ਗੁਰਮੀਤ ਸਿੰਘ ਪਲਾਹੀ
ਫੋਨ: 9815802070
ਲੱਦਾਖ ਵਿਚ 92.8 ਫ਼ੀਸਦੀ ਔਰਤਾਂ ਅਨੀਮੀਆ (ਖੂਨ ਦੀ ਕਮੀ) ਨਾਲ ਜੂਝ ਰਹੀਆਂ ਹਨ। ਕੀ ਇਹ ਆਧੁਨਿਕ ਸਿਹਤ ਸੇਵਾਵਾਂ ਦੀ ਪਹੁੰਚ ਉੱਤੇ ਵੱਡਾ ਸਵਾਲੀਆ ਨਿਸ਼ਾਨ ਨਹੀਂ ਹੈ? ਰਤਾ ਕੁ ਅੰਕੜਿਆਂ ਉੱਤੇ ਝਾਤ ਮਾਰੀਏ ਤਾਂ ਵੇਖਣ ਨੂੰ ਮਿਲਦਾ ਹੈ ਕਿ
ਪੱਛਮੀ ਬੰਗਾਲ ਵਿਚ 71.4 ਫ਼ੀਸਦੀ (ਜਿੱਥੇ ਇੱਕ ਔਰਤ ਵਰਿ੍ਹਆਂ ਤੋਂ ਮੁੱਖ ਮੰਤਰੀ ਹੈ), ਤ੍ਰਿਪੁਰਾ ਵਿਚ 67.2 ਫ਼ੀਸਦੀ, ਅਸਾਮ ਵਿਚ 65.9 ਫ਼ੀਸਦੀ, ਜੰਮੂ-ਕਸ਼ਮੀਰ ਵਿਚ 65.9 ਫ਼ੀਸਦੀ, ਪੰਜਾਬ ਵਿਚ 58.7 ਫ਼ੀਸਦੀ ਔਰਤਾਂ ਪੋਸ਼ਣ ਤੋਂ ਕੋਹਾਂ ਦੂਰ ਹਨ ਅਤੇ ਅਨੀਮੀਆ ਤੋਂ ਪ੍ਰਭਾਵਿਤ ਹਨ। ਆਜ਼ਾਦੀ ਦੇ ਲਗਭਗ ਅੱਠ ਦਹਾਕੇ ਬੀਤਣ ਅਤੇ ਸਿਹਤ ਯੋਜਨਾਵਾਂ ਉੱਤੇ ਭਾਰੀ ਬਜਟ ਰੱਖਣ ਦੇ ਬਾਵਜੂਦ ਕੀ ਇਸ ਗੰਭੀਰ ਅਤੇ ਕੌੜੀ ਸੱਚਾਈ ਤੋਂ ਮੂੰਹ ਮੋੜਿਆ ਜਾ ਸਕਦਾ ਹੈ? ਇੱਕ ਰਿਪੋਰਟ ਅਨੁਸਾਰ ਦੇਸ਼ ਵਿਚ 15 ਤੋਂ 49 ਸਾਲ ਦੀਆਂ ਔਰਤਾਂ ਵਿਚੋਂ ਅੱਧੀਆਂ ਤੋਂ ਵੱਧ (55.3 ਫ਼ੀਸਦੀ) ਇਸ ਰੋਗ ਤੋਂ ਪੀੜਤ ਹਨ।
