ਭਾਜਪਾ ਹੈੱਡਕੁਆਰਟਰ `ਤੇ ਹਮਲੇ ਦੇ ਦੋਵੇਂ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ : ਬੀਤੇ ਬੁੱਧਵਾਰ ਚੰਡੀਗੜ੍ਹ ਦੇ ਸੈਕਟਰ 37 ‘ਚ ਭਾਰਤੀ ਜਨਤਾ ਪਾਰਟੀ ਦੇ ਹੈੱਡ ਕੁਆਰਟ ਦੇ ਬਾਹਰ ਗ੍ਰਨੇਡ ਹਮਲੇ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਕਾਉਂਟਰ ਇੰਟੈਲੀਜੈਂਸ ਵਿੰਗ ਤੇ ਚੰਡੀਗੜ੍ਹ ਪੁਲਿਸ ਨੇ ਦੋਵਾਂ ਮੁੱਖ ਮੁਲਜ਼ਮਾਂ ਨੂੰ ਸ਼ਨਿਚਰਵਾਰ ਨੂੰ ਹਰਿਆਣਾ

ਦੇ ਰੇਵਾੜੀ ਤੋਂ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੀ ਪਛਾਣ ਰੂਪਨਗਰ ਜ਼ਿਲ੍ਹੇ ਦੇ ਪਿੰਡ ਰਤਨਗੜ੍ਹ ਵਾਸੀ ਅਮਨਪ੍ਰੀਤ ਤੇ ਗੁਰਤੇਜ ਦੇ ਰੂਪ ‘ਚ ਹੋਈ ਹੈ। ਇਸ ਤੋਂ ਪਹਿਲਾਂ ਹੀ ਪੁਲਿਸ ਨੇ ਦੋਵਾਂ ਤੱਕ ਹਥਿਆਰ ਪਹੁੰਚਾਉਣ ਦੇ ਦੋਸ਼ ‘ਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਚੰਡੀਗੜ੍ਹ ‘ਚ ਡਰਾਈਵਰੀ ਦਾ ਕੰਮ ਕਰ ਰਹੇ ਅਮਨਪ੍ਰੀਤ ਨੇ ਹੈਂਡ ਗ੍ਰਨੇਡ ਸੁੱਟਿਆ ਸੀ ਜਦਕਿ ਚੰਡੀਗੜ੍ਹ ‘ਚ ਹੀ ਰਹਿੰਦੇ ਗੁਰਤੇਜ ਨੇ ਇਸ ਦੀ ਵੀਡੀਓ ਬਣਾਈ ਸੀ। ਖ਼ਾਸ ਗੱਲ ਇਹ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਨੇ ਤਿੰਨ ਅਪ੍ਰੈਲ ਨੂੰ ਫੜਿਆ ਸੀ ਪਰ ਇਨ੍ਹਾਂ ਦੀ ਗ੍ਰਿਫ਼ਤਾਰੀ ਦਿਖਾਈ ਗਈ। ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਨੇ ਪੁਰਤਗਾਲ ਤੇ ਜਰਮਨੀ ਰਹਿੰਦੇ ਆਪਣੇ ਦੋਵਾਂ ਹੈਡਲਰਾਂ ਬਲਜੋਤ ਸਿੰਘ ਤੇ ਹਰਜੀਤ ਸਿੰਘਲਾਡੀ ਰਾਹੀਂ ਰਚੀ ਸੀ। ਹੈਂਡ ਗ੍ਰਨੇਡ ਵੀ ਪਾਕਿਸਤਾਨ ਤੋਂ ਸ਼੍ਰੋ ਰਾਹੀਂ ਪਹਿਲਾਂ ਸਰਹੱਦੀ ਇਲਾਕੇ ‘ਚ ਮੰਗਵਾਇਆ ਗਿਆ ਤੇ ਫਿਰ ਉਹ ਵੱਖ-ਵੱਖ ਹੱਥਾਂ ‘ਚੋਂ ਹੁੰਦਾ ਹੋਇਆ ਨਵਾਂਸ਼ਹਿਰ ਪੁੱਜਾ ਸੀ।
ਮੁਲਜ਼ਮਾਂ ਨੂੰ ਹੈਂਡ ਗ੍ਰਨੇਡ ਸੁੱਟਣ ਦੀ ਟ੍ਰੇਨਿੰਗ ਵੀ ਬਾਕਾਇਦਾ ਇੰਟਰਨੈੱਟ ਰਾਹੀਂ ਦਿੱਤੀ ਗਈ ਸੀ। ਇਹੀ ਨਹੀਂ ਹਮਲੇ ਲਈ ਮੁਲਜ਼ਮਾਂ ਨੂੰ ਕੁਲ ਦੋ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸਿਰਫ਼ 20 ਹਜ਼ਾਰ ਰੁਪਏ ਹੀ ਦਿੱਤੇ ਗਏ ਸਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਡੀਜੀਪੀ ਗੌਰਵ ਯਾਦਵ ਨੇ ਕੀਤੀ ਹੈ। ਡੀਜੀਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਪੰਜਾਬ ਪੁਲਿਸ ਦੀ ਐਟੀ ਗੈਂਗਸਟਰ ਟਾਸਕ ਫੋਰ, ਚੰਡੀਗੜ੍ਹ ਪੁਲਿਸ ਤੇ ਹਰਿਆਣਾ ਐੱਸਟੀਐੱਫ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਹੋਈ ਹੈ।
