ਵਰਤਮਾਨ ਸੰਦਰਭ ‘ਚ ਗੁਰਦੁਆਰਾ, ਸਿੱਖ ਤੇ ਸਿੱਖਿਆ-2

ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਵਿਚ ਚਰਚਾ ਕਰ ਰਹੇ ਸਾਂ ਕਿ ਜਿਸ ਉਪਰ ਅੰਦਰੂਨੀ ਭਾਈਚਾਰੇ ਨਾਲ ਸੰਚਾਰ ਅਤੇ ਬਾਹਰਲੀ ਦੁਨੀਆਂ ਦੇ ਵਿਚਾਰਧਾਰਕ ਹਮਲਿਆਂ ਨਾਲ ਟੱਕਰ ਲੈਣ ਦੀ ਜਿੰਮੇਵਾਰੀ ਪੈਣੀ ਹੈ, ਉਸ ਨੂੰ ਆਪਣੀ ਪਰੰਪਰਾ, ਇਤਿਹਾਸ, ਧਰਮ-ਗ੍ਰੰਥ, ਇਸ ਦੀ ਵਿਚਾਰਧਾਰਾ ਅਤੇ ਸੰਕਲਪਾਂ ਦੀ ਵਿਆਖਿਆ ਦੀ ਪੂਰੀ ਅਤੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਅੱਜ ਦਾ ਜੁਗ ਧਾਰਮਿਕ-ਅਨੇਕਵਾਦ ਦਾ ਜੁਗ ਹੈ। ਇਸ ਲਈ ਉਸ ਨੂੰ ਦੂਸਰੇ ਧਰਮਾਂ ਦਾ ਵੀ ਮੁੱਢਲਾ ਗਿਆਨ ਹੋਣਾ ਜ਼ਰੂਰੀ ਹੈ ਤਾਂ ਕਿ ਆਪਣੇ ਪੱਖ ਨੂੰ ਆਪਣਿਆਂ ਅਤੇ ਦੂਸਰਿਆਂ ਨੂੰ ਸਮਝਾਉਣ ਵਿਚ ਉਸ ਨੂੰ ਕੋਈ ਬਹੁਤੀ ਦਿੱਕਤ ਨਾ ਆਵੇ। ਕਿਸੇ ਛੋਟੇ ਤੋਂ ਛੋਟੇ ਚਰਚ ਦਾ ਪਾਦਰੀ ਵੀ ਚੰਗਾ ਪੜ੍ਹਿਆ ਲਿਖਿਆ ਵਿਦਵਾਨ, ਧਰਮ ਦੇ ਖੇਤਰ ਵਿਚ ਤਾਲੀਮ-ਯਾਫ਼ਤਾ ਵਿਅਕਤੀ ਹੁੰਦਾ ਹੈ। ਸਿੱਖ ਧਰਮ ਵਿਚ ਇਸ ਤਰ੍ਹਾਂ ਨਹੀਂ ਹੈ। ਸਿੱਖ ਧਰਮ ਦੇ ਪ੍ਰਚਾਰਕ ਆਮ ਤੌਰ ‘ਤੇ ਸਿੱਖ ਇਤਿਹਾਸ ਜਾਂ ਸਿੱਖ ਫਲਸਫੇ ਵਿਚ ਯੋਗਤਾ ਪ੍ਰਾਪਤ ਵਿਅਕਤੀ ਨਹੀਂ ਹੁੰਦੇ, ਦੂਸਰੇ ਧਰਮਾਂ ਦੀ ਜਾਣਕਾਰੀ ਤਾਂ ਗੱਲ ਹੀ ਦੂਰ ਦੀ ਹੈ। ਇਹ ਸਮਝ ਲਿਆ ਜਾਂਦਾ ਹੈ ਕਿ ਜਿਸ ਨੂੰ ਗੁਰਮੁਖੀ ਲਿਪੀ ਆਉਂਦੀ ਹੈ, ਜੋ ਪਾਠ ਕਰ ਲੈਂਦਾ ਹੈ ਅਤੇ ਜੇ ਉਸ ਨੂੰ ਹੋਰ ਕਿਧਰੇ ਕੰਮ ਨਹੀਂ ਮਿਲਦਾ ਤਾਂ ਉਹ ਸਿੱਖ ਧਰਮ ਦਾ ਪ੍ਰਚਾਰਕ ਜਾਂ ਗ੍ਰੰਥੀ ਸਿੰਘ ਲੱਗ ਸਕਦਾ ਹੈ, ਕਿਉਂ? ਇਸ ਲਈ ਕਿ ਅਸੀਂ ਸਿੱਖਾਂ ਨੇ ਇਹ ਧਾਰਨਾ ਬਣਾ ਲਈ ਹੈ ਕਿ ਸਿੱਖ ਦਾ ਕੰਮ ਏਨਾ ਕੁ ਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਖੁਸ਼ੀ-ਗਮੀ ਸਮੇਂ ਕਰਵਾਉਣਾ ਹੈ, ਬੱਸ। ਬਾਣੀ ਨੂੰ ਸਮਝਣ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਨੇ ਕੀ ਵਿਚਾਰਧਾਰਾ ਦਿੱਤੀ ਹੈ, ਅਸੀਂ ਜੀਵਨ ਵਿਚ ਉਸ ਤੋਂ ਕੀ ਅਗਵਾਈ ਲੈਣੀ ਹੈ, ਇਸ ਨਾਲ ਸਿੱਖ ਦਾ ਕੋਈ ਸਬੰਧ ਹੀ ਨਹੀਂ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਖੁਸ਼ੀ-ਗਮੀ ਸਮਂੇ ਸੁੱਖਣਾ ਤਾਰਨ ਲਈ ਪਾਠ, ਅਖੰਡ ਪਾਠ ਕਰਾਉਣ ਤੱਕ ਮਹਿਦੂਦ ਕਰ ਲਿਆ ਹੈ। ਇਸ ਵਿਚ ਸਭ ਤੋਂ ਵੱਡਾ ਯੋਗਦਾਨ ਸ਼੍ਰੋਮਣੀ ਕਮੇਟੀ ਦਾ ਹੈ ਜੋ ਆਪਣੇ ਪ੍ਰਬੰਧ ਹੇਠਲੇ ਹਰ ਗੁਰਦੁਆਰੇ ਵਿਚ ਪਾਠ ਬੁੱਕ ਕਰਦੀ ਹੈ। ਗੁਰੂ ਸਾਹਿਬਾਨ ਨੇ ਅਜਿਹੀ ਸਿੱਖਿਆ ਤਾਂ ਕਿਧਰੇ ਨਹੀਂ ਦਿੱਤੀ। ਪਾਠ ਨੂੰ ਅਸੀਂ ਗੁਰਦੁਆਰਿਆਂ ਦੀ ਆਮਦਨ ਦਾ ਸਾਧਨ ਬਣਾ ਲਿਆ ਹੈ। ਰਹਿੰਦੀ ਕਸਰ ਰੰਗ-ਬਿਰੰਗੇ ਡੇਰਿਆਂ ਨੇ ਪੂਰੀ ਕਰ ਦਿੱਤੀ ਹੈ ਜੋ ਸਿੱਖ ਧਰਮ ਦੇ ਪ੍ਰਚਾਰ ਦੇ ਨਾਮ ‘ਤੇ ਪਤਾ ਨਹੀਂ ਕਿੱਥੋਂ ਕਿੱਥੋਂ ਭਰਮ-ਪਾਊ ਸਾਖੀਆਂ ਕੱਢ ਕੇ ਸੰਗਤ ਨੂੰ ਸੁਣਾਉਂਦੇ ਰਹਿੰਦੇ ਹਨ ਅਤੇ ਸੰਗਤ ਅੱਖਾਂ ਮੀਚ ਕੇ, ਬਿਨਾਂ ਦਿਮਾਗ ‘ਤੇ ਭੋਰਾ ਵੀ ਬੋਝ ਪਾਇਆਂ ਵਾਹਿਗੁਰੂ ਵਾਹਿਗੁਰੂ ਕਰਦੀ ਰਹਿੰਦੀ ਹੈ। ਗੁਰੂ ਘਰ ਨਿਥਾਂਵਿਆਂ ਦਾ ਥਾਂਵ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਜ਼ਰੂਰ ਹੈ ਪਰ ਇਸ ਢੰਗ ਨਾਲ ਨਹੀਂ ਜਿਹੋ ਜਿਹਾ ਅਸੀਂ ਬਣਾ ਲਿਆ ਹੈ।
ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਧਾਰਮਿਕ ਭਾਈਚਾਰੇ ਵਿਚ ਜਿਸ ਅਮਲ ਰਾਹੀਂ ਧਾਰਮਿਕ ਨਜ਼ਰੀਆ ਅਤੇ ਭਾਵਨਾ ਪੈਦਾ ਕੀਤੇ ਜਾਂਦੇ ਹਨ, ਉਹ ਸੁਭਾ ਵਿਚ ਦੁਵੱਲੇ ਅਸਰ ਵਾਲਾ ਹੈ। ਇੱਕ ਪਾਸੇ, ਵਿਅਕਤੀ ਭਾਈਚਾਰੇ ਵਿਚ ਧਾਰਮਿਕ ਭਾਈਵਾਲੀ ‘ਤੇ ਅਸਰ ਪਾਉਂਦਾ ਹੈ, ਇਸ ਦੇ ਨਾਲ ਹੀ ਭਾਈਚਾਰਾ ਵੀ ਉਸ ‘ਤੇ ਅਸਰ ਅੰਦਾਜ਼ ਹੁੰਦਾ ਹੈ। ਸਿੱਖ ਗੁਰੂ ਸਾਹਿਬਾਨ ਨੂੰ ਇਸ ਤੱਥ ਦਾ ਭਲੀਭਾਂਤ ਅਹਿਸਾਸ ਸੀ। ਇਹੀ ਕਾਰਨ ਹੈ ਕਿ ਗੁਰੂ-ਘਰਾਂ ਵਿਚ ਸੰਗਤਿ ਅਤੇ ਪੰਗਤਿ ਦੀ ਸੰਸਥਾ ਕਾਇਮ ਕੀਤੀ ਗਈ। ਗੁਰੂ ਰਾਮਦਾਸ ਸੰਗਤਿ ਦੀ ਮਹੱਤਤਾ ਅਤੇ ਜ਼ਰੂਰਤ ਪ੍ਰਤੀ ਚੇਤੰਨ ਕਰਦੇ ਹਨ ਕਿ ਸਤਿਸੰਗਤਿ ਸਤਿਗੁਰੂ ਦੀ ਪਾਠਸ਼ਾਲਾ ਹੈ, ਜਿੱਥੇ ਜਾ ਕੇ ਮਨੁੱਖ ਅਕਾਲ ਪੁਰਖ ਦੇ ਗੁਣ ਸਿੱਖ ਸਕਦਾ ਹੈ। ਧੰਨ ਹੈ ਉਹ ਪਾਂਧਾ-ਗੁਰੂ (ਪਾਂਧੇ ਦਾ ਕੰਮ ਪੁਰਾਣੇ ਸਮੇਂ ਵਿਚ ਵਿੱਦਿਆ ਦੇਣਾ ਹੁੰਦਾ ਸੀ) ਜਿਸ ਰਾਹੀਂ ਪਰਮਾਤਮਾ ਨੂੰ ਮਿਲ ਕੇ ਉਸ ਦੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਕਰੀਦੀਆਂ ਹਨ,
ਸਤਸੰਗਤਿ ਸਤਿਗੁਰ ਚਟਸਾਲ ਹੈ
ਜਿਤੁ ਹਰਿ ਗੁਣ ਸਿਖਾ॥
ਧਨੁ ਧੰਨੁ ਸੁ ਪਾਧਾ ਸਤਿਗੁਰੂ
ਜਿਤੁ ਮਿਲਿ ਹਰਿ ਲੇਖਾ ਲਿਖਾ॥8॥
(ਪੰਨਾ 1316)
ਭਾਈ ਗੁਰਦਾਸ ਕਹਿੰਦੇ ਹਨ ਕਿ ਚੰਦਨ ਦਾ ਬਵੰਜਾ ਉਂਗਲਾਂ ਦਾ ਦਰੱਖਤ ਉਜਾੜ ਜੰਗਲ ਵਿਚ ਉਗਦਾ ਅਤੇ ਵੱਸਦਾ ਹੈ। ਉਹ ਹਵਾ ਦੇ ਰੁਮਕਣ ਨਾਲ ਆਸ-ਪਾਸ ਉਗੀ ਹਰ ਤਰ੍ਹਾਂ ਦੀ ਬਨਸਪਤੀ ਵਿਚ ਆਪਣੀ ਸੁਗੰਧ ਬਿਖੇਰਦਾ ਹੈ। ਇਸ ਵਿਚ ਫਲਦਾਰ ਅਤੇ ਬਿਨਾ ਫਲ ਦੇ, ਹਰ ਤਰ੍ਹਾਂ ਦੇ ਦਰੱਖਤ ਸ਼ਾਮਲ ਹੁੰਦੇ ਹਨ ਜਿਨ੍ਹਾਂ ਤੱਕ ਉਸ ਦੀ ਸੁਗੰਧ ਇੱਕੋ ਜਿਹੇ ਰੂਪ ਵਿਚ ਪਹੁੰਚਦੀ ਹੈ ਅਤੇ ਉਹ ਸਾਰੀ ਬਨਸਪਤੀ ਨੂੰ ਚੰਦਨ ਦਾ ਬਗ਼ੀਚਾ ਬਣਾ ਦਿੰਦਾ ਹੈ। ਗੁਰਮੁਖਿ ਸਾਧਸੰਗਤਿ ਵਿਚ ਸੁਖ ਫਲ ਪ੍ਰਾਪਤ ਕਰਦੇ ਹਨ। ਇੱਕ ਦਿਨ ਵਿਚ ਹੀ ਪਤਿਤਾਂ ਨੂੰ ਪਵਿੱਤਰ ਕਰ ਦਿੰਦੇ ਹਨ। ਕੱਚਿਆਂ ਅਰਥਾਤ ਮਨਮੁੱਖਾਂ ਨੂੰ ਸਾਧ ਸੰਗਤਿ ਰੂਪ ਵਾੜੀ ਵਿਚ ਹੀ ਪਕਾ ਲੈਂਦੇ ਹਨ। ਇਸ ਤਰ੍ਹਾਂ ਸਾਧ ਸੰਗਤਿ ਰੂਪ ਕੁਠਾਲੀ ਵਿਚ ਪੈ ਕੇ ਪੱਕੇ ਹੋਏ ਮਨੁੱਖ ਨੂੰ ਦੁਨੀਆਂ ਦੀ ਕੋਈ ਤਖ਼ਲੀਫ ਨਹੀਂ ਦਿੰਦੀ,
ਬਾਵਨ ਚੰਦਨ ਬਿਰਖੁ ਹੋਇ ਵਣਖੰਡ
ਅੰਦਰਿ ਵਸੈ ਉਜਾੜੀ।
ਪਾਸਿ ਨਿਵਾਸੁ ਵਣਾਸਿਪਤਿ ਨਿਹਚਲੁ
ਲਾਇ ਉਰਧ ਤਪ ਤਾੜੀ।
ਪਵਨ ਗਵਨ ਸਨਬੰਧੁ ਕਰਿ
ਗੰਧ ਸੁਗੰਧ ਉਲਾਸ ਉਘਾੜੀ।
ਅਫਲ ਸਫਲ ਸਮਦਰਸ ਹੋਇ
ਕਰੇ ਵਣਸਪਤਿ ਚੰਦਨ ਵਾੜੀ।
ਗੁਰਮੁਖਿ ਸੁਖ ਫਲੁ ਸਾਧ ਸੰਗੁ
ਪਤਿਤ ਪੁਨੀਤ ਕਰੈ ਦੇਹਾੜੀ।
ਅਉਗੁਣ ਕੀਤੇ ਗੁਣ ਕਰੈ
ਕਚ ਪਕਾਈ ਉਪਰਿ ਵਾੜੀ।
ਨੀਰੁ ਨ ਡੋਬੈ ਅਗਿ ਨ ਸਾੜੀ। (6/16)
ਸੰਗਤ ਵਿਚ ਮਿਲਾਪ ਬਾਣੀ ਉਚਾਰਣ ਅਤੇ ਸਤਿਸੰਗੀਆਂ ਨਾਲ ਮਿਲ ਕੇ ਅਕਾਲ ਪੁਰਖ ਦੇ ਗੁਣ ਗਾਉਣ ਨਾਲ ਹੁੰਦਾ ਹੈ। ਗੁਰਮੁਖਿ ਜੋ ਬਾਣੀ ਸਰਵਣ ਕਰਨ ਲਈ ਆਪਣੇ ਕੰਨ ਅਤੇ ਦੈਵੀ ਸੱਚ ਨੂੰ ਪ੍ਰਾਪਤ ਕਰਨ ਲਈ ਆਪਣੇ ਹਿਰਦੇ ਦੇ ਦਰਵਾਜ਼ੇ ਖੁਲ੍ਹੇ ਰੱਖਦੇ ਹਨ, ਉਹ ਉਚੇ ਉਠ ਜਾਂਦੇ ਹਨ ਅਤੇ ਅਕਾਲ ਪੁਰਖ ਨਾਲ ਉਨ੍ਹਾਂ ਦਾ ਮਿਲਾਪ ਹੋ ਜਾਂਦਾ ਹੈ। ਗੁਰਦੁਆਰਾ ਇੱਕ ਅਜਿਹੀ ਸੰਸਥਾ ਹੈ ਜਿਸ ਰਾਹੀਂ ਇਹ ਕਾਰਜ ਸੰਪੂਰਨ ਕੀਤਾ ਜਾ ਸਕਦਾ ਹੈ। ਇਹ ਅਜਿਹਾ ਸਥਾਨ ਹੈ ਜੋ ਭਾਈਚਾਰੇ ਵਿਚ ਧਾਰਮਿਕ ਸਾਂਝ ਪੈਦਾ ਕਰਦਾ ਹੈ ਅਤੇ ਉਨ੍ਹਾਂ ਦੇ ਨਜ਼ਰੀਏ ਅਤੇ ਵਿਚਾਰਾਂ ‘ਤੇ ਅਸਰ ਪਾਉਂਦਾ ਹੈ। ਕੀ ਸਾਡੀ ਗੁਰਦੁਆਰਾ ਸੰਸਥਾ ਅਤੇ ਅਸੀਂ ਜਿਹੜੇ ਇਸ ਸੰਸਥਾ ਨੂੰ ਚਲਾਉਂਦੇ ਹਾਂ, ਗੁਰੂ ਵੱਲੋਂ ਸੌਂਪਿਆ ਗਿਆ ਇਹ ਕਾਰਜ ਚੰਗੀ ਤਰ੍ਹਾਂ ਨਿਭਾ ਰਹੇ ਹਾਂ? ਨਹੀਂ, ਬਿਲਕੁਲ ਨਹੀਂ ਕਿਉਂਕਿ ਸਾਡੇ ਲਈ ਰੋਲ ਮਾਡਲ ਗੁਰੂ ਦੀ ਥਾਂ ਸਾਡੇ ਰਾਜਨੀਤਕ ਨੇਤਾ ਬਣ ਗਏ ਹਨ। ਗੁਰਦੁਆਰਾ ਸਾਡੇ ਝਗੜਿਆਂ ਦਾ ਕੇਂਦਰ ਬਣ ਗਿਆ ਹੈ। ਗੁਰਦੁਆਰੇ ਵਿਚ ਸਾਡੀ ਦਿਲਚਸਪੀ ਏਨੀ ਕੁ ਹੀ ਰਹਿ ਗਈ ਹੈ ਕਿ ਮਾਰਬਲ, ਹੋਰ ਮਾਰਬਲ ਲਾਈ ਜਾਵੋ, ਜੋ  ਗੁਰਦੁਆਰੇ ਨੂੰ ਸੰਗਤ ਵਾਸਤੇ ਅਸੁਖਾਵਾਂ ਵੀ ਬਣਾਉਂਦੀ ਹੈ। ਸਾਡੇ ਪ੍ਰਚਾਰਕ ਸਿੱਖ ਭਾਈਚਾਰੇ ਨੂੰ ਇਹ ਤਾਂ ਹਮੇਸ਼ਾ ਤੋਂ ਦੱਸਦੇ ਆ ਰਹੇ ਹਨ ਕਿ ਇੱਕ ਸਿੱਖ ਹੋਣ ਦੇ ਨਾਤੇ ਮਰਨਾ ਕਿਵੇਂ ਹੈ, ਕਿਉਂਕਿ ਇਹ ਰਾਜਨੀਤਕ ਤਾਕਤ ਦੇ ਭੁੱਖੇ ਨੇਤਾਵਾਂ ਦੀ ਤਾਕਤ ਹਥਿਆਉਣ ਲਈ ਮੋਰਚਿਆਂ ਅਤੇ ਧਰਮ-ਯੁੱਧ ਮੋਰਚਿਆਂ ਲਈ ਜ਼ਰੂਰਤ ਹੈ (ਤਾਕਤ ਵਿਚ ਆਉਣ ‘ਤੇ ਉਨ੍ਹਾਂ ਨੂੰ ਉਹ ਸਭ ਕੁੱਝ ਭੁੱਲ ਜਾਂਦਾ ਹੈ ਜਿਸ ਦੀ ਖ਼ਾਤਰ ਭੋਲੇ ਭਾਲੇ ਲੋਕ ਆਪਣੀਆਂ ਜਾਨਾਂ ਵਾਰਦੇ ਅਤੇ ਜੇਲ੍ਹਾਂ ਕੱਟਦੇ ਆਏ ਹਨ)। ਇਨ੍ਹਾਂ ਨੇ ਨੌਜੁਆਨ ਪੀੜ੍ਹੀ ਨੂੰ ਇਹ ਕਦੇ ਨਹੀਂ ਦੱਸਿਆ ਕਿ ਜਿਉਣਾ ਕਿਵੇਂ ਹੈ? ਜਦ ਕਿ ਸਿੱਖ ਧਰਮ ਇੱਕ ਜੀਵਨ ਜਾਚ ਹੈ। ਗੁਰਦੁਆਰੇ ਦਾ ਇਹ ਕਾਰਜ ਹੈ ਕਿ ਬਾਣੀ ਦੇ ਅਧਿਆਤਮਕ ਅਨੁਭਵ ਅਤੇ ਇਸ ਦੇ ਸੁਨੇਹੇ ਨੂੰ ਦੱਸੇ ਅਤੇ ਸਿੱਖੀ ਵਿਚ ਅੰਦਰੋਂ ਪੈਦਾ ਹੋ ਰਹੇ ਭਰਮ ਦੂਰ ਕਰੇ, ਬਾਹਰੋਂ ਹੋ ਰਹੇ ਸਿਧਾਂਤਕ ਹਮਲਿਆਂ ਦਾ ਢੁਕਵਾਂ ਜੁਆਬ ਦੇਵੇ।
ਗੁਰੂ ਸਾਹਿਬਾਨ ਕੋਲ ਉਹ ਅਧਿਆਤਮਕ ਅਤੇ ਧਾਰਮਿਕ ਅਨੁਭਵ ਸੀ, ਜੋ ਉਨ੍ਹਾਂ ਸਭ ਵਿਚ ਸਾਂਝ ਪੈਦਾ ਕਰਨ ਲਈ ਮਜ਼ਬੂਰ ਕਰ ਦਿੰਦਾ ਸੀ, ਜਿਨ੍ਹਾਂ ਕੋਲ ਇਹ ਬਾਣੀ ਦੇ ਰੂਪ ਵਿਚ ਸੀ। ਉਨ੍ਹਾਂ ਨੇ ਇਸ ਦਾ ਪਵਿੱਤਰ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸੰਕਲਨ ਕੀਤਾ ਅਤੇ ਇਸ ਨੂੰ ਜਿਉਣ-ਮਰਨ ਦੀ ਕਲਾ ਦੇ ਰੂਪ ਵਿਚ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾਗਤ ਅਤੇ ਪ੍ਰਭੂ ਭਗਤੀ ਦੇ ਰੂਪ ਵਿਚ ਰਸਮਾਂ ਕਿਵੇਂ ਸਿੱਧੇ ਸਾਦੇ ਰੂਪ ਵਿਚ ਕਰਨੀਆਂ ਹਨ। ਉਨ੍ਹਾਂ ਇਸ ਨੂੰ ਨੈਤਿਕਤਾ ਅਤੇ ਹੋਰ ਅਮਲੀ ਕਾਰਜਾਂ ਦੇ ਰੂਪ ਵਿਚ ਢਾਲਿਆ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸੰਗਤ ਰੂਪੀ ਖਾਲਸੇ ਨੂੰ ਇਹ ਅਧਿਕਾਰ ਦਿੱਤਾ ਕਿ ਸਮੇਂ ਦੀ ਲੋੜ ਮੁਤਾਬਕ ਇਸ ਨੂੰ ਸ਼ਬਦ ਗੁਰੂ ਦੀ ਅਗਵਾਈ ਵਿਚ ਬਦਲੇ ਹਾਲਾਤ ਅਨੁਸਾਰ ਕਿਵੇਂ ਅਮਲ ਵਿਚ ਲਿਆਉਣਾ ਹੈ?
ਅਸੀਂ ਸਿੱਖ ਦੇ ਤੌਰ ‘ਤੇ ਫੇਲ੍ਹ ਹੋ ਗਏ ਹਾਂ। ਅੱਜ ਗੁਰਦੁਆਰਿਆਂ ਵਿਚ ਗੋਲਕ ਦੇ ਝਗੜਿਆਂ ਤੋਂ ਉਤੇ ਹੀ ਨਹੀਂ ਉਠਿਆ ਜਾ ਰਿਹਾ। ਮਕਸਦ ਲੋਕਾਈ ਦੀ ਸੇਵਾ ਕਰਨ ਦੀ ਥਾਂ ਸਿਰਫ ਇਹ ਰਹਿ ਗਿਆ ਹੈ ਕਿ ਕਬਜ਼ਾ ਕਿਵੇਂ ਕਰਨਾ ਹੈ? ਇਸ ਕਬਜ਼ੇ ਲਈ ਸ਼ਬਦ ਗੁਰੂ ਦੀ ਹਜ਼ੂਰੀ ਵਿਚ ਵੀ ਇੱਕ-ਦੂਜੇ ਦੀਆਂ ਪੱਗਾਂ ਉਛਾਲੀਆਂ ਜਾਂਦੀਆਂ ਹਨ, ਕ੍ਰਿਪਾਨ ਜੋ ਗਰੀਬ ਦੀ ਰਾਖੀ ਲਈ ਉਠਣੀ ਸੀ, ਇੱਕ ਦੂਜੇ ‘ਤੇ ਵਾਰ ਕਰਨ ਲਈ ਵਰਤੀ ਜਾਂਦੀ ਹੈ। ਵਿਦੇਸ਼ ਵਿਚ ਬੈਠਿਆਂ ਵੀ ਅਸੀਂ ਆਪਣਾ ਅਤੇ ਆਪਣੇ ਧਰਮ ਦਾ ਮਜ਼ਾਕ ਬਣਾਉਣ ਤੋਂ ਨਹੀਂ ਟਲਦੇ। ਧੜੇਬੰਦਕ ਲੜਾਈ ਰੋਕਣ ਲਈ ਪੁਲਿਸ ਗੁਰਦੁਆਰੇ ਅੰਦਰ ਆਉਂਦੀ ਹੈ, ਬਹੁਤੀ ਵਾਰ ਸਮੇਤ ਜੁੱਤਿਆਂ ਦੇ। ਸੰਗਤ ਦਾ ਪੈਸਾ ਮੁਕੱਦਮਿਆਂ ‘ਤੇ ਉਜਾੜਿਆ ਜਾਂਦਾ ਹੈ। ਸੋਚਿਆ ਜਾਵੇ ਤਾਂ ਜੋ ਪੈਸਾ ਚੌਧਰ ਅਤੇ ਗੋਲਕ ਦੇ ਕਬਜ਼ੇ ‘ਤੇ ਖ਼ਰਚ ਹੁੰਦਾ ਹੈ, ਉਸ ਨਾਲ ਕਿੰਨੇ ਸਕੂਲਾਂ ਦਾ ਸੁਧਾਰ ਕੀਤਾ ਜਾ ਸਕਦਾ ਹੈ? ਬਤੌਰ ਸਿੱਖ ਨਿਜੀ ਪੱਧਰ ‘ਤੇ ਵੀ ਅਸੀਂ ਕਿਸੇ ਸਕੂਲ ਦੀ ਇਮਾਰਤ ਬਣਾਉਣ, ਗਰੀਬ ਬੱਚਿਆਂ ਦੀ ਮਦਦ ਕਰਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਉਤੇ ਕੀਮਤੀ ਤੋਂ ਕੀਮਤੀ ਰੁਮਾਲੇ ਚੜ੍ਹਾਏ ਜਾਣ, ਕੀਮਤੀ ਚਾਨਣੀਆਂ ਨਾਲ ਕਮਰੇ ਨੂੰ ਸ਼ਿੰਗਾਰਦੇ ਹਾਂ, ਸ਼ਬਦ ਗੁਰੂ ਨੂੰ ਗਰਮੀ ਤੋਂ ਬਚਾਉਣ ਲਈ ਏæਸੀæ ਅਤੇ ਸਰਦੀ ਤੋਂ ਬਚਾਉਣ ਲਈ ਰਜਾਈ ਤੱਕ ਦਿੰਦੇ ਹਾਂ। ਸਵਾਲ ਹੈ, ਕੀ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਸਿਰਫ ਦੂਸਰੇ ਧਰਮਾਂ ਵਿਚ ਪ੍ਰਵੇਸ਼ ਕਰ ਚੁੱਕੇ ਪਖੰਡ ਅਤੇ ਕਰਮਕਾਂਡ ਦੇ ਮੱਦੇਨਜ਼ਰ ਰਚੀ ਸੀ? ਇਹ ਸਿੱਖਾਂ ਲਈ ਰਚੀ ਗਈ ਸੀ, ਜਿਸ ਨੂੰ ਪੜ੍ਹਨ, ਸੁਣਨ ਅਤੇ ਇਸ ‘ਤੇ ਹਰ ਸਿੱਖ ਨੂੰ ਅਮਲ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਸਾਡੇ ਪ੍ਰਚਾਰਕ ਇਹ ਕਿਉਂ ਨਹੀਂ ਸਮਝਾਉਂਦੇ ਕਿ ‘ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ’ ਹੈ, ਇਸ ਤਰ੍ਹਾਂ ਧਨ ਉਜਾੜਨ ਨਾਲੋਂ ਇਸ ਨੂੰ ਗ਼ਰੀਬ ਬੱਚਿਆਂ ਦੀ ਪੜ੍ਹਾਈ ਦੇ ਪ੍ਰਬੰਧ ਲਈ ਖ਼ਰਚ ਕੀਤਾ ਜਾਵੇ। ਅੱਜ ਦੁਨੀਆਂ ਦੇ ਹਰ ਸ਼ਹਿਰ ਵਿਚ ਕੈਥੋਲਿਕ ਸਕੂਲ ਖੁਲ੍ਹੇ ਹਨ। ਈਸਾਈਅਤ ਦਾ ਪ੍ਰਚਾਰ ਚਰਚ ਰਾਹੀਂ ਏਨਾ ਨਹੀਂ, ਜਿੰਨਾ ਸਕੂਲਾਂ ਵਿਚ ਵਿੱਦਿਆ ਰਾਹੀਂ ਹੁੰਦਾ ਹੈ। ਪਰ ਅਸੀ ਤਾਂ ਗੁਰੂ ਕੋਲੋਂ ਕੁੱਝ ਨਹੀਂ ਸਿੱਖਦੇ, ਹੋਰ ਕਿਸੇ ਤੋਂ ਕੀ ਸਿੱਖਣਾ ਹੈ। ਅੱਜ ਸਾਧਾਂ ਦੇ ਅਨੇਕ ਡੇਰੇ ਆਪਣੀ ਨਿਜੀ ਸਿੱਖੀ ਵੇਚ ਰਹੇ ਹਨ। ਦਿਨੋ-ਦਿਨ ਡੇਰਿਆਂ ‘ਤੇ ਜਾਣ ਵਾਲੇ ਸਿੱਖਾਂ ਦੀ ਗਿਣਤੀ ਵਧਦੀ ਜਾਂਦੀ ਹੈ। ਕਿਉਂ? ਕਿਉਂਕਿ ਗੁਰਦੁਆਰਾ ਸੰਸਥਾ ਆਪਣਾ ਫਰਜ਼ ਸਹੀ ਢੰਗ ਨਾਲ ਨਹੀਂ ਨਿਭਾ ਰਹੀ। ਸਰਕਾਰਾਂ ਇਨ੍ਹਾਂ ਨੂੰ ਸਾਂਝੀਆਂ ਜ਼ਮੀਨਾਂ ਮੁਫਤ ਵਿਚ ਜਾਂ ਕੌਡੀਆਂ ਦੇ ਭਾਅ ਦੇ ਰਹੀਆਂ ਹਨ, ਕਿਉਂਕਿ ਸਿਆਸੀ ਲੋਕਾਂ ਨੂੰ ਪਤਾ ਹੈ ਕਿ ਸਿੱਖ ਵੋਟ ਇਨ੍ਹਾਂ ਡੇਰਿਆਂ ਰਾਹੀਂ ਮਿਲਦੀ ਹੈ।
ਬਤੌਰ ਸਿੱਖ ਸਾਨੂੰ ਜਾਗਣਾ ਪਵੇਗਾ ਅਤੇ ਨੌਜੁਆਨ ਪੀੜ੍ਹੀ ਨੂੰ ਬਚਾਉਣ ਲਈ ਜਤਨ ਕਰਨੇ ਪੈਣਗੇ। ਸੁੱਤਾ ਹੋਇਆ ਸਿੱਖ ਤਾਂ ਵੈਸੇ ਹੀ ਗੁਰੂ ਨੂੰ ਪ੍ਰਵਾਨ ਨਹੀਂ ਹੈ। ਗੁਰਦੁਆਰਾ ਸੰਸਥਾ ਨੂੰ ਆਪਣੇ ਹੱਕ ਵਿਚ ਵਰਤਣ ਲਈ ਆਮ ਹੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਸਿੱਖ ਧਰਮ ਵਿਚ ਭਗਤੀ ਅਤੇ ਸ਼ਕਤੀ ਇਕੱਠੀਆਂ ਹਨ, ਮੀਰੀ ਅਤੇ ਪੀਰੀ ਇੱਕ ਦੂਜੀ ਨਾਲ ਸਮਿਲਤ ਹਨ, ਅਧਿਆਤਮਕਤਾ ਅਤੇ ਦੁਨੀਆਦਾਰੀ ਇਕੱਠੀ ਹੈ। ਫਾਇਦਾ ਲੈਣ ਲਈ ਇਹ ਇੱਕ ਬਹਾਨਾ ਬਣਾ ਲਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਧਰੇ ਵੀ ਨਹੀਂ ਕਿਹਾ ਗਿਆ ਕਿ ਮੀਰੀ ਨੇ ਆਪਣੇ ਸੌੜੇ ਹਿੱਤਾਂ ਵਾਸਤੇ ਪੀਰੀ ਦੀ ਵਰਤੋਂ ਕਰਨੀ ਹੈ। ਆਦੇਸ਼ ਹੈ ਕਿ ਮੀਰੀ ਨੇ ਪੀਰੀ ਤੋਂ ਅਗਵਾਈ ਲੈਣੀ ਹੈ। ਸੀ੍ਰ ਗੁਰੂ ਗ੍ਰੰਥ ਸਾਹਿਬ ਵਿਚ ਸਦ-ਤਾਜ਼ਾ ਸ਼ਬਦ ਮਾਡਲ ਦਿੱਤਾ ਗਿਆ ਹੈ ਜਿਸ ਵਿਚ ਹਰ ਔਖੇ ਸਮੇਂ ਲਈ ਅਗਵਾਈ ਕਰਨ ਦੀ ਸਮਰੱਥਾ ਹੈ। ਇੱਕ ਭਾਈਚਾਰੇ ਦੇ ਤੌਰ ‘ਤੇ ਸਾਨੂੰ ਵਰਤਮਾਨ ਹਾਲਾਤ ਪ੍ਰਤੀ ਸੁਚੇਤ ਹੋ ਕੇ ਲਾਮਬੰਦ ਹੋਣਾ ਪਵੇਗਾ ਤਾਂ ਕਿ ਰਾਜਨੀਤਕ ਲੋਕ ਸਿੱਖ ਭਾਵਨਾਵਾਂ ਦਾ ਗਲਤ ਫਾਇਦਾ ਨਾ ਲੈ ਸਕਣ। ਉਨ੍ਹਾਂ ਦਾ ਇੱਕੋ-ਇੱਕ ਮਕਸਦ ਸੱਤਾ ‘ਤੇ ਕਾਬਜ਼ ਰਹਿਣਾ ਹੈ, ਧਰਮ ਦੇ ਪੈਸੇ ਨੂੰ ਆਪਣੇ ਨਿਜੀ ਹਿੱਤਾਂ ਲਈ ਵਰਤਣਾ ਹੈ।
ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਇਹ ਆਦੇਸ਼ ਬਿਲਕੁਲ ਸਹੀ ਹੈ ਕਿ ਨਵੇਂ ਗੁਰਦੁਆਰੇ ਬਣਾਉਣ ਤੋਂ ਸੰਕੋਚ ਕੀਤਾ ਜਾਵੇ। ਇਕੋ ਪਿੰਡ ਵਿਚ ਇਕ ਤੋਂ ਵੱਧ ਅਤੇ ਸ਼ਹਿਰਾਂ ਵਿਚ ਕਈ ਕਈ ਗੁਰਦੁਆਰੇ ਬਣਾ ਲਏ ਗਏ ਹਨ ਜਿਨ੍ਹਾਂ ਵਿਚ ਵੱਜ ਰਹੇ ਲਾਊਡ-ਸਪੀਕਰਾਂ ਦੀ ਆਵਾਜ਼ ਨਾ ਕਿਸੇ ਨੂੰ ਸੌਣ ਅਤੇ ਨਾ ਪੜ੍ਹਾਈ ਕਰਨ ਦਿੰਦੀ ਹੈ। ਇਨ੍ਹਾਂ ਨਾਲ ਸਬੰਧਤ ਲੋਕ ਏਨੇ ਢੀਠ ਹਨ ਕਿ ਉਹ ਕਿਸੇ ਵਿਦਿਆਰਥੀ ਜਾਂ ਮਾਪੇ ਦੀ ਆਵਾਜ਼ ਹੌਲੀ ਕਰਨ ਦੀ ਬੇਨਤੀ ਸੁਣਨ ਤੋਂ ਵੀ ਇਨਕਾਰ ਕਰ ਦਿੰਦੇ ਹਨ। ਮੈਂ ਇਥੇ ਤਿੰਨ ਪਿੰਡਾਂ ਦੀ ਮਿਸਾਲ ਦੇਣੀ ਚਾਹਾਂਗੀ ਜਿਨ੍ਹਾਂ ਨਾਲ ਮੇਰਾ ਵਾਹ ਰਿਹਾ ਹੈ। ਦੋਰਾਹੇ ਨੇੜੇ ਪਿੰਡ ਅੜ੍ਹੈਚਾਂ ਜਿੱਥੇ ਤਿੰਨ ਗੁਰਦੁਆਰੇ ਹਨ, ਝੀਤਾ ਕਲਾਂ, ਅੰਮ੍ਰਿਤਸਰ ਅਤੇ ਕੰਮੋਕੇ-ਬੁਤਾਲਾ (ਅੰਮ੍ਰਿਤਸਰ) ਵਿਚ ਤੜਕੇ ਤਿੰਨ ਵਜੇ ਤੋਂ ਸਪੀਕਰ ਏਨੀ ਉਚੀ ਆਵਾਜ਼ ਵਿਚ ਵੱਜਣੇ ਸ਼ੁਰੂ ਹੋ ਜਾਂਦੇ ਹਨ ਕਿ ਨਾ ਕੋਈ ਸੌਂ ਸਕਦਾ ਹੈ ਅਤੇ ਨਾ ਵਿਦਿਆਰਥੀ ਪੜ੍ਹ ਸਕਦਾ ਹੈ। ਬਸ ਰਿਕਾਰਡ ਜਾਂ ਟੇਪ ਲਾ ਦਿੱਤੀ ਜਾਂਦੀ ਹੈ, ਕੀ ਬੋਲਿਆ ਜਾ ਰਿਹਾ ਹੈ, ਸਮਝ ਨਹੀਂ ਪੈਂਦੀ। ਇਹ ਹਾਲ ਬਹੁਤੇ ਪਿੰਡਾਂ ਅਤੇ ਮੁਹੱਲਿਆਂ ਦਾ ਹੈ। ਜਥੇਦਾਰ ਸਾਹਿਬ ਮਿਹਰ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਪਿੰਡ-ਪਿੰਡ ਭੇਜਣ ਤਾਂ ਕਿ ਉਹ ਲੋਕਾਂ ਨੂੰ ਇਸ ਪ੍ਰਤੀ ਸਮਝਾਉਣ। ਸਪੀਕਰ ਬਾ-ਹੁਕਮ ਲੱਗਣੇ ਬੰਦ ਹੋਣੇ ਚਾਹੀਦੇ ਹਨ। ਜਿਸ ਨੇ ਬਾਣੀ ਸੁਣਨੀ ਹੈ, ਉਹ ਚੱਲ ਕੇ ਗੁਰੂ ਘਰ ਜਾਵੇ। ਸਿੱਖ ਨੇ ਗੁਰੂ ਕੋਲ ਜਾਣਾ ਹੈ, ਨਾ ਕਿ ਗੁਰੂ ਨੇ ਸਪੀਕਰ ਰਾਹੀਂ ਘਰ ਘਰ ਪਹੁੰਚ ਕਰਨੀ ਹੈ। ਭਾਈ ਗੁਰਦਾਸ ਨੇ ਕਲਿਜੁਗ ਦਾ ਵਰਤਾਰਾ ਦੱਸਿਆ ਹੈ,
ਚੇਲੇ ਬੈਠਨਿ ਘਰਾਂ ਵਿਚਿ
ਗੁਰਿ ਉਠਿ ਘਰੀਂ ਤਿਨਾੜੇ ਜਾਈ।

Be the first to comment

Leave a Reply

Your email address will not be published.