ਡਾ ਗੁਰਬਖ਼ਸ਼ ਸਿੰਘ ਭੰਡਾਲ
ਸੱਚੋ-ਸੱਚ ਬੋਲ ਫਕੀਰਾ, ਦੱਸ ਜ਼ਿੰਦਗੀ ਦਾ ਰਾਜæ। ਕਿਹੜੇ ਵਕਤ ਦਾ ਲੇਖਾ ਹੁੰਦੈ, ਕਿਹੜਾ ਜੀਵਨ ਰਾਜ਼? ਕਿਹੜੇ ਵੇਲੇ ਭਰਨੀ ਚਾਹੀਦੀ, ਅੰਬਰ ਵਿਚ ਪ੍ਰਵਾਜæ। ਤਾਂ ਕਿ ਜੀਵਨ ਨੂੰ ਮਾਣੇ, ਸਾਹਾਂ ਸੰਦੜਾ ਸਾਜ਼। ਇਸਦੀ ਰੂਹ ‘ਚੋਂ ਸਦਾ ਸੁਣੇਸੀ, ਜੀਣ, ਜਸ਼ਨ, ਅੰਦਾਜ਼।
ਜ਼ਿੰਦਗੀ ਬਹੁਤ ਹੀ ਖੂਬਸੂਰਤ। ਜਿਊਣਾ ਅਤੇ ਜੀਣ ਨੂੰ ਮਾਨਣਾ ਦੋ ਵੱਖ-ਵੱਖ ਪਹਿਲੂ। ਕੀ ਕਦੇ ਸੋਚਿਆ ਕਿ ਅਸੀਂ ਜ਼ਿੰਦਗੀ ਨੂੰ ਜਿਊਂਦੇ ਹਾਂ ਜਾਂ ਜ਼ਿੰਦਗੀ ਸਾਨੂੰ ਜਿਉ ਰਹੀ ਆ? ਕੀ ਜ਼ਿੰਦਗੀ ਦੇ ਹਰ ਪਲ ਨੂੰ ਖ਼ੂਬਸੂਰਤ ਬਣਾਉਣ ਲਈ ਕੋਈ ਉਪਰਾਲਾ ਕਰਦੇ ਹਾਂ? ਕੀ ਜ਼ਿੰਦਗੀ ਦੇ ਹਰ ਪਲ ਨੂੰ ਕੰਜੂਸੀ ਨਾਲ ਵਰਤਦਿਆਂ, ਇਸਦੇ ਸਾਹਾਂ ਦੀ ਸੰਘੀ ਨੱਪੀ ਰੱਖਦੇ ਹਾਂ?
ਜੀਵਨ ਦੇ ਮੁੱਢਲੇ ਪੜਾਅ ਵਿਚ ਸਥਾਪਤੀ ਲਈ ਜਦੋ-ਜਹਿਦ ਕਰਦਿਆਂ ਸਾਨੂੰ ਅਕਸਰ ਹੀ ਜ਼ਿੰਦਗੀ ਦੇ ਸੁਹਾਵਣੇ ਪਲਾਂ ਦਾ ਚੇਤਾ ਭੁੱਲ ਜਾਂਦਾ। ਅਸੀਂ ਇਸ ਜਦੋ-ਜਹਿਦ ਵਿਚੋਂ ਹੀ ਆਪਣੇ ਹਿੱਸੇ ਦਾ ਅੰਬਰ ਅਤੇ ਆਪਣੇ ਸਿਰ ਗੋਚਰੀ ਥਾਂ ਜੁ ਤਲਾਸ਼ਣੀ ਹੁੰਦੀ। ਸਿਰ ਦੀ ਛੱਤ ਲਈ ਵੀ ਹੰਭਲਾ ਮਾਰਨਾ ਹੁੰਦਾ। ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਖੁਦ ਨੂੰ ਇੰਨਾ ਕੁ ਸਮਰੱਥ ਕਰਨਾ ਹੁੰਦਾ ਕਿ ਇਸ ਬੋਝ ਥੱਲੇ ਸਾਡਾ ਲੱਕ ਹੀ ਕੁੱਬਾ ਨਾ ਹੋ ਜਾਵੇ। ਅਸੀਂ ਆਪਣੀ ਧੌਣ ਉਚੀ ਕਰਕੇ ਜੀਵਨ ਮਾਰਗ ਦੇ ਪਾਂਧੀ ਬਣੇ ਰਹੀਏ। ਪਰ ਕੀ ਸਾਰੀ ਉਮਰ ਹੀ ਅਸੀਂ ਆਪਣੇ ਹਿੱਸੇ ਦੀ ਜ਼ਿੰਦਗੀ ਤੋਂ ਅਵੇਸਲੇ ਰਹਿ ਕੇ ਸਾਹਾਂ ਨੂੰ ਸਮੇਟ ਇਸ ਜਹਾਨੋਂ ਹੀ ਤੁਰ ਜਾਣਾ? ਇਹ ਸਵਾਲ ਹਰ ਉਸ ਵਿਅਕਤੀ ਦੇ ਮਨ ਵਿਚ ਜ਼ਰੂਰ ਆਉਣਾ ਚਾਹੀਦਾ ਜੋ ਆਪਣੇ ਆਪ ਤੋਂ ਬੇਮੁੱਖ ਹੋ ਕੇ ਕੋਹਲੂ ਦਾ ਬਲਦ ਬਣਿਆ ਹੋਇਆ ਹੈ।
ਅਸੀਂ ਅਕਸਰ ਆਪਣੀਆਂ ਸੱਤ ਪੁਸ਼ਤਾਂ ਲਈ ਧਨ ਇਕੱਠਾ ਕਰਨ ਦੀ ਹੋੜ ਵਿਚ ਆਪਣਾ ਵਰਤਮਾਨ ਦਾਅ `ਤੇ ਲਾਉਂਦੇ। ਸਾਨੂੰ ਇਹ ਭਰਮ ਹੁੰਦਾ ਕਿ ਸ਼ਾਇਦ ਸਾਡੀ ਅਗਲੀ ਨਸਲ ਕਿਸੇ ਜੋਗੀ ਨਹੀਂ ਰਹਿਣਾ। ਅਸੀਂ ਉਨ੍ਹਾਂ ਦੇ ਕੱਲ੍ਹ ਦੇ ਫ਼ਿਕਰ ਵਿਚ ਆਪਣਾ ਅੱਜ ਦਾਅ `ਤੇ ਲਾਉਂਦੇ।
ਯਾਦ ਰਹੇ ਕਿ ਆਪਣੇ ਬੱਚਿਆਂ ਨੂੰ ਧਨ ਨਾ ਦਿਓ ਸਗੋਂ ਧਨ ਕਮਾਉਣ ਦੇ ਯੋਗ ਬਣਾਓ। ਤੁਹਾਡਾ ਦਿੱਤਾ ਹੋਇਆ ਧਨ ਤਾਂ ਉਹ ਬੜੀ ਜਲਦੀ ਉਡਾ ਹੀ ਦੇਣਗੇ। ਪਰ ਜੇ ਉਹ ਖੁLਦ ਕਮਾਈ ਕਰਨ ਦੇ ਯੋਗ ਹੋ ਗਏ ਤਾਂ ਉਹ ਆਪਣੀਆਂ ਆਰਥਿਕ ਲੋੜਾਂ ਦੀ ਪੂਰਤੀ ਖ਼ੁਦ ਕਰ ਲੈਣਗੇ।
ਬੱਚਿਆਂ ਨੂੰ ਧਨ ਨਹੀਂ ਸਗੋਂ ਉਨ੍ਹਾਂ ਨੂੰ ਤੁਹਾਡੇ ਵਕਤ ਦੀ ਲੋੜ ਕਿ ਤੁਸੀਂ ਉਨ੍ਹਾਂ ਨਾਲ ਕਿੰਨਾ ਸਮਾਂ ਬਿਤਾਉਂਦੇ? ਉਨ੍ਹਾਂ ਨਾਲ ਕਿਸ ਕਿਸਮ ਦਾ ਰਿਸ਼ਤਾ ਬਣਾਉਂਦੇ? ਆਪਣੇ ਨਾਲ ਕਿੰਝ ਜੋੜਦੇ? ਉਨ੍ਹਾਂ ਦੇ ਪੱਧਰ `ਤੇ ਉਨ੍ਹਾਂ ਵਾਂਗ ਸੋਚਦੇ, ਉਨ੍ਹਾਂ ਨੂੰ ਆਪਣੇ ਪੈਰਾਂ `ਤੇ ਖੜ੍ਹਨ ਅਤੇ ਸੁਪਨੇ ਪੂਰੇ ਕਰਨ ਲਈ ਕਿੰਨੀ ਕੁ ਹੱਲਾ-ਸ਼ੇਰੀ ਅਤੇ ਹੌਸਲਾ ਦਿੰਦੇ ਹੋ?
ਸਾਡੀ ਪੰਜਾਬੀਆਂ ਦੀ ਫਿਤਰਤ ਹੈ ਕਿ ਅਸੀਂ ਆਪ ਤਾਂ ਚੱਜ ਦਾ ਖਾਂਦੇ ਜਾਂ ਹੰਢਾਉਂਦੇ ਨਹੀਂ ਸਗੋਂ ਧਨ ‘ਤੇ ਕੁੰਡਲੀ ਮਾਰੀ ਬੈਠਦੇ ਹਾਂ। ਕਈ ਵਾਰ ਆਪਣੀ ਔਲਾਦ ਨੂੰ ਵੀ ਭੇਤ ਨਹੀਂ ਦਿੰਦੇ। ਲੋੜੀਂਦੇ ਆਰਥਿਕ ਸਹਿਯੋਗ ਤੋਂ ਬਗੈਰ ਜੇ ਔਲਾਦ ਹੀ ਭਟਕ ਗਈ ਤਾਂ ਜਮ੍ਹਾਂ ਕੀਤੇ ਧਨ ਦਾ ਕੀ ਅਰਥ ਰਹਿ ਜਾਵੇਗਾ? ਬਜੁLਰਗਾਂ ਨੂੰ ਇਹ ਲੱਗਦਾ ਕਿ ਅਸੀਂ ਜਿੰਨਾ ਧਨ ਆਪਣੇ ਕੋਲ ਜਮ੍ਹਾਂ ਰੱਖਾਂਗੇ ਸਾਡੀ ਔਲਾਦ ਉਸ ਧਨ ਦੇ ਲਾਲਚ ਵਿਚ ਬਜੁLਰਗੀ ਵੇਲੇ ਸਾਡੀ ਦੇਖਭਾਲ ਕਰੇਗੀ ਅਤੇ ਸਾਡਾ ਆਖਰੀ ਵੇਲਾ ਬਹੁਤ ਸੌਖਾ ਹੋਵੇਗਾ। ਯਾਦ ਰਹੇ ਕਿ ਇੰਝ ਨਹੀਂ ਹੁੰਦਾ। ਬੱਚਿਆਂ ਨੇ ਸੇਵਾ ਉਨ੍ਹਾਂ ਦੀ ਮਾਨਸਿਕਤਾ, ਮਿਲੇ ਸੰਸਕਾਰਾਂ, ਹੋਏ ਪਾਲਣ-ਪੋਸ਼ਣ ਅਤੇ ਦੇਖੇ ਤੇ ਹੰਢਾਏ ਹਾਲਾਤ ਨੂੰ ਸਮਝਦਿਆਂ ਹੀ ਕਰਨੀ ਹੁੰਦੀ।
ਅੱਜ-ਕੱਲ੍ਹ ਤਾਂ ਬੱਚੇ ਅਕਸਰ ਹੀ ਕਹਿ ਦਿੰਦੇ ਕਿ ਸਾਨੂੰ ਤੁਹਾਡੇ ਪੈਸਿਆਂ ਦੀ ਲੋੜ ਨਹੀਂ। ਤੁਸੀਂ ਆਪਣੀ ਜ਼ਿੰਦਗੀ ਮਾਣੋ। ਪਰ ਕੀ ਅਸੀਂ ਕਦੇ ਇਸ `ਤੇ ਅਮਲ ਕਰਦੇ ਹਾਂ? ਬਹੁਤ ਵੱਡਾ ਪ੍ਰਸ਼ਨ ਹੈ ਅਤੇ ਇਸਦਾ ਜਵਾਬ ਵੀ ਸਾਨੂੰ ਹੀ ਦੇਣਾ ਪੈਣਾ ਹੈ। ਔਲਾਦ ਆਪਣੇ ਮਾਪਿਆਂ ਪ੍ਰਤੀ ਕਿੰਨੀ ਕੁ ਸੰਵੇਦਨਸ਼ੀਲ ਹੈ, ਇਹ ਮੈਂ ਕੈਨੇਡਾ/ਅਮਰੀਕਾ ਵਿਚ ਰਹਿੰਦਿਆਂ ਬਹੁਤ ਨੇੜਿਉਂ ਪ੍ਰਤੱਖ ਦੇਖਿਆ ਹੈ। ਇਕ ਰਿਟਾਇਰਡ ਬਜੁLਰਗ ਜੋੜੇ ਨੇ ਆਪਣਾ ਸਭ ਕੁਝ ਵੇਚ ਵੱਟ ਕੇ ਆਪਣੇ ਬੱਚਿਆਂ ਨੂੰ ਦੇ ਦਿੱਤਾ ਤਾਂ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਵਿਚ ਆਪਣਾ ਘਰ ਲੈ ਲੈਣ ਅਤੇ ਉਨ੍ਹਾਂ ਦਾ ਬੁਢੇਪਾ ਵੀ ਬਹੁਤ ਸੁਖਾਲਾ ਹੋਵੇਗਾ। ਔਲਾਦ ਨੇ ਮਾਪਿਆਂ ਨੂੰ ਘਰ ਦੀ ਬੇਸਮੈਂਟ ਕੁਝ ਸਮਾਂ ਰੱਖ ਕੇ ਘਰੋਂ ਹੀ ਕੱਢ ਦਿਤਾ ਤਾਂ ਕਿ ਮਾਪੇ, ਬੱਚਿਆਂ ਦੀ ਜ਼ਿੰਦਗੀ ਵਿਚ ਖ਼æਲਲ ਨਾ ਪਾਉਣ। ਬਾਪ ਬਿਮਾਰ ਹੋ ਹਸਪਤਾਲ ਵਿਚ ਆਖਰੀ ਸਾਹਾਂ `ਤੇ ਸੀ ਤਾਂ ਬੱਚਿਆਂ ਨੂੰ ਇਹ ਫ਼ਿਕਰ ਹੋ ਗਿਆ ਕਿ ਇਹ ਜਲਦੀ ਮਰੇ ਅਤੇ ਅਸੀਂ ਆਪਣੇ ਕੰਮਾਂ `ਤੇ ਜਾਈਏ। ਇੰਝ ਹੀ ਹੋਇਆ ਕਿ ਬਾਪ ਦੇ ਮਰਨ ਤੋਂ ਪਹਿਲਾਂ ਹੀ ਉਸਦੇ ਸਸਕਾਰ ਅਤੇ ਅੰਤਮ ਰਸਮਾਂ ਦੀਆਂ ਪੂਰੀਆਂ ਤਿਆਰੀਆਂ ਤੇ ਤਰੀਖ਼ਾਂ ਨਿਸ਼ਚਿਤ ਕਰ ਲਈਆਂ। ਕੇਹੀ ਸੋਚ ਕਿ ਔਲਾਦ ਲਈ ਬਾਪ ਦਾ ਜਲਦੀ ਤੁਰ ਜਾਣਾ ਹੀ ਰਾਹਤ ਦਾ ਸਭ ਤੋਂ ਵੱਡਾ ਸਬੱਬ ਬਣ ਗਿਆ।
ਯਾਦ ਰਹੇ ਕਿ ਬਾਪ ਦੇ ਬਲਦੇ ਸਿਵੇ ਕੋਲ ਖੜ੍ਹ ਕੇ ਜ਼ਮੀਨ ਦੀਆਂ ਵੰਡੀਆਂ ਪਾਉਣ ਵਾਲਿਆਂ ਦੀ ਔਲਾਦ ਨੇ ਤਾਂ ਉਨ੍ਹਾਂ ਦੀ ਲਾਸ਼ ਹੀ ਵੰਡ ਲੈਣੀ ਹੈ ਕਿਉਂਕਿ ਜੋ ਔਲਾਦ ਆਪਣੇ ਅੱਖੀਂ ਦੇਖਦੀ ਹੈ, ਉਸ ਤੋਂ ਵਧ ਕੇ ਉਨ੍ਹਾਂ ਨਾਲ ਔਲਾਦ ਨੇ ਕਰਨਾ ਹੈ।
ਪੰਜਾਬੀਆਂ ਦੀ ਜੀਵਨ ਸ਼ੈਲੀ ਹੀ ਅਜੇਹੀ ਕਿ ਅਸੀਂ ਧਨ ਜੋੜਨ ਨੂੰ ਤਰਜੀਹ ਦਿੰਦੇ। ਜਮ੍ਹਾਂ ਕੀਤੇ ਧਨ ਨਾਲ ਮਨ ਦੀਆਂ ਖੁਸ਼ੀਆਂ ਨੂੰ ਮਾਨਣ, ਖ਼ੂਬਸੂਰਤ ਥਾਵਾਂ ਦੇਖਣ ਅਤੇ ਯਾਦਗਾਰੀ ਪਲਾਂ ਨੂੰ ਸਿਰਜਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਬਚਤ ਤਾਂ ਕਰਨੀ ਹੀ ਚਾਹੀਦੀ ਪਰ ਇਹ ਬਹੁਤ ਸੰਤੁਲਤ ਤਰੀਕੇ ਨਾਲ ਹੋਵੇ। ਅਜੇਹਾ ਨਾ ਹੋਵੇ ਕਿ ਬੈਂਕਾਂ ਅਤੇ ਤਿਜੌਰੀਆਂ ਵਿਚ ਪਿਆ ਧਨ ਵੀ ਸਿਸਕਦਾ ਰਹੇ ਕਿ ਕਮਾਈ ਕਰਨ ਵਾਲੇ ਹੱਥਾਂ ਨੇ ਮੈਨੂੰ ਤਾਂ ਖਰਚਿਆ ਹੀ ਨਹੀਂ। ਬਚਤ ਇੰਨੀ ਕੁ ਕਰੋ ਕਿ ਤੁਹਾਡੇ ਆਖ਼ਰੀ ਸਮੇਂ ਦੀਆਂ ਲੋੜਾਂ ਪੂਰੀਆਂ ਹੋਈ ਜਾਣ। ਤੁਸੀਂ ਜ਼ਿੰਦਗੀ ਨੂੰ ਇੰਝ ਮਾਣੋ ਕਿ ਤੁਹਾਨੂੰ ਆਖ਼ਰੀ ਵਕਤ ਕੋਈ ਗਿਲਾ ਨਾ ਹੋਵੇ ਕਿ ਮੈਂ ਆਪਣੀ ਜੀਵਨ ਯਾਤਰਾ ਅਜਾਈਂ ਹੀ ਪੂਰੀ ਕਰ ਗਿਆ।
‘ਕੇਰਾਂ ਮੈਂ ਵੱਡੇ ਜ਼ਿਮੀਂਦਾਰ ਦੇ ਘਰ ਗਿਆ ਤਾਂ ਤਾਰ `ਤੇ ਲਟਕਦੀ ਚੁੰਨੀ ਵਿਚਲੇ ਮਘੋਰੇ ਅਤੇ ਬਨੈਣ ਵਿਚਲੇ ਛੇਕ ਦੇਖ ਕੇ ਹੈਰਾਨ ਰਹਿ ਗਿਆ। ਬਜ਼ੁਰਗ ਇਕ ਅਲਾਣੀ ਮੰਜੀ `ਤੇ ਬੈਠਾ ਸੀ ਜਿਸਦੇ ਤਨ `ਤੇ ਪਾਏ ਅਧੋਰਾਣੇ ਕਪੜਿਆਂ ਵਿਚ ਝਲ਼ਕਦੀ ਸੀ ਮੈਲ। ਜਦ ਸਾਡੀ ਬਿਰਤੀ ਸਿਰਫ਼ ਧਨ ਜੋੜਨ ਤੱਕ ਹੀ ਸੀਮਤ ਹੋ ਜਾਵੇ ਤਾਂ ਬਜੁLਰਗ ਤਾਂ ਸ਼ਾਇਦ ਆਪਣੀ ਆਦਤ ਤੋਂ ਮਜਬੂਰ ਹੋਣ ਪਰ ਕੀ ਉਨ੍ਹਾਂ ਦੀ ਔਲਾਦ ਨੂੰ ਇੰਨਾ ਵੀ ਅਹਿਸਾਸ ਨਹੀਂ ਕਿ ਆਪਣੇ ਮਾਪਿਆਂ ਪ੍ਰਤੀ ਧਿਆਨ ਰੱਖ ਲਿਆ ਜਾਵੇ। ਨਿੱਕੇ ਹੁੰਦਿਆਂ ਇਸੇ ਬਾਪ ਨੇ ਹਰ ਤੰਗੀ ਤੁਰਸ਼ੀ ਸਹਿੰਦਿਆਂ ਆਪਣੇ ਬੱਚਿਆਂ ਦੀ ਹਰ ਲੋੜ ਪੂਰੀ ਕਰਦਿਆਂ ਉਨ੍ਹਾਂ ਨੂੰ ਫੁੱਲਾਂ ਵਾਂਗ ਰੱਖ ਕੇ ਪਾਲਿਆ ਸੀ।
ਇਕ ਸ਼ਖਸ ਰਿਟਾਇਰ ਹੋ ਗਿਆ। ਸਦਾ ਧਨ ਜੋੜਨ ਵਿਚ ਹੀ ਰੁੱਝਿਆ ਰਿਹਾ। ਆਪਣੇ ਆਪ ਵਲੋਂ ਅਵੇਸਲਾ। ਉਸਦੀ ਜੀਵਨ ਸਾਥਣ ਵੀ ਜਲਦੀ ਹੀ ਸਦੀਵੀ ਵਿਛੋੜਾ ਦੇ ਗਈ। ਉਹ ਅਕਸਰ ਹੀ ਗੰਢੇ-ਅਚਾਰ ਨਾਲ ਰੋਟੀ ਖਾ ਕੇ ਗੁਜ਼ਾਰਾ ਕਰਦਾ ਜਦ ਕਿ ਉਹ ਆਪਣੇ ਜੋੜੇ ਹੋਏ ਧਨ ਨਾਲ ਬਿਹਤਰੀਨ ਜ਼ਿੰਦਗੀ ਜੀਅ ਸਕਦਾ ਸੀ। ਉਸਦੀ ਮੌਤ ਤੋਂ ਬਾਅਦ ਉਸਦੀ ਔਲਾਦ ਨੂੰ ਪਤਾ ਹੀ ਨਹੀਂ ਲੱਗਾ ਕਿ ਉਸਨੇ ਕਿੰਨੇ ਪੈਸੇ ਕਿਸਨੂੰ ਵਿਆਜੀ ਦਿਤੇ ਸਨ? ਉਸਨੇ ਕਿੰਨੇ ਪਲਾਟ ਖਰੀਦੇ ਸਨ ਅਤੇ ਕਿੰਨੀ ਹੋਰ ਪੂੰਜੀ ਨਿਵੇਸ਼ ਕੀਤੀ ਸੀ? ਜਦ ਅਸੀਂ ਆਪਣੀ ਔਲਾਦ ਕੋਲੋਂ ਉਹਲਾ ਰੱਖਣ ਲੱਗਦੇ ਤਾਂ ਦਰਅਸਲ ਸਾਨੂੰ ਆਪਣੇ ਆਪ ਤੋਂ ਡਰ ਲੱਗਦਾ। ਆਪਣੇ ਸਾਹਾਂ ਵਰਗੇ ਬੱਚਿਆਂ ਤੋਂ ਬੇਇਤਬਾਰੀ ਦਰਅਸਲ ਆਪਣੇ ਆਪ `ਤੇ ਹੀ ਬੇਯਕੀਨੀ ਹੁੰਦੀ। ਇਸ ਬੇਯਕੀਨੀ ਵਿਚ ਅਸੀਂ ਆਪਣਿਆਂ `ਤੇ ਭਰੋਸਾ ਵੀ ਗਵਾ ਲੈਂਦੇ ਅਤੇ ਜੋੜਿਆ ਹੋਇਆ ਪੈਸਾ ਵੀ ਗਵਾਚ ਜਾਂਦਾ। ਸਮਾਜ ਵਿਚ ਤੁਸੀਂ ਆਪਣੇ ਅਤੇ ਬਿਗਾਨਿਆਂ ਵਲੋਂ ਨਫ਼ਰਤ ਦਾ ਪਾਤਰ ਬਣ ਕੇ ਇਸ ਜਹਾਨੋਂ ਰੁਖ਼ਸਤ ਹੁੰਦੇ।
ਮੇਰੇ ਇਲਾਕੇ ਦੇ ਇਕ ਅਮੀਰ ਨੂੰ ਆਪਣੀ ਦੌਲਤ `ਤੇ ਬਹੁਤ ਘਮੰਡ ਸੀ। ਗਰੀਬਾਂ ਅਤੇ ਲੋੜਵੰਦਾਂ ਨੂੰ ਬਹੁਤ ਜ਼ਿਆਦਾ ਵਿਆਜ `ਤੇ ਪੈਸੇ ਦਿੰਦਾ। ਗਰੀਬ ਲੋਕ ਜਦ ਕਰਜ਼ਾ ਨਾ ਮੋੜਦੇ ਤਾਂ ਉਨ੍ਹਾਂ ਦੀ ਲਵੇਰੀ ਮੱਝ ਜਾਂ ਗਾਂ ਜ਼ਬਰੀ ਕਿਲੇ ਤੋਂ ਖੋਲ੍ਹ ਲਿਆਉਂਦਾ ਜਾਂ ਕੋਈ ਬਲਦ ਹੀ ਲੈ ਆਉਂਦਾ। ਉਸਨੇ ਬਹੁਤ ਸਾਰੀ ਜ਼ਮੀਨ ਗਹਿਣੇ ਲਈ ਹੋਈ ਸੀ। ਜ਼ਿੰਦਗੀ ਦੇ ਆਖ਼ਰੀ ਪਹਿਰ ਵਿਚ ਉਸਦੇ ਇਕ ਮੁੰਡੇ ਨੇ ਉਸਨੂੰ ਪਤਿਆ ਕੇ ਅਤੇ ਚਾਪਲੂਸੀ ਨਾਲ ਉਸਦਾ ਧਨ ਆਪਣੇ ਕਬਜ਼ੇ ਵਿਚ ਕਰ ਲਿਆ ਅਤੇ ਕੁਝ ਦੇਰ ਬਾਅਦ ਉਸਨੂੰ ਘਰੋਂ ਕੱਢ ਦਿਤਾ। ਬਾਅਦ ਵਿਚ ਉਸਦੇ ਉਸੇ ਪੁੱਤ ਨੇ ਆਖਰੀ ਵਕਤ ਸੰਭਾਲਿਆ ਜਿਸਨੂੰ ਉਸਨੇ ਕੁਝ ਨਹੀਂ ਸੀ ਦਿੱਤਾ। ਮਾਪਿਆਂ ਦੀ ਦੇਖਭਾਲ ਤੁਹਾਡੀ ਔਲਾਦ ਦੀ ਸੋਚ ਨੇ ਕਰਨੀ ਹੈ। ਕਦੇ ਵੀ ਧਨ-ਦੌਲਤ ਦਾ ਦਿਖਾਵੇ ਕਰਕੇ ਸੇਵਾ-ਸੰਭਾਲ ਦਾ ਹੱਕ ਜਤਾਉਣ ਦੀ ਭੁੱਲ ਨਾ ਕਰਿਓ।
ਅੱਜ-ਕੱਲ੍ਹ ਪੱਛਮੀ ਦੇਸ਼ਾਂ ਵਿਚ ਇਕ ਨਵੀਂ ਜੀਵਨ ਜਾਚ ਦਾ ਰੁਝਾਨ ਪੈਦਾ ਹੋ ਰਿਹਾ ਹੈ ਜਿਸਨੂੰ ਜ਼ੀਰੋ ਬੈਲੇਂਸ ਕਹਿੰਦੇ ਹਨ ਯਾਨੀ ਜਿਉਂਦੇ ਜੀਅ ਜਮ੍ਹਾਂ ਕੀਤਾ ਧਨ ਖਰਚੋ। ਲੋੜ ਜੋਗਾ ਬਚਿਆ ਰਹੇ। ਆਪਣੇ ਧਨ ਨਾਲ ਜਵਾਨ ਹੋ ਰਹੇ ਆਪਣੇ ਬੱਚਿਆਂ ਨੂੰ ਨਵੀਆਂ ਅਤੇ ਖੂਬਸੂਰਤ ਯਾਦਾਂ ਨਾਲ ਵਰਸਾਓ। ਉਨ੍ਹਾਂ ਦੇ ਚਾਵਾਂ ਦਾ ਖ਼ਿਆਲ ਰੱਖੋ। ਉਨ੍ਹਾਂ ਦੇ ਸੁਪਨਿਆਂ ਦੀ ਤਾਮੀਰਦਾਰੀ ‘ਤੇ ਧਨ ਖਰਚ ਕਰੋ। ਅਜੇਹਾ ਨਾ ਹੋਵੇ ਕਿ ਬੱਚੇ ਤਰਸਦੇ ਰਹਿਣ ਅਤੇ ਤੁਸੀਂ ਧਨ ਜੋੜਨ ਵਿਚ ਹੀ ਮਸਤ ਰਹੋ।
ਜ਼ਿੰਦਗੀ ਇਕ ਵਾਰ ਮਿਲਦੀ। ਇਸ ਜੀਵਨ ਵਿਚ ਤੁਸੀਂ ਕੀ ਕੀਤਾ, ਕੀ ਕਮਾਇਆ, ਕੀ ਹੰਢਾਇਆ, ਕਿਸਨੂੰ ਜਸ਼ਨ ਬਣਾਇਆ, ਕਿੰਨਾ ਸਮਾਂ ਖੁLਦ ਦੇ ਲੇਖੇ ਲਾਇਆ ਅਤੇ ਕਿੰਨਾ ਪੈਸਾ ਖ਼ੁਦ `ਤੇ ਲੁਟਾਇਆ? ਯਾਦ ਰਹੇ ਕਿ ਪੈਸਾ ਖਰਚ ਕਰਨ ਦਾ ਮਤਲਬ ਫਜੂLਲ ਖਰਚੀ ਨਹੀਂ ਸਗੋਂ ਇਸਨੂੰ ਸੁਚੇਤ ਪੱਧਰ `ਤੇ ਅਜੇਹੀਆਂ ਘੁਮੱਕੜੀਆਂ, ਗਤੀਵਿਧੀਆਂ, ਸੈਰ-ਸਪਾਟਾ, ਉਸਾਰੂ ਸ਼ੌਕ ਜਾਂ ਕਲਾ-ਬਿਰਤੀਆਂ ‘ਤੇ ਖ਼ਰਚ ਕਰਨਾ ਹੁੰਦਾ ਜਿਹੜੀਆਂ ਤੁਹਾਨੂੰ ਸਕੂਨ ਦੇਣ। ਜਿਸ ਨਾਲ ਤੁਹਾਡੀ ਰੂਹ ਤ੍ਰਿਪਤ ਹੋਵੇ, ਜੋ ਤੁਹਾਨੂੰ ਜੀਣ ਦਾ ਮਕਸਦ ਪ੍ਰਦਾਨ ਕਰੇ, ਜਿਸ ਨਾਲ ਤੁਹਾਨੂੰ ਅਹਿਸਾਸ ਹੋਵੇ ਕਿ ਤੁਸੀਂ ਕੁਝ ਤਾਂ ਅਜੇਹਾ ਕੀਤਾ ਕਿ ਤੁਹਾਨੂੰ ਆਪਣੇ ਆਪ `ਤੇ ਨਾਜ਼ ਹੋਵੇ। ਭਾਵੇਂ ਇਹ ਕਿਸੇ ਲੋੜਵੰਦ ਦੀ ਮਦਦ ਹੋਵੇ, ਕਿਸੇ ਦੇ ਬਸਤੇ ਵਿਚ ਕਿਤਾਬਾਂ ਧਰਨੀਆਂ ਹੋਣ, ਕਿਸੇ ਦੇ ਸਿਰ ਨੂੰ ਛੱਤ ਦੇਣੀ ਹੋਵੇ, ਕਿਸੇ ਦਾ ਤਨ ਢੱਕਣ ਦਾ ਉਪਰਾਲਾ ਹੋਵੇ। ਦਰਅਸਲ ਧਨ ਆਪਣੇ ਲਈ ਅਤੇ ਲੋੜਵੰਦਾਂ ਲਈ ਖਰਚਣ ਦਾ ਵਸੀਲਾ ਹੋਣਾ ਚਾਹੀਦਾ। ਤੁਹਾਡੇ ਖਾਤੇ ਵਿਚ ਬਚ ਗਏ ਧਨ ਦੀ ਸ਼ਾਇਦ ਤੁਹਾਡੀ ਔਲਾਦ ਨੂੰ ਵੀ ਲੋੜ ਨਾ ਹੋਵੇ। ਕਈ ਵਾਰ ਇਹ ਧਨ ਅਜਾਈਂ ਹੀ ਚਲਾ ਜਾਂਦਾ।
ਕਈ ਵਾਰ ਮੈਂ ਸੋਚਦਾਂ ਕਿ ਧਨ ਜੋੜਨ ਅਤੇ ਕਬਜ਼ਾ ਕਰਨ ਦੀ ਇਸ ਜਗੀਰੂ ਸੋਚ ਤੋਂ ਆਪਣੇ ਆਪ ਨੂੰ ਪੜ੍ਹਿਆ-ਲਿਖਿਆ ਸਮਝਣ ਵਾਲਾ ਵਰਗ ਵੀ ਮੁਕਤ ਕਿਉਂ ਨਹੀਂ? ਉਹ ਧਨ `ਤੇ ਹਮੇਸ਼ਾ ਕੁੰਡਲੀ ਮਾਰੀ ਬੈਠਾ ਹੁੰਦਾ। ਦਰਅਸਲ ਇਹ ਸਾਡੀ ਉਸ ਮਾਨਕਿਸਤਾ ਦਾ ਕਸੂਰ ਹੈ ਜਿਹੜੀ ਖੁLਦ `ਤੇ ਵੀ ਯਕੀਨ ਨਹੀਂ ਕਰਦੀ। ਸਾਨੂੰ ਹਮੇਸ਼ਾ ਇਹ ਖਦਸ਼ਾ ਰਹਿੰਦਾ ਕਿ ਸ਼ਾਇਦ ਜੇ ਸਾਡੇ ਕੋਲ ਜੋੜਿਆ ਧਨ ਨਾ ਹੋਇਆ ਤਾਂ ਸਾਨੂੰ ਸਾਡੀ ਔਲਾਦ ਨੇ ਪੁੱਛਣਾ ਨਹੀਂ। ਜ਼ਰਾ ਸੋਚਿਓ ਕੀ ਤੁਸੀਂ ਆਪਣੇ ਬਜ਼ੁਰਗਾਂ ਦੀ ਆਖਰੀ ਉਮਰੇ ਪੂਰਨ ਸਮਰਪਿਤਾ ਨਾਲ ਤਾਮੀਰਦਾਰੀ ਕੀਤੀ ਹੈ। ਉਨ੍ਹਾਂ ਨੂੰ ਅਪਣੱਤ ਅਤੇ ਮੋਹ ਦਾ ਅਹਿਸਾਸ ਕਰਵਾਉਂਦਿਆਂ, ਉਨ੍ਹਾਂ ਦੇ ਆਖਰੀ ਪਲਾਂ ਵੇਲੇ ਉਨ੍ਹਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹੇ ਹੋ ਤਾਂ ਤੁਹਾਡੀ ਔਲਾਦ ਉਹੀ ਕੁਝ ਤੁਹਾਡੇ ਨਾਲ ਜ਼ਰੂਰ ਕਰੇਗੀ। ਐਵੇਂ ਕਾਹਤੋਂ ਫਿਕਰਾਂ ਵਿਚ ਝੂਰਦੇ। ਤੁਸੀਂ ਹੀ ਤਾਂ ਸਭ ਤੋਂ ਵੱਡੇ ਰੋਲ ਮਾਡਲ ਹੋ ਆਪਣੀ ਔਲਾਦ ਲਈ। ਜ਼ਰੂਰੀ ਹੈ ਕਿ ਪਹਿਲਾਂ ਅਸੀਂ ਖੁLਦ ਰੋਲ ਮਾਡਲ ਬਣੀਏ। ਫਿਰ ਸਾਡੇ ਮਨ ਵਿਚ ਕਿਸੇ ਵੀ ਕਿਸਮ ਦਾ ਸੰਸਾ ਨਹੀਂ ਰਹੇਗਾ ਕਿ ਸਾਡੀ ਆਖ਼ਰੀ ਉਮਰ ਕਿਵੇਂ ਬੀਤੇਗੀ?
ਮੇਰਾ ਦੋਸਤ ਹੈ। ਸੇਵਾ ਮੁਕਤ ਹੋ ਚੁੱਕਾ ਹੈ। ਅੱਜ-ਕੱਲ੍ਹ ਭਾਰਤ ਦੇ ਭਰਮਣ `ਤੇ ਨਿਕਲਿਆ ਹੋਇਆ ਹੈ। ਅਕਸਰ ਹੀ ਖੂLਬਸੂਰਤ ਜਗ੍ਹਾਵਾਂ ਦੀਆਂ ਫੋਟੋਆਂ ਰਾਹੀਂ ਮੈਨੂੰ ਦੇਖਣਯੋਗ ਅਤੇ ਕਮਾਲ ਦੀ ਸੱਭਿਅਤਾ ਦੇ ਦਰਸ਼ਨ ਕਰਵਾਉਂਦਾ ਹੈ। ਉਸਦਾ ਕਹਿਣਾ ਹੈ ਕਿ ਸਾਡੀ ਔਲਾਦ ਨੂੰ ਸਾਡੇ ਪੈਸਿਆਂ ਦੀ ਲੋੜ ਨਹੀਂ। ਪੈਨਸ਼ਨ ਆਉਂਦੀ ਹੈ। ਸੋਚਿਆ ਕਿਉਂ ਨਾ ਬਚਤ ਕੀਤੀ ਕਮਾਈ ਨਾਲ ਜੀਵਨ ਦੇ ਆਖਰੀ ਪਹਿਰ ਨੂੰ ਰੂਹ ਨਾਲ ਜੀਵੀਏ। ਇਸ ਲਈ ਮੈਂ ਤਾਂ ਆਪਣੇ ਜੀਵਨ ਦਾ ਨਜ਼ਰੀਆ ਹੀ ਬਦਲ ਲਿਆ। ਖੂLਬਸੂਰਤ ਥਾਵਾਂ `ਤੇ ਵੱਸਦੇ ਖੂLਬਸੂਰਤ ਲੋਕਾਂ ਦੀ ਰਹਿਣੀ-ਬਹਿਣੀ ਨੂੰ ਦੇਖਦਿਆਂ, ਉਨ੍ਹਾਂ ਥਾਵਾਂ ਨੂੰ ਗਾਹੁਣ ਦਾ ਮਨ ਵਿਚ ਧਾਰਿਆ ਜਿਹੜਾ ਮੈਂ ਪਹਿਲੀ ਉਮਰੇ ਨਹੀਂ ਕਰ ਸਕਿਆ। ਜਦ ਗੋਡੇ ਹੀ ਰਹਿ ਗਏ ਫਿਰ ਤਾਂ ਘਰ ਹੀ ਬੈਠਣਾ। ਕਿੰਨੇ ਕੁ ਪੰਜਾਬੀ ਨੇ ਜਿਹੜੇ ਇਸ ਮਾਨਸਿਕਤਾ ਦੇ ਹਾਮੀ ਨੇ? ਕਿੰਨਿਆਂ ਨੇ ਸੈਰ-ਸਪਾਟੇ ਰਾਹੀਂ ਜ਼ਿੰਦਗੀ ਦੀ ਖੂLਬਸੂਰਤੀ ਨੂੰ ਮਾਣਿਆ ਹੈ? ਭਾਵੇਂ ਇਹ ਜੰਗਲ, ਪਹਾੜ, ਬੀਚਾਂ ਜਾਂ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੀਆਂ ਥਾਵਾਂ ਦੀ ਜ਼ਿਆਰਤ ਕਰਨੀ ਹੋਵੇ।
ਚੱਲੋ ਅੱਜ ਤੋਂ ਕੁਝ ਤਾਂ ਅਜੇਹਾ ਸੋਚੀਏ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਮਾਣਨਾ ਹੈ। ਇਸਦੀਆਂ ਰੰਗ-ਬਿਰੰਗੀਆਂ ਪਰਤਾਂ ਵਿਚ ਖ਼ੁਦ ਨੂੰ ਰੰਗਣਾ ਹੈ। ਜੀਵਨ ਦਾ ਨਾਦ ਗਾਉਣਾ ਹੈ। ਅੰਬਰ ਦੇ ਤਾਰਿਆਂ ਨੂੰ ਜ਼ਿੰਦਗੀ ਦਾ ਗੀਤ ਸੁਣਾਉਣਾ ਹੈ। ਰੁਮਕਦੀਆਂ ਪੌਣਾਂ ਦੇ ਨਾਮ ਸੁਗਮ ਸੰਗੀਤ ਲਾਉਣਾ ਹੈ। ਬਿਰਖ਼ਾਂ ਦੇ ਪੱਤਿਆਂ ਵਿਚੋਂ ਸਰਕਦੀ ਹਵਾ ਨੂੰ ਸਹਿਲਾਉਣਾ ਹੈ। ਪੰਛੀਆਂ ਦੇ ਆਲ੍ਹਣਿਆਂ ਦੀ ਚਹਿਕਣੀ ਨੂੰ ਆਪਣੇ ਮਨ ਦੇ ਆਲ੍ਹਣਿਆਂ ਵਿਚ ਉਪਜਾਉਣਾ ਹੈ। ਆਪਣੇ ਮਕਾਨ ਨੂੰ ਵੀ ਘਰ ਬਣਾਉਣਾ ਹੈ। ਹਰ ਕਮਰੇ ਵਿਚ ਜੀਵਨ ਦਾ ਰਾਗ ਉਪਜਾਉਣਾ ਹੈ। ਖੁੱਲ੍ਹੀਆਂ ਫ਼ਿਜ਼ਾਵਾਂ ਵਿਚ ਆਪਣੇ ਸਾਹਾਂ ਨੂੰ ਮਹਿਕਾਉਣਾ ਹੈ। ਸੰਸਾਰ ਭਰ ਦੇ ਹੁਸੀਨ ਅਤੇ ਰੰਗੀਨ ਰੰਗਾਂ ਨਾਲ ਖੁLਦ ਨੂੰ ਸਜਾਉਣਾ ਹੈ।
ਚੱਲੋ! ਸ਼ੁਰੂਆਤ ਤਾਂ ਕਰੀਏ। ਅੰਜ਼ਾਮ ਬਹੁਤ ਹੀ ਸੁਹਾਵਣਾ ਅਤੇ ਮਨ-ਭਾਵਣਾ ਹੋਵੇਗਾ। ਜਸ਼ਨ ਵਰਗੀ ਜ਼ਿੰਦਗੀ ਨੂੰ ਰੂਹ ਦਾ ਹਾਣੀ ਬਣਾਈਏ ਅਤੇ ਹਰ ਪਲ ਮਾਨਣ ਦਾ ਗੁਰ ਅਪਣਾਈਏ।