ਜਾਂਚ ‘ਚ ਸਾਹਮਣੇ ਆਇਆ ਕਿ ਪੂਰੇ ਨੈੱਟਵਰਕ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਸੀ ਕਿ ਹਰ ਮੁਲਜ਼ਮ ਸਿਰਫ਼ ਆਪਣੇ ਹਿੱਸੇ ਦਾ ਕੰਮ ਕਰੇ ਤੇ ਪੂਰੇ ਆਪ੍ਰੇਸ਼ਨ ਦੀ ਜਾਣਕਾਰੀ ਕਿਸੇ ਇਕ ਰੋਲ ਨਾ ਹੋਵੇ। ਮੁੱਖ ਹੈਂਡਲਰ ਬਲਜੋਤ ਸਿੰਘ ਉਰਫ਼ ਜੋਤ ਨੇ ਇੰਟਰਨੈੱਟ ਮੀਡੀਆ ਪਲੇਟਪਾਰਮ ਜ਼ਰੀਏ ਨੌਜਵਾਨਾਂ ਨਾਲ ਸੰਪਰਕ ਕੀਤਾ। ਸ਼ੁਰੂਆਤ ਦੋਸਤੀ ਤੇ ਭਰੋਸਾ ਬਣਆਊਮ ਨਾਲ ਹੋਈ ਸੀ।
ਤਿੰਨ ਬੱਚਿਆਂ ਦਾ ਪਿਤਾ ਹੈ ਅਮਨਪ੍ਰੀਤ
ਅਮਨਪ੍ਰੀਤ ਤਿੰਨ ਬੱਚਿਆਂ ਦਾ ਪਿਤਾ ਹੈ ਤੇ ਚੰਡੀਗੜ੍ਹ ‘ਚ ਡਰਾਈਵਿੰਗ ਕਰਦਾ ਸੀ। ਜ਼ਿਕਰਯੋਗ ਹੈ ਕਿ ਪੁਲਿਸ ਨੇ ਦੋ ਅਪ੍ਰੈਲ ਨੂੰ ਇਸ ਦੇ ਘਰ ਛਾਪਾ ਮਾਰਿਆ ਸੀ। ਇਸ ਦੌਰਾਨ ਉਸ ਦੇ ਘਰੋਂ ਇਕ ਪਸਤੌਲ ਤੇ ਤਿੰਨ ਕਾਰਤੂਸ ਮਿਲੇ ਸਨ। ਪੁਲਿਸ ਉਸ ਦੀ ਪਤਨੀ ਨੂੰ ਪੁੱਛਗਿੱਛ ਲਈ ਨਾਲ ਲੈ ਗਈ ਸੀ। ਅਮਨਪ੍ਰੀਤ ਸਿੰਘ ਕੁਝ ਸਾਲ ਪਹਿਲਾਂ ਬਨੂੜ ਤੋਂ ਗੱਡੀ ਖੋਹਣ ਤੇ ਹਿਮਾਚਲ ਪ੍ਰਦੇਸ਼ ਦੇ ਕੋਲਾਂਵਾਲੇ ਟੋਬਾ ਚ ਪੁਲਿਸ ਨਾਲ ਮੁਕਾਬਲੇ ‘ਚ ਜੇਲ੍ਹ ਕੱਟ ਚੁੱਕਾ ਹੈ। ਇਸੇ ਤਰ੍ਹਾਂ ਗੁਰਤੇਜ ਦੇ ਘਰ ਵੀ ਪੁਲਿਸ ਨੇ ਦੋ ਅਪ੍ਰੈਲ ਦੀ ਸਵੇਰ ਨੂੰ ਛਾਪਾ ਮਾਰਿਆ ਸੀ। ਜ਼ਿਕਰਯੋਗ ਹੈ ਕਿ ਪੁਲਿਸ ਦੇ ਛਾਪੇ ਤੋਂ ਪਹਿਲਾਂ ਉਹ ਘਰੋਂ ਸੈਰ ‘ਤੇ ਜਾਣ ਦੀ ਗੱਲ ਕਹਿ ਕੇ ਨਿਕਲ ਗਿਆ ਸੀ। ਬਾਅਦ ‘ਚ ਜਦੋਂ ਉਸ ਦੀ ਮਾਂ ਸੁਖਵਿੰਦਰ ਕੌਰ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਦੋਸਤ ਨਾਲ ਧਾਰਮਿਕ ਸਥਾਨ ਦੀ ਯਾਤਰਾ ‘ਤੇ ਜਾ ਰਿਹਾ ਹੈ। ਇਸੇ ਤਰ੍ਹਾਂ ਬਲਵਿੰਦਰ ਲਾਲ ਉਰਫ ਸਮੀ ਵਾਸੀ, ਪਿੰਡ ਮਜਾਰੀ ਤਹਿਸੀਲ ਬਲਾਚੌਰ 10ਵੀਂ ਪਾਸ ਹੈ। ਉਸ ਦੀ 25 ਸਾਲ ਹੈ ਤੇ ਉਹ ਅਜੇ ਕੁਆਰਾ ਹੈ। ਉਹ ਪਿੰਡ ‘ਚ ਹੀ ਨਾਈ ਦੀ ਦੁਕਾਨ ਕਰਦਾ ਸੀ।
ਮੁਲਜ਼ਮਾਂ ਨੂੰ ਰਿਮਾਂਡ ‘ਤੇ ਭੇਜਿਆ
ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਚੰਡੀਗੜ੍ਹ ਦੇ ਸੈਕਟਰ-37 ਸਥਿਤ ਭਾਜਪਾ ਦਫ਼ਤਰ ਦੇ ਬਾਹਰ ਕੀਤੇ ਗਏ ਗ੍ਰਨੇਡ ਹਮਲੇ ਦੇ ਮਾਮਲੇ ‘ਚ ਗ੍ਰਿਫ਼ਤਾਰ ਸੱਤ ਮੁਲਜ਼ਮਾਂ ਨੂੰ ਐਤਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ‘ਚ ਮੈਡੀਕਲ ਕਰਵਾਇਆ ਗਿਆ।