ਪਿਛਲੇ ਦਿਨੀਂ 2016 ਤੋਂ 2026 ਦੇ ਅੰਕੜੇ ਸਿਹਤ ਰਿਪੋਰਟ ਸਬੰਧੀ ਸਾਹਮਣੇ ਆਏ ਹਨ, ਜਿਹੜੇ ਇਹ ਦਰਸਾਉਂਦੇ ਹਨ ਕਿ 20 ਵਰਿ੍ਹਆਂ ਵਿਚ ਕਈ ਅਹਿਮ ਸੂਬਿਆਂ ਵਿਚ ਔਰਤਾਂ ਵਿਚ ਅਨੀਮੀਆ ਦੀ ਸਥਿਤੀ ਬਦ ਤੋਂ ਬਦਤਰ ਹੋਈ ਹੈ। ਪੰਜਾਬ ਜਿਸਨੂੰ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਹੈ, ਉਥੇ ਔਰਤਾਂ ‘ਚ ਅਨੀਮੀਆ ਰੋਗ `ਚ ਪਿਛਲੇ 20 ਸਾਲਾਂ ਵਿਚ 54.4 ਫ਼ੀਸਦੀ ਦਾ ਉਛਾਲ ਆਇਆ। ਹਾਲਾਂਕਿ ਬਿਹਾਰ ਵਿਚ 5.7 ਫ਼ੀਸਦੀ ਔਰਤਾਂ `ਚ ਇਸ ਰੋਗ ਬਾਰੇ ਸੁਧਾਰ ਵੇਖਿਆ ਗਿਆ, ਪਰ ਫਿਰ ਵੀ ਉੱਥੇ 63.5 ਫ਼ੀਸਦੀ ਔਰਤਾਂ ਖੂਨ ਦੀ ਕਮੀ ਦੇ ਰੋਗ ਨਾਲ ਲੜ ਰਹੀਆਂ ਹਨ। ਦਿੱਲੀ ‘ਚ 12.6 ਫ਼ੀਸਦੀ, ਗੁਜਰਾਤ (65%) 17.5 ਫ਼ੀਸਦੀ, ਮਹਾਂਰਾਸ਼ਟਰ ‘ਚ 11.9 ਫ਼ੀਸਦੀ ਦਾ ਵਾਧਾ ਵੇਖਿਆ ਗਿਆ ਹੈ।
ਇਹ ਰਿਪੋਰਟ ਆਖ਼ਰ ਕੀ ਸੰਕਤੇ ਦਿੰਦੀ ਹੈ? ਕੀ ਔਰਤਾਂ (ਜੋ ਦੇਸ਼ ਦੀ ਅੱਧੀ ਆਬਾਦੀ ਹਨ) ਪੋਸ਼ਣ ਸੰਕਟ ਵਿਚ ਨਹੀਂ ਹਨ? ਕੀ ਉਨ੍ਹਾਂ ਦੀ ਸਿਹਤ, ਆਧੁਨਿਕ ਭਾਰਤ ਵਿਚ ਸੁਰੱਖਿਅਤ ਹੈ? ਔਰਤ, ਜਿਸਨੂੰ ਬਚਪਨ ਤੋਂ ਹੀ ਹੋਰ ਸਮਾਜਿਕ ਔਖਿਆਈਆਂ ਵਿਚੋਂ ਲਗਾਤਾਰ ਲੰਘਣਾ ਪੈਂਦਾ ਹੈ, ਕੀ ਸਿਹਤ ਸਮੱਸਿਆਵਾਂ ਨਾਲ ਵੀ ਬੁਰੇ ਦਿਨ ਨਹੀਂ ਵੇਖ ਰਹੀਆਂ? ਅਜਿਹੇ ਹਾਲਾਤ ਵਿਚ ਕੀ ਉਹ ਮੌਜੂਦਾ ਹਾਕਮਾਂ ਵੱਲੋਂ ਵਿਖਾਏ ਜਾ ਰਹੇ ਉੱਜਲ ਭਵਿੱਖ ਦੇ ‘ਭਲੇ ਦਿਨਾਂ ਦੀ ਆਸ’ ਕਰ ਸਕਦੀਆਂ ਹਨ?
