ਵਾਸ਼ਿੰਗਟਨ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੇਰ ਧਮਕੀ ਦਿੱਤੀ ਹੈ ਕਿ ਜੇਕਰ ਈਰਾਨ ਕਿਸੇ ਸਮਝੌਤੇ ‘ਤੇ ਸਹਿਮਤ ਨਹੀਂ ਹੁੰਦਾ ਤਾਂ ਉਹ ਚਾਰ ਘੰਟਿਆਂ ਦੇ ਅੰਦਰ- ਅੰਦਰ ਉਸ ਨੂੰ ਤਬਾਹ ਕਰ ਦੇਣਗੇ,
ਜਦੋਂਕਿ ਪਾਵਰ ਪਲਾਂਟਾਂ ਅਤੇ ਪੁਲਾਂ ‘ਤੇ ਹਮਲਿਆਂ ਦੀ ਸਥਿਤੀ ਵਿਚ ਸੰਭਾਵਿਤ ਵਾਈਟ ਹਾਊਸ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਫ਼ੌਜ ਦੀ ਤਾਕਤ ਦੇ ਕਾਰਨ, ਸਾਡੀ ਇਕ ਯੋਜਨਾ ਹੈ ਜਿਥੇ ਈਰਾਨ ਦੇ ਹਰ ਪੁਲ ਨੂੰ ਢਾਹ ਦਿੱਤਾ ਜਾਵੇਗਾ, ਜਿੱਥੇ ਈਰਾਨ ਦਾ ਹਰ ਪਾਵਰ ਪਲਾਂਟ ਕਾਰੋਬਾਰ ਤੋਂ ਬਾਹਰ ਹੋ ਜਾਵੇਗਾ, ਸੜ ਜਾਵੇਗਾ ਅਤੇ ਦੁਬਾਰਾ ਕਦੇ ਵੀ ਵਰਤੋਂ ਵਿਚ ਨਹੀਂ ਆਵੇਗਾ, ਮੇਰਾ ਮਤਲਬ ਹੈ ਕਿ 12 ਵਜੇ ਤੱਕ ਪੂਰੀ ਤਰ੍ਹਾਂ ਢਾਹ ਦਿੱਤਾ ਜਾਵੇਗਾ ਅਤੇ ਜੇ ਅਸੀਂ ਚਾਹੁੰਦੇ ਹਾਂ ਤਾਂ ਇਹ ਚਾਰ ਘੰਟਿਆਂ ਦੀ ਮਿਆਦ ਵਿਚ ਹੋ ਜਾਵੇਗਾ। ਟਰੰਪ ਨੇ ਈਰਾਨ ਨੂੰ ਅਮਰੀਕਾ ਨਾਲ ਇਕ ਸਮਝੌਤਾ ਕਰਨ ਅਤੇ ਮੰਗਲਵਾਰ ਰਾਤ 8 ਵਜੇ ਤੱਕ ਤੇਲ ਦੀ ਸੁਤੰਤਰ ਆਵਾਜਾਈ ਲਈ ਹੋਰਮੁਜ਼ ਜਲਡਮਰੂ ਖੋਲ੍ਹਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਮਰੀਕਾ ਏਨੀ ਸਮਰੱਥਾ ਰੱਖਦਾ ਹੈ ਕਿ ਉਹ ਇਕ ਰਾਤ ‘ਚ ਈਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ ਅਤੇ ਇਹ ਰਾਤ ਆਉਣ ਵਾਲੀ ਰਾਤ ਵੀ ਹੋ ਸਕਦੀ ਹੈ। ਉਨ੍ਹਾਂ ਖੁੱਲ੍ਹੀ ਧਮਕੀ ਦਿੱਤੀ ਕਿ ਜਲਦੀ ਇਕ ਵੱਡਾ ਹਮਲਾ ਵੀ ਹੋ ਸਕਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਈਰਾਨ ‘ਚ ਸਭ ਤੋਂ ਵੱਡਾ ਰੈਸਕਿਉ ਆਪ੍ਰੇਸ਼ਨ ਚਲਾਇਆ ਤੇ ਆਪਣੇ ਦੋਵੇਂ ਪਾਇਲਟ ਸੁਰੱਖਿਅਤ ਬਚਾਅ ਲਏ। ਟਰੰਪ ਨੇ ਕਿਹਾ ਕਿ ਇਸ ਆਪ੍ਰੇਸ਼ਨ ਲਈ ਅਸੀਂ 21 ਜਹਾਜ਼ ਭੇਜੇ ਸਨ । ਸਾਡਾ ਇਕ ਪਾਇਲਟ ਜ਼ਖ਼ਮੀ ਹੋ ਗਿਆ ਸੀ ਪਰ ਅਸੀਂ ਹੌਸਲਾ ਨਹੀਂ ਹਾਰਿਆ। ਅਸੀਂ ਦੁਸ਼ਮਣ ਦੇਸ਼ ਦੇ ਅੰਦਰ ਤੱਕ ਜਾ ਵੜੇ। ਉਨ੍ਹਾਂ ਕਿਹਾ ਕਿ ਸਾਡੀ ਫ਼ੌਜ ਵਰਗੀ ਕਿਸੇ ਵੀ ਹੋਰ ਦੇਸ਼ ਕੋਲ ਫ਼ੌਜ ਨਹੀਂ ਹੈ। ਇਹ ਸਾਡੀ ਫ਼ੌਜ ਦਾ ਇਕ ਇਤਿਹਾਸਕ ਕਾਰਨਾਮਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਖ਼ਤਰਾ ਮੁੱਲ ਲੈਣ ਵਾਲਾ ਫੈਸਲਾ ਸੀ, ਕਿਉਂਕਿ ਅਸੀਂ 1-2 ਪਾਇਲਟ ਨੂੰ ਦੁਸ਼ਮਣ ਦੇਸ਼ ‘ਚੋਂ ਕੱਢਣ ਲਈ 100 ਜਾਨਾਂ ਨੂੰ ਦਾਅ ‘ਤੇ ਲਗਾ ਦਿੱਤਾ ਸੀ । ਇਸ ਦੌਰਾਨ ਟਰੰਪ ਨੇ ਇਕ ਜ਼ਖ਼ਮੀ ਪਾਇਲਟ ਦੀ ਬਹਾਦਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਇਕ ਐਫ-15ਈ ਲੜਾਕੂ ਜਹਾਜ਼ ਨੂੰ ਤਬਾਹ ਕਰ ਦਿੱਤਾ ਗਿਆ, ਤਾਂ ਉਸ ਵਿਚ ਸਵਾਰ ਪਾਇਲਟ ਪੈਰਾਸ਼ੂਟ ਰਾਹੀਂ ਸੁਰੱਖਿਅਤ ਜਗ੍ਹਾ ‘ਤੇ ਪਹੁੰਚ ਗਿਆ ਅਤੇ ਗੰਭੀਰ ਹਾਲਤ ਵਿਚ ਹੋਣ ਦੇ ਬਾਵਜੂਦ, ਆਪਣੇ ਬਚਾਅ ਲਈ ਯਤਨਸ਼ੀਲ 1 ਕਰਦਾ ਰਿਹਾ। ਉਨ੍ਹਾਂ ਕਿਹਾ ਕਿ ਪਹਾੜੀ ਇਲਾਕਿਆਂ ਵਿਚ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਚੜ੍ਹਦਾ ਰਿਹਾ, ਉਸ ਦੇ ਚਿਹਰੇ ਤੋਂ ਖੂਨ ਵਗ ਰਿਹਾ ਸੀ। ਫਿਰ ਵੀ ਉਹ ਕਦੇ ਵੀ ਹੌਸਲਾ ਨਹੀਂ ਹਾਰਿਆ।
ਈਰਾਨ ਦੇ ਕੁਦਰਤੀ ਗੈਸ ਖੇਤਰ ਨੂੰ ਬਣਾਇਆ ਨਿਸ਼ਾਨਾ
ਦੁਬਈ:ਈਰਾਨ ਅਤੇ ਅਮਰੀਕਾ ਨੂੰ ਦੇਰ ਰਾਤ ਇਕ ਪ੍ਰਸਤਾਵ ਮਿਲਿਆ, ਜਿਸ ਵਿਚ 45 ਦਿਨਾਂ ਦੀ ਜੰਗਬੰਦੀ ਅਤੇ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਅਧਿਕਾਰੀਆਂ ਨੇ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਇਹ ਜਾਣਕਾਰੀ ਦਿੱਤੀ ਹੈ। ਇਹ ਪ੍ਰਸਤਾਵ ਮਿਸਰ, ਪਾਕਿਸਤਾਨ ਅਤੇ ਤੁਰਕੀ ਦੇ ਵਿਚੋਲਗੀ ਕਰਨ ਵਾਲਿਆਂ ਵਲੋਂ ਆਇਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ 45 ਦਿਨ ਦਾ ਇਹ ਸਮਾਂ ਗੱਲਬਾਤ ਜ਼ਰੀਏ ਸਥਾਈ ਜੰਗਬੰਦੀ ਤੱਕ ਪਹੁੰਚਣ ਲਈ- ਲੋੜੀਂਦਾ ਸਮਾਂ ਹੋਵੇਗਾ।
ਈਰਾਨ ਦੇ ਅਰਧ ਸੈਨਿਕ ਰਿਵੋਲੂਸ਼ਨਰੀ ਗਾਰਡ ਦੇ ਖੁਫੀਆ ਮੁਖੀ ਦੀ ਸੋਮਵਾਰ ਨੂੰ ਇਕ ਹਮਲੇ ‘ਚ ਮੌਤ ਹੋ ਗਈ। ਈਰਾਨੀ ਸਰਕਾਰੀ ਮੀਡੀਆ ਅਨੁਸਾਰ ਇਹ ਹਮਲਾ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਈਰਾਨ ਦੇ ਕਈ ਸ਼ਹਿਰਾਂ ‘ਤੇ ਹੋਏ ਹਮਲਿਆਂ ‘ਚ 25 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ ਸਾਊਥ ਪਾਰਸ ਕੁਦਰਤੀ ਗੈਸ ਖੇਤਰ, ਜੋ ਦੁਨੀਆ ਦਾ ਸਭ ਤੋਂ ਵੱਡਾ ਗੈਸ ਖੇਤਰ ਹੈ, ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਜਵਾਬ ‘ਚ ਈਰਾਨ ਨੇ ਇਜ਼ਰਾਈਲ ਅਤੇ ਆਪਣੇ ਖਾੜੀ ਅਰਬ ਗੁਆਂਢੀਆਂ ‘ਤੇ ਮਿਜ਼ਾਈਲਾਂ ਦਾਗੀਆਂ। ਇਜ਼ਰਾਈਲ ਦੇ ਹਾਈਫਾ ਸ਼ਹਿਰ ‘ਚ ਈਰਾਨ ਦੇ ਹਮਲੇ ਦੇ ਇਕ ਦਿਨ ਬਾਅਦ, ਮਲਬੇ ‘ਚ ਦੱਬੇ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਅਤੇ ਦੋ ਹੋਰ ਲੋਕ ਅਜੇ ਵੀ ਲਾਪਤਾ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਈਰਾਨ ਦੀ ਸਰਕਾਰ ਜੇਕਰ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਨਹੀਂ ਖੋਲ੍ਹਦੀ ਤਾਂ ਅਮਰੀਕਾ ਈਰਾਨ ਦੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ ‘ਤੇ ਜ਼ੋਰਦਾਰ ਹਮਲਾ ਕਰੇਗਾ। ਇਸ ਯੁੱਧ ‘ਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ, ਕੌਮਾਂਤਰੀ ਬਾਜ਼ਾਰ ਹਿੱਲ ਗਏ ਹਨ, ਪ੍ਰਮੁੱਖ ਸਮੁੰਦਰੀ ਵਪਾਰ ਮਾਰਗ ਬੰਦ ਹੋ ਗਏ ਹਨ ਅਤੇ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ।
ਈਰਾਨੀ ਡਰੋਨ ਵਲੋਂ ਯੂ.ਏ.ਈ. ਦੀ ਦੂਰਸੰਚਾਰ ਇਮਾਰਤ ‘ਤੇ ਹਮਲਾ
ਇਕ ਈਰਾਨੀ ਡਰੋਨ ਹਮਲੇ ‘ਚ ਸੰਯੁਕਤ ਅਰਬ ਅਮੀਰਾਤ ਦੇ ਫੁਜੈਰਾ ਸ਼ਹਿਰ ‘ਚ ਸਥਿਤ ਇਕ ਦੂਰਸੰਚਾਰ ਇਮਾਰਤ ਨੂੰ ਨੁਕਸਾਨ ਪੁੱਜਾ। ਇਸ ਹਮਲੇ ‘ਚ ਸਰਕਾਰੀ ਦੂਰਸੰਚਾਰ ਕੰਪਨੀ ਡੀਯੂ ਦੀ ਇਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ । ਇਸ ਹਮਲੇ ‘ਚ ਕੋਈ ਜ਼ਖ਼ਮੀ ਨਹੀਂ ਹੋਇਆ।
