ਅਮਰੀਕਾ ਨੇ ਈਰਾਨ `ਚ ਮੌਤ ਦੇ ਮੂੰਹ `ਚੋਂ ਕੱਢਿਆ ਆਪਣਾ ਪਾਇਲਟ

ਨਿਊਯਾਰਕ:ਅਮਰੀਕੀ ਸਪੈਸ਼ਲ ਫੋਰਸਿਜ਼ ਨੇ ਈਰਾਨ ‘ਚ ਦਾਖਲ ਹੋ ਕੇ ਮੌਤ ਦੇ ਮੂੰਹ ‘ਚ ਫਸੇ ਆਪਣੇ ਦੂਜੇ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆਉਣ ਦਾ ਹੈਰਤਅੰਗੇਜ਼ ਕਾਰਨਾਮਾ ਕਰ ਦਿਖਾਉਣ ਦਾ ਦਾਅਵਾ ਕੀਤਾ ਹੈ।

ਕਿਸੇ ਹਾਲੀਵੁੱਡ ਜੰਗੀ ਫਿਲਮ ਦੀ ਤਰਜ ‘ਤੇ ਚਲਾਈ ਗਈ ਇਸ ਮੁਹਿੰਮ ਨੂੰ ਅਮਰੀਕੀ ਫੌਜੀ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਸਫਲ ਮਿਸ਼ਨ ਮੰਨਿਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਬੇਹੱਦ ਗੁੰਝਲਦਾਰ ਤੇ ਸਫਲ ਫੌਜੀ ਕਾਰਵਾਈ ਦੱਸਦੇ ਹੋਏ ਕਿਹਾ ਕਿ ਮੁਹਿੰਮ ‘ਚ ਸ਼ਾਮਲ ਸਾਰੇ ਫੌਜੀ ਸੁਰੱਖਿਅਤ ਮੁੜ ਆਏ ਹਨ। ਬਚਾਏ ਗਏ ਪਾਇਲਟ ਨੂੰ ਇਲਾਜ ਲਈ ਕੁਵੈਤ ਲਿਜਾਇਆ ਗਿਆ ਹੈ। ਉੱਧਰ ਈਰਾਨ ਨੇ ਅਮਰੀਕੀ ਬਚਾਅ ਮੁਹਿੰਮ ਨੂੰ ਪੂਰੀ ਤਰ੍ਹਾਂ ਨਾਲ ਨਾਕਾਮ ਦੱਸਿਆ ਹੈ।
ਰਿਵੋਲਿਊਸ਼ਨਰੀ ਗਾਰਡ ਨੇ ਦਾਅਵਾ ਕੀਤਾ ਕਿ ਅਮਰੀਕਾ ਦੇ ਦੋ ਸੀ-130 ਟ੍ਰਾਂਸਪੋਰਟ ਜਹਾਜ਼ ਤੇ ਦੋ ਬਲੈਕ ਹਾਕ ਹੈਲੀਕਾਪਟਰ ਤਬਾਹ ਕਰ ਦਿੱਤੇ ਗਏ। ਈਰਾਨੀ ਹਮਲੇ ‘ਚ ਜਹਾਜ਼ ਡੇਗਣ ਤੋਂ ਬਾਅਦ ਇਕ ਪਾਇਲਟ ਨੂੰ ਤੁਰੰਤ ਬਚਾ ਲਿਆ ਗਿਆ ਸੀ ਜਦਕਿ ਦੂਜਾ ਦੱਖਣੀ ਇਸਫਹਾਨ ਦੇ ਮੁਸ਼ਕਿਲ ਪਹਾੜੀ ਇਲਾਕੇ ‘ਚ ਪੈਰਾਸ਼ੂਟ ਨਾਲ ਉਤਰਨ ਤੋਂ ਬਾਅਦ ਜ਼ਖ਼ਮੀ ਹਾਲਤ ‘ਚ ਫਸ ਗਿਆ। ਉਸ ਨੇ ਲਗਪਗ 48 ਘੰਟਿਆਂ ਤੱਕ ਪਹਾੜੀਆਂ ‘ਚ ਲੁਕ ਕੇ ਬੀਕਨ ਤੇ ਸੁਰੱਖਿਅਤ ਸੰਚਾਰ ਉਪਕਰਨ ਨਾਲ ਕਮਾਂਡ ਸੈਂਟਰ ਨੂੰ ਸੰਕੇਤ ਭੇਜੇ। ਇਸ ਲਈ ਹਰ ਫੌਜੀ ਪਾਇਲਟ ਕੋਲ ਬੀਕਨ ਤੇ ਸੁਰੱਖਿਅਤ ਸੰਚਾਰ ਉਪਕਰਨ ਹੁੰਦਾ ਹੈ।
