ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਲੇਖਕ ਸਭਾ ਵਲੋਂ 1980 ਵਿਚ ਬਲਰਾਜ ਸਾਹਨੀ ਸਨਮਾਨ ਪ੍ਰਾਪਤ ਕਰਨ ਵਾਲੇ ਚਾਚਾ ਚੰਡੀਗੜ੍ਹੀਆ ਵਲੋਂ ਜਾਣੇ ਜਾਂਦੇ ਗੁਰਨਾਮ ਸਿੰਘ ਤੀਰ ਨੂੰ ਮੈਂ 1953 ਤੋਂ ਜਾਣਦਾ ਸਾਂ| ਉਦੋਂ ਉਸ ਨੂੰ ਪ੍ਰਾਤਪ ਸਿੰਘ ਕੈਰੋਂ ਨੇ ਪੰਜਾਬ ਦਾ ਮੁਖ ਮੰਤਰੀ ਹੁੰਦਿਆਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਲੋਕ ਸੰਪਰਕ ਅਧਿਕਾਰੀ ਨਿਯੁਕਤ ਕਰਕੇ ਭੇਜਿਆ ਸੀ|
ਉਸਦੀ ਰਿਹਾਇਸ਼ ਇੰਡੀਆ ਗੇਟ ਦੇ ਨੇੜੇ ਪੈਂਦੀ ਸਰਕਾਰੀ ਕਾਲੋਨੀ ਪੰਡਾਰਾ ਰੋਡ ਸੀ ਜਿੱਥੇ ਮੇਰੀ ਜੀਵਨ ਸਾਥਣ ਦੀ ਠਾਹਰ ਵੀ ਸੀ| ਉਹ ਦਿਨ ਤੇ ਅਹਿ ਦਿਨ ਅਸੀਂ ਇਕ ਦੂਜੇ ਦੇ ਪਰਿਵਾਰਕ ਮੈਂਬਰ ਚਲੇ ਆ ਰਹੇ ਹਾਂ| ਜੇ ਸੱਚ ਪੁੱਛੋ ਤਾਂ ਜਦੋਂ ਮੈਂ ਦਿੱਲੀ ਦੀ ਸਰਕਾਰੀ ਨੌਕਰੀ ਤੋਂ ਨੌਂ ਸਾਲ ਪਹਿਲਾ ਵਿਹਲਾ ਹੋ ਕੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਸੰਭਾਲੀ ਤਾਂ ਮੇਰਾ ਚੰਡੀਗੜ੍ਹ ਵਿਚ ਸਵਾਗਤ ਕਰਨ ਵਾਲਾ ਤੀਰ ਵੀ ਸੀ| ਉਸਨੇ 1924 ਤੋਂ 2017 ਦੇ 70 ਸਾਲਾ ਜੀਵਨ ਵਿਚ ਵੱਡਮੁਲੀਆਂ ਹਾਸ-ਵਿਅੰਗ ਪੁਸਤਕਾਂ ਲਿਖੀਆਂ। ਉਸਦਾ ‘ਚਾਚਾ ਚੰਡੀਗੜ੍ਹੀਆ’ ਸਿਰਲੇਖ ਵਾਲਾ ਕਾਲਮ ਅੱਜ ਵੀ ਸ਼ੌਕ ਨਾਲ ਪੜ੍ਹਿਆ ਜਾਂਦਾ ਹੈ|
ਗੁਰਨਾਮ ਸਿੰਘ ਤੀਰ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੋਟ ਸੁਖੀਆ ਦਾ ਜੰਮਪਲ ਸੀ| ਉਸ ਦੇ ਤੀਰਾਂ ਵਿਚ ਮਿੱਠੀਆਂ ਚੋਭਾਂ ਹੁੰਦੀਆਂ ਸਨ| ‘ਪਤਨੀਆਂ’ ਨਾਂ ਦੀ ਪੁਸਤਕ ਵਿਚ ਹੇਠ ਲਿਖੀ ਗੱਲ ਲਿਖਣ ਵਾਲਾ ਵੀ ਉਹੀਓ ਸੀ|
‘ਇੱਕ ਵਕੀਲ ਨੇ ਇੱਕ ਦਿਨ ਆਪਣੀ ਪਤਨੀ ਦਾ ਜ਼ਿਕਰ ਕਰਦਿਆਂ ਕਿਹਾ, ਖ਼ੁਦਾ-ਨਾਖ਼ਾਸਤਾ, ਜੇ ਮੇਰੇ ਵਿਰੁੱਧ ਕੋਈ ਮੁਕੱਦਮਾ ਰਜਿਸਟਰ ਹੋ ਜਾਵੇ ਅਤੇ ਮੇਰੀ ਪਤਨੀ ਇਸ ਤਗਾਸੇ ਦੇ ਅਗਵਾਹ ਵਜੋਂ ਪੇਸ਼ ਹੋਵੇ ਤਦ ਉਹ ਮੈਨੂੰ ਅਵੱਸ਼ ਕੈਦ ਕਰਵਾ ਕੇ ਰਹੇਗੀ|’
ਇੱਕ ਪਤਨੀ ਆਪਣੇ ਪਤੀ ਦੇ ਦੋਸਤਾਂ ਨੂੰ ਕਹਿਣ ਲੱਗੀ ਕਿ ਇਨ੍ਹਾਂ ਨੇ ਪੀ.ਐੱਚਡੀ. ਕਰਦਿਆਂ ਨੌਂ ਸਾਲ ਸਾਹਿਤ ਨਾਲ ਮੱਥਾ ਮਾਰਿਆ| ਜੇ ਕਿਧਰੇ ਮੈਂ ਇਨ੍ਹਾਂ `ਤੇ ਪੀ.ਐੱਚਡੀ. ਕਰਨੀ ਹੋਵੇ ਤਦ ਤਿੰਨਾਂ ਮਹੀਨਿਆਂ ਵਿਚ ਇਨ੍ਹਾਂ ਬਾਰੇ ਅਜਿਹੀ ਸੋਹਣੀ ਪੁਸਤਕ ਲਿਖ ਸਕਦੀ ਹਾਂ ਜਿਹੜੀ ਇਹ ਤੀਹ ਸਾਲ ਵਿਚ ਨਹੀਂ ਲਿਖ ਸਕਦੇ|
ਇੱਕ ਸਾਹਿਤਕਾਰ ਮਿੱਤਰ ਨੇ ਕਿਹਾ ਕਿ ਹਰ ਲਿਖਾਰੀ ਦੇ ਘਰ ਦੇ ਜੀਅ ਉਸ ਦੇ ਜੀਵਨ ਅੰਦਰ ਰੁਕਾਵਟ ਵੀ ਹੁੰਦੇ ਹਨ ਅਤੇ ਸਹਾਇਕ ਵੀ| ਇੱਕ ਲੇਖਕ ਨੇ ਇੱਕ ਪੁਸਤਕ ਲਿਖੀ ਅਤੇ ਨਾਲ ਇਹ ਵੀ ਲਿਖਿਆ ਕਿ ‘ਇਸ ਨੂੰ ਪੂਰਿਆਂ ਕਰਨ ਲਈ ਮੇਰੇ ਘਰਦਿਆਂ ਨੇ ਬੜੀ ਮਿਲਵਰਤਨ ਦਿੱਤੀ| ਜੇ ਇਹ ਮਿਲਵਰਤਨ ਨਾ ਦਿੱਤੀ ਗਈ ਹੁੰਦੀ ਤਦ ਮੈਂ ਪੰਜ ਸਾਲ ਦੀ ਥਾਂ, ਇਸ ਪੁਸਤਕ ਨੂੰ ਛੇਆਂ ਮਹੀਨਿਆਂ ਵਿਚ ਲਿਖ ਸਕਦਾ ਸਾਂ|’
ਜ਼ਰੂਰੀ ਨਹੀਂ ਕਿ ਪਤਨੀ ਵਿਦਿਅਕ-ਯੋਗਤਾ ਦੇ ਹਿਸਾਬ ਨਾਲ ਉਨੀ ਹੀ ਵਿਦਵਾਨ ਹੋਵੇ, ਜਿਤਨਾ ਉਸ ਦਾ ਪਤੀ ਹੁੰਦਾ ਹੈ| ਪਰ ਪਤੀ ਲਈ ਉਹ ਇੱਕ ਅਟੁੱਟ ਸ਼ਕਤੀ ਹੈ, ਲਾ-ਬਿਆਨ ਹਸਤੀ ਹੈ ਜੋ ਸਭ ਤੋਂ ਨੇੜਲੀ ਸਾਂਝ ਰੱਖਣ ਵਾਲੀ ਹੁੰਦੀ ਹੈ| ਇਸ ਤੋਂ ਨਾ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਨਾ ਹੀ ਉਸ ਦੇ ਸਾਰੇ ਹੁਕਮ ਖਿੜੇ-ਮੱਥੇ ਮੰਨੇ ਜਾ ਸਕਦੇ ਹਨ|
ਕਈ ਬੰਦੇ ਆਪਣੀਆਂ ਪਤਨੀਆਂ ਕੋਲੋਂ ਏਨੇ ਦੁਖੀ ਹੋ ਜਾਂਦੇ ਹਨ ਕਿ ਉਹ ਜੋਤਸ਼ੀਆਂ ਵੱਲ ਭੱਜਦੇ ਹਨ ਅਤੇ ਜਾ ਕੇ ਪੁੱਛਦੇ ਹਨ ਕਿ ਉਸ ਦੀ ਪਤਨੀ ਤੋਂ ਉਸ ਦਾ ਕਦੋਂ ਖਹਿੜਾ ਛੁੱਟੇਗਾ?
ਇਸ ਪੁਸਤਕ ਦੇ ਕੁਝ ਪਾਤਰਾਂ ਵਿਚੋਂ ਇੱਕ ਪਾਤਰ ਇੱਕ ਜੋਤਸ਼ੀ ਮਿੱਤਰ ਨੂੰ ਮੂੰਹ-ਮੰਗੀ ਦਖਸ਼ਣਾ ਦੇ ਕੇ ਪੁੱਛਦਾ ਹੈ ਕਿ ਮੇਰੀ ਸ਼੍ਰੀਮਤੀ ਜੀ ਕੋਲੋਂ ਮੇਰਾ ਖਹਿੜਾ ਕਦੋਂ ਕੁ ਛੁਟੇਗਾ?
ਜੋਤਸ਼ੀ ਨੇ ਆਪਣੇ ਕਾਗ਼ਜ਼-ਪੱਤਰ ਪੁੱਠੇ-ਸਿੱਧੇ ਕਰਦਿਆਂ ਕਿਹਾ, ‘ਸ਼੍ਰੀ ਮਾਨ ਜੀ, ਮੇਰੇ ਜੋਤਿਸ਼ ਮੁਤਾਬਿਕ, ਤੁਹਾਡੀ ਪਤਨੀ ਤੁਹਾਡੇ ਅਕਾਲ-ਚਲਾਣਾ ਕਰਨ ਤੋਂ ਵੀਹ ਸਾਲ ਬਾਅਦ ਤੱਕ ਤੁਹਾਡੇ ਘਰ ਦੀ ਦੇਖ-ਭਾਲ ਕਰੇਗੀ|’ ਪੁੱਛਣ ਵਾਲਾ ਚੁੱਪ ਕਰ ਕੇ ਬੈਠ ਗਿਆ|
ਪਤੀ ਪਤਨੀ ਦੇ ਘਰੇਲੂ-ਸੰਬੰਧ ਅਜਿਹੇ ਦੋਸਤੀ ਭਰੇ ਹੁੰਦੇ ਹਨ ਕਿ ਜੇ ਸੁਚੱਜੇ ਢੰਗ ਨਾਲ ਬਿਆਨ ਕੀਤੇ ਜਾਣ ਤਦ ਉੱਚ ਦਰਜੇ ਦਾ ਹਾਸ-ਵਿਅੰਗ ਪੈਦਾ ਕਰ ਦਿੰਦੇ ਹਨ|
ਮੇਰੇ ਇੱਕ ਨਾਟਕ ਦੇ ਦੋ ਪਾਤਰਾਂ ਨੇ ਇੱਕ ਵਾਰ ਆਪਣੇ ਸੰਬੰਧਾਂ ਬਾਰੇ ਅਜੀਬ ਕਿਸਮ ਦੀਆਂ ਗੱਲਾਂ ਦੱਸੀਆਂ|
ਇੱਕ ਦਿਨ ਪਤੀ-ਦੇਵ ਕਹਿਣ ਲੱਗਾ ਕਿ ਅੱਜ ਘਰ ਦੇ ਸਾਰੇ ਜੀ ਇਕੱਠੇ ਹੋ ਕੇ ਇੱਕ-ਇੱਕ ਮੰਗ ਲਿਖਣ| ਉਹ ਸਾਰਿਆਂ ਨੂੰ ਪ੍ਰਵਾਨ ਕਰਨੀ ਪਵੇਗੀ ਅਤੇ ਅਜਿਹੀ ਮੰਗ ਸਰਬ-ਸੰਮਤੀ ਨਾਲ ਸਾਰਿਆਂ `ਤੇ ਲਾਗੂ ਹੋਵੇਗੀ|
ਪਤੀ ਨੇ ਇੱਕ ਕਾਗ਼ਜ਼ `ਤੇ ਲਿਖਿਆ ਕਿ ਅੱਜ ਤੋਂ ਬਾਅਦ ਮੇਰੀ ਪਤਨੀ ਦਾ ਮੇਰੇ ਨਾਲ ਕੋਈ ਸੰਬੰਧ ਨਹੀਂ ਹੋਵੇਗਾ| ਉਹ ਆਪਣੇ ਲੀੜੇ-ਲੱਤੇ ਅਤੇ ਗਹਿਣੇ-ਗੱਟੇ ਚੁੱਕ ਕੇ, ਅੱਜ ਹੀ ਇਥੋਂ ਚਲੀ ਜਾਵੇਗੀ| ਫੇਰ ਕਿਸੇ ਅਦਾਲਤ ਰਾਹੀਂ ਵੀ ਵਾਪਿਸ ਆਉਣ ਦਾ ਮੌਕਾ ਨਹੀਂ ਦੇਵੇਗੀ|’
ਜਦੋਂ ਪਤਨੀ ਦਾ ਕਾਗ਼ਜ਼ ਖੋਲਿ੍ਹਆ ਗਿਆ, ਉਸ ਵਿਚ ਲਿਖਿਆ ਸੀ, ‘ਮੇਰਾ ਪਤੀ ਦਿਮਾਗ਼ੀ ਤੌਰ `ਤੇ ਉੱਖੜਿਆ ਹੋਇਆ ਹੈ| ਇਸ ਦੀ ਕਿਸੇ ਗੱਲ ਨੂੰ ਕਿਸੇ ਕਿਸਮ ਦਾ ਕੋਈ ਵਜ਼ਨ ਨਹੀਂ ਦੇਣਾ ਚਾਹੀਦਾ| ਇਹ ਅੱਜ ਜੋ ਵੀ ਪੇਸ਼ ਕਰੇਗਾ ਉਹ ਸਰਬ-ਸੰਮਤੀ ਨਾਲ ਰੱਦ ਕੀਤਾ ਜਾਵੇਗਾ|’
ਜਦੋਂ ਇਹ ਪਰਚੀ ਕੱਢੀ ਗਈ ਤਾਂ ਪਤੀ-ਦੇਵ ਮਾਯੂਸੀ ਨਾਲ ਸਾਰੇ ਟੱਬਰ ਦੇ ਜੀਆਂ ਵੱਲ ਝਾਕਦਾ ਹੋਇਆ ਕਹਿਣ ਲੱਗਾ, ‘ਇਸ ਨੂੰ ਕਹਿੰਦੇ ਨੇ ਉਮਰ-ਕੈਦ| ਮੈਂ ਇਸ ਸਜ਼ਾ ਨੂੰ ਖਿੜੇ-ਮੱਥੇ ਪ੍ਰਵਾਨ ਕਰਦਾ ਹਾਂ|’
ਵਿਅੰਗ ਦੀ ਇੱਕ ਮੰਨੀ-ਪ੍ਰਮੰਨੀ ਸ਼ਕਤੀ ਇਹ ਹੈ ਕਿ ਇਹ ਜ਼ਿੰਦਗੀ ਨਾਲ ਗੁੱਸੇ ਹੋਏ ਔਰੰਗਜ਼ੇਬ ਵਰਗੇ ਬਾਦਸ਼ਾਹ ਨੂੰ ਹਸਾ ਦਿੰਦਾ ਹੈ|
ਪੰਜਾਬ ਦੇ ਕੁੱਝ ਜੱਟਾਂ ਨੂੰ ਫੜ ਕੇ ਔਰੰਗਜ਼ੇਬ ਦੇ ਦਰਬਾਰ ਵਿਖੇ ਲਿਜਾ ਕੇ ਕਿਹਾ ਗਿਆ ਕਿ ਕਿ ਉਹ ਇਸਲਾਮ ਕਬੂਲ ਕਰਨ|
ਜੱਟਾਂ ਦਾ ਇੱਕ ਆਗੂ ਕਹਿਣ ਲੱਗਾ, ‘ਮਹਾਰਾਜ ਏਡਾ ਵਧੀਆ ਧਰਮ ਜ਼ਰੂਰ ਕਬੂਲ ਕਰਾਂਗੇ, ਪਰ ਤੁਹਾਡੇ ਪਿਛਲੇ ਵੱਡੇ-ਵਡੇਰੇ, ਸਾਡੇ ਵੱਡੇ-ਵਡੇਰਿਆਂ ਨੂੰ ਇਸਲਾਮ ਕਬੂਲ ਕਰਨ ਲਈ ਦੋ-ਦੋ ਲੱਖ ਰੁਪਏ ਦਾਨ ਦਿਆ ਕਰਦੇ ਸਨ, ਅਤੇ ਤੁਸੀਂ ਘੱਟੋ-ਘੱਟ ਸਾਨੂੰ ਇੱਕ-ਇੱਕ ਲੱਖ ਰੁਪਏ ਤਾਂ ਦਿਓ|’
ਔਰੰਗਜ਼ੇਬ ਹੈਰਾਨ ਹੋ ਕੇ ਕਹਿਣ ਲੱਗਾ, ‘ਕੀ ਤੁਸੀਂ ਪਹਿਲਾ ਵੀ ਇਸਲਾਮ ਧਾਰਨ ਕਰ ਚੁੱਕੇ ਹੋ?
ਜੱਟਾਂ ਦਾ ਆਗੂ ਕਹਿਣ ਲੱਗਾ, ‘ਜਨਾਬ ਗੱਡੇ ਦੇ ਪਹੀਏ ਵਾਂਗੂ ਚਲਦੇ ਰਹਿਣਾ ਠੀਕ ਹੈ|’ ਔਰੰਗਜ਼ੇਬ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਖਿੜ-ਖਿੜਾ ਕੇ ਹੱਸ ਪਿਆ ਅਤੇ ਕਹਿਣ ਲੱਗਾ, ‘ਤੁਸੀਂ ਅਜੀਬ ਕਿਸਮ ਦੇ ਧਾਰਮਿਕ ਲੋਕ ਹੋ, ਜਿਹੜੇ ਪੈਸੇ ਲੈ ਕੇ ਧਰਮ ਬਦਲਦੇ ਹੋ|’
ਜੱਟ ਸੁਣ ਕੇ ਕਹਿਣ ਲੱਗੇ, ‘ਅਸੀਂ ਤਾਂ ਇਹੀ ਉਡੀਕਦੇ ਰਹਿੰਦੇ ਹਾਂ ਕਿ ਕਦੋਂ ਇਹ ਬਾਦਸ਼ਾਹ ਮਰਦਾ ਹੈ ਅਤੇ ਕਦੋਂ ਅਗਲਾ ਆਉਂਦਾ ਹੈ?’
ਔਰੰਗਜ਼ੇਬ ਨੇ ਹੱਥ ਜੋੜ ਕੇ ਉਨ੍ਹਾਂ ਨੂੰ ਵਾਪਸੀ ਕਿਰਾਇਆ ਦਿੱਤਾ ਅਤੇ ਕਿਹਾ ਕਿ ਅਜੇ ਤੁਸੀਂ ਪਿਛਲਾ ਹੀ ਧਰਮ ਚਲਾਓ, ਅਗਲੇ ਦੀ ਗੱਲ ਫੇਰ ਕਰਾਂਗੇ|
ਸਰਦਾਰ ਪਟੇਲ ਨੇ ਪੈਪਸੂ-ਸਟੇਟ ਦਾ ਉਦਘਾਟਨ ਕਰਦਿਆਂ ਬੜੇ ਅੰਦਾਜ਼ ਵਿਚ ਮਹਾਰਾਜਾ ਪਟਿਆਲਾ ਬਾਰੇ ਕਿਹਾ, ‘ਮੇਰੀ ਬੜੀ ਇੱਛਾ ਥੀ, ਮੈਂ ਐਸੇ ਮਹਾਰਾਜੇ ਕੀ ਪਰਜਾ ਬਨ ਪਾਤਾ|’
ਜਦੋਂ ਇਬਰਾਹਿਮ ਲਿੰਕਨ ਅਮਰੀਕਾ ਦਾ ਪ੍ਰਧਾਨ ਬਣਿਆ ਤਦ ਉਸ ਨੇ ਆਪਣੇ ਇੱਕ ਸਾਥੀ ਨੂੰ ਕਿਹਾ, ‘ਓਹ ਸਾਹਮਣੇ ਵਾਲੀ ਗਲੀ ਵਿਚ ਸੌ ਕੁ ਗਜ਼ ਅੱਗੇ ਨੂੰ ਜਾ ਕੇ ਮੁੜ ਜਾਣਾ, ਓਸ ਗਲੀ ਵਿਚ ਅੱਗੇ ਜਾ ਕੇ ਇੱਕ ਵੱਡਾ ਸਾਰਾ ਦਲਾਨ ਹੋਵੇਗਾ| ਉਹ ਦੇ ਵਿਚ ਇੱਕ ਉਧੇੜ ਉਮਰ ਦੀ ਔਰਤ ਚਰਖ਼ਾ ਚਲਾ ਰਹੀ ਹੋਵੇਗੀ| ਤੂੰ ਉਸ ਨੂੰ ਇਹ ਖ਼ੁਸ਼-ਖ਼ਬਰੀ ਦੇ ਦੇਣੀ, ‘ਕਿ ਤੇਰੇ ਘਰ ਵਾਲਾ ਅਮਰੀਕਾ ਦਾ ਪ੍ਰਧਾਨ ਬਣ ਗਿਆ ਹੈ|’ ਓਹ ਅਵਸ਼ ਤੇਰਾ ਮੂੰਹ ਮਿੱਠਾ ਕਰਵਾਵੇਗੀ|
ਸੁਨੇਹਾ ਦੇਣ ਵਾਲਾ ਸੱਜਣ ਮੁਸਕਰਾਉਂਦਾ ਹੋਇਆ ਮਿਸਜ਼ ਲਿੰਕਨ ਕੋਲ ਜਾ ਪੁੱਜਿਆ ਅਤੇ ਕਹਿਣ ਲੱਗਾ, ‘ਮੈਡਮ ਵਧਾਈ ਹੋਵੇ ਲਿੰਕਨ ਸਾਹਿਬ ਅਮਰੀਕਾ ਦੇ ਪ੍ਰਧਾਨ ਬਣ ਗਏ ਹਨ?’
