਹਨ। ਈਰਾਨ ਨੇ ਸੋਚਿਆ ਹੋ ਸਕਦਾ ਹੈ ਇਜ਼ਰਾਈਲ ਦੀ ਹੋਂਦ ਨੂੰ ਮਿਟਾਉਣ ਬਾਰੇ ਪ੍ਰੰਤੂ ਈਰਾਨ ਨੇ ਕਦੀ ਵੀ ਇਜ਼ਰਾਈਲ `ਤੇ ਪਹਿਲਾਂ ਹਮਲਾ ਨਹੀਂ ਕੀਤਾ। ਇਸ ਦੇ ਉਲਟ ਹਮਲਾਵਰ ਇਜ਼ਰਾਈਲ ਦਾ ਸੁਪਰੀਮੋ ਫ਼ਲਸਤੀਨ ਦੇ ਨਾਲ-ਨਾਲ ਅਰਬ ਮੁਲਕਾਂ `ਤੇ ਵੀ ਕਬਜ਼ਾ ਕਰਨਾ, ਉਨ੍ਹਾਂ ਦੀ ਹੋਂਦ ਹੀ ਖਤਮ ਕਰਨੀ ਚਾਹੁੰਦਾ ਹੈ।
ਪੰਜਾਬ ਕਰਜ਼ੇ ਦੀ ਮਾਰ ਹੇਠਾਂ ਗਲ-ਗਲ ਧਸਿਆ ਪਿਆ ਹੈ, ਬੇਰੁਜ਼ਗਾਰੀ ਹੱਦਾਂ ਟੱਪ ਗਈ ਹੈ, ਨਸ਼ਿਆਂ ਅਤੇ ਗੈਂਗ ਕਲਚਰ ਨੇ ਪੰਜਾਬ ਨੂੰ ਪਤਾਲ ਵਿਚ ਧੱਕ ਦਿੱਤਾ ਹੈ। ਸਰਕਾਰੀ ਸੰਸਥਾਵਾਂ, ਸਿਹਤ, ਵਿੱਦਿਆ ਸਭ ਮੂਧੇ ਮੂੰਹ ਹਨ। ਪੰਜਾਬ ਨੂੰ ਬਿਲਕੁਲ ਅਲੀ ਲਾਰੀਜਾਨੀ ਵਰਗਾ ਦ੍ਰਿੜ ਇਰਾਦੇ ਵਾਲਾ ਨੇਤਾ ਚਾਹੀਦਾ ਹੈ ਜੋ ਉਸ ਦੀ ਪਤਨੀ ਮੁਤਾਬਕ ਬਹੁਤ ਹੀ ਹਲੀਮ ਸ਼ਖਸ, ਮੁਲਕ ਪ੍ਰਤੀ ਸੁਹਿਰਦ, ਈਮਾਨਦਾਰ ਅਤੇ ਸਰਕਾਰੀ ਪੈਸਾ ਨਾ ਖਾਣ ਵਾਲਾ ਸੀ; ਅਜਿਹਾ ਨੇਤਾ ਜੋ ਸਖ਼ਤ ਮਿਜਾਜ਼ ਬੇਸ਼ੱਕ ਹੋਵੇ ਪਰ ਸਿਰਫ਼ ਪੰਜਾਬ ਬਾਰੇ ਸੋਚੇ ਜਿਵੇਂ ਅਲੀ ਲਾਰੀਜਾਨੀ ਈਰਾਨ ਬਾਰੇ ਸੋਚਦਾ ਸੀ ਅਤੇ ਜਿਸ ਦੇ ਗੁਣਾਂ ਦਾ ਗਾਇਨ ਜੋਇ ਕੈਂਟ ਵਾਂਗ ਦੁਸ਼ਮਣ ਖੇਮੇ ਵਿਚ ਬੈਠੇ ਬਦੇਸ਼ੀ ਵੀ ਕਰਨ। ਅਮਰੀਕਾ ਨੇ ਅਲੀ ਲਾਰੀਜਾਨੀ ਦੀ ਡਾਕਟਰ ਧੀ ਨੂੰ ਤਾਂ ਬਰਖ਼ਾਸਤ ਕਰ ਦਿੱਤਾ ਪ੍ਰੰਤੂ ਨੇਤਨਯਾਹੂ ਨੂੰ ਮਨੁੱਖੀ ਘਾਣ ਬਦਲੇ ਕੋਈ ਸਜ਼ਾ ਦੇਣ ਦੀ ਥਾਂ ਉਸ ਦੀ ਲਗਾਤਾਰ ਹਥਿਆਰਾਂ ਸਮੇਤ ਕਿਉਂ ਮਦਦ ਕੀਤੀ ਜਾ ਰਹੀ ਹੈ? ਕੋਈ ਜੋ ਵੀ ਲਿਖਦਾ ਹੈ ਉਸ ਦਾ ਜਵਾਬ ਵੀ ਉਸੇ ਨੂੰ ਦੇਣਾ ਬਣਦਾ ਹੈ; ਪ੍ਰੰਤੂ ਜਿੰਨਾ ਕੁ ਮੈਂ ਬੂਟਾ ਸਿੰਘ ਮਹਿਮੂਦਪੁਰ ਨੂੰ ਪੜ੍ਹਿਆ ਹੈ, ਮੈਨੂੰ ਜਾਪਦਾ ਹੈ ਕਿ ਜਿੰਨਾ ਉਸ ਨੇ ‘ਅੰਦਰੂਨੀ ਸੰਗਤਿ’ ਲਈ ਅਰਥਾਤ ਬਸਤਰ ਅਤੇ ਹੋਰ ਇਲਾਕਿਆਂ ਦੇ ਆਦਿਵਾਸੀਆਂ `ਤੇ ਹੋ ਰਹੇ ਜੁLਲਮ, ਕਸ਼ਮੀਰੀਆਂ ਨਾਲ ਹੋ ਰਹੇ ਧੱਕੇ ਜਾਂ ਤਸ਼ਦੱਦ ਦਾ ਸ਼ਿਕਾਰ ਹੋ ਰਹੇ ਭਾਰਤੀਆਂ ਦੇ ਹੱਕ ਵਿਚ ਲਿਖਿਆ ਹੈ ਉਹ ਸ਼ਾਇਦ ਹੀ ਕਿਸੇ ਹੋਰ ਨੇ ਲਿਖਿਆ ਹੋਵੇ। ਅਜਮੇਰ ਸਿੰਘ ਨੂੰ ਬਹੁਤ ਨੇੜਿਓਂ ਜਾਣਦੀ ਹੋਣ `ਤੇ ਵੀ ਮੈਂ ਉਸ ਦੀ ਵਿਚਾਰਧਾਰਾ ਨਾਲ ਬਿਲਕੁਲ ਸਹਿਮਤ ਨਹੀਂ ਹਾਂ, ਪ੍ਰੰਤੂ ਕੀ ਜਜ਼ਬੇ ਤੋਂ ਬਿਨਾਂ ਲੜਿਆ ਜਾ ਸਕਦਾ ਹੈ? ਅੱਜ ਈਰਾਨ ਦੇ ਲੋਕ ਇਕਜੁੱਟ ਹੋ ਕੇ ਲੜ ਰਹੇ ਹਨ ਇਹ ਜਜ਼ਬਾ ਹੀ ਤਾਂ ਹੈ। ਹਰ ਇੱਕ ਦੀ ਆਪੋ-ਆਪਣੀ ਸੋਚ ਹੈ ਪ੍ਰੰਤੂ ਹਰ ਬੰਦੇ ਨੂੰ ਪਹਿਲਾਂ ਆਪਣੇ ਈਥੋਸ, ਆਪਣੇ ਪਿਛੋਕੜ, ਆਪਣੇ ਇਤਿਹਾਸ ਅਤੇ ਸਭਿਆਚਾਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ।