ਨਕਸਲੀ ਲਲਕਾਰ ਗਰੁਪ ਦੇ ਨਜ਼ਰੀਏ ਤੋਂ
ਨਵਜੋਤ ਨਵੀ
ਫੋਨ: +91 85578-12341
ਅਮਰੀਕਾ-ਇਜ਼ਰਾਇਲ ਜੁੰਡਲੀ (ਸਹੀ ਅਰਥਾਂ ਵਿਚ ਅਮਰੀਕੀ ਸਾਮਰਾਜ) ਨੇ ਮੱਧ-ਪੂਰਬ ਦੇ ਖਿੱਤੇ ਨੂੰ ਮੁੜ ਭਿਆਨਕ ਜੰਗ ਵਿਚ ਝੋਕ ਦਿੱਤਾ ਹੈ। ਆਮ ਲੋਕ, ਸਕੂਲੀ ਬੱਚੇ, ਸ਼ਹਿਰਾਂ ਦੇ ਸ਼ਹਿਰ ਇਨ੍ਹਾਂ ਗਿਰਝਾਂ ਦੀ ਹਵਸ ਦੇ ਫੇਰ ਤੋਂ ਭੇਟ ਚੜ੍ਹ ਰਹੇ ਹਨ।
ਜਨਵਰੀ ਵਿਚ ਵੈਨਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਨੂੰ ਅਗਵਾਹ ਕਰਕੇ ਆਪਣੇ ਪੱਖੀ ਹਕੂਮਤ ਦੀ ਸਥਾਪਤੀ ਕਰਨ ਪਿੱਛੋਂ ਹੁਣ ਅਮਰੀਕੀ ਸਾਮਰਾਜ ਇਹੋ ਕੁਝ ਇਰਾਨ ਵਿਚ ਕਰਨ ਦੀ ਤਾਕ ਵਿਚ ਹੈ ਤਾਂ ਜੋ ਇੱਥੇ ਵੀ ਆਪਣੇ ਪੱਖੀ ਹਕੂਮਤ ਬਿਠਾਈ ਜਾ ਸਕੇ। ਇਰਾਨ ਦੇ ਸੁਪਰੀਮ ਆਗੂ ਖਾਮਨੇਈ ਦਾ ਕਤਲ ਕਰਨ ਵਿਚ ਭਾਵੇਂ ਅਮਰੀਕੀ ਸਾਮਰਾਜੀ ਸਫ਼ਲ ਹੋ ਚੁੱਕੇ ਹਨ ਪਰ ਤਖਤਾਪਲਟ ਕਰਕੇ ਆਪਣੇ ਪੱਖੀ ਹਕੂਮਤ ਬਿਠਾਉਣ ਵਿਚ ਹਾਲ-ਫਿਲਹਾਲ ਅਮਰੀਕਾ-ਇਜ਼ਰਾਇਲ ਜੁੰਡਲੀ ਅਸਫਲ ਹੀ ਰਹੀ ਹੈ। ਹਥਲੇ ਲੇਖ ਵਿਚ ਇਸ ਜੰਗ ਵਿਚ ਹੁਣ ਤੱਕ ਵਾਪਰੀਆਂ ਕੁਝ ਅਹਿਮ ਘਟਨਾਵਾਂ ਦੀ ਚਰਚਾ ਕਰਕੇ (ਜੋ ਇੰਟਰਨੈੱਟ, ਸੋਸ਼ਲ ਮੀਡੀਆ ਉੱਤੇ ਉਪਲੱਬਧ ਹਨ) ਇਸ ਜੰਗ ਦੇ ਖਾਸੇ ਤੇ ਬੁਨਿਆਦੀ ਕਾਰਨਾਂ ਦੀ ਚਰਚਾ ਕਰਾਂਗੇ।
ਜਨਵਰੀ ਤੇ ਖਾਸ ਕਰ ਫਰਵਰੀ ਮਹੀਨੇ ਵਿਚ ਹੀ ਇਹ ਕਿਆਸਰਾਈਆਂ ਹੋਣ ਲੱਗ ਪਈਆਂ ਸਨ ਕਿ ਅਮਰੀਕਾ, ਇਰਾਨ ਉੱਤੇ ਹਮਲਾ ਕਰ ਸਕਦਾ ਹੈ। ਦੋਹਾਂ ਦੇਸ਼ਾਂ ਦੇ ਮੰਤਰੀਆਂ-ਅਧਿਕਾਰੀਆਂ ਵਿਚ ਇੱਕ ਹੱਥ ਜਿੱਥੇ ਗੱਲ-ਬਾਤ ਚੱਲ ਰਹੀ ਸੀ ਉੱਥੇ ਦੂਜੇ ਹੱਥ ਅਮਰੀਕਾ ਨੇ ਆਪਣੇ ਜੰਗੀ ਸਾਜ਼ੋ ਸਾਮਾਨ, ਆਲ਼-ਜੰਜਾਲ਼ ਨੂੰ ਇਰਾਨ ਦੇ ਨੇੜੇ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਹਦੇ ਜਵਾਬ ਵਿਚ ਇਰਾਨ ਨੇ ਵੀ ਜਵਾਬੀ ਤਿਆਰੀ ਵਿੱਢ ਦਿੱਤੀ ਸੀ। ਇਹ ਜੱਗ ਜ਼ਾਹਰ ਹੈ ਕਿ ਇਰਾਨ ਇਸ ਜੰਗ ਵਿਚ ਉਲਝਣ ਤੋਂ ਬਚ ਰਿਹਾ ਸੀ ਤੇ ਇਸ ਨੂੰ ਸ਼ੁਰੂ ਕਰਨ ਦਾ ਠੀਕਰਾ ਲਾਜ਼ਮੀ ਹੀ ਅਮਰੀਕੀ ਸਾਮਰਾਜ ਸਿਰ ਹੈ। ਹੁਣ ਖ਼ੁਦ ਅਮਰੀਕੀ ਅਧਿਕਾਰੀਆਂ ਨੇ ਟਰੰਪ ਦੇ ਇਸ ਦਾਅਵੇ ਵਾਲ਼ੀ ਗੱਲ ਨੂੰ ਝੂਠ ਦੱਸਿਆ ਹੈ ਕਿ ਇਰਾਨ ਅਮਰੀਕਾ ਉੱਤੇ ਹਮਲਾ ਕਰਨ ਜਾ ਰਿਹਾ ਸੀ। ਟਰੰਪ ਪ੍ਰਸ਼ਾਸਨ ਵਾਰ-ਵਾਰ ਇਰਾਨ ਉੱਤੇ ਪ੍ਰਮਾਣੂ ਬੰਬ ਨਾ ਬਣਾਉਣ ਤੇ ਮਿਜ਼ਾਈਲਾਂ ਦਾ ਭੰਡਾਰ ਘਟਾਉਣ ਲਈ ਜੋLਰ ਪਾ ਰਿਹਾ ਸੀ (ਧਿਆਨ ਦੇਣ ਯੋਗ ਗੱਲ ਹੈ ਕਿ ਇਹ ਕਿਸੇ ਦੇਸ਼ ਦਾ ਹੱਕ ਹੈ ਕਿ ਉਸਨੇ ਪ੍ਰਮਾਣੂ ਬੰਬ ਬਣਾਉਣੇ ਹਨ, ਮਿਜ਼ਾਈਲਾਂ ਦਾ ਭੰਡਾਰ ਕਿੰਨਾ ਰੱਖਣਾ ਹੈ ਆਦਿ) ਤੇ ਇਸ ਗੱਲ ਨੂੰ ਵੀ ਟਰੰਪ ਨੇ ਆਪਣੇ ਬਿਆਨਾਂ ਵਿਚ ਬਹਾਨੇ ਵਜੋਂ ਵਰਤਿਆ ਕਿ ਇਰਾਨ ਉੱਤੇ ਹਮਲਾ ਕਰਨ ਦਾ ਕਾਰਨ ਉਨ੍ਹਾਂ ਕੋਲ਼ ਮਾਰੂ ਹਥਿਆਰ ਹੋਣ ਜਾਂ ਬਣਾਉਣ ਦੀ ਲੋਚਾ ਸੀ। ਇਸ ਨਾਲ਼ ਅਮਰੀਕੀ ਸਾਮਰਾਜੀ ਆਪਣੇ ਆਪ ਨੂੰ ‘ਸੰਸਾਰ ਸ਼ਾਂਤੀ’ ਦੇ ਝੰਡਾਬਰਦਾਰ ਹੋਣ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਲੋਕਾਂ ਦਾ ਵੱਡਾ ਹਿੱਸਾ ਇਨ੍ਹਾਂ ਦੀ ਅਸਲੀਅਤ ਨੂੰ ਪਛਾਣਦਾ ਹੈ। ਪੂਰੀ ਦੁਨੀਆਂ ਜਾਣਦੀ ਹੈ ਕਿ ਹਮਲਾ ਇਰਾਨ ਵਿਚ ਤਖਤਾਪਲਟ ਕਰਕੇ ਆਪਣੇ ਪੱਖੀ ਹਕੂਮਤ ਬਿਠਾਉਣ ਲਈ ਅਮਰੀਕੀ ਸਾਮਰਾਜੀਆਂ ਵੱਲੋਂ ਕੀਤਾ ਗਿਆ।
ਜੰਗ ਦੀਆਂ ਹੁਣ ਤੱਕ ਦੀਆਂ ਖਾਸ ਘਟਨਾਵਾਂ ਕੁਝ ਇਸ ਤਰ੍ਹਾਂ ਵਾਪਰੀਆਂ। ਅਮਰੀਕੀ ਸਾਮਰਾਜੀਆਂ ਨੇ ਦੁਵੱਲੀ ਗੱਲਬਾਤ ਨੂੰ ਇੱਕ ਤਰਫਾ ਰੋਕਦਿਆਂ ਇਰਾਨ ਉੱਤੇ 28 ਫਰਵਰੀ ਨੂੰ ਹਮਲਾ ਕਰ ਦਿੱਤਾ ਜਿਸ ਵਿਚ ਇਰਾਨ ਦਾ ਸੁਪਰੀਮ ਲੀਡਰ ਅਲੀ ਮਾਰਿਆ ਗਿਆ। ਇਸ ਦੇ ਬਾਵਜੂਦ ਇਰਾਨ ਵਿਚ ਤਖਤਾਪਲਟ ਨਹੀਂ ਹੋਇਆ ਤੇ ਇਰਾਨ ਵੱਲੋਂ ਜਵਾਬੀ ਹਮਲਾ ਕੀਤਾ ਗਿਆ। ਅਮਰੀਕੀ-ਇਜ਼ਰਾਇਲ ਜੁੰਡਲੀ ਵੱਲੋਂ ਕੀਤੇ ਇਸ ਹਮਲੇ ਵਿਚ ਇਰਾਨ ਦੇ ਫੌਜੀ ਅੱਡਿਆਂ, ਤੇਲ ਭੰਡਾਰਾਂ ਤੇ ਆਲ਼-ਜੰਜਾਲ਼, ਨਾਗਰਿਕਾਂ (ਸਕੂਲੀ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ) ਆਦਿ ਦਾ ਨੁਕਸਾਨ ਕੀਤਾ ਗਿਆ। ਆਪਣੇ ਹੀ ਬਣਾਏ ਕੌਮਾਂਤਰੀ ਕਾਨੂੰਨਾਂ ਨੂੰ ਛਿੱਕੇ ਟੰਗਦਿਆਂ ਆਮ ਨਾਗਰਿਕਾਂ ਨਾਲ਼ ਜੁੜੇ ਆਲ਼-ਜੰਜਾਲ਼ ਉੱਤੇ ਕਈ ਹਮਲੇ ਕੀਤੇ ਗਏ। ਅਮਰੀਕੀ ਹਾਕਮਾਂ ਨੂੰ ਉਮੀਦ ਸੀ ਕਿ ਉਹ ਜਲਦੀ ਹੀ ਇਰਾਨ ਵਿਚ ਤਖਤਾਪਲਟ ਕਰਨ ਵਿਚ ਕਾਮਯਾਬ ਹੋ ਜਾਣਗੇ ਪਰ ਇਰਾਨ ਦੇ ਜਵਾਬੀ ਹਮਲਿਆਂ ਨੇ ਇਸ ਇੱਛਾ ਨੂੰ ਹਾਲੇ ਬੂਰ ਨਹੀਂ ਪੈਣ ਦਿੱਤਾ।
ਹਾਲ ਦੀ ਘੜੀ ਇਹ ਸਹੀ-ਸਹੀ ਅਨੁਮਾਨ ਲਗਾਉਣਾ ਮੁਸ਼ਕਿਲ ਹੈ ਕਿ ਇਰਾਨ ਦੇ ਜਵਾਬੀ ਹਮਲਿਆਂ ਨੇ ਅਮਰੀਕਾ ਦਾ ਕਿੰਨਾ ਕੁ ਨੁਕਸਾਨ ਕੀਤਾ ਹੈ ਕਿਉਂਕਿ ਅਜਿਹੀ ਜੰਗ ਵਿਚ ਆਮ ਹੀ ਦੋਹਾਂ ਪਾਸਿਆਂ ਤੋਂ ਦਾਅਵੇ ਵਧਾ-ਚੜ੍ਹਾ ਕੇ ਕੀਤੇ ਜਾਂਦੇ ਹਨ। ਪਰ ਕੁਝ ਨਿਰਪੱਖ ਵਿਸ਼ਲੇਸ਼ਕਾਂ (ਨਾ ਇਰਾਨ ਤੇ ਨਾ ਅਮਰੀਕੀ ਪ੍ਰਚਾਰ ਨੂੰ ਸ਼ਹਿ ਦੇਣ ਵਾਲ਼ੇ) ਅਨੁਸਾਰ ਵੀ ਇਰਾਨ ਨੇ ਅਮਰੀਕਾ ਦਾ ਕਾਫੀ ਨੁਕਸਾਨ ਕੀਤਾ ਹੈ। ਮੱਧ ਪੂਰਬ ਵਿਚ ਸਾਊਦੀ ਅਰਬ, ਬਹਿਰੀਨ, ਕੁਵੈਤ, ਜੌਰਡਨ, ਇਜ਼ਰਾਇਲ ਆਦਿ ਵਿਚ ਅਮਰੀਕਾ ਨੇ ਦਹਾਕਿਆਂ ਬੱਧੀ ਅਰਬਾਂ-ਖਰਬਾਂ ਡਾਲਰ ਖਰਚ ਕੇ ਜੋ ਫੌਜੀ ਹਵਾਈ ਅੱਡੇ, ਏਅਰ ਡਿਫੈਂਸ ਸਿਸਟਮ ਤੇ ਹੋਰ ਫੌਜੀ ਆਲ਼-ਜੰਜਾਲ਼ ਬਣਾਇਆ ਸੀ ਉਸ ਦਾ ਕਾਫੀ ਹਿੱਸਾ ਨੁਕਸਾਨਿਆ ਗਿਆ ਹੈ। ਅਮਰੀਕਾ ਦਾ ‘ਥਾਡ’ ਮਿਜ਼ਾਈਲ-ਵਿਰੋਧੀ ਸੁਰੱਖਿਆ ਪ੍ਰਬੰਧ (ਜਿਸ ਦੀ ਇੱਕ ਇਕਾਈ ਨੂੰ ਬਣਾਉਣ ਦੀ ਕੀਮਤ ਅਰਬ ਡਾਲਰ ਹੈ) ਦੀਆਂ ਕੁਝ ਇਕਾਈਆਂ ਦਾ ਨੁਕਸਾਨ ਹੋਇਆ ਹੈ ਤੇ ਇਸਨੂੰ ਦੱਖਣੀ ਕੋਰੀਆ ਤੋਂ ਆਪਣਾ ‘ਥਾਡ’ ਵਾਪਸ ਬੁਲਾਉਣਾ ਪੈ ਰਿਹਾ ਹੈ, ਜਿਸਦਾ ਵਿਰੋਧ ਦੱਖਣੀ ਕੋਰੀਆ ਦੀ ਹਾਕਮ ਜਮਾਤ ਕਰ ਰਹੀ ਹੈ। ਇਸ ਤੋਂ ਬਿਨਾਂ ਅਮਰੀਕਾ ਦੇ ਜੰਗੀ ਬੇੜੇ ‘ਅਬਰਾਹਮ ਲਿੰਕਨ’ ਉੱਤੇ ਵੀ ਇਰਾਨੀ ਮਿਜ਼ਾਈਲਾਂ ਦੇ ਹਮਲੇ ਕਾਰਨ ਇਸ ਨੂੰ ਦੂਰ ਸੁਰੱਖਿਅਤ ਥਾਂ ਉੱਤੇ ਲੈ ਕੇ ਜਾਣਾ ਪਿਆ। ਅਮਰੀਕਾ ਦੀ ਮੱਧ-ਪੂਰਬ ਵਿਚ ਫੌਜੀ ਚੌਕੀ ਇਜ਼ਰਾਇਲ ਉੱਤੇ ਵੀ ਹੁਣ ਇਰਾਨ ਡਰੋਨ ਤੇ ਮਿਜ਼ਾਈਲ ਹਮਲੇ ਕਰਨ ਵਿਚ ਸਫਲ ਹੋ ਰਿਹਾ ਹੈ ਤੇ ਨਾਲ਼ ਹੀ ਇਰਾਨ ਤੋਂ ਥਾਪੜਾ ਪ੍ਰਾਪਤ ਹਿਜ਼ਬੁੱਲਾ ਜਥੇਬੰਦੀ ਵੀ ਇਜ਼ਰਾਇਲ ਉੱਤੇ ਹਮਲੇ ਕਰ ਰਹੀ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਕੁਝ ਦਿੱਗਜ ਫਾਈਟਰ ਜੈੱਟਾਂ ਨੂੰ ਵੀ ਇਰਾਨ ਨੇ ਹਮਲਿਆਂ ਦੌਰਾਨ ਸੁੱਟਿਆ ਹੈ। ਸੂਤਰਾਂ ਅਨੁਸਾਰ ਅਮਰੀਕੀ ਸਾਮਰਾਜ ਦੇ ਕਈ ਥਾਵਾਂ ਉੱਤੇ ਉਲਝੇ ਹੋਣ ਕਾਰਨ– ਯੂਕਰੇਨ ਦੀ ਚੱਲ ਰਹੀ ਜੰਗ, ਤਾਇਵਾਨ ਵਿਚ ਚੀਨ ਨਾਲ਼ ਤਣਾਅ ਦੇ ਵਧਣ ਦੀ ਸੰਭਾਵਨਾ ਤੇ ਇਰਾਨ ਦੀ ਚੱਲ ਰਹੀ ਜੰਗ– ਤੇ ਨਾਲ ਹੀ ਅਮਰੀਕੀ ਅਰਥਚਾਰੇ ਦੀ ਸੁਸਤੀ ਸਦਕਾ ਅਮਰੀਕਾ ਦੇ ਹਥਿਆਰਾਂ ਦਾ ਭੰਡਾਰ ਵੀ ਓਨਾ ਨਹੀਂ ਜਿੰਨਾ ਹਰ ਮੁਹਾਜ ਉੱਤੇ ਲੰਬੀ ਜੰਗ ਵਿਚ ਉਲਝਣ ਲਈ ਲੋੜੀਂਦਾ ਹੈ। ਹਾਲ ਦੀ ਘੜੀ ਇਰਾਨ ਨੇ ਕਿਸੇ ਵੀ ਸਮਝੌਤੇ ਲਈ ਗੱਲਬਾਤ ਤੋਂ ਇਨਕਾਰ ਕੀਤਾ ਹੈ ਤੇ ਅਮਰੀਕਾ ਦੇ ਸਮਝੌਤਿਆਂ ਨੂੰ ਖੋਖਲਾ ਤੇ ਝੂਠਾ ਕਰਾਰ ਦਿੱਤਾ ਹੈ। ਹਾਲ ਦੀ ਘੜੀ ਦੋਵੇਂ ਧਿਰਾਂ ਹੀ ਇੱਕ ਦੂਸਰੇ ਉੱਤੇ ਹਮਲੇ ਕਰ ਰਹੀਆਂ ਹਨ ਤੇ ਕਾਫੀ ਨੁਕਸਾਨ ਕਰ ਰਹੀਆਂ ਹਨ, ਜਿਸ ਵਿਚ ਆਮ ਲੋਕਾਈ ਸਭ ਤੋਂ ਵਧੇਰੇ ਪਿਸ ਰਹੀ ਹੈ। ਇਰਾਨ ਨੇ ਸਟ੍ਰੇਟ (ਤੰਗ ਸਮੁੰਦਰੀ ਰਸਤਾ ਜਾਂ ਤੰਗ ਖਾੜੀ) ਆਫ ਹੋਰਮੁਜ ਨੂੰ ਬੰਦ ਕੀਤਾ ਹੋਇਆ ਹੈ ਜਿਸ ਤੋਂ ਹਰ ਰੋਜ਼ ਦੁਨੀਆ ਵਿਚ ਖਪਤ ਹੋਣ ਵਾਲ਼ੇ ਤੇਲ ਦਾ 20% ਹਿੱਸਾ ਜਾਂਦਾ ਹੈ। ਪਰਸ਼ੀਆ ਦੀ ਖਾੜੀ ਤੋਂ ਤੇਲ ਭੇਜਣ ਦਾ ਇਹੋ ਇੱਕੋ-ਇੱਕ ਰਸਤਾ ਹੈ। ਇਸ ਨਾਲ਼ ਪੂਰੀ ਦੁਨੀਆ ਅੰਦਰ ਹੀ ਤੇਲ, ਗੈਸ ਆਦਿ ਦੀ ਥੁੜ੍ਹ ਵਧ ਰਹੀ ਹੈ ਜਿਸ ਦੀ ਮਾਰ ਦੁਨੀਆ ਭਰ ਦੀ ਆਮ ਲੋਕਾਈ ਉੱਤੇ ਹੀ ਵਧੇਰੇ ਪੈ ਰਹੀ ਹੈ। ਇਹ ਜੰਗ ਕਿਸ ਸਿੱਟੇ ਉੱਤੇ ਪਹੁੰਚਦੀ ਹੈ ਤੇ ਕੀ ਰੁਖ ਲੈਂਦੀ ਹੈ ਇਹ ਆਉਣ ਵਾਲ਼ਾ ਸਮਾਂ ਹੀ ਦੱਸ ਸਕਦਾ ਹੈ।
ਆਓ ਹੁਣ ਇਸ ਜੰਗ ਦੇ ਅਸਲ ਤੱਤ, ਬੁਨਿਆਦੀ ਕਾਰਨਾਂ ਦੀ ਪੜਤਾਲ ਕਰਦੇ ਹਾਂ। ਕੀ ਇਹ ਹੈਰਾਨੀ ਦੀ ਗੱਲ ਨਹੀਂ ਲੱਗਦੀ ਕਿ ਇਰਾਨ, ਜੋ ਤੀਜੀ ਦੁਨੀਆਂ ਦਾ ਪਛੜਿਆ ਸਰਮਾਏਦਾਰ ਮੁਲਕ ਹੈ, ਸੰਸਾਰ ਚੌਧਰੀ ਅਮਰੀਕਾ ਦੇ ਨਾ ਸਿਰਫ ਹਮਲੇ ਨੂੰ ਰੋਕਣ ਵਿਚ ਇੱਕ ਹੱਦ ਤੱਕ ਕਾਮਯਾਬ ਹੋਇਆ, ਸਗੋਂ ਉਸਦਾ ਕਾਫੀ ਫੌਜੀ ਸਾਜੋ-ਸਮਾਨ, ਆਲ਼-ਜੰਜਾਲ਼ ਨੂੰ ਨੁਕਸਾਨਣ ਵਿਚ ਵੀ ਕਿਸੇ ਹੱਦ ਤੱਕ ਕਾਮਯਾਬ ਹੋਇਆ ਹੈ। ਇਰਾਨ ਉਹੀ ਦੇਸ਼ ਹੈ ਜਿਸ ਵਿਚ 2026 ਦੀ ਸ਼ੁਰੂ ਵਿਚ ਮਹਿੰਗਾਈ, ਭੋਜਨ ਦੀ ਘਾਟ ਨੂੰ ਲੈ ਕੇ ਆਮ ਲੋਕ ਸੜਕਾਂ ਉੱਤੇ ਸਰਕਾਰ ਖ਼ਿਲਾਫ ਨਿੱਤਰੇ ਸੀ, ਜਿਸ ਨੂੰ ਖਾਮਨੇਈ ਦੀ ਸੱਤਾ ਨੇ ਜਬਰ ਰਾਹੀਂ ਕੁਚਲਿਆ ਸੀ। ਇਰਾਨ ਲੰਬੇ ਸਮੇਂ ਤੋਂ ਅਮਰੀਕਾ ਵੱਲੋਂ ਲਾਈਆਂ ਆਰਥਿਕ ਰੋਕਾਂ ਕਾਰਨ ਕਾਫੀ ਆਰਥਿਕ ਨੁਕਸਾਨ ਝੱਲਦਾ ਆ ਰਿਹਾ ਹੈ, ਫੇਰ ਇਹ ਅਮਰੀਕਾ ਉੱਤੇ ਜਵਾਬੀ ਹਮਲੇ ਕਰਨ ਵਿਚ ਸਫਲ ਕਿਵੇਂ ਹੋਇਆ? ਐਨੀ ਉੱਨਤ ਫੌਜੀ ਤਕਨੀਕ ਇਸ ਨੂੰ ਕਿੱਥੋਂ ਹਾਸਲ ਹੋਈ? ਸੰਸਾਰ ਭਰ ਦੇ ਫੌਜੀ ਮਾਹਿਰ ਸਮੇਤ ਅਮਰੀਕੀ ਅਧਿਕਾਰੀ ਇਹ ਗੱਲ ਹੁਣ ਕਬੂਲ ਚੁੱਕੇ ਹਨ ਕਿ ਅਸਲ ਵਿਚ ਇਰਾਨੀ ਫੌਜ ਨੂੰ ਇੰਟੈਲੀਜੈਂਸ (ਵੱਖੋ-ਵੱਖ ਅਮਰੀਕੀ ਫੌਜੀ ਅੱਡਿਆਂ ਤੇ ਸਾਜ਼ੋ-ਸਾਮਾਨ ਬਾਰੇ ਸਟੀਕ ਜਾਣਕਾਰੀ) ਤੇ ਹਥਿਆਰ ਰੂਸ ਤੇ ਖਾਸ ਕਰਕੇ ਚੀਨ ਵਲੋਂ ਦਿੱਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਚੀਨ ਲੰਬੇ ਸਮੇਂ ਤੋਂ ਇਰਾਨ ਨੂੰ ਆਧੁਨਿਕ ਹਥਿਆਰ ਤੇ ਇਨ੍ਹਾਂ ਨੂੰ ਬਣਾਉਣ ਦੀ ਤਕਨੀਕ ਮੁਹੱਈਆ ਕਰਵਾਉਂਦਾ ਆ ਰਿਹਾ ਹੈ। ਇਰਾਨ ਵੱਲੋਂ ਕੀਤੇ ਜਾਣ ਵਾਲ਼ੇ ਹਮਲਿਆਂ ਦੀ ਤਾਕਤ ਪਿੱਛੇ ਅਸਲ ਵਿਚ ਰੂਸ-ਚੀਨ ਸਾਮਰਾਜੀ ਧਿਰ ਖੜ੍ਹੀ ਹੈ। ਇਰਾਨ ਵਿਚ ਚੱਲ ਰਹੀ ਜੰਗ ਵੀ ਸਾਮਰਾਜੀ ਖਹਿਭੇੜ ਦਾ ਹੀ ਸਿੱਟਾ ਹੈ।
ਇਸ ਖਹਿਭੇੜ ਦੀ ਵੀ ਬੁਨਿਆਦ ਨੂੰ ਥੋੜ੍ਹਾ ਹੋਰ ਵਾਚਦੇ ਹਾਂ, ਭਾਵੇਂ ਇਸਦੇ ਵਧੇਰੇ ਵਿਸਥਾਰ ਵਿਚ ਜਾਣਾ ਇੱਥੇ ਸੰਭਵ ਨਹੀਂ। 20ਵੀਂ ਸਦੀ ਦੀ ਸ਼ੁਰੂਆਤ ਜਾਂ 19ਵੀਂ ਸਦੀ ਦੇ ਅੰਤ ਵਿਚ ਸਰਮਾਏਦਾਰਾ ਪ੍ਰਬੰਧ ਆਪਣੇ ਨਵੇਂ ਪੜਾਅ, ਸਾਮਰਾਜੀ ਪੜਾਅ ਵਿਚ ਦਾਖਲ ਹੋ ਗਿਆ। ਅਜਾਰੇਦਾਰੀਆਂ ਦੇ ਅਧਾਰ ਉੱਤੇ ਦੁਨੀਆਂ ਭਰ ਦੀ ਵੰਡ ਸਾਮਰਾਜੀ ਦੇਸ਼ਾਂ ਤੇ ਉਨ੍ਹਾਂ ਉੱਤੇ ਨਿਰਭਰ ਦੇਸ਼ਾਂ ਵਿਚ ਮੁਕੰਮਲ ਹੋ ਗਈ। ਇਸ ਨਿਰਭਰਤਾ ਦਾ ਰੂਪ ਪਹਿਲਾਂ ਮੁੱਖ ਤੌਰ ਉੱਤੇ ਸਾਮਰਾਜੀਆਂ ਦੀਆਂ ਬਸਤੀਆਂ, ਅਰਧ-ਬਸਤੀਆਂ, ਨਵ ਬਸਤੀਆਂ ਦੇ ਰੂਪ ਵਿਚ ਸੀ, ਜੋ ਬਾਅਦ ਵਿਚ (ਇਨ੍ਹਾਂ ਦੇਸ਼ਾਂ ਦੇ ਲੋਕਾਂ ਦੇ ਘੋਲ਼ਾਂ ਸਦਕਾ ਅਬਸਤੀਕਰਨ ਦੀ ਪ੍ਰਕਿਰਿਆ ਨਾਲ਼) ਮੁੱਖ ਤੌਰ ਉੱਤੇ ਸਿਆਸੀ ਤੌਰ ‘ਤੇ ਅਜਾਦ ਪਰ ਆਰਥਿਕ ਤੌਰ ‘ਤੇ ਸਾਮਰਾਜੀਆਂ ਉੱਤੇ ਨਿਰਭਰ ਦੇਸ਼ਾਂ ਦੇ ਰੂਪ ਵਿਚ ਸਾਹਮਣੇ ਆਈ। ਇਸ ਸਮੇਂ ਦੁਨੀਆਂ ਦੇ ਦੇਸ਼ਾਂ ਦੀ ਵੰਡ ਮੁੱਖ ਤੌਰ ‘ਤੇ ਇਨ੍ਹਾਂ ਪਿਛਲੇ ਤਰ੍ਹਾਂ ਦੇ ਦੇਸ਼ਾਂ ਤੇ ਸਾਮਰਾਜੀ ਦੇਸ਼ਾਂ ਵਿਚ ਹੀ ਹੈ। ਸਾਮਰਾਜੀ ਦੇਸ਼ਾਂ ਲਈ ਇਹ ਨਿਰਭਰਤਾ ਕੱਚੇ ਮਾਲ ਦੇ ਸਰੋਤਾਂ ਤੇ ਇਨ੍ਹਾਂ ਦੇਸ਼ਾਂ ਵਿਚ ਸਸਤੀ ਕਿਰਤ ਸ਼ਕਤੀ ਦੀ ਲੁੱਟ ਕਰਨ ਲਈ ਵਧੇਰੇ ਜਰੂਰੀ ਹੈ ਤੇ ਵੱਖੋ-ਵੱਖ ਸਾਮਰਾਜੀ ਦੇਸ਼ਾਂ ਵਿਚ ਬਾਕੀ ਦੁਨੀਆਂ ਦੇ ਦੇਸ਼ਾਂ ਦੀ ਵੰਡ ਸਾਮਰਾਜੀ ਦੇਸ਼ਾਂ ਦੀ ਸਾਪੇਖਕ ਆਰਥਕ ਤੇ ਫੌਜੀ ਤਾਕਤ (ਜੋ ਆਰਥਿਕ ਤਾਕਤ ਦਾ ਹੀ ਪ੍ਰਗਟਾਵਾ ਹੈ) ਨੂੰ ਦਰਸਾਉਂਦੀ ਹੈ। ਇਹ ਸਮਝਣ ਵਾਲ਼ੀ ਗੱਲ ਹੈ ਕਿ ਸਰਮਾਏਦਾਰਾ ਪ੍ਰਬੰਧ ਵਿਚ ਵਿਕਾਸ ਅਸਾਵਾਂ ਹੁੰਦਾ ਹੈ ਤੇ ਸਾਮਰਾਜੀ ਤਾਕਤਾਂ ਵੱਖੋ-ਵੱਖ ਦਰ ਉੱਤੇ ਅੱਗੇ ਵਿਕਸਿਤ ਹੁੰਦੀਆਂ ਹਨ ਜਿਸ ਕਰਕੇ ਉਨ੍ਹਾਂ ਵਿਚ ਆਰਥਿਕ ਤਾਕਤ ਦਾ ਆਪਸੀ ਤੋਲ ਬਦਲਦਾ ਰਹਿੰਦਾ ਹੈ। ਇਹ ਬਦਲਦਾ ਹੋਇਆ ਤਾਕਤਾਂ ਦਾ ਤੋਲ ਦੇਸ਼ਾਂ ਦੀ ਮੁੜ ਵੰਡ ਦਾ ਸਵਾਲ ਸਾਹਮਣੇ ਲਿਆਉਂਦਾ ਹੈ (ਖਾਸ ਕਰਕੇ ਵਧੇਰੇ ਤਾਕਤਵਰ ਹੋ ਰਹੀਆਂ ਸਾਮਰਾਜੀ ਤਾਕਤਾਂ ਪੁਰਾਣੀ ਵੰਡ ਵਿਚ ਬਦਲਾਅ ਲੋਚਦੀਆਂ ਹਨ ਜਾਣੀ ਆਪਣੀ ਸਾਮਰਾਜੀ ਲੁੱਟ ਲਈ ਪਹਿਲਾਂ ਨਾਲ਼ੋਂ ਵਧੇਰੇ ਖਿੱਤੇ ਲੋਚਦੀਆਂ ਹਨ) ਜੋ ਇਨ੍ਹਾਂ ਸਾਮਰਾਜੀ ਤਾਕਤਾਂ ਵਿਚ ਲੜਾਈ ਤੇ ਜੰਗਾਂ ਦਾ ਕਾਰਨ ਬਣਦਾ ਹੈ। ਸਾਫ ਹੈ ਕਿ ਜਦੋਂ ਤੱਕ ਇਹ ਸਾਮਰਾਜੀ ਪ੍ਰਬੰਧ ਰਹੇਗਾ ਓਦੋਂ ਤੱਕ ਇੰਝ ਹੀ ਸਾਮਰਾਜੀ ਦੇਸ਼ ਆਪਣੀ ਤਾਕਤ ਬਣਾਈ ਰੱਖਣ ਜਾਂ ਵਧਾਉਣ ਲਈ ਇੱਕ ਦੂਜੇ ਨਾਲ਼ ਖਹਿੰਦੇ ਰਹਿਣਗੇ।
ਕਿਸੇ ਸਮੇਂ ਸੰਸਾਰ ਸਾਮਰਾਜੀ ਪ੍ਰਬੰਧ ਉੱਤੇ ਇੰਗਲੈਂਡ ਦੀ ਚੌਧਰ ਸੀ ਜੋ ਦੋ ਸੰਸਾਰ ਜੰਗਾਂ ਮਗਰੋਂ ਅਮਰੀਕਾ ਦੇ ਹੱਥ ਆਈ। ਇੱਕ ਪ੍ਰਕਿਰਿਆ ਵਿਚ ਅਮਰੀਕੀ ਧੁਰੀ (ਨਾਟੋ) ਦੇ ਮੁਕਾਬਲੇ ਵਿਚ ਰੂਸ-ਚੀਨੀ ਸਾਮਰਾਜੀ ਧੁਰੀ ਦਾ ਉਭਾਰ ਹੋਇਆ ਜਿਸ ਵਿਚ ਇਸ ਸਮੇਂ ਅਮਰੀਕਾ ਲਈ ਸਭ ਤੋਂ ਵੱਡਾ ਖਤਰਾ ਚੀਨੀ ਸਾਮਰਾਜ ਬਣਿਆ ਹੋਇਆ ਹੈ। ਸਮਾਜਵਾਦੀ ਚੀਨ ਦੇ 1976 ਵਿਚ ਸਰਮਾਏਦਾਰਾ ਚੀਨ ਵਿਚ ਤਬਦੀਲ ਹੋਣ ਮਗਰੋਂ ਅਤੇ ਬਾਅਦ ’ਚ ਚੀਨ ਦੇ ਸਾਮਰਾਜੀ ਦੇਸ਼ ਵਜੋਂ ਉੱਭਰਣ ਦੀ ਪ੍ਰਕਿਰਿਆ ਸ਼ੁਰੂ ਹੋਈ ਤੇ ਪਿਛਲੇ ਸਮੇਂ ਵਿਚ ਇਹ ਅਮਰੀਕਾ ਲਈ ਸਭ ਤੋਂ ਵੱਡਾ ਮੁਕਾਬਲਾ ਬਣ ਕੇ ਸਾਹਮਣੇ ਆਇਆ ਹੈ। ਤਾਇਵਾਨ ਵਿਚ ਅਮਰੀਕੀ ਦਖਲ ਦੇ ਵਧਣ, ਵੈਨਿਜੂਏਲਾ ਵਿਚ ਆਪਣੇ ਪੱਖੀ ਸਰਕਾਰ ਬਿਠਾਉਣਾ ਤੇ ਇਰਾਨ ਉੱਤੇ ਹਮਲਾ ਅਸਲ ਵਿਚ ਅਮਰੀਕੀ ਸਾਮਰਾਜ, ਚੀਨੀ ਸਾਮਰਾਜ ਦੇ ਪ੍ਰਭਾਵ ਨੂੰ ਕਮਜੋਰ ਕਰਨ ਲਈ ਹੀ ਕਰ ਰਿਹਾ ਹੈ। ਚੀਨ ਵੈਨਿਜੂਏਲਾ ਤੇ ਇਰਾਨ ਤੋਂ ਹੀ ਮੁੱਖ ਤੌਰ ਉੱਤੇ ਤੇਲ ਹਾਸਲ ਕਰਦਾ ਹੈ। ਇਰਾਨ ਦਾ ਤਾਂ ਲੱਗਭੱਗ 80% ਤੇਲ ਸਿੱਧੇ ਅਸਿੱਧੇ ਢੰਗ ਨਾਲ਼ ਚੀਨ ਕੋਲ਼ ਹੀ ਜਾਂਦਾ ਹੈ। ਚੀਨ ਦੀਆਂ ਵਿਸ਼ਾਲ ਤੇਲ ਲੋੜਾਂ ਵਿਚ ਰੁਕਾਵਟ ਪਾਉਣ ਦੇ ਇਰਾਦੇ ਨਾਲ਼ ਹੀ ਇੱਕ ਤੋਂ ਬਾਅਦ ਇੱਕ ਅਮਰੀਕੀ ਸਾਮਰਾਜ ਨੇ ਵੈਨਿਜੂਏਲਾ ਤੇ ਇਰਾਨੀ ਘਟਨਾਵਾਂ ਨੂੰ ਅੰਜਾਮ ਦਿੱਤਾ। ਮੱਧ ਪੂਰਬ ਦੇ ਪੂਰੇ ਹੀ ਖਿੱਤੇ ਵਿਚ ਇਰਾਨ ਨੂੰ ਛੱਡ ਕੇ ਬਾਕੀ ਸਭ ਦੇਸ਼ ਅਮਰੀਕੀ-ਇਜਰਾਇਲ ਜੁੰਡਲੀ ਅੱਗੇ ਪਹਿਲੋਂ ਹੀ ਗੋਡੇ ਟੇਕ ਚੁੱਕੇ ਸਨ ਤੇ ਇਰਾਨ ਹੀ ਰੂਸ-ਚੀਨ ਦੀ ਧੁਰੀ ਦਾ ਇੱਕਮਾਤਰ ਇਸ ਹਿੱਸੇ ਵਿਚ ਪ੍ਰਭਾਵ ਖੇਤਰ ਹੈ। ਇੱਥੇ ਸਾਮਰਾਜੀ ਚੀਨ ਲਈ ਅਮਰੀਕੀ ਪ੍ਰਭਾਵ ਨੂੰ ਠੱਲ੍ਹਣਾ ਜ਼ਰੂਰੀ ਹੋ ਚੁੱਕਿਆ ਸੀ। ਇਸੇ ਲਈ ਹੀ ਇਰਾਨ ਨੂੰ ਲੰਬੇ ਸਮੇਂ ਤੋਂ ਚੀਨ ਹਥਿਆਰ ਤੇ ਹਥਿਆਰ ਬਣਾਉਣ ਦੀ ਤਕਨੀਕ ਦਿੰਦਾ ਆ ਰਿਹਾ ਸੀ। ਆਪਣੇ ਸਾਮਰਾਜੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਇਰਾਨ ਦਾ ਖੇਤਰ ਦੋਵੇਂ ਅਮਰੀਕੀ ਤੇ ਚੀਨੀ ਸਾਮਰਾਜੀਆਂ ਲਈ ਕਾਫੀ ਜ਼ਰੂਰੀ ਬਣਿਆ ਹੋਇਆ ਹੈ ਤੇ ਇਸੇ ਲਈ ਇਸ ਖੇਤਰੀ ਜੰਗ ਵਿਚ ਇਹ ਇਸ ਸਮੇਂ ਉਲਝੇ ਹੋਏ ਹਨ।
ਦੁਨੀਆ ਭਰ ਵਿਚ ਵਾਪਰ ਰਹੀਆਂ ਅਜਿਹੀਆਂ ਖੇਤਰੀ ਜੰਗਾਂ ਪਿੱਛੇ ਅਸਲ ਵਿਚ ਸਾਮਰਾਜੀ ਟਕਰਾਅ ਹੀ ਕੰਮ ਕਰਦਾ ਹੈ। ਦੂਜੀ ਸੰਸਾਰ ਜੰਗ ਤੱਕ ਸਾਮਰਾਜੀ ਦੇਸ਼ ਸਿੱਧੇ-ਸਿੱਧੇ ਇੱਕ ਦੂਜੇ ਨਾਲ਼ ਫੌਜੀ ਟੱਕਰ ਲੈਂਦੇ ਸਨ ਪਰ ਪ੍ਰਮਾਣੂ ਹਥਿਆਰਾਂ ਦੇ ਬਣਨ ਨਾਲ਼ ਹੁਣ ਅਜਿਹੀਆਂ ਸਿੱਧੀਆਂ ਜੰਗਾਂ ਨਾਲ਼ ਹੋਣ ਵਾਲ਼ਾ ਨੁਕਸਾਨ ਕਿਸੇ ਵੀ ਸਾਮਰਾਜੀ ਦੇਸ਼ ਨੂੰ ਵਾਰਾ ਨਹੀਂ ਖਾਂਦਾ। ਪ੍ਰਮਾਣੂ ਹਥਿਆਰਾਂ ਨੇ ਜਿੱਥੇ ਜੰਗ ਵਿਚਲੀ ਅਜਿਹੀ ਸੰਭਾਵੀ ਤਬਾਹੀ ਦਾ ਅਧਾਰ ਤਿਆਰ ਕੀਤਾ ਹੈ ਜੋ ਪਹਿਲਾਂ ਕਦੇ ਵੀ ਸੰਭਵ ਨਹੀਂ ਸੀ ਉੱਥੇ ਨਾਲ਼ ਹੀ ਇਸਨੇ ਸਾਮਰਾਜੀ ਜੰਗਾਂ ਨੂੰ ਸਾਮਰਾਜੀ ਤਾਕਤਾਂ ਵਿਚ ਸਿੱਧਾ ਲੜਾਈ ਤੋਂ ਬਦਲ ਕੇ ਖੇਤਰੀ ਜੰਗਾਂ ਵਿਚ ਤਬਦੀਲ ਕਰ ਦਿੱਤਾ ਹੈ। ਇਰਾਨ ਦੀ ਖੇਤਰੀ ਜੰਗ ਵਿਚ ਵੀ ਇਸ ਕਰਕੇ ਅਮਰੀਕਾ ਵਿਰੁੱਧ ਰੂਸ-ਚੀਨ ਧੁਰੀ ਦੇ ਸਿੱਧਾ ਉਤਰਨ ਦੀ ਸੰਭਾਵਨਾ ਭਾਵੇਂ ਕਾਫੀ ਘੱਟ ਹੈ ਪਰ ਇਸ ਜੰਗ ਦੇ ਫੈਲਣ ਨਾਲ਼ ਰੂਸ-ਚੀਨ ਧੁਰੀ ਦਾ ਅਸਿੱਧਾ ਦਖਲ (ਇਰਾਨ ਨੂੰ ਵਧੇਰੇ ਜਾਣਕਾਰੀ, ਹਥਿਆਰ ਦੀ ਪੂਰਤੀ, ਫੌਜੀ ਰਣਨੀਤੀ) ਵਧਣ ਦੀ ਹੀ ਕਿਆਸਰਾਈ ਹੈ।
ਇਸ ਸਾਮਰਾਜੀ ਪ੍ਰਬੰਧ ਦਾ ਅਜਿਹੀਆਂ ਨਿਹੱਕੀ ਜੰਗਾਂ ਅਟੁੱਟ ਹਿੱਸਾ ਹਨ ਤੇ ਸਮੇਂ-ਸਮੇਂ ਉੱਤੇ ਸਾਮਰਾਜੀ ਤਾਕਤਾਂ ਦਾ ਆਪਸੀ ਮੁਕਾਬਲਾ ਜੰਗਾਂ ਵਿਚ ਫੁੱਟਦਾ ਰਹਿੰਦਾ ਹੈ। ਇਨ੍ਹਾਂ ਜੋਕਾਂ ਵਿਚ ਆਪਣੇ ਹਿੱਤਾਂ ਨੂੰ ਲੈ ਕੇ ਹੋਣ ਵਾਲ਼ੀਆਂ ਇਨ੍ਹਾਂ ਲੜਾਈਆਂ ਦਾ ਵਧੇਰੇ ਬੋਝ ਆਮ ਲੋਕਾਈ ਸਿਰ ਹੀ ਪੈਂਦਾ ਹੈ। ਲੋਕਾਂ ਦੀ ਅਥਾਹ ਤਬਾਹੀ ਕਰਨ ਵਾਲ਼ੀਆਂ ਇਹ ਜੰਗਾਂ ਲੋਕਾਂ ਦੀ ਇਸ ਸਮੁੱਚੇ ਪ੍ਰਬੰਧ ਵਿਰੁੱਧ ਨਫਰਤ ਡੂੰਘੀ ਕਰਦੀਆਂ ਹਨ ਤੇ ਇਨ੍ਹਾਂ ਜੰਗਾਂ ਦੇ ਅਸਲ ਕਾਰਨਾਂ ਦਾ ਪਾਜ ਵੀ ਉਘਾੜਦੀਆਂ ਹਨ। ਤੀਜੀ ਦੁਨੀਆਂ ਦੇ ਦੇਸ਼ਾਂ ਦੇ ਲੋਕਾਂ ਦੇ ਨਾਲ਼-ਨਾਲ਼ ਯੂਰਪ ਅਤੇ ਅਮਰੀਕਾ ਵਿਚ ਵੀ ਲੋਕ ਅਮਰੀਕੀ ਸਾਮਰਾਜ ਨੂੰ ‘ਖੂਨੀ ਸਾਮਰਾਜ’ ਅਤੇ ‘ਜੰਗ ਲਈ ਬਹਾਨੇ ਬਣਾਉਣ ਵਾਲ਼ਾ’ ਕਹਿ ਰਹੇ ਹਨ। ਇੱਕ ਸਰਵੇਖਣ ਅਨੁਸਾਰ ਅਮਰੀਕਾ ਵਿਚ 70-80% ਲੋਕ ਇਸ ਤਰ੍ਹਾਂ ਦੇ ਹਮਲੇ ਵਿਰੁੱਧ ਹਨ ਅਤੇ ਸੱਤਾ ਬਦਲਣ ਵਾਲ਼ੀਆਂ ਜੰਗ ਨਹੀਂ ਚਾਹੁੰਦੇ। ਮੌਜੂਦਾ ਜੰਗ ਵਿਰੋਧੀ ਲੋਕ ਰੋਹ ਵੀ ਇਸਦਾ ਪ੍ਰਤੀਕ ਹੈ ਕਿ ਅਮਰੀਕੀ ਸਾਮਰਾਜ ਹੁਣ ਆਪਣੀ ਝੂਠੀ ‘ਸੰਸਾਰ ਸ਼ਾਂਤੀ’ ਅਤੇ ‘ਜਮਹੂਰੀਅਤ ਸਥਾਪਤੀ’ ਦੀ ਕਹਾਣੀ ਨਾਲ਼ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦਾ ਅਤੇ ਲੋਕ ਸਮਝ ਚੁੱਕੇ ਹਨ ਕਿ ਇਹ ਜੰਗਾਂ ਤੇਲ, ਖੇਤਰੀ ਕੰਟਰੋਲ ਅਤੇ ਡਿੱਗਦੀ ਸਰਦਾਰੀ ਨੂੰ ਬਚਾਉਣ ਦੀਆਂ ਜੰਗਾਂ ਹਨ। ਸਮੇਂ ਨਾਲ਼ ਲੋਕ ਅਮਰੀਕੀ ਸਾਮਰਾਜ ਦੇ ਨਾਲ਼-ਨਾਲ਼ ਇਸ ਪੂਰੇ ਸਾਮਰਾਜੀ ਢਾਂਚੇ ਦੀ ਅਸਲੀਅਤ ਨੂੰ ਪਛਾਣਨ ਵਿਚ ਵੀ ਸਫਲ ਹੋਣਗੇ।
‘ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ’ – 16 ਤੋਂ 31 ਮਾਰਚ 2026 ਵਿਚ ਪ੍ਰਕਾਸ਼ਿਤ
