ਬੂਟਾ ਸਿੰਘ ਮਹਿਮੂਦਪੁਰ
ਇਰਾਨ ਤੇ ਅਮਰੀਕਾ ਦਰਮਿਆਨ ਇਸਲਾਮਾਬਾਦ ਵਿਚ 21 ਘੰਟੇ ਚੱਲੀ ਗੱਲਬਾਤ ਦੇ ਬੇਸਿੱਟਾ ਰਹਿਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਦੀਆਂ ਬੰਦਰਗਾਹਾਂ ਦੀ ਨਾਕਾਬੰਦੀ ਕਰਨ ਦਾ ਐਲਾਨ ਕਰ ਦਿੱਤਾ ਹੈ। ਜਵਾਬ ਵਿਚ ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਕਿਹਾ ਹੈ ਕਿ ਅਜਿਹਾ ਕੀਤੇ ਜਾਣ ’ਤੇ ਖਾੜੀ-ਓਮਾਨ ਸਾਗਰ ਦੀ ਕੋਈ ਵੀ ਬੰਦਰਗਾਹ ਸੁਰੱਖਿਅਤ ਨਹੀਂ ਹੋਵੇਗੀ।
ਗੱਲਬਾਤ ਸ਼ੁਰੂ ਹੋਣ ਨਾਲ ਤੇਲ ਤੇ ਹੋਰ ਪੈਟਰੋਲੀਅਮ ਵਸਤਾਂ ਦੀ ਸਪਲਾਈ ਦੇ ਸੰਕਟ ਤੋਂ ਰਾਹਤ ਦੀ ਜੋ ਉਮੀਦ ਬਣੀ ਸੀ, ਉਸ ਉੱਪਰ ਇਕ ਵਾਰ ਤਾਂ ਪਾਣੀ ਫਿਰ ਗਿਆ ਹੈ। ਟਰੰਪ ਸਰਕਾਰ ਦੀ ਆਪਣੀਆਂ ਸ਼ਰਤਾਂ ਮੰਨਵਾਉਣ ਦੀ ਜ਼ਿੱਦ ਨੇ ਕੂਟਨੀਤਕ ਰਾਹ ਬੰਦ ਕਰ ਦਿੱਤੇ ਅਤੇ ਗੱਲਬਾਤ ਟੁੱਟ ਗਈ। ਟਰੰਪ ਦਾ ਜਨਵਰੀ 2020 ’ਚ ਕੀਤਾ ਟਵੀਟ ਇਸ ਗੱਲਬਾਤ ਸਮੇਂ ਉਸਦੇ ਆਪਣੇ ਸ਼ਬਦਾਂ ਦੀ ਪੁਸ਼ਟੀ ਹੋ ਨਿੱਬੜਿਆ। ਓਦੋਂ ਟਰੰਪ ਨੇ ਲਿਖਿਆ ਸੀ ਕਿ ਇਰਾਨ ਭਾਵੇਂ ਜੰਗ ਜਿੱਤ ਨਾ ਸਕੇ, ਪਰ ਗੱਲਬਾਤ ਦੀ ਮੇਜ਼ ’ਤੇ ਉਹ ਨਹੀਂ ਹਾਰਦਾ। ਉਹ ਸੱਚੀਓਂ ਨਹੀਂ ਹਾਰੇ। ਟਰੰਪ ਵੱਲੋਂ ਗੱਲਬਾਤ ਲਈ ਭੇਜੇ ਉੱਪ-ਰਾਸ਼ਟਰਪਤੀ ਜੇ.ਡੀ. ਵੇਂਸ, ਰੀਅਲ ਅਸਟੇਟ ਕਾਰੋਬਾਰੀ ਸਟੀਵ ਵਿਟਕੌਫ ਅਤੇ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਦੀ ਨੇਤਨਯਾਹੂ ਨਾਲ ਨੇੜਤਾ ਅਤੇ ਕੂਟਨੀਤਕ ਯੋਗਤਾ ਨੂੰ ਲੈ ਤਾਂ ਪਹਿਲਾਂ ਹੀ ਸਵਾਲ ਉੱਠ ਰਹੇ ਸਨ। ਸ਼ਰਤਾਂ ਥੋਪਣ ਨੂੰ ਗੱਲਬਾਤ ਨਹੀਂ ਕਿਹਾ ਜਾ ਸਕਦਾ ਅਤੇ ਇਰਾਨੀ ਵਫ਼ਦ ਨੇ ਇਹ ਸ਼ਰਤਾਂ ਨਹੀਂ ਮੰਨੀਆਂ।
ਕਮਜ਼ੋਰ ਮੁਲਕਾਂ ਨੂੰ ਜੰਗੀ ਕਰੂਰਤਾਂ ਨਾਲ ਲਤਾੜਨਾ ਗਿੱਝੇ ਅਮਰੀਕੀ ਸਾਮਰਾਜੀਆਂ ਨੇ ਸੁਪਨੇ ’ਚ ਵੀ ਸੋਚਿਆ ਨਹੀਂ ਹੋਵੇਗਾ ਕਿ ਲੰਮੀ ਆਰਥਕ ਨਾਕਾਬੰਦੀ ਅਤੇ ਜੰਗ ਦੇ ਝੰਬੇ ਮੁਲਕ ਦਾ ਵਫ਼ਦ ਸਵੈਮਾਣ ਨਾਲ ਸਿਰ ਉੱਚਾ ਕਰਕੇ ਗੱਲਬਾਤ ਕਰਨ ਆਵੇਗਾ ਅਤੇ ਇਰਾਨ ਦਾ ਨਾਮੋਨਿਸ਼ਾਨ ਮਿਟਾ ਦੇਣ ਦੇ ਅਲਟੀਮੇਟਮ ਦੇਣ ਵਾਲਿਆਂ ਨੂੰ ਉਨ੍ਹਾਂ ਨਾਲ ਗੱਲਬਾਤ ਕਰਨੀ ਪਵੇਗੀ। ਇਰਾਨ ਨੂੰ ‘ਪੱਥਰ ਯੁਗ ਵਿਚ ਵਾਪਸ ਭੇਜਣ’ ਦੀਆਂ ਬੜਕਾਂ ਦਰਮਿਆਨ ਗੱਲਬਾਤ ਲਈ ਮਜਬੂਰ ਹੋਣਾ ਟਰੰਪ ਦੀ ਕਮਜ਼ੋਰ ਹਾਲਤ ਦੀ ਨਿਸ਼ਾਨੀ ਹੈ। ਪਾਕਿਸਤਾਨ ਦੀ ਕਥਿਤ ਵਿਚੋਲਗੀ ਨਾਲ ਗੱਲਬਾਤ ਲਈ ਇਸਲਾਮਾਬਾਦ ਜਾਣ ਸਮੇਂ ਇਰਾਨ ਦਾ ਵਫ਼ਦ ਜਹਾਜ਼ ਵਿਚ ਮ੍ਰਿਤਕ ਬੱਚੀਆਂ ਦੇ ਲਹੂ ਭਿੱਜੇ ਸਕੂਲ ਬੈਗ ਅਤੇ ਤਸਵੀਰਾਂ ਲੈ ਕੇ ਗਿਆ ਸੀ। ਅਤਿਅੰਤ ਦਰਦਨਾਕ ਮੰਜ਼ਰ ਦੀ ਜਹਾਜ਼ ਦੇ ਅੰਦਰੋਂ ਲਈ ਤਸਵੀਰ ਵਾਇਰਲ ਕਰਕੇ ਦੁਨੀਆ ਨੂੰ ਚੇਤੇ ਕਰਾਇਆ ਗਿਆ ਕਿ ਅਸੀਂ ਉਨ੍ਹਾਂ ਦੁਸ਼ਟ ਜੰਗਬਾਜ਼ਾਂ ਨਾਲ ਗੱਲਬਾਤ ਕਰਨ ਆਏ ਹਾਂ, ਜਿਨ੍ਹਾਂ ਨੇ ਯੁੱਧ ਦੇ ਪ੍ਰਵਾਨਤ ਅਸੂਲਾਂ ਦੀਆਂ ਧੱਜੀਆਂ ਉਡਾ ਕੇ ਸਾਡੇ ਨਾਗਰਿਕਾਂ ਦਾ ਕਤਲੇਆਮ ਕੀਤਾ ਹੈ। ਬੇਹੱਦ ਕਰੂਰਤਾ ਨਾਲ ਮਾਰ ਦਿੱਤੀਆਂ ਗਈਆਂ ਇਰਾਨ ਦੀਆਂ 168 ਧੀਆਂ ਲਈ ਨਿਆਂ ਦੀ ਮੰਗ ਨੂੰ ਚਿੰਨ੍ਹਾਤਮਕ ਰੂਪ ’ਚ ਉਠਾ ਕੇ ਇਰਾਨੀ ਵਫ਼ਦ ਨੇ ਜੰਗਬਾਜ਼ ਹਮਲਾਵਰ ਧਿਰ ਨੂੰ ਗੱਲਬਾਤ ਵਿਚ ਬੈਠਣ ਤੋਂ ਪਹਿਲਾਂ ਹੀ ਇਖ਼ਲਾਕੀ ਮਾਤ ਦੇ ਦਿੱਤੀ। ਇਰਾਨ ਨੇ ਅਮਰੀਕੀ ਵਫ਼ਦ ਦੀ ‘ਅੰਤਮ ਅਤੇ ਬਿਹਤਰੀਨ ਪੇਸ਼ਕਸ਼’ ਠੁਕਰਾ ਦਿੱਤੀ ਅਤੇ ਗੱਲਬਾਤ ਦੌਰਾਨ ਆਪਣੀ ਪੁਜੀਸ਼ਨ ’ਤੇ ਦ੍ਰਿੜ ਰਿਹਾ ਕਿ ਸ਼ਾਂਤੀ ਸਮਝੌਤਾ ਹੋਣ ਤੋਂ ਬਾਅਦ ਹੀ ਹੋਰਮੁਜ਼ ਖੋਲਿ੍ਹਆ ਜਾਵੇਗਾ।
ਅਮਰੀਕੀ ਸਾਮਰਾਜੀਆ ਉੱਪਰ ਆਪਣੇ ਮੁਲਕ ਦੇ ਅੰਦਰਲੇ ਅਤੇ ਬਾਹਰਲੇ ਦਬਾਅ ਸਪਸ਼ਟ ਹਨ। ਉਹ ਜੋ 42 ਦਿਨ ਦੀ ਧਾੜਵੀ ਜੰਗ ਰਾਹੀਂ ਹਾਸਲ ਨਹੀਂ ਕਰ ਸਕੇ ਉਹ ਕੂਟਨੀਤੀ ਰਾਹੀਂ ਹਾਸਲ ਕਰਨ ਆਏ ਸਨ। ਇਹ ਗੱਲਬਾਤ ਪਿਛਲੀ ਗੱਲਬਾਤ ਸਮੇਂ ਦੇ ਵਿਸਾਹਘਾਤ ਦੇ ਕੌੜੇ ਤਜਰਬੇ ਕਾਰਨ ਬਹੁਤ ਹੀ ਬੇਵਿਸ਼ਵਾਸੀ ਭਰੇ ਮਾਹੌਲ ਵਿਚ ਹੋ ਰਹੀ ਸੀ ਅਤੇ ਭਾਰੀ ਜ਼ੋਖਮ ਉਠਾ ਕੇ ਇਰਾਨ ਦੀ ਲੀਡਰਸ਼ਿਪ ਵੱਡੇ ਵਫ਼ਦ ਦੇ ਰੂਪ ’ਚ ਗੱਲਬਾਤ ਕਰਨ ਆਈ ਸੀ। ਲਾਜ਼ਮੀ ਤੌਰ ’ਤੇ ਉਹ ਆਪਣੇ ਖ਼ੁਫ਼ੀਆ ਤੇ ਫ਼ੌਜੀ ਵਸੀਲਿਆਂ ਦੀ ਜਾਸੂਸੀ ਕਰਨ ਦੀ ਅਮਰੀਕੀ-ਇਜ਼ਰਾਇਲੀ ਚਾਲ ਤੋਂ ਵੀ ਚੁਕੰਨੇ ਹੋਣਗੇ। ਹੰਕਾਰੇ ਹੋਏ ਅਮਰੀਕੀ ਵਫ਼ਦ ਦੇ ਖਾਲੀ ਹੱਥ ਮੁੜਨ ਨੇ ਇਸ ਉੱਪਰ ਮੋਹਰ ਲਾ ਦਿੱਤੀ ਕਿ ਉਹ ਜੰਗ ਨੂੰ ਰੋਕਣ ਲਈ ਸਹਿਮਤੀ ਬਣਾਉਣ ਲਈ ਨਹੀਂ, ਦਰਅਸਲ ਟਰੰਪ ਤੇ ਨੇਤਨਯਾਹੂ ਦਾ ਫ਼ੈਸਲਾ ਮੰਨਵਾਉਣ ਲਈ ਆਏ ਸਨ। ਨੇਤਨਯਾਹੂ ਨੇ ਤਾਂ ਇਹ ਭੇਤ ਵੀ ਨਸ਼ਰ ਕਰ ਦਿੱਤਾ ਹੈ ਕਿ ਇਸਲਾਮਾਬਾਦ ਮੀਟਿੰਗ ਦੌਰਾਨ ਜੇ.ਡੀ. ਵੇਂਸ ਉਸਨੂੰ ’ਕੱਲੀ-’ਕੱਲੀ ਗੱਲ ਦੀ ਰਿਪੋਰਟਿੰਗ ਕਰ ਰਿਹਾ ਸੀ ਅਤੇ ਟਰੰਪ ਪ੍ਰਸ਼ਾਸਨ ਦੇ ਮੈਂਬਰ ਇਰਾਨ ਬਾਰੇ ਉਸ ਨੂੰ ਰੋਜ਼ਾਨਾ ਰਿਪੋਰਟ ਕਰਦੇ ਹਨ।
ਇਰਾਨ ਦੇ ਵਫ਼ਦ ਨੇ ਟਰੰਪ ਦੀਆਂ ਸ਼ਰਤਾਂ ਮੰਨਣ ਤੋਂ ਸਾਫ਼ ਇਨਕਾਰ ਕਰਕੇ ਇਹ ਦੱਸ ਦਿੱਤਾ ਕਿ ਉਹ ਧੌਂਸਬਾਜ਼ ਸ਼ਰਤਾਂ ਮੰਨਣ ਦੀ ਬਜਾਏ ਲੜ ਕੇ ਮਰਨ ਲਈ ਤਿਆਰ ਹਨ। ਚੱਲਦੀ ਗੱਲਬਾਤ ਦੌਰਾਨ ਟਰੰਪ ਝੂਠਾ ਪ੍ਰਚਾਰ ਕਰਕੇ ਇਹ ਸਾਬਤ ਕਰਨ ’ਚ ਜੁਟਿਆ ਰਿਹਾ ਕਿ ਅਸੀਂ ਇਰਾਨ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਹੈ, ਅਸੀਂ ਜੋ ਪ੍ਰਾਪਤ ਕਰਨਾ ਸੀ ਉਹ ਕਰ ਲਿਆ ਹੈ; ਉਹ ਚਾਹੇ ਸਮਝੌਤਾ ਕਰਨ ਜਾਂ ਨਾ ਕਰਨ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਟਰੰਪ ਦੀ ਬੌਖਲਾਹਟ ਮੂੰਹ ਚੜ੍ਹ ਬੋਲ ਰਹੀ ਹੈ ਅਤੇ ਉਸਨੇ ਆਪਣੀ ਆਦਤ ਅਨੁਸਾਰ ਆਪਣੇ ‘ਟਰੁੱਥ ਸੋਸ਼ਲ’ ਉੱਪਰ ਇਰਾਨ ਨੂੰ ਤਬਾਹ ਕਰ ਦੇਣ ਦੀ ਜ਼ਹਿਰ ਮੁੜ ਉਗਲਣੀ ਸ਼ੁਰੂ ਕਰ ਦਿੱਤੀ ਹੈ। ਜਦਕਿ, ਅਮਰੀਕਾ-ਇਜ਼ਰਾਇਲ ਨੇ ਇਰਾਨ ਦੇ ਰਿਹਾਇਸ਼ੀ ਇਲਾਕਿਆਂ, ਹਸਪਤਾਲਾਂ, ਪਾਵਰ ਪਲਾਂਟਾਂ, ਜਲ-ਸੋਧਕ ਪਲਾਂਟਾਂ, ਫਰਮਾਸਿਊਟੀਕਲ ਫੈਕਟਰੀਆਂ, ਯੂਨੀਵਰਸਿਟੀਆਂ, ਸਕੂਲਾਂ, ਪੁਲਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਪੱਖੋਂ ਪਹਿਲਾਂ ਹੀ ਕੋਈ ਕਸਰ ਨਹੀਂ ਛੱਡੀ ਹੈ।
ਕਿਸੇ ਵੀ ਕਾਇਦੇ-ਕਾਨੂੰਨ ਨੂੰ ਨਾ ਮੰਨਣ ਵਾਲੇ ਟਰੰਪ ਨੇ ਆਪਣੀ ਲੰਮੀ ਪੋਸਟ ਵਿਚ ਇਰਾਨ ਉੱਪਰ ‘ਕਿਤਾਬ ਵਿਚ ਲਿਖੇ ਹਰ ਕਾਨੂੰਨ’ ਦੀ ‘ਉਲੰਘਣਾ’ ਕਰਨ ਦਾ ਦੋਸ਼ ਲਾਇਆ ਹੈ। ਉਸਨੇ ਜੋ ਲਿਖਿਆ ਉਸਦਾ ਨਿਚੋੜ ਇਹ ਹੈ: ਇਰਾਨੀ ਹੁਕਮਰਾਨ ਹੋਰਮੁਜ਼ ਸਮੁੰਦਰੀ ਮਾਰਗ ਖੋਲ੍ਹਣ ਦੇ ਆਪਣੇ ਵਾਅਦੇ ਨੂੰ ‘ਜਾਣ-ਬੁੱਝ ਕੇ ਪੂਰਾ ਕਰਨ ਵਿਚ ਅਸਫ਼ਲ ਰਹੇ ਹਨ’ ਜਿਸ ਨਾਲ ਦੁਨੀਆ ਭਰ ਦੇ ਬਹੁਤ ਸਾਰੇ ਮੁਲਕਾਂ ਨੂੰ ‘ਚਿੰਤਾ’ ਅਤੇ ‘ਦੁੱਖ’ ਹੋਇਆ ਹੈ। ਇਰਾਨ ਆਪਣੀਆਂ ਪ੍ਰਮਾਣੂ ਅਭਿਲਾਸ਼ਾਵਾਂ ਛੱਡਣ ਲਈ ਤਿਆਰ ਨਹੀਂ ਹੈ! ਸਹਿਮਤੀ ਦੇ ਨੁਕਤੇ ਤਾਂ ਹਨ, ਪਰ ਐਨੇ ‘ਅਸਥਿਰ, ਜ਼ਿੱਦੀ ਅਤੇ ਸਮਝ ਨਾ ਆਉਣ ਵਾਲੇ ਲੋਕਾਂ’ ਦੇ ਹੱਥਾਂ ਵਿਚ ਪ੍ਰਮਾਣੂ ਸ਼ਕਤੀ ਦੇਣ ਦੀ ਇਜਾਜ਼ਤ ਦੇਣ ਦੇ ਮੁਕਾਬਲੇ ਇਹ ਸਹਿਮਤੀ ਦੇ ਨੁਕਤੇ ਮਾਇਨੇ ਨਹੀਂ ਰੱਖਦੇ। ਹੁਣ ਸਾਡੀ ਸਮੁੰਦਰੀ ਫ਼ੌਜ ਤੁਰੰਤ ਹੋਰਮੁਜ਼ ਦੀ ਨਾਕਾਬੰਦੀ ਸ਼ੁਰੂ ਕਰ ਦੇਵੇਗੀ ਅਤੇ ਇਰਾਨ ਨੂੰ ਟੌਲ ਦੇਣ ਵਾਲੇ ਹਰ ਜਹਾਜ਼ ਨੂੰ ਰੋਕੇਗੀ। ਕਿਸੇ ਵੀ ਗ਼ੈਰ-ਕਾਨੂੰਨੀ ਟੌਲ ਦੇਣ ਵਾਲੇ ਨੂੰ ਸੁਰੱਖਿਅਤ ਲਾਂਘਾ ਨਹੀਂ ਮਿਲੇਗਾ। ਇਰਾਨ ਇਸ ਗ਼ੈਰਕਾਨੂੰਨੀ ਕੰਮ ’ਚੋਂ ਪੈਸਾ ਬਣਾਉਣਾ ਚਾਹੁੰਦਾ ਹੈ ਅਤੇ ਯੂਰੇਨੀਅਮ ਤੋਂ ਪ੍ਰਮਾਣੂ ਹਥਿਆਰ ਬਣਾਉਣ ਦਾ ਅਭਿਲਾਸ਼ੀ ਹੈ ਅਤੇ ਅਸੀਂ ਉਸ ਨੂੰ ਅਜਿਹਾ ਨਹੀਂ ਕਰਨ ਦਿਆਂਗੇ। (ਮੁੱਖ ਵਾਰਤਾਕਾਰ ਸਟੀਵ ਵਿਟਕੌਫ ਤਾਂ ਇਹ ਵੀ ਕਹਿੰਦਾ ਰਿਹਾ ਹੈ ਕਿ ਇਰਾਨ ‘ਬੰਬ ਬਣਾਉਣ ਵਾਲੀ ਉਦਯੋਗਿਕ-ਗ੍ਰੇਡ ਸਮੱਗਰੀ ਤੋਂ ਸ਼ਾਇਦ ਇੱਕ ਹਫ਼ਤਾ ਦੂਰ ਹੀ ਹੈ’)।
ਜੰਗਬੰਦੀ ਤੋਂ ਪਹਿਲਾਂ ਹੀ ਇਰਾਨ ਨੇ ਦਸ-ਨੁਕਾਤੀ ਸ਼ਾਂਤੀ ਯੋਜਨਾ ਪੇਸ਼ ਕਰਕੇ ਯੂਰੇਨੀਅਮ ਦੇ ਮੁੱਦੇ ਉੱਪਰ ਆਪਣਾ ਰੁਖ ਸਪਸ਼ਟ ਕਰ ਦਿੱਤਾ ਸੀ। ਟਰੰਪ ਤੇ ਨੇਤਨਯਾਹੂ ਉਹ ਦੁਸ਼ਟ ਹਨ, ਜਿਨ੍ਹਾਂ ਨੇ ਫਰਵਰੀ ’ਚ ਚੱਲ ਰਹੀ ਗੱਲਬਾਤ ਦੌਰਾਨ ਹੀ ਇਰਾਨ ਉੱਪਰ ਬਿਨਾਂ ਕਿਸੇ ਭੜਕਾਹਟ ਦੇ ਹਮਲਾ ਕਰਕੇ ਉਨ੍ਹਾਂ ਦੀ ਲੀਡਰਸ਼ਿੱਪ ਨੂੰ ਮਾਰ ਦਿੱਤਾ ਸੀ। ਅਮਰੀਕੀ ਹੁਕਮਰਾਨ ਜਮਾਤ ਦੇ ਵਿਸਾਹਘਾਤ ਅਤੇ ਮਕਾਰੀ ਦੇ ਇਤਿਹਾਸ ਦੇ ਮੱਦੇਨਜ਼ਰ ਟਰੰਪ ਦੇ ਉਪਰੋਕਤ ਮਹਾਂ-ਝੂਠ ਦੇ ਪਿੱਛੇ ਕੰਮ ਕਰਦੀ ਬਦਨੀਅਤ ਨੂੰ ਸਮਝਣਾ ਮੁਸ਼ਕਲ ਨਹੀਂ ਹੈ। ਅਮਰੀਕੀ ਸਾਮਰਾਜੀਏ ਇਰਾਨ ਨੂੰ ‘ਮੁੜ ਪੱਥਰ ਯੁਗ ਵਿਚ ਪਹੁੰਚਾ ਦੇਣ’ ਦੀ ਧਮਕੀ ਦੇ ਕੇ ਉਨ੍ਹਾਂ ਦਾ ਚਾਰ ਕਵਿੰਟਲ ਸੋਧਿਆ ਹੋਇਆ ਯੂਰੇਨੀਅਮ ਹਥਿਆਉਣਾ ਅਤੇ ਸ਼ਾਂਤਮਈ ਮੰਤਵਾਂ ਲਈ ਪ੍ਰਮਾਣੂ ਖੋਜ ਦੇ ਹੱਕ ਤੋਂ ਵਾਂਝੇ ਕਰਨਾ ਚਾਹੁੰਦੇ ਹਨ। ਇਰਾਨ ਯੂਰੇਨੀਅਮ ਦੀ ਸ਼ਾਂਤਮਈ ਵਰਤੋਂ ਦਾ ਆਪਣਾ ਖੁਦਮੁਖਤਿਆਰ ਹੱਕ ਉਨ੍ਹਾਂ ਦੇ ਹਵਾਲੇ ਕਰਨ ਤੋਂ ਇਨਕਾਰੀ ਹੈ। ਇਹ ਹਕੀਕਤ ਸਭ ਨੂੰ ਪਤਾ ਹੈ ਕਿ ਇਰਾਨ ਪ੍ਰਮਾਣੂ ਅਪ੍ਰਸਾਰ ਸੰਧੀ ਦਾ ਹਿੱਸਾ ਹੈ ਅਤੇ ਉਸਦਾ ਪ੍ਰਮਾਣੂ ਹਥਿਆਰ ਬਣਾਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਇਰਾਨ ਕੋਲ ਪ੍ਰਮਾਣੂ ਹਥਿਆਰ ਹੋਣ, ਫਿਰ ਵੀ ਉਹ ਅਮਰੀਕਾ ਲਈ ਖ਼ਤਰਾ ਨਹੀਂ ਬਣਦਾ। ਇਸਦੇ ਬਾਵਜੂਦ ਉਸ ਉੱਪਰ ਅਮਰੀਕਾ ਨੇ ਆਰਥਕ ਪਾਬੰਦੀਆਂ ਲਗਾ ਰੱਖੀਆਂ ਹਨ ਕਿਉਂਕਿ ਪ੍ਰਮਾਣੂ ਖ਼ਤਰੇ ਦੇ ਬਹਾਨੇ ਅਮਰੀਕੀ ਸਾਮਰਾਜੀਆਂ ਦੇ ਗੁਪਤ ਏਜੰਡੇ ਹੋਰ ਹਨ ਅਤੇ ਪ੍ਰਮਾਣੂ ਹਥਿਆਰਾਂ ਬਾਰੇ ਉਨ੍ਹਾਂ ਦੇ ਦੋਹਰੇ ਮਿਆਰ ਵੀ ਜੱਗ ਜ਼ਾਹਰ ਹਨ। ਇਜ਼ਰਾਇਲ ਇਸ ਖਿੱਤੇ ਦਾ ਇੱਕੋ-ਇਕ ਸਟੇਟ ਹੈ ਜੋ ਪ੍ਰਮਾਣੂ ਅਪ੍ਰਸਾਰ ਸੰਧੀ ਦਾ ਹਿੱਸਾ ਨਹੀਂ ਹੈ। ਅਮਰੀਕਾ ਸਮੇਤ ਪੱਛਮੀ ਸਾਮਰਾਜੀਆਂ ਨੇ ਇਜ਼ਰਾਇਲ ਨੂੰ ਆਪਣੇ ਹਿਤ ਲਈ ਧੜਵੈਲ ਜੰਗੀ ਤੇ ਪ੍ਰਮਾਣੂ ਤਾਕਤ ਵਜੋਂ ਪਾਲਿਆ ਹੋਇਆ ਹੈ।
ਇਰਾਨ ਸ਼ੁਰੂ ਤੋਂ ਹੀ ਯੂਰੇਨੀਅਮ ਦੇ ਮਸਲੇ ਨੂੰ ਹੱਲ ਕਰਨ ਦੀ ਗੰਭੀਰਤਾ ਦਿਖਾਉਂਦਾ ਰਿਹਾ ਹੈ। ਸਚਾਈ ਇਹ ਹੈ ਕਿ ਯੂਰੇਨੀਅਮ ਨੂੰ 90% ਸੋਧ ਕੇ ਹੀ ਪ੍ਰਮਾਣੂ ਹਥਿਆਰ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਜੈਨੇਵਾ ਵਿਚ ਗੱਲਬਾਤ ਸਮੇਂ ਇਰਾਨ ਸਰਕਾਰ ਨੇ ਸਪਸ਼ਟ ਕਿਹਾ ਸੀ ਕਿ ਉਹ ਯੂਰੇਨੀਅਮ ਸੋਧਣ ਦੇ ਆਪਣੇ ਮਿਆਰ ਨੂੰ 60% ਤੋਂ 20% ’ਤੇ ਲਿਆਉਣ ਲਈ ਤਿਆਰ ਹੈ। ਅੜਿੱਕਾ ਇਹ ਹੈ ਕਿ ਅਮਰੀਕੀ-ਇਜ਼ਰਾਇਲੀ ਜੰਗਬਾਜ਼ ਨਹੀਂ ਚਾਹੁੰਦੇ ਕਿ ਉਨ੍ਹਾਂ ਤੋਂ ਆਕੀ ਇਰਾਨ ਕੋਲ ਯੂਰੇਨੀਅਮ ਰੱਖਣ ਦਾ ਹੱਕ ਹੋਵੇ। ਜੇਕਰ ਅਮਰੀਕੀ ਤੇ ਹੋਰ ਸਾਮਰਾਜੀਏ ਐਨੀ ਹੀ ਅਮਨ-ਪ੍ਰੇਮੀ ਹਨ ਤਾਂ ਉਹ ਆਪਣੇ ਪ੍ਰਮਾਣੂ ਹਥਿਆਰਾਂ ਦੇ ਅੰਬਾਰ ਖ਼ਤਮ ਕਿਉਂ ਨਹੀਂ ਕਰ ਦਿੰਦੇ? ਜੇਕਰ ਉਨ੍ਹਾਂ ਦੇ ਪ੍ਰਮਾਣੂ ਹਥਿਆਰ ਜਾਇਜ਼ ਹਨ ਤਾਂ ਹੋਰ ਮੁਲਕਾਂ ਨੂੰ ਵੀ ਪ੍ਰਮਾਣੂ ਸਮਰੱਥਾ ਵਿਕਸਤ ਕਰਨ ਦਾ ਹੱਕ ਹੈ। ਪੁਆੜੇ ਦੀ ਜੜ੍ਹ ਅਮਰੀਕਾ ਦੀ ਪ੍ਰਮਾਣੂ ਅਜਾਰੇਦਾਰੀ ਹੈ।
ਜੂਨ 2025 ਦੇ ਅਮਰੀਕੀ-ਇਜ਼ਰਾਈਲੀ ਹਮਲੇ ਤੋਂ ਬਾਅਦ, ਹੁਣ ਤਾਂ ਇਰਾਨ ਦਾ ਨਾਗਰਿਕ ਪ੍ਰਮਾਣੂ ਊਰਜਾ ਪ੍ਰੋਗਰਾਮ ਵੀ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕਾ ਹੈ। ਫਿਰ ਵੀ, ਪ੍ਰਮਾਣੂ ਊਰਜਾ ਪ੍ਰੋਗਰਾਮ ਦੇ ਬਹਾਨੇ ਅਮਰੀਕਾ ਨੇ ਇਰਾਨ ਦੀ ਆਰਥਿਕਤਾ ਨੂੰ ਸੱਟ ਮਾਰਨ ਲਈ ਮਨਮਾਨੀਆਂ ਪਾਬੰਦੀਆਂ ਬਰਕਰਾਰ ਰੱਖੀਆਂ ਹੋਈਆਂ ਹਨ। ਉਸਦੇ ਕੌਮਾਂਤਰੀ ਅਸਾਸੇ ਜਾਮ ਕੀਤੇ ਹੋਏ ਹਨ। ਵਪਾਰਕ ਸੰਕਟ ਕਾਰਨ ਇਰਾਨ ਦੀਆਂ ਵਿਕਾਸ ਯੋਜਨਾਵਾਂ ਪੂਰੀ ਤਰ੍ਹਾਂ ਠੱਪ ਹਨ। ਪਾਬੰਦੀਆਂ ਹਟਣ ਤੋਂ ਬਾਅਦ ਹੀ ਇਰਾਨ ਦਾ ਹੋਰ ਮੁਲਕਾਂ ਨਾਲ ਆਰਥਕ ਲੈਣ-ਦੇਣ ਸਹਿਜ ਹੋ ਸਕੇਗਾ। ਆਰਥਕ ਪਾਬੰਦੀਆਂ ਸਾਮਰਾਜੀ ਦਬਦਬੇ ਦਾ ਹੀ ਇਕ ਰੂਪ ਹੈ ਅਤੇ ਇਨ੍ਹਾਂ ਪਾਬੰਦੀਆਂ ਦੇ ਸਿਹਤ ਖੇਤਰ ਅਤੇ ਆਰਥਿਕਤਾ ਦੇ ਸਾਰੇ ਖੇਤਰਾਂ ਉੱਪਰ ਤਬਾਹਕੁਨ ਅਸਰਾਂ ਕਾਰਨ ਇਰਾਨ ਨੇ ਬੇਥਾਹ ਨੁਕਸਾਨ ਝੱਲਿਆ ਹੈ। ਇਸੇ ਲਈ ਇਰਾਨ ਜ਼ੋਰਦਾਰ ਮੰਗ ਕਰ ਰਿਹਾ ਹੈ ਕਿ ਬਦੇਸ਼ਾਂ ਵਿਚ ਜਾਮ ਕੀਤੇ (ਡਕੈਤਾਂ ਵਾਂਗ ਹਥਿਆਏ) ਉਨ੍ਹਾਂ ਦੇ 27 ਅਰਬ ਡਾਲਰ ਅਸਾਸੇ ਰਿਲੀਜ਼ ਕੀਤੇ ਜਾਣ ਤਾਂ ਜੋ ਉਹ ਤਬਾਹ ਹੋਏ ਬੁਨਿਆਦੀ ਢਾਂਚੇ ਦੀ ਮੁੜ ਉਸਾਰੀ ਕਰ ਸਕੇ।
ਜਦੋਂ ਇਰਾਨ ਦਾ ਪ੍ਰਮਾਣੂ ਹਥਿਆਰਾਂ ਦਾ ਪ੍ਰੋਗਰਾਮ ਹੀ ਨਹੀਂ ਹੈ ਤਾਂ ਪਾਬੰਦੀਆਂ ਦੀ ਕੋਈ ਵਾਜਬੀਅਤ ਹੀ ਨਹੀਂ ਹੈ। ਇਹ ਮੰਗ ਪੂਰੀ ਦੁਨੀਆ ਦੇ ਨਿਆਂਪਸੰਦਾਂ ਨੂੰ ਕਰਨੀ ਚਾਹੀਦੀ ਹੈ ਕਿ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਨੇ ਅਮਰੀਕਾ ਦੇ ਦਬਾਅ ਹੇਠ ਇਰਾਨ ਵਿਰੁੱਧ ਜੋ ਮਤੇ ਪਾਸ ਕੀਤੇ ਹੋਏ ਹਨ ਉਨ੍ਹਾਂ ਦਾ ਪੁਨਰ-ਮੁਲੰਕਣ ਕਰੇ। ਇਰਾਨ ਨੂੰ ਆਪਣੀਆਂ ਊਰਜਾ ਅਤੇ ਮੈਡੀਕਲ ਲੋੜਾਂ ਲਈ ਯੂਰੇਨੀਅਮ ਨੂੰ ਸੋਧਣ ਦਾ ਹੱਕ ਹੈ ਅਤੇ ਆਈ.ਏ.ਈ.ਏ. ਨੂੰ ਉਸ ਦੇ ਹੱਕ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਇਸ ਲਈ ਇਰਾਨ ਦੀ ਇਹ ਮੰਗ ਵਾਜਬ ਹੈ ਕਿ ਉਨ੍ਹਾਂ ਦੇ ਯੂਰੇਨੀਅਮ ਸੋਧ ਦੇ ਹੱਕ ਨੂੰ ਮਾਨਤਾ ਦਿੱਤੀ ਜਾਵੇ, ਸਾਰੀਆਂ ਮੂਲ ਅਤੇ ਦੋਇਮ ਦਰਜੇ ਦੀਆਂ ਪਾਬੰਦੀਆਂ ਹਟਾਈਆਂ ਜਾਣ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਾਰੇ ਮਤੇ ਰੱਦ ਕੀਤੇ ਜਾਣ, ਅਤੇ ਆਈ.ਏ.ਈ.ਏ. ਬੋਰਡ ਆਫ਼ ਗਵਰਨਰਜ਼ ਦੇ ਸਾਰੇ ਮਤੇ ਰੱਦ ਕੀਤੇ ਜਾਣ।
ਇਰਾਨ ਦੀ ਸ਼ਾਂਤੀ ਤਜਵੀਜ਼ ਅਸਥਾਈ ਰੋਕ ਤੋਂ ਕਾਫ਼ੀ ਅੱਗੇ ਦੀ ਗੱਲ ਕਰਦੀ ਹੈ। ਇਰਾਨ ਦੀ ਯੋਜਨਾ ਅਸਲ ਵਿਚ ਪੱਛਮੀ ਏਸ਼ੀਆ ਵਿਚ ਮੁਕੰਮਲ ਸ਼ਾਂਤੀ ਪੱਖੋਂ ਮਹੱਤਵਪੂਰਨ ਹੈ ਕਿਉਂਕਿ ਇਹ ਅਗਲੀ ਜੰਗ ਨੂੰ ਟਾਲਣ ਤੋਂ ਅੱਗੇ ਵਧ ਕੇ ਸਥਾਈ ਸ਼ਾਂਤੀ ਦੀ ਨੀਂਹ ਰੱਖਣਾ ਚਾਹੁੰਦੀ ਹੈ। ਪਹਿਲਾਂ ਤਾਂ ਟਰੰਪ ਨੇ ਇਸਨੂੰ ‘ਗੱਲਬਾਤ ਲਈ ਵਿਹਾਰਕ ਆਧਾਰ’ ਕਿਹਾ, ਫਿਰ ਕੁਝ ਘੰਟਿਆਂ ’ਚ ਹੀ ਇਸਨੂੰ ‘ਕੂੜੇਦਾਨ ਵਿਚ ਸੁੱਟਣਯੋਗ’ ਕਹਿ ਦਿੱਤਾ।
ਇਰਾਨ ਦੀ ਮੰਗ ਹੈ ਕਿ ਅਮਰੀਕਾ ਅਸੂਲੀ ਤੌਰ ‘ਤੇ ਹਮਲਾ ਨਾ ਕਰਨ ਦਾ ਵਚਨ ਦੇਵੇ, ਪੂਰੇ ਪੱਛਮੀ ਏਸ਼ੀਆ ਤੋਂ ਆਪਣੀ ਫ਼ੌਜ ਹਟਾਵੇ ਅਤੇ ਲਿਬਨਾਨ ਸਮੇਤ ਸਾਰੇ ਮੁਹਾਜ਼ਾਂ ‘ਤੇ ਜੰਗ ਬੰਦ ਕਰੇ। ਪੱਛਮੀ ਏਸ਼ੀਆ ਵਿਚ ਅਮਰੀਕਾ ਦੇ ਘੱਟੋ-ਘੱਟ ਵੀਹ ਫ਼ੌਜੀ ਅੱਡੇ ਹਨ। ਇਰਾਨ ਵਿਚ ਤਖ਼ਤਾ ਪਲਟ (1953), ਲਿਬਨਾਨ ਵਿਚ ਦਖ਼ਲਅੰਦਾਜ਼ੀ (1958), ਇਰਾਕ ਵਿਰੁੱਧ ਪੂਰੀ ਤਰ੍ਹਾਂ ਨਹੱਕ ਜੰਗ (2003), ਅਤੇ ਇਰਾਨ ਵਿਰੁੱਧ ਜੰਗ (2025-26), ਅਮਰੀਕੀ ਜੰਗਬਾਜ਼ੀ ਦੇ ਕਾਲੇ ਇਤਿਹਾਸ ਦੀਆਂ ਮੁੱਖ ਮਿਸਾਲਾਂ ਹਨ। ਫ਼ਲਸਤੀਨ ‘ਤੇ ਇਜ਼ਰਾਇਲੀ ਕਬਜ਼ੇ ਅਤੇ ਲਿਬਨਾਨ ਉੱਪਰ ਇਜ਼ਰਾਇਲ ਵੱਲੋਂ 1978 ਤੋਂ ਲੈ ਕੇ ਥੋਪੀ ਜੰਗ ਪਿੱਛੇ ਵੀ ਅਮਰੀਕਾ ਦਾ ਹੱਥ ਕਿਸੇ ਤੋਂ ਗੁੱਝਾ ਨਹੀਂ ਹੈ। ਅਮਰੀਕਾ ਵੱਲੋਂ ਦਹਾਕਿਆਂ ਤੋਂ ਪੱਛਮੀ ਏਸ਼ੀਆ ਵਿਚ ਅਖ਼ਤਿਆਰ ਕੀਤੀ ਹਮਲਾਵਰ ਨੀਤੀ ਦੇ ਮੱਦੇਨਜ਼ਰ ਇਰਾਨ ਦੀ ਚਿੰਤਾ ਤੇ ਮੰਗ ਪੂਰੀ ਤਰ੍ਹਾਂ ਜਾਇਜ਼ ਹੈ। ਪਾਕਿਸਤਾਨ ਨੇ ਪੁਸ਼ਟੀ ਕੀਤੀ ਹੈ ਕਿ ਜੰਗਬੰਦੀ ਵਿਚ ਲਿਬਨਾਨ ਸ਼ਾਮਲ ਸੀ ਪਰ ਟਰੰਪ ਨੇ ਨੇਤਨਯਾਹੂ ਨੂੰ ਲਿਬਨਾਨ ਵਿਚ ਤਬਾਹੀ ਮਚਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ। ਜੇਕਰ ਖਾੜੀ ਮੁਲਕ ਅਮਰੀਕਾ ਦੇ ਪਿੱਠੂ ਬਣਨਾ ਬੰਦ ਕਰਨ ਅਤੇ ਸੰਯੁਕਤ ਰਾਸ਼ਟਰ ਇਰਾਨ ਵਿਰੁੱਧ ਹਮਲਾ ਨਾ ਹੋਣ ਦੀ ਜ਼ਾਮਨੀ ਦੇਵੇ ਤਾਂ ਖਿੱਤੇ ਵਿਚ ਸੰਯੁਕਤ ਰਾਸ਼ਟਰ ਅਤੇ ਖਾੜੀ ਸਹਿਯੋਗ ਪਰਿਸ਼ਦ (ਜੀ.ਸੀ.ਸੀ.) ਰਾਹੀਂ ਮੁਕੰਮਲ ਜੰਗਬੰਦੀ ਕਰਕੇ ਸਥਾਈ ਸ਼ਾਂਤੀ ਦਾ ਰਾਹ ਪੱਧਰਾ ਕੀਤਾ ਜਾ ਸਕਦਾ ਹੈ। ਅਮਰੀਕਾ ਦੇ ਨੇੜਲੇ ਸਹਿਯੋਗੀ ਸਾਊਦੀ ਅਰਬ ਨੇ 2003 ’ਚ ਹੀ ਆਪਣੀ ਸਰਜ਼ਮੀਨ ਤੋਂ ਆਖ਼ਰੀ ਅਮਰੀਕੀ ਅੱਡਾ ਹਟਾ ਦਿੱਤਾ ਸੀ। ਸਾਊਦੀ ਸਰਕਾਰ ਨੇ ਇਰਾਨ ਦੇ ਨਾਲ ਸ਼ਾਂਤੀ ਦੀ ਇੱਛਾ ਦਿਖਾਈ ਹੈ। ਜੂਨ 2025 ਵਿਚ ਵੀ ਸਾਊਦੀ ਅਰਬ ਨੇ ਇਰਾਨ ‘ਤੇ ਅਮਰੀਕਾ-ਇਜ਼ਰਾਈਲ ਦੀ ਬੰਬਾਰੀ ਦੀ ਨਿੰਦਾ ਕੀਤੀ ਸੀ ਅਤੇ ਇਹ ਵੀ ਕਿਹਾ ਹੈ ਕਿ ਉਸਨੇ ਅਮਰੀਕਾ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ। ਹੁਣ ਉਨ੍ਹਾਂ ਦਾ ਪਾਕਿਸਤਾਨ ਤੋਂ ਫ਼ੌਜੀ ਮੱਦਦ ਲੈਣਾ ਅਮਰੀਕਾ ਉੱਪਰ ਸੁਰੱਖਿਆ ਨਿਰਭਰਤਾ ਘਟਾਉਣ ਦਾ ਸੰਕੇਤ ਹੈ। ਜੇਕਰ ਖਾੜੀ ਦਾ ਸਭ ਤੋਂ ਮਹੱਤਵਪੂਰਨ ਰਾਜ ਆਪਣੀ ਇਸ ਪੁਜੀਸ਼ਨ ’ਤੇ ਕਾਇਮ ਰਹੇ, ਜੇਕਰ ਜੀ.ਸੀ.ਸੀ. ਬਦੇਸ਼ੀ ਫ਼ੌਜੀ ਅੱਡਿਆਂ ਨੂੰ ਹਟਾਉਣ ਦਾ ਮਤਾ ਪਾਸ ਕਰੇ ਅਤੇ ਇਜ਼ਰਾਈਲੀ ਫ਼ੌਜ ਨੂੰ ਸੁਰੱਖਿਅਤ ਹੱਦ ਤੱਕ ਪਿੱਛੇ ਹਟਾਉਣ ਲਈ ਦਬਾਅ ਪਾਵੇ ਤਾਂ ਇਸ ਖਿੱਤੇ ਵਿਚ ਸਥਾਈ ਸ਼ਾਂਤੀ ਸੰਭਵ ਹੈ।
ਇਰਾਨ ਨੇ ਅਮਰੀਕੀ-ਇਜ਼ਰਾਇਲੀ ਹਮਲਿਆਂ ਦੁਆਰਾ ਇਰਾਨ ਦੇ ਕੀਤੇ ਗਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਰਾਕ ਨੂੰ 1990 ’ਚ ਕੁਵੈਤ ਉੱਪਰ ਕੀਤੇ ਹਮਲੇ ਬਦਲੇ ਮੁਆਵਜ਼ਾ ਦੇਣਾ ਪਿਆ ਸੀ। ਉਸ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਯੂ.ਐੱਨ. ਮੁਆਵਜ਼ਾ ਕਮਿਸ਼ਨ ਬਣਾਇਆ ਜਿਸਨੇ 52.4 ਅਰਬ ਡਾਲਰ ਨੁਕਸਾਨ ਦੇ ਦਾਅਵਿਆਂ ਦੀ ਨਜ਼ਰਸਾਨੀ ਕੀਤੀ। ਇਸ ਮੁਤਾਬਿਕ ਇਰਾਨ ਦਾ ਇਹ ਮੰਗ ਕਰਨਾ ਬਿਲਕੁਲ ਵਾਜਬ ਹੈ ਕਿ ਅਮਰੀਕਾ ਇਰਾਨ ਦਾ ਨੁਕਸਾਨ ਪੂਰਾ ਕਰੇ ਜੋ ਇਰਾਕ ਅਤੇ ਇਰਾਨ ਵਿਰੁੱਧ ਦੋ ਨਜਾਇਜ਼ ਜੰਗਾਂ ਥੋਪਣ ਦਾ ਮੁਜਰਿਮ ਹੈ। ਕੁਵੈਤ ਦੀ ਮਿਸਾਲ ਇਰਾਨ ਲਈ ਵੀ ਯੂ.ਐੱਨ. ਕਮਿਸ਼ਨ ਬਣਾਉਣ ਦਾ ਆਧਾਰ ਬਣ ਸਕਦੀ ਹੈ, ਇਹ ਵੱਖਰੀ ਗੱਲ ਹੈ ਕਿ ਅਮਰੀਕਾ ਸੁਰੱਖਿਆ ਪਰਿਸ਼ਦ ਵਿਚ ਅਜਿਹੇ ਕਿਸੇ ਵੀ ਮਤੇ ਨੂੰ ਵੀਟੋ ਤਾਕਤ ਨਾਲ ਰੋਕੇਗਾ।
ਇਰਾਨ ਦਾ ਹੋਰਮੁਜ਼ ਸਮੁੰਦਰੀ ਮਾਰਗ ਉੱਪਰ ਆਪਣਾ ਮੌਜੂਦਾ ਕੰਟਰੋਲ ਬਰਕਰਾਰ ਰੱਖਣ ਅਤੇ ਆਪਣੇ ਸਮੁੰਦਰੀ ਖੇਤਰ ਵਿਚੋਂ ਲੰਘਣ ਵਾਲੇ ਤੇਲ ਟੈਂਕਰਾਂ ਤੋਂ ਟੌਲ ਲੈਣ ਲਈ ਅੜਨਾ ਵੀ ਗ਼ੌਰਤਲਬ ਹੈ। ਸਮੁੰਦਰਾਂ ਦੇ ਕਾਨੂੰਨ ਸੰਬੰਧੀ ਸੰਯੁਕਤ ਰਾਸ਼ਟਰ ਸੰਧੀ (1982) ਦਾ ਇਕ ਨਿਯਮ ਇਹ ਇਜਾਜ਼ਤ ਦਿੰਦਾ ਹੈ ਕਿ ਜੇਕਰ ਉਨ੍ਹਾਂ ਵਿਚੋਂ ਲੰਘਣ ਲਈ ਜ਼ਰੂਰਤ ਹੋਵੇ ਤਾਂ ਮੁਲਕਾਂ ਦੇ ਅਖਤਿਆਰ ਹੇਠ ਆਉਂਦੇ ਪਾਣੀਆਂ ਨੂੰ ਖੁੱਲ੍ਹੇ ਸਮੁੰਦਰ ਵਾਂਗ ਮੰਨਿਆ ਜਾ ਸਕਦਾ ਹੈ। ਹਾਲਾਂਕਿ ਅਮਰੀਕਾ ਨੇ ਇਸ ਸੰਧੀ ਦੀ ਪੁਸ਼ਟੀ ਨਹੀਂ ਕੀਤੀ ਹੈ, ਅਤੇ ਇਰਾਨ ਨੇ ਹਮੇਸ਼ਾ ਇਸ ਨਿਯਮ ‘ਤੇ ਇਤਰਾਜ਼ ਕੀਤਾ ਹੈ। ਇਰਾਨ ਨੇ ਦਹਾਕਿਆਂ ਤੋਂ ਹੋਰਮੁਜ਼ ਨੂੰ ਟੈਕਸ-ਮੁਕਤ ਰੱਖਿਆ ਹੋਇਆ ਹੈ, ਹੁਣ ਉਸਨੇ ਟੌਲ ਵਸੂਲਣ ਦਾ ਐਲਾਨ ਕਰ ਦਿੱਤਾ ਹੈ ਜਿਸਨੂੰ ਟਰੰਪ ‘ਫਿਰੌਤੀ ਵਸੂਲਣਾ; ਅਤੇ ਜੇ.ਡੀ. ਵੇਂਸ ‘ਆਰਥਕ ਦਹਿਸ਼ਤਵਾਦ’ ਕਹਿ ਰਿਹਾ ਹੈ।
ਇਰਾਨ ਦੀ ਦਸ-ਨੁਕਾਤੀ ਸ਼ਾਂਤੀ ਤਜਵੀਜ਼ ਟਰੰਪ ਤੇ ਉਸਦੇ ਜੋਟੀਦਾਰ ਨੇਤਨਯਾਹੂ ਨੂੰ ਮਨਜ਼ੂਰ ਨਹੀਂ ਹੈ। ਅਮਰੀਕਾ-ਇਰਾਨ ਦਰਮਿਆਨ ਆਰਜ਼ੀ ਜੰਗਬੰਦੀ ਹੁੰਦੇ ਸਾਰ ਨੇਤਨਯਾਹੂ ਨੇ ਲਿਬਨਾਨ ਉੱਪਰ ਹਮਲਾ ਕਰਕੇ ਅਤੇ ਉੱਥੇ ਵਿਆਪਕ ਪੱਧਰ ‘ਤੇ ਤਬਾਹੀ ਮਚਾ ਕੇ ਅਤੇ ਹਮਲੇ ਜਾਰੀ ਰੱਖ ਕੇ ਆਪਣੇ ਦੁਸ਼ਟ ਇਰਾਦੇ ਸਪਸ਼ਟ ਕਰ ਦਿੱਤੇ ਹਨ ਕਿ ਉਹ ਜੰਗ ਬੰਦ ਨਹੀਂ ਕਰੇਗਾ ਅਤੇ ਅਮਰੀਕਾ ਉਸਨੂੰ ਰੋਕੇਗਾ ਨਹੀਂ। ਕਿਸੇ ਵੀ ਕੀਮਤ ’ਤੇ ਹਮਲੇ ਜਾਰੀ ਰੱਖਣ ਪਿੱਛੇ ਇਜ਼ਰਾਇਲੀ ਪਸਾਰਵਾਦੀ ਹਿਤਾਂ ਦੇ ਨਾਲ-ਨਾਲ ਨੇਤਨਯਾਹੂ ਦਾ ਨਿੱਜੀ ਹਿਤ ਵੀ ਹੈ। ਉਹ ਅਜਿਹਾ ਕਰਕੇ ਇਜ਼ਰਾਇਲ ਦੇ ਲੋਕਾਂ ਦਾ ਧਿਆਨ ਆਪਣੇ ਵਿਆਪਕ ਭ੍ਰਿਸ਼ਟਾਚਾਰ ਤੋਂ ਹਟਾਈ ਰੱਖਣਾ ਚਾਹੁੰਦਾ ਹੈ।
ਹੋਰਮੁਜ਼ ਮਾਰਗ ਬੰਦ ਹੋਣ ਕਰਕੇ ਤੇਲ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਅਤੇ ਉਸਦੇ ਨਾਟੋ ਸੰਗੀਆਂ ਤੇ ਖਾੜੀ ਮੁਲਕਾਂ ਵੱਲੋਂ ਉਸਦੇ ਨਾਲ ਨਾ ਖੜ੍ਹਨ ਕਰਕੇ ‘ਨਿਜ਼ਾਮ ਬਦਲਣ’ ਤੁਰੇ ਟਰੰਪ ਦਾ ਪੱਛਮੀ ਏਸ਼ੀਆ ਉੱਪਰ ਚੁਣੌਤੀ ਰਹਿਤ ਕਬਜ਼ੇ ਦਾ ਮਿਸ਼ਨ ਲਟਕ ਗਿਆ ਹੈ। ਕਰੋੜਾਂ ਇਰਾਨੀ ਲੋਕਾਂ ਨੇ ਆਪਣੀ ਸਰਕਾਰ ਦੇ ਸੱਦੇ ’ਤੇ ਪਾਵਰ ਪਲਾਂਟਾਂ, ਪੁਲਾਂ ਆਦਿ ਦੀ ਰਾਖੀ ਲਈ ਮਨੁੱਖੀ-ਚੇਨ ਬਣਾ ਕੇ ਬਦੀ ਦੇ ਧੁਰੇ ਨੂੰ ਦੱਸ ਦਿੱਤਾ ਹੈ ਕਿ ਉਨ੍ਹਾਂ ਦੀ ਘਰੇਲੂ ਲੜਾਈ ਕੁਝ ਵੀ ਹੋਵੇ, ਮੁਲਕ ਦੀ ਰਾਖੀ ਲਈ ਉਹ ਆਪਣੀ ਸਰਕਾਰ ਦੇ ਨਾਲ ਹਨ। ਟਰੰਪ ਵੱਲੋਂ ਸਮੁੰਦਰੀ ਫ਼ੌਜ ਦੇ ਜ਼ੋਰ ਹੋਰਮੁਜ਼ ਨੂੰ ਖੋਲ੍ਹਣ ਲਈ ਨਾਕਾਬੰਦੀ ਸ਼ੁਰੂ ਕਰਵਾ ਦਿੱਤੀ ਗਈ ਹੈ। ਟਰੰਪ ਦਾ ਫ਼ਰਮਾਨ ਹੈ ਕਿ ਇਰਾਨ ਨੂੰ ਟੌਲ ਦੇਣ ਵਾਲੇ ਕਿਸੇ ਵੀ ਜਹਾਜ਼ ਨੂੰ ਲੰਘਣ ਨਹੀਂ ਦਿੱਤਾ ਜਾਵੇਗਾ। ਜਿਨ੍ਹਾਂ ਤੋਂ ਇਰਾਨ ਟੌਲ ਵਸੂਲ ਕਰੇਗਾ ਉਨ੍ਹਾਂ ਦਾ ਇਤਰਾਜ਼ ਤਾਂ ਸਮਝ ਆਉਂਦਾ ਹੈ, ਭਲਾ ਟਰੰਪ ਨੂੰ ਇਤਰਾਜ਼ ਕਿਉਂ? ਕਿਉਂਕਿ ਉਹ ਇਸ ਬਹਾਨੇ ਇਰਾਨ ਦਾ ਤੇਲ ਦਾ ਕਾਰੋਬਾਰ ਤੇ ਕੌਮਾਂਤਰੀ ਮੰਡੀਆਂ ਤੱਕ ਪਹੁੰਚ ਬੰਦ ਕਰਕੇ ਇਰਾਨ ਦੀ ਆਰਥਿਕਤਾ ਦਾ ਗਲਾ ਘੁੱਟਣਾ ਚਾਹੁੰਦਾ ਹੈ। ਉਹ ਚੀਨ ਨੂੰ ਇਰਾਨ ਤੋਂ ਜਾ ਰਹੇ ਤੇਲ ਦੀ ਸਪਲਾਈ ’ਚ ਵਿਘਨ ਪਾਉਣਾ ਅਤੇ ਇਰਾਨ ਤੋਂ ਤੇਲ ਲੈਣ ਵਾਲੇ ਮੁਲਕਾਂ ਨੂੰ ਅਮਰੀਕਾ ਤੋਂ ਮਹਿੰਗਾ ਤੇਲ ਖ਼ਰੀਦਣ ਲਈ ਮਜਬੂਰ ਕਰਨਾ ਚਾਹੁੰਦਾ ਹੈ। ਅਸਰਦਾਰ ਹੋਣ ਦੀ ਸੂਰਤ ’ਚ ਨਾਕਾਬੰਦੀ ਇਰਾਨ ਦੀ ਆਰਥਿਕਤਾ ਅਤੇ ਉਸਦੀ ਜੰਗ ਲੜਨ ਦੀ ਸਮਰੱਥਾ ਉੱਪਰ ਵੱਡੀ ਸੱਟ ਸਾਬਤ ਹੋਵੇਗੀ। ਇਸ ਨੂੰ ਬੇਅਸਰ ਕਰਨ ਲਈ ਇਰਾਨ ਦੇ ਸਾਹਮਣੇ ਹੁਣ ਬੇਹੱਦ ਸਖ਼ਤ ਲੜਾਈ ਹੈ। ਉਨ੍ਹਾਂ ਨੇ ਖਾੜੀ ਦੀਆਂ ਸਾਰੀਆਂ ਬੰਦਰਗਾਹਾਂ ਦੀ ਆਵਾਜਾਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਬਰਤਾਨੀਆ ਅਤੇ ਫਰਾਂਸ ਹੋਰਮੁਜ਼ ਮਾਰਗ ਤਾਂ ਖੁੱਲਵਾਉਣਾ ਚਾਹੁੰਦੇ ਹਨ ਪਰ ਉਹ ਟਰੰਪ ਦੀ ਨਾਕਾਬੰਦੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਨਾਕਾਬੰਦੀ ਦਾ ਵਿਹਾਰਕ ਅਸਰ ਕੀ ਹੋਵੇਗਾ? ਜਿਨ੍ਹਾਂ ਸਰਕਾਰਾਂ ਦੇ ਜਹਾਜ਼ ਰੋਕੇ ਜਾਣਗੇ, ਕੀ ਉਹ ਇਰਾਨ ਵਿਰੁੱਧ ਟਰੰਪ ਨਾਲ ਖੜ੍ਹਨਗੇ? ਕੀ ਅਮਰੀਕੀ ਫ਼ੌਜ ਚੀਨ, ਰੂਸ ਦੇ ਜਹਾਜ਼ ਵੀ ਰੋਕੇਗੀ? ਅਜਿਹਾ ਹੋਣ ਦੀ ਸੂਰਤ ’ਚ ਰੂਸ ਤੇ ਚੀਨ ਕੀ ਜੰਗ ਦੀ ਧਿਰ ਬਣਨਗੇ ਜਾਂ ਇਸ ਸਥਿਤੀ ਨਾਲ ਕੂਟਨੀਤਕ ਤਰੀਕੇ ਨਾਲ ਨਜਿੱਠਣਾ ਚਾਹੁਣਗੇ? ਚੀਨ ਨੇ ਰੱਖਿਆ ਮੰਤਰੀ ਦਾ ਚੇਤਾਵਨੀਨੁਮਾ ਬਿਆਨ ਆ ਗਿਆ ਹੈ ਕਿ ‘ਇਰਾਨ ਨਾਲ ਸਮਝੌਤਿਆਂ ਦੇ ਤਹਿਤ ਸਾਡੇ ਜਹਾਜ਼ ਹੋਰਮੁਜ਼ ਵਿਚ ਆਉਂਦੇ-ਜਾਂਦੇ ਰਹਿਣਗੇ, ਅਮਰੀਕਾ ਇਸ ਵਿਚ ਦਖ਼ਲ ਨਾ ਦੇਵੇ, ਚੀਨ ਵੱਲੋਂ ਇਰਾਨ ਨਾਲ ਕਾਰੋਬਾਰ ਤੇ ਊਰਜਾ ਦੇ ਸਮਝੌਤੇ ਨਿਭਾਏ ਜਾਣਗੇ।’ ਪੱਛਮੀ ਏਸ਼ੀਆ ਬਹੁਤ ਨਾਜ਼ੁਕ ਮੋੜ ’ਤੇ ਹੈ। ਟਰੰਪ ਕੁਝ ਵੀ ਦਾਅਵੇ ਕਰੇ, ਜੰਗਬੰਦੀ 21 ਅਪ੍ਰੈਲ ਤੱਕ ਹੈ ਅਤੇ ਮੁੜ ਗੱਲਬਾਤ ਕਰਨ ਦੀ ਜ਼ਰੂਰਤ ਦਾ ਦਬਾਅ ਦੋਹਾਂ ਧਿਰਾਂ ਉੱਪਰ ਹੈ। ਇਹ ਸੰਕੇਤ ਵੀ ਆ ਰਹੇ ਹਨ ਕਿ ਦੁਬਾਰਾ ਗੱਲਬਾਤ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਆਉਣ ਵਾਲੇ ਦਿਨਾਂ ਦਾ ਘਟਨਾ-ਵਿਕਾਸ ਬਹੁਤ ਮਹੱਤਵਪੂਰਨ ਹੋਵੇਗਾ।
ਵੀਅਤਨਾਮ ਯੁੱਧ ਦਾ ਇਤਿਹਾਸ ਗਵਾਹ ਹੈ ਕਿ ਲਹੂ ਦੀ ਤਿਹਾਈ ਸਾਮਰਾਜੀ ਸੁਪਰ ਪਾਵਰ ਤੋਂ ਆਪਣੇ ਵਤਨ ਦੀ ਆਜ਼ਾਦੀ ਦੀ ਰਾਖੀ ਕਰਨ ਲਈ ਸਮਾਜਾਂ ਨੂੰ ਜਾਨੀ-ਮਾਲੀ ਨੁਕਸਾਨ ਦੇ ਰੂਪ ਵਿਚ ਬੇਥਾਹ ਮੁੱਲ ਤਾਰਨਾ ਪੈਂਦਾ ਹੈ। ਨਿਰਸੰਦੇਹ, ਤਬਾਹੀ ਮਚਾਊ ਜੰਗੀ ਮਸ਼ੀਨ ਨਾਲ ਲੈਸ ਅਮਰੀਕਾ-ਇਜ਼ਰਾਇਲ ਇਰਾਨ ਦਾ ਹੋਰ ਵੀ ਵੱਡਾ ਨੁਕਸਾਨ ਕਰ ਸਕਦੇ ਹਨ। ਪਰ ਅਮਰੀਕਾ ਦੀ ਪੁਰਾਣੀ, ਇਕ-ਧਰੁਵੀ ਸੰਸਾਰ ਵਾਲੀ ਧੌਂਸ ਹੁਣ ਨਹੀਂ ਚੱਲੇਗੀ ਕਿਉਂਕਿ ਹੁਣ ਬਦਲੇ ਹੋਏ ਸ਼ਕਤੀ-ਸੰਤੁਲਨ ਵਿਚ ਉਸਦੀ ਦੁਨੀਆ ਨੂੰ ਕੰਟਰੋਲ ਕਰਨ ਦੀ ਪਹਿਲਾਂ ਵਾਲੀ ਸਮਰੱਥਾ ਨਹੀਂ ਰਹੀ ਹੈ।