ਮਿਸਜ਼ ਲਿੰਕਨ ਮੂੰਹ ਵਿੰਗਾ ਕਰਦੇ ਕਹਿਣ ਲੱਗੀ, ‘ਅੱਗੇ ਚੰਦਰਾ ਕਿਹੜਾ ਘਰ ਵੜਦਾ ਸੀ, ਜੇ ਵੜ ਵੀ ਜਾਂਦਾ ਸੀ ਤਦ ਆਪਣੇ ਕਾਗ਼ਜ਼-ਪੱਤਰ ਪੜ੍ਹ-ਪੜ੍ਹ ਕੇ ਵਕਤ ਖ਼ਰਾਬ ਕਰਦਾ ਰਹਿੰਦਾ ਸੀ| ਕਦੇ ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ| ਹੁਣ ਉਹ ਬਿਲਕੁਲ ਹੀ ਕਿਸੇ ਕੰਮ ਦਾ ਨਹੀਂ ਰਿਹਾ|’
ਹੁਣ ਮੇਰੇ ਵੱਲੋਂ ਚਾਚਾ ਚੰਡੀਗੜ੍ਹੀਆ ਦੀ ਆਪਣੀ ਗੱਲ
‘ਭਾਬੀ ਕੀ ਗੱਲ ਅੱਜ ਸੂਲ-ਸੂਲ ਕਰ ਰਹੀ ਹੈਂ, ਕਿਧਰੇ ਫਿਰ ਤਾਂ ਨਹੀਂ ਆਪੋ ਵਿਚ ਲੜ ਪਏ?’ ਚੰਨ ਦੀ ਨਨਾਣ ਜੀਤਾਂ ਨੇ ਆਪਣੀ ਭਰਜਾਈ ਨੂੰ ਬੜੀ ਹਮਦਰਦੀ ਨਾਲ ਪੁੱਛਿਆ|
ਚੰਨੋ ਕਹਿਣ ਲੱਗੀ, ‘ਮੇਰੇ ਹੱਡ-ਪ੍ਰਾਣ ਤਾਂ ਰੱਬ ਨੇ ਸ਼ਾਇਦ ਇਸੇ ਲਈ ਬਣਾਏ ਸਨ ਕਿ ਤੇਰਾ ਭਰਾ ਪ੍ਰਾਣੀਆਂ ਮਾਰ-ਮਾਰ ਕੇ ਤੋੜ ਦੇਵੇ| ਕਈ ਵਾਰ ਮਾੜੀ ਜਿਹੀ ਗੱਲ `ਤੇ ਡਾਂਗ ਚੁੱਕ ਲੈਂਦਾ ਹੈ|’
ਜੀਤਾਂ ਕੁਝ ਮੁਸਕਰਾ ਕੇ ਬੋਲੀ, ‘ਭਾਬੀ ਇਹ ਤਾਂ ਸਭ ਪਿਆਰ ਦੀਆਂ ਗੱਲਾਂ ਹਨ| ਜੋਗਿੰਦਰ ਵੀਰ ਤੈਨੂੰ ਬੜਾ ਪਿਆਰ ਕਰਦਾ| ਇਸੇ ਕਰਕੇ ਕਦੇ-ਕਦੇ ਲੋੜ ਤੋਂ ਵੱਧ ਲੜਾਈ-ਝਗੜਾ ਵੀ ਕਰ ਜਾਂਦਾ ਹੈ| ਅਗਲੇ ਦਿਨ ਇਕ ਮਾਸਟਰ ਜੀ ਸਾਡੇ ਸਕੂਲ ਵਿਚ ਇਕ ਅੰਗਰੇਜ਼ ਲਿਖਾਰੀ, ਮਿਸਟਰ ਡਾਰਲਿੰਗ ਦੀ ਕਿਤਾਬ ਪੜ੍ਹ ਕੇ ਸੁਣਾ ਰਹੇ ਸਨ| ਉਹ ਕਿਸੇ ਵੇਲੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਡਿਪਟੀ ਕਮਿਸ਼ਨਰ ਲੱਗੇ ਸਨ| ਜਦੋਂ ਦੌਰਾ ਕਰਦੇ ਹੋਏ ਸਾਡੇ ਪਿੰਡ ਬਾਘੇ ਪੁਰਾਣੇ ਪੁੱਜੇ ਤਦ ਇਕ ਬੁੱਢੀ ਨੇ ਡਾਰਲਿੰਗ ਸਾਹਿਬ ਨੂੰ ਕਿਹਾ, ‘ਸਾਹਿਬ ਮੇਰਾ ਜਵਾਈ ਮੇਰੀ ਧੀ ਨੂੰ ਪਿਆਰ ਨਹੀਂ ਕਰਦਾ|’ ਸਾਹਿਬ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ, ‘ਮਾਈ ਤੈਨੂੰ ਖ਼ਾਹਮਖ਼ਾਹ ਸ਼ੱਕ ਹੋ ਗਿਆ ਹੈ| ਤੇਰੇ ਕੋਲ ਕੀ ਸਬੂਤ ਹੈ ਤੇਰਾ ਜਵਾਈ ਤੇਰੀ ਧੀ ਨੂੰ ਪਿਆਰ ਨਹੀਂ ਕਰਦਾ? ਫਿਰ ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਕੀ ਕਰ ਸਕਦਾ ਹੈ?’