ਕਿੰਨੀਆਂ ਹੀ ਸਮਾਜਿਕ ਬੁਰਾਈਆਂ ਹਨ, ਜਿਨ੍ਹਾਂ ਵਿਚੋਂ ਉਨ੍ਹਾਂ ਨੂੰ ਲੰਘਣਾ ਪੈਂਦਾ ਹੈ। ਬਾਲ ਵਿਆਹ ਵਰਗੀ ਕੁਰੀਤੀ, ਮਰਦ ਬਰਾਬਰ ਦੇ ਅਧਿਕਾਰਾਂ ਦੀ ਤਾਂਘ, ਮਰਦ ਸਮਾਜ ਵਿਚ ਮਰਦ ਦਾ ਰੰਘਰਊਪੁਣਾ ਅਤੇ ਇਸ ਤੋਂ ਵੀ ਅੱਗੇ ਆਰਥਿਕ ਤੌਰ ‘ਤੇ ਮਰਦ ਉੱਤੇ ਨਿਰਭਰਤਾ ਅਤੇ ਫਿਰ ਘਰੇਲੂ ਤਸ਼ੱਦਦ, ਉਸਦੇ ਪੱਲੇ ਲਗਾਤਾਰ ਪੈਂਦਾ ਹੈ, ਜੋ ਉਸ ਦੀ ਸਿਹਤ ਲਈ ਘਾਤਕ ਸਿੱਧ ਹੁੰਦਾ ਹੈ। ਪ੍ਰਸੂਤਾ ਪੀੜ ਹੰਢਾਉਣੀ, ਖ਼ੁਰਾਕ ਦੀ ਕਮੀ, ਸਮਾਜਿਕ ਵਰਤਾਰੇ ਨਾਲ ਲਗਾਤਾਰ ਜੀਉਂਦੇ ਰਹਿਣਾ, ਉਸਦੀ ਸਿਹਤ ਵੀ ਵਿਗਾੜਦਾ ਹੈ ਅਤੇ ਉਸਦੇ ਪੱਲੇ ਉਮਰੋਂ ਪਹਿਲਾਂ ਮੌਤ ਵੀ ਪਾਉਂਦਾ ਹੈ।
ਦੰਗਿਆਂ ‘ਚ ਸਭ ਤੋਂ ਵੱਧ ਪੀੜਾ ਕੌਣ ਹੰਢਾਉਂਦਾ ਹੈ, ਔਰਤ! ਸਰੀਰਕ ਉਤਪੀੜਨ ਕੌਣ ਸਹਿੰਦਾ ਹੈ, ਔਰਤ! ਜੰਗ ‘ਚ ਸਭ ਤੋਂ ਵੱਧ ਕੌਣ ਪ੍ਰਭਾਵਤ ਹੁੰਦਾ ਹੈ, ਔਰਤ! ਤੇ ਕਿਸ ਦਾ ਲਹੂ ਇਹੋ ਜਿਹੀਆਂ ਪ੍ਰਸਥਿਤੀਆਂ ‘ਚ ਵੱਧ ਡੁਲਦਾ ਹੈ, ਜਵਾਬ ਹੈ, ਔਰਤ ਦਾ! ਜਾਪਣ ਲਗਦਾ ਹੈ ਜਿਵੇਂ ਮਨੁੱਖ ਦਾ ਲਹੂ ਸਸਤਾ ਹੋ ਗਿਆ ਹੈ। ਮਨੁੱਖ ਦਾ ਲਹੂ ਰਿਸ਼ਤਿਆਂ ਨੂੰ ਭੁੱਲ, ਲਾਲ ਤੋਂ ਚਿੱਟਾ ਹੋ ਗਿਆ ਹੈ ਅਤੇ ਇਸ ‘ਚਿੱਟੇ ਲਹੂ’ ਦੇ ਵਰਤਾਰੇ ਦਾ ਸੰਤਾਪ ਔਰਤ ਵੱਧ ਭੋਗਦੀ ਹੈ। ਉਸਦਾ ਤਨ, ਮਨ ਅਤੇ ਉਸਦੀ ਆਰਥਿਕ ਸਥਿਤੀ ਦਾਅ ਉੱਤੇ ਛੱਡ ਦਿੱਤੀ ਜਾਂਦੀ ਹੈ।
