ਗ਼ਦਰ 99: ਅਗਲੇ ਗ਼ਦਰ ਲਈ ਤਿਆਰੀ ਦਾ ਸੱਦਾ

ਆਪਣੇ ਵਤਨ ਹਿੰਦੋਸਤਾਨ ਨੂੰ ਅੰਗਰੇਜ਼ ਹਾਕਮਾਂ ਦੀ ਗੁਲਾਮੀ ਤੋਂ ਮੁਕਤੀ ਦਿਵਾਉਣ ਲਈ ਅਮਰੀਕਾ ਦੀ ਧਰਤੀ ਤੋਂ ਜੋ ਗ਼ਦਰ ਸ਼ੁਰੂ ਕੀਤਾ ਗਿਆ ਸੀ, ਉਸ ਦੀ ਸ਼ਤਾਬਦੀ ਅਗਲੇ ਸਾਲ 2013 ਵਿਚ ਆ ਰਹੀ ਹੈ। ਇਸ ਗ਼ਦਰ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਸੰਸਾਰ ਭਰ ਵਿਚ ਆਰੰਭ ਹੋ ਚੁੱਕੇ ਹਨ। ਵੱਖ-ਵੱਖ ਸੰਸਥਾਵਾਂ ਆਪੋ-ਆਪਣੇ ਵਿਤ ਮੁਤਾਬਕ ਗ਼ਦਰੀਆਂ ਵੱਲੋਂ ਵਤਨ ਲਈ ਕੀਤੀਆਂ ਕੁਰਬਾਨੀਆਂ ਯਾਦ ਕਰ ਕੇ ਉਨ੍ਹਾਂ ਦੀ ਨਿੱਗਰ ਤੇ ਨਿਰਪੱਖ ਸੋਚ ਅਤੇ ਸਿਰੜ ਨੂੰ ਸਜਦਾ ਕਰ ਰਹੀਆਂ ਹਨ। ਗ਼ਦਰੀਆਂ ਨੇ ਹਥਿਆਰਬੰਦ ਸੰਘਰਸ਼ ਰਾਹੀਂ ਪਹਿਲੀ ਵਾਰ ਵੱਡੀ ਪੱਧਰ ਉਤੇ ਵਤਨ ਦੀ ਆਜ਼ਾਦੀ ਦਾ ਸੁਪਨਾ ਲਿਆ। ਆਪਣੀ ਜਥੇਬੰਦੀ ਅਤੇ ਸਰਗਰਮੀਆਂ ਦੇ ਪ੍ਰਚਾਰ ਲਈ ਇਨ੍ਹਾਂ ਗ਼ਦਰੀਆਂ ਨੇ ‘ਗ਼ਦਰ’ ਨਾਂ ਦਾ ਜਿਹੜਾ ਪਰਚਾ ਸ਼ੁਰੂ ਕੀਤਾ, ਉਸ ਦੇ ਨਾਂ ‘ਤੇ ਹੀ ਇਨ੍ਹਾਂ ਦਾ ਸੰਘਰਸ਼ ਮਸ਼ਹੂਰ ਹੋ ਗਿਆ। ਉਨ੍ਹਾਂ ਨੇ ਆਪਣੀ ਇਸ ਲੜਾਈ ਵਿਚ ਹਿੱਸਾ ਪਾਉਣ ਲਈ ਹਰ ਧਰਮ, ਜਾਤ ਅਤੇ ਭਾਈਚਾਰੇ ਦੇ ਲੋਕਾਂ ਨੂੰ ਲਾਮਬੰਦ ਕੀਤਾ। ਉਨ੍ਹਾਂ ਦਾ ਇਕ ਹੀ ਨਿਸ਼ਾਨਾ ਸੀ-ਵਤਨ ਦੀ ਆਜ਼ਾਦੀ ਅਤੇ ਇਸ ਆਜ਼ਾਦੀ ਲਈ ਉਨ੍ਹਾਂ ਆਪਣੇ ਜੀਵਨ ਦਾ ਪਲ-ਪਲ ਕੁਰਬਾਨ ਕਰ ਦਿੱਤਾ। ਜਲੰਧਰ ਵਿਚ ਹਰ ਸਾਲ ਦੇਸ਼ ਭਗਤ ਯਾਦਗਾਰ ਹਾਲ ਵਿਚ ‘ਮੇਲਾ ਗ਼ਦਰੀ ਬਾਬਿਆਂ ਦਾ’ ਲਗਦਾ ਹੈ। ਪੇਸ਼ ਹਨ ਇਸ ਮੇਲੇ ਦੀਆਂ ਕੁਝ ਝਲਕੀਆਂ।-ਸੰਪਾਦਕ