ਮਾਈ ਸਾਹਿਬ ਨੂੰ ਕਹਿਣ ਲੱਗੀ, ‘ਸਾਹਿਬ ਮੇਰੇ ਜਵਾਈ ਨੇ ਕਦੇ ਮੇਰੀ ਧੀ ਨੂੰ ਕੁੱਟਿਆ ਨਹੀਂ ਅਤੇ ਨਾ ਕੁੱਟਣਾ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਉਹ ਉਸ ਨੂੰ ਪਿਆਰ ਨਹੀਂ ਕਰਦਾ| ਜੇ ਜੱਟ ਦਾ ਪੁੱਤ ਆਪਣੀ ਰੰਨ ਨੂੰ ਪਿਆਰ ਕਰਦਾ ਹੋਵੇ ਤਦ ਕਦੇ-ਕਦੇ ਉਸ ਦੇ ਮੌਰ ਵੀ ਸੇਕਦਾ ਹੈ|’
ਸਾਹਿਬ ਮਾਈ ਦੀ ਗੱਲ `ਤੇ ਹੱਸ ਪਿਆ| ਸੋ ਭਾਬੀ ਜੀ, ਵੀਰ ਜੋਗਿੰਦਰ ਉਸ ਮਾਈ ਦੇ ਹਿਸਾਬ ਨਾਲ ਤੈਨੂੰ ਜ਼ਿਆਦਾ ਹੀ ਪਿਆਰ ਕਰਦਾ ਹੈ, ਇਸੇ ਲਈ ਕਦੇ-ਕਦੇ ਬਲਦਾਂ ਵਾਲੀ ਪੁਰਾਣੀ ਨਾਲ ਇੱਕ-ਦੋ ਕਰਾਰੀਆਂ- ਕਰਾਰੀਆਂ ਜੜ੍ਹ ਜਾਂਦਾ ਹੈ|’
ਗੁੱਸਾ ਕਰਨ ਦੀ ਥਾਂ ਚੰਨੋ ਮੁਸਕਰਾ ਪਈ ਤੇ ਕਹਿਣ ਲੱਗੀ, ‘ਜੀਤਾਂ ਜਦੋਂ ਤੇਰਾ ਵਿਆਹ ਹੋਇਆ ਫਿਰ ਵੇਖਾਂਗੇ ਘਰ ਵਾਲਾ ਕਿਹੜੇ ਢੰਗ ਨਾਲ ਪਿਆਰ ਕਰਦਾ ਹੈ|’
ਤੀਰ ਸਾਹਿਬ ਦਾ ਅਜੋਕਾ ਪਰਿਵਾਰ ਵੀ ਖੁਸ਼ੀ ਵਸਦਾ ਹੈ| ਚੰਡੀਗੜ੍ਹ ਵਿਚ ਮੇਰੇ ਵਾਲੇ ਸੈਕਟਰ ਦੀ ਕੋਠੀ ਨੰਬਰ 1521 ਵਿਚ ਉਸ ਦੀ ਧੀ ਬੱਬੂ ਤੀਰ, ਜੁਆਈ ਗੁਰਮੋਹਨ ਸਿੰਘ ਸੰਧੂ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਸ਼ਾਮਿਲ ਹੈ ਜਿਨ੍ਹਾਂ ਵਿਚ ਉਨ੍ਹਾਂ ਦੀਆਂ ਡਾਕਟਰੀ ਪਾਸ ਧੀਆਂ ਸੀਰਤ ਕੌਰ ਤੇ ਫਤਿਹ ਸਿੰਘ ਗਿੱਲ ਅਤੇ ਨਿਮਰਤ ਕੌਰ ਸਿੱਧੂ ਤੇ ਸਹਿਜਬੀਰ ਸਿੰਘ ਸਿੱਧੂ ਮੌਜਾਂ ਮਾਣਦੇ ਹਨ|
ਨੱਬਿਆਂ ਦੀ ਮਾਲੀ ਮਾਰਨ ਵਾਲੇ ਪੁਰਾਣੇ ਮਿੱਤਰ ਵਲੋਂ ਤੀਰ ਪਰਿਵਾਰ ਜ਼ਿੰਦਾਬਾਦ!