ਜਦੋਂ ਮਰਦ ਦਾ ਖੂਨ ਸਫ਼ੈਦ ਹੁੰਦਾ ਹੈ। ਉਹ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਹੈ। ਘਰੇਲੂ ਹਿੰਸਾ ਇਨ੍ਹਾਂ ਰਿਸ਼ਤਿਆਂ ਵਿਚ ਦਰਾੜ ਦੀ ਉਪਜ ਹੈ। ਅਸਲ ‘ਚ ਇਹ ਵਰਤਾਰਾ ਮਰਦ ਦੀ ਬੀਮਾਰ ਮਾਨਸਿਕਤਾ ਅਤੇ ਬੀਮਾਰ ਸਮਾਜਿਕ ਵਿਵਸਥਾ ਦਾ ਸੰਕੇਤ ਹੈ। ਜਦੋਂ ਸਮਾਜ ‘ਚ ਲਹੂ ਸਫ਼ੈਦ ਹੁੰਦਾ ਹੈ, ਰਿਸ਼ਤੇ ਟੁੱਟਦੇ ਹਨ। ਦੇਸ਼ ਵਿਚ ਔਰਤਾਂ ਖਿਲਾਫ਼ ਅਪਰਾਧਾਂ `ਚ ਵਾਧਾ ਖ਼ੂਨ ਦੀ ਕਮੀ ਜੇਹਾ ਹੀ ਵਧ ਰਿਹਾ ਹੈ। ਭਾਵੇਂ ਸੰਵਿਧਾਨ ਬਰਾਬਰੀ, ਲਿੰਗ ਦੇ ਅਧਾਰ ਉੱਤੇ ਭੇਦਭਾਵ ਨਾ ਕਰਨ ਅਤੇ ਜੀਵਨ ਅਤੇ ਅਜ਼ਾਦੀ ਦੇ ਅਧਿਕਾਰ ਦਾ ਵਾਇਦਾ ਕਰਦਾ ਹੈ, ਪਰ ਬਹੁ-ਗਿਣਤੀ ਔਰਤਾਂ ਨੂੰ ਇਹ ਅਧਿਕਾਰ ਪ੍ਰਾਪਤ ਨਹੀਂ ਹੁੰਦੇ। ਦੇਸ਼ ਦੇ ਪੇਂਡੂ ਖਿੱਤੇ ਅਤੇ ਅਰਥ-ਸ਼ਹਿਰੀ ਖੇਤਰ ਵਿਚ ਔਰਤਾਂ ਦੀ ਭੈੜੀ ਹਾਲਤ, ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਤ ਕਰ ਰਹੀ ਹੈ। ਸੰਤੁਲਿਤ ਭੋਜਨ ਦੀ ਕਮੀ, ਭੈੜੀਆਂ ਬੁਨਿਆਦੀ ਸਹੂਲਤਾਂ, ਸਿਹਤ ਵਿਵਸਥਾਵਾਂ ਦਾ ਨਾ ਹੋਣਾ ਉਨ੍ਹਾਂ ਪੱਲੇ ਨਰਕ ਜਿਹੀ ਜ਼ਿੰਦਗੀ ਪਾਉਂਦਾ ਹੈ। ਔਰਤਾਂ ਅੱਜ ਵੀ ਭੁੱਖਮਰੀ ਦਾ ਵੱਧ ਸ਼ਿਕਾਰ ਹਨ। ਅੱਜ ਵੀ ਉਹ ਭੈੜੇ ਕੌੜੇ ਬੋਲਾਂ ਨਾਲ, ਸਰੀਰਕ ਮਾਰ ਸਹਿੰਦੀਆਂ, ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਬਣਦੀਆਂ ਹਨ।
ਸਮਾਜ ਦਾ ਕਮਜ਼ੋਰ ਅੰਗ, ਸਮਝਦਿਆਂ ਪਸ਼ੂ ਬਿਰਤੀ ਵਾਲੇ ਜਾਬਰ ਲੋਕ ਉਸਦਾ ਅੰਗ-ਅੰਗ ਨੋਚਦੇ ਹਨ। ਉਨ੍ਹਾਂ ਨੂੰ ਵੇਸ਼ਵਾ ਵਿਰਤੀ ‘ਚ ਪਾਉਂਦੇ ਹਨ। ਵਪਾਰਕ, ਕਾਰਪੋਰੇਟੀ ਰੁਚੀਆਂ ਵਾਲੇ ਲੋਕ ਉਸਦੇ ਸਰੀਰ ਦਾ ਪ੍ਰਦਰਸ਼ਨ ਕਰਕੇ, ਵਪਾਰਕ ਲਾਹਾ ਲੈਂਦੇ ਹਨ। ਇਥੇ ਹੀ ਬੱਸ ਨਹੀਂ ਉਨ੍ਹਾਂ ਦਾ ਮਾਨਸਿਕ ਸ਼ੋਸ਼ਣ ਕਰਦਿਆਂ, ਉਨ੍ਹਾਂ ਦੇ ਜੀਵਨ ਨੂੰ ਅਜਿਹੇ ਹਨੇਰੇ ਨਰਕ-ਕੁੰਭ `ਚ ਧੱਕ ਦਿੰਦੇ ਹਨ, ਜਿਥੋਂ ਉਨ੍ਹਾਂ ਦਾ ਬਾਹਰ ਨਿਕਲਣਾ ਅਸੰਭਵ ਹੋ ਜਾਂਦਾ ਹੈ। ਅੱਜ ਵੀ ਪਤੀ ਦੇ ਮਰਨ ਉਪਰੰਤ ‘ਬੇਵਾ’ ਕਹਾਉਂਦੀਆਂ ਔਰਤਾਂ, ਚਿੱਟੇ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤੀਆਂ ਜਾਂਦੀਆਂ ਹਨ। ਅੱਜ ਵੀ ਮਰਦ ਪ੍ਰਧਾਨ ਸਮਾਜ ਵਿਚ ਉਹ ਬਿਰਧ ਅਵਸਥਾ ‘ਚ ਮਰਨ ਤੋਂ ਪਹਿਲਾਂ ਸ਼ਮਸ਼ਾਨ ਘਾਟਾਂ ਦੇ ਚੌਗਿਰਦਿਆਂ ‘ਚ ਮੌਤ ਦੀ ਘੜੀ ਉਡੀਕਦੀਆਂ ਹਨ। ਪੁੱਤਰ, ਧੀਆਂ, ਰਿਸ਼ਤੇਦਾਰ ਉਨ੍ਹਾਂ ਤੋਂ ਦੂਰੀ ਬਣਾਈ ਰੱਖਦੇ ਹਨ। ਪੱਛੜੇ ਖੇਤਰਾਂ ‘ਚ ਔਰਤ ਚੁੜੇਲ ਤੱਕ ਬਣਾ ਦਿੱਤੀਆਂ ਜਾਂਦੀਆਂ ਹਨ। ਸਾਧਾਂ, ਬਾਬਿਆਂ ਦਾ ਸ਼ਿਕਾਰ ਔਰਤਾਂ ਗੁਲਾਮੀ ਦੀਆਂ ਬੇੜੀਆਂ ‘ਚ ਬੱਝੀਆਂ ਨਰਕੀ ਜ਼ਿੰਦਗੀ ਜੀਊਣ ਲਈ ਮਜਬੂਰ ਕਰ ਦਿੱਤੀਆਂ ਜਾਂਦੀਆਂ ਹਨ। ਮਹਾਂਰਾਸ਼ਟਰ ਦੇ ਪੁਣੇ ਇਲਾਕੇ ਦੇ 45 ਸਾਲਾ ਸਾਧ ਬਾਬੇ ਅਸ਼ੋਕ ਕੁਮਾਰ ਖਾਰਾਤ ਉੱਤੇ ਜਬਰ-ਜਨਾਹ ਦੇ 11 ਪਰਚੇ ਦਰਜ ਹਨ। ਇੰਤਹਾ ਦੇਖੋ ਦੇਸੀ ਐਪਸਟੀਨ ਦੇਸ਼ ਦੇ ਕੋਨੇ-ਕੋਨੇ ਫੈਲਿਆ ਹੈ ਅਤੇ ਜ਼ਿਆਦਾਤਾਰ ਇਸਦਾ ਲਾਹਾ ਸਿਆਸਤਦਾਨ ਲੈਂਦੇ ਹਨ। ਢੌਂਗੀ ਆਸਾ ਰਾਮ, ਇੱਕ ਉਦਹਾਰਨ ਹੈ। ਬਲਾਤਕਾਰੀ ਸਿਰਸੇ ਵਾਲੇ ਸਾਧ ਨੂੰ ਜੇਲ੍ਹੋਂ ਬਾਹਰ ਲਿਆਂਦਾ ਜਾਂਦਾ ਹੈ ਤੇ ਉਹ ਪ੍ਰੇਮੀਆਂ ਦੇ ਜ਼ੋਰ ਨਾਲ ਸਿਆਸਤ ਪਲਟ ਕੇ ਰੱਖ ਦਿੰਦਾ ਹੈ।