______________________________
ਜਲੰਧਰ: ਪ੍ਰਾਈਵੇਟ ਅਦਾਰਿਆਂ ਵੱਲੋਂ ਲੋਕਾਂ ਦੇ ਖੋਹੇ ਜਾ ਰਹੇ ਮੁੱਢਲੇ ਹੱਕਾਂ ਵਿਰੁੱਧ ਲਾਮਬੰਦ ਹੋਣ ਤੇ ਦੂਜੇ ਗ਼ਦਰ ਲਈ ਤਿਆਰ ਰਹਿਣ ਦਾ ਸੱਦਾ ਦਿੰਦਾ ਹੋਇਆ 21ਵਾਂ ਗ਼ਦਰੀ ਬਾਬਿਆਂ ਦਾ ਮੇਲਾ ਸਮਾਪਤ ਹੋ ਗਿਆ। ਮੇਲੇ ਦੇ ਆਖ਼ਰੀ ਦਿਨ ਹੋਈਆਂ ਚਰਚਾਵਾਂ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਮੁਲਕ ਨੂੰ ਪ੍ਰਾਈਵੇਟ ਅਦਾਰਿਆਂ ਕੋਲ ਵੇਚਿਆ ਜਾ ਰਿਹਾ ਹੈ। ਦੇਸ਼ ਦੇ ਕੁਦਰਤੀ ਸਰੋਤ ਜਲ, ਜੰਗਲ ਤੇ ਜ਼ਮੀਨ ਤੇ ਕਬਜ਼ੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਉਨ੍ਹਾਂ ਦੇ ਮੁਢਲੇ ਹੱਕਾਂ ਸਿੱਖਿਆ, ਸਿਹਤ ਤੇ ਰੋਜ਼ੀ-ਰੋਟੀ ਕਮਾਉਣ ਦੇ ਸਾਧਨਾਂ ਤੋਂ ਵੀ ਦੂਰ ਕੀਤਾ ਜਾ ਰਿਹਾ ਹੈ। ਇਸ ਮੌਕੇ ਅਗਲੇ ਗਦਰ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ।
ਬੁਲਾਰਿਆਂ ਨੇ ਸੱਦਾ ਦਿੱਤਾ ਕਿ ਦੇਸ਼ ਦੇ ਗ਼ਰੀਬ ਲੋਕ ਇਨ੍ਹਾਂ ਤਾਕਤਾਂ ਵਿਰੁੱਧ ਲੜਨ ਲਈ ਲਾਮਬੰਦ ਹੋਣ ਤੇ ਦੇਸ਼ ਦੀ ਅਜ਼ਾਦੀ ਲਈ ਛੇੜੇ ਗਏ ਗ਼ਦਰ ਵਾਂਗ ਹੀ ਦੂਜੇ ਗ਼ਦਰ ਲਈ ਤਿਆਰ ਰਹਿਣ ਤਾਂ ਜੋ ਪ੍ਰਾਈਵੇਟ ਕੰਪਨੀਆਂ ਦੇ ਵਧ ਰਹੇ ਗਲਬੇ ਨੂੰ ਤੋੜਿਆ ਜਾਵੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾæ ਰਘਬੀਰ ਕੌਰ ਨੇ ਦੇਸ਼ ਨੂੰ ਦਰਪੇਸ਼ ਮੌਜੂਦਾ ਸੰਕਟ ਵਿਚੋਂ ਬਾਹਰ ਕੱਢਣ ਵਾਸਤੇ ਗ਼ਦਰੀ ਬਾਬਿਆਂ ਵੱਲੋਂ ਦਰਸਾਏ ਧਰਮ ਨਿਰਪੱਖਤਾ, ਦੇਸ਼ ਭਗਤੀ ਤੇ ਸਾਂਝੀਵਾਲਤਾ ਦੇ ਸੁਨੇਹੇ  ਉਪਰ ਅਮਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਉਨ੍ਹਾਂ ਮੇਲਾ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਗ਼ਦਰ ਸ਼ਤਾਬਦੀ-2013 ਬਾਰੇ ਬਹੁਪੱਖੀ ਸਰਗਰਮੀਆਂ ਨੂੰ ਤੇਜ਼ ਕਰੀਏ ਤਾਂ ਕਿ ਸ਼ਤਾਬਦੀ ਸਮਾਰੋਹ ਇਤਿਹਾਸ ਦਾ ਇਕ ਯਾਦਗਾਰੀ ਪੰਨਾ ਬਣ ਸਕੇ। ਪਿੱਛੋਂ ਕੁੰਜੀਵਤ ਭਾਸ਼ਣ ਵਿਚ ਕਾਮਰੇਡ ਜਗਰੂਪ ਨੇ ਕਿਹਾ ਕਿ ਮਨੁੱਖ ਜਾਤੀ ਦੇ ਭਲੇ ਨੂੰ ਸਮਰਪਿਤ ਗ਼ਦਰ ਲਹਿਰ ਸੌ ਵਰ੍ਹੇ ਪੂਰੇ ਕਰਨ ਜਾ ਰਹੀ ਹੈ। ਗ਼ਦਰੀਆਂ ਨੇ ਨਵੇਂ ਢੰਗ ਵਿੱਚ ਲੋਕਾਂ ਨੂੰ ਜਗਾਉਣ ਤੇ ਜਥੇਬੰਦ ਕਰਨ ਵਿਚ ਵਰਨਣਯੋਗ ਹਿੱਸਾ ਪਾਇਆ।
ਇਸ ਮੌਕੇ ਸਟੇਜ ‘ਤੇ ਕਾਮਰੇਡ ਗੰਧਰਭ ਸੈਨ ਕੋਛੜ, ਚੈਨ ਸਿੰਘ ਚੈਨ, ਡਾæ ਰਘਵੀਰ ਕੌਰ, ਕਾਮਰੇਡ ਮੰਗਤ ਰਾਮ ਪਾਸਲਾ, ਦੇਵ ਰਾਜ ਨਈਅਰ, ਡਾæ ਪਰਮਿੰਦਰ, ਅਮੋਲਕ, ਗੁਰਮੀਤ, ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ, ਹਰਵਿੰਦਰ ਭੰਡਾਲ, ਰਮਿੰਦਰ ਪਟਿਆਲਾ, ਬੀਬੀ ਬਡਾਲਾ, ਕਾਮਰੇਡ ਕੁਲਵੰਤ, ਕੈਪਟਨ ਰਣਜੀਤ ਸਿੰਘ ਆਈæਐਨæਏæ ਤੇ ਆਈæਐਨæਏæ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।
ਇਸ ਦੌਰਾਨ ਸੁਰਿੰਦਰ ਕੁਮਾਰ ਕੋਛੜ ਦੇ ਅਗਵਾਈ ਵਿਚ ਐਸ਼ਐਸ਼ ਸਿਲਾਈ ਕਢਾਈ ਦੀਆਂ ਸਿਖਿਆਰਥਣਾਂ ਨੇ ਤਾਲਿਬਾਨੀਆਂ ਵੱਲੋਂ ਜ਼ਖਮੀ ਕੀਤੀ ਪਾਕਿਸਤਾਨੀ ਦੀ ਅਗਾਂਗਵਧੂ ਮਲਾਲਾ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ। ਇਸ ਪਿੱਛੋਂ ਮੇਲਾ ਗ਼ਦਰੀ ਬਾਬਿਆਂ ਦੀ ਖ਼ਾਸ ਪੇਸ਼ਕਾਰੀ Ḕਝੰਡੇ ਦਾ ਗੀਤ’ ਆਜ਼ਾਦ ਹਿੰਦ ਫੌਜ ਦੇ ਅਣਗੌਲੇ ਪੰਨੇ ਫਰੋਲ ਗਿਆ। ਮਗਰੋਂ ਮੇਲੇ ਦੀ ਵੱਡੀ ਸਟੇਜ ‘ਤੇ ਸਮਾਗਮਾਂ ਦੀ ਸ਼ੁਰੂਆਤ ਹੋਈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਦੇਸ਼ ਦੀ ਅਜ਼ਾਦੀ ਦੇ ਘੋਲ ਵਿਚ ਆਜ਼ਾਦ ਹਿੰਦ ਦੇ ਪਾਏ ਯੋਗਦਾਨ ਬਾਰੇ ਦੱਸਿਆ। ਇਸੇ ਦੌਰਾਨ Ḕਮੇਲਾ ਗ਼ਦਰੀ ਬਾਬਿਆਂ ਦਾ’ ਸੋਵੀਨਰ ਤੇ ਵਿਰਸਾ ਮੈਗਜ਼ੀਨ ਰਿਲੀਜ਼ ਕੀਤੀ। ਲੰਗਰ ਲਾਉਣ ਵਾਲੇ ਪਿੰਡ ਗੁਰੂਵਾਲੀ ਦਾ ਸਨਮਾਨ ਕੀਤਾ ਗਿਆ। ਆਜ਼ਾਦ ਹਿੰਦ ਦੀ ਰਾਣੀ ਝਾਂਸੀ ਰੈਜਮੈਂਟ ਦੀ ਕਮਾਂਡਰ ਕੈਪਟਨ ਲਕਸ਼ਮੀ ਸਹਿਗਲ ਦੀ ਪੁੱਤਰੀ ਸੁਭਾਸ਼ਨੀ ਅਲੀ ਨੇ ਆਈæਐਨæਏæ ਦੀਆਂ ਸਰਗਰਮੀਆਂ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਯੋਗਦਾਨ ਬਾਰੇ ਪਾਏ ਭਰਮ ਭੁਲੇਖੇ ਦੂਰ ਕਰਦਿਆਂ ਮੌਜੂਦਾ ਹਾਲਾਤ ਕਾਰਨ ਇਕ ਹੋਰ ਗ਼ਦਰ ਦੀ ਲੋੜ ‘ਤੇ ਜ਼ੋਰ ਦਿੱਤਾ।
ਲੋਕ ਪੱਖੀ ਸੰਗੀਤ ਦਾ ਆਗਾਜ਼ ਪ੍ਰਸਿੱਧ ਕਵੀਸ਼ਰ ਜੋਗਾ ਸਿੰਘ ਜੋਗੀ ਦੀ ਦੋਹਤੀ ਕੰਵਲ ਬਹਾਰ ਨੇ ਕੀਤਾ। ਇਸੇ ਤਰ੍ਹਾਂ ਕਵੀਸ਼ਰ ਜੋਗਾ ਸਿੰਘ ਜੋਗੀ ਤੇ ਸਾਥੀ, ਲੋਕ ਸੰਗੀਤ ਮੰਡਲੀ ਭਦੌੜ (ਰਾਮ ਕੁਮਾਰ) ਤੇ ਲੋਕ ਸੰਗੀਤ ਮੰਡਲੀ ਛਾਜਲੀ (ਢਾਡੀ ਦੇਸ ਰਾਜ) ਤੇ ਅਮਰਜੀਤ ਸਿੰਘ ਬਿਧੀਪੁਰੀਆਂ ਨੇ ਲੋਕ ਧੁੰਨਾਂ ਵਿਚ ਇਨਕਲਾਬੀ ਤੇ ਲੋਕ ਪੱਖੀ ਗੀਤ ਗਾ ਕੇ ਨਰੋਆ ਸਮਾਜ ਸਿਰਜਣ ਦੀ ਪ੍ਰੇਰਨਾ ਦਿੱਤੀ।
_________________________________
ਅਭੁੱਲ ਬਣੀ ਨਾਟਕਾਂ ਵਾਲੀ ਰਾਤ
ਜਲੰਧਰ: ਗ਼ਦਰੀ ਬਾਬਿਆਂ ਦੇ ਮੇਲੇ ਦੀ ਆਖ਼ਰੀ ਰਾਤ ਵੱਡੇ ਤੜਕੇ ਤੱਕ ਨਾਟਕਾਂ ਦਾ ਮੰਚਨ ਹੁੰਦਾ ਰਿਹਾ। ਸਾਰੀ ਰਾਤ ਖੇਡੇ ਗਏ ਨਾਟਕਾਂ ਨੇ ਜਿੱਥੇ ਮੇਲਾ ਪ੍ਰੇਮੀਆਂ ਵਿਚ ਇਨਕਲਾਬੀ ਝਰਨਾਟਾਂ ਛੇੜ ਦਿੱਤੀਆਂ, ਉਥੇ ਸਮਾਜ ਵਿਚ ਫੈਲੇ ਬੁਰਾਈ ਦੇ ਹਨੇਰੇ ਨੂੰ ਚੀਰਨ ਲਈ ਚੇਤਨਾ ਦੇ ਚਾਨਣ ਦਾ ਛਿੱਟਾ ਦਿੱਤਾ। ਨਾਟਕਾਂ ਭਰੀ ਰਾਤ ਦਾ ਆਗਾਜ਼ ਕਰਦਿਆਂ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਵਿਚ ਗ਼ਦਰ ਲਹਿਰ ਦੇ ਸਮੇਂ ਨਾਲੋਂ ਵੀ ਤਿੱਖੀਆਂ ਚੁਣੌਤੀਆਂ ਅੱਜ ਸਾਂਝੇ ਸੰਗਰਾਮ ਦੀ ਮੰਗ ਕਰਦੀਆਂ ਹਨ। ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕਨਵੀਨਰ ਗੁਰਮੀਤ ਨੇ ਗ਼ਦਰ ਸ਼ਤਾਬਦੀ ਦੇ ਮਹੱਤਵ ‘ਤੇ ਰੌਸ਼ਨੀ ਪਾਈ। ਕਮੇਟੀ ਦੀ ਜਨਰਲ ਸਕੱਤਰ ਡਾæ ਰਘਬੀਰ ਕੌਰ ਨੇ ਕਮੇਟੀ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੇ ਘਰ ਨੂੰ ਯਾਦਗਾਰ ਬਣਾਉਣ, ਡਲਹੌਜ਼ੀ ਦਾ ਨਾਂ ਚਾਚਾ ਅਜੀਤ ਸਿੰਘ ਨਗਰ ਰੱਖਣ, ਔਰਤਾਂ ਤੇ ਬੱਚੀਆਂ ਦੀ ਬੇਪੱਤੀ ਤੇ ਉਧਾਲੇ ਦੌਰਾਨ ਪੁਲਿਸ ਤੇ ਹਾਕਮਾਂ ਦੇ ਰੋਲ ਦੀ ਨਿੰਦਾ ਤੇ ਅਗਲੇ ਵਰ੍ਹੇ ਗ਼ਦਰ ਸ਼ਤਾਬਦੀ ਨੂੰ ਸਫਲ ਬਣਾਉਣ ਦੇ ਮਤੇ ਪੇਸ਼ ਕੀਤੇ ਜਿਨ੍ਹਾਂ ਨੂੰ ਵੱਡੀ ਗਿਣਤੀ ਮੇਲਾ ਪ੍ਰੇਮੀਆਂ ਨੇ ਹੱਥ ਖੜ੍ਹੇ ਕਰਕੇ ਸਮਰਥਨ ਦਿੱਤਾ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਸ ਰਾਤ ਦੇ ਮੰਚ ਸੰਚਾਲਨ ਦੌਰਾਨ ਕਿਹਾ ਕਿ ਸਮੂਹ ਰੰਗਕਰਮੀਆਂ ਕੋਲੋਂ ਗ਼ਦਰ ਸ਼ਤਾਬਦੀ ਤੇ ਵਕਤ ਦੀਆਂ ਵੰਗਾਰਾਂ ਪ੍ਰਤੀਬੱਧਤਾ ਤੇ ਸਮਰਪਨ ਦੀ ਮੰਗ ਕਰਦੀਆਂ ਹਨ। ਡਾæ ਸਾਹਿਬ ਸਿੰਘ ਦੇ ਲਿਖੇ ਤੇ ਨਿਰਦੇਸ਼ਤ ਨਾਟਕ Ḕਯੁੱਧ ਤੇ ਬੁੱਧ’ ਨੂੰ ਪੇਸ਼ ਕਰਦੇ ਅਦਾਕਾਰ ਮੰਚ ਮੁਹਾਲੀ ਦੇ ਕਲਾਕਾਰਾਂ ਨੇ ਕਸ਼ਮੀਰ ਤਰਾਸਦੀ ਦਾ ਮਸਲਾ ਚੁੱਕਿਆ। ਖਚਾਖਚ ਭਰੇ ਪੰਡਾਲ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਗੂੰਜ ਨਾਲ ਕਲਾਕਾਰਾਂ ਨੂੰ ਦਾਦ ਦਿੱਤੀ। ਅਲਟਰਨੇਟਿਵ ਲਾਈਵ ਥੀਏਟਰ ਕਲੱਕਤਾ ਦੇ ਕਲਾਕਾਰਾਂ ਨੇ ਪ੍ਰੋਬੀਰ ਗੁਹਾ ਦੀ ਨਿਰਦੇਸ਼ਨਾ ਵਿਚ ਨਾਟਕ Ḕਘਰ ਵਾਪਸੀ ਕੇ ਗੀਤ’ ਪੇਸ਼ ਕੀਤਾ। ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿਚ ਉਨ੍ਹਾਂ ਦਾ ਲਿਖਿਆ ਤੇ ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਖੇਡਿਆ ਨਾਟਕ Ḕਉਹ ਕਿਤੇ ਨਹੀਂ ਗਏ’ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਨੂੰ ਰੂਪਮਾਨ ਕਰਦਿਆਂ ਇਹ ਸੁਨੇਹਾ ਦੇ ਗਿਆ ਕਿ ਜੇਕਰ ਅਜੋਕੀ ਵਿਵਸਥਾ ਅੰਗਰੇਜ਼ ਹੁਕਮਰਾਨਾਂ ਦੀ ਗ਼ੁਲਾਮੀ ਤੋਂ ਵੀ ਬਦਤਰ ਹੈ ਤਾਂ ਅਜ਼ਾਦ ਹਿੰਦ ਫੌਜ ਦੇ ਦੇਸ਼ ਭਗਤਾਂ ਦਾ ਸੁਪਨਾ ਪੁਰਾ ਕਰਨ ਵਾਲੇ ਵੀ ਕਿਤੇ ਨਹੀਂ ਗਏ। ਇਸੇ ਤਰ੍ਹਾਂ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਤੇ ਅਨੀਤਾ ਸਬਦੀਸ਼ ਵੱਲੋਂ ਨਿਰਦੇਸ਼ਤ ਨਾਟਕ Ḕਜਦੋਂ ਰੌਸ਼ਨੀ ਹੁੰਦੀ ਹੈ’, ਸੈਮੂਅਲ ਜੌਹਨ ਵੱਲੋਂ ਨਾਟਕ Ḕਕਿਰਤੀ’, ਜਗੀਰ ਜੋਸਨ ਦੀ ਨਿਰੇਦਸ਼ਨਾ ਵਿਚ Ḕਬਾਵਰਚੀ ਦੀ ਧੀ’ ਤੇ ਭਾਜੀ ਗੁਰਸ਼ਰਨ ਸਿੰਘ ਦੀ ਰਚਨਾ ਤੇ ਇੱਕਤਰ ਦੀ ਨਿਰਦੇਸ਼ਨਾ ਵਿਚ Ḕਇਕੋ ਮਿੱਟੀ ਦੇ ਪੁੱਤ’ ਨੇ ਮੇਲਾ ਪ੍ਰੇਮੀਆਂ ਨੂੰ ਸਰਘੀ ਵੇਲੇ ਤੱਕ ਅੱਖ ਨਾ ਝਪਕਣ ਦਿੱਤੀ।
________________________________________
ਸਭ ਤੋਂ ਪਹਿਲਾਂ ਜਰਮਨੀ ‘ਚ ਗੂੰਜਿਆ ਸੀ ‘ਜੈ ਹਿੰਦ’ ਦਾ ਨਾਅਰਾ