ਸ਼ੁਰੂਆਤੀ ਖੋਜ ਕੋਸ਼ਿਸ਼ਾਂ ‘ਚ ਅਮਰੀਕੀ ਦਸਤਿਆਂ ਨੂੰ ਮੁਸ਼ਕਿਲ ਹੋਈ ਤੇ ਦੋ ਬਲੈਕ ਹਾਕ ਹੈਲੀਕਾਪਟਰ ਈਰਾਨੀ ਗੋਲੀਬਾਰੀ ਦੀ ਲਪੇਟ ‘ਚ ਆਉਣ ਦੀ ਵੀ ਖਬਰ ਹੈ। ਅਧਿਕਾਰੀ ਦੀ ਭਾਲ ‘ਚ ਸੀਆਈਏ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਅਮਰੀਕੀ ਏਜੰਸੀ ਨੇ ਈਰਾਨ ਦੇ ਅੰਦਰ ਗਲਤ ਸੂਚਨਾ ਫੈਲਾਈ ਕਿ ਅਧਿਕਾਰੀ ਨੂੰ ਪਹਿਲਾਂ ਹੀ ਲੱਭ ਲਿਆ ਗਿਆ ਹੈ ਤੇ ਉਸ ਨੂੰ ਜ਼ਮੀਨੀ ਮਾਰਗ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਇਸ ਨਾਲ ਈਰਾਨ ਦੀ ਖੋਜ ਦੀ ਦਿਸ਼ਾ ਭਟਕ ਗਈ। ਇਸ ਦੌਰਾਨ ਵਿਸ਼ੇਸ਼ ਤਕਨੀਕੀ ਸਰੋਤਾਂ ਨਾਲ ਉਸ ਦੀ ਸਟੀਕ ਲੋਕੇਸ਼ਨ ਦਾ ਪਤਾ ਲਗਾ ਕੇ ਪੈਂਟਾਗਨ ਤੇ ਵ੍ਹਾਈਟ ਹਾਊਸ ਨੂੰ ਭੇਜਿਆ ਗਿਆ। ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਦੇ ਹੁਕਮ ‘ਤੇ ਨੇਵੀ ਸੀਲ ਟੀਮ-6 ਸਮੈਤ ਵਿਸ਼ੇਸ਼ ਦਸਤਿਆਂ ਨੇ ਵੱਡੇ ਪੱਧਰ ‘ਤੇ ਮੁਹਿੰਮ ਚਲਾਈ। ਬਚਾਅ ਮੁਹਿੰਮ ‘ਚ ਦਰਜਨਾਂ ਲੜਾਕੂ ਜਹਾਜ਼, ਹੈਲੀਕਾਪਟਰ, ਸਾਈਬਰ ਤੇ ਪੁਲਾੜ ਨਿਗਰਾਨੀ ਸਰੋਤ ਲਗਾਏ ਗਏ। ਅਮਰੀਕੀ ਹਮਲਾਵਰ ਜਹਾਜ਼ਾਂ ਨੇ ਉਸ ਇਲਾਕੇ ਵੱਲ ਵਧ ਰਹੇ ਈਰਾਨੀ ਕਾਫਲਿਆਂ ‘ਤੇ ਬੰਬਾਰੀ ਕਰਕੇ ਰਾਹ ਸਾਫ ਕੀਤਾ।
ਅਮਰੀਕਾ ਨੇ ਨਿਕਲਣ ਤੋਂ ਪਹਿਲਾਂ ਆਪਣੇ ਦੋ ਜਹਾਜ਼ ਸਾੜੇ
ਬਚਾਅ ਮੁਹਿੰਮ ‘ਚ ਦੋ ਕਾਰਗੋ ਜਹਾਜ਼ ਉਥੇ ਫਸ ਗਏ ਸਨ। ਇਸ ਤੋਂ ਬਾਅਦ ਅਮਰੀਕਾ ਨੂੰ ਤਿੰਨ ਨਵੇਂ ਜਹਾਜ਼ ਭੇਜਣੇ ਪਏ ਤਾਂ ਜੋ ਏਅਰਮੈਨ ਤੇ ਫੌਜੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਵਾਪਸੀ ਦੌਰਾਨ ਦੋ ਅਮਰੀਕੀ ਟ੍ਰਾਂਸਪੋਰਟ ਜਹਾਜ਼ ਅਸਥਾਈ ਹਵਾਈ ਪੱਟੀ ‘ਤੇ ਫਸ ਗਏ, ਜਿਸ ਤੋਂ ਬਾਅਦ ਤਿੰਨ ਨਵੇਂ ਜਹਾਜ਼ ਭੇਜੇ ਗਏ ਤੇ ਫਸੇ ਜਹਾਜ਼ਾਂ ਨੂੰ ਨਸ਼ਟ ਕਰ ਦਿੱਤਾ ਗਿਆ ਤਾਂ ਕਿ ਉਹ ਈਰਾਨ ਦੇ ਹੱਥ ਨਾ ਲੱਗਣ। ਹਾਲਾਂਕਿ ਈਰਾਨ ਦਾ ਦਾਅਵਾ ਹੈ ਕਿ ਇਨ੍ਹਾਂ ਜਹਾਜ਼ਾਂ ਨੂੰ ਉਸ ਨੇ ਤਬਾਹ ਕੀਤਾ ਹੈ। ਇਕ ਹੋਰ ਘਟਨਾਕ੍ਰਮ ‘ਚ ਹੋਰਮੁਜ ਜਲਡਮਰੂਮੱਧ ਦੇ ਉੱਪਰ ਈਰਾਨੀ ਹਮਲੇ ਦਾ ਸ਼ਿਕਾਰ ਹੋਏ ਏ-10 ਵਾਰਥਾਗ ਲੜਾਕੂ ਜਹਾਜ਼ ਦੇ ਪਾਇਲਟ ਨੂੰ ਵੀ ਸੁਰੱਖਿਅਤ ਬਚਾ ਲਿਆ ਗਿਆ। ਇਹ ਜਹਾਜ਼ ਫਾਰਸ ਦੀ ਖਾੜੀ ‘ਚ ਡਿੱਗ ਗਿਆ ਸੀ।