ਧਰਮ ਅਤੇ ਔਰਤਾਂ ਦੀ ਸਥਿਤੀ ਦਾ ਆਪਸ ਵਿਚ ਰਿਸ਼ਤਾ ਗੁੰਝਲਦਾਰ ਹੈ। ਦੁਨੀਆ ਦੇ ਲਗਭਗ ਸਾਰੇ ਪ੍ਰਮੁੱਖ ਧਰਮ ਰੂਹਾਨੀ ਤੌਰ ‘ਤੇ ਮਰਦ ਤੇ ਔਰਤ ਨੂੰ ਬਰਾਬਰ ਮੰਨਦੇ ਹਨ, ਪਰ ਵਿਹਾਰਕ ਤੌਰ ‘ਤੇ ਧਾਰਮਿਕ ਸੰਸਥਾਵਾਂ ਅਕਸਰ ਮਰਦ ਪ੍ਰਧਾਨ ਰਹੀਆਂ ਹਨ। ਕਈ ਵਾਰ ਧਰਮ ਦੀਆਂ ਰੂੜ੍ਹੀਵਾਦੀ ਵਿਆਖਿਆਵਾਂ ਔਰਤ ਦੀ ਆਜ਼ਾਦੀ, ਸਿੱਖਿਆ ਅਤੇ ਫ਼ੈਸਲੇ ਲੈਣ ਦੀ ਸ਼ਕਤੀ ਨੂੰ ਸੀਮਤ ਕਰ ਦਿੰਦੀਆਂ ਹਨ।
ਕਿਹਾ ਤਾਂ ਇਹ ਜਾਂਦਾ ਹੈ ਕਿ ਸਫ਼ਲ ਗ੍ਰਹਿਸਥੀ ਜੀਵਨ ਦੋ ਪਹੀਆਂ ‘ਤੇ ਚੱਲਦਾ ਹੈ। ਹਰੇਕ ਧਰਮ ਵੀ ਇਸਦੀ ਵਿਆਖਿਆ ਇਵੇਂ ਹੀ ਕਰਦਾ ਹੈ। ਪਰ ਅਮਲ ਵੱਖਰੇ ਹਨ। ਦੁਨੀਆ ਦਾ ਕੋਈ ਵੀ ਧਰਮ ਮਰਦ ਦੇ ਬਰਾਬਰ ਔਰਤ ਨੂੰ ਆਜ਼ਾਦੀ ਨਹੀਂ ਦਿੰਦਾ। ਗਲੀਆਂ-ਗਲਿਆਰਿਆਂ, ਘਰਾਂ- ਹਵੇਲੀਆਂ, ਬਜ਼ਾਰਾਂ, ਧਾਰਮਿਕ, ਸਿੱਖਿਆ ਸੰਸਥਾਵਾਂ ਵਿਚ ਔਰਤਾਂ ਨਾਲ ਵਿਤਕਰਿਆਂ ਦੀ ਲੰਮੀ ਕਹਾਣੀ ਹੈ। ਜਿਹੜੀ ਸਮਾਜੀ ਵਰਤਾਰਿਆਂ `ਚ ਬੀਮਾਰ ਸੋਚ ਦੀ ਤਰਜ਼ਮਾਨੀ ਕਰਨ ਵਾਲੀ ਹੈ। ਔਰਤਾਂ ਪ੍ਰਤੀ ਧਾਰਮਿਕ ਸੁਧਾਰ, ਜਾਇਦਾਦ ਦਾ ਅਧਿਕਾਰ, ਸਮਾਜਿਕ ਸਤਿਕਾਰ ਹਾਲੇ ਵੀ ਸਮਾਜ ਵਿਚ ਹਾਸ਼ੀਏ `ਤੇ ਹਨ। ਧਰਮ ਅੱਜ ਵੀ ਸ਼ਕਤੀਕਰਨ ਦੀ ਥਾਂ ਵਧੇਰੇ ਸ਼ੋਸ਼ਣ ਦਾ ਜ਼ਰੀਆ ਬਣਾਇਆ ਜਾ ਚੁੱਕਾ ਹੈ। ਈਸਾਈ, ਜੈਨ, ਬੁੱਧ ਧਰਮਾਂ ‘ਚ ਔਰਤਾਂ ਦੀ ਅਗਵਾਈ ‘ਚ ਬੰਦਸ਼ਾਂ ਹਨ। ਹਿੰਦੂ ਧਰਮ ‘ਚ ਤਾਂ ਔਰਤਾਂ ਨੂੰ ਮਤਾਹਿਤ ਦਾ ਦਰਜਾ ਦਿੱਤਾ ਜਾਂਦਾ ਹੈ, ਬਰਾਬਰੀ ਦਾ ਹੱਕ ਤਾਂ ਦੂਰ ਹੈ। ਸਿੱਖ ਧਰਮ ਔਰਤਾਂ ਦੀ ਬਰਾਬਰੀ ਦੀ ਗੱਲ ਤਾਂ ਜ਼ਰੂਰ ਕਰਦਾ ਹੈ ਪਰ ਵਿਹਾਰਕ ਪੱਖੋਂ ਔਰਤ ਸਿੱਖ ਧਰਮ ਵਿਚ ਵੀ ਪੀੜਤ ਹੈ। ਇਸਲਾਮ ਔਰਤ ਲਈ ਬੁਰਕਾ ਅਤੇ ਮਰਦ ਵੱਲੋਂ ਵਧੇਰੇ ਔਰਤਾਂ ਨਾਲ ਵਿਆਹ ਪ੍ਰਥਾ ਕੀ ਦਰਸਾਉਂਦੀ ਹੈ? ਔਰਤ-ਮਰਦ ਦੀ ਰੂਹਾਨੀ ਬਰਾਬਰੀ, ਧਾਰਮਿਕ ਆਜ਼ਾਦੀ, ਸਮਾਜਿਕ ਸੁਧਾਰ ਕਹਿਣੀ ਤੇ ਕਥਨੀ ਦੌਰਾਨ ਵੱਡੇ ਪਾੜੇ ‘ਚ ਹਨ। ਕਹਿਣ ਦੀਆਂ ਗੱਲਾਂ ਹੀ ਹਨ ਕਿ ‘ਮਾਂ ਦੇ ਪੈਰਾਂ `ਚ ਜੰਨਤ ਹੁੰਦੀ ਹੈ’ (ਇਸਲਾਮ) ਜਾਂ ਗੁਰੂ ਨਾਨਕ ਦੇਵ ਜੀ ਦੇ ਬਚਨ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।’ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ।
ਵੈਸੇ ਤਾਂ ਦੁਨੀਆਂ ਭਰ ਵਿਚ ਹੀ, ਔਰਤ ਉਹ ਦਰਜਾ ਹਾਸਲ ਨਹੀਂ ਕਰ ਸਕੀ, ਜਿਸਦੀ ਉਹ ਹੱਕਦਾਰ ਹੈ। ਪਰ ਭਾਰਤ ਤਾਂ ਇਸ ਮਾਮਲੇ ਵਿਚ ਬਹੁਤ ਹੀ ਦਰਦਨਾਕ ਸਥਿਤੀ ਵਿਚ ਹੈ। ਕੁੱਲ 148 ਦੇਸ਼ਾਂ ਵਿਚੋਂ ਭਾਰਤ, ਵਿਸ਼ਵ ਜੈਂਡਰ ਰੈਂਕਿੰਗ ਵਿਚ 131 ਵੇਂ ਥਾਂ ‘ਤੇ ਹੈ। ਉਸਦੀ ਇਹ ਸਥਿਤੀ ਉਸ ਦੀ ਆਰਥਿਕ ਭਾਗੀਦਾਰੀ, ਸਮਾਜਿਕ ਸਥਿਤੀ, ਉਸਦੀ ਸੁਰੱਖਿਆ, ਆਜ਼ਾਦੀ, ਸਿੱਖਿਆ ਅਤੇ ਸਿਹਤ ‘ਤੇ ਹੈ। ਅਸਲ ‘ਚ ਔਰਤ ਉੱਤੇ ਪਰਿਵਾਰਕ ਅਤੇ ਸਮਾਜਿਕ ਰੀਤੀ-ਰਿਵਾਜਾਂ ਦਾ ਦਬਾਅ ਇੰਨਾ ਜ਼ਿਆਦਾ ਹੈ, ਕਿ ਆਪਣਾ ਚਿਹਰਾ-ਮੋਹਰਾ ਨਿਖਾਰਨ ‘ਚ ਉਹ ਨਾ-ਕਾਮਯਾਬ ਤਾਂ ਰਹਿੰਦੀ ਹੀ ਹੈ, ਨਿੱਜੀ ਫ਼ੈਸਲੇ ਲੈਣ ਦੀ ਵਧੇਰੇ ਖੁੱਲ੍ਹ ਵੀ ਉਸਦੇ ਲਈ ਅੱਗੇ ਵਧਣ ‘ਚ ਵੱਡੀ ਰੁਕਾਵਟ ਹੈ।
ਔਰਤਾਂ ਨਾਲ ਹੁੰਦੀ ਬੇਇਨਸਾਫ਼ੀ ਦੀ ਦਾਸਤਾਨ ਅੱਜ ਵੀ ਉਤਨੀ ਹੀ ਵੱਡੀ ਅਤੇ ਭਿਅੰਕਰ ਦਿਸਦੀ ਹੈ, ਜਿੱਡੀ ਸਦੀਆਂ ਪਹਿਲਾਂ ਸੀ। ਉਸਦੇ ਪੈਰਾਂ ‘ਚ ਪਾਈਆਂ ਬੇੜੀਆਂ, ਉਸਦੇ ਬੋਲਾਂ ‘ਤੇ ਲਾਏ ਜੰਦਰੇ, ਅੱਜ ਵੀ ਉਸਨੂੰ ਸਮਾਜ ‘ਚ ਆਜ਼ਾਦ ਵਿਚਰਨ ‘ਚ ਵੱਡੀ ਰੁਕਾਵਟ ਹਨ। ਉਹ ਰੁਕਾਵਟ ਪਾਰ ਕਰਨ ਲਈ ਭਾਵੇਂ ਸੰਘਰਸ਼ਸ਼ੀਲ ਹੈ, ਪਰ ਵੱਡੀ ਸਮਾਜਿਕ ਜਕੜ ਲਗਾਤਾਰ ਉਸਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ।
ਭਾਰਤੀ ਸਮਾਜ ‘ਚ ਔਰਤਾਂ ਨੂੰ ਘਰੇਲੂ ਕੰਮਾਂ ਤੱਕ ਸੀਮਤ ਰੱਖਣ ਦੀ ਰਿਵਾਇਤ, ਕਾਨੂੰਨੀ ਜਾਗਰੂਕਤਾ ਦੀ ਕਮੀ, ਰਾਜਨੀਤਕ ਹਿੱਸੇਦਾਰੀ ‘ਚ ਘਾਟ, ਆਰਥਿਕ ਪੱਖੋਂ ਕਮਜ਼ੋਰੀ, ਉਸਨੂੰ ਅੱਗੇ ਵਧਣੋਂ ਰੋਕ ਰਹੀ ਹੈ। ਸਿਰਫ਼ ਆਤਮ-ਵਿਸ਼ਵਾਸ, ਆਰਥਿਕ ਮਜ਼ਬੂਤੀ ਅਤੇ ਨਿਡਰ ਸੋਚ ਨਾਲ ਹੀ ਉਹ ਅੱਗੇ ਵਧ ਕੇ ਕੁਝ ਹਾਸਲ ਕਰਨ ਦੇ ਯੋਗ ਹੋ ਸਕੇਗੀ, ਅਤੇ ਉਹ ਸਭ ਕੁੱਝ ਬਦਲ ਸਕੇਗੀ, ਜੋ ਸਮਾਜ ‘ਚ ਪੈਦਾ ਹੋਏ ਲਹੂ ਦੇ ਲਾਲ ਕਣਾਂ ਨੂੰ ਸਫ਼ੈਦੀ ‘ਚ ਬਦਲ ਕੇ ਉਸਦਾ ਜੀਵਨ ਜੀਉਣ ਯੋਗ ਨਹੀਂ ਰਹਿਣ ਦੇ ਰਹੇ।
