ਪੱਛਮੀ ਬੰਗਾਲ ਸਮੇਤ ਚਾਰ ਰਾਜਾਂ ਅਤੇ ਇਕ ਕੇਂਦਰੀ ਸ਼ਾਸਿਤ ਖੇਤਰ ਦੀਆਂ ਵਿਧਾਨ ਸਭਾ ਚੋਣਾਂ ਨੇ ਸਿਆਸੀ ਪਾਰਟੀਆਂ ਲਈ ਨਵੀਂਆਂ ਵੰਗਾਰਾਂ ਖੜ੍ਹੀਆਂ ਕਰ ਦਿੱਤੀਆਂ ਹਨ। ਜਿਨ੍ਹਾਂ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ,
ਉਨ੍ਹਾਂ ਵਿਚ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲਾ ਅਤੇ ਕੇਂਦਰੀ ਸ਼ਾਸਿਤ ਰਾਜ ਪੁਡੂਚੇਰੀ ਸ਼ਾਮਿਲ ਹੈ। ਬਿਹਾਰ ਦੀ ਜਿੱਤ ਤੋਂ ਬਾਅਦ ਭਾਜਪਾ ਪੂਰੇ ਜਲੌਅ ਵਿਚ ਹੈ। ਕਾਂਗਰਸ ਜਿਹੜੀ ਲਗਾਤਾਰ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਬਹੁਤੀਆਂ ਚੋਣਾਂ ਹਾਰਦੀ ਆ ਰਹੀ ਹੈ, ਉਹ ਵੀ ਇਨ੍ਹਾਂ ਚੋਣਾਂ ਵਿਚ ਆਪਣੀ ਰਾਜਨੀਤਕ ਪ੍ਰਸੰਗਕਿਤਾ ਬਹਾਲ ਕਰਨ ਲਈ ਯਤਨਸ਼ੀਲ ਹੈ। ਖੱਬੀਆਂ ਪਾਰਟੀਆਂ ਬੰਗਾਲ ਅਤੇ ਤ੍ਰਿਪੁਰਾ ਵਿਚ ਪਿਛਲੇ ਕਈ ਸਾਲਾਂ ਤੋਂ ਆਪਣੀ ਸੱਤਾ ਗਵਾ ਚੁੱਕੀਆਂ ਹਨ। ਉਨ੍ਹਾਂ ਕੋਲ ਇਕੋ-ਇਕ ਰਾਜ ਕੇਰਲ ਹੀ ਬਚਦਾ ਹੈ, ਜਿਥੇ ਉਹ ਪਿਛਲੇ 10 ਸਾਲਾਂ ਤੋਂ ਸੱਤਾ ਵਿਚ ਹਨ। ਇਹ ਚੋਣਾਂ ਉਨ੍ਹਾਂ ਲਈ ਵੀ ਵੱਡੀ ਵੰਗਾਰ ਹਨ।
ਪੱਛਮੀ ਬੰਗਾਲ ਦੀਆਂ ਕੁੱਲ 294 ਵਿਧਾਨ ਸਭਾ ਸੀਟਾਂ ਲਈ ਚੋਣਾਂ ਦੋ ਪੜਾਵਾਂ ਵਿਚ ਹੋਣਗੀਆਂ। ਪਹਿਲੇ ਪੜਾਅ ਵਿਚ 23 ਅਪ੍ਰੈਲ ਨੂੰ 152 ਸੀਟਾਂ ਲਈ ਵੋਟਾਂ ਪੈਣਗੀਆਂ ਅਤੇ ਦੂਜੇ ਪੜਾਅ ਵਿਚ 29 ਅਪ੍ਰੈਲ ਨੂੰ 142 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ। ਇਸ ਰਾਜ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਤੋਂ ਬਾਅਦ 6.44 ਕਰੋੜ ਵੋਟਰ ਬਚੇ ਹਨ। 60 ਲੱਖ ਵੋਟਰਾਂ ਦੀ ਵੋਟ ਪਾਉਣ ਦੀ ਯੋਗਤਾ ਸੰਬੰਧੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਨਿਆਂਇਕ ਅਧਿਕਾਰੀਆਂ ਵਲੋਂ ਫ਼ੈਸਲੇ ਲਏ ਜਾ ਰਹੇ ਹਨ। ਇਥੇ ਪਿਛਲੇ 15 ਸਾਲਾਂ ਤੋਂ ਮਮਤਾ ਬੈਨਰਜੀ ਦੀ ਅਗਵਾਈ ਵਿਚ ਤ੍ਰਿਣਮੂਲ ਕਾਂਗਰਸ ਸੱਤਾਧਾਰੀ ਹੈ। ਇਸ ਵਾਰ ਕਾਂਗਰਸ ਪਾਰਟੀ ਨੇ ਇਕੱਲਿਆਂ ਹੀ 294 ਸੀਟਾਂ ‘ਤੇ ਲੜਨ ਦਾ ਫ਼ੈਸਲਾ ਕੀਤਾ ਹੋਇਆ ਹੈ। ਬੰਗਾਲ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ 77 ਸੀਟਾਂ ਜਿੱਤੀਆਂ ਸਨ। ਇਸ ਵਾਰ ਉਹ ਸਾਰੀਆਂ 294 ਸੀਟਾਂ ‘ਤੇ ਚੋਣਾਂ ਲੜ ਰਹੀ ਹੈ। ਤ੍ਰਿਣਮੂਲ ਕਾਂਗਰਸ ਲਈ ਇਸ ਵਾਰ ਦੀਆਂ ਚੋਣਾਂ ਵਿਚ ਵੱਡੀ ਚੁਣੌਤੀ ਇਹ ਵੀ ਹੈ ਕਿ ਅਸਦੂਦੀਨ ਓਵੈਸੀ ਦੀ ਪਾਰਟੀ ਆਲ ਇੰਡੀਆ ਮਜਲਿਸ-ਏ ਇਤਹਾਦਉਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਵੀ ਪੱਛਮੀ ਬੰਗਾਲ ਦੇ ਤ੍ਰਿਣਮੂਲ ਕਾਂਗਰਸ ਤੋਂ ਬਾਗ਼ੀ ਹੋਏ ਇਕ ਹੋਰ ਮੁਸਲਿਮ ਲੀਡਰ ਹਨੂੰਮਾਨ ਕਬੀਰ ਦੀ ਪਾਰਟੀ ਆਮ ਜਨਤਾ ਉਨਆਨ ਪਾਰਟੀ (ਏ.ਜੇ.ਯੂ.) ਨਾਲ ਰਲ ਕੇ ਵਿਧਾਨ ਸਭਾ ਦੀਆਂ 182 ਸੀਟਾਂ ‘ਤੇ ਚੋਣਾਂ ਲੜ ਰਹੀ ਹੈ। ਇਨ੍ਹਾਂ ਵਲੋਂ ਵਿਸ਼ੇਸ਼ ਤੌਰ ‘ਤੇ ਮੁਸਲਿਮ ਭਾਈਚਾਰੇ ਦੀਆਂ ਵੋਟਾਂ ਹਾਸਿਲ ਕਰਨ ਲਈ ਜ਼ੋਰ-ਅਜ਼ਮਾਈ ਕੀਤੀ ਜਾ ਰਹੀ ਹੈ।
ਕੇਰਲ ਵਿਚ ਪਿਛਲੇ 10 ਸਾਲਾਂ ਤੋਂ ਖੱਬੇ ਪੱਖੀ ਪਾਰਟੀਆਂ ਦਾ ਗੱਠਜੋੜ ਸੱਤਾਧਾਰੀ ਹੈ ਅਤੇ ਸੀ.ਪੀ.ਐੱਮ. ਦੇ ਸੀਨੀਅਰ ਆਗੂ ਪਿਨਾਰਾਈ ਵਿਜਯਨ ਮੁੱਖ ਮੰਤਰੀ ਦੇ ਤੌਰ ‘ਤੇ ਗੱਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਅਗਵਾਈ ਵਿਚ ਹੀ ਖੱਬੇ ਪੱਖੀ ਮੋਰਚਾ ਤੀਜੀ ਵਾਰ ਸੱਤਾ ਪ੍ਰਾਪਤ ਕਰਨ ਲਈ ਸੰਘਰਸ਼ਸ਼ੀਲ ਹੈ। ਰਾਜ ਵਿਚ ਖੱਬੇ ਪੱਖੀ ਗੱਠਜੋੜ ਦਾ ਮੁੱਖ ਮੁਕਾਬਲਾ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਨਾਲ ਹੈ। ਭਾਵੇਂ ਪਿਛਲੇ 10 ਸਾਲਾਂ ਵਿਚ ਖੱਬੇਪੱਖੀ ਗੱਠਜੋੜ ਨੇ ਰਾਜ ਦੇ ਵਿਕਾਸ ਲਈ ਬਹੁਤ ਸਾਰੇ ਕੰਮ ਕੀਤੇ ਹਨ, ਪਰ ਖੱਬੇ ਪੱਖੀ ਗੱਠਜੋੜ ਦੇ 10 ਸਾਲਾਂ ਤੱਕ ਸੱਤਾ ਵਿਚ ਰਹਿਣ ਕਾਰਨ ਸੱਤਾ ਵਿਰੋਧੀ ਰੁਝਾਨ ਵੀ ਉੱਭਰਵੇਂ ਰੂਪ ਵਿਚ ਦਿਖਾਈ ਦੇ ਰਿਹਾ ਹੈ। ਆਪਣੀ ਹਿੰਦੂਤਵ ਦੀ ਰਾਜਨੀਤੀ ਨਾਲ ਭਾਜਪਾ ਵੀ ਆਪਣਾ ਸਿਆਸੀ ਆਧਾਰ ਵਧਾਉਣ ਲਈ ਯਤਨਸ਼ੀਲ ਹੈ।
ਤਾਮਿਲਨਾਡੂ ਦੀਆਂ ਕੁੱਲ 236 ਵਿਧਾਨ ਸਭਾ ਸੀਟਾਂ ਹਨ। ਕੁੱਲ 5,67,07,380 ਵੋਟਰ ਹਨ ਅਤੇ ਸਾਰੀਆਂ ਸੀਟਾਂ ਲਈ ਇਕ ਪੜਾਅ ਵਿਚ 23 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਪਿਛਲੇ ਕਈ ਸਾਲਾਂ ਤੋਂ ਐੱਮ.ਕੇ. ਸਟਾਲਿਨ ਮੁੱਖ ਮੰਤਰੀ ਦੇ ਤੌਰ ‘ਤੇ ਇਸ ਗੱਠਜੋੜ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦਾ ਮੁੱਖ ਮੁਕਾਬਲਾ ਅੰਨਾ ਡੀ.ਐੱਮ.ਕੇ. ਦੀ ਅਗਵਾਈ ਵਾਲੇ ਗੱਠਜੋੜ ਨਾਲ ਹੈ, ਭਾਜਪਾ ਪਿਛਲੇ ਲੰਮੇ ਸਮੇਂ ਤੋਂ ਤਾਮਿਲਨਾਡੂ ਸਮੇਤ ਦੱਖਣੀ ਰਾਜਾਂ ਵਿਚ ਆਪਣਾ ਰਾਜਨੀਤਕ ਆਧਾਰ ਵਧਾਉਣ ਲਈ ਯਤਨਸ਼ੀਲ ਹੈ। ਪਰ ਪਿਛਲੇ ਸਮਿਆਂ ਵਿਚ ਇਸ ਨੂੰ ਬਹੁਤੀ ਸਫ਼ਲਤਾ ਨਹੀਂ ਮਿਲੀ। ਫਿਲਮ ਅਭਿਨੇਤਾ ਵਿਜੇ ਵਲੋਂ ਨਵੀਂ ਬਣਾਈ ਪਾਰਟੀ ਟੀ.ਵੀ.ਕੇ. (ਤਮਿਲਾਗਾ ਵੇਤਰੀ ਕੜਗ਼ਮ) ਵੀ ਰਾਜ ਦੀਆਂ ਸਾਰੀਆਂ ਸੀਟਾਂ ਤੋਂ ਚੋਣ ਲੜ ਰਹੀ ਹੈ। ਕੇਂਦਰ ਸ਼ਾਸਿਤ ਇਲਾਕੇ ਪੁਡੂਚੇਰੀ ਦੀਆਂ ਕੁੱਲ 30 ਸੀਟਾਂ ਹਨ ਅਤੇ 9,44,211 ਕੁੱਲ ਵੋਟਰ ਹਨ। ਇਸ ਰਾਜ ਵਿਚ ਪਿਛਲੇ 5 ਸਾਲ ਤੋਂ ਆਲ ਇੰਡੀਆ ਐੱਨ. ਆਰ. ਕਾਂਗਰਸ (ਏ. ਆਈ. ਐੱਨ. ਸੀ.) ਦੇ ਆਗੂ ਐੱਨ ਰੰਗਾਸਵਾਮੀ ਦੀ ਅਗਵਾਈ ਵਿਚ ਗੱਠਜੋੜ ਸਰਕਾਰ ਸੱਤਾਧਾਰੀ ਹੈ। ਭਾਜਪਾ ਵੀ ਇਸ ਗੱਠਜੋੜ ਵਿਚ ਸ਼ਾਮਿਲ ਹੈ। ਨਵੀਂ ਪਾਰਟੀ ਤਾਮਿਲਗਾ ਵੇਤਰੀ ਕੜਗ਼ਮ ਵੀ ਸਾਰੀਆਂ ਸੀਟਾਂ ‘ਤੇ ਚੋਣ ਲੜ ਰਹੀ ਹੈ।
ਅਸਾਮ ਦੀਆਂ 126 ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਰਾਜ ਦੇ ਕੁੱਲ 2,50,21,413 ਵੋਟਰ ਹਨ। ਰਾਜ ਵਿਚ ਪਿਛਲੇ 10 ਸਾਲਾਂ ਤੋਂ ਭਾਜਪਾ ਦਾ ਰਾਜ ਹੈ। ਉਹ ਸਪੱਸ਼ਟ ਰੂਪ ਵਿਚ ਫਿਰਕੂ ਧਰੁਵੀਕਰਨ ਦੀ ਰਾਜਨੀਤੀ ਕਰਦੇ ਹਨ ਤੇ ਇਸ ਸੰਬੰਧੀ ਉਨ੍ਹਾਂ ਨੂੰ ਕੋਈ ਝਿਜਕ ਵੀ ਨਹੀਂ ਹੈ। ਭਾਜਪਾ ਦਾ ਮੁੱਖ ਮੁਕਾਬਲਾ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨਾਲ ਹੈ। ਇਨ੍ਹਾਂ ਚੋਣਾਂ ਦੀ ਦਿਲਚਸਪ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਬੰਗਾਲ ਦੀ ਚੋਣ ਨੂੰ ਆਪਣੇ ਨੱਕ ਦਾ ਸਵਾਲ ਬਣਾ ਲਿਆ ਹੈ। ਚਾਰ ਮਈ ਨੂੰ ਪਤਾ ਲੱਗੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ।