ਜਲੰਧਰ: ਸੁਭਾਸ਼ ਚੰਦਰ ਬੋਸ ਦੇ ਜੀਵਨ ਨਾਲ ਜੁੜੇ ਹੋਏ Ḕਨੇਤਾ ਜੀ’ ਤੇ Ḕਜੈ ਹਿੰਦ’ ਸ਼ਬਦ ਭਾਰਤ ਵਿਚ ਸਥਾਪਤ ਹੋਣ ਤੋਂ ਪਹਿਲਾਂ ਇਹ ਜਰਮਨੀ ਵਿਚ ਪ੍ਰਚੱਲਤ ਹੋ ਗਏ ਸਨ। ਨੇਤਾ ਜੀ ਦੀ ਆਜ਼ਾਦ ਹਿੰਦ ਫੌਜ ਨੂੰ ਸਮਰਪਿਤ ਦੇਸ਼ ਭਗਤ ਯਾਦਗਾਰ ਹਾਲ ਵਿਚ ਚੱਲ ਰਹੇ 21ਵੇਂ ਗਦਰੀ ਬਾਬਿਆਂ ਦੇ ਮੇਲੇ ਵਿਚ ਨੌਜਵਾਨ ਪੀੜ੍ਹੀ ਨੇ ਨੇਤਾ ਸੁਭਾਸ਼ ਚੰਦਰ ਬੋਸ ਦੇ ਜੀਵਨ ਵਿਚ ਕਾਫੀ ਦਿਲਚਸਪੀ ਦਿਖਾਈ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਨੇਤਾ ਜੀ ਦੇ ਜੀਵਨ ਬਾਰੇ ਨਵੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਸੁਭਾਸ਼ ਚੰਦਰ ਬੋਸ ਨੂੰ ਨੇਤਾ ਜੀ ਦਾ ਨਾਂ ਦੇਣਾ ਤੇ ਆਜ਼ਾਦ ਹਿੰਦ ਫੌਜ ਵੱਲੋਂ ਅਪਣਾਇਆ ਗਿਆ Ḕਜੈ ਹਿੰਦ’ ਦਾ ਨਾਅਰਾ ਸਭ ਤੋਂ ਪਹਿਲਾਂ ਜਰਮਨੀ ਵਿਚ ਪ੍ਰਚੱਲਤ ਹੋਏ ਸਨ। ਉਨ੍ਹਾਂ ਕਿਹਾ ਕਿ ਜਦੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਆਜ਼ਾਦੀ ਲਹਿਰ ਵਿਚ ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿਚ ਸਰਗਰਮ ਹੋਏ ਤਾਂ ਤੀਹਵਿਆਂ ਬਾਅਦ ਉਨ੍ਹਾਂ ਦੀ ਸਰਗਰਮੀ ਬੇਹੱਦ ਚਰਚਿਤ ਹੋ ਗਈ ਪਰ ਜਿਸ Ḕਨੇਤਾ ਜੀ’ ਸ਼ਬਦ ਨਾਲ ਉਹ ਸਮੁੱਚੇ ਸੰਸਾਰ ਵਿਚ ਚਰਚਿਤ ਹੋਏ ਹਨ ਜਿਵੇਂ ਮਗਰੋਂ ਤੇ ਹੁਣ Ḕਸੁਭਾਸ਼ ਚੰਦਰ ਬੋਸ’ ਤੇ Ḕਨੇਤਾ ਜੀ’ ਸ਼ਬਦ ਇਕ ਦੂਜੇ ਦੇ ਪੂਰਕ ਹਨ ਤੇ ਨੇਤਾ ਜੀ ਸ਼ਬਦ ਦਾ ਮਤਲਬ ਹੀ ਸੁਭਾਸ਼ ਚੰਦਰ ਬੋਸ ਬਣ ਗਿਆ ਹੈ।
ਉਨ੍ਹਾਂ ਇਸ ਬਾਰੇ ਵਿਨੋਦ ਲੱਖਣਪਾਲ ਦੀ ਹਿੰਦੀ ਵਿਚ ਲਿਖੀ Ḕਭਾਰਤੀ ਸੁਤੰਤਰ ਸੰਘਰਸ਼’ ਕਿਤਾਬ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਨੇਤਾ ਜੀ ਦੇ ਨਾਂ ਨੂੰ 2 ਨਵੰਬਰ, 1941 ਦੀ ਜਰਮਨ ਵਿਚ ਹੋਈ ਸਿਰਲੱਥ ਭਾਰਤੀਆਂ ਦੀ ਅਤਿਅੰਤ ਖੁਫੀਆ ਮੀਟਿੰਗ ਵਿਚ ਸੁਭਾਸ਼ ਚੰਦਰ ਬੋਸ ਨੂੰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੋਇਆ ਇਹ ਕਿ ਬਰਲਿਨ ਵਿਚ ਫਰੀ ਇੰਡੀਆ ਸੈਂਟਰ ਦੀ ਹੋਈ ਮੀਟਿੰਗ ਵਿਚ ਇਹ ਫੈਸਲਾ ਹੋਇਆ ਕਿ ਸੁਭਾਸ਼ ਚੰਦਰ ਬੋਸ ਜਥੇਬੰਦੀ ਦਾ ਪ੍ਰਧਾਨ ਹੋਵੇਗਾ ਤੇ ਅੱਗੇ ਤੋਂ ਉਨ੍ਹਾਂ ਨੂੰ Ḕਨੇਤਾ ਜੀ’ ਆਖਿਆ ਜਾਵੇਗਾ। ਇਸ ਮੀਟਿੰੰਗ ਵਿਚ ਜਰਮਨ ਵਿਚ ਹੀ ਆਈæਐਨæਏæ ਬਣਾਉਣ ਦੀ ਤਜਵੀਜ਼ ਰੱਖੀ ਜਿਹੜੀ 26 ਜਨਵਰੀ, 1942 ਨੂੰ ਸਿਰੇ ਚੜ੍ਹੀ।
Ḕਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਇਨ ਸਾਊਥ ਏਸ਼ੀਆ’ ਨਾਂ ਦੀ ਕੇæਐਸ਼ ਗਿਆਨੀ ਵੱਲੋਂ ਲਿਖੀ ਅੰਗਰੇਜ਼ੀ ਦੀ ਕਿਤਾਬ ਦਾ ਹਵਾਲਾ ਦਿੰਦਿਆਂ ਅਮੋਲਕ ਸਿੰਘ ਨੇ ਦੱਸਿਆ ਕਿ Ḕਜੈ ਹਿੰਦ’ ਦਾ ਨਾਅਰਾ ਜਿਸ ਨੂੰ ਆਜ਼ਾਦ ਹਿੰਦ ਫੌਜ ਨੇ ਅਪਣਾਇਆ ਸੀ ਤੇ ਜੋ ਮਗਰੋਂ ਆਜ਼ਾਦ ਹਿੰਦ ਫੌਜ ਦਾ ਪੂਰਕ ਬਣ ਗਿਆ, ਦੇ ਪ੍ਰਚੱਲਤ ਹੋਣ ਬਾਰੇ ਵੀ ਇਕ ਵੱਖਰੀ ਕਹਾਣੀ ਹੈ। ਉਨ੍ਹਾਂ ਦੱਸਿਆ ਕਿ ਹਕੀਕਤ ਇਹ ਹੈ ਕਿ ਸੁਭਾਸ਼ ਚੰਦਰ ਬੋਸ ਦੀ ਪ੍ਰਧਾਨਗੀ ਹੇਠ ਜਰਮਨ ਵਿਚ ਹੋਈ ਫਰੀ ਇੰਡੀਆ ਸੈਂਟਰ ਦੀ ਮੀਟਿੰਗ ਵਿਚ ਹੀ ਆਜ਼ਾਦ ਹਿੰਦ ਫੌਜ ਬਣਾਉਣ ਦਾ ਅਹਿਦ ਲਿਆ ਗਿਆ ਸੀ। ਇਸ ਮੌਕੇ ਆਈæਐਨæਏæ ਦੇ ਜਵਾਨਾਂ ਨੇ Ḕਜੈ ਹਿੰਦ’ ਦਾ ਨਾਅਰਾ ਅਪਣਾ ਲਿਆ। ਮਗਰੋਂ ਆਈæਐਨæਏæ ਦੇ ਜਵਾਨਾਂ ਨੂੰ ਹੀ Ḕਜੈ ਹਿੰਦੀਏ’ ਪੁਕਾਰਿਆ ਜਾਣ ਲੱਗ ਪਿਆ ਸੀ।

Be the first to comment

Leave a Reply

Your email address will not be